ਉੱਤਰ-ਆਧੁਨਿਕਤਾਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉੱਤਰ-ਆਧੁਨਿਕਤਾਵਾਦ : ਆਧੁਨਿਕ ਸਥਿਤੀ ਵਾਂਗ ਉੱਤਰ-ਆਧੁਨਿਕ ਵੀ ਇੱਕ ਨਵੀਂ ਸਮਾਜਿਕ-ਆਰਥਿਕ ਅਵਸਥਾ ਹੈ। ਇਸੇ ਤਰ੍ਹਾਂ ਉੱਤਰ-ਆਧੁਨਿਕਤਾਵਾਦ ਇੱਕ ਜਟਿਲ ਸੰਕਲਪ ਅਤੇ ਵਰਤਾਰਾ ਹੈ। ਇਸ ਦੀ ਕੋਈ ਇੱਕ ਪਰਿਭਾਸ਼ਾ ਨਹੀਂ। ਸਮਕਾਲੀ ਦੌਰ ਵਿੱਚ ਇਸ ਨੇ ਬਹੁਤ ਸਾਰੇ ਅਨੁਸ਼ਾਸਨਾਂ ਸਮੇਤ ਕਲਾ, ਸਾਹਿਤ, ਇਮਾਰਤਸਾਜ਼ੀ, ਫ਼ਿਲਮ, ਸਮਾਜ ਸ਼ਾਸਤਰ, ਦਰਸ਼ਨ- ਸ਼ਾਸਤਰ ਅਤੇ ਫ਼ੈਸ਼ਨ ਡਿਜ਼ਾਈਨਿੰਗ ਨੂੰ ਪ੍ਰਭਾਵਿਤ ਕੀਤਾ ਹੈ। ਡੇਨਿਅਲ ਬੈੱਲ, ਲਿਓਤਾਰਦ, ਬੌਦਰੀਲਾ ਅਤੇ ਫਰੈਡਰਿਕ ਜੇਮਸਨ ਇਸਦੇ ਪ੍ਰਤਿਨਿਧ ਚਿੰਤਕ ਹਨ। ਭਾਵੇਂ ਇਸ ਦੇ ਅਰੰਭ ਹੋਣ ਦੀ ਤਾਰੀਖ਼ ਅੱਜ ਵੀ ਬਹਿਸ ਦਾ ਮੁੱਦਾ ਹੈ ਪਰ ਬਹੁਤ ਸਾਰੇ ਚਿੰਤਕ ਇਸ ਦਾ ਅਰੰਭ ਬਿੰਦੂ ਦੂਜੀ ਸੰਸਾਰ ਜੰਗ ਦੇ ਬਾਅਦ ਦੇ ਸਮੇਂ ਨੂੰ ਮਿਥਦੇ ਹਨ। ਪੁਨਰ-ਜਾਗਰਨ ਅਤੇ ਇਨਲਾਈਟਨਮੈਂਟ ਵਰਗੇ ਆਧੁਨਿਕ ਵਿਚਾਰਾਂ ਅਤੇ ਸਿੱਟੇ ਵਜੋਂ ਉਪਜੀ ਨਵੀਂ ਤਕਨਾਲੋਜੀ (ਸਟੀਮ ਅਤੇ ਬਿਜਲਈ ਊਰਜਾ) ਨੇ ਪੱਛਮ ਵਿੱਚ ਉਦਯੋਗਿਕ ਕ੍ਰਾਂਤੀ ਨੂੰ ਜਨਮ ਦਿੱਤਾ ਅਤੇ ਇੱਕ ਨਵੀਂ ਆਧੁਨਿਕ ਸੱਭਿਅਤਾ ਨੂੰ ਸਿਰਜਿਆ। ਆਧੁਨਿਕ ਚਿੰਤਨ ਨੇ ਮਨੁੱਖੀ ਆਤਮ ਅਤੇ ਸ੍ਰਿਸ਼ਟੀ ਬਾਰੇ ਨਵੀਆਂ ਵਿਗਿਆਨਿਕ ਧਾਰਨਾਵਾਂ ਪੇਸ਼ ਕੀਤੀਆਂ। ਇਸ ਅਨੁਸਾਰ ਸੱਚ ਸਰਬ-ਵਿਆਪੀ ਹੈ, ਵਸਤੂਪਰਕ ਹੈ, ਨਿਸ਼ਚਿਤ ਹੈ, ਜਾਣਨਯੋਗ ਹੈ ਅਤੇ ਜ਼ਰੂਰੀ ਤੌਰ ਤੇ ਲਾਹੇਵੰਦ ਹੈ। ਮਨੁੱਖ ਬੁਨਿਆਦੀ ਤੌਰ ਤੇ ਨੇਕ, ਤਰਕਸ਼ੀਲ ਅਤੇ ਵਿਵੇਕਸ਼ੀਲ ਪ੍ਰਾਣੀ ਹੈ। ਇਸ ਲਈ ਉਹ ਇਸ ਸੱਚ ਨੂੰ ਜਾਣ ਸਕਦਾ ਹੈ ਅਤੇ ਇਸ ਨੂੰ ਆਪਣੀਆਂ ਜ਼ਰੂਰਤਾਂ ਅਨੁਸਾਰ ਢਾਲ ਸਕਦਾ ਹੈ। ਇਸ ਤਰ੍ਹਾਂ ਆਧੁਨਿਕ ਚਿੰਤਨ ਨਿਰੰਕੁਸ਼ ਸੱਚ ਅਤੇ ਠੋਸ ਤਬਦੀਲੀ ਦੀ ਗਰੰਟੀ ਭਾਲਦਾ ਹੈ। ਉਦਾਰਵਾਦ ਅਤੇ ਮਾਰਕਸਵਾਦ ਦੋਵੇਂ ਆਧੁਨਿਕਤਾ ਦੀਆਂ ਪ੍ਰਤਿਨਿਧ ਵਿਚਾਰਧਾਰਾਵਾਂ ਹਨ। ਦੋਵੇਂ ਹੀ ਤਾਰਕਿਕ, ਸਮਾਜਿਕ ਸੰਗਠਨਕਾਰੀ ਨੂੰ ਮੁਕਤੀ-ਮਾਰਗ ਸਮਝਦੀਆਂ ਹਨ। ਭਾਵੇਂ ਆਧੁਨਿਕ ਚਿੰਤਨ ਅਤੇ ਆਧੁਨਿਕ ਅਵਸਥਾ ਆਪਣੇ ਸ਼ੁਰੂ ਵਿੱਚ ਕਾਫ਼ੀ ਉਤੇਜਨਾਤਮਿਕ ਅਤੇ ਉਤਸ਼ਾਹਜਨਕ ਸਨ ਪਰ ਉਨ੍ਹੀਵੀਂ ਸਦੀ ਵਿੱਚ ਇਹਨਾਂ ਦੀਆਂ ਸੀਮਾਵਾਂ ਸਾਮ੍ਹਣੇ ਆਉਣ ਲੱਗ ਪਈਆਂ ਸਨ। ਇਹ ਸਪਸ਼ਟ ਹੋ ਗਿਆ ਸੀ ਕਿ ਆਧੁਨਿਕ ਦਸ਼ਾ ਜਿੱਥੇ ਮੁਕਤੀ ਦਿਵਾਊ ਪ੍ਰਗਤੀ ਦਾ ਪਲ ਹੈ, ਉੱਥੇ ਇੱਕ ਸੰਕਟ ਦੀ ਘੜੀ ਵੀ ਹੈ। ਮਨੁੱਖਤਾ ਨੂੰ ਆਧੁਨਿਕ ਯੁੱਗ ਵਿੱਚ ਆਪਣੀ ਏਕਤਾ, ਅਖੰਡਤਾ ਅਤੇ ਇੱਕਸੁਰਤਾ ਗੁਆਚਦੀ ਨਜ਼ਰ ਆਉਣ ਲੱਗੀ ਅਤੇ ਉਹ ਆਪਣੀਆ ਸਮਾਜਿਕ-ਆਰਥਿਕ ਪਰਿਸਥਿਤੀਆਂ ਤੋਂ ਵਿਯੋਗਿਆ ਮਹਿਸੂਸ ਕਰਨ ਲੱਗਾ। ਇਸੇ ਲਈ ਕਲਾਤਮਿਕ ਆਧੁਨਿਕਤਾਵਾਦ ਜੋ ਉਨ੍ਹੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਅਰੰਭ ਵਿੱਚ ਪੈਦਾ ਹੋਇਆ, ਆਮ ਤੌਰ ਤੇ ਇੱਕ ਵਿਯੋਗੇ ਹੋਏ ਅਤੇ ਖੰਡਿਤ ਮਨੁੱਖ ਦੀ ਤਸਵੀਰ ਪੇਸ਼ ਕਰਦਾ ਹੈ। ਕਲਾ ਆਪਣੇ-ਆਪ ਬਾਰੇ ਸੁਚੇਤ ਹੁੰਦਿਆਂ ਨਵੇਂ ਯਥਾਰਥ ਦੀ ਪੇਸ਼ਕਾਰੀ ਲਈ ਨਵੀਆਂ ਤਕਨੀਕਾਂ (ਜੁਗਤਾਂ) ਈਜਾਦ ਕਰਨ ਵੱਲ ਵਧਦੀ ਹੈ। ਅਜਿਹਾ ਕਰਦਿਆਂ ਕਲਾ ਉਸ ਸੱਭਿਅਤਾ ਤੋਂ ਨਿਖੇੜਾ ਕਰ ਲੈਂਦੀ ਹੈ ਜਿਸ ਦੇ ਪ੍ਰਤਿਕਰਮ ਵਜੋਂ ਇਹ ਪੈਦਾ ਹੁੰਦੀ ਹੈ। ਵਿਯੋਗਮਈ ਸਥਿਤੀ ਵਿੱਚ ਇਹ ਮਾਨਵ ਲਈ ਭਵਿਖਮੁਖੀ ਯੂਟੋਪੀਆਈ ਸੰਸਾਰ ਦਾ ਪ੍ਰਤੀਕ ਬਣ ਜਾਂਦੀ ਹੈ। ਆਧੁਨਿਕ ਸਥਿਤੀ ਵਾਂਗ ਉੱਤਰ-ਆਧੁਨਿਕ ਵੀ ਇੱਕ ਨਵੀਂ ਸਮਾਜਿਕ-ਆਰਥਿਕ ਅਵਸਥਾ ਹੈ, ਜਿਹੜੀ ਦੂਜੀ ਸੰਸਾਰ ਜੰਗ ਦੇ ਮਗਰੋਂ ਨਵੀਂ ਸੂਚਨਾ (ਗਿਆਨ) ਤਕਨਾਲੋਜੀ ਇਨਕਲਾਬ ਦੇ ਸਿੱਟੇ ਵਜੋਂ ਹੋਂਦ ਵਿੱਚ ਆਉਂਦੀ ਹੈ। ਜਿਵੇਂ ਪੱਛਮ ਵਿੱਚ ਮਕਾਨਕੀ ਅਤੇ ਬਿਜਲਈ ਊਰਜਾ ਸ੍ਰੋਤਾਂ ਦੀ ਈਜਾਦਕਾਰੀ ਨਾਲ ਉਦਯੋਗਿਕ ਕ੍ਰਾਂਤੀ ਆਈ, ਉਸੇ ਤਰ੍ਹਾਂ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਵਿੱਚ ਇਲੈਕਟ੍ਰੋਨਿਕ ਤਕਨਾਲੋਜੀ ਦੀ ਈਜਾਦਕਾਰੀ ਨਾਲ ਸੰਸਾਰ ਭਰ ਵਿੱਚ ਇੱਕ ਨਵੀਂ ਸਮਾਜਿਕ-ਆਰਥਿਕ ਅਤੇ ਸੱਭਿਆਚਾਰਿਕ ਬਣਤਰ ਨੂੰ ਹੋਂਦ ਵਿੱਚ ਲਿਆਂਦਾ। ਇਸਨੇ ਸਮੇਂ ਅਤੇ ਸਥਾਨ ਦੇ ਫ਼ਰਕ ਨੂੰ ਸੁੰਗੇੜਿਆ। ਵਿਕਸਿਤ ਦੇਸ਼ਾਂ ਦੀ ਆਰਥਿਕਤਾ ਉਤਪਾਦਨ ਤੋਂ ਸੂਚਨਾ ਤੇ ਆਧਾਰਿਤ ਆਰਥਿਕਤਾ ਵੱਲ ਵਧੀ। ਬਹੁ-ਕੌਮੀ ਕਾਰਪੋਰੇਸ਼ਨਾਂ ਦੇ ਹੋਂਦ ਵਿੱਚ ਆਉਣ ਨਾਲ ਆਰਥਿਕਤਾ ਦਾ ਸੰਸਾਰੀਕਰਨ ਹੋਇਆ। ਵੀਹਵੀਂ ਸਦੀ ਦੇ ਮੱਧ ਤੱਕ ਆਧੁਨਿਕਤਾਵਾਦੀ ਚਿੰਤਨ ਦੀਆਂ ਸੀਮਾਵਾਂ ਸਾਮ੍ਹਣੇ ਆਈਆਂ। ਉੱਤਰ-ਸੰਰਚਨਾਵਾਦੀ ਚਿੰਤਨ ਨੇ ਭਾਸ਼ਾ ਦੁਆਰਾ ਯਥਾਰਥ ਦੀ ਪੇਸ਼ਕਾਰੀ ਦੀ ਧਾਰਨਾ ਤੇ ਪ੍ਰਸ਼ਨ- ਚਿੰਨ੍ਹ ਲਾਇਆ। ਆਧੁਨਿਕਤਾਵਾਦੀ ਚਿੰਤਨ ਦੀ ਨਿਰੰਕੁਸ਼ ਸੱਚ ਦੀ ਤਲਾਸ਼ ਦੀ ਧਾਰਨਾ ਉੱਤੇ ਵੀ ਕਿੰਤੂ-ਪਰੰਤੂ ਹੋਇਆ। ਨਵ-ਮਾਰਕਸਵਾਦੀ ਚਿੰਤਕਾਂ ਨੇ ਆਧੁਨਿਕ ਇਨਲਾਈਟਨਮੈਂਟ ਚਿੰਤਨ ਅਤੇ ਆਧੁਨਿਕ ਸੱਭਿਅਤਾ ਦੀ ਪੜਚੋਲ ਕੀਤੀ। ਮਾਨਵਤਾ ਨੇ ਵੀਹਵੀਂ ਸਦੀ ਵਿੱਚ ਸਮਾਜਵਾਦ ਨੂੰ ਤਾਨਾਸ਼ਾਹੀ ਵਿੱਚ ਨਿਘਰਦਿਆਂ ਵੇਖਿਆ, ਕਈ ਗਹਿਰੇ ਆਰਥਿਕ ਸੰਕਟ ਅਤੇ ਨਾਜ਼ੀਵਾਦੀ/ ਫਾਸ਼ੀਵਾਦੀ ਤਾਨਾਸ਼ਾਹੀ ਦਾ ਉਭਾਰ ਅਤੇ ਦੋ ਮਹਾਂਯੁੱਧ ਵੇਖੇ। ਜਰਮਨੀ ਵਿੱਚ ਨਾਜ਼ੀ ਘੱਲੂਘਾਰੇ ਅਤੇ ਜਪਾਨ ਵਿੱਚ ਐਟਮੀ ਵਿਨਾਸ਼ਕਾਰੀ ਦਾ ਜਲਵਾ ਵੇਖਿਆ। ਇਸ ਸਭ ਕੁਝ ਨੇ ਆਧੁਨਿਕ ਚਿੰਤਨ ਅਤੇ ਆਧੁਨਿਕ ਸੱਭਿਅਤਾ ਬਾਰੇ ਗੰਭੀਰ ਸ਼ੰਕੇ ਉਤਪੰਨ ਕੀਤੇ। ਨਵੇਂ ਤਕਨਾਲੋਜੀਕਲ ਸੰਸਾਰ ਅਤੇ ਆਧੁਨਿਕਤਾ ਦੀ ਪੜਚੋਲ ਨੇ ਨਵੇਂ ਉੱਤਰ- ਆਧੁਨਿਕ ਚਿੰਤਨ ਨੂੰ ਪਿੱਠ-ਭੂਮੀ ਪ੍ਰਦਾਨ ਕੀਤੀ। ਇਹ ਸਪਸ਼ਟ ਹੋ ਚੁੱਕਾ ਸੀ ਕਿ ਆਧੁਨਿਕਤਾਵਾਦੀ ਸਰਬ- ਵਿਆਪੀ, ਨਿਰੰਕੁਸ਼ ਸੱਚ ਦਾ ਸੰਕਲਪ ਕਿਵੇਂ ਸੰਸਾਰ ਨੂੰ ਮੁਕਤੀ ਵੱਲ ਲਿਜਾਣ ਦੀ ਬਜਾਏ ਤਬਾਹੀ ਵੱਲ ਧੱਕਦਾ ਹੈ। ਇਸੇ ਲਈ ਉੱਤਰ-ਆਧੁਨਿਕਤਾਵਾਦੀ ਚਿੰਤਨ ਇਤਿਹਾਸ, ਜਮਹੂਰੀਅਤ, ਉਦਾਰਵਾਦ ਜਾਂ ਸਮਾਜਵਾਦ ਜਿਹੇ ਮਹਾਂਬਿਰਤਾਂਤਾਂ ਬਾਰੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਸ ਅਨੁਸਾਰ ਸੱਚ ਸਦੀਵੀ ਤੌਰ ਤੇ ਨਿਸ਼ਚਿਤ ਨਹੀਂ, ਸਰਬ-ਵਿਆਪੀ ਨਹੀਂ, ਕੇਵਲ ਵਸਤੂਪਰਕ ਨਹੀਂ। ਇਸ ਅਨੁਸਾਰ ਸੱਚ ਸਾਪੇਖਕ, ਬਹੁਪਰਿਪੇਖੀ ਅਤੇ ਸਥਾਨਿਕ ਹੈ। ਇਹ ਤਰਕ ਨਾਲੋਂ ਅਨੁਭਵ ਨੂੰ ਵਧੇਰੇ ਮਹੱਤਵ ਦਿੰਦਾ ਹੈ।

    ਸੱਭਿਆਚਾਰਿਕ ਦ੍ਰਿਸ਼ਟੀ ਤੋਂ ਉੱਤਰ-ਆਧੁਨਿਕਤਾ- ਵਾਦ ਅਤੇ ਕਲਾਤਮਿਕ-ਆਧੁਨਿਕਤਾਵਾਦ ਵਿੱਚ ਲਗਾਤਾਰਤਾ ਵੀ ਹੈ ਅਤੇ ਨਿਖੇੜ (ਬ੍ਰੇਕ) ਵੀ। ਆਧੁ- ਨਿਕਤਾਵਾਦੀ ਕਲਾ ਵਾਂਗ ਉੱਤਰ-ਆਧੁਨਿਕਤਾਵਾਦੀ ਕਲਾ ਤਕਨੀਕੀ ਈਜਾਦਕਾਰੀ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਵਸਤੂਪਰਕ ਸੱਚ ਨਾਲੋਂ ਅਨੁਭਵੀ ਸੱਚ ਦੀ ਪੇਸ਼ਕਾਰੀ ਵੱਲ ਰੁਚਿਤ ਹੈ। ਪਰ ਉੱਤਰ-ਆਧੁਨਿਕ ਸਥਿਤੀ ਵਿੱਚ ਅਨੁਭਵੀ ਸੱਚ ਅਤੇ ਗਹਿਰੀ ਅੰਤਰ-ਮੁਖਤਾ ਦਾ ਅਹਿਸਾਸ ਵੀ ਅਪ੍ਰਸੰਗਕ ਹੋ ਗਿਆ ਜਾਪਦਾ ਹੈ। ਇਹ ਸ਼ਹਿਰੀ, ਵਕਤੀ, ਤੇਜ਼ ਰਫ਼ਤਾਰ ਨਾਲ ਗੁਜ਼ਰਦੇ ਛਿਣਾਂ ਦਾ ਟੁੱਟਵਾਂ ਅਨੁਭਵ ਹੈ ਜਿਸ ਦਾ ਵਾਸਤਵਿਕਤਾ ਨਾਲ ਕੋਈ ਸਰੋਕਾਰ ਨਹੀਂ। ਅਸੀਂ ਸੈਟੇਲਾਈਟ ਚੈਨਲਾਂ, ਸਾਈਬਰ-ਸਪੇਸ ਦੇ ਬੇਹੱਦ ਗਤੀਸ਼ੀਲ ਅਤੇ ਸੁਪਨਈ ਸੰਸਾਰ ਵਿੱਚ ਜੀ ਰਹੇ ਹਾਂ। ਇਸ ਸੰਦਰਭ ਵਿੱਚ ਆਤਮਪਰਕਤਾ, ਵਸਤੂ-ਪਰਕਤਾ, ਸਤਹਿ/ਗਹਿਰਾਈ, ਯਥਾਰਥ/ ਪਰ-ਯਥਾਰਥ, ਉੱਚ-ਪੱਧਰੀ ਕਲਾ/ ਲੋਕ- ਕਲਾ ਅਤੇ ਕਲਾ/ਆਲੋਚਨਾ ਵਿਚਲੀਆਂ ਸੀਮਾਵਾਂ ਗਾਇਬ ਹੋ ਗਈਆਂ ਹਨ। ਇਸ ਲਈ ਸੱਚ ਅਤੇ ਕਾਲਪਨਿਕ ਸੱਚ ਦਾ ਫ਼ਰਕ ਮਿਟ ਗਿਆ ਹੈ। ਉੱਤਰ-ਆਧੁਨਿਕ ਕਲਾ ਵਿੱਚ ਆਧੁਨਿਕ ਕਲਾ ਵਾਂਗ ਨਵੀਂ ਤਕਨੀਕੀ ਈਜਾਦਕਾਰੀ ਦੀ ਪ੍ਰਵਿਰਤੀ ਹੈ ਪਰ ਇਸ ਦੀ ਨਵੀਨਤਾ ਵਿੱਚ ਆਧੁਨਿਕਤਾਵਾਦ ਵਰਗੀ ਮੌਲਿਕਤਾ ਨਹੀਂ। ਇਸ ਤਰ੍ਹਾਂ ਇਹ ਸਨਾਤਨੀ, ਨਵ-ਸਨਾਤਨੀ, ਯਥਾਰਥਵਾਦੀ, ਆਧੁਨਿਕਤਾਵਾਦੀ, ਲੋਕ-ਕਲਾ, ਥੀਮਾਂ ਦਾ ਇੱਕ ਮਿਸ਼ਰਿਤ ਦੁਹਰਾਉ ਮਾਤਰ ਹੀ ਹੈ ਪਰ ਇਹ ਫਰੈਡਰਿਕ ਜੇਮਸਨ ਦੇ ਕਹਿਣ ਵਾਂਗ ਬਹੁ-ਕੌਮੀ ਸਰਮਾਏ ਦੇ ਤਰਕ ਦਾ ਸਿੱਟਾ ਵੀ ਹੈ। ਅਜਿਹੇ ਸਮਿਆਂ ਵਿੱਚ ਕਲਾ ਦਾ ਅਜਿਹਾ ਹੋ ਜਾਣਾ ਕੁਦਰਤੀ ਹੈ। ਅੱਜ ਕਲਾ ਦਾ ਮਨੋਰਥ ਗਹਿਰੀ ਅੰਤਰਮੁੱਖਤਾ ਦਾ ਅਨੁਭਵ ਪੇਸ਼ ਕਰਨਾ ਜਾਂ ਅਰਥਾਂ ਦੀ ਤਲਾਸ਼ ਕਰਨਾ ਨਹੀਂ ਜਿਹੜਾ ਕਿ ਆਧੁਨਿਕਤਾਵਾਦ ਵਿੱਚ ਮੌਜੂਦ ਸੀ। ਇਹ ਕਲਾ ਮਨੁੱਖ ਦੀ ਵਿਖੰਡਤਾ ਜਿਸ ਤੇ ਆਧੁਨਿਕਤਾਵਾਦੀ ਕਲਾ ਵਿਰਲਾਪ ਕਰਦੀ ਸੀ, ਦਾ ਜਸ਼ਨ ਕਰਦੀ ਹੈ। ਅਜਿਹੀ ਕਲਾ ਜਿਹੜੀ ਤਰਕਸ਼ੀਲਤਾ, ਤਾਰਕਿਕ ਸੰਗਠਨਕਾਰੀ ਵਿਰੁੱਧ ਬਗ਼ਾਵਤ ਵਜੋਂ ਉੱਭਰਦੀ ਹੈ, ਦੁਆਰਾ ਅਜਿਹਾ ਕਰਨਾ ਜਾਇਜ਼ ਵੀ ਬਣਦਾ ਹੈ ਕਿਉਂਕਿ ਆਧੁਨਿਕ ਸੰਸਾਰ ਨੇ ਅਨੁਭਵ ਦੇ ਉਲਟ ਤਰਕ ਨੂੰ ਹੀ ਵਧੇਰੇ ਤਰਜੀਹ ਦਿੱਤੀ ਹੈ। ਇਸੇ ਲਈ ਉੱਤਰ- ਆਧੁਨਿਕਤਾਵਾਦ ਵਕਤੀ ਅਨੁਭਵਾਂ ਦੇ ਜਸ਼ਨਾਂ ਦਾ ਪ੍ਰਗਟਾਅ ਹੈ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Book name?


Puneet Bansal, ( 2019/03/15 10:0201)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.