ਐਮਿਲੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਐਮਿਲੀ (1830–1886) : ਅੰਗਰੇਜ਼ੀ ਵਿੱਚ ਦਿਲ ਨੂੰ ਭਾ ਜਾਣ ਵਾਲੇ ਗੀਤਾਂ ਦੀ ਲੇਖਕਾ ਐਮਿਲੀ ਡਿਕਨਸਨ (Emily Dickinson) ਇੱਕ ਬੜੀ ਡੂੰਘੀ ਨੀਝ ਵਾਲੀ ਇਸਤਰੀ ਸੀ, ਜਿਸ ਨੂੰ ਮਨੁੱਖੀ ਭਾਵਾਂ ਅਤੇ ਅਹਿਸਾਸਾਂ ਦੀ ਵਿਸ਼ਾਲ ਸੂਝ ਪ੍ਰਾਪਤ ਸੀ। ਉਸ ਦੀਆਂ ਕਵਿਤਾਵਾਂ ਉਸ ਦੇ ਪਰਿਵਾਰ ਅਤੇ ਪਰਿਵਾਰਿਕ ਮਿੱਤਰਾਂ ਨੇ ਉਸ ਦੇ ਮਰਨ ਉਪਰੰਤ ਛਪਵਾਈਆਂ।
ਉਨ੍ਹੀਵੀਂ ਸਦੀ ਦੀ ਅਮਰੀਕਨ ਕਾਵਿ-ਪਰੰਪਰਾ ਬੜੀ ਅਮੀਰ ਅਤੇ ਵਿਸ਼ਾਲ ਸੀ। ਐਲਨ ਪੋਅ, ਵਰਡਜ਼ਵਰਥ, ਲਾਂਗਫੈਲੋ ਅਤੇ ਵਾਲਟ ਵਿਟਮੈਨ ਅਮਰੀਕੀ ਕਾਵਿ ਖੇਤਰ ਵਿੱਚ ਨਵੇਂ ਪ੍ਰਯੋਗ ਅਤੇ ਨਵੇਂ ਦਿਸਹੱਦੇ ਸਿਰਜ ਰਹੇ ਸਨ ਅਤੇ ਲਗਪਗ ਇਸੇ ਵੇਲੇ ਆਪਣੇ ਪੜ੍ਹਨ ਵਾਲੇ ਕਮਰੇ ਦੇ ਅੰਦਰ ਐਮਿਲੀ ਡਿਕਨਸਨ ਇੱਕ ਕਾਵਿ-ਧਾਰਾ ਨੂੰ ਜਨਮ ਦੇ ਰਹੀ ਸੀ। ਬਾਹਰਲੀ ਦੁਨੀਆ ਤੋਂ ਅਣਜਾਣ ਅਤੇ ਕਾਵਿ-ਪਰੰਪਰਾ ਤੋਂ ਅਭਿੱਜ ਉਹ ਆਪਣੀ ਕਾਵਿ-ਕਲਾ ਦੇ ਨੇਮ ਆਪ ਹੀ ਘੜ ਰਹੀ ਸੀ। ਉਸ ਨੇ ਆਪਣੇ ਸਮੇਂ ਦੇ ਪ੍ਰਸਿੱਧ ਲੇਖਕਾਂ ਨੂੰ ਪੜ੍ਹਿਆ ਜ਼ਰੂਰ ਸੀ ਪਰ ਉਸ ਦੀ ਪ੍ਰਤਿਭਾ ਮੌਲਿਕ, ਵਿਲੱਖਣ ਅਤੇ ਸੱਜਰੀ ਸੀ।
ਐਮਿਲੀ ਡਿਕਨਸਨ ਦਾ ਜਨਮ 10 ਦਸੰਬਰ 1830 ਨੂੰ ਐਮਹਰਸਟ, ਮੈਸਾਚੂਸੱਟ ਵਿੱਚ ਪਰਿਵਾਰ ਦੇ ਪਹਿਲੇ ਬੱਚੇ ਵਜੋਂ ਹੋਇਆ। ਉਸ ਦੇ ਪਿਤਾ ਐਡਵਰਡ ਡਿਕਨਸਨ ਇੱਕ ਸਫਲ ਵਕੀਲ, ਕਾਂਗਰਸ ਦੇ ਮੈਂਬਰ ਅਤੇ ਐਮਹਰਸਟ ਕਾਲਜ ਦੇ ਵਿੱਤ ਪ੍ਰਬੰਧਕ ਸਨ। ਐਮਿਲੀ ਡਿਕਨਸਨ ਦੀ ਮਾਂ ਇੱਕ ਸੁਸ਼ੀਲ ਪਰ ਡਰਪੋਕ ਇਸਤਰੀ ਸੀ। ਪਰਿਵਾਰ ਦਾ ਇੱਕੋ-ਇੱਕ ਪੁੱਤਰ ਆਸਟਿਨ ਡਿਕਨਸਨ ਵੀ ਇੱਕ ਵਕੀਲ ਬਣਿਆ। ਐਮਿਲੀ ਦੀ ਛੋਟੀ ਭੈਣ ਲਿਵਿਨੀਆਂ ਵੀ ਆਪਣੀ ਭੈਣ ਵਾਂਗ ਕੰਵਾਰੀ ਹੀ ਰਹੀ ਅਤੇ ਦੋਵੇਂ ਭੈਣਾਂ ਰਲ ਕੇ ਆਪਣੀ ਵਿਸ਼ਾਲ ਹਵੇਲੀ ਦੀ ਸਾਂਭ-ਸੰਭਾਲ ਕਰਦੀਆਂ ਸਨ। ਇਸ ਪਰਿਵਾਰ ਵਿੱਚ ਇੱਕ ਹੋਰ ਇਸਤਰੀ, ਐਮਿਲੀ ਦੀ ਜਮਾਤਣ ਸੂਸਨ ਸੀ ਜਿਸ ਨੇ ਮਗਰੋਂ ਆਸਟਿਨ ਨਾਲ ਵਿਆਹ ਕੀਤਾ ਅਤੇ ਐਮਿਲੀ ਦੇ ਘਰ ਦੇ ਗੁਆਂਢ ਵਿੱਚ ਹੀ ਉਹ ਰਹਿਣ ਲੱਗ ਪਏ ਸਨ। 1879 ਤੱਕ ਐਮਿਲੀ ਉਸ ਨੂੰ ਆਪਣੀਆਂ ਕਵਿਤਾਵਾਂ ਵਿਖਾਉਂਦੀ ਰਹੀ ਅਤੇ ਫਿਰ ਇਹ ਕਹਿ ਕੇ ਉਸ ਨਾਲ ਬੋਲਣੋਂ ਹੱਟ ਗਈ ਕਿ ਸੂਸਨ ਦਾ ਗਿਆਨ ਸਤੱਹੀ ਸੀ।
ਉਨ੍ਹੀਵੀਂ ਸਦੀ ਦੇ ਅੱਧ ਵਿੱਚ ਐਮਹਰਸਟ ਇੱਕ ਸੁੱਤਾ ਹੋਇਆ ਪਿੰਡ ਹੀ ਲੱਗਦਾ ਸੀ ਜਿੱਥੇ ਦੋ ਹੀ ਉਲੇਖਯੋਗ ਚੀਜ਼ਾਂ ਸਨ : ਗਿਰਜਾਘਰ ਅਤੇ ਕਾਲਜ। ਇੱਥੇ ਸੰਗੀਤ ਬੈਠਕਾਂ ਨਹੀਂ ਸਨ ਹੁੰਦੀਆਂ, ਨਾ ਹੀ ਨਾਟਕ ਖੇਡੇ ਜਾਂਦੇ ਸਨ, ਮਨਪ੍ਰਚਾਵੇ ਲਈ ਐਮਿਲੀ ਆਪਣੇ ਕੁੱਤੇ ਨਾਲ ਦੂਰ- ਦੂਰ ਘੁੰਮ ਆਇਆ ਕਰਦੀ ਸੀ। ਘੁੰਮਣ ਦੀ ਇਸ ਆਦਤ ਨੇ ਐਮਿਲੀ ਦੀ ਨੀਝ ਨੂੰ ਤਿੱਖਾ ਕੀਤਾ ਅਤੇ ਉਸ ਵਿੱਚ ਸੂਖਮ ਵੇਰਵਿਆਂ ਨੂੰ ਪਕੜਨ ਦੀ ਸ਼ਕਤੀ ਉਪਜੀ। 1947 ਵਿੱਚ ਐਮਿਲੀ ਡਿਕਨਸਨ ਨੇ ਐਮਹਰਸਟ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅਗਲਾ ਇੱਕ ਸਾਲ ਜਿਹੜਾ ਘਰੋਂ ਬਾਹਰ ਰਹਿਣ ਦਾ ਉਸ ਦਾ ਸਭ ਤੋਂ ਲੰਮਾ ਅਰਸਾ ਸੀ, ਉਸ ਨੇ ਇੱਕ ਧਾਰਮਿਕ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ। ਆਪਣੀ ਖ਼ਰਾਬ ਸਿਹਤ ਕਾਰਨ ਐਮਿਲੀ ਨੇ ਇਹ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ, ਸਤਾਰ੍ਹਾਂ ਸਾਲਾਂ ਦੀ ਉਮਰ ਵਿੱਚ ਐਮਿਲੀ ਆਪਣੇ ਘਰ ਵਿੱਚ ਸਦਾ ਲਈ ਟਿਕ ਗਈ ਅਤੇ ਘਰ ਦੇ ਕੰਮਾਂ-ਕਾਰਾਂ ਵਿੱਚ ਮਾਹਰ ਹੋ ਗਈ।
ਇਹ ਪਤਾ ਨਹੀਂ ਲੱਗ ਸਕਿਆ ਕਿ ਐਮਿਲੀ ਨੇ ਕਵਿਤਾ ਕਦੋਂ ਰਚਣੀ ਅਰੰਭ ਕੀਤੀ ਜਾਂ ਉਸ ਦੀਆਂ ਮੁਢਲੀਆਂ ਕਵਿਤਾਵਾਂ ਕਿਹੜੀਆਂ ਸਨ। ਕੇਵਲ ਪੰਜ ਕਵਿਤਾਵਾਂ ਨੂੰ 1858 ਤੋਂ ਪਹਿਲਾਂ ਰਚੀਆਂ ਗਈਆਂ ਮੰਨਿਆ ਜਾਂਦਾ ਹੈ। ਉਹ ਆਪਣੀਆਂ ਕਵਿਤਾਵਾਂ ਨੂੰ ਆਪ ਹੀ ਬਣਾ-ਸੰਵਾਰ ਕੇ ਲਿਖ ਕੇ ਸੰਭਾਲਦੀ ਰਹਿੰਦੀ ਸੀ। ਪਹਿਲੀਆਂ ਪੰਜ ਕਵਿਤਾਵਾਂ ਨੂੰ ਉਸ ਨੇ ਆਪਣੀਆਂ ਸਹੇਲੀਆਂ ਨੂੰ ਲਿਖੇ ਪੱਤਰਾਂ ਵਿੱਚ ਸ਼ਾਮਲ ਕੀਤਾ ਸੀ। ਇੱਕ ਸਹੇਲੀ ਨੇ ਉਸ ਦੀ ਇੱਕ ਕਵਿਤਾ ਨੂੰ ਲਿਖਣ ਵਾਲੀ ਦੇ ਨਾਂ ਤੋਂ ਬਿਨਾਂ ਹੀ ਛਪਵਾ ਦਿੱਤਾ ਸੀ। 1858 ਵਿੱਚ ਐਮਿਲੀ ਨੇ ਮਹਿਸੂਸ ਕੀਤਾ ਕਿ ਉਸ ਵਿੱਚ ਕਵਿਤਾ ਲਿਖਣ ਦੀ ਯੋਗਤਾ ਹੈ ਅਤੇ ਉਹ ਆਪਣੀਆਂ ਕਵਿਤਾਵਾਂ ਨੂੰ ਇੱਕ ਬਕਸੇ ਵਿੱਚ ਸਾਂਭ-ਸਾਂਭ ਰੱਖਦੀ ਰਹੀ। ਐਮਿਲੀ ਨੇ ਆਪਣੀਆਂ ਕਵਿਤਾਵਾਂ ਛਪਵਾਉਣ ਦਾ ਚੋਖਾ ਯਤਨ ਕੀਤਾ ਪਰ ਜਦੋਂ ਸਫਲਤਾ ਨਾ ਮਿਲੀ ਤਾਂ ਉਸ ਨੇ ਛਪਣ- ਛਪਵਾਉਣ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਹਰ ਕੋਈ ਉਸ ਦੀਆਂ ਕਵਿਤਾਵਾਂ ਨੂੰ ਸੋਧਣਾ ਸ਼ੁਰੂ ਕਰ ਦਿੰਦਾ ਸੀ ਅਤੇ ਕਿਸੇ ਕਵੀ ਲਈ ਇਹ ਗੱਲ ਬੜੀ ਕਸ਼ਟਦਾਇਕ ਹੁੰਦੀ ਹੈ।
1862 ਵਿੱਚ ਐਮਿਲੀ ਦਾ ਕਾਵਿ-ਆਲੋਚਕ ਥਾਮਸ ਵੈਂਟਵਰਥ ਹਿਗਨਸਨ ਨਾਲ ਮੇਲ ਹੋਇਆ ਜਿਹੜਾ ਲੰਮਾ ਅਰਸਾ ਚੱਲਿਆ। ਐਮਿਲੀ ਨੇ ਮਿਲਣ ਤੋਂ ਪਹਿਲਾਂ ਸਮਾਚਾਰ-ਪੱਤਰਾਂ ਵਿੱਚ ਉਸ ਦੇ ਕੁਝ ਲੇਖ ਪੜ੍ਹੇ ਸਨ। ਵਕਤ ਦੇ ਬੀਤਣ ਨਾਲ ਹਿਗਨਸਨ ਉਸ ਦਾ ਸਲਾਹਕਾਰ ਅਤੇ ਮਾਰਗ ਦਰਸ਼ਕ ਹੋ ਨਿਬੜਿਆ ਜਿਸ ਨੂੰ ਐਮਿਲੀ ਆਪਣਾ ਸਭ ਤੋਂ ਵੱਧ ਭਰੋਸੇਯੋਗ ਮਿੱਤਰ ਸਮਝਦੀ ਸੀ। ਹਿਗਨਸਨ ਨਾਲ ਐਮਿਲੀ ਦਾ ਸੰਪਰਕ ਚਿੱਠੀਆਂ ਰਾਹੀਂ ਸੀ ਅਤੇ ਨੌਂ ਸਾਲ ਚਿੱਠੀ-ਪੱਤਰ ਕਰਨ ਉਪਰੰਤ ਉਹ ਹਿਗਨਸਨ ਨੂੰ ਪਹਿਲੀ ਵਾਰ 1870 ਵਿੱਚ ਮਿਲੀ। ਮਿਲਣ ਦੀ ਪਹਿਲ ਐਮਿਲੀ ਨੇ ਕੀਤੀ ਸੀ। ਇਸ ਮੀਟਿੰਗ ਉਪਰੰਤ ਉਹ ਹਿਗਨਸਨ ਨੂੰ ਕੇਵਲ ਇੱਕ ਵਾਰ ਹੋਰ ਮਿਲੀ। ਹਿਗਨਸਨ ਨੇ ਐਮਿਲੀ ਨੂੰ ਆਪਣੀਆਂ ਕਵਿਤਾਵਾਂ ਛਪਵਾਉਣ ਦੇ ਪੱਖੋਂ ਕਾਹਲ ਨਾ ਕਰਨ ਲਈ ਕਿਹਾ ਪਰ ਨਾਲ ਹੀ ਨਾਲ ਉਹ ਐਮਿਲੀ ਨੂੰ ਨਵੀਆਂ ਕਾਵਿ- ਪ੍ਰਵਿਰਤੀਆਂ ਬਾਰੇ ਦੱਸਦਾ ਰਿਹਾ ਅਤੇ ਕਵੀਆਂ ਨੂੰ ਪੜ੍ਹਨ ਦੇ ਸੁਝਾਓ ਦਿੰਦਾ ਰਿਹਾ। ਐਮਿਲੀ ਦੇ ਦਿਲ ਦੀਆਂ ਡੂੰਘਾਈਆਂ ਵਿੱਚੋਂ ਅਨੇਕਾਂ ਗੀਤ ਉਪਜੇ ਜਿਨ੍ਹਾਂ ਨੂੰ ਹਿਗਨਸਨ ਵੀ ਨਾ ਸਮਝ ਸਕਿਆ ਕਿਉਂਕਿ ਜੇ ਉਸ ਨੂੰ ਸਮਝ ਹੁੰਦੀ ਤਾਂ ਉਹ ਇਹਨਾਂ ਦਾ ਸੰਪਾਦਨ ਜਾਂ ਸੋਧ-ਸੁਧਾਈ ਨਾ ਕਰਦਾ।
1858 ਅਤੇ 1866 ਵਿਚਕਾਰ ਐਮਿਲੀ ਡਿਕਨਸਨ ਨੇ ਗਿਆਰ੍ਹਾਂ ਸੌ ਕਵਿਤਾਵਾਂ ਲਿਖੀਆਂ ਜਿਨ੍ਹਾਂ ਦੀਆਂ ਅਨੇਕਾਂ ਸੱਤਰਾਂ ਵਿੱਚ ਅਖਾਣ-ਮੁਹਾਵਰੇ ਬਣ ਜਾਣ ਦੀ ਸ਼ਕਤੀ ਹੈ। ਇਹਨਾਂ ਕਵਿਤਾਵਾਂ ਵਿੱਚ ਇਸਤਰੀ ਮਨ ਦੀਆਂ ਤਾਘਾਂ, ਉਮੰਗਾਂ, ਡਰ ਅਤੇ ਸੰਸੇ ਬੜੇ ਸੂਖਮ ਰੂਪ ਵਿੱਚ ਪੇਸ਼ ਹੋਏ ਹਨ। ਬਹੁਤੀਆਂ ਕਵਿਤਾਵਾਂ ਦੀ ਲੰਬਾਈ ਸੋਲ੍ਹਾਂ ਸਤਰਾਂ ਤੋਂ ਘੱਟ ਹੈ। ਇਹਨਾਂ ਦੀ ਵਿਆਕਰਨ ਪਰੰਪਰਾਗਤ ਨਹੀਂ, ਇਹਨਾਂ ਦਾ ਲੈਅ-ਪ੍ਰਬੰਧ ਵੀ ਨਵੇਕਲਾ ਹੈ। ਜਿਨ੍ਹਾਂ ਮੁੱਖ ਵਿਸ਼ਿਆਂ ਤੇ ਡਿਕਨਸਨ ਨੇ ਲਿਖਿਆ ਉਹ ਹਨ : ਪਿਆਰ ਅਤੇ ਵਿਛੋੜਾ, ਮੌਤ, ਪ੍ਰਕਿਰਤੀ ਅਤੇ ਪਰਮਾਤਮਾ। ਉਸ ਨੇ ਇੱਕ ਵਾਰੀ ਲਿਖਿਆ ਕਿ ਮੈਂ ਅੰਤਿਮ ਮੌਤ ਤੋਂ ਪਹਿਲਾਂ ਦੋ ਵਾਰੀ ਮਰ ਚੁੱਕੀ ਹਾਂ। ਉਸ ਦੇ ਇਹਨਾਂ ਦੋ ਪ੍ਰੇਮੀਆਂ ਬਾਰੇ ਅਨੇਕਾਂ ਅਫਵਾਹਾਂ ਹਨ ਪਰ ਨਿਸਚੇ ਹੀ ਹਿਗਨਸਨ ਇਹਨਾਂ ਵਿੱਚੋਂ ਨਹੀਂ ਸੀ। ਖ਼ਿਆਲ ਕੀਤਾ ਜਾਂਦਾ ਹੈ ਉਸ ਦਾ ਪਿਆਰਾ ਇੱਕ ਜਵਾਨ ਬੈਂਜਾਮਿਨ ਨਿਊਟਨ ਸੀ ਜਿਹੜਾ ਆਪਣੀ ਗ਼ਰੀਬੀ ਕਾਰਨ ਕਦੀ ਵੀ ਆਪਣਾ ਪਿਆਰ ਪ੍ਰਗਟਾਉਣ ਦਾ ਸਾਹਸ ਨਾ ਕਰ ਸਕਿਆ। ਇਹ ਜਵਾਨ ਉਸ ਦੇ ਪਿਤਾ ਦੀ ਵਕਾਲਤ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ। ਇੱਕ ਵਾਰੀ ਫਿਲਾਡੈਲਫੀਆ ਵਿੱਚ ਉਹ ਇੱਕ ਪਾਦਰੀ ਨੂੰ ਮਿਲੀ ਜਿਹੜਾ ਉਸ ਤੋਂ ਸੋਲ੍ਹਾਂ ਸਾਲ ਵੱਡਾ ਅਤੇ ਵਿਆਹਿਆ ਹੋਇਆ ਸੀ। ਇੱਥੇ ਪਹੁੰਚ ਕੇ ਐਮਿਲੀ ਵਿੱਚ ਆਪ ਹਿੰਮਤ ਨਹੀਂ ਸੀ ਕਿ ਇੱਕ ਪ੍ਰੇਮਿਕਾ ਵਜੋਂ ਵਿਚਰਨ ਵਾਸਤੇ ਉਹ ਆਪਣੇ ਜੀਵਨ ਨੂੰ ਪੁਨਰ-ਵਿਉਂਤਣ ਬਾਰੇ ਸੋਚ ਸਕੇ। ਇਹ ਪਾਦਰੀ ਉਸ ਨੂੰ ਇੱਕ ਵਾਰੀ ਮਿਲਣ ਆਇਆ ਪਰ ਵਿਛੋੜੇ ਦਾ ਡੂੰਘਾ ਦਰਦ ਦੇ ਗਿਆ। ਐਮਿਲੀ ਡਿਕਨਸਨ ਨੂੰ ਪਿਆਰ ਦੀ ਲੋੜ ਸੀ ਜਿਹੜਾ ਉਸ ਨੂੰ ਨਾ ਮਿਲਿਆ ਅਤੇ ਉਸ ਦੀ ਇੱਕੋ-ਇੱਕ ਵਫ਼ਾਦਾਰ ਓਟ ਉਸ ਦੀ ਕਵਿਤਾ ਸੀ ਜਿਉਂ-ਜਿਉਂ ਉਸ ਦੀ ਤਾਂਘ ਵਧਦੀ ਗਈ ਤਿਉਂ-ਤਿਉਂ ਉਸ ਦੀ ਕਵਿਤਾ ਗੰਭੀਰ ਹੁੰਦੀ ਗਈ। ਇੱਕ ਵਾਰੀ ਜਦੋਂ ਉਹ ਲੰਮੀ ਯਾਤਰਾ ਤੋਂ ਮੁੜਿਆ ਤਾਂ ਐਮਿਲੀ ਇਤਨੀ ਸੂਖਮ ਹੋ ਗਈ ਸੀ ਕਿ ਉਹ ਥੱਲੇ ਆਉਣ ਦੀ ਹਿੰਮਤ ਨਾ ਕਰ ਸਕੀ ਅਤੇ ਲਿਖ ਕੇ ਭੇਜਿਆ, ਤੇਰਾ ਮੁੜ ਆਉਣਾ ਪਤਝੜ ਵਿੱਚ ਆਈ ਬਹਾਰ ਵਾਂਗ ਹੈ, ਤੇਰੀ ਅਵਾਜ਼ ਸੁਣਨਾ ਸੁੰਨ-ਸਾਨ ਵਿੱਚ ਪੰਛੀਆਂ ਦੇ ਚਹਿਕਣ ਵਾਂਗ ਹੈ।
ਕਹਿੰਦੇ ਹਨ ਕਿ ਜੇ ਐਮਿਲੀ ਡਿਕਨਸਨ ਨੂੰ ਕਵਿਤਾ ਦੀ ਧਰਵਾਸ ਨਾ ਹੁੰਦੀ ਤਾਂ ਉਸ ਨੇ ਆਪਣੀਆਂ ਭਾਵਨਾਵਾਂ ਦੇ ਸੇਕ ਨਾਲ ਹੀ ਸੜ ਜਾਣਾ ਸੀ। ਆਪਣੇ ਜੀਵਨ ਦੇ ਅੰਤਲੇ ਵਰ੍ਹਿਆਂ ਵਿੱਚ ਉਹ ਸਾਲ ਵਿੱਚ ਮੁਸ਼ਕਲ ਨਾਲ ਪੰਜਾਹ ਕਵਿਤਾਵਾਂ ਹੀ ਰਚਣ ਵਿੱਚ ਸਫਲ ਹੁੰਦੀ ਸੀ। ਉਹ ਅੰਦਰੋਂ ਭੁਰਦੀ ਰਹੀ ਅਤੇ ਅੰਤ ਨੂੰ 15 ਮਈ 1886 ਵਾਲੇ ਦਿਨ ਉਹ ਸਦਾ ਲਈ ਚੁਪ ਹੋ ਗਈ।
ਐਮਿਲੀ ਡਿਕਨਸਨ ਦੀਆਂ ਸਾਰੀਆਂ ਕਵਿਤਾਵਾਂ ਉਸ ਦੇ ਮਰਨ ਉਪਰੰਤ ਪ੍ਰਕਾਸ਼ਿਤ ਹੋਈਆਂ। ਜਿਸ ਕਿਸੇ ਨੇ ਵੀ ਉਸ ਦੀਆਂ ਕਵਿਤਾਵਾਂ ਨੂੰ ਛਾਪਣ ਲਈ ਤਿਆਰ ਕੀਤਾ, ਉਹਨਾਂ ਦੀ ਸੰਪਾਦਨਾ ਵੀ ਕੀਤੀ ਪਰ ਅੰਤ ਨੂੰ ਉਹ ਕਾਵਿ-ਸੰਗ੍ਰਹਿ ਵੀ ਛਪੇ ਜਿਨ੍ਹਾਂ ਵਿੱਚ ਕਵਿਤਾਵਾਂ ਨੂੰ ਉਵੇਂ ਹੀ ਪੇਸ਼ ਕੀਤਾ ਗਿਆ ਸੀ ਜਿਵੇਂ ਐਮਿਲੀ ਡਿਕਨਸਨ ਨੇ ਲਿਖਿਆ ਸੀ। ਵੀਹਵੀਂ ਸਦੀ ਦੇ ਪਾਠਕਾਂ ਅਤੇ ਆਲੋਚਕਾਂ ਨੇ ਉਸ ਨੂੰ ਕਵੀਆਂ ਦੀ ਪਹਿਲੀ ਕਤਾਰ ਵਿੱਚ ਖੜਾ ਕਰ ਦਿੱਤਾ ਸੀ।
ਲੇਖਕ : ਨਰਿੰਦਰ ਸਿੰਘ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First