ਕਮਲੇਸ਼ਵਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਮਲੇਸ਼ਵਰ (1932) : ਸਾਹਿਤ, ਪੱਤਰਕਾਰੀ ਅਤੇ ਮੀਡੀਆ ਵਿੱਚ ਬਰਾਬਰ ਦਾ ਦਖ਼ਲ ਰੱਖਣ ਵਾਲਾ ਕਮਲੇਸ਼ਵਰ ਹਿੰਦੀ ਦਾ ਚਰਚਿਤ ਰਚਨਾਕਾਰ ਹੈ। ਮੋਹਨ ਰਾਕੇਸ਼, ਰਾਜਿੰਦਰ ਯਾਦਵ ਅਤੇ ਕਮਲੇਸ਼ਵਰ ਦੀ ਤਿਕੜੀ ਨੇ ਕਦੇ, ਤਿੰਨ ਦਹਾਕੇ ਪਹਿਲਾਂ ‘ਨਈ ਕਹਾਣੀ’ ਅੰਦੋਲਨ ਨਾਲ ਧੂੰਮਾਂ ਪਾਈਆਂ ਸਨ। ਸਾਰਿਕਾ ਹਿੰਦੀ ਦੀ ਕਥਾ ਪ੍ਰਧਾਨ ਪੱਤ੍ਰਿਕਾ ਦੀ ਸੰਪਾਦਕੀ ਛੱਡ ਕੇ ਬੰਬਈ ਤੋਂ ਦਿੱਲੀ ਪਰਤਿਆ ਤਾਂ ਕਮਲੇਸ਼ਵਰ ਨੂੰ ਇਹ ਕਾਰਜ ਸੌਂਪਿਆ ਗਿਆ। ‘ਮੇਰੇ ਹਮਦਮ ਮੇਰੇ ਦੋਸਤ’ ਜਿਹੇ ਕਾਲਮਾਂ ਰਾਹੀਂ ਉਸ ਨੇ ਹਿੰਦੀ ਦੇ ਕਥਾ ਖੇਤਰ ਵਿੱਚ ਵਿਵਾਦ ਵੀ ਪੈਦਾ ਕੀਤਾ ਅਤੇ ਨਾਮਣਾ ਵੀ ਖੱਟਿਆ।

     ਜਨਵਰੀ 1932 ਵਿੱਚ ਮੈਨਪੁਰੀ (ਉੱਤਰ ਪ੍ਰਦੇਸ਼) ਵਿੱਚ ਪੈਦਾ ਹੋਇਆ ਕਮਲੇਸ਼ਵਰ ਵੀ ਬਹੁਤੇ ਲੇਖਕਾਂ ਵਾਂਗ ਸੰਘਰਸ਼ ਕਰਦਾ ਅੱਗੇ ਵਧਿਆ ਹੈ। ਉਸ ਦੀਆਂ ਕਿਰਤਾਂ ਹੀ ਬੋਲਦੀਆਂ, ਨਿਜੀ ਪਰੀਚੈ ਦਿੰਦੀਆਂ ਹਨ। ਕਿਤਨੇ ਪਾਕਿਸਤਾਨ ਉਸ ਦਾ ਚਰਚਿਤ ਨਾਵਲ ਹੈ ਜਿਸ ਨੂੰ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਪੁਰਸਕਾਰ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ ਗਿਆ। ਸਿਆਸੀ ਅਤੇ ਸਮਾਜਿਕ ਪੱਧਰ ਤੇ ਇਸ ਦੀਆਂ ਕਈ ਪਰਤਾਂ ਹਨ। ਕਿਤਨੇ ਪਾਕਿਸਤਾਨ, ਕਮਲੇਸ਼ਵਰ ਦਾ ਹੀ ਨਹੀਂ, ਹਿੰਦੀ ਨਾਵਲ ਦਾ ਵੀ ਇੱਕ ਮੀਲ ਪੱਥਰ ਹੈ।

     ਕਮਲੇਸ਼ਵਰ ਦੀ ਨਾਵਲ ਯਾਤਰਾ-ਏਕ ਸੜਕ ਸਤਾਵਨ ਗਲੀਆਂ, ਲੌਟੇ ਹੁਏ ਮੁਸਾਫ਼ਿਰ, ਸਮੁੰਦਰ ਮੇਂ ਖੋਇਆ ਹੂਆ ਆਦਮੀ ਤੋਂ ਸ਼ੁਰੂ ਹੋ ਕੇ ਕਾਲੀ ਆਂਧੀ, ਵਹੀ ਬਾਤ, ਆਗਾਮੀ ਅਤੀਤ, ਸਵੇਰ... ਦੁਪਹਿਰ... ਸ਼ਾਮ, ਰੇਗਿਸਤਾਨ ਰੇਗਿਸਤਾਨ, ਰਾਹੀਂ ਹੁੰਦੀ ਹੋਈ ਚੰਦਰਕਾਂਤਾ ਤੀਕ ਚਲੀ ਆਉਂਦੀ ਹੈ। ‘ਸਮੂਹਕ ਉਪਨਿਆਸ’ ਪੁਸਤਕ ਲੜੀ ’ਚ ਉਸ ਦੇ ਸਾਰੇ ਨਾਵਲ ਸੰਜੋਅ ਕੇ ਪੇਸ਼ ਕੀਤੇ ਗਏ ਹਨ।

     ਕਹਾਣੀ ਦੇ ਖੇਤਰ ਵਿੱਚ ਕਮਲੇਸ਼ਵਰ ਦੇ ਜਾਰਜ ਪੰਚਮ ਕੀ ਨਾਕ, ਮਾਂਸ ਕਾ ਦਰਿਆ ਤੋਂ ਸ਼ੁਰੂ ਕੀਤਾ ਸੀ। ਫੇਰ ਕਿਤਨੇ ਅੱਛੇ ਦਿਨ, ਕੋਹਰਾ, ਕਥਾ ਪ੍ਰਸਥਾਨ ਤੇ ਮੇਰੀ ਪ੍ਰਿਯ ਕਹਾਣੀਆਂ ਨਾਂ ਦੇ ਕਹਾਣੀ-ਸੰਗ੍ਰਹਿ ਵੀ ਛਪੇ।

     ਮੱਧ-ਵਰਗੀ ਸਮਾਜ, ਦੁਚਿੱਤੀ ’ਚ ਜਿਊਂਦੇ ਲੋਕ, ਪਰਿਵਾਰਿਕ ਮਾਨਵੀ ਟਕਰਾਅ ਉਸ ਦੀਆਂ ਕਹਾਣੀਆਂ ਦੇ ਮੁੱਖ ਵਿਸ਼ੇ ਹਨ। ਕਮਲੇਸ਼ਵਰ ਨੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਵੀ ਕਹਾਣੀਆਂ, ਨਾਵਲ, ਫ਼ਿਲਮਾਂ ਲਿਖੀਆਂ ਹਨ। ਨਈ ਕਹਾਣੀ ਕੀ ਭੂਮਿਕਾ ਵਿੱਚ ਸਿਧਾਂਤਿਕ ਪੱਖ ਤੋਂ ਕਹਾਣੀ ਨੂੰ ਆਲੋਚਨਾਤਮਿਕ ਪਸਾਰ ਦਿੱਤਾ ਗਿਆ ਹੈ ਅਤੇ ‘ਮੇਰਾ ਪੰਨਾ’ ਸੰਪਾਦਕੀ ਲੇਖਾਂ ਦਾ ਸੰਕਲਨ ਹੈ ਜੋ ਕਮਲੇਸ਼ਵਰ ਦੀ ਸੰਪਾਦਨਾ ’ਚ ਛਪਦੇ ਰਹੇ ਰਸਾਲਿਆਂ ਵਾਸਤੇ ਉਹ ਲਿਖਦਾ ਰਿਹਾ ਹੈ।

     ‘ਆਤਮਕਥਾ’ ਦੇ ਖੇਤਰ ਵਿੱਚ ਕਮਲੇਸ਼ਵਰ ਦੀਆਂ ਬਹੁਤੀਆਂ ਪੜ੍ਹੀਆਂ ਤੇ ਸਲਾਹੀਆਂ ਗਈਆਂ ਪੁਸਤਕਾਂ ਹਨ-ਜੋ ਮੈਨੇ ਜੀਆ, ਯਾਦੋਂ ਕੇ ਚਿਰਾਗ ਅਤੇ ਜਲਤੀ ਹੁਈ ਨਦੀ। ਇਹ ਸਿਲਸਿਲਾ ਅਜੇ ਵੀ ਅੱਗੇ ਜਾਰੀ ਹੈ। ਉਸ ਦੀ ਪਤਨੀ ਗਾਇਤਰੀ ਵੀ ਕਥਾਕਾਰ ਹੈ। ਉਸ ਨੂੰ ਲਿਖੇ, ਸਮੇਂ-ਸਮੇਂ ਭੇਜੇ ਗਏ ਪੱਤਰਾਂ ਦਾ ਸੰਕਲਨ ‘ਤੁਮਹਾਰਾ ਕਮਲੇਸ਼ਵਰ’ ਵੀ ਕਈ ਨਵੇਂ ਮੁੱਦੇ ਸਾਮ੍ਹਣੇ ਲਿਆਉਂਦਾ ਹੈ। ਆਤਮਕਥਾ ਵਾਲੀਆਂ ਪੁਸਤਕਾਂ ਅਤੇ ਪੱਤਰਾਂ ’ਚੋਂ ਝਾਕਦਾ ਕਮਲੇਸ਼ਵਰ ਅਸਲੋਂ ਇੱਕਪੁਖਤਾ ਇਨਸਾਨ, ਚਿੰਤਕ, ਪਰਿਵਰਤਨਕਾਰੀ ਵੀ ਜਾਪਦਾ ਹੈ।

     ਬੰਗਲਾ ਦੇਸ਼ ਯੁੱਧ ਅਤੇ ਆਂਧੀ ਫ਼ਿਲਮ ਦੀ ਡਾਇਰੀ ਰਾਹੀਂ ਕਮਲੇਸ਼ਵਰ ਦੇਸ਼ ਕਾਲ ਨੂੰ ਛੰਡਦਾ, ਨਿਤਾਰਦਾ ਨਜ਼ਰ ਆਉਂਦਾ ਹੈ। ਦੇਸ-ਦੇਸਾਂਤਰ ਦਾ ਸੱਚ ਅਨੁਭਵਾਂ ਦੀ ਉਹ ਪੋਟਲੀ ਹੈ ਜੋ ਭਾਵੇਂ ਹੁੰਦੀ ਤਾਂ ਹਰੇਕ ਲੇਖਕ ਪੱਲੇ ਹੋਵੇਗੀ ਪਰ ਇਸ ਨੂੰ ਇਸ ਤਰ੍ਹਾਂ ਖੋਲ੍ਹਣ `ਚ ਕਮਲੇਸ਼ਵਰ ਹੀ ਕਾਮਯਾਬ ਹੋਇਆ ਹੈ।

     ਕਸ਼ਮੀਰ : ਰਾਤ ਕੇ ਬਾਅਦ ਵਿੱਚ ਕਲਮਕਾਰ ਕਮਲੇਸ਼ਵਰ ਨੇ ਆਤੰਕਵਾਦੀ ਦੌਰ ਦਾ ਕਸ਼ਮੀਰ ਅਤੇ ਉਸ ਤੋਂ ਬਾਅਦ ਦੇ ਹਾਲਾਤ ਖੋਲ੍ਹੇ ਹਨ। ਪੰਜਾਬ ਦੇ ਹਿੰਦੀ ਅਖ਼ਬਾਰਾਂ ’ਚ ਇਸ ਦੀਆਂ ਕੜੀਆਂ ਛਪਦੀਆਂ ਰਹੀਆਂ ਹਨ। ਇੱਕ ਤਰ੍ਹਾਂ ਦੀ ਜੋਖਿਮ ਭਰੀ ਇਹ ਅੱਖੀਂ ਡਿੱਠੀ ਬਿਆਨੀ ਕਲਮਕਾਰ ਨੂੰ ਵਧੇਰੇ ਸੁਚੇਤ, ਜਾਗਰੂਕ ਕਥਾਕਾਰ ਕਰ ਕੇ ਦੱਸਦੀ ਹੈ। ਹਿੰਮਤ ਵਾਲੀ, ਸਾਹਸਪੂਰਨ ਦਾਸਤਾਨ ਤਾਂ ਇਹ ਹੈ ਹੀ।

     ਸਮਾਜਿਕ ਚੇਤਨਾ ਦੇ ਪੱਧਰ ਤੇ ਸੰਪਰਦਾਇਕ ਹਨ੍ਹੇਰੀਆਂ, ਦੰਗੇ-ਫਸਾਦ ਦੇਸ਼ ਲਈ ਲਾਹਨਤਾਂ ਹਨ। ਇਹਨਾਂ ਦਾ ਵੇਰਵਾ ਕਮਲੇਸ਼ਵਰ ਦੀਆਂ ਪੁਸਤਕਾਂ- ਘਟਨਾ ਕ੍ਰਮ, ਪਰਿਕ੍ਰਮਾ ਤੇ ਮਹਿਫਿਲ ਆਦਿ `ਚ ਮਿਲਦਾ ਹੈ। ਇਹ ਤਿੱਖੀਆਂ, ਬੇਬਾਕ ਟਿੱਪਣੀਆਂ ਨਸ਼ਤਰ ਦਾ ਕੰਮ ਕਰਦੀਆਂ ਹਨ ਅਤੇ ਮਲਹਮ ਪੱਟੀ ਦਾ ਵੀ।

     ਭਾਰਤੀ ਭਾਸ਼ਾਵਾਂ ਦੀਆਂ ਚੋਣਵੀਆਂ ਕਹਾਣੀਆਂ ਨੂੰ ਭਾਸ਼ਾ ਅਨੁਸਾਰ ਸੰਕਲਿਤ ਕਰ ਕੇ ਕਮਲੇਸ਼ਵਰ ਨੇ ਸ਼ਿਖਕ ਕਥਾ ਕੋਸ਼ 12 ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤਾ ਹੈ। ਇਹ ਅੰਦਾਜ਼ਨ 30 ਕੁ ਜਿਲਦਾਂ ’ਚ ਮੁਕੰਮਲ ਹੋ ਕੇ ਪ੍ਰਕਾਸ਼ ’ਚ ਆਵੇਗਾ। ਨਈ ਕਹਾਣੀਆਂ ਦੇ ਸੰਪਾਦਨ ਤੋਂ ਬਾਅਦ ਕਮਲੇਸ਼ਵਰ ਨੇ ਸਾਰਿਕਾ, ਕਥਾ ਯਾਤਰਾ, ਗੰਗਾ ਵਰਗੀਆਂ, ਕੋਈ ਅੱਧਾ ਦਰਜਨ ਪੱਤ੍ਰਿਕਾਵਾਂ ਲਈ ਸੰਪਾਦਕੀ ਨਿਭਾਈ ਹੈ। ਨਾਲ ਹੀ ਵੱਡੇ ਹਿੰਦੀ ਦੈਨਿਕ ਭਾਸਕਰ ਦੇ ਰਾਜਸਥਾਨ ਐਡੀਸ਼ਨ ਲਈ ਪ੍ਰਧਾਨ ਸੰਪਾਦਕ ਵਜੋਂ ਵੀ ਕੰਮ ਕੀਤਾ ਹੈ। ਦੂਰਦਰਸ਼ਨ ਕੇਂਦਰਾਂ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਰਹਿੰਦਿਆਂ ਉਸ ਨੇ ਨਵੇਂ ਦਿਸਹੱਦੇ ਟੈਲੀਵੀਜ਼ਨ ਲਈ ਖੋਲ੍ਹੇ ਤਾਂ ਕਮੇਂਟਰੀ ਕਰਦਿਆਂ, ਅੱਖੀਂ ਡਿੱਠਾ ਹਾਲ ਵੀ ਦੇਸ ਵਾਸੀਆਂ ਨੂੰ ਪ੍ਰਮੁੱਖ ਅਵਸਰਾਂ, ਕੌਮੀ ਦਿਹਾੜਿਆਂ ਤੇ ਦਿੱਤਾ। ਅੱਜ ਵੀ ਕਮਲੇਸ਼ਵਰ ਦਾ ਮੀਡੀਆ ਦੇ ਖੇਤਰ ਵਿੱਚ ਇੱਕ ਜ਼ੋਰਦਾਰ ਨਾਂ ਹੈ।

     ਇਲੈਕਟ੍ਰਾਨਿਕ ਮੀਡੀਆ ਦੇ ਖੇਤਰ ਵਿੱਚ ਕਮਲੇਸ਼ਵਰ ਨੇ ਕਸ਼ਮੀਰ, ਅਯੋਧਿਆ,ਜਿਹੇ ਵਿਸ਼ਿਆਂ ਤੇ ਬਣਾਏ ਵਰਿਤ ਚਿੱਤਰਾਂ ਤੋਂ ਇਲਾਵਾ ਦੂਰਦਰਸ਼ਨ ਲਈ ਬੰਦ ਫਾਇਲ ਅਤੇ ਜਲਤਾ ਸਵਾਲ ਜਿਹੇ ਸਕ੍ਰਿਪਟ ਲਿਖੇ ਅਤੇ ਫ਼ਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕੀਤਾ। ਇਹਨਾਂ ਦੇ ਸਮਾਜਿਕ ਸਰੋਕਾਰ ਮੂੰਹ ਬੋਲਦੇ ਹਨ। ਕਮਲੇਸ਼ਵਰ ਹੁਣ ਤੱਕ ਕਈ ਦਰਜਨ ਫ਼ਿਲਮਾਂ ਲਿਖ ਚੁੱਕਿਆ ਹੈ। ਭਾਰਤੀ ਦੂਰਦਰਸ਼ਨ ਸੀਰੀਜ਼ ਲਈ ਦਰਪਣ, ਚੰਦਰਕਾਂਤਾ, ਬੇਤਾਲ ਪਚੀਸੀ, ਵਿਰਾਟ ਯੁੱਗ ਤੋਂ ਇਲਾਵਾ ਉਸ ਨੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼-ਸੰਗ੍ਰਾਮ ਉੱਤੇ ਆਧਾਰਿਤ ਇਤਿਹਾਸਿਕ ਤੇ ਪਹਿਲੀ ਪ੍ਰਮਾਣਿਕ ਜਨ ਮੰਚੀ ਮੀਡੀਆ ਕਥਾ ਹਿੰਦੋਸਤਾਂ ਹਮਾਰਾ ਵੀ ਤਿਆਰ ਕੀਤੀ ਹੈ।

     ਨਾਵਲ, ਕਥਾ ਕਹਾਣੀ, ਡਾਇਰੀ, ਆਤਮਕਥਾ, ਸਿਨੇਮਾ, ਸੰਸਮਰਨ ਦੇ ਨਾਲ-ਨਾਲ ਹੋਰ ਕਈ ਮਾਧਿਅਮਾਂ ਰਾਹੀਂ ਖ਼ੁਦ ਨੂੰ ਅਭਿਵਿਅਕਤ ਕਰਦਾ ਕਮਲੇਸ਼ਵਰ ਅੱਜ ਊਰਜਾ ਦਾ ਸੋਮਾ ਹੈ, ਪ੍ਰੇਰਨਾ-ਸ੍ਰੋਤ ਹੈ ਤੇ ਸਫਲ ਸਾਹਿਤਕਾਰ ਹੈ। ਉਸ ਦਾ ਸਾਹਿਤ ਅਤੇ ਸਮਾਜ ਨੂੰ ਨਵਾਂ ਯੋਗਦਾਨ ਪੰਚਤੰਤਰ, ਚਾਰ ਦਰਵੇਸ਼, ਈਸਪ, ਬੀਰਬਲ ਆਦਿ ਦੀ ਪਰੰਪਰਾ ਵਿੱਚ ਅਜੋਕੇ ਰਾਜਸੀ-ਸਮਾਜਿਕ- ਆਰਥਿਕ ਮਾਹੌਲ ਉੱਤੇ ਸਿੱਧੀਆਂ ਟਿੱਪਣੀਆਂ ਹਨ। ਇਸ ਵਿੱਚ ਵੀ ਲੇਖਕ ਦੀ ਆਪਣੀ ਵਿਲੱਖਣ ਸ਼ੈਲੀ, ਤਾਜ਼ਗੀ ਅਤੇ ਤਿੱਖਾਪਨ ਸਭ ਕੁਝ ਮੌਜੂਦ ਹੈ।


ਲੇਖਕ : ਫੂਲਚੰਦ ਮਾਨਵ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.