ਕਮਿਊਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਮਿਊਨ : ਇਹ ਨਾਂ ਮੱਧਕਾਲੀ ਫਰਾਂਸ ਦੀਆਂ ਕੁਝ ਸੁਤੰਤਰ ਨਗਰ ਸਭਾਵਾਂ ਨੂੰ ਦਿਤਾ ਗਿਆ ਸੀ। ਇਸ ਸ਼ਬਦ ਦੀ ਵਰਤੋਂ 1793, 1794 ਅਤੇ 1871 ਸਮੇਂ ਦੀਆਂ ਪੈਰਿਸ ਦੀਆਂ ਇਨਕਲਾਬੀ ਸ਼ਹਿਰੀ ਸਰਕਾਰਾਂ ਲਈ ਵੀ ਵਿਸ਼ੇਸ਼ ਤੌਰ ਤੇ ਵਰਤਿਆ ਜਾਂਦਾ ਹੈ। ਰੋਮਨ ਸਲਤਨਤ ਦੇ ਅੰਤ ਪਿੱਛੋਂ ਵਪਾਰ ਅਤੇ ਵਣਜ ਦੇ ਸਮੁੱਚੇ ਖਾਤਮੇ ਦੌਰਾਨ ਪੈਰਿਸ, ਲੀਓਨ, ਅਤੇ ਕੋਲੋਨ ਆਦਿ ਕੁਝ ਪ੍ਰਸਿੱਧ ਸ਼ਹਿਰਾਂ ਨੂੰ ਛੱਡ ਕੇ ਜਿਥੇ ਕਿ ਸ਼ਹਿਰੀ ਵਸੋਂ ਅਸਥਿਰ ਸੀ, ਆਮ ਤੌਰ ਤੇ ਸ਼ਹਿਰੀ ਜੀਵਨ ਦਾ ਪਤਨ ਵੀ ਹੋਇਆ। 11 ਵੀਂ ਸਦੀ ਵਿਚ ਵਪਾਰ ਦੀ ਪੁਨਰ ਸੁਰਜੀਤੀ ਨੇ ਮੁੜ ਵਪਾਰਕ ਜਮਾਤਾਂ ਦੀ ਸਥਾਪਤੀ ਨੂੰ ਪ੍ਰੋਤਸਾਹਨ ਦਿਤਾ ਪਰ ਅਮੀਰੀ ਤਬਕੇ ਵਲੋਂ ਇਸਦਾ ਵਿਰੋਧ ਕੀਤਾ ਗਿਆ ਅਤੇ ਜਗੀਰਦਾਰ ਤੇ ਆਮ ਤਬਕੇ ਵਿਚ ਸੰਘਰਸ਼ ਹੋਣ ਲਗਾ। ਜਦੋਂ ਫਰਾਂਸੀਸੀ ਸ਼ਹਿਰਾਂ ਵਿਚ ਬਿਸ਼ਪਾਂ ਵਲੋਂ ਉਨ੍ਹਾਂ ਨੂੰ ਸਵੈ-ਪ੍ਰਬੰਧ ਦੇ ਅਧਿਕਾਰ ਦਿਤੇ ਗਏ ਤਾਂ ਇਹ ਆਪਣੇ ਆਪ ਵਿਚ ਕਮਿਊਨ ਕਹਾਏ। ਇਸਦੀ ਆਧੁਨਿਕ ਪਰਿਭਾਸ਼ਾ ਅਨੁਸਾਰ ਪੱਛਮੀ ਯੂਰਪ ਵਿਚ ਵਰਤਮਾਨ ਨਗਰਪਾਲਕਾ ਸੰਸਥਾਵਾਂ ਅਕਸਰ ਕਮਿਊਨ ਕਹਾਉਂਦੀਆਂ ਹਨ।

          ਸੰਨ 1791 ਦੇ ਫਰਾਂਸੀਸੀ ਸੰਵਿਧਾਨ ਵਿਚ ਲਗਭਗ ਚਾਲੀ ਹਜ਼ਾਰ ਮਿਊਂਸਪਲ ਯੂਨਿਟਾਂ ਸਨ ਜਿਨ੍ਹਾਂ ਨੂੰ ਆਪਣੇ ਮੇਅਰ ਅਤੇ ਹੋਰ ਅਧਿਕਾਰੀ ਚੁਣਨ ਦਾ ਅਧਿਕਾਰ ਸੀ। ਇਨਕਲਾਬੀ ਕਮਿਊਨਾਂ ਵਿਚੋਂ, ਪੈਰਿਸ ਦੀ ਕਮਿਊਨ ਵਧੇਰੇ ਪ੍ਰਸਿੱਧ ਸੀ। ਸੰਨ 1759 ਦੀਆਂ ਚੋਣਾਂ ਸਮੇਂ ਪੈਰਿਸ ਨੂੰ 60 ਭਾਗਾਂ ਵਿਚ ਵੰਡਿਆ ਗਿਆ ਸੀ ਪਰ ਪਿੱਛੋਂ 48 ਤਕ ਘਟਾ ਦਿਤੇ ਗਏ। ਹਰ ਭਾਗ ਆਪਣੀ ਵਿਧਾਨ ਸਭਾ, ਪੁਲਿਸ ਕਮਿਸ਼ਨਰ ਅਤੇ ਹੋਰ ਸਥਾਨਕ ਕਮੇਟੀਆਂ ਰਾਹੀਂ ਆਪਣੇ ਮਾਮਲੇ ਨਿਪਟਾਉਂਦੇ ਸਨ। ਉਨ੍ਹਾਂ ਨੇ 148 ਪ੍ਰਤਿਨਿਧਾਂ ਦੀ ਇਕ ਸੰਸਥਾ ਬਣਾਈ ਹੋਈ ਸੀ ਜੋ ਪੈਰਿਸ ਦੇ ਕਮਿਊਨ ਦਾ ਪ੍ਰਬੰਧ ਕਰਦੀ ਸੀ। ਰਾਜਤੰਤਰ ਨੂੰ ਖਤਮ ਕਰਨ ਵਿਚ ਇਨ੍ਹਾਂ ਕਮਿਊਨਾਂ ਦਾ ਵੱਡਾ ਹੱਥ ਸੀ। ਸੰਨ 1793 ਵਿਚ, ਤਾਨਾਸ਼ਾਹੀ ਦਾ ਖਾਤਮਾ ਕਰਕੇ ਪਹਿਲਾ ਫਰਾਂਸੀਸੀ ਗਣਤੰਤਰ ਰਾਜ ਸਥਾਪਤ ਕੀਤਾ ਗਿਆ ਸੀ। ਕਾਮਾ ਜਮਾਤ, ਜੋ ਆਰਥਕ ਮੰਦਵਾੜੇ ਦਾ ਸ਼ਿਕਾਰ ਸੀ, ਨੇ ਰਾਸ਼ਟਰੀ ਸਰਕਾਰ ਸਥਾਪਤ ਕਰਨ ਲਈ ਕਮਿਊਨ ਨੂੰ ਸਾਧਨ ਵਜੋਂ ਵਰਤਿਆ। ਪਰ 1794 ਈ. ਵਿਚ ਮੈਕਸੀਮਿਲੀਅਨ ਦੇ ਪਤਨ ਨਾਲ ਕਮਿਊਨ ਦਾ ਪ੍ਰਭਾਵ ਵੀ ਜਾਂਦਾ ਰਿਹਾ।

          ਸੰਨ 1870-71 ਦੀ ਫਰਾਂਸ––ਪਰੂਸ਼ੀਅਨ ਜੰਗ ਦੀ ਘੋਰ ਤਬਾਹੀ ਪਿੱਛੋਂ ਪੈਰਿਸ ਅਤੇ ਟੀਐਰ ਦੀਆਂ ਸਰਕਾਰਾਂ ਵਿਚ ਸ਼ੰਕੇ ਸ਼ੁਭੇ ਪੈਦਾ ਹੋ ਗਏ। ਪੈਰਿਸ ਵਿਚ ਤੋਪਖਾਨਾ ਹਟਾਉਣ ਦੇ ਮਸਲੇ ਨੂੰ ਲੈ ਕੇ ਨਿਮਨ ਵਰਗ ਵਿਚ ਪੁਰਾਣੀ ਇਨਕਲਾਬੀ ਭਾਵਨਾ ਭੜਕ ਉਠੀ, ਅਤੇ 1871 ਈ. ਵਿਚ ਚੋਣ ਪਿੱਛੋਂ ਪੈਰਿਸ ਦੀ ਕਮਿਊਨ ਸਥਾਪਤ ਹੋਈ। ਹੋਰ ਕਈ ਸ਼ਹਿਰਾਂ ਵਿਚ ਇਨਕਲਾਬੀ ਲਹਿਰ ਉਠੀ ਪਰ ਅਸਫਲ ਰਹੀ। ਕੈਦੀਆਂ ਨੂੰ ਰਿਹਾ ਕਰਨ ਦੇ ਮਸਲੇ ਨੂੰ ਲੈ ਕੇ ਝਗੜਾ ਖੜ੍ਹਾ ਹੋ ਗਿਆ ਅਤੇ ਖਾਨਾਜੰਗੀ ਸ਼ੁਰੂ ਹੋ ਗਈ। ਦੇਸ਼ ਵਿਚ ਜਨਤਾ ਅਮਨ ਚਾਹੁ਼ੰਦੀ ਸੀ ਪਰ ਕਮਿਊਨ ਆਪਣੀ ਇਨਕਲਾਬੀ ਭਾਵਨਾ ਨੂੰ ਪੁਨਰ ਸਰਜੀਤ ਕਰਨ ਵਿਚ ਵਡਿਆਈ ਸਮਝਦਾ ਸੀ। ਜ਼ਬਰਦਸਤ ਖੂਨ ਖਰਾਬੇ ਕਾਰਨ ਚੋਖੀ ਤਬਾਹੀ ਹੋਈ ਅਤੇ ਕਈ ਹਿੱਸੇ ਅੱਗ ਦੀ ਭੇਂਟ ਹੋ ਗਏ। ਕਮਿਊਨ ਦੀ 1871 ਈ. ਦੀ ਤਬਾਹੀ ਵਿਚ ਪੈਰਿਸ ਦੇ ਲਗਭਗ ਵੀਹ ਹਜ਼ਾਰ ਤੋਂ ਵੱਧ ਨਾਗਰਿਕ ਮਾਰੇ ਗਏ ਅਤੇ ਇਕ ਹਜ਼ਾਰ ਦੇ ਕਰੀਬ ਫ਼ੌਜੀ ਕਤਲ ਹੋਏ।

          ਹ. ਪੁ.––ਕੋਲ. ਐਨ. 5 : 378


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.