ਕਰੋਏਸ਼ੀਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰੋਏਸ਼ੀਆ (Croatia) : ਯੂਗੋਸਲਾਵੀਆ ਦਾ ਇਹ ਇਕ ਸੰਘੀ ਗਣਰਾਜ ਹੈ ਜਿਸ ਵਿਚ ਡੈਲਮੇਸ਼ੀਆ ਅਤੇ ਇਸਟ੍ਰੀਆ ਨਾਲ ਹੀ ਹੰਗਰੀ ਅਧੀਨ ਰਿਹਾ ਸਲਾਵੋਨੀਆ ਵਾਲਾ ਇਲਾਕਾ ਸ਼ਾਮਲ ਹੈ। ਇਹ ਕਮਾਨ ਦੀ ਸ਼ਕਲ ਵਿਚ ਡੈਨਿਊਬ, ਡ੍ਰਾਵਾ ਅਤੇ ਸਾਵਾ ਦਰਿਆਵਾਂ ਵਿਚਕਾਰਲੇ ਉਪਜਾਊ ਮੈਦਾਨਾਂ ਤੋਂ ਲੈ ਕੇ ਵੀਨਸ ਦੀ ਖਾੜੀ ਤੱਕ ਅਤੇ ਦੱਖਣ ਵਲ ਐਡਰਿਆਟਿਕ ਦੇ ਨਾਲ-ਨਾਲ ਮਾਨਟੈਨੀਗਰੋ ਤੱਕ ਫੈਲਿਆ ਹੋਇਆ ਹੈ। ਇਸ ਦੇ ਉੱਤਰ ਵੱਲ ਸਲੋਵੇਨੀਆ ਅਤੇ ਹੰਗਰੀ ਅਤੇ ਪੂਰਬ ਵਲ ਸਰਬੀਆ ਹਨ। ਇਸ ਗਣਰਾਜ ਦਾ ਕੁਲ ਖੇਤਰਫਲ 56,538 ਵ. ਕਿ. ਮੀ. ਅਤੇ ਆਬਾਦੀ 4,601,469 (1981) ਹੈ। ਜ਼ਾਗੈਰਬ ਇਸ ਦੀ ਰਾਜਧਾਨੀ ਹੈ ਅਤੇ ਰੀਜ਼ੈਕਾ ਇਸ ਦੀ ਪ੍ਰਮੁੱਖ ਬੰਦਰਗਾਹ ਹੈ।

          16ਵੀਂ ਸਦੀ ਵਿਚ ਕਰੋਟ ਲੋਕ ਵਾਈਟ ਕਰੋਏਸ਼ੀਆ ਤੋਂ ਹੇਠਲੇ ਡੈਨਿਊਬ ਘਾਟੀ ਵਿਚ ਆਏ ਅਤੇ ਪਨੋਨੀਆ ਤੇ ਡੈਲਮੈਸ਼ੀਆ ਦੇ ਸਾਬਕਾ ਰੋਮਨ ਪ੍ਰਾਤਾਂ ਵਿਚ ਆਬਾਦ ਹੋ ਗਏ। ਸੱਤਵੀਂ ਸਦੀ ਵਿਚ ਇਹ ਲੋਕ ਈਸਾਈ ਅਤੇ 1091 ਈ. ਵਿਚ ਹੰਗਰੀ ਦੇ ਲੈਡਿਸਲੈਸ ਪਹਿਲੇ ਨੇ ਇਸ ਨੂੰ ਜਿੱਤ ਲਿਆ ਅਤੇ ਇਹ ਖ਼ਾਨਦਾਨ ਅੱਠ ਸਦੀਆਂ ਰਾਜ ਕਰਦਾ ਰਿਹਾ।

          29 ਅਕਤੂਬਰ, 1918 ਨੂੰ ਕਰੋਏਸ਼ੀਅਨ ਵਿਧਾਨ ਸਭਾ ਨੇ ਆਸਟ੍ਰੀਆ ਅਤੇ ਹੰਗਰੀ ਨਾਲ ਸਾਰੀਆਂ ਸੰਧੀਆਂ ਤੋੜ ਦਿੱਤੀਆ ਅਤੇ ਆਜ਼ਾਦ ਕੋਰੋਏਸ਼ੀਆ ਦਾ ਐਲਾਨ ਕਰ ਦਿੱਤਾ ਜਿਹੜਾ ਰਾਜ ਦੇ ਦੱਖਣੀ ਸਲਾਵ ਇਲਾਕਿਆਂ ਨਾਲ ਇਕ ਸਟੇਟ ਯੂਨੀਅਨ ਵਿਚ ਸ਼ਾਮਲ ਹੋ ਗਿਆ ਜਿਸ ਦਾ ਰਾਜ ਪ੍ਰਬੰਧ ਨੈਸ਼ਨਲ ਕੌਂਸਲ ਕਰਦੀ ਸੀ। ਦੂਜੇ ਵਿਸ਼ਵ ਯੁੱਧ ਵਿਚ ਧੁਰੀ ਤਾਕਤਾਂ ਦੇ ਯੂਗੋਸਲਾਵੀਆ ਤੇ ਕਬਜ਼ਾ ਕਰਨ ਉਪਰੰਤ 10 ਅਪਰੈਲ 1941 ਨੂੰ ਜ਼ਾਗਰੈਬ ਵਿਚ ਕਰੋਏਸ਼ੀਆ ਦੇ ਆਜ਼ਾਦ ਰਾਜ ਦਾ ਐਲਾਨ ਕਰ ਦਿੱਤਾ ਅਤੇ ਚਾਰ ਦਿਨਾਂ ਬਾਅਦ ਜਰਮਨੀ ਅਤੇ ਇਟਲੀ ਨੇ ਇਸ ਨੂੰ ਮਾਨਤਾ ਦੇ ਦਿੱਤੀ। ਸਲਾਵੋਨੀਆ ਜੋ ਡੈਲਮੇਸ਼ੀਆ ਦਾ ਹਿੱਸਾ ਸੀ ਅਤੇ ਬੋਸਨੀਆ ਤੇ ਹਰਸਸੋਵੀਨਾ ਆਦਿ ਇਸ ਵਿਚ ਸ਼ਾਮਲ ਹੋ ਗਏ।

          ਇਹ ਨਵੀਂ ਸਟੇਟ ਐਂਟੀ ਪਾਵਿਲਿਕ (Ante Pavelic), ਜੋ ਫਾਸਿਸਟ ਟੈਰਰਰਿਸਟ ਆਰਗੇਨਾਈਜੇਸ਼ਨ ਉਸਤਸੇ ਦਾ ਮੁਖੀਆ ਸੀ, ਦੇ ਸਪੁਰਦ ਕਰ ਦਿੱਤੀ ਗਈ। ਇਸ ਨੇ ਜ਼ੁਲਮ ਅਤੇ ਜਹਾਲਤ ਦੇ ਢੰਗਾਂ ਵਾਲੀ ਤਾਨਾਸ਼ਾਹੀ ਨੂੰ ਜਨਮ ਦਿੱਤਾ। ਯੁੱਧ ਸਮੇਂ ਕਮਿਊਨਿਸਟ ਹਮਾਇਤੀਆਂ ਨੇ ਵੱਖ-ਵੱਖ ਇਲਾਕਿਆਂ ਵਿਚ ਸਥਾਨਕ ਕਮੇਟੀਆਂ ਸਥਾਪਤ ਕੀਤੀਆਂ ਅਤੇ ਕੌਮੀ ਆਜ਼ਾਦੀ ਲਈ ਇਕ ਕੌਂਸਲ ਬਣਾਈ। ਸੰਨ 1945 ਵਿਚ ਜ਼ਾਗਰੈਬ ਤੇ ਹਮਾਇਤੀਆਂ ਨੇ ਕਬਜ਼ਾ ਕਰ ਲਿਆ ਅਤੇ ਇਹ ਕੌਂਸਲ ਲੋਕਾਂ ਦੀ ਸਰਕਾਰ ਬਣ ਗਈ ਅਤੇ ਕਰੋਏਸ਼ੀਆ ਬਤੌਰ  ਲੋਕ ਗਣਰਾਜ ਦੇ ਯੂਗੋਸਲਾਵੀਆ ਨਾਲ ਮਿਲ ਗਿਆ।

          ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣਾ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਉਪਯੋਗ ਵੀ ਹਨ। ਮੱਛੀਆਂ ਫੜਨ ਦਾ ਕੰਮ ਵੀ ਕਾਫ਼ੀ ਹੁੰਦਾ ਹੈ। ਜਹਾਜ਼ਰਾਨੀ ਦਿਨ-ਬਦਿਨ ਤਰੱਕੀ ਕਰ ਰਹੀ ਹੈ।

          ਹ. ਪੁ.––ਐਨ. ਬ੍ਰਿ. ਮਾ. 3 : 248


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.