ਕਰਮ-ਕਾਂਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਮ-ਕਾਂਡ [ਨਾਂਪੁ] ਧਾਰਮਿਕ ਵਿਧੀ-ਵਿਧਾਨ ਅਨੁਸਾਰ ਕੀਤੇ ਜਾਣ ਵਾਲ਼ੇ ਕਾਰਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਮ-ਕਾਂਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਰਮ-ਕਾਂਡ: ਸਿੱਖ ਧਰਮ ਵਿਚ ਕਰਮ-ਕਾਂਡਾਂ ਬਾਰੇ ਵਿਰੋਧੀ ਸਵਰ ਮਿਲਦਾ ਹੈ। ‘ਕਰਮ ’ ਦਾ ਅਰਥ ਹੈ ਕ੍ਰਿਆ ਅਤੇ ‘ਕਾਂਡ’ ਦਾ ਅਰਥ ਹੈ ਹਿੱਸਾ ਜਾਂ ਭਾਗ। ਕਰਮ-ਕਾਂਡ ਦਾ ਮੂਲ ਸਰੋਕਾਰ ਵੈਦਿਕ ਧਰਮ ਨਾਲ ਹੈ। ਇਸ ਨੂੰ ਸ਼ਾਸਤ੍ਰਕਾਰਾਂ ਨੇ ਤਿੰਨ ਕਾਂਡਾਂ (ਹਿੱਸਿਆਂ) ਵਿਚ ਵੰਡਿਆ ਹੈ— ਗਿਆਨ-ਕਾਂਡ, ਉਪਾਸਨਾ- ਕਾਂਡ ਅਤੇ ਕਰਮ-ਕਾਂਡ। ਕਰਮ-ਕਾਂਡ ਦਾ ਮੂਲ ਰੂਪ ਵਿਚ ਸੰਬੰਧ ਮਨੁੱਖ ਦੇ ਹਰ ਪ੍ਰਕਾਰ ਦੇ ਕਰਮਾਂ ਨਾਲ ਹੈ ਜਿਸ ਵਿਚ ਧਾਰਮਿਕ ਕ੍ਰਿਆਵਾਂ ਵੀ ਸ਼ਾਮਲ ਹਨ। ਪਰ ਸਥੂਲ ਰੂਪ ਵਿਚ ਧਾਰਮਿਕ ਕ੍ਰਿਆਵਾਂ ਨੂੰ ਹੀ ਕਰਮ-ਕਾਂਡ ਕਿਹਾ ਜਾਂਦਾ ਹੈ। ਇਸ ਨਾਲ ਪੁਰੋਹਿਤ ਵਰਗ ਦਾ ਡੂੰਘਾ ਸੰਬੰਧ ਹੈ ਕਿਉਂਕਿ ਇਨ੍ਹਾਂ ਨੂੰ ਪੂਰਾ ਕਰਨ ਵਿਚ ਉਨ੍ਹਾਂ ਦਾ ਮੁੱਖ ਯੋਗਦਾਨ ਹੁੰਦਾ ਹੈ। ਕਰਮ-ਕਾਂਡ ਵਿਚ ਵਿਸ਼ੇਸ਼ ਰੂਪ ਵਿਚ ਦਸਿਆ ਗਿਆ ਹੈ ਕਿ ਕਿਹੜੇ ਕਰਮ ਕਰਨੇ ਠੀਕ ਹਨ ਅਤੇ ਕਿਹੜੇ ਵਰਜਿਤ ਹਨ; ਇਨ੍ਹਾਂ ਕਰਮਾਂ ਨੂੰ ਕਰਨ ਲਈ ਕਿਹੜਾ ਕਿਹੜਾ ਸਮਾਂ ਉਚਿਤ ਹੈ।

            ਮੱਧ-ਯੁਗ ਤਕ ਪਹੁੰਚਦਿਆਂ ਪਹੁੰਚਦਿਆਂ ਹੋਰ ਵੀ ਕਈਆਂ ਧਰਮਾਂ ਵਿਚ ਪ੍ਰਕਾਰਾਂਤਰ ਨਾਲ ਕਈ ਕਰਮ- ਕਾਂਡ ਪ੍ਰਚਲਿਤ ਹੋ ਗਏ। ਇਸ ਲਈ ਮੱਧ-ਯੁਗ ਦੇ ਕਾਵਿ- ਸਾਹਿਤ ਵਿਚ ਵਰਤੇ ਜਾਣ ਵਾਲੇ ਇਸ ਸ਼ਬਦ ਤੋਂ ਭਾਵ ਕਿਸੇ ਵਿਸ਼ੇਸ਼ ਧਰਮ ਦੀ ਕਰਮ-ਵਿਵਸਥਾ ਨਹੀਂ , ਸਗੋਂ ਸਾਧਨਾ ਸੰਬੰਧੀ ਉਨ੍ਹਾਂ ਬਾਹਰਲੀਆਂ ਕ੍ਰਿਆਵਾਂ ਤੋਂ ਹੈ ਜੋ ਹੌਲੀ ਹੌਲੀ ਧਰਮ ਦੇ ਵਾਸਤਵਿਕ ਸਰੂਪ ਨੂੰ ਪਰੇ ਹਟਾ ਕੇ ਆਪਣੀ ਪ੍ਰਧਾਨਤਾ ਸਥਾਪਿਤ ਕਰ ਲੈਂਦੀਆਂ ਹਨ। ਇਨ੍ਹਾਂ ਕ੍ਰਿਆਵਾਂ ਦਾ ਰੂੜ੍ਹ ਰੂਪ ਹੀ ਕਰਮ-ਕਾਂਡ ਹੈ, ਚਾਹੇ ਇਹ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨ ਹੋਣ ? ਇਨ੍ਹਾਂ ਨੂੰ ਪਰਿਣਾਮੀ-ਕਰਮ ਦੀ ਸ਼੍ਰੇਣੀ ਵਿਚ ਰਖਿਆ ਜਾ ਸਕਦਾ ਹੈ। ਫਲਸਰੂਪ, ਕਰਮ- ਕਾਂਡ ਤੋਂ ਭਾਵ ਹੈ ਹਰ ਧਰਮ ਦੇ ਉਹ ਕਰਮ ਜੋ ਸੱਚੀ ਅਤੇ ਨਿਸ਼ਕਾਮ ਪ੍ਰੇਮ-ਭਾਵਨਾ ਤੋਂ ਸਖਣੇ ਹੋਣ।

            ਮੱਧ-ਯੁਗ ਦੇ ਭਗਤੀ ਅੰਦੋਲਨ ਦੇ ਵਿਕਸਿਤ ਹੋਣ ਵਿਚ ਕਰਮ-ਕਾਂਡਾਂ ਦੀ ਨਿਸਾਰਤਾ ਅਤੇ ਲੋਕਾਂ ਨੂੰ ਵਾਸਤਵਿਕ ਮਾਰਗ ਤੋਂ ਹਟਾ ਕੇ ਕੁਰਾਹੇ ਪਾਉਣ ਦੀ ਬਿਰਤੀ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਇਸੇ ਲਈ ਇਨ੍ਹਾਂ ਕਰਮ-ਕਾਂਡਾਂ ਤੋਂ ਜਨਤਾ ਨੂੰ ਬੇਮੁਖ ਕਰਨ ਦੀ ਭਾਵਨਾ ਨਾਲ ਸੰਤਾਂ ਦੀਆਂ ਬਾਣੀਆਂ ਵਿਚ ਇਨ੍ਹਾਂ ਦੇ ਨਿਖੇਧ ਦੀ ਗੱਲ ਡਟ ਕੇ ਕਹੀ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਪਾਖੰਡ ਪੂਰਣ ਕਰਮ-ਕਾਂਡਾਂ ਜਾਂ ਬਾਹਰਲੇ ਧਾਰਮਿਕ ਆਚਾਰਾਂ ਦੀ ਨਿਸਾਰਤਾ ਉਤੇ ਵਿਸਤਾਰ ਨਾਲ ਪ੍ਰਕਾਸ਼ ਪਾਇਆ ਗਿਆ ਹੈ। ਪਰ ਅਜਿਹਾ ਕਰਨ ਵੇਲੇ ਕਿਸੇ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ, ਸਗੋਂ ਧਾਰਮਿਕ ਅਨੁਸ਼ਠਾਨਾਂ ਦੀ ਰੂੜ੍ਹੀਵਾਦਤਾ ਨੂੰ ਸਪੱਸ਼ਟ ਕੀਤਾ ਗਿਆ ਹੈ ਅਤੇ ਕਿਤੇ ਕਿਤੇ ਤਾਂ ਪਰੰਪਰਾਗਤ ਕਰਮ-ਕਾਂਡਾਂ ਦੇ ਭਾਵੀ- ਕ੍ਰਿਤ ਰੂਪ ਦਾ ਚਿਤ੍ਰਣ ਵੀ ਕੀਤਾ ਗਿਆ ਹੈ। ਪੁਰੋਹਿਤ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਨੇ ਕਿਹਾ ਹੈ— ਸੁਣਿ ਪੰਡਿਤ ਕਰਮਾਕਾਰੀ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ਪਾਖੰਡਿ ਮੈਲੁ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ (ਗੁ.ਗ੍ਰੰ.635)। ਅਸਲ ਵਿਚ, ਸੱਚੇ ਨਾਮ ਦੀ ਆਰਾਧਨਾ ਤੋਂ ਬਿਨਾ ਸਾਰੇ ਕਰਮ-ਕਾਂਡ ਹਉਮੈ ਦਾ ਪਸਾਰ ਮਾਤ੍ਰ ਹਨ— ਕਰਮ ਕਾਂਡ ਬਹੁ ਕਰਹਿ ਅਚਾਰ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ (ਗੁ.ਗ੍ਰੰ.162)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.