ਕਾਤਿਆਇਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਾਤਿਆਇਨ : ਕਾਤਿਆਇਨ ਨੇ ਪਾਣਿਨੀ ਤੋਂ ਲਗਪਗ ਦੋ ਜਾਂ ਤਿੰਨ ਸਦੀਆਂ ਬਾਅਦ ਉਸ ਦੇ ਅਸ਼ਟਾਧਿਆਈ ਸੂਤਰਾਂ ਤੇ ਪਰਿਵਰਤਿਤ ਸੰਸਕ੍ਰਿਤ ਭਾਸ਼ਾ ਰੂਪਾਂ ਦੇ ਪ੍ਰਸੰਗ ਵਿੱਚ ਅਤੇ ਉਸ ਦੀ ਵਿਉਤਪਤੀ ਦੇ ਉਦੇਸ਼ ਨਾਲ ਵਾਰਤਿੱਕ ਪਾਠ (ਟਿੱਪਣੀਨੁਮਾ ਰਚਨਾ) ਰਚਿਆ, ਜੋ ਪਾਣਿਨੀ ਵਿਆਕਰਨ ਦਾ ਅਭਿੰਨ ਅੰਗ ਹੈ। ਪਤੰਜਲੀ ਦਾ ਮਹਾ ਭਾਸ਼ ਇਹਨਾਂ ਵਾਰਤਿੱਕਾਂ ਦਾ ਭਾਸ਼ ਹੀ ਹੈ ਅਤੇ ਜੋ ਸੁਤੰਤਰ ਰੂਪ ਵਿੱਚ ਨਾ ਹੋ ਕੇ ਸਿਰਫ਼ ਪਤੰਜਲੀ ਮਹਾਭਾਸ਼ ਵਿੱਚ ਹੀ ਉਪਲਬਧ ਹੈ। ਮਹਾਭਾਸ਼ ਕਾਤਿਆਇਨੀ ਵਾਰਤਿੱਕਾਂ ਦੀ ਸੰਖਿਆ ਨਿਸ਼ਚਿਤ ਨਹੀਂ ਅਤੇ ਟੀਕਾਕਾਰ ਇਹਨਾਂ ਦੀ ਸੰਖਿਆ 4293 (ਕੀਲਹਾਰਨ) ਤੋਂ ਲੈ ਕੇ 5032 (ਕਾਸ਼ੀਨਾਥ) ਤੱਕ ਮੰਨਦੇ ਹਨ। ਕੈਯਟ ਅਤੇ ਪਤੰਜਲੀ ਦੇ ਅਨੁਸਾਰ ਪਾਣਿਨੀ ਸੂਤਰਾਂ ਵਿੱਚ ਉਕਤ, ਅਣ-ਉਕਤ ਅਤੇ ਦੁਰੁਕਤ ਵਿਸ਼ਿਆਂ ਦਾ ਵਿਵੇਚਨ ਇਹਨਾਂ ਵਾਰਤਿੱਕਾਂ ਦਾ ਉਦੇਸ਼ ਹੈ। ਕਾਤਿਆਇਨ ਪਾਣਿਨੀ ਵਿਆਕਰਨ ਦੇ ਇੱਕ ਨਿਰਪੱਖ ਸਮੀਖਿਅਕ ਦੇ ਰੂਪ ਵਿੱਚ ਆਪਣੇ ਵਾਰਤਿੱਕਾਂ ਵਿੱਚ ਸੂਤਰਾਂ ਦਾ ਸੋਧ, ਸਪਸ਼ਟੀਕਰਨ, ਖੰਡਨ ਅਤੇ ਉਹਨਾਂ ਨੂੰ ਸੰਪੂਰਨ ਕਰਦਾ ਹੈ ਜਿਵੇਂ ਅਸ਼ਟਾਧਿਆਈ 1.1.45 ਤੇ ਉਸ ਦੇ ਤਿੰਨ ਵਾਰਤਿੱਕਾਂ ਵਿੱਚੋਂ ਪਹਿਲੇ ਦੋ ਸੰਭਾਵਿਤ ਦੁਰੁਕਤੀ ਦੇ ਕਾਰਨ ਅੱਡ-ਅੱਡ ਹਾਂ ਦਾ ਨਿਰਦੇਸ਼ ਕਰਦੇ ਹਨ ਅਤੇ ਤੀਜਾ ਵਾਰਤਿੱਕ ਦੋਹਾਂ ਸੰਭਾਵਿਤ ਅਰਥਾਂ ਨੂੰ ਸਾਰਥਕ ਮੰਨਦਾ ਹੈ। 1.1.48 ਦੇ ਕਾਤਿਆਇਨ ਨੇ ਚਾਰ ਵਾਰਤਿੱਕ ਦਿੱਤੇ ਹਨ-ਪਹਿਲਾ ਪਾਣਿਨੀ ਸੂਤਰ ਦਾ ਉਦੇਸ਼ ਦੱਸਦਾ ਹੈ, ਦੂਜਾ ਸੰਭਾਵਿਤ ਦੋਸ਼ ਨੂੰ ਦੂਰ ਕਰਦਾ ਹੈ, ਤੀਜਾ ਅਤੇ ਚੌਥਾ ਵਾਰਤਿੱਕ ਉਹ ਉਦੇਸ਼ ਦੱਸਦੇ ਹਨ, ਜਿਸ ਦੇ ਲਈ ਇਸ ਸੂਤਰ ਨੂੰ ਰਚਿਆ ਗਿਆ ਹੈ। 1.1.36 ਦੇ ਤਿੰਨ ਵਾਰਤਿੱਕਾਂ ਵਿੱਚੋਂ ਤੀਜਾ ਇੱਕ ਵੱਧ ਨਿਯਮ ਦਾ ਨਿਰਦੇਸ਼ ਕਰਦਾ ਹੈ। ਇਸ ਤਰ੍ਹਾਂ ਵਾਰਤਿੱਕਾਂ ਦੇ ਰਚਨਾਕਾਰ ਪਾਣਿਨੀ ਦੇ ਨਿਯਮਾਂ ਦੀ ਉਚਿਤਤਾ ਦਾ ਪ੍ਰਦਰਸ਼ਨ ਅਤੇ ਕਿਧਰੇ-ਕਿਧਰੇ ਉਸ ਵਿੱਚ ਸੁਧਾਰ, ਦੋਸ਼ ਅਤੇ ਪਰਿਹਾਰ ਦਾ ਨਿਰਦੇਸ਼ ਕਰਦਾ ਹੈ। ਕਾਤਿਆਇਨ ਦੀ ਸੂਖਮ ਸਮੀਖਿਆ ਹੀ ਮਹਾਭਾਸ਼ ਦੀ ਰਚਨਾ ਦਾ ਸ੍ਰੋਤ ਹੈ ਅਤੇ ਪਤੰਜਲੀ ਆਪਣੀ ਵਿਆਖਿਆ ਵਿੱਚ ਕਾਤਿਆਇਨ ਦੇ ਵਿਚਾਰਾਂ ਨਾਲ ਜਾਂ ਤਾਂ ਸਹਿਮਤੀ ਪ੍ਰਗਟ ਕਰਦਾ ਹੈ (ਦੇਖੋ 1.1.36 ਤੇ) ਜਾਂ ਦੋਸ਼ ਨੂੰ ਕਿਸੇ ਵੱਖਰੀ ਪ੍ਰਕਿਰਿਆ ਨਾਲ ਦੂਰ ਕਰਦਾ ਹੈ (ਦੇਖੋ 1.1.45 ਤੇ), ਜਾਂ ਕੁਝ ਨਹੀਂ ਕਹਿੰਦਾ (1.1.48 ਤੇ) ਅਤੇ ਜਾਂ ਅੱਗੇ ਵੱਧ ਕੇ ਸੂਤਰਾਂ ਵਿੱਚ ਜ਼ਿਆਦਾ ਸੋਧ ਕਰਦਾ ਹੈ (ਦੇਖੋ 1.1.6 ਤੇ)।

     ਕਾਤਿਆਇਨ ਦੇ ਵਾਰਤਕ ਭਾਸ਼ਾ ਦੇ ਇਤਿਹਾਸਿਕ ਪਰਿਵਰਤਨ, ਸਿਧਾਂਤਾਂ ਅਤੇ ਵਿਆਕਰਨ ਦੀ ਸੂਤਰ- ਸਮਰੱਥਾ ਜਿਹੇ ਸਿਧਾਂਤਾਂ ਦੀ ਸਥਾਪਨਾ ਕਰਦੇ ਹਨ ਅਤੇ ਇਹੀ ਕਾਤਿਆਇਨ ਦਾ ਵਿਆਕਰਨ ਸ਼ਾਸਤਰ ਦੇ ਵਿਕਾਸ ਵਿੱਚ ਯੋਗਦਾਨ ਹੈ। ਉਸ ਦੀ ਸਮੀਖਿਆ- ਵਿਧੀ ਟੀਕਾਕਾਰਾਂ ਦੀ ਸਧਾਰਨ ਵਿਧੀ ਦੇ ਰੂਪ ਵਿੱਚ ਵਿਕਸਿਤ ਹੋਈ ਅਤੇ ਅਠਾਰਵੀਂ ਸ਼ਤਾਬਦੀ ਦੇ ਵਿਆਕਰਨਕਾਰ ਨਾਗੇਸ਼ ਭੱਟ ਦਾ ਵਿਸ਼ਲੇਸ਼ਣ ਅਤੇ ਉਸ ਦੀ ਵਿਸ਼ਲੇਸ਼ਣ-ਭਾਸ਼ਾ ਉਸੇ ਵਿਧੀ ਦਾ ਉਦਾਹਰਨ ਹੈ।


ਲੇਖਕ : ਕਪਿਲ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਾਤਿਆਇਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਤਿਆਇਨ : ਧਰਮ ਗ੍ਰੰਥਾਂ ਵਿਚ ਤਿੰਨ ਪ੍ਰਸਿੱਧ ਕਾਤਿਆਇਨਾ (1) ਵਿਸ਼ਵਾਮਿੱਤਰ ਵੰਸ਼ੀ ਕਾਤਿਆਇਨ, (2) ਗੋਮਿਲਪੁੱਤਰ ਕਾਤਿਆਇਨ ਅਤੇ (3) ਸੋਮਦੱਤਪੁੱਤਰ ਵਰਰੁਚੀ ਕਾਤਿਆਇਨ ਦਾ ਉਲੇਖ ਹੈ।

          ਵਿਸ਼ਵਾਮਿੱਤਰ ਵੰਸ਼ੀ ਕਾਤਿਆਇਨ ਰਿਸ਼ੀ ਨੇ ਸ੍ਰੋਤਸੂਤਰ, ਗ੍ਰਹਿ ਸੂਤਰ ਅਤੇ ਪ੍ਰਤਿਹਾਰ ਸੂਤਰ ਦੀ ਰਚਨਾ ਕੀਤੀ। ਇਹ ਸਕੂਲ ਅਯੁਰਵੇਦ ਦੇ ਅੰਗੀ-ਰਸਾਇਣ ਦੀ ਕਾਤਿਆਇਨ ਸ਼ਾਖ਼ਾ ਦਾ ਜਨਮਦਾਤਾ ਹੈ। ਇਹ ਸ਼ਾਖ਼ਾ ਵਿੰਧਿਆਚਲ ਦੇ ਦੱਖਣੀ ਭਾਗ ਤੋਂ ਮਹਾਰਾਸ਼ਟਰ ਤਕ ਫੈਲੀ ਹੋਈ ਹੈ।

          (2) ਗੋਮਿਲ ਦੋ ਪੁੱਤਰ ਸਮ੍ਰਿਤੀਕਾਰ ਕਾਤਿਆਇਨ ਨੇ ਛੰਦੋਪਰਿਸ਼ਸ਼ਟਕਰਮਪ੍ਰਦੀ ਦੀ ਰਚਨਾ ਕੀਤੀ ਹੈ। ਕੁਝ ਲੋਕਾਂ ਦਾ ਵਿਚਾਰ ਹੈ ਕਿ ਸ੍ਰੋਤ ਸੂਤਰ ਲਿਖਣ ਵਾਲੀ ਕਾਤਿਆਇਨ ਅਤੇ ਸਮ੍ਰਿਤੀ ਲਿਖਣ ਵਾਲਾ ਕਾਤਿਆਇਨ ਇਕੋ ਹੀ ਵਿਅਕਤੀ ਸੀ, ਪਰੰਤੂ ਇਹ ਠੀਕ ਨਹੀਂ ਜਾਪਦਾ।

          (3) ਵਰਰੁਚੀ ਕਾਤਿਆਇਨ ਪਾਣਿਨੀ ਦੇ ਸੂਤਰਾਂ ਦੇ ਪ੍ਰਸਿੱਧ ਵਾਰਤਿਕਕਾਰ ਹਨ ਅਤੇ ਬ੍ਰਿਹਤ-ਕਬਾ ਮੰਜਰੀ ਵਿਚ ਕਾਤਿਆਇਨ ਵਰਰੁਚੀ ਦਾ ਇਕ ਨਾਂ ‘ਸੂਤਧਰ’ ਵੀ ਆਇਆ ਹੈ। ਇਸ ਦੀ ਵਾਰਤਕ ਪਾਣਿਨੀ ਵਿਆਕਰਣ ਲਈ ਅਤੀ ਮਹੱਤਵਸ਼ਾਲੀ ਸਿੱਧ ਹੋਈ ਹੈ। ਇਨ੍ਹਾਂ ਤੋਂ ਬਿਨਾਂ ਇਹ ਵਿਆਕਰਣ ਅਧੂਰਾ ਰਹਿ ਜਾਂਦਾ ਹੈ। ਇਨ੍ਹਾਂ ਦੇ ਆਧਾਰ ਤੇ ਹੀ ਪਿਛੋਂ ਪਾਤੰਜਲੀ ਨੇ ਮਹਾਂ ਭਾਸ਼ਾ ਦੀ ਰਚਨਾ ਕੀਤੀ। ਰਿਸ਼ੀ ਨੇ ਵਿਆਕਰਣ ਦੇ ਸਪਸ਼ਟੀਕਰਣ ਤੋਂ ਇਲਾਵਾ ਵੇਦਸਰਵਾਨੁਕ੍ਰਮਣੀ ਅਤੇ ਪ੍ਰਤਿਸ਼ਾਖਾ ਦੀ ਵੀ ਰਚਨਾ ਕੀਤੀ ਹੈ। ਵਰਰੁਚੀ ਕਾਤਿਆਇਨ ਦੇ ਭ੍ਰਾਜਸੰਗਕ ਸ਼ਲੋਕਾਂ ਦੀ ਚਰਚਾ ਵੀ ਮਹਾ-ਭਾਸ਼ਾ ਵਿਚ ਕੀਤੀ ਗਈ ਹੈ। ਅਸ਼ੋਕ ਦੇ ਸ਼ਿਲਾਲੇਖਾ ਵਿਚ ਇਸ ਰਿਸ਼ੀ ਦਾ ਜ਼ਿਕਰ ਮਿਲਦਾ ਹੈ।

          ਹ. ਪੁ.––ਹਿੰ. ਵਿ. ਕੋ. 2 : 444; ਹਿੰ. ਮਿ. ਕੋ. 318


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.