ਕਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਾ (ਨਾਂ,ਇ) ਹੁਨਰ; ਉਸਤਾਦੀ; ਕਾਰਾਗਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਾ [ਨਾਂਇ] ਹੁਨਰ, ਫ਼ਨ, ਆਰਟ; ਕਾਰੀਗਰੀ, ਕਰਾਮਾਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਾ. ਸੰਗ੍ਯਾ—ਕਲਹ. ਲੜਾਈ ਦੀ ਦੇਵੀ. “ਤਬੈ ਕਲਾ ਗੁਰੁ ਕੇ ਨਿਕਟਾਈ.” (ਗੁਵਿ ੬) ੨ ਝਗੜਾ. ਫ਼ਿਸਾਦ. ਕਲਹ। ੩ ਸੰ. ਅੰਸ਼. ਭਾਗ । ੪ ਸੋਲਵਾਂ ਹਿੱਸਾ । ੫ ਰਾਸ਼ੀ ਦੇ ਤੀਹਵੇਂ ਹਿੱਸੇ (ਅੰਸ਼) ਦਾ ਸੱਠਵਾਂ ਹਿੱਸਾ। ੬ ਸ਼ਕਤਿ. “ਧਰਣਿ ਅਕਾਸੁ ਜਾਕੀ ਕਲਾ ਮਾਹਿ”. (ਬਸੰ ਮ: ੫) ੭ ਬਾਜ਼ੀ. ਖੇਡ. “ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ.” (ਵਾਰ ਆਸਾ) ੮ ਆਧਾਰ. “ਬਾਝੁ ਕਲਾ ਧਰ ਗਗਨ ਧਰੀਆ.” (ਬਸੰ ਅ: ਮ: ੧) ੯ ਕਲ. ਮਸ਼ੀਨ । ੧੦ ਵਿਦ੍ਯਾ। ੧੧ ਹੁਨਰ. “ਸਰਬ ਕਲਾ ਸਮਰਥ.” (ਬਾਵਨ)

ਪੁਰਾਣੇ ਕਵੀਆਂ ਨੇ ਵਿਦ੍ਯਾ ਅਤੇ ਹੁਨਰ ਦੇ ੬੪ ਭੇਦ ਮੰਨਕੇ ਚੌਸਠ ਕਲਾ ਲਿਖੀਆਂ ਹਨ, ਪਰੰਤੂ ਇਸ ਵਿੱਚ ਮਤਭੇਦ ਹੈ, ਬ੍ਰਹਮਵੈਵਰਤ ਵਿੱਚ ੧੬, ਬਾਣ ਕਵੀ ਨੇ ੪੮, ਕਲਾਵਿਲਾਸ਼ ਅਤੇ ਮਹਾਭਾਰਤ ਵਿੱਚ ੬੪, ਅਤੇ ਲਲਿਤ ਵਿਸਤਰ ਵਿੱਚ ੮੪ ਲਿਖੀਆਂ ਹਨ. ਜੇ ਅਸੀਂ ਲਿਖੀਏ ਤਦ ਸ਼ਾਯਦ ਸੈਂਕੜੇ ਕਲਾ ਹੋ ਜਾਣ. ਕਲਾ ਤੋਂ ਭਾਵ ਵਿਦ੍ਯਾ ਅਤੇ ਹੁਨਰ ਸਮਝਣਾ ਚਾਹੀਏ. ਦੇਖੋ, ਸੋਲਹ ਕਲਾ, ਚੌਸਠ ਕਲਾ ਅਤੇ ਵਿਦ੍ਯਾ ਸ਼ਬਦ । ੧੨ ਬੰਦੂਕ ਦੀ ਕਮਾਣੀ. “ਕਲਾ ਪੈ ਜੜੇ ਮੋੜ ਤੋੜੇ ਧੁਖੰਤੇ.” (ਗੁਪ੍ਰਸੂ) ਤੋੜੇਦਾਰ ਬੰਦੂਕਾਂ ਦੇ ਘੋੜਿਆਂ ਤੇ ਸੁਲਗਦੇ ਹੋਏ ਤੋੜੇ ਲਗਾ ਲਏ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਲਾ (ਸੰ.। ਸੰਸਕ੍ਰਿਤ) ੧. ਸ਼ਕਤੀ, ਤਾਕਤ। ਯਥਾ-‘ਸਰਬ ਕਲਾ ਲੇ ਆਪੇ ਰਹੈ ’। ਤਥਾ-‘ਅਕਲ ਕਲਾ ਭਰਪੂਰਿ ਰਹਿਆ’।   

ਦੇਖੋ, ‘ਅਕਲ ਕਲਾ’

੨. (ਕੋਮਲ ਉਨਰ ਜੋ ੬੪ ਪ੍ਰਕਾਰ ਦੇ ਹਨ, ਇਸ ਤੋਂ ਮੁਰਾਦ ਮਾਨੁਖੀ ਦਿਮਾਗ਼ ਦੀ ਚਤੁਰਾਈ ਦੀ ਬੀ ਹੈ) ਚਤੁਰਾਈ ਦਾ ਪ੍ਰਬੰਧ। ਯਥਾ-‘ਬਾਝੁ ਕਲਾ ਆਡਾਣੁ ਰਹਾਇਆ’। (ਏਸ) (ਆਡਾਣ) ਬ੍ਰਹਮੰਡ ਦੇ ਫੈਲਾਉ ਨੂੰ ਬਿਨਾ ਐਸੀ ਵਿਦ੍ਯਾ ਦੇ ਕਾਯਮਰਖ੍ਯਾ ਹੋਯਾ ਹੈ, ਐਸੀ ਕਿ ਮਾਨੁਖੀ ਚਤੁਰਾਈਆਂ ਦੀਆਂ ੬੪ ਵਿਦ੍ਯਾ ਹਨ ਭਾਵ ਵਾਹਿਗੁਰੂ ਨੇ ਅਪਣੀ ਚਿਤ ਸ਼ਕਤੀ ਦੇ ਆਸਰੇ ਇਸ ਨੂੰ ਕਾਇਮ ਰਖਿਆ ਹੋਇਆ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 27905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਲਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

      ਕਲਾ :  ‘ਕਲਾ’ ਤੋ ਇਸ ਸੰਦਰਭ ਵਿਚ ਭਾਵ ਹੈ ਕੌਸ਼ਲ, ਹੁਨਰ ਫ਼ਨ। ਇਸ ਦੀ ਉਪਜ ਮਾਨਵ ਸੰਸਕ੍ਰਿਤੀ ਦੀ ਸ਼੍ਰੇਸ਼ਠ ਪ੍ਰਾਪਤੀ ਹੈ। ਇਸ ਦਾ ਜਨਮ ਸੌਂਦਰਯ ਦੀ ਮੂਲ–ਭੂਤ ਪ੍ਰੇਰਣਾ ਦੇ ਨਾਲ ਹੁੰਦਾ ਹੈ। ਕਿਸੇ ਕਰਮ ਵਿਚ ਕੁਸ਼ਲਤਾ ਹੀ ਕਲਾ ਹੈ। ਇਸ ਦਾ ਮਨੁੱਖ ਨਾਲ ਡੂੰਘ ਸੰਬੰਧ ਹੈ। ਮਨੁੱਖ ਨੇ ਕਲਾ ਨੂੰ ਸਿਰਜਿਆ ਅਤੇ ਕਲਾ ਨੇ ਮਨੁੱਖ ਨੂੰ ਆਤਮ–ਅਭਿਵਿਅਕਤੀ ਅਤੇ ਆਤਮ–ਗੋਰਵ ਦਾ ਅਵਸਰ ਦਿੱਤਾ। ਇਸ ਦੇ ਸਿਰਜਣ ਨਾਲ ਕਲਾਕਾਰ ਨੂੰ ਇਕ ਵਿਸ਼ੇਸ਼ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸ ਦੀ ਸਿਰਜਣਾ ਰਾਹੀਂ ਉਹ ਕਲਾ–ਆਨੰਦ ਨੂੰ ਹੋਰਨਾਂ ਦੇ ਮਾਣਨ ਲਈ ਵੰਡਦਾ ਹੈ। ਇਹੀ ਸਾਧਾਰਣੀ–ਕਰਣ ਸਿਧਾਂਤ ਮੂਲਾਧਾਰ ਹੈ। ਕਲਾ ਵਿਚ ਕਲਪਨਾ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਨਾਲ ਮਨੁੱਖ ਦੀਆਂ ਕਠੋਰ ਜਾਂ ਪਾਸ਼ਵਿਕ ਵ੍ਰਿਤੀਆਂ ਸਰਲ ਅਤੇ ਸ਼ਿਸ਼ਟ ਬਣਦੀਆਂ ਹਨ।

          ਕਲਾ ਨੂੰ ਦੋ ਉਪ–ਰੂਪਾਂ ਵਿਚ ਵੰਡਿਆ ਜਾ ਸਕਦਾ ਹੈ–ਕੋਮਲ ਜਾਂ ਲਲਿਤ ਕਲਾ ਤੇ ਉਪਯੋਗੀ ਕਲਾ। ਲਲਿਤ ਕਲਾ ਆਦਮੀ ਦੇ ਸੁੰਦਰਤਾ-ਬੋਧ ਦੀ ਪOਤੀਕ ਹੈ ਤੇ ਉਪਯੋਗੀ ਕਲਾ ਵਿਚ ਬੌਧਿਕਤਾ ਤੇ ਉਪਯੋਗਤਾ ਦੀਆਂ ਰਲੀਆਂ ਮਿਲਦੀਆਂ ਹੁੰਦੀਆਂ ਹਨ। ਨ੍ਰਿਤ ਕਲਾ, ਮੂਰਤੀ ਕਲਾ, ਚਿਤ੍ਰ ਕਲਾ, ਸੰਗੀਤ ਕਲਾ, ਕਾਵਿ ਕਲਾ ਆਦਿ ਕੋਮਲ ਕਲਾਵਾਂ ਹਨ ਪਰ ਲੁਹਾਰਾ, ਤਰਖਾਣਾ, ਕੁੰਮਹਾਰਾ, ਖੇਤੀਬਾੜੀ, ਆਦਿ ਕੰਮ ਉਪਯੋਗੀ ਕਲਾ ਦੇ ਸਿਰਲੇਖ ਥੱਲੋਂ ਆਉਂਦੇ ਹਨ ਕਿਉਂਕਿ ਇਨ੍ਹਾਂ ਕਲਾਵਾਂ ਵਿਚ ਸੁੰਦਰਤਾ–ਬੋਧ ਦੇ ਨਾਲ ਨਾਲ ਬਣੀ ਹੋਈ ਵਸਤੂ ਦੀ ਉਪਯੋਗਤਾ ਨੂੰ ਵੀ ਮੁੱਖ ਰੱਖਿਆ ਜਾਂਦਾ ਹੈ । ਕੋਮਲ ਕਲਾ ਨੂੰ ਕੇਵਲ ‘ਕਲਾ’ ਵੀ ਲਿਖ ਦਿੱਤਾ ਜਾਂਦਾ ਹੈ ਤੇ ਉਪਯੋਗੀ ਕਲਾ ਨੂੰ ਕਈ ਚਿੰਤਕ ‘ਕਲਾ’ ਮੰਨਣ ਤੋਂ ਹੀ ਇਨਕਾਰੀ ਹਨ।

          ਮੂਲ ਯੂਨਾਨੀ ਸ਼ਬਦ ‘ਆਰਟ’ ਦਾ ਅਰਥ ਵੀ ਕਲਾ ਜਾਂ ਕੌਸ਼ਲ ਹੀ ਸੀ। ਫ਼੍ਰਾਸੀਸੀ ਤੇ ਜਰਮਨ ਚਿੰਤਕ ਇਸ ਨੂੰ ਇਨ੍ਹਾਂ ਅਰਥਾਂ ਵਿਚ ਹੀ ਵਰਤਦੇ ਆਏ ਹਨ। ਅਠਾਰ੍ਹਵੀਂ ਸਦੀ ਈ. ਤਕ ਇਹ ਧਾਰਣਾ ਰਹੀ ਪਰ ਅਠਾਰ੍ਹਵੀਂ ਸਦੀ ਈ. ਤੋਂ ਉਪਰੰਤ ਇਸ ਦੇ ਦੋ ਭਾਗ ਹੋ ਗਏ–ਲਲਿਤ ਕਲਾ ਜਾਂ ਫਾਈਨ–ਆਰਟ ਤੇ ਉਪਯੋਗੀ ਕਲਾ ਜਾਂ ਯੂਟਿਲੀ–ਟੇਰੀਅਨ ਆਰਟ।

          ਪੰਜਾਬੀ ਕਾਵਿ–ਜਗਤ ਵਿਚ ਉਪਯੋਗੀ ਕਲਾ ਦੇ ਕਈ ਅੰਗਾਂ ਨੂੰ ਚਿੰਨ੍ਹਾਂ, ਪ੍ਰਤੀਕਾਂ ਤੇ ਬਿੰਬਾਂ ਆਦਿ ਲਈ ਵਰਤਿਆ ਗਿਆ ਹੈ। ਮਿਸਾਲ ਦੇ ਤੌਰ ਤੇ ਬੁੱਲ੍ਹੇ ਸ਼ਾਹ ਨੇ ‘ਛੱਲੀ’ ਦਾ ਰੂਪਕ ਸ਼ੁਭ ਕਰਮ ਲਈ ਬੱਧਾ ਹੈ :

                                      ਸੈ ਵਰ੍ਹਿਆਂ ਦੀ ਛੱਲੀ ਲਾਹੀ, ਕਾਗ ਮਰੇਂਦਾ ਝੁੱਟੀ।

                                      ‘ਕਾਗ’ ਇੱਥੇ ਕਾਮ ਆਦਿਕ ਵਾਸਨਾਵਾਂ ਦਾ ਪ੍ਰਤੀਕ ਹੈ।

          ਸ਼ਾਹ ਹੁਸੈਨ ਨੇ ਤਾਣੀ, ਸੂਤ, ਚਰਖੇ ਆਦਿ ਦਾ ਜ਼ਿਕਰ ਕੀਤਾ ਹੈ। ‘ਆਦਿ ਗ੍ਰੰਥ’ ਦੇ ਇਕ ਸ਼ਬਦ ਵਿਚ ਅਕਾਲ ਪੁਰਖ ਨੂੰ ਕੁੰਮਹਾਰ ਆਖਿਆ ਗਿਆ ਹੈ :

                                      ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰੇ।

                             ਨ ਕਿਛੁ ਪੋਚ ਮਾਟੀ ਕੇ ਭਾਂਡੇ ਨ ਕਿਛੁ ਪੋਚ ਕੁਮਹਾਰੇ।  – ( ਰਾਗ ਪ੍ਰਭਾਤੀ, ਕਬੀਰ)

          ‘ਸਾਹਿੱਤ ਜੀਵਨ ਲਈ’ ਦੇ ਅਨੁਯਾਈ ਆਪਣੇ ਸਾਹਿੱਤ ਵਿਚ ਕਲਾ ਦੀ ਉਪਯੋਗਤਾ ਨੂੰ ਮੁੱਖ ਰੱਖ ਕੇ ਸਾਹਿੱਤ ਨੂੰ ਇਕ ਵਸਤੂ ( ਕਾਮਾਡਿਟੀ) ਮੰਨਦੇ ਹਨ ਤੇ ਇਹ ਸਿਧਾਂਤ ਮਾਰਕਸਵਾਦੀਆਂ ਦਾ ਹੈ। ਇਸੇ ਸਿਧਾਂਤ ਵਿਚੋਂ ਉਨ੍ਹਾਂ ਦੇ ਸ਼੍ਰੇਣੀ–ਸਾਹਿੱਤ (ਪਾਰਟੀ–ਲਿਟ੍ਰੇਚਰ) ਦਾ ਜਨਮ ਹੋਇਆ ਹੈ। ਪੰਜਾਬੀ ਵਿਚ ਅਜਿਹੇ ਨਿਰੋਲ ਸ਼੍ਰੇਣੀ–ਸਾਹਿੱਤ ਦੀ ਅਣਹੋਂਦ ਹੈ, ਹਾਂ ਕਿਧਰੇ ਕਿਧਰੇ ਅੰਸ਼ ਰੂਪ ਵਿਚ ਉਪਯੋਗਾਤਵਾਦ ਦੇ ਦਰਸ਼ਨ ਹੁੰਦੇ ਹਨ। ਜਸਵੰਤ ਸਿੰਘ ਕੇਵਲ ਦੇ ਨਾਵਲਾਂ ਵਿਚ ਇਹ ਰੰਗ ਪ੍ਰਤੱਖ ਹੈ। ਪਰ ਕੀ ਜੋ ਸਾਹਿੱਤ ਇਕ ਵਿਸ਼ੇਸ਼ ਵਰਗ ਲਈ ਉਪਯੋਗੀ ਹੈ ਉਹ ਸਾਰੀ ਮਨੁੱਖ ਜਾਤੀ ਲਈ ਉਪਯੋਗੀ ਹੋਵੇਗਾ? ਇਸ ਦਾ ਉੱਤਰ ਨਾਂਹ ਵਿਚ ਇਕ ਕਰਕੇ ਹੋਵੇਗਾ, ਕਿਉਂਕਿ ਜਦੋਂ ਮਨੁੱਖ ਦਾ ਸਾਰਾ ਗਿਆਨ ਅਸਫਲ ਹੋ ਜਾਂਦਾ ਹੈ, ਤਰਕ ਖੁੰਢਾ ਹੋ ਜਾਂਦਾ ਹੈ ਤੇ  ਸਾਰੇ ਸਿਧਾਂਤ ਨਿਸਫਲ ਹੋ ਜਾਂਦੇ ਹਨ, ਉਸ ਵੇਲੇ ਵੀ ਸੂਖਮ ਆਪੇ ਨੂੰ ਸਰਚਾਉਣ ਲਈ ਕਿਸੇ ਰੇਖਾ ਦਾ ਟੇਢ, ਕਿਸੇ ਰੰਗ ਦਾ ਨਿਖਾਰ, ਕਿਸੇ ਤਾਲ ਦੀ ਧਮਕ ਤੇ ਕਿਸੇ ਸ਼ਬਦ ਦੀ ਲੈਅ ਜ਼ਰੂਰੀ ਹੋ ਜਾਂਦੀ ਹੈ ਜੋ ਬੇਬਸ ਤੇ ਮਜ਼ਬੂਰ ਮਨੁੱਖ ਨੂੰ ਵਜਦ ਵਿਚ ਲਿਆ ਸਕਦੀ ਹੈ । ਇਹ ਵੀ ਕਲਾ ਜਾਂ ਸਾਹਿੱਤ ਦੀ ਉਪਯੋਗਤਾ ਹੀ ਹੈ।        


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 21835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no

ਕਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲਾ : ਇਹ ਸ਼ਬਦ ਮਾਨਵ ਸੰਸਕ੍ਰਿਤੀ ਦੀ ਉਪਜ ਹੈ। ਪ੍ਰਕ੍ਰਿਤੀ ਨਾਲ ਯੁੱਧ ਕਰਦੇ ਸਮੇਂ ਮਨੁੱਖ ਨੇ ਸ੍ਰੇਸ਼ਟ ਸੰਸਕਾਰ ਦੇ ਰੂਪ ਵਿਚ ਸੁੰਦਰਤਾ ਬਾਰੇ ਜੋ ਕੁਝ ਵੀ ਜਾਣਕਾਰੀ ਪ੍ਰਾਪਤ ਕੀਤੀ ਉਸ ਦਾ ਭਾਵ ‘ਕਲਾ’ ਸ਼ਬਦ ਵਿਚ ਮਿਲਦਾ ਹੈ। ਇਸ ਦਾ ਜਨਮ ਸੁੰਦਰਤਾ ਦੀ ਪ੍ਰੇਰਣਾ ਨਾਲ ਹੋਇਆ।

          ਕਲਾ ਦਾ ਅਰਥ ਰਚਨਾ ਕਰਨਾ ਹੈ। ਕਿਸੇ ਕਿਸਮ ਦੀ ਰਚਨਾ ਕਰਨ ਤੇ ਕਲਾਕਾਰ ਨੂੰ ਇਕ ਵਿਸ਼ੇਸ਼ ਤਰ੍ਹਾਂ ਦੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਹੀ ਸੁਖ ਜਾਂ ਆਨੰਦ ਕਲਾ ਦਾ ਮੁੱਖ ਉਦੇਸ਼ ਹੈ। ਕਲਾ ਵਿਚ ਪ੍ਰਤੱਖ ਦੀ ਥਾਂ ਤੇ ਅਪ੍ਰਤੱਖ, ਵਸਤੂ ਸਥਿਤੀ ਦੀ ਜਗ੍ਹਾ ਵਿਚਾਰਾਂ ਦਾ ਅਤੇ ਸੱਚ ਦੀ ਜਗ੍ਹਾ ਕਲਪਨਾ ਦਾ ਵਧੇਰੇ ਮਹੱਤਵ ਹੈ। ਕਲਪਨਾ ਰਾਹੀਂ ਮਨੁੱਖ ਆਪਣੀਆਂ ਅਨੁਭੂਤੀਆਂ ਵਿਚ ਨਵੇਂ-ਨਵੇਂ ਖ਼ਿਆਲ ਜੋੜਦਾ ਹੈ ਅਤੇ ਨਵੇਂ ਅਨੁਭਵ ਕਰਦਾ ਹੈ, ਜਿਸਦੇ ਨਤੀਜੇ ਵਜੋਂ ਨਵੀਂ ਚੇਤਨਾ ਦਾ ਜਨਮ ਹੁੰਦਾ ਹੈ ਅਤੇ ਇਹੀ ਕਲਾ ਦਾ ਆਨੰਦ ਹੈ। ਕਲਾਵਾਂ ਕਈ ਹਨ ਪਰ ਇਨ੍ਹਾਂ ਦਾ ਉਦੇਸ਼ ਇਕੋ ਹੀ ਹੈ।

          ਸੰਭਵ ਹੈ ਕਿ ਇਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਭਰਤ ਦੇ ‘ਨਾਟ-ਸ਼ਾਸਤਰ’ ਵਿਚ ਹੋਈ ਹੋਵੇ। ਇਸ ਤੋਂ ਬਾਅਦ ਵਾਤਸਾਇਨ ਦੇ ‘ਕਾਮਸੂਤਰ’ ਅਤੇ ਉਸ਼ਨਸ ਦੇ ‘ਸ਼ੁਕਰਨੀਤੀ’ ਗ੍ਰੰਥ ਵਿਚ ਇਸ ਦਾ ਉਲੇਖ ਆਇਆ ਹੈ। ਹਜ਼ਾਰਾਂ ਪਰਿਭਾਸ਼ਾਵਾਂ ਦੇ ਬਾਵਜੂਦ ਵੀ ਇਸ ਦਾ ਅਰਥ ਨਿਸ਼ਚਿਤ ਕਰਨਾ ਮੁਸ਼ਕਿਲ ਹੈ। ਇਹ ਸ਼ਬਦ ਏਨਾ ਵਿਆਪਕ ਹੈ ਕਿ ਅਲੱਗ-ਅਲੱਗ ਵਿਦਵਾਨਾਂ ਰਾਹੀਂ ਦਿੱਤੀਆਂ ਪਰਿਭਾਸ਼ਾਵਾਂ ਵੀ ਇਸ ਦਾ ਸਿਰਫ਼ ਇਕ ਪੱਖ ਹੀ ਉਜਾਗਰ ਕਰਦੀਆਂ ਹਨ। ਕਲਾ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ––‘ਉਪਯੋਗੀ ਕਲਾ’ ਅਤੇ ‘ਲਲਿਤ ਕਲਾ’। ਪਹਿਲੀ ਕਲਾ ਵਿਵਹਾਰਿਕ ਹੈ ਅਤੇ ਦੂਜੀ ਕਲਾ ਮਨ ਦੇ ਸੰਤੋਖ ਲਈ ਹੈ। ਭਾਰਤੀ ਪਰੰਪਰਾ ਅਨੁਸਾਰ ਕਲਾ ਉਨ੍ਹਾਂ ਸਾਰੀਆਂ ਕ੍ਰਿਆਵਾਂ ਨੂੰ ਕਹਿੰਦੇ ਹਨ ਜਿਨ੍ਹਾਂ ਵਿਚ ਕੌਸ਼ਲ ਹੋਵੇ। ਯੂਰਪੀ ਵਿਦਵਾਨ ਵੀ ਇਸ ਨਾਲ ਸਹਿਮਤ ਹਨ।

          ‘ਕਾਮਸੂਤਰ’, ‘ਸ਼ੁਕਰਨੀਤੀ’, ‘ਜੈਨ ਗ੍ਰੰਥ’, ‘ਪ੍ਰਬੰਧ ਕੋਸ਼’ ‘ਕਲਾ ਵਿਲਾਸ‘, ‘ਲਲਿਤ ਵਿਸਤਾਰ’ ਆਇ ਗ੍ਰੰਥਾਂ ਵਿਚ ਕਲਾ ਦਾ ਉਲੇਖ ਮਿਲਦਾ ਹੈ। ਬਹੁਤੇ ਗ੍ਰੰਥਾਂ ਵਿਚ ਇਸ ਦੀ ਗਿਣਤੀ 64 ਮੰਨੀ ਗਈ ਹੈ। ‘ਪ੍ਰਬੰਧ ਕੋਸ਼’ ਵਿਚ 72, ਲਲਿਤ ਵਿਸਤਾਰ ਵਿਚ 86 ਕਲਾਵਾਂ ਦਾ ਉਲੇਖ ਮਿਲਦਾ ਹੈ। ਪ੍ਰਸਿਧ ਕਸ਼ਮੀਰੀ ਪੰਡਿਤ ਕਸ਼ੇਮੇਂਦ੍ਰ ਨੇ ਆਪਣੇ ਗ੍ਰੰਥ ‘ਕਲਾ ਵਿਲਾਸ’ ਵਿਚ ਸਭ ਤੋਂ ਵਧ ਕਲਾਵਾਂ ਦਾ ਉਲੇਖ ਕੀਤਾ ਹੈ––ਇਸ ਵਿਚ 64 ਜਨ ਉਪਯੋਗੀ, 32 ਧਰਮ, ਅਰਥ, ਕਾਮ ਮੋਕਸ਼ ਸਬੰਧੀ, 32 ਈਰਖਾ-ਸੰਕੋਚ-ਪ੍ਰਭਾਵ ਮਾਨ ਸਬੰਧੀ, 64 ਪਵਿੱਤਰਤਾ ਸਬੰਧੀ, 64 ਵੇਸ਼ਵਾਂ ਸਬੰਧੀ, 10 ਦਵਾਈ ਸਬੰਧੀ, 16 ਪਰਮਾਤਾਵਾਂ ਅਤੇ 100 ਸਾਰ ਕਲਾਵਾਂ ਦਾ ਉਲੇਖ ਹੈ। ਕਾਮਸੂਤਰ ਦੀ ਸੂਚੀ ਸਭ ਤੋਂ ਵੱਧ ਪ੍ਰਮਾਣਤ ਮੰਨੀ ਗਈ ਹੈ। ਕਾਮਸੂਤਰ ਅਨੁਸਾਰ 64 ਕਲਾਵਾਂ ਹਨ। ‘ਸ਼ੁਕਰਨੀਤੀ’ ਅਨੁਸਾਰ ਕਲਾਵਾਂ ਅਣਗਿਣਤ ਹਨ ਪਰ ਇਸ ਸਮਾਜ ਵਿਚ ਪ੍ਰਚਲਤ 64 ਕਲਾਵਾਂ ਦਾ ਉਲੇਖ ਕੀਤਾ ਗਿਆ ਹੈ।

          ਇਨ੍ਹਾਂ ਸਾਰੀਆਂ ਕਲਾਵਾਂ ਦਾ ਸਬੰਧ ਲਲਿਤ ਕਲਾਵਾਂ ਨਾਲ ਬਹੁਤ ਘੱਟ ਹੈ। ਚਿੱਤਰ, ਮੂਰਤੀ ਬਣਾਉਣਾ, ਸੰਗੀਤ, ਨ੍ਰਿਤ, ਅਦਾਕਾਰੀ, ਕਾਵਿ ਆਦਿ ਵੀ ਕਲਾਵਾਂ ਹਨ। ਇਹ ਕਹਿਣਾ ਮੁਸ਼ਕਲ ਹੈ ਕਿ ਸਭ ਤੋਂ ਪੁਰਾਣੀ ਕਿਹੜੀ ਕਲਾ ਹੈ। ਹਰ ਕਲਾ ਵਿਚ ਕੁਝ ਹੱਦ ਤਕ ਸਾਰੀਆਂ ਕਲਾਵਾਂ ਦਾ ਪ੍ਰਯੋਗ ਸੰਭਵ ਹੈ ਜਿਵੇਂ, ਸੰਗੀਤ ਵਿਚ ਸੁਰ ਪ੍ਰਧਾਨ ਹੈ, ਕਾਵਿ ਵਿਚ ਸ਼ਬਦ ਪਰ ਸ੍ਰੇਸ਼ਟ ਕਾਵਿ ਵਿਚ ਗਾਣੇ ਦੀ ਵਰਤੋਂ ਕੁਝ ਘੱਟ ਨਹੀਂ ਹੁੰਦੀ। ਪ੍ਰਾਚੀਨ ਕਾਲ ਵਿਚ ਗੀਤ, ਨਾਚ ਅਤੇ ਵਾਜੇ ਨੂੰ ਸੰਗੀਤ ਵਿਚ ਹੀ ਮੰਨਿਆ ਗਿਆ ਸੀ ਕਿਉਂਕਿ ਇਸਦਾ ਮੂਲ ਆਧਾਰ ਗਤੀਮਾਨਤਾ ਹੈ। ਭਾਰਤੀ ਚਿੱਤਰ ਕਲਾ ਅਤੇ ਸ਼ਿਲਪ ਕਲਾ ‘ਰਾਮਾਇਣ’ ਅਤੇ ‘ਮਹਾਂਭਾਰਤ’ ਤੇ ਆਧਾਰਿਤ ਹੈ ਅਤੇ ਮਹਾਨ ਕਲਾ-ਮੰਦਰਾਂ ਅਤੇ ਚਿੱਤਰਾਂ ਤੋਂ ਕਵੀਆਂ ਨੂੰ ਬਹੁਤ ਪ੍ਰੇਰਣਾ ਮਿਲੀ ਹੈ। ਇਸ ਤਰ੍ਹਾਂ ਦੀ ਸਥਿਤੀ ਵਿਚ ਕਲਾ ਦੇ ਅਲਗ ਅਲਗ ਆਧਾਰ ਤੇ ਭੇਦ ਕਰਨਾ ਮੁਸ਼ਕਲ ਹੈ।

          ਹ. ਪੁ.––ਹਿੰ. ਵਿ. ਕੋ. 2 : 378 ; ਹਿੰ. ਸਾ. ਕੋ. 1 : 220 ; ਸ. ਵਿ. ਕੋ. 8 : 19.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 21831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲਾ, (ਸੰਸਕ੍ਰਿਤ : कला) \ ਇਸਤਰੀ ਲਿੰਗ : ੧. ਮਸ਼ੀਨ ਜਾਂ ਕਲ; ੨. ਮਸ਼ੀਨ ਜਾਂ ਕਲ ਦਾ ਹੁਨਰ, ੩. ਉਨ, ਰਹੱਸ, ਆਰਟ, ਇਹ ੬੪ ਹਨ; ੪. ਕਾਰੀਗਰੀ, ਉਸਤਾਦੀ; ੫. ਕਿਸੇ ਚੀਜ਼ ਦਾ ਅਨੁ ਜਾਂ ਛੋਟਾ ਭਾਗ, ੧੬ ਵਾਂ ਹਿੱਸਾ, ੧੬ ਵੀਂ ਸੰਖਿਆ; ੬ ਸਮੇਂ ਦਾ ਭਾਗ, ਦਿਨ ਦਾ ੯00 ਵਾਂ ਹਿੱਸਾ ਜਾਂ ੧. ੬ ਮਿੰਟ

–ਕਲਾਅੰਤਰ,  (ਭੂਗੋਲ) / ਪੁਲਿੰਗ : ਚੰਦ ਦੀਆਂ ਵਧਦੀਆਂ ਘਟਦੀਆਂ ਸ਼ਕਲਾਂ ਦਾ ਆਪੋ ਵਿਚਲਾ ਫ਼ਰਕ

–ਕਲਾਹੀਣ, ਵਿਸ਼ੇਸ਼ਣ : ਕਲਾ ਤੋਂ ਬਿਨਾਂ, ਜੋ ਕਲਾ ਤੋਂ ਜਾਣੂ ਨਾ ਹੋਵੇ, ਜਿਸ ਵਿੱਚ ਕਲਾ ਜਾਂ ਆਰਟ ਦੀ ਘਾਟ ਹੋਵੇ

–ਕਲਾਹੀਣਤਾ, ਇਸਤਰੀ ਲਿੰਗ : ਕਲਾ ਦੀ ਕਮੀ, ਕਲਾ ਹੀਣ ਹੋਣ ਦੀ ਅਵਸਥਾ

–ਕਲਾਕਾਰ, ਪੁਲਿੰਗ : ਗੁਣੀ, ਉਸਤਾਦ, ਕਾਰੀਗਰ, ਕਲਾ ਦੇ ਜਾਣਨ ਵਾਲਾ, ਕਿਸੇ ਕੰਮ ਦਾ ਮਾਹਰ, ਚਿਤ੍ਰਕਾਰ, ਆਰਟਿਸਟ, ਫੋਟੋਗਰਾਫਰ, ਮੁਸੱਵਰ

–ਕਲਾਤਮਿਕ, ਵਿਸ਼ੇਸ਼ਣ : ਕਲਾਮਈ, ਕਲਾ ਭਰਪੂਰ

–ਕਲਾਮਈ, ਵਿਸ਼ੇਸ਼ਣ : ਕਲਾ ਰੂਪ, ਕਲਾਵੰਤ, ਪੁਲਿੰਗ : ਕਲਾਉਂਤ

–ਕਲਾ ਮਰੋੜਨਾ, ਮੁਹਾਵਰਾ : ਕਿਸੇ ਨੂੰ ਕੋਈ ਕੰਮ ਕਰਨ ਲਈ ਪ੍ਰੇਰਨਾ

–ਕਲਾਵੰਤ, ਪੁਲਿੰਗ : ੧. ਸੰਗੀਤ ਕਲਾ ਵਿੱਚ ਨਿਪੁੰਨ ਆਦਮੀ, ਉਹ ਪੁਰਖ ਜਿਸ ਨੂੰ ਗਾਉਣ ਵਜਾਉਣ ਦੀ ਪੂਰੀ ਸਿੱਖਿਆ ਮਿਲੀ ਹੋਵੇ; ੨. ਕਲਾਬਾਜ਼ੀ ਖਾਣ ਵਾਲਾ; ੩. ਨਟ; ੪. ਕਲਾਉਂਤ

–ਕਲਾਵਤੀ, ਇਸਤਰੀ ਲਿੰਗ : ੧. ਜਿਸ ਵਿੱਚ ਕਲਾ ਹੋਵੇ, ਜੋ ਕੋਈ ਆਰਟ ਜਾਣ ਦੀ ਹੋਵੇ; ੨. ਸ਼ੋਭਾ ਵਾਲੀ, ਛੱਬ ਵਾਲੀ

–ਕਲਾਵਾਨ, ਪੁਲਿੰਗ : ਕਲਾਵੰਤ, ਕਿਸੇ ਹੁਨਰ ਵਿੱਚ ਮਾਹਰ, ਗੁਣੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2677, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-10-11-16-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.