ਓਜ਼ੋਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ozone (ਅਉਜ਼ਅਉਨ) ਓਜ਼ੋਨ: ਆਕਸੀਜਨ ਦੀ ਆਲਓਟ੍ਰੋਪਿਕ (O3) ਬਣਤਰ ਹੈ ਜੋ ਸੂਰਜੀ ਮਾਰੂ ਕਿਰਨਾਂ (ultraviolet rays) ਦੁਆਰਾ ਹੋਂਦ ਵਿਚ ਆਉਂਦੀ ਹੈ। ਵਾਯੂ-ਮੰਡਲ ਵਿਚ 20 ਅਤੇ 25 ਕਿਲੋਮੀਟਰ ਵਿਚਕਾਰ ਬਹੁਤ ਹੀ ਮਹੀਨ ਮਾਤਰਾ ਵਿਚ ਪਾਈ ਜਾਂਦੀ ਹੈ। ਇਸ ਨੂੰ ਓਜ਼ੋਨਸਫਿਆਰ (Ozono-sphere) ਕਹਿੰਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਓਜ਼ੋਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਓਜ਼ੋਨ [ਨਾਂਇ] (ਵਿਗਿ) ਆਕਸੀਜਨ ਦਾ ਇੱਕ ਰੂਪ ਜਿਸ ਵਿੱਚ ਦੋ ਦੀ ਥਾਂ ਤਿੰਨ ਅਣੂ ਹੁੰਦੇ ਹਨ ਅਤੇ ਜਿਸਦੀ ਪਰਤ ਵਾਯੂ-ਮੰਡਲ ਵਿੱਚ ਸੂਰਜ ਤੋਂ ਆਉਣ ਵਾਲ਼ੀਆਂ ਪਰਾਵੈਂਗਣੀ ਕਿਰਨਾਂ ਨੂੰ ਰੋਕਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਓਜ਼ੋਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਓਜ਼ੋਨ : ਇਹ ਇਕ ਗੈਸ ਹੈ ਜੋ ਹਵਾ ਵਿਚ ਥੋੜ੍ਹੀ ਜਿਹੀ ਮਿਕਦਾਰ ਵਿਚ ਮਿਲਦੀ ਹੈ। ਆਮ ਤੌਰ ਤੇ ਸਮੁੰਦਰ ਦੇ ਨੇੜੇ ਤੇੜੇ ਦੇ ਇਲਾਕਿਆਂ ਵਾਲੀ ਹਵਾਂ ਵਿਚ ਇਹ ਖ਼ੁਸ਼ਕ ਇਲਾਕਿਆਂ ਦੀ ਹਵਾ ਨਾਲੋਂ ਕੁਝ ਵਧੇਰੇ ਹੁੰਦੀ ਹੈ, ਭਾਵੇਂ ਅਜਿਹਾ ਹਮੇਸ਼ਾ ਨਹੀਂ ਹੁੰਦਾ। ਆਮ ਤੌਰ ਤੇ ਧਰਤੀ ਤੋਂ ਉਚਾਈ ਤੇ ਇਸ ਦੀ ਮਿਕਦਾਰ ਵਧੇਰੇ ਹੁੰਦੀ ਜਾਂਦੀ ਹੈ। ਕਿਧਰੇ ਕਿਧਰੇ ਝਰਨਿਆਂ ਦੇ ਪਾਣੀ ਵਿਚ ਵੀ ਓਜ਼ੋਨ ਗੈਸ ਮਿਲੀ ਹੁੰਦੀ ਹੈ।

          ਐਮ. ਵਾਨ ਮਾਰਮ (M.Van Marum) ਨੇ 1785 ਵਿਚ ਪਤਾ ਲਾਇਆ ਕਿ ਬਿਜਲੀ ਨਾਲ ਚਲਦੀਆਂ ਮਸ਼ੀਨਾਂ ਦੇ ਆਲੇ–ਦੁਆਲੇ ਇਕ ਖ਼ਾਸ ਕਿਸਮ ਦੀ ਗੰਧ ਆਉਂਦੀ ਹੈ। ਇਸ ਤੋਂ ਪਿਛੋਂ ਡਬਲਿਊ ਕਰੁਕਸ਼ੈਂਕ ਨੇ ਅਨੁਭਵ ਕੀਤਾ ਕਿ ਤੇਜ਼ਾਬ ਰਲੇ ਪਾਣੀ ਦੇ ਬਿਜਲਈ ਵਿਸ਼ਲੇਸ਼ਣ ਸਮੇਂ ਐਨੋਡ ਦੇ ਨੇੜੇ ਵੀ ਲਗਭਗ ਅਜਿਹੀ ਹੀ ਗੰਧ ਹੁੰਦੀ ਹੈ। ਸੰਨ 1840 ਵਿਚ ਸੀ.ਐਫ. ਸ਼ੋਨਬੇਇਨ (C.F. Schonbein) ਨੇ ਦਸਿਆ ਕਿ ਇਹ ਗੰਧ ਇਕ ਨਿਸ਼ਚਿਤ ਚੀਜ ਦੇ ਬਣਨ ਕਾਰਨ ਪੈਦਾ ਹੁੰਦੀ ਹੈ। ਇਸ ਦਾ ਨਾਂ ਉਸ ਨੇ ਓਜ਼ੋਨ  ਰਖਿਆ ਜਿਸ ਦਾ ਅਰਥ ਸੁੰਘਣਾ ਹੈ। ਬਿਜਲੀ ਡਿਰਾਣ ਨਾਲ ਅਤੇ ਨਮੀਦਾਰ ਹਵਾ ਵਿਚ ਫਾੱਸ਼ਫ਼ੋਰਸ ਦੇ ਨੇੜੇ ਵੀ ਅਜਿਹੀ ਹੀ ਗੰਧ ਆਉਂਦੀ ਹੈ ਜੋ ਓਜ਼ੋਨ ਪੈਦਾ ਹੋਣ ਕਾਰਨ ਹੀ ਹੁੰਦੀ ਹੈ।

          ਉਪਰੋਕਤ ਕਿਰਿਆਵਾਂ ਦੀ ਸੂਰਤ ਵਿਚ ਆਕਸੀਜਨ ਦੇ ਮਿਲਣ ਨਾਲ ਓਜ਼ੋਨ ਪਰਾਪਤ ਹੁੰਦੀ ਹੈ (3O2=2O3)। ਓਜ਼ੋਨ ਦੀ ਤਿਆਰੀ ਵਿਚ ਬਿਜਲੀ ਦੀ ਲੋੜ ਪੈਂਦੀ ਹੈ। ਓਜ਼ੋਨ ਦੀ ਤਿਆਰੀ ਲਈ ਭੌਤਿਕ ਅਤੇ ਰਸਾਇਣਿਕ, ਦੋਵੇਂ ਪਰਕਾਰ ਦੀਆਂ ਵਿਧੀਆਂ ਵਰਤੀਆਂ ਜਾਂਦੀਆਂ ਹਨ।

          ਗਰਮੀ ਦਾ ਅਸਰ– ਓਜ਼ੋਨ ਆਪ ਤਾਪਮਾਨ ਤੇ ਬਹੁਤ ਹੱਦ ਤਕ ਸਥਾਈ ਰਹਿੰਦੀ ਹੈ ਪਰ ਗਰਮ ਕਰਨ ਨਲ ਜਾਂ ਬਹੁਤ ਦੇਰ ਤੱਕ ਰੱਖਣ ਨਾਲ ਆਕਸੀਜਨ ਵਿਚ ਬਦਲ ਜਾਂਦੀ ਹੈ। ਉਂਜ ਤਾ ਵਧੇਰੇ ਤਾਪਮਾਨ ਓਜ਼ੋਨ ਤਿਆਰ ਕਰਨ ਦੇ ਅਨੁਕੂਲ ਹੁੰਦੀ ਹੈ ਪਰ ਆਕਸੀਜਨ ਵਿਚ ਬਦਲਣ ਤੋਂ ਬਚਾਉਣ ਲਈ ਉਸਨੂੰ ਤੁਰੰਤ ਹੀ ਠੰਢਾ ਕਰਨਾ ਪੈਂਦਾ ਹੈ। ਗਰਮ ਪਲੈਟਿਨਮ ਦੀ ਤਾਰ ਨੂੰ ਤਰਲ ਹਵਾ ਵਿਚ ਡੋਬਣ ਨਾਲ ਵੀ ਕੁਝ ਓਜ਼ੋਨ ਪਰਾਪਤ ਹੁੰਦੀ ਹੈ।

          ਰੇਡੀਅਮ, ਪੋਲੋਨੀਅਮ ਆਦਿ ਤੋਂ ਉਤਪੰਨ ਐੱਲਫਾ ਕਿਰਨਾਂ (alpha rays) ਦੇ ਆਕਸੀਜਨ ਜਾਂ ਹਵਾ ਉਪਰ ਕਿਰਿਆ ਨਾਲ ਵੀ ਓਜ਼ੋਨ ਬਣਦੀ ਹੈ। ਇਸੇ ਤਰ੍ਹਾਂ ਵਾਇਲਿਟ ਕਿਰਨਾਂ ਵੀ ਓਜ਼ੋਨ ਬਣਾਉਣ ਲਈ ਲਾਭਦਾਇਕ ਹੁੰਦੀਆਂ ਹਨ।

          ਪਾਣੀ ਦੇ ਬਿਜਲਈ ਵਿਸ਼ਲੇਸ਼ਣ ਵੇਲੇ ਐਨੋਡ ਤੇ ਆਕਸੀਜਨ ਪਰਾਪਤ ਹੁੰਦੀ ਹੈ, ਜਿਸ ਵਿਚ ਥੋੜ੍ਹੀ ਜਿਹੀ ਮਾਤਰਾ ਓਜ਼ੋਨ ਦੀ ਵੀ ਹੁੰਦੀ ਹੈ। ਗੈਸਾਂ ਦੇ ਇਸ ਮਿਸ਼ਰਨ ਵਿਚਓਜ਼ੋਨ ਅਨੁਪਾਤ ਇਲੈੱਕਟ੍ਰੋਡ ਦੇ ਸਰੂਪ, ਇਲੈੱਕਟ੍ਰੋਲਾਈਟ (electrolyte) ਦੇ ਸਰੂਪ, ਕਰੰਟ ਦੀ ਮਿਕਦਾਰ ਆਦਿ ਕਈ ਗੱਲਾਂ ਤੇ ਨਿਰਭਰ ਹੁੰਦਾ ਹੈ। ਪਤਲੇ ਪਲੈਟਿਨਮ ਦੇ ਇਲੈੱਕਟ੍ਰੋਡ ਜਿਸ ਨੂੰ ਬਰਫ਼ ਅਤੇ ਲੂਣ ਦੇ ਮਿਸ਼ਰਨ ਨਾਲ ਠੰਢਾ ਰਖਿਆ ਜਾਂਦਾ ਹੈ, ਦੀ ਵਰਤੋਂ ਨਾਲ ਓਜ਼ੋਨ ਕਾਫ਼ੀ ਮਿਕਦਾਰ ਵਿਚ ਬਣਦੀ ਹੈ। ਇਸੇ ਤਰ੍ਹਾਂ ਕਾਫ਼ੀ ਵੋਲਟੇਜ ਦੀ ਬਿਜਲੀ ਨਾਲ ਪਤਲੇ ਸਲਫ਼ਿਊਰਿਕ ਐਸਿਡ ਦੇ ਬਿਜਲਈ ਵਿਸ਼ਲੇਸ਼ਣ ਕਰਨ ਤੇ ਵਧੇਰੇ ਓਜ਼ੋਨ ਮਿਲਦੀ ਹੈ।

          ਓਜ਼ੋਨ ਬਣਾਉਣ ਦਾ ਸੌਖਾ ਢੰਗ– ਆਕਸੀਕਨ ਗੈਸ ਵਿਚ ਸ਼ਾਂਤ ਬਿਜਲੱਈ ਡਿਸਚਾਰਜ ਲੰਘਾਉਣਾ ਹੈ। ਓਜ਼ੋਨ ਬਣਾਉਣ ਵਾਲੀ ਮਸ਼ੀਨ ਨੂੰ ਓਜ਼ੋਨਾਈਜ਼ਰ ਕਹਿੰਦੇ ਹਨ। ਸੀਮਨਜ਼ (Siemen's) ਜਾਂ ਬਰੋਡੀ (Brodie) ਓਜ਼ੋਨਾਈਜ਼ਰ ਪ੍ਰਸਿੱਧ ਹਨ। ਸੀਮਨਜ਼ ਓਜ਼ੋਨਾਈਜ਼ਰ ਸ਼ੀਸ਼ੇ ਦੀ ਦੂਹਰੀ ਨਲੀ ਹੁੰਦੀ ਹੈ, ਜਿਸ ਵਿਚੋਂ ਦੀ ਸ਼ੁੱਧ ਆਕਸੀਜਨ ਲੰਘਾਈ ਜਾਂਦੀ ਹੈ। ਇਸ ਦੂਹਰੀ ਨਲੀ ਦੇ ਅੰਦਰ ਅਤੇ ਬਾਹਰ ਕਲੱਈ (Tin) ਦੇ ਪੱਤਰੇ ਚੜ੍ਹੇ ਹੁੰਦੇ ਹਨ, ਜਿਨ੍ਹਾ ਨੂੰ ਪ੍ਰੇਰਨ ਕੁੰਡਲੀ (Inductioncoil) ਦੇ ਦੋਹਾਂ ਸਿਰਿਆਂ ਨਾਲ ਜੋੜਿਆ ਹੁੰਦਾ ਹੈ। ਇਸ ਤਰ੍ਹਾਂ ਜਦ ਆਕਸੀਜਨ ਵਿਚੋਂ ਦੀ ਸ਼ਾਂਤ ਬਿਜਲੱਈ ਡਿਸਚਾਰਜ ਲੰਘਦਾ ਹੈ ਤਾਂ ਆਕਸੀਜਨ ਦੀ ਕਾਫ਼ੀ ਮਾਤਰਾ ਓਜ਼ੋਨ ਵਿਚ ਤਬਦੀਲ ਹੋ ਜਾਂਦੀ ਹੈ। ਪਰ–ਸਲਫ਼ਿਊਰਿਕ ਐਸਿਡ (Per-Sulphuric Acid), ਪਰ–ਕਾਰਬਾਨਿਕ ਐਸਿਡ (Per-Carbonic acid), ਪਰ–ਸਲਫ਼ੇਟ (Per-sulphate) ਅਤੇ ਪਰ–ਬੋਰੇਟ (Per-borate) ਵੀ ਓਜ਼ੋਨ ਬਣਾਉਂਦੇ ਹਨ। ਫ਼ਲੋਰੀਨ ਗੈਸ (Fluorine gas) ਉੱਤੇ ਪਾਣੀ ਦੀ ਕਿਰਿਆ ਨਾਲ ਜਾਂ ਘਟ ਤਾਪਮਾਨ ਉੱਤੇ ਪਾਣੀ ਦੇ ਬਿਜਲੱਈ ਵਿਸ਼ਲੇਸ਼ਣ (electrolysis) ਰਾਹੀਂ ਆਕਸੀਜਨ ਦੇ ਨਾਲ ਨਾਲ ਓਜ਼ੋਨ ਵੀ ਪਰਾਪਤ ਹੁੰਦੀ ਹੈ। ਫ਼ਾੱਸਫੋਰਸ ਦੇ ਆਕਸੀਕਰਨ ਵੇਲੇ ਵੀ ਹਵਾ ਵਿਚ ਓਜ਼ੋਨ ਬਣਦੀ ਹੈ।

          ਸਾਧਾਰਨ ਤਾਪਮਾਨ ਤੇ ਓਜ਼ੋਨ ਗੈਸ ਹਲਕੇ ਨੀਲੇ ਰੰਗ ਦੀ ਹੁੰਦੀ ਹੈ ਅਤੇ ਹਵਾ ਵਿਚ ਬਹੁਤ ਘਟ ਮਿਕਦਾਰ ਵਿਚ ਹੁੰਦਿਆਂ ਹੋਇਆਂ ਵੀ ਇਹ ਆਪਣੀ ਖਾਸ ਕਿਸਮ ਦੀ ਗੰਧ ਕਰਕੇ ਪਛਾਣੀ ਜਾਂਦੀ ਹੈ। ਓਜ਼ੋਨ ਦੀ ਵਧੇਰੇ ਮਿਕਦਾਰ ਵਾਲੀ ਹਵਾ ਨੂੰ ਸੁੰਘਣ ਨਾਲ ਸਿਰ ਪੀੜ ਹੋਣ ਲਗ ਪੈਂਦੀ ਹੈ ਅਤੇ ਜੇ ਮਿਕਦਾਰ ਬਹੁਤ ਹੀ ਜ਼ਿਆਦਾ ਹੋਵੇ ਤਾਂ ਗੈਸ ਵਿਚ ਦੇਰ ਤਕ ਰਹਿਣ ਨਾਲ ਮੋਤ ਵੀ ਹੋ ਸਕਦੀ ਹੈ। ਓਜ਼ੋਨ ਗੈਸ ਦੀ ਘਣਤਾ 0° ਸੈਂ. ਅਤੇ 760 ਮਿਲੀਮੀਟਰ ਦਬਾਓ ਤੇ 2.144 ਗ੍ਰਾਮ ਪ੍ਰਤਿ ਲਿਟਰ ਹੈ। ਗੂੜ੍ਹੇ ਨੀਲੇ ਰੰਗ ਦੀ ਓਜ਼ੋਨ ਦੀ ਘਣਤਾ (–183° ਸੈਂ. ਤੇ) 1.71 ਗ੍ਰਾਮ ਪ੍ਰਤਿ ਸੈਂਟੀਮੀਟਰ ਹੈ। ਇਸ ਦਾ ਉਬਾਲ–ਦਰਜਾ –112° ਸੈਂ. ਅਤੇ ਪਿਘਲਾਉ ਦਰਜਾ –250° ਸੈਂ. ਹੈ।

          ਓਜ਼ੋਨ ਤਰਲ ਆਕਸੀਜਨ ਅਤੇ ਤਰਲ ਨਾਈਟ੍ਰੋਜਨ ਵਿਚ ਘੁਲ ਸਕਦੀ ਹੈ। ਪਾਣੀ ਵਿਚ ਇਸ ਗੈਸ ਦੀ ਬਹੁਤ ਥੋੜ੍ਹੀ ਮਿਕਦਾਰ ਘੁਲਦੀ ਹੈ। ਸਲਫ਼ਿਊਰਿਕ ਐਸਿਡ ਦੇ ਘੋਲ ਵਿਚ ਇਸ ਦੀ ਘੁਲਣ ਵਾਲੀ ਮਿਕਦਾਰ ਤੇਜ਼ਾਬ ਦੀ ਸ਼ਕਤੀ ਤੇ ਨਿਰਭਰ ਹੁੰਦੀ ਹੈ। ਕਈ ਕਿਸਮਾਂ ਦੇ ਤੇਲ ਜਿਵੇਂ ਤਾਰਪੀਨ ਦਾ ਤੇਲ, ਦਾਲਚੀਨੀ ਦਾ ਤੇਲ ਜਾਂ ਕੁਝ ਚਰਬੀਆਂ ਓਜ਼ੋਨ ਦੀ ਕਾਫ਼ੀ ਮਿਕਦਾਰ ਚੂਸ ਲੈਂਦੀਆਂ ਹਨ। ਐਸੀਟਿਕ ਐਸਿਡ, ਈਥਾਈਲ ਐਸੀਟੇਟ, ਕਲੋਰੋਫਾਰਮ ਅਤੇ ਕਾਰਬਨ ਟੈੱਟ੍ਰਾ–ਕਲੋਰਾਈਡ (carbon-tetra chloride) ਵਿਚ ਓਜ਼ੋਨ ਦਾ ਘੋਲ ਨੀਲੇ ਰੰਗ ਦਾ ਹੁੰਦਾ ਹੈ।

          ਸਾਧਾਰਨ ਤਾਪਮਾਨ ਤੇ ਓਜ਼ੋਨ ਹੌਲੀ ਹੌਲੀ ਅਪਘਟਿਤ ਹੋ ਜਾਂਦੀ ਹੈ ਗਰਮ ਕਰਨ ਨਾਲ ਜਾਂ ਬਹੁਤ ਸਾਰੀਆਂ ਚੀਜ਼ਾਂ (ਜਿਵੇਂ ਲੋਹਾ, ਚਾਂਦੀ, ਮੈਂਗਨੀਜ਼, ਸਿੱਕਾ, ਨਿਕਲ ਅਤੇ ਪਾਰੇ ਦੇ ਆਕਸਾਈਡ ਅਤੇ ਚਾਂਦੀ, ਪਲੈਟਿਨਮ ਆਦਿ ਧਾਤਾਂ) ਦੀ ਮੌਜੂਦਗੀ ਵਿਚ ਓਜ਼ੋਨ ਛੇਤੀ ਅਪਘਟਿਤ ਹੋ ਜਾਂਦੀ ਹੈ ਤੇ ਇਸ ਕਿਰਿਆ ਨਾਲ ਆਕਸੀਜਨ ਪਰਾਪਤ ਹੁੰਦੀ ਹੈ। ਵਧੇਰੇ ਤਾਪਮਾਨ ਤੇ ਅਪਘਟਨ ਤੇ ਅਪਘਟਨ ਨਾਲ ਥੋੜ੍ਹਾ ਚਾਨਣ ਵੀ ਨਿਕਲਦਾ ਹੈ। ਅਜਿਹਾ ਚਾਨਣ ਟੂਟੀ ਦੇ ਪਾਣੀ (tap water) ਜਾਂ ਅਲਕੋਹਲ ਬੈਨਜ਼ੀਨ ਆਦਿ ਕਾਰਬਨਿਕ ਯੋਗਿਕਾਂ ਵਿਚੋਂ ਦੀ ਓਜ਼ੋਨ ਅਤੇ ਆਕਸੀਜਨ ਦਾ ਗੈਸੀ ਮਿਸ਼ਰਨ ਲੰਘਾਉਣ ਨਾਲ ਵੀ ਵੇਖਣ ਵਿਚ ਆਉਂਦਾ ਹੈ।

          ਓਜ਼ੋਨ ਬਹੁਤ ਹੀ ਪ੍ਰਬਲ ਆੱਕਸੀਕਾਰਕ ਹੈ। ਇਹ ਪੋਟਾਸ਼ੀਅਮ ਆਇਓਡਾਈਡ ਤੋ ਆਇਓਡੀਨ ਨੂੰ ਵੱਖ ਕਰ ਦਿੰਦੀ ਹੈ। ਇਸੇ ਲਈ ਗਿੱਲੇ ਪੋਟਾਸ਼ੀਅਮ ਆਇਓਡਾਈਡ ਅਤੇ ਸਟਾਰਚ ਦੇ ਕਾਗ਼ਜ਼ ਦਾ ਰੰਗ ਓਜ਼ੌਨ ਵਿਚ ਨੀਲਾ ਹੋ ਜਾਂਦਾ ਹੈ। ਓਜ਼ੋਨ ਵਿਚ ਚਾਂਦੀ, ਤਾਂਬਾ, ਨਿਕਲ, ਕਲੱਈ, ਸਿੱਕਾ ਆਦਿ ਬਹੁਤ ਸਾਰੀਆਂ ਧਾਤਾਂ ਦਾ ਆਕਸੀਕਰਨ ਹੁੰਦਾ ਹੈ। ਕੁਝ ਕੁ ਹਾਲਤਾਂ ਵਿਚ ਤਾਂ ਵਧੇਰੇ ਗਰਮੀ ਦੀ ਲੋੜ ਪੈਂਦੀ ਹੈ ਪਰ ਕਈ ਹੋਰਨਾਂ ਵਿਚ ਇਹ ਕਿਰਿਆ ਸਹਿਜੇ ਹੀ ਹੋ ਜਾਂਦੀ ਹੈ। ਇਨ੍ਹਾਂ ਕਿਰਿਆਵਾਂ ਵਿਚ ਪਾਣੀ ਦੀ ਮੌਜੂਦਗੀ, ਭਾਵੇਂ ਥੋੜ੍ਹੀ ਮਿਕਦਾਰ ਵਿਚ ਹੀ ਹੋਵੇ, ਜ਼ਰੂਰੀ ਹੈ।

          ਓਜ਼ੋਨ ਨਾਲ ਪਾਰੇ ਦੇ ਗੁਣਾਂ ਵਿਚ ਬਹੁਤ ਤਬਦੀਲੀ ਆ ਜਾਂਦੀ ਹੈ ਅਤੇ ਇਹ ਸ਼ੀਸ਼ੇ ਨਾਲ ਚੰਬੜਨ ਲਗ ਪੈਂਦਾ ਹੈ। ਇਸ ਪਾਰੇ ਵਿਚ ਪਾਣੀ ਪਾਉਣ ਨਾਲ ਇਹ ਮੁੜ ਕੇ ਪਹਿਲੀ ਹਾਲਤ ਵਿਚ ਆ ਜਾਂਦਾ ਹੈ । ਓਜ਼ੋਨ ਰਾਹੀਂ ਬਹੁਤ ਸਾਰੇ ਲੂਣਾਂ ਦਾ ਵੀ ਆਕਸੀਕਰਨ ਹੁੰਦਾ ਹੈ; ਜਿਵੇਂ ਮਰਕਿਊਰਸ, ਫ਼ੈਰਸ ਅਤੇ ਸਟੈਨਸ ਕਲੋਰਾਈਡ ਦੇ ਘੋਲਾਂ ਵਿਚ ਓਜ਼ੋਨ ਦੇ ਅਮਲ ਨਾਲ ਕਰਮਵਾਰ ਮਰਕਿਊਰਸ ਫ਼ੈਰਿਕ ਅਤੇ ਸਟੈਨਿਕ ਕਲੋਰਾਈਡ ਪ੍ਰਾਪਤ ਹੁੰਦੇ ਹਨ। ਇਸੇ ਤਰ੍ਹਾਂ ਸਿੱਕੇ ਅਤੇ ਮੈਂਗਨੀਜ਼ ਤੋਂ ਵੀ ਉਨ੍ਹਾਂ ਦੇ ਆਕਸਾਈਡ ਪ੍ਰਾਪਤ ਹੁੰਦੇ ਹਨ। ਕਾਲੇ ਲੈੱਡ ਸਲਫ਼ਾਈਡ ਦਾ ਚਿੱਟਾ ਲੈੱਡਸਲਫ਼ੇਟ ਬਣ ਜਾਂਦਾ ਹੈ। ਸਲਫ਼ਰ ਡਾਈਆਕਸਾਈਡ ਅਤੇ ਕਾਰਬਨ ਮਾੱਨੋਆਕਸਾਈਡ ਤੋਂ ਕਰਮਵਾਰ ਸਲਫ਼ਰ ਟ੍ਰਾਈਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਗੈਸਾਂ ਪ੍ਰਾਪਤ ਹੁੰਦੀਆਂ ਹਨ।

          ਓਜ਼ੋਨ ਅਧਾਤੂਆਂ (non-metals) ਨਾਲ ਵੀ ਕਿਰਿਆ ਕਰਦੀ ਹੈ। ਆਇਓਡੀਨ ਤੋਂ ਆਇਓਡੀਨ ਦੇ ਉੱਚੇ ਆਕਸਾਈਡ ਅਤੇ ਫ਼ਾਰਫ਼ੋਰਸ ਤੋਂ ਫ਼ਾਸਫ਼ੋਰਸ ਪੈਂਟਾੱਕਸਾਈਡ ਬਣਦੇ ਹਨ। ਓਜ਼ੋਨ ਨਾਲ ਹਾਈਡਰੋਜਨ ਕਲੋਰਾਈਡ ਅਤੇ ਹਾਈਡੋਰਜਨ ਆਇਓਡਾਈਡ ਦਾ ਆਕਸੀਕਰਨ ਹੋ ਜਾਂਦਾ ਹੈ। ਓਜ਼ੋਨ ਦੀ ਕਿਰਿਆ ਨਾਲ ਬੇਰੀਅਮ ਪਰਆਕਸਾਈਡ ਅਤੇ ਹਾਈਡਰੋਜਨ–ਪਰਆਕਸਾਈਡ ਅਤੇ ਕਰਮਵਾਰ ਬੇਰੀਅਮ ਆਕਸਾਈਡ ਅਤੇ ਪਾਣੀ ਵਿਚ ਬਦਲ ਜਾਂਦੇ ਹਨ ਅਤੇ ਆਕਸੀਜਨ ਗੈਸ ਉਪਜਦੀ ਹੈ।

          ਰਬੜ ਅਤੇ ਬਹੁਤ ਸਾਰੇ ਕਾਰਬਨਿਕ ਯੋਗਿਕਾਂ ਤੇ ਵੀ ਓਜ਼ੋਨ ਦੀ ਕਿਰਿਆ ਹੁੰਦੀ ਹੈ। ਜੇ ਓਜ਼ੋਨ ਦੀ ਮਿਕਦਾਰ ਵਧੇਰੇ ਹੋਵੇ ਤਾਂ ਇਹ ਰਬੜ ਦੀ ਨਲੀ ਜਾਂ ਡਾਟ ਨੂੰ ਖਾ ਜਾਂਦੀ ਹੈ। ਓਜ਼ੋਨ ਦੀ ਕਿਰਿਆ ਰਾਹੀਂ ਮੀਥੇਨ (methane) ਤੋਂ ਫ਼ਾਰਐਲਡਿਹਾਈਡ (formaldehyde) ਅਤੇ ਫ਼ਾਰਮਿਕ ਐਸਿਡ (formic acid) ਬਣਦੇ ਹਨ। ਈਥਾਈਲ ਅਲਕੋਹਲ (ethyl alcohol) ਤੋਂ ਐਸਿਟ–ਐਲਡਿਹਾਈਡ (acetaldehyde) ਅਤੇ  ਐਸੀਟਿਕ ਐਸਿਡ ਬਣਦੇ ਹਨ। ਨਾਈਟ੍ਰੋਗਲਿਸਰਾਸ (nitroglyerol) ਅਤੇ ਨਾਈਟ੍ਰੋਜਨ ਕਲੋਰਾਈਡ ਓਜ਼ੋਨ ਆਦਿ ਨਾਲ ਵਿਸਫ਼ੋਟਕ ਬਣ ਜਾਂਦੇ ਹਨ। ਬਹੁਤ ਸਾਰੇ ਬਨਸਪਤੀ ਰੰਗ, ਜਿਹਾ ਕਿ ਨੀਲਾ ਅਤੇ ਲਾਲ ਓਜ਼ੋਨ ਤੇ ਮਿਲਣ ਨਾਲ ਨਸ਼ਟ ਹੋ ਜਾਂਦੇ ਹਨ।

          ਓਜ਼ੋਨ ਨਾਲ ਕੀਟਾਣੂਆਂ ਅਤੇ ਹੋਰ ਗੰਦੀਆਂ ਕਾਰਬਨਿਕ ਵਸਤਾਂ ਦਾ ਆਕਸੀਕਰਨ ਹੁੰਦਾ ਹੈ। ਇਸ ਲਈ ਪੀਣ ਵਾਲੇ ਪਾਣੀ ਨੂੰ ਸਾਫ਼ ਕਰਨ ਅਤੇ ਉਸ ਦੀ ਬਦਬੂ ਦੂਰ ਕਰਨ ਲਈ ਓਜ਼ੋਨ ਦੀ ਵਰਤੋਂ ਕੀਤੀ ਜਾਂਦੀ ਹੈ। ਕਾਗ਼ਜ਼, ਤੇਲ ਜਾਂ ਅਜਿਹੀਆਂ ਹੋਰ ਸਨੱਅਤੀ ਚੀਜ਼ਾਂ ਦਾ ਰੰਗ ਕੱਟਣ ਲਈ ਵੀ ਓਜ਼ੋਨ ਵਰਤੀ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.