ਕਥਾ-ਰੂੜ੍ਹੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਥਾ-ਰੂੜ੍ਹੀ : ਕਿਸੇ ਕਥਾ-ਕਹਾਣੀ ਦਾ ਨਿੱਕੇ ਤੋਂ ਨਿੱਕਾ ਉਹ ਇਕਾਈ ਤੱਤ ਜੋ ਆਪਣੇ-ਆਪ ਵਿੱਚ ਸੰਪੂਰਨ ਅਰਥ ਰੱਖਦਾ ਹੋਇਆ ਵੀ ਬਾਰ-ਬਾਰ ਦੁਹਰਾਏ ਜਾਣ ਕਾਰਨ ਬਹੁ-ਅਰਥਾਂ ਵਿੱਚ ਪਰਿਪੱਕ ਹੋ ਗਿਆ ਹੁੰਦਾ ਹੈ, ਕਥਾ-ਰੂੜ੍ਹੀ ਕਹਾਉਂਦਾ ਹੈ।

 

     ਪੰਜਾਬੀ ਰਹਿਤਲ ਨਾਲ ਜੁੜੀਆਂ ਕਈ ਕਥਾ-ਰੂੜ੍ਹੀਆਂ ਪ੍ਰਚਲਿਤ ਹਨ ਜੋ ਬਾਰ-ਬਾਰ ਦੁਹਰਾਏ ਜਾਣ ਕਾਰਨ ਪਰਿਪੱਕ ਹੋ ਗਈਆਂ। ਉਦਾਹਰਨ ਲਈ ਬਾਰਾਂ ਸਾਲ ਦੇ ਵਕਫ਼ੇ ਨੂੰ ਲਿਆ ਜਾ ਸਕਦਾ ਹੈ। ਜੋ ਇਹਨਾਂ ਕਹਾਣੀਆਂ ਵਿੱਚ ਇੱਕ ਰੂੜ੍ਹੀ ਵਜੋਂ ਬਿਰਤਾਂਤ ਦਾ ਹਿੱਸਾ ਬਣ ਗਿਆ ਹੋਇਆ ਹੈ। ਜਿਵੇਂ :

          -        ਰਾਂਝੇ ਨੇ ਹੀਰ ਘਰ ਬਾਰਾਂ ਸਾਲ ਮੱਝਾਂ ਚਾਰੀਆਂ।

          -        ਮਜਨੂੰ ਨੇ ਲੈਲਾ ਲਈ ਬਾਰਾਂ ਸਾਲ ਖੂਹ ਗੇੜਿਆ।

          -        ਫ਼ਰਹਾਦ ਨੇ ਸ਼ੀਰੀ ਲਈ ਬਾਰਾਂ ਸਾਲਾਂ ਵਿੱਚ ਪਹਾੜ ਤੋੜ ਕੇ ਮਹਿਲਾਂ ਨੇੜੇ ਨਹਿਰ ਲੈ ਕੇ ਆਂਦੀ।

          -        ਪੂਰਨ ਨੂੰ ਬਾਰਾਂ ਸਾਲ ਭੋਰੇ ਵਿੱਚ ਰੱਖਿਆ ਗਿਆ।

          -        ਬਾਰਾਂ ਕੋਹਾਂ `ਤੇ ਜਾ ਕੇ ਬੋਲੀ ਬਦਲ ਜਾਂਦੀ ਹੈ।

          -        ਬਾਰਾਂ ਦਰਾਂ ਵਾਲਾ ਬਾਗ਼ (ਬਾਰਾਂਦਰੀ) ਹੀ ਸੁੰਦਰ ਹੁੰਦਾ ਹੈ। ਇਤਿਆਦਿ...

     ਪਰ ਉਪਰੋਕਤ ਕਥਾਵਾਂ ਵਿੱਚ ਬਾਰਾਂ ਦਾ ਅੰਕ ਜੁੜ ਜਾਣਾ ਸੁਭਾਵਿਕ ਨਹੀਂ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਕਿਉਂਕਿ ਕੋਈ ਵੀ ਤੱਤ (ਕਿਸੇ ਵਿਸ਼ੇਸ਼ ਅਰਥਾਂ ਵਿੱਚ) ਬਾਰ-ਬਾਰ ਦੁਹਰਾਏ ਜਾਣ ਦੀ ਉੱਤਮਤਾ ਕਾਰਨ ਹੀ ਰੂੜ੍ਹੀ ਬਣਨ ਦੇ ਯੋਗ ਹੁੰਦਾ ਹੈ। ਬਾਰਾਂ ਦਾ ਅੰਕ ਵੀ ਚਿਰਕਾਲ ਤੋਂ ਜੀਵਨ ਦੇ ਕਈ ਪੱਖਾਂ ਵਿੱਚ ਰਚਿਆ ਮਿਲਦਾ ਹੈ। ਉਦਾਹਰਨ ਲਈ, ਪ੍ਰਾਸ਼ਰ ਸੰਹਿਤਾ ਗ੍ਰੰਥ ਦੇ ਤੀਜੇ ਅਧਿਆਇ ਅਨੁਸਾਰ, ਇੱਕ ਵਰ੍ਹੇ ਲਈ ਬਾਰਾਂ ਤਰ੍ਹਾਂ ਦੇ ਸੂਰਜ ਕਲਪੇ ਗਏ ਹਨ। ਦੇਸੀ, ਅੰਗਰੇਜ਼ੀ ਅਤੇ ਇਸਲਾਮੀ ਪੰਚਾਂਗ ਅਨੁਸਾਰ, ਸਾਲ ਦੇ ਬਾਰਾਂ ਹੀ ਮਹੀਨੇ ਹਨ। ਮਾਇਆ ਦੇ ਬਾਰਾਂ ਰੂਪ ਮੰਨੇ ਗਏ ਹਨ। ਇਸਤਰੀ ਦੀ ਸੁੰਦਰਤਾ ਲਈ ਬਾਰਾਂ ਅੰਗਾਂ ਵਿੱਚ ਹੀ ਗਹਿਣੇ ਪਾਉਣ ਦੀ ਰੀਤ ਹੈ। ਸੋਨੇ ਨੂੰ ਅਸਲ ਰੂਪ ਵਿੱਚ ਖਰਾ ਖੋਟਾ ਪਰਖਣ ਲਈ ਬਾਰਾਂ ਵੇਰੀਂ ਹੀ ਅੱਗ ਵਿੱਚ ਪਾਇਆ ਜਾਂਦਾ ਹੈ। ਬਾਰਾਂ ਹੀ ਰਾਸ਼ੀਆਂ ਹਨ। ਸ਼ਿਵ ਦੇ ਬਾਰਾਂ ਪ੍ਰਕਾਰ ਦੇ ਪੂਜਨੀਕ ਲਿੰਗ ਮੰਨੇ ਗਏ ਹਨ। ਸੂਰਜ ਦੀਆਂ ਬਾਰਾਂ ਤਰ੍ਹਾਂ ਦੀਆਂ ਹੀ ਕਿਰਨਾਂ ਮੰਨੀਆਂ ਗਈਆਂ ਹਨ। ਬਾਰਾਂ ਤਰ੍ਹਾਂ ਦੇ ਹੀ ਤਿਲਕ ਹਨ।

     ਅਜਿਹੇ ਕਥਾ-ਤੱਤ ਜਦੋਂ ਪਹਿਲੀ ਵਾਰ ਕਥਾ-ਕਹਾਣੀ ਵਿੱਚ ਕਿਸੇ ਰੂੜ੍ਹੀ ਦਾ ਹਿੱਸਾ ਬਣਦੇ ਹਨ ਤਾਂ ਇਹਨਾਂ ਦੇ ਅੰਤਰੀਵ ਵਿੱਚ ਇੱਕ ਸੱਚ ਅਤੇ ਸਦੀਵਤਾ ਅੰਤਰਨਿਹਿਤ ਹੁੰਦੀ ਹੈ। ਪਰ ਹਰ ਕਹਾਣੀ ਵਿੱਚ ਬਾਰ-ਬਾਰ ਦੁਹਰਾਏ ਜਾਣ ਤੇ ਇਹ ਆਪਣੀ ਹੋਂਦ ਅਤੇ ਜਲਾਲ ਗੁਆ ਲੈਣ ਕਾਰਨ ਕਿਸੇ ਕਲਪਿਤ ਰੂੜ੍ਹੀ ਦੇ ਰੂਪ ਵਿੱਚ ਪ੍ਰਚਲਿਤ ਹੋ ਜਾਂਦੇ ਹਨ।

     ਇਉਂ ਇਹ ਕਥਾ-ਰੂੜ੍ਹੀਆਂ ਵਿਚਲੇ ਤੱਤ ਕਿਸੇ ਬਿਰਤਾਂਤ ਵਿੱਚ ਦਿਲਚਸਪੀ ਤਾਂ ਪੈਦਾ ਕਰਦੇ ਹਨ ਪਰ ਸੱਚ ਨੂੰ ਪੂਰੀ ਤਰ੍ਹਾਂ ਉਜਾਗਰ ਨਹੀਂ ਕਰਦੇ। ਇਸ ਲਈ ਇਹਨਾਂ ਕਥਾ-ਰੂੜ੍ਹੀਆਂ ਦਾ ਅਨੋਖਾ ਅਤੇ ਅਲੌਕਿਕ ਹੋਣਾ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਅਲੌਕਿਕਤਾ ਵਿੱਚ ਮੁਰਗੀ ਸੋਨੇ ਦਾ ਆਂਡਾ ਦੇ ਸਕਦੀ ਹੈ। ਚਿੜੀ ਬੋਲ ਸਕਦੀ ਹੈ। ਜਲ ਮੁਰਦਾ ਜੀਵਤ ਹੋ ਸਕਦਾ ਹੈ। ਸਰਪ ਮੁੱਖ ਪੁਰ ਛਾਂ ਕਰ ਸਕਦਾ ਹੈ। ਖੜਾਵਾਂ ਉਡਾ ਕੇ ਲੈ ਜਾ ਸਕਦੀਆਂ ਹਨ ਅਤੇ ਕਿਸੇ ਸਾਧੂ ਮਹਾਤਮਾ ਤੋਂ ਮਿਲੀ ਵਸਤੂ ਪੁੱਤਰ ਦੀ ਦਾਤ ਬਖ਼ਸ਼ ਸਕਦੀ ਹੈ।

     ਉਪਰੋਕਤ ਦੀ ਪੁਸ਼ਟੀ ਹਿਤ, ਕਿਸੇ ਵੀ ਪਰੀ-ਕਥਾ ਨੂੰ ਵਿਚਾਰਿਆ ਜਾ ਸਕਦਾ ਹੈ। ਲਗਪਗ ਹਰ ਪਰੀ-ਕਥਾ ਵਿੱਚ ਪਰੀ ਕਿਸੇ ਦਿਓ ਦੀ ਕੈਦ ਵਿੱਚ ਰਹਿੰਦੀ ਹੈ। ਅਜਿਹੀ ਪਰੀ ਮਨੁੱਖ ਦੇ ਸੱਭਿਆਚਾਰਿਕ ਨੇਮਾਂ ਤੋਂ ਬਾਹਰਲੇ ਵਰਜਿਤ ਕਾਮ-ਸੰਬੰਧਾਂ ਨੂੰ ਭੋਗਣ ਦੀ ਰੂੜ੍ਹੀ ਵਿੱਚ ਬੱਝੀ ਹੋਵੇਗੀ ਜਦ ਕਿ ਦਿਓ ਸਮਾਜਿਕ ਨੇਮਾਂ `ਤੇ ਪਹਿਰਾ ਦੇਣ ਅਤੇ ਵਰਜਿਤ ਰੇਖਾ ਨੂੰ ਉਲੰਘਣ ਕਰਨ ਵਾਲੇ ਨਾਇਕ ਲਈ ਭੈਅ ਪੈਦਾ ਕਰਨ ਵਾਲੀ ਰੂੜ੍ਹੀ ਦਾ ਲਖਾਇਕ ਹੋਵੇਗਾ।

     ਪਰੀ-ਕਥਾ ਵਿੱਚ ਇੱਕ ਹੋਰ ਰੂੜ੍ਹੀ ਵੀ ਮਿਲਦੀ ਹੈ ਜੋ ਪਰੀ ਵੱਲੋਂ ਉਸ ਨੂੰ ਪ੍ਰਾਪਤ ਕਰਨ ਵਾਲੇ ਦੇ ਸਾਮ੍ਹਣੇ ਇੱਕ ‘ਸ਼ਰਤ` ਵਜੋਂ ਪੇਸ਼ ਹੁੰਦੀ ਹੈ। ਇਹ ਸ਼ਰਤ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ ਪਰ ਇਸ ਵਿੱਚ ਅੜ੍ਹਾਉਣੀ ਅਤੇ ਪਰੀਖਿਆ ਦੇ ਅੰਸ਼ ਰਲੇ ਹੋਏ ਹੁੰਦੇ ਹਨ। ਇਸ ਰੂੜ੍ਹੀ ਦੇ ਪ੍ਰਮੁੱਖ ਲੱਛਣ, ਸ਼ਰਤ ਜਿੱਤ ਜਾਣ `ਤੇ ਪਰੀ ਦੀ ਪ੍ਰਾਪਤੀ ਅਤੇ ਹਾਰ ਜਾਣ `ਤੇ ਮੌਤ ਹੋਣੀ ਲਾਜ਼ਮੀ ਹੁੰਦੀ ਹੈ।

     ਪਰੀ-ਕਥਾ ਦੀ ਇੱਕ ਹੋਰ ਪ੍ਰਸਿੱਧ ਰੂੜ੍ਹੀ ਪ੍ਰਾਣ ਪਰਿਵਰਤਨ ਹੈ। ਦਿਓ ਜਾਂ ਨਾਇਕ ਆਪਣੀ ਜਾਨ ਨੂੰ ਕਿਸੇ ਤੋਤੇ, ਮੱਖੀ ਜਾਂ ਕਿਸੇ ਚੇਤਨ ਅਚੇਤਨ ਵਸਤੂ ਵਿੱਚ ਬਦਲ/ਲੁਕਾ ਦਿੰਦੇ ਹਨ। ਜਦ ਤੱਕ ਉਹ ਵਸਤੂ ਕਾਇਮ ਰਹਿੰਦੀ ਹੈ, ਤਦ ਤੱਕ ਦਿਓ ਜਾਂ ਨਾਇਕ ਵੀ ਜੀਵਤ ਰਹਿੰਦਾ ਹੈ। ਵਸਤੂ ਨਸ਼ਟ ਹੋ ਜਾਣ ਦੀ ਸੂਰਤ ਵਿੱਚ ਦਿਓ ਜਾਂ ਨਾਇਕ ਵੀ ਮਰ ਜਾਵੇਗਾ। ਇਸ ਰੂੜ੍ਹੀ ਦਾ ਸਭ ਤੋਂ ਪ੍ਰਾਚੀਨਤਮ ਰੂਪ ਰਾਮਾਇਣ ਦੇ ਉਸ ਕਥਾਨਕ ਵਿੱਚ ਮਿਲਦਾ ਹੈ ਜਿਸ ਵਿੱਚ ਰਾਵਣ ਦੀ ਰੂਹ (ਜਾਨ) ਪੰਜ ਭੌਰਿਆਂ ਦੇ ਰੂਪ ਵਿੱਚ ਹਜ਼ਾਰ ਜੋਜਨ ਅੰਦਰ ਪਤਾਲ ਦੀ ਇੱਕ ਗੁਫ਼ਾ ਵਿਚਲੇ ਸੰਦੂਕ ਵਿੱਚ ਸੁਰੱਖਿਅਤ ਦੱਸੀ ਜਾਂਦੀ ਰਹੀ ਹੈ।

     ਇਵੇਂ ਹੀ ਕਿਸੇ ਲੋਕ-ਕਹਾਣੀ ਦੀ ਮੁੱਖ ਰੂੜ੍ਹੀ ਭਾਲ ਹੁੰਦੀ ਹੈ। ਭਾਲ ਨੂੰ ਲੋਕ-ਕਹਾਣੀ ਦਾ ਧੁਰਾ ਮੰਨਿਆ ਜਾਂਦਾ ਹੈ। ਇਹ ਭਾਲ ਸੋਨੇ ਦੀ ਬੁਲਬੁਲ, ਪਰੀ ਸ਼ਹਿਜ਼ਾਦੀ, ਰਾਜ-ਭਾਗ, ਦੈਂਤ ਦਾਨੂੰਆਂ `ਤੇ ਜਿੱਤ, ਖ਼ੁਸ਼ਹਾਲ ਜੀਵਨ ਦੀ ਤਲਾਸ਼ ਜਾਂ ਨਿਆਂ-ਅਨਿਆਂ ਬਾਰੇ ਸੰਘਰਸ਼ ਹੋ ਸਕਦਾ ਹੈ ਪਰ ਭਾਲ ਦੇ ਰੂਪ ਵਿੱਚ ਰੂੜ੍ਹੀ ਲਗਪਗ ਹਰ ਲੋਕ-ਕਹਾਣੀ ਵਿੱਚ ਮਿਲਦੀ ਹੈ।

     ਲੋਕ-ਕਹਾਣੀ ਵਿੱਚ ਕਰਾਮਾਤੀ ਵਿਧਾ ਦੀ ਰੂੜ੍ਹੀ ਵੀ ਮਿਲਦੀ ਹੈ। ਉਦਾਹਰਨ ਲਈ ਜਦੋਂ ਕਿਸੇ ਲੋਕ-ਕਹਾਣੀ ਦਾ ਨਾਇਕ ਮਨ-ਇੱਛਤ ਵਸਤੂ ਲਈ ਸੰਘਰਸ਼ ਕਰਦਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਕਠਨਾਈਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਫਿਰ ਅਚਾਨਕ ਕਿਸੇ ਕਰਾਮਾਤੀ ਸ਼ਕਤੀ ਦੀ ਸਹਾਇਤਾ ਨਾਲ ਉਹ ਮਨ-ਇੱਛਤ ਵਸਤੂ ਨੂੰ ਪ੍ਰਾਪਤ ਵੀ ਕਰ ਲੈਂਦਾ ਹੈ ਅਤੇ ਉਪਰੰਤ ਬਿਨਾਂ ਕਿਸੇ ਔਕੜ ਵਾਪਸ ਵੀ ਪਰਤ ਆਉਂਦਾ ਹੈ।

     ਇਵੇਂ ਹੀ ਨੀਤੀ-ਕਥਾ ਵਿੱਚ ਦੁਸ਼ਮਣ ਤਾਕਤਾਂ ਤੋਂ ਬਚਾਓ ਪ੍ਰਤਿ ਜਾਗਰੂਕ ਕਰਨ ਦੇ ਦਾਓ-ਪੇਚ ਦੀ ਰੂੜ੍ਹੀ ਸਿਰਜੀ ਗਈ ਹੁੰਦੀ ਹੈ।

     ਸੁਭਾਅ ਪੱਖੋਂ ਕਥਾ-ਰੂੜ੍ਹੀਆਂ ਕਈ ਪ੍ਰਕਾਰ ਦੀਆਂ ਹਨ। ਜਿਵੇਂ :

     ਸੰਸਾਰਿਕ : ਰੋਜ਼ਾਨਾ ਜੀਵਨ ਵਰਤਾਰੇ, ਕਾਰ- ਵਿਹਾਰ, ਰਿਸ਼ਤੇ-ਨਾਤਿਆਂ ਜਾਂ ਜਾਤੀ ਚਰਿੱਤਰਾਂ ਆਦਿ ਨਾਲ ਸੰਬੰਧਿਤ;

     ਵਿਸ਼ਵਾਸਪਰਕ : ਕਿਸੇ ਸਿਧ ਪੁਰਸ਼ ਤੋਂ ਮਿਲੀ ਵਸਤੂ ਦੁਆਰਾ ਪੁੱਤਰ ਪ੍ਰਾਪਤੀ ਜਾਂ ਵਰ ਆਦਿ ਮਿਲਣ ਨਾਲ ਸੰਬੰਧਿਤ;

     ਅਲੌਕਿਕ : ਜਿਵੇਂ ਅਨਾਰ ਵਿੱਚੋਂ ਪਰੀ ਦਾ ਨਿਕਲਣਾ, ਜਾਦੂ ਦਾ ਸੁਰਮਾ ਪਾ ਕੇ ਅਦ੍ਰਿਸ਼ਟ ਹੋ ਜਾਣਾ, ਲਿੰਗ ਪਰਿਵਰਤਨ ਜਾਂ ਪੰਛੀ ਵਿੱਚ ਜਾਨ ਹੋਣੀ, ਸਰਪ ਦੁਆਰਾ ਪੱਥਰ ਹੋਣਾ ਜਾਂ ਹੱਸਣ ਵੇਲੇ ਫੁੱਲ ਕਿਰਨੇ ਆਦਿ...।

     ਇਹ ਕਥਾ-ਰੂੜ੍ਹੀਆਂ ਇੱਕ ਤੋਂ ਦੂਜੇ ਦੇਸ਼, ਸੱਭਿਆਚਾਰ ਜਾਂ ਲੋਕ-ਸਾਹਿਤ ਵਿੱਚ ਨਾਂਵਾਂ ਥਾਂਵਾਂ ਦੇ ਫ਼ਰਕ ਨਾਲ ਇੱਕ ਦੂਜੀ ਨਾਲ ਰਲਦੀਆਂ-ਮਿਲਦੀਆਂ ਵੀ ਮਿਲਦੀਆਂ ਹਨ। ਉਦਾਹਰਨ ਲਈ ਜਨਮ-ਸਾਖੀ ਵਿੱਚ, ਸੁੱਤੇ ਪਏ ਗੁਰੂ ਨਾਨਕ ਦੇਵ ਦੇ ਮੁੱਖ ਤੇ ਧੁੱਪ ਆ ਜਾਣ ਕਾਰਨ ਸਰਪ ਦੁਆਰਾ ਆਪਣੀ ਫ਼ਨ ਫੈਲਾਅ ਕੇ ਛਾਂ ਕਰਨ ਦੀ ਅਲੌਕਿਕ ਕਥਾ-ਰੂੜ੍ਹੀ ਪ੍ਰਚਲਿਤ ਹੈ, ਜੋ ਬੋਧੀ ਕਥਾ ਪਰੰਪਰਾ ਦੇ ਉਸ ਬਿਰਤਾਂਤ ਨਾਲ ਮਿਲਦੀ-ਜੁਲਦੀ ਹੈ ਜਿਸ ਵਿੱਚ ਮਹਾਤਮਾ ਬੁੱਧ ਜਦੋਂ ਇੱਕ ਬ੍ਰਿਛ ਥੱਲੇ ਆਨੰਦੀ ਵਿਸਮਾਦ ਵਿੱਚ ਲੀਨ ਸਨ ਤਾਂ ਆਸੇ-ਪਾਸੇ ਤੋਂ ਉੱਠੇ ਘਨਘੋਰ ਮੀਂਹ ਤੋਂ ਰੱਖਿਆ ਲਈ ਸੱਪਾਂ ਦਾ ਰਾਜਾ ਮੁਚਕਿੰਦ ਫ਼ਨ ਫੈਲਾਅ ਕੇ ਮਹਾਤਮਾ ਬੁੱਧ ਦੇ ਮੁੱਖ `ਤੇ ਛੌਰਾ ਕਰਦਾ ਹੈ। ਇੱਥੇ ਹੀ ਬਸ ਨਹੀਂ ਬੁੱਧ ਜਦੋਂ ਅਤਿ ਦੀ ਧੁੱਪ ਵਿੱਚ ਭਿੱਖਿਆ ਮੰਗਣ ਲਈ ਬਾਹਰ ਨਿਕਲਦਾ ਤਾਂ ਅਸਮਾਨੀ ਬੱਦਲੀ ਦੁਆਰਾ ਬੁੱਧ ਦੇ ਸਿਰ `ਤੇ ਛਾਂ ਕਰਨ ਦੀ ਰੂੜ੍ਹੀ ਸਿਰਜੀ ਮਿਲਦੀ ਹੈ।

     ਪੂਰਨ ਅਤੇ ਲੂਣਾ ਦੀ ਪ੍ਰਸਿੱਧ ਕਥਾ-ਰੂੜ੍ਹੀ ਵਿੱਚ ਲੂਣਾ ਪੂਰਨ ਦੀ ਦੇਹ ਨੂੰ ਭੋਗਣ ਵਿੱਚ ਨਾਕਾਮ ਰਹਿਣ `ਤੇ ਉਸਦੇ ਹੱਥ ਪੈਰ ਕਟਵਾ ਦਿੰਦੀ ਹੈ। ਇਵੇਂ ਹੀ ਸਮਰਾਟ ਅਸ਼ੋਕ ਦੀ ਛੋਟੀ ਰਾਣੀ ਤਕਸ਼ਿਲਾ ਕੁਨਾਲ ਦੇ ਸੁੰਦਰ ਨੈਣ-ਨਕਸ਼ਾਂ `ਤੇ ਮੋਹਿਤ ਹੋ ਜਾਂਦੀ ਹੈ ਅਤੇ ਇੱਛਾ ਦੇ ਅਧੂਰੀ ਰਹਿ ਜਾਣ `ਤੇ ਕੁਨਾਲ ਦੀਆਂ ਅੱਖਾਂ ਕਢਵਾ ਦਿੰਦੀ ਹੈ।

     ਇਵੇਂ ਹੀ ਸੋਹਣੀ ਮਹੀਂਵਾਲ ਦੀ ਕਥਾ ਵਿੱਚ ਦਰਿਆ ਤੋਂ ਪਾਰ ਜਾ ਕੇ ਪ੍ਰੇਮਿਕਾ ਨੂੰ ਮਿਲਣ ਅਤੇ ਫਿਰ ਦੋਹਾਂ ਦੇ ਦਰਿਆ ਵਿੱਚ ਡੁੱਬ ਕੇ ਮਰਨ ਦੀ ਰੂੜ੍ਹੀ ਮਿਲਦੀ ਹੈ, ਜੋ ਮੂਲ ਰੂਪ ਵਿੱਚ ਇੱਕ ਯੂਨਾਨੀ ਪ੍ਰੀਤ ਕਥਾ-ਹੀਰੋ ਐਂਡ ਲੈਡੋਂ` ਦੀ ਹੈ। ਲੈਡੋਂ ਵੀ ਨਿੱਤ ਦਰਿਆ ਪਾਰ ਕਰ ਕੇ ਪ੍ਰੇਮਿਕਾ ਹੀਰੋ (ਦੇਵ ਮੰਦਿਰ ਦੀ ਮਹੰਤਣੀ) ਨੂੰ ਮਿਲਣ ਜਾਇਆ ਕਰਦਾ ਸੀ। ਹੀਰੋ ਲੈਡੋਂ ਦੇ ਮਾਰਗ ਦਰਸ਼ਨ ਲਈ ਕੰਢੇ ਉੱਤੇ ਦੀਵਾ ਜਗਾ ਕੇ ਰੱਖਦੀ ਸੀ। ਇੱਕ ਦਿਨ ਹੜ੍ਹ ਆ ਜਾਣ ਕਾਰਨ ਦੀਵਾ ਬੁਝ ਜਾਣ ਤੇ ਲੈਡੋਂ ਭਟਕ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤੇ ਹੀਰੋ ਵੀ ਦਰਿਆ ਵਿੱਚ ਛਾਲ ਮਾਰ ਦਿੰਦੀ ਹੈ।

     ਇਹਨਾਂ ਕਥਾ-ਰੂੜ੍ਹੀਆਂ ਵਿੱਚ ਇੱਕ ਹੋਰ ਪ੍ਰਸਿੱਧ ਰੂੜ੍ਹੀ ਹੱਸਣ ਅਤੇ ਰੋਣ ਦੀ ਰੂੜ੍ਹੀ ਹੈ, ਜਿਸਦੇ ਵੰਨਗੀ ਵਜੋਂ ਦੋ ਨਮੂਨੇ ਪੇਸ਼ ਹਨ :

     ਹਾਸ ਰੂੜ੍ਹੀ : ਇੱਕ ਆਦਮ ਖੋਰ ਸ਼ੇਰ ਨੂੰ ਆਦਮੀ ਦਾ ਮਾਸ ਮੂੰਹ ਲੱਗ ਗਿਆ। ਬੰਦੇ ਦੇ ਮਾਸ ਤੋਂ ਬਿਨਾਂ ਉਹਨੂੰ ਕੋਈ ਦੂਜਾ ਮਾਸ ਚੰਗਾ ਨਾ ਲੱਗਦਾ, ਸ਼ੇਰ ਨੂੰ ਕਈ ਦਿਨ ਕੋਈ ਬੰਦਾ ਨਾ ਮਿਲਿਆ ਤਾਂ ਉਹ ਭੁੱਖ ਨਾਲ ਤੜਪ ਉੱਠਿਆ। ਅਚਾਨਕ ਉਸ ਨੂੰ ਇੱਕ ਨਾਈ ਦਿਸਿਆ। ਸ਼ੇਰ ਨਾਈ ਤੇ ਝਪਟਣ ਹੀ ਵਾਲਾ ਸੀ ਕਿ ਨਾਈ ਦੀ ਨਜ਼ਰ ਸ਼ੇਰ ਤੇ ਪੈ ਗਈ। ਇਸ ਤੋਂ ਪਹਿਲਾਂ ਕਿ ਨਾਈ ਸ਼ੇਰ ਦੇ ਮੂੰਹ ਵਿੱਚ ਚਲਿਆ ਜਾਂਦਾ, ਸਾਮ੍ਹਣੇ ਮੌਤ ਖੜ੍ਹੀ ਵੇਖ ਕੇ ਨਾਈ ਜ਼ੋਰ ਨਾਲ ਹੱਸਣ ਲੱਗਿਆ। ਮੌਤ ਦੇ ਮੂੰਹ ਵਿੱਚ ਖਲੋਤੇ ਨਾਈ ਨੂੰ ਹੱਸਦਿਆਂ ਵੇਖ ਕੇ ਸ਼ੇਰ ਸੋਚੀਂ ਪੈ ਗਿਆ। ਹੈਰਾਨ ਹੋਇਆ, ਸ਼ੇਰ ਬੋਲਿਆ, “ਮੈਂ ਤੈਨੂੰ ਖਾਣ ਲੱਗਾ ਹਾਂ ਤੇ ਤੂੰ ਹੱਸ ਰਿਹਾ ਹੈਂ?"

     ਨਾਈ ਨੇ ਬੜੇ ਧੀਰਜ ਨਾਲ ਜਵਾਬ ਦਿੱਤਾ, “ਮੈਂ ਖ਼ੁਦ ਇੱਕ ਸ਼ੇਰ ਦੀ ਤਲਾਸ਼ ਵਿੱਚ ਸਾਂ, ਸਬੱਬ ਨਾਲ ਤੂੰ ਟੱਕਰ ਗਿਆ। ਅਸਲ ਵਿੱਚ ਇਸ ਸ਼ਹਿਰ ਦੇ ਬਾਦਸ਼ਾਹ ਦਾ ਲੜਕਾ ਬਿਮਾਰ ਹੈ। ਮੈਂ ਉਸ ਨੂੰ ਦੋ ਸ਼ੇਰਾਂ ਦੇ ਕਲੇਜੇ ਕੱਢ ਕੇ ਖੁਆਉਣਾ ਚਾਹੁੰਦਾ ਹਾਂ, ਤਾਂ ਕਿ ਮੈਂ ਉਹਦਾ ਇਲਾਜ ਕਰ ਸਕਾਂ। ਕਈ ਦਿਨਾਂ ਤੋਂ ਇੱਕ ਸ਼ੇਰ ਤਾਂ ਮੈਂ ਆਪਣੀ ਪੇਟੀ ਵਿੱਚ ਬੰਦ ਕਰ ਰੱਖਿਆ ਹੈ, ਬੱਸ ਤੇਰੇ ਮਿਲਣ ਦੀ ਕਸਰ ਬਾਕੀ ਸੀ।" ਇਹ ਕਹਿ ਕੇ ਨਾਈ ਨੇ ਆਪਣੀ ਪੇਟੀ ਵਿੱਚੋਂ ਸ਼ੀਸ਼ਾ ਕੱਢ ਕੇ ਸ਼ੇਰ ਦੇ ਅੱਗੇ ਕੀਤਾ। ਸ਼ੇਰ ਸ਼ੀਸ਼ੇ ਵਿੱਚ ਆਪਣੀ ਹੀ ਸ਼ਕਲ ਵੇਖ ਕੇ ਡਰ ਗਿਆ। ਇਉਂ ਨਾਜ਼ੁਕ ਘੜੀ ਵਿੱਚ ਨਾਈ ਦੇ ਧੀਰਜ ਅਤੇ ਹੌਸਲੇ ਨੇ ਉਸ ਦੀ ਜਾਨ ਬਚਾਈ।

     ਹਾਸ ਅਤੇ ਰੁਦਨ : ਇੱਕ ਸ਼ੇਰ ਨੇ ਮਹਾਤਮਾ ਦਿੱਸਣ ਦੀ ਚਾਲ ਖੇਡੀ, ਉਹ ਮੂੰਹ ਵਿੱਚ ਰਾਮ-ਰਾਮ ਕਰਦਾ ਤੁਰਦਾ ਅਤੇ ਕਿਸੇ ਵੱਲ ਉੱਚਾ ਨਾ ਦੇਖਦਾ। ਇੱਕ ਦਿਨ ਬਾਂਦਰ ਨੇ ਸ਼ੇਰ ਨੂੰ ਇਉਂ ਫੂਕ-ਫੂਕ ਕੇ ਕਦਮ ਰੱਖਣ ਦੀ ਲੋੜ ਦਾ ਕਾਰਨ ਪੁੱਛਿਆ। ਸ਼ੇਰ ਬੋਲਿਆ, “ਸਾਰੀ ਉਮਰ ਮੈਂ ਬਹੁਤ ਪਾਪ ਕੀਤੇ ਹਨ, ਹੁਣ ਮੈਂ ਪ੍ਰਾਸ਼ਚਿਤ ਕਰਨਾ ਚਾਹੁੰਦਾ ਹਾਂ। ਇਸ ਲਈ ਮੈਂ ਦੇਖ-ਦੇਖ ਕੇ ਜ਼ਮੀਨ ਤੇ ਪੈਰ ਧਰਦਾ ਹਾਂ ਤਾਂ ਕਿ ਕੀੜੇ-ਮਕੌੜੇ ਮੇਰੇ ਪੈਰਾਂ ਥੱਲੇ ਨਾ ਮਿੱਧੇ ਜਾਣ।" ਬਾਂਦਰ ਦੇ ਦਿਲ ਵਿੱਚ ਅਜਿਹੇ ਮਹਾਤਮਾ ਦੇ ਪੈਰੀਂ ਹੱਥ ਲਾਉਣ ਦੀ ਰੀਝ ਪੈਦਾ ਹੋਈ ਪਰ ਜਿਉਂ ਹੀ ਬਾਂਦਰ ਸ਼ੇਰ ਦੇ ਪੈਰ ਛੂਹਣ ਲੱਗਾ, ਸ਼ੇਰ ਨੇ ਝਪਟ ਕੇ ਮੂੰਹ ਵਿੱਚ ਪਾ ਲਿਆ।

     ਬਾਂਦਰ ਨੂੰ ਅਚਾਨਕ ਇੱਕ ਤਰਕੀਬ ਸੁੱਝੀ, ਉਹ ਠਹਾਕਾ ਮਾਰ ਕੇ ਹੱਸਣ ਲੱਗਾ। ਸ਼ੇਰ ਦੰਗ ਰਹਿ ਗਿਆ। ਉਸ ਨੇ ਪੁੱਛਿਆ, “ਕਿਉਂ ਬਈ, ਤੂੰ ਆਪਣੀ ਮੌਤ ਨੂੰ ਵੇਖ ਕੇ ਹੱਸਿਆ ਕਿਉਂ?" ਬਾਂਦਰ ਨੇ ਕਿਹਾ, “ਮਹਾਤਮਾ ਜੀ ਮੇਰਾ ਤਾਂ ਜੀਵਨ ਸਫਲ ਹੋ ਗਿਆ। ਕਿਉਂਕਿ ਬਿਲਕੁਲ ਏਸ ਘੜੀ ਹੱਸਣ ਵਾਲੇ ਨੂੰ ਸਿੱਧਾ ਸਵਰਗ ਮਿਲੇਗਾ। ਇਸ ਲਈ ਹੱਸ ਰਿਹਾ ਹਾਂ ਤੁਸੀਂ ਵੀ ਹੱਸੋ, ਤੁਹਾਨੂੰ ਵੀ ਸਵਰਗ ਮਿਲ ਸਕਦਾ ਹੈ।" ਸ਼ੇਰ ਬਿਨਾਂ ਵਿਚਾਰ ਕੀਤੇ ਉਸਦੀਆਂ ਗੱਲਾਂ ਵਿੱਚ ਆ ਗਿਆ ਅਤੇ ਹੱਸਣ ਲੱਗਾ। ਬਾਂਦਰ ਨੇ ਅੱਖ ਫਰਕਣ ਜਿੰਨੀ ਦੇਰ ਵੀ ਨਾ ਲਾਈ ਅਤੇ ਫਿਰ ਰੁੱਖ ਦੀ ਟਾਹਣੀ ਤੇ ਜਾ ਬੈਠਾ ਪਰ ਸ਼ੇਰ ਨੇ ਜਦੋਂ ਉਤਾਂਹ ਵੇਖਿਆ ਤਾਂ ਬਾਂਦਰ ਰੋ ਰਿਹਾ ਸੀ। ਸ਼ੇਰ ਨੇ ਕਿਹਾ, “ਬਈ ਜਦੋਂ ਤੈਨੂੰ ਰੋਣਾ ਚਾਹੀਦਾ ਸੀ ਓਦੋਂ ਤਾਂ ਤੂੰ ਹੱਸਿਆ, ਜਦੋਂ ਹੁਣ ਤੂੰ ਮੈਨੂੰ ਚਕਮਾ ਦੇ ਕੇ ਪ੍ਰਾਣ ਬਚਾ ਲਏ ਹਨ ਤਾਂ ਰੋ ਰਿਹਾ ਹੈਂ। ਇਹ ਉਲਟੀ ਗੱਲ ਕਿਉਂ?" ਬਾਂਦਰ ਬੋਲਿਆ, ਹੱਸਿਆ ਮੈਂ ਤੁਹਾਡੀ ਮੂਰਖਤਾ ਉੱਤੇ ਸੀ ਅਤੇ ਰੋ ਇਸ ਕਰ ਕੇ ਰਿਹਾ ਹਾਂ ਕਿ ਸੰਸਾਰ ਵਿੱਚ ਤੁਹਾਡੇ ਜਿਹੇ ਪਖੰਡੀ ਮਹਾਤਮਾ ਪੈਦਾ ਹੋ ਗਏ ਹਨ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.