ਓਅੰਕਾਰੁ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਓਅੰਕਾਰੁ : ਗੁਰੂ ਗ੍ਰੰਥ ਸਾਹਿਬ ਵਿਚ, ਰਾਮਕਲੀ ਰਾਗ ਵਿਚ ਰਚੀ ਗੁਰੂ ਨਾਨਕ ਦੇਵ ਦੀ ਇਕ ਬਾਣੀ ਹੈ। ਬਾਣੀ ਦਾ ਪੂਰਾ ਸਿਰਲੇਖ ਹੈ ‘ਰਾਮਕਲੀ ਮਹਲਾ 1 ਦਖਣੀ ਓਅੰਕਾਰੁ'। ਸਿਰਲੇਖ ਦੀ ਵਿਆਖਿਆ ਵੱਖ-ਵੱਖ ਵਿਦਵਾਨਾਂ ਨੇ ਵੱਖ ਵੱਖ ਢੰਗਾਂ ਨਾਲ ਕੀਤੀ ਹੈ। ਇਕ ਪਰੰਪਰਾ , ਅਨੁਸਾਰ ਦਖਣੀ, ਓਅੰਕਾਰ ਨਾਮਕ ਸੰਗਿਆ ਦਾ ਵਿਸ਼ੇਸ਼ਣ ਹੈ। ਇਸ ਨੂੰ ਦਖਣੀ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਦੱਖਣ ਦੇ ਮੱਧ ਪ੍ਰਦੇਸ਼ ਵਿਚ ਨਰਮਦਾ ਦਰਿਆ ਦੇ ਇਕ ਟਾਪੂ ਉਤੇ ਓਅੰਕਾਰ ਮੰਦਰ ਦੇ ਪੁਜਾਰੀ ਨੂੰ ਸੰਬੋਧਨ ਕੀਤੀ ਗਈ ਸੀ। ਦੂਸਰੀ ਪਰੰਪਰਾ ਅਨੁਸਾਰ, ਬਾਣੀ ਦਾ ਨਾਂ ਓਅੰਕਾਰ ਹੈ ਅਤੇ ਸ਼ਬਦ ਦਖਣੀ ਰਾਮਕਲੀ ਨਾਲ ਸੰਬੰਧਿਤ ਹੈ ਕਿਉਂਕਿ ‘ਦਖਣੀ` ਰਾਮਕਲੀ ਰਾਗ ਦਾ ਇਕ ਰੂਪ ਹੈ। ਸਿਰਲੇਖਾਂ ਦੀਆਂ ਹੋਰ ਵੀ ਕਈ ਉਦਾਹਰਨਾਂ ਇਸੇ ਤਰ੍ਹਾਂ ਲਿਖੀਆਂ ਹੋਈਆਂ ਇਸ ਵਿਚਾਰ ਦੀ ਪੁਸ਼ਟੀ ਲਈ ਦਿੱਤੀਆਂ ਗਈਆਂ ਹਨ ਜਿਵੇਂ ਕਿ ਗੌੜੀ ਮਹਲਾ 1 ਦਖਣੀ ਅਤੇ ਵਡਹੰਸ ਮਹਲਾ 1 ਦਖਣੀ। ਇਹਨਾਂ ਬਾਣੀਆਂ ਵਿਚ, ਦਖਣੀ ਦਾ ਭਾਵ ਰਾਗਨੀ ਜਾਂ ਸੰਗੀਤ ਦੇ ਰਾਗ ਤੋਂ ਹੈ।

          ਓਅੰਕਾਰੁ ਇਕ ਪੈਂਤੀ ਅੱਖਰੀ ਦੇ ਰੂਪ ਵਿਚ ਰਚੀ ਗਈ ਹੈ, ਜਿਸ ਤਰ੍ਹਾਂ ਸੰਸਕ੍ਰਿਤ ਲਿਖੀ ਜਾਂਦੀ ਹੈ ਅਤੇ ਜਿਸਦਾ ਹਰ ਬੰਦ ਭਾਸ਼ਾ ਦੇ ਪੈਂਤੀ ਅੱਖਰਾਂ ਵਿਚੋਂ ਕਿਸੇ ਇਕ ਨਾਲ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਦੇਵ ਦੁਆਰਾ ਵਰਤੀ ਭਾਸ਼ਾ ਵਿਚ ਸੰਸਕ੍ਰਿਤ ਦੀਆਂ ਬਹੁਤ ਸਾਰੀਆਂ ਧੁਨੀਆਂ ਮੌਜੂਦ ਨਹੀਂ ਹਨ।ਅਜਿਹੇ ਮਾਮਲਿਆਂ ਵਿਚ ਪ੍ਰਚਲਿਤ ਬਰਾਬਰ ਦੀਆਂ ਧੁਨੀਆਂ ਪੁਰਾਣੀ ਲਿਪੀ ਦੇ ਸ਼ਬਦਾਂ ਨੂੰ ਪ੍ਰਤੀਨਿਧਤਾ ਦੇਣ ਲਈ ਵਰਤੀਆਂ ਗਈਆਂ ਹਨ। ਨਮੂਨੇ ਵਜੋਂ ‘ਯ` ਲਈ ‘ਜੋ ਅਤੇ ‘ਵੋ ਲਈ ‘ਬ` ਵਰਤਿਆ ਗਿਆ ਹੈ।

            ਓਅੰਕਾਰੁ ਬਾਣੀ ਪਰਮਾਤਮਾ ਦੀ ਉਸਤਤ ਨਾਲ ਸ਼ੁਰੂ ਹੁੰਦੀ ਹੈ ਜਿਸ ਨੂੰ ਸਮੁੱਚੀ ਹੋਂਦ ਅਤੇ ਕਾਲ ਦੇ ਵੱਖ-ਵੱਖ ਚੱਕਰਾਂ ਅਤੇ ਸੰਪੂਰਨ ਵਿਸ਼ਵ ਦੇ ਕਰਤਾ ਦੇ ਰੂਪ ਵਿਚ ਯਾਦ ਕੀਤਾ ਗਿਆ ਹੈ। ਇਸ ਤੋਂ ਅੱਗੇ ਰਹਾਉ (ਠਹਿਰਾਉ) ਦਾ ਪਦਾ ਸ਼ੁਰੂ ਹੁੰਦਾ ਹੈ ਜਿਸ ਵਿਚ ਬਾਣੀ ਦਾ ਕੇਂਦਰੀ ਭਾਵ ਹੈ:

          ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥

          ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥1॥ਰਹਾਉ॥

          ਇਸ ਤੋਂ ਪਿੱਛੋਂ ਪੈਂਤੀ ਅੱਖਰੀ ਰੂਪ ਸ਼ੁਰੂ ਹੁੰਦਾ ਹੈ। ਜ਼ਿਆਦਾ ਜ਼ੋਰ ਨੈਤਿਕ ਅਤੇ ਰੂਹਾਨੀ ਸਿੱਖਿਆ ਉਤੇ ਦਿੱਤਾ ਗਿਆ ਹੈ। ਮਨੁੱਖ ਜਿਨ੍ਹਾਂ ਦੇ ਕੰਮ ਆਪਣੇ ਕਿੱਤਿਆਂ ਨਾਲੋਂ ਘਟੀਆ ਹਨ ਜੀਵਿਤ ਮੁਰਦੇ ਕਹੇ ਗਏ ਹਨ। ਅਧਿਆਤਮਿਕ ਤੌਰ ਤੇ ਉਹ ਮੁਰਦਾ ਹਨ। ਅਜਿਹੇ ਪਤਿਤ ਵੀ ਆਪਣੇ ਆਪ ਨੂੰ ਬਚਾ ਸਕਦੇ ਹਨ ਜੇਕਰ ਉਹ ਪੂਰਨ ਤੌਰ ਤੇ ਪਰਮਾਤਮਾ ਦੇ ਹੁਕਮ ਅੱਗੇ ਆਤਮ ਸਮਰਪਨ ਕਰ ਦੇਣ। ਜੇਕਰ ਅਜਿਹਾ ਆਦਮੀ ਆਪਣੇ ਆਪ ਨੂੰ ਨਾਮ ਨਾਲ ਜੋੜਦਾ ਹੈ ਤਾਂ ਉਸ ਦਾ ਮਨ ਸੰਸਾਰਿਕ ਲਾਲਸਾਵਾਂ ਅਤੇ ਤ੍ਰਿਸ਼ਨਾਵਾਂ ਤੋਂ ਮੁਕਤ ਹੋ ਜਾਂਦਾ ਹੈ। ਗੁਰੂ ਦੀ ਬਖਸ਼ਿਸ਼ ਅਧਿਆਤਮਿਕ ਨਵਜੀਵਨ ਦੀ ਪ੍ਰਕਿਰਿਆ ਵਿਚ ਇਕ ਨਿਰਨਾਜਨਕ ਤੱਤ ਹੁੰਦੀ ਹੈ। ਬਹੁਤਾ ਦੁੱਖ ਅਤੇ ਪਾਪ , ਲਾਲਚ ਕਰਕੇ ਹੁੰਦਾ ਹੈ ਅਤੇ ਜਿਹੜੇ ਗੁਰੂ ਦੇ ਦੱਸੇ ਰਸਤੇ ਤੇ ਚਲਦੇ ਹਨ, ਇਸ ਉੱਤੇ ਕਾਬੂ ਪਾ ਲੈਂਦੇ ਹਨ। ਕੋਈ ਕਰਮਕਾਂਡ, ਕੋਈ ਬੌਧਿਕਤਾ ਜਾਂ ਵਿਦਵਤਾ ਵਾਲੀ ਪੂਰਨਤਾ ਮਦਦਗਾਰ ਨਹੀਂ ਹੋ ਸਕਦੀ। ਦੁਨੀਆਂ ਦਾ ਤਿਆਗ ਅਤੇ ਤਪ ਸਾਧਨਾਵਾਂ ਦਾ ਕੋਈ ਫ਼ਾਇਦਾ ਨਹੀਂ ਹੈ। ਅਸਲੀ ਪੰਡਤ ਜਾਂ ਬੁੱਧੀਵਾਨ ਮਨੁੱਖ ਉਹੀ ਹੈ ਜਿਹੜਾ ਗੁਰੂ ਦੇ ਦੱਸੇ ਰਸਤੇ ਉਤੇ ਚੱਲਦਾ ਹੈ ਅਤੇ ਦੁਨੀਆਂ ਦੇ ਕੰਮ ਕਾਰ ਕਰਦਾ ਹੋਇਆ ਵੀ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ।

          ਇਸ ਬਾਣੀ ਦੀ ਭਾਸ਼ਾ ਮਿਲੀ ਜੁਲੀ ਹਿੰਦਵੀ ਅਤੇ ਪੰਜਾਬੀ ਹੈ। ਜਿਵੇਂ ਕਿ ਗੁਰੂ ਨਾਨਕ ਦੀ ਬਾਕੀ ਬਾਣੀ ਵਿਚ ਹਨ ਇਸ ਬਾਣੀ ਵਿਚ ਫ਼ਾਰਸੀ ਅਤੇ ਅਰਬੀ ਮੂਲ ਦੇ ਸ਼ਬਦ ਬਹੁਤ ਘੱਟ ਹਨ। ਵਿਆਕਰਨਿਕ ਢਾਂਚਾ ਅਪਭ੍ਰੰਸ਼ ਦੇ ਨੇੜੇ ਹੈ। ਲਿਖਣ ਸ਼ੈਲੀ ਬਿਨਾਂ ਕਿਸੇ ਸੁਚੇਤ ਜਤਨ ਦੇ ਕਾਵਿਕ ਸਜਾਵਟ ਤੋਂ ਮੁਕਤ, ਸਧਾਰਨ ਹੈ। ਫਿਰ ਵੀ ਕੁਝ ਖਾਸ ਕਲਾਤਮਿਕ ਗੁਣ ਧਿਆਨ ਯੋਗ ਹਨ। ਬਹੁਤ ਵਰਤੇ ਗਏ ਉਪਮਾ ਅਤੇ ਰੂਪਕ ਅਤੇ ਅਨੁਪ੍ਰਾਸ ਦੀ ਵਰਤੋਂ ਦੀਆਂ ਵੰਨਗੀਆਂ ਮਾਅਰਕੇ ਦੀਆਂ ਹਨ। ਇਸ ਬਾਣੀ ਨੇ ਪੰਜਾਬੀ ਭਾਸ਼ਾ ਨੂੰ ਬਹੁਤ ਚੁਸਤ ਕਹਾਵਤਾਂ ਅਤੇ ਅਖਾਣ ਦਿੱਤੇ ਹਨ। ਉਦਾਹਰਨ ਦੇ ਤੌਰ ਤੇ: ਗੁਣ ਵੀਚਾਰੇ ਗਿਆਨੀ ਸੋਇ-ਜੋ ਗੁਣ ਗ੍ਰਹਿਣ ਕਰਦਾ ਹੈ ਅਸਲੀ ਗਿਆਨੀ ਹੈ (ਗੁ.ਗ੍ਰੰ.931) ਕਾਮੁ ਕ੍ਰੋਧ ਕਾਇਆ ਕਉ ਗਾਲੈ-ਕਾਮੁਕਤਾ ਅਤੇ ਕ੍ਰੋਧ ਸਰੀਰ ਦਾ ਨਾਸ ਕਰਦੇ ਹਨ (ਗੁ.ਗ੍ਰੰ.932) ਅਤੇ ਲੇਖੁ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ-ਮੇਰੇ ਮਿੱਤਰ ਜੋ ਕਰਤੇ ਨੇ ਲਿਖ ਦਿੱਤਾ ਹੈ ਮੇਟਿਆ ਨਹੀਂ ਜਾ ਸਕਦਾ (ਗੁ.ਗ੍ਰੰ.937)


ਲੇਖਕ : ਸ.ਰ.ਬ. ਅਤੇ ਅਨੁ: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.