ਓਨੀਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਓਨੀਲ (1888–1953): ਨੋਬਲ ਇਨਾਮ ਵਿਜੇਤਾ ਓਨੀਲ, ਯੂਜੀਨ (O'neill, Eugene) ਇੱਕ ਮਸ਼ਹੂਰ ਨਾਟਕਕਾਰ ਸੀ। ਉਸ ਨੂੰ ਅਜੇ ਵੀ ਸਭ ਤੋਂ ਸ੍ਰੇਸ਼ਠ ਅਮਰੀਕੀ ਨਾਟਕਕਾਰ ਹੋਣ ਦਾ ਮਾਣ ਹਾਸਲ ਹੈ। ਉਸ ਨੂੰ ਬੀਓਂਡ ਦਾ ਹੋਰਾਈਜ਼ਨ (1918), ਐਨਾ ਕਰਿਸਟੀ (1920), ਸਟਰੇਂਜ ਇੰਟਰਲਿਊਡ (1926-27) ਅਤੇ ਲੌਂਗ ਡੇਜ਼ ਜਰਨੀ ਇਨਟੂ ਨਾਈਟ (1940-41) ਲਈ ਪੁਲਿਟਜ਼ਰ ਇਨਾਮਾਂ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹ ਇੱਕ ਅੰਤਰਮੁਖੀ ਕਿਸਮ ਦਾ ਨਾਟਕਕਾਰ ਸੀ ਜਿਸ ਦਾ ਆਪਣਾ ਜੀਵਨ ਦੁਖਾਂਤਿਕ ਸੀ।

     ਓਨੀਲ ਯੂਜੀਨ 16 ਅਕਤੂਬਰ 1888 ਨੂੰ ਨਿਊਯਾਰਕ ਸ਼ਹਿਰ ਵਿੱਚ ਬ੍ਰਾਡਵੇ ਦੇ ਇੱਕ ਹੋਟਲ ਵਿੱਚ ਪੈਦਾ ਹੋਇਆ। ਉਸ ਦਾ ਪਿਤਾ ਜੇਮਜ਼ ਓਨੀਲ ਉਨ੍ਹੀਵੀਂ ਸਦੀ ਦਾ ਇੱਕ ਐਕਟਰ ਸੀ। ਸ਼ਾਇਦ ਓਨੀਲ ਦੀ ਜ਼ਿੰਦਗੀ ਦਾ ਅਤਿ ਮਹੱਤਵਪੂਰਨ ਤੱਥ ਇਹ ਹੈ ਕਿ ਉਸ ਦੇ ਮਾਪਿਆਂ ਦੀ ਅਣਬਣ ਕਾਰਨ ਉਸ ਦੀ ਮਾਂ ਉਸ ਦੇ ਜਨਮ ਤੋਂ ਹੀ ਨਸ਼ਿਆਂ ਦੀ ਆਦੀ ਬਣ ਗਈ। ਇਹ ਉਸ ਦੀ ਆਤਮਾ ਲਈ ਬੜਾ ਡਰਾਉਣਾ ਪੱਖ ਸੀ। ਲੜਕਪਨ ਦੀ ਅਵਸਥਾ ਵਿੱਚ ਜਦੋਂ ਉਸ ਨੂੰ ਆਪਣੀ ਮਾਂ ਦੀ ਅਫ਼ੀਮ ਦੀ ਆਦਤ ਬਾਰੇ ਪਤਾ ਲੱਗਿਆ ਅਤੇ ਉਸ ਦੇ ਦੁਖਾਂਤ ਵਿੱਚ ਆਪਣੀ ਭੂਮਿਕਾ ਬਾਰੇ ਜਾਣਕਾਰੀ ਹੋਈ ਤਾਂ ਓਨੀਲ ਬਹੁਤ ਨਿਰਾਸ਼ ਹੋਇਆ। ਦੋਸ਼ੀ ਹੋਣ ਦੀ ਭਾਵਨਾ ਦੇ ਬੋਝ ਹੇਠ ਓਨੀਲ ਵਿਦਰੋਹੀ ਬਣ ਗਿਆ ਤੇ ਉਸ ਨੇ ਸਥਾਪਿਤ ਸਮਾਜਿਕ ਪ੍ਰਬੰਧ ਅਤੇ ਵਿਸ਼ੇਸ਼ ਕਰ ਕੇ ਆਪਣੇ ਪਰਿਵਾਰ ਦੇ ਧਾਰਮਿਕ ਵਿਸ਼ਵਾਸਾਂ ਨੂੰ ਰੱਦ ਕਰ ਦਿੱਤਾ। ਪਰ ਧਾਰਮਿਕ ਸੁਭਾਅ ਹੋਣ ਕਰ ਕੇ ਉਸ ਨੂੰ ਹਮੇਸ਼ਾਂ ਧਰਮ ਤੋਂ ਆਪਣੀ ਬੇਮੁਖਤਾ ਦਾ ਫ਼ਿਕਰ ਲੱਗਾ ਰਹਿੰਦਾ ਸੀ। ਓਨੀਲ ਬਹੁਤ ਜਜ਼ਬਾਤੀ ਸੁਭਾਅ ਦਾ ਸੀ ਤੇ ਉਸ ਦੇ ਨਾਟਕਾਂ ਦਾ ਤੀਬਰ ਮਨੋਭਾਵਾਂ ਤੇ ਤਾਕਤ ਵਾਲਾ ਸ੍ਰੋਤ ਕਦੀ ਸਿਹਤਯਾਬੀ ਵਾਲਾ ਨਾ ਹੋਇਆ। ਉਸ ਦੇ ਕਈ ਨਾਟਕਾਂ ਵਿੱਚ ਲਗਪਗ ਉਸ ਦੀ ਆਪਣੀ ਸ਼ਖ਼ਸੀਅਤ ਦੇ ਰੂਪ ਵਿੱਚ ਹੀ ਨਾਇਕ ਰੂਹਾਨੀ ਤੌਰ ਤੇ ਆਪਣੇ ਨਾਲ ਜੰਗ ਕਰ ਰਿਹਾ ਦਿਖਾਈ ਦਿੰਦਾ ਹੈ।

    ਆਪਣੇ ਭਰਾ ਦੀ ਸਰਪ੍ਰਸਤੀ ਹੇਠ ਓਨੀਲ ਨੇ ਮੁਢਲੀ ਉਮਰ ਵਿੱਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਨਿਤਸ਼ੇ ਦੇ ਸ਼ਾਗਿਰਦ ਵਜੋਂ ਅਜਿਹੀ ਸਥਿਤੀ ਧਾਰਨ ਕਰਨ ਦੀ ਕੋਸ਼ਿਸ਼ ਕੀਤੀ ਜੋ ਨੇਕੀ ਜਾਂ ਬੁਰਾਈ ਤੋਂ ਮੁਕਤ ਸੀ। ਓਨੀਲ ਨੇ ਕੁਝ ਸਮਾਂ ਨਿਊ ਲੰਦਨ ਵਿੱਚ ਇੱਕ ਰਿਪੋਰਟਰ ਵਜੋਂ ਕੰਮ ਕੀਤਾ। ਪਰ ਇਸ ਸਮੇਂ ਦੌਰਾਨ ਉਸ ਦੀ ਸਿਹਤ ਖ਼ਰਾਬ ਹੋ ਗਈ ਤੇ ਉਸ ਨੂੰ 1912-13 ਵਿੱਚ ਟੀ.ਬੀ. ਦੇ ਵੱਖਰੇ ਹਸਪਤਾਲ ਵਿੱਚ ਛੇ ਮਹੀਨੇ ਬਿਤਾਉਣੇ ਪਏ। ਪਹਿਲਾਂ ਉਹ ਇੱਕ ਕਵੀ ਬਣਨਾ ਚਾਹੁੰਦਾ ਸੀ ਪਰ ਜਦੋਂ ਉਹ ਹਸਪਤਾਲ ਵਿੱਚ ਭਰਤੀ ਹੋਇਆ ਤਾਂ ਉਸ ਨੇ ਇੱਕ ਨਾਟਕਕਾਰ ਬਣਨ ਦਾ ਫ਼ੈਸਲਾ ਕੀਤਾ। 1916 ਵਿੱਚ ਜਾਰਜ ਪੀਅਰਸ ਬੇਕਰ ਨਾਲ ਹਾਰਡਵਰਡ ਵਿੱਚ ਇੱਕ ਸਾਲ ਅਧਿਐਨ ਉਪਰੰਤ ਉਸ ਦਾ ਇਕਾਂਗੀ ਨਾਟਕ ਬਾਊਂਡ ਈਸਟ ਫਾਰ ਕਾਰਡਿਫ ਪ੍ਰੋਵਿੰਸਟਾਊਨ ਦੇ ਅਦਾਕਾਰਾਂ ਦੁਆਰਾ ਕੇਪ ਕੋਡ ਵਿਖੇ ਪੇਸ਼ ਕੀਤਾ ਗਿਆ।

    ਉਸ ਦੀਆਂ ਉਤਕ੍ਰਿਸ਼ਟ ਰਚਨਾਵਾਂ ਯਥਾਰਥਵਾਦ ਨਾਲ ਅਰੰਭ ਹੋ ਕੇ ਨਿਰੰਤਰ ਨਵੀਆਂ ਦਿਸ਼ਾਵਾਂ ਵੱਲ ਜਾਂਦੀਆਂ ਹਨ। ਉਸ ਨੇ ਖ਼ੌਫ਼ਨਾਕ, ਪ੍ਰਗਟਾਓਵਾਦੀ ਨਾਟਕ, ਵੇਸ਼ਭੂਸ਼ਾ ਨਾਟਕ, ਬਾਈਬਲ ਦੀਆਂ ਕਥਾਵਾਂ ਸੰਬੰਧੀ ਬਹੁਕਾਰਜੀ ਤੇ ਬਹੁਵਿਸਤਾਰੀ ਨਾਟਕ, ਕਲਾਸੀਕਲ ਦੁਖਾਂਤ ਤੇ ਸੁਤੰਤਰ ਰੂਪਾਂਤਰ ਲਿਖੇ। ਉਸ ਨੇ 30 ਪੂਰੇ ਨਾਟਕ ਤੇ ਇੱਕ ਦਰਜਨ ਛੋਟੇ ਨਾਟਕ ਲਿਖੇ। ਉਹ ਇੱਕ ਲੇਖਕ ਵਜੋਂ ਸਥਾਪਿਤ ਹੋਣਾ ਚਾਹੁੰਦਾ ਸੀ ਪਰ ਦੂਜਿਆਂ ਉੱਤੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਪ੍ਰਭਾਵ ਨਹੀਂ ਪਾਉਣਾ ਚਾਹੁੰਦਾ ਸੀ। ਬਹੁਤ ਸਾਰੀਆਂ ਸ਼ੈਲੀਆਂ ਨੂੰ ਅਪਣਾਉਂਦੇ ਅਤੇ ਛੱਡਦੇ ਹੋਏ ਯਥਾਰਥਵਾਦ ਉਸ ਦਾ ਵਿਸ਼ੇਸ਼ ਗੁਣ ਸਾਬਤ ਹੋਇਆ। ਦਾ ਆਈਸਮੈਨ ਕਮਿਥ (1939), ਅਤੇ ਲੌਂਗ ਡੇਜ਼ ਜਰਨੀ ਇਨ ਟੂ ਨਾਈਟ, ਵਿੱਚ ਉਸ ਨੇ ਆਪਣੇ ਹੀ ਪਰਿਵਾਰ ਦੀ ਦਿਲ ਨੂੰ ਵਲੂੰਧਰ ਦੇਣ ਵਾਲੀ ਤਸਵੀਰ ਦਿਖਾਈ। ਓਨੀਲ ਦੀਆਂ ਰਚਨਾਵਾਂ ਵਿੱਚ ਇਨਸਾਨ ਦਾ ਇਹ ਮਹਿਸੂਸ ਕਰਨਾ ਕਿ ਉਹ ਗ਼ਾਫ਼ਲ ਬ੍ਰਹਿਮੰਡ ਵਿੱਚ ਗੁੰਮ ਹੋ ਗਿਆ ਹੈ, ਉਸ ਦਾ ਕਿਸੇ ਵਿੱਚ ਵਿਸ਼ਵਾਸ ਨਾ ਹੋਣਾ, ਕੁਦਰਤ ਨਾਲੋਂ ਉਸ ਦੀ ਅਲਹਿਦਗੀ, ਇਸਤਰੀ- ਪੁਰਸ਼ ਵਿੱਚ ਪਰਸਪਰ ਵਿਰੋਧਤਾ, ਦੁਬਿਧਾ-ਪੂਰਨ ਪਰਿਵਾਰਿਕ ਸੰਬੰਧ, ਰੂਹਾਨੀ ਅਤੇ ਪਦਾਰਥਿਕ ਟੀਚਿਆਂ ਵਿੱਚ ਨਾ ਖ਼ਤਮ ਹੋਣ ਵਾਲਾ ਸੰਘਰਸ਼ ਭਰਪੂਰ ਮਾਤਰਾ ਵਿੱਚ ਮਿਲਦੇ ਹਨ। ਅਮਰੀਕਨ ਥੀਏਟਰ ਵਿੱਚ ਓਨੀਲ ਅਜਿਹੇ ਵਿਸ਼ਿਆਂ ਤੇ ਲਿਖਣ ਵਾਲਾ ਸਭ ਤੋਂ ਪਹਿਲਾ ਲੇਖਕ ਸੀ।

    ਪੁਲਿਟਜ਼ਰ ਨਾਟਕਾਂ ਤੇ ਦਾ ਆਈਸਮੈਨ ਕਮਿਥ ਤੋਂ ਇਲਾਵਾ ਦਾ ਐਂਪਰਰ ਜੋਨਜ਼ (1920), ਦਾ ਹੇਅਰੀ ਏਪ (1921), ਡਿਜ਼ਾਇਰ ਅੰਡਰ ਦਾ ਐਲਮਜ਼ (1924), ਦਾ ਗਰੇਟ ਗੌਡ ਬਰਾਊਨ (1925), ਮੋਰਨਿੰਗ ਬਿਕਮਜ਼ ਇਲੈਕਟਰਾ (1929-31), ਮੂਨ ਫ਼ਾਰ ਦਾ ਮਿਸਬੀਗੋਟਨ (1941-43), ਤੇ ਏ ਟੱਚ ਆਫ਼ ਦਾ ਪੋਇਟ (1935-42), ਉਸ ਦੇ ਮਸ਼ਹੂਰ ਨਾਟਕਾਂ ਵਿੱਚ ਗਿਣੇ ਜਾਂਦੇ ਹਨ। ਓਨੀਲ ਨੇ ਨਾ ਕੇਵਲ ਸਾਹਿਤਿਕ ਤੇ ਥੀਏਟਰ ਦੀਆਂ ਸਮੱਸਿਆਵਾਂ ਨਾਲ ਸੰਘਰਸ਼ ਕੀਤਾ ਸਗੋਂ ਨਾ ਹੱਲ ਹੋਣ ਵਾਲੇ ਆਪਣੇ ਨਿੱਜੀ ਮਾਮਲਿਆਂ ਨਾਲ ਜੱਦੋ-ਜਹਿਦ ਕੀਤੀ। ਦਰਅਸਲ ਉਸ ਵਿੱਚ ਅਨੇਕਾਂ ਵਿਰੋਧਾਭਾਸ ਸਨ ਤੇ ਉਸ ਦੇ ਜੀਵਨ ਵਿੱਚ ਵੀ ਤਕਰਾਰ ਸਨ। ਉਸ ਦਾ ਮੁੱਖ ਉਦੇਸ਼ ਨਾ ਹੀ ਪ੍ਰਸਿੱਧੀ ਹਾਸਲ ਕਰਨਾ ਸੀ ਤੇ ਨਾ ਹੀ ਸਾਹਿਤਿਕ ਤੌਰ ਤੇ ਅਮਰ ਹੋਣਾ ਸਗੋਂ ਉਹ ਕੇਵਲ ਆਪਣੀ ਮੁਕਤੀ ਦਾ ਇੱਛਾਵਾਨ ਸੀ।

    ਉਸ ਨੇ ਦਾ ਗਰੇਟ ਗੌਡ ਬਰਾਊਨ, ਨਾਂ ਦੇ ਅਜੀਬ ਅਤੇ ਅਨੋਖੇ ਨਾਟਕ ਨਾਲ ਸ਼ੁਰੂਆਤ ਕੀਤੀ। ਇਸ ਨਾਟਕ ਵਿੱਚ ਪਾਤਰ ਨਿਰੰਤਰ ਮਖੌਟੇ ਪਹਿਨਦੇ ਤੇ ਉਤਾਰਦੇ ਹਨ ਤੇ ਇੱਕ ਅਕਾਂਖਿਆਵਾਨ ਰੁਝਾਨ ਦਾ ਪ੍ਰਗਟਾਵਾ ਹੁੰਦਾ ਹੈ। ਦਾ ਗ੍ਰੇਟ ਗੌਡ ਬਰਾਊਨ, ਲਜਾਰਸ ਲਾਫਡ, ਡਾਇਨਮੋ ਅਤੇ ਡੇਜ਼ ਵਿਦਾਊਟ ਏੱਨਡ ਵਿੱਚ ਪਰਮਾਤਮਾ ਤੇ ਮੌਤ ਵਰਗੇ ਵੱਡੇ ਰਹੱਸਾਂ ਨੂੰ ਵਿਚਾਰਿਆ ਗਿਆ ਹੈ। ਇਸੇ ਪ੍ਰਕਾਰ ਸਟਰੇਂਜ ਇੰਟਰਲਿਊਡ ਵਿੱਚ ਉਹ ਕੇਵਲ ਇੱਕ ਔਰਤ ਦੀ ਕਹਾਣੀ ਨਹੀਂ ਦੱਸਣੀ ਚਾਹੁੰਦਾ ਸਗੋਂ ਸਭ ਔਰਤਾਂ ਦੀ ਕਹਾਣੀ ਦੱਸਣੀ ਚਾਹੁੰਦਾ ਹੈ ਜੋ ਕਮਜ਼ੋਰ, ਤਾਕਤਵਰ, ਨਰਮ ਦਿਲ ਤੇ ਵਿਕਾਸਸ਼ੀਲ ਹਨ ਅਤੇ ਜੋ ਇੱਕ ਪੁੱਤਰੀ, ਪਤਨੀ, ਪਲੈਟੋਨਿਕ ਦੋਸਤ, ਰਖੇਲ ਤੇ ਮਾਂ ਦੀਆਂ ਵੱਖ-ਵੱਖ ਭੂਮਿਕਾਵਾਂ ਵਿੱਚ ਆਉਂਦੀਆਂ ਹਨ।

    ਮੋਰਨਿੰਗ ਬਿਕਮਜ਼ ਇਲੈਕਟਰਾ ਨਾਮੀ ਰਚਨਾ ਉਸ ਦੀ ਇੱਕ ਦੁਖਾਂਤ ਤਿਕੜੀ ਹੈ ਜੋ 13 ਐਕਟਾਂ ਵਿੱਚ ਹੈ। ਆਪਣੀਆਂ ਇਹਨਾਂ ਵਿਲੱਖਣ ਲਿਖਤਾਂ ਨਾਲ ਓਨੀਲ ਨੇ ਅਮਰੀਕਨ ਥੀਏਟਰ ਜਿਸ ਵਿੱਚ ਲੰਬੇ ਸਮੇਂ ਤੋਂ ਪਰਿਵਰਤਨ ਦੀ ਲੋੜ ਸੀ, ਨੂੰ ਅਗਵਾਈ ਦਿੱਤੀ ਤਾਂ ਕਿ ਉਹ ਵੀਹਵੀਂ ਸਦੀ ਵਿੱਚ ਪ੍ਰਵੇਸ਼ ਕਰ ਸਕੇ।

    ਓਨੀਲ ਦੀ ਤਿੰਨ ਵਾਰ ਸ਼ਾਦੀ ਹੋਈ। ਪਹਿਲੀ ਸ਼ਾਦੀ ਉਸ ਨੇ 1909 ਵਿੱਚ ਕੈਥਲੀਨ ਜੈਨਕਿਲ ਨਾਲ ਕੀਤੀ। 1918 ਵਿੱਚ ਉਸ ਨੇ ਐਗਨੀਜ਼ ਬਾਊਲਟਨ ਨਾਲ ਸ਼ਾਦੀ ਕੀਤੀ ਜੋ ਨਿੱਕੀ ਕਹਾਣੀ ਦੀ ਲੇਖਕਾ ਸੀ। ਦਸ ਸਾਲਾਂ ਬਾਅਦ ਉਸ ਨੇ ਇੱਕ ਅਦਾਕਾਰਾ ਕੈਰਲੋਟਾ ਮੋਂਟਰੀ ਨਾਲ ਸ਼ਾਦੀ ਕੀਤੀ। ਉਸ ਦੇ ਅਖੀਰਲੇ ਸਾਲ ਉਸ ਦੇ ਨਾਟਕਾਂ ਦੀ ਤਰ੍ਹਾਂ ਦੁਖਾਂਤ ਭਰਪੂਰ ਸਨ। 27 ਨਵੰਬਰ 1953 ਵਿੱਚ ਬੋਸਟਨ ਦੇ ਇੱਕ ਹੋਟਲ ਵਿੱਚ ਉਸ ਦੀ ਮੌਤ ਹੋ ਗਈ। ਉਸ ਦੇ ਅਖੀਰਲੇ ਸ਼ਬਦ, ‘ਜਨਮ ਵੀ ਹੋਟਲ ਦੇ ਇੱਕ ਸਰਾਪੇ ਹੋਏ ਕਮਰੇ ਵਿੱਚ ਤੇ ਮੌਤ ਵੀ ਹੋਟਲ ਦੇ ਹੀ ਇੱਕ ਕਮਰੇ ਵਿੱਚ` ਉਸ ਦੇ ਜੀਵਨ ਦਾ ਦੁਖਾਂਤ ਪ੍ਰਗਟਾਉਂਦੇ ਹਨ।


ਲੇਖਕ : ਰਵਿੰਦਰ ਪਵਾਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.