ਕਾਰਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cause (ਕੌਜ) ਕਾਰਨ: ਇਕ ਪ੍ਰਕਿਰਿਆ (process) ਜੋ ਇਕ ਪ੍ਰਭਾਵ ਜਾਂ ਅਸਰ (effect) ਪੈਦਾ ਕਰਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕਾਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਨ [ਨਾਂਪੁ] ਵਜ੍ਹਾ, ਸਬੱਬ; ਮੂਲ; ਮਤਲਬ, ਮੰਤਵ, ਉਦੇਸ਼, ਦਲੀਲ, ਯੁਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਨ. ਦੇਖੋ, ਕਾਰਣ. “ਮਾਇਆ ਕਾਰਨ ਬਿਦਿਆ ਬੇਚਹੁ.” (ਪ੍ਰਭਾ ਕਬੀਰ) ਮਾਇਆ ਵਾਸਤੇ ਵਿਦ੍ਯਾ ਵੇਚਦੇ ਹੋਂ। ੨ ਕਾਰਜ ਦਾ ਸਾਧਨ. “ਕਾਰਨ ਬਪੁਰਾ ਕਿਆ ਕਰੈ ਜਉ ਰਾਮ ਨ ਕਰੈ ਸਹਾਇ.” (ਸ. ਕਬੀਰ) ਕਾਰਜ ਦਾ ਸਾਧਨ ਇਹ ਮਨੁੱਖ ਬੇਚਾਰਾ ਕੀ ਕਰੇ? ੩ ਕਾਰਾਨ. “ਕਾਰਨ ਕੁਨਿੰਦ ਹੈ.” (ਜਾਪੁ) ਕਾਰਾਨ ਕੁਨਿੰਦਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਰਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਰਨ (ਸੰ. ਸੰਸਕ੍ਰਿਤ ਕਾਰਣ) ੧. ਸਬੱਬ। ਯਥਾ-‘ਕਰਨ ਕਾਰਨ ਸੋ ਪ੍ਰਭੁ ਸਮਰਥੁ’।

੨. ਵਾਸਤੇ। ਦੇਖੋ ,‘ਕਾਰਣੁ’,‘ਕਾਰਨ ਕਰਨ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਰਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਰਨ : ਕਿਸੇ ਕਾਰਜ ਦੇ ਮੁੱਢ ਵਿਚ ਜੋ ਨਿਯਤ ਰੂਪ ਵਿਚ ਹੁੰਦਾ ਹੈ ਅਤੇ ਜੋ ਬਿਨਾਂ ਤੱਥ ਦੇ ਨਹੀਂ ਹੁੰਦਾ, ਉਸ ਨੂੰ ਕਾਰਨ ਕਹਿੰਦੇ ਹਨ। ਕਵਲ ਕਾਰਜ ਦੇ ਮੁੱਢ ਵਿਚ ਹੋਣ ਨਾਲ ਹੀ ਕਾਰਨਤਵ ਨਹੀਂ ਹੁੰਦਾ, ਸਗੋਂ ਉਸ ਨੂੰ ਕਾਰਜ ਦੇ ਨੇਪਰੇ ਚੜ੍ਹਨ ਵਿਚ ਹੀ ਸਹਿਯੋਗੀ ਹੋਣਾ ਚਾਹੀਦਾ ਹੈ। ਬਿਨਾਂ ਤੱਥਾਂ ਦੇ ਕਿਸੇ ਗੱਲ ਨੂੰ ਸਿੱਧ ਕਰਨ ਵਿਚ ਅਜਿਹੇ ਝੂਠੇ ਕਾਰਨ ਵੀ ਸ਼ਾਮਲ ਹੁੰਦੇ ਹਨ, ਜਿਹੜੇ ਕਾਰਜ ਦੀ ਉਤਪਤੀ ਦੇ ਪਹਿਲਾਂ ਤਾਂ ਮੌਜੂਦ ਹੁੰਦੇ ਹਨ ਪਰ ਕਾਰਜ ਦੇ ਨੇਪਰ ਚੜ੍ਹਨ ਵਿਚ ਸਹੀ ਰੂਪ ਵਿਚ ਉਪਯੋਗੀ ਨਹੀਂ ਹੁੰਦੇ, ਜਿਵੇਂ ਕਿ ਘੁਮਿਆਰ ਦਾ ਪਿਤਾ ਅਤੇ ਮਿੱਟੀ ਢੋਣ ਵਾਲਾ ਗਧਾ ਅਸਲੀ-ਕਾਰਜ ਸਿੱਧੀ ਵਿਚ ਇਕ ਦੂਜੇ ਨਾਲ ਕੋਈ ਸਬੰਧ ਨਹੀਂ ਰਖਦੇ।

          ਕਾਰਜ-ਕਾਰਨ-ਸਬੰਧ ਇਕ ਦੂਜੇ ਉੱਤੇ ਆਧਾਰਤ ਹਨ। ਕਿਸੇ ਕਾਰਨ ਦੇ ਹੋਣ ਨਾਲ ਹੀ ਕਾਰਜ ਹੁੰਦਾ ਹੈ, ਕਾਰਨ ਦਾ ਹੋਣ ਨਾਲ ਕੋਈ ਕਾਰਜ ਨਹੀਂ ਹੁੰਦਾ। ਆਮ ਕਰ ਕੇ ਪ੍ਰਕਿਰਤੀ ਵਿਚ ਕਾਰਜ-ਕਾਰਨ-ਸਬੰਧ ਸਪੱਸ਼ਟ ਨਹੀਂ ਹੁੰਦਾ। ਇਸ ਕਾਰਜ ਦੇ ਅਨੇਕਾਂ ਕਾਰਨ ਵਿਖਾਈ ਦਿੰਦੇ ਹਨ। ਸਾਨੂੰ ਉਨ੍ਹਾਂ ਅਨੇਕਾਂ ਵਿਖਾਈ ਦੇਣ ਵਾਲੇ ਕਾਰਨਾਂ ਵਿਚੋਂ ਅਸਲੀ ਕਾਰਨ ਲੱਭਣਾ ਪੈਂਦਾ ਹੈ। ਇਸ ਮੰਤਵ ਲਈ ਵਿਖਾਈ ਦੇਣ ਵਾਲੇ ਇਕ ਕਾਰਨ ਨੂੰ ਪੂਰੀ ਸਾਵਧਾਨੀ ਨਾਲ ਦੂਰ ਕਰਕੇ ਇਹ ਵੇਖਣਾ ਹੁੰਦਾ ਹੈ ਕਿ ਕਾਰਜ ਉਤਪੰਨ ਹੁੰਦਾ ਹੈ ਜਾਂ ਹਟਾਇਆ ਗਿਆ ਹੁੰਦਾ ਹੈ ਉਹ ਕਾਰਨ ਨਹੀਂ ਹੁੰਦਾ। ਜਿਹੜਾ ਅੰਤ ਵਿਚ ਬਾਕੀ ਬਚ ਰਹਿੰਦਾ ਹੈ ਉਹੀ ਅਸਲ ਕਾਰਨ ਮੰਨਿਆ ਜਾਂਦਾ ਹੈ। ਇਹ ਮੰਨਿਆ ਗਿਆ ਹੈ ਕਿ ਇਕ ਕਾਰਜ ਦਾ ਇਕ ਹੀ ਕਾਰਨ ਹੁੰਦਾ ਹੈ, ਨਹੀਂ ਤਾਂ ਅਨੁਮਾਨ ਦੀ ਪ੍ਰਮਾਣਿਕਤਾ ਨਸ਼ਟ ਹੋ ਜਾਵੇਗੀ। ਜੇਕਰ ਧੂੰਏਂ ਦੇ ਅਨੇਕ ਕਾਰਨ ਹੋਣ ਤਾਂ ਧੂੰਏਂ ਦੁਆਰਾ ਅੱਜ ਦਾ ਅਨੁਮਾਨ ਲਗਾਉਣਾ ਗਲਤ ਹੋਵੇਗਾ। ਜਿਥੇ ਅਨੇਕ ਕਾਰਨ ਵਿਖਾਈ ਦਿੰਦੇ ਹੋਣ, ਉੱਥੇ ਕਾਰਜ ਦਾ ਵਿਸ਼ਲੇਸ਼ਣ ਕਰਨ ਉਤੇ ਪਤਾ ਲਗੇਗਾ ਕਿ ਕਾਰਜ ਦੇ ਅਨੇਕ ਅੰਸ਼ ਜਾਂ ਭੇਦ ਕਾਰਨ ਦੇ ਅਨੇਕ ਅੰਸ਼ਾਂ ਤੋਂ ਉਤਪੰਨ ਹੁੰਦੇ ਹਨ। ਇਸ ਤਰ੍ਹਾਂ ਉੱਥੇ ਵੀ ਕਾਰਜ-ਵਿਸ਼ੇਸ਼ ਦਾ ਸਬੰਧ ਕਾਰਨ-ਵਿਸ਼ੇਸ਼ ਨਾਲ ਸਥਾਪਿਤ ਕੀਤਾ ਜਾ ਸਕਦਾ ਹੈ। ਕਾਰਨ ਵਿਸ਼ੇਸ਼ ਦੇ ਸਮੂਹ ਤੋਂ ਕਾਰਜ-ਵਿਸ਼ੇਸ਼ ਦੇ ਸਮੂਹ ਨੂੰ ਉਤਪੰਨ ਹੋਇਆ ਮੰਨਣਾਂ ਇਕ ਭੁੱਲ ਹੈ। ਵਾਸਤਵ ਵਿਚ ਸਮੂਹ ਰੂਪ ਵਿਚ ਅਨੇਕ ਕਾਰਨ-ਵਿਸ਼ੇਸ਼ ਸਮੂਹ ਰੂਪ ਵਿਚ ਕਾਰਜ ਉਤਪੰਨ ਨਹੀਂ ਕਰਦੇ। ਉਹ ਅਲੱਗ ਅਲੱਗ ਹੀ ਕਾਰਜ-ਵਿਸ਼ੇਸ਼ ਦੇ ਕਾਰਨ ਹਨ।

          ਕਾਰਨ ਦਾ ਕਾਰਜ ਤੋਂ ਪਹਿਲਾਂ ਨਿਯਤ ਰੂਪ ਵਿਚ ਮੌਜੂਦ ਹੋਣਾ ਦੋ ਪ੍ਰਕਾਰ ਦਾ ਹੋ ਸਕਦਾ ਹੈ। ਕਾਰਨ ਕਾਰਜ ਦੇ ਉਤਪਾਦਨ ਦੇ ਪਹਿਲਾਂ ਤੋਂ ਹੁੰਦਾ ਹੈ, ਪ੍ਰੰਤੂ ਕਾਰਜ ਉਸ ਕਾਰਨ ਤੋਂ ਵਖਰਿਆਂ ਉਤਪੰਨ ਹੁੰਦਾ ਹੈ। ਕਾਰਨ ਕੇਵਲ ਨਵੀਨ ਕਾਰਜ ਦੇ ਉਤਪਾਦਨ ਵਿਚ ਸਹਿਯੋਗੀ ਹੁੰਦਾ ਹੈ। ਮਿੱਟੀ ਤੋਂ ਘੜਾ ਬਣਦਾ ਹੈ, ਇਸ ਤਰ੍ਹਾਂ ਮਿੱਟੀ ਘੜੇ ਦਾ ਕਾਰਨ ਅਤੇ ਉਹ ਘੁਮਿਆਰ ਵੀ ਜਿਹੜਾ ਮਿੱਟੀ ਮਿੱਟੀ ਹੈ ਅਤੇ ਘੜੇ ਦਾ ਕੋਈ ਵਜੂਦ ਨਹੀਂ ਹੁੰਦਾ। ਘੁਮਿਆਰ ਦੇ ਸਹਿਯੋਗ ਨਾਲ ਘੜੇ ਦੀ ਉਤਪਤੀ ਹੁੰਦੀ ਹੈ, ਇਸ ਤਰ੍ਹਾਂ ਘੜਾ ਨਵੀਨ ਕਾਰਜ ਹੈ, ਜਿਹੜਾ ਪਹਿਲਾਂ ਕਦੇ ਨਹੀਂ ਸੀ। ਇਸ ਸਿਧਾਂਤ ਨੂੰ ਆਰੰਭਵਾਦ ਕਹਿੰਦੇ ਹਨ। ਕਾਰਨ ਨਵੀਨ ਕਾਰਜ ਦਾ ਆਰੰਭਕ ਹੁੰਦਾ ਹੈ। ਕਾਰਨ ਆਪਣੇ ਆਪ ਕਾਰਜ ਰੂਪ ਵਿਚ ਰੂਪਾਂਕ੍ਰਿਤ ਨਹੀਂ ਹੁੰਦਾ। ਭਾਵੇਂ ਕਾਰਜ ਦੇ ਉਤਪਾਦਨ ਵਿਚ ਮਿੱਟੀ, ਘੁਮਿਆਰ, ਚੱਕ ਆਦਿ ਵਸਤਾਂ ਸਹਾਇਕ ਹੁੰਦੀਆਂ ਹਨ ਪ੍ਰੰਤੂ ਉਹ ਸਾਰੀਆਂ ਅਲੱਗ ਅਲੱਗ ਕਾਰਜ (ਘੜਾ) ਨਹੀਂ ਹਨ ਅਤੇ ਨਾ ਹੀ ਇਹ ਸਾਰੇ ਸੰਮਿਲਿਤ ਰੂਪ ਵਿਚ ਘੜਾ ਹਨ। ਘੜਾ ਇਨ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਉਤਪੰਨ ਹੁੰਦਾ ਹੈ, ਪ੍ਰੰਤੂ ਇਨ੍ਹਾਂ ਸਾਰਿਆਂ ਤੋਂ ਵਿਲੱਖਣ ਅਤੇ ਨਵੀਂ ਉਪਲੱਬਧ ਹੈ। ਅੰਸ਼ਾਂ ਤੋਂ ਅੰਸ਼ਕ ਇਕ ਵੱਖਰੀ ਤਾਕਤ ਹੈ, ਇਸੇ ਸਿਧਾਂਤ ਦੇ ਆਧਾਰ ਉੱਤੇ ਆਰੰਭਵਾਦ ਦਾ ਪਰਿਵਰਤਨ ਹੁੰਦਾ ਹੈ।

          ਕਾਰਜ ਦਾ ਕਾਰਨ ਨਾਲ ਸਬੰਧ ਇਕ ਹੋਰ ਦ੍ਰਿਸ਼ਟੀ ਤੋਂ ਵੀ ਵੇਖਿਆ ਜਾ ਸਕਦਾ ਹੈ। ਮਿੱਟੀ ਤੋਂ ਘੜਾ ਬਣਦਾ ਹੈ, ਇਸ ਤਰ੍ਹਾਂ ਘੜਾ ਅਦਿੱਖ ਰੂਪ ਵਿਚ (ਮਿੱਟੀ ਦੇ ਰੂਪ ਵਿਚ) ਮੌਜੂਦ ਹੁੰਦਾ ਹੈ। ਜੇਕਰ ਮਿੱਟੀ ਨਾ ਹੋਵੇ ਤਾਂ ਘੜੇ ਦੀ ਅਦਿੱਖ ਸਥਿਤੀ ਨਹੀਂ ਹੈ, ਇਸ ਲਈ ਘੜਾ ਉਤਪੰਨ ਨਹੀਂ ਹੁੰਦਾ। ਵਸਤੂ-ਵਿਸ਼ੇਸ਼ ਹੀ ਕਾਰਜ-ਵਿਸ਼ੇਸ਼ ਦੇ ਕਾਰਨ ਹੋ ਸਕਦੇ ਹਨ। ਜੇਕਰ ਕਾਰਜ ਕਰਨ ਤੋਂ ਭਿੰਨ ਨਵੀਨ ਸੱਤਾ ਹੋਵੇ ਤਾਂ ਕੋਈ ਵਸਤੂ ਕਿਸੇ ਕਾਰਨ ਤੋਂ ਉਤਪੰਨ ਹੋ ਸਕਦੀ ਹੈ। ਤਿਲ ਦੀ ਥਾਂ ਤੇ ਰੇਤ ਵਿਚੋਂ ਤੇਲ ਨਹੀਂ ਨਿਕਲਦਾ ਕਿਉਂਕਿ ਪ੍ਰਕਿਰਤੀ ਵਿਚ ਇਕ ਸੱਤਾ ਦਾ ਨਿਯਮ ਕੰਮ ਕਰ ਰਿਹਾ ਹੈ। ਸੱਤਾ ਤੋਂ ਸੱਤਾ ਦੀ ਉਤਪਤੀ ਹੁੰਦੀ ਹੈ। ਅਸੱਤ ਤੋਂ ਸੱਤ ਦੀ ਉਤਪਤੀ ਨਹੀਂ ਹੋ ਸਕਦੀ, ਕਿਉਂਕਿ ਇਹ ਪ੍ਰਕਿਰਤੀ ਦੇ ਨਿਯਮ ਦੇ ਉਲਟ ਹੋਵੇਗਾ। ਸਾਂਖ ਯੋਗ ਦਾ ਇਹ ਸਿਧਾਂਤ ਪਰਿਣਾਮਵਾਦ ਕਹਾਉਂਦਾ ਹੈ। ਇਸ ਅਨੁਸਾਰ ਕਾਰਨ ਦਾ ਸਿੱਟਾ ਕਾਰਜ ਦੇ ਰੂਪ ਵਿਚ ਨਿਕਲਦਾ ਹੈ। ਇਸ ਲਈ ਮੂਲ ਰੂਪ ਵਿਚ ਕਾਰਨ ਕਾਰਜ ਤੋਂ ਅਲੱਗ ਨਹੀਂ ਹੈ।

          ਇਨ੍ਹਾਂ ਦੋਹਾਂ ਮੱਤਾਂ ਤੋਂ ਇਲਾਵਾ ਇਕ ਮੱਤ ਹੋਰ ਹੈ, ਜਿਹੜਾ ਨਾ ਤਾਂ ਕਾਰਨ ਨੂੰ ਆਰੰਭਕ ਮੰਨਦਾ ਹੈ ਅਤੇ ਨਾ ਹੀ ਸਿੱਟੇਵਾਚਕ। ਕਾਰਨ ਵਪਾਰ-ਰਹਿਤ ਸੱਤਾ ਹੈ। ਉਸ ਵਿਚ ਕਾਰਜ ਦੀ ਉਤਪਤੀ ਲਈ ਵਪਾਰ ਨਹੀਂ ਹੁੰਦਾ। ਕਾਰਨ ਗੁਪਤ ਤੱਤ ਹੈ ਪ੍ਰੰਤੂ ਗੁਪਤਤਾ ਦੇ ਹੁੰਦੇ ਹੋਏ ਵੀ ਕਾਰਜ ਉਤਪੰਨ ਹੁੰਦਾ ਹੈ। ਜਿਸ ਤਰ੍ਹਾਂ ਭਰਮ ਦੀ ਹਾਲਤ ਵਿਚ ਰੱਸੀ ਦੀ ਥਾਂ ਸੱਪ ਵਿਖਾਈ ਦਿੰਦਾ ਹੈ, ਉਸੇ ਤਰ੍ਹਾਂ ਕਾਰਨ ਕੀ ਥਾਂ ਤੇ ਕਾਰਜ ਵਿਖਾਈ ਦਿੰਦਾ ਹੈ। ਇਸ ਲਈ ਕਾਰਨ-ਕਾਰਜ ਦਾ ਭੇਦ ਤਾਤਵਿਕ ਭੇਦ ਨਹੀਂ ਹੈ। ਇਹ ਭੇਦ ਕੇਵਲ ਵੇਖਣ ਵਿਚ ਹੀ ਆਉਂਦਾ ਹੈ। ਇਸ ਮੱਤ ਨੂੰ, ਜਿਹੜਾ ਕਿ ਅਦਵੈਦ ਵੇਦਾਂਤ ਵਿਚ ਸਵੀਕਾਰ ਕੀਤਾ ਜਾਂਦਾ ਹੈ, ਵਿਵਰਤਵਾਦ ਕਹਿੰਦੇ ਹਨ। ਆਰੰਭਵਾਦ ਵਿਚ ਕਾਰਜ ਕਾਰਨ ਅਲੱਗ ਅਲੱਗ ਹਨ, ਪਰਿਮਾਣਵਾਦ ਵਿਚ ਉਨ੍ਹਾਂ ਵਿਚ ਤਾਤਵਿਕ ਭੇਦ ਨਾ ਹੁੰਦੇ ਹੋਏ ਵੀ ਅਵਿਅਕਤ-ਵਿਅਕਤ ਅਵਸਥਾ ਦਾ ਭੇਦ ਮੰਨਿਆ ਜਾਂਦਾ ਹੈ, ਪ੍ਰੰਤੂ ਵਿਵਰਤਵਾਦ ਵਿਚ ਨਾ ਤਾਂ ਤਾਤਵਿਕ ਭੇਦ ਹੈ ਅਤੇ ਨਾ ਹੀ ਅਵਸਥਾ ਦਾ। ਕਾਰਜ ਕਾਰਨ ਦਾ ਭੇਦ ਧੋਖੇ ਵਾਲਾ ਭੇਦ ਹੈ ਅਤੇ ਭਰਮ ਕਰ ਕੇ ਸਹੀ ਕਾਰਜ ਵੀ ਅਸਲ ਵਿਚ ਅਸੱਤ ਹੀ ਜਾਪਦਾ ਹੈ। ਜਦੋਂ ਤੱਕ ਦ੍ਰਿਸ਼ਟੀ ਦੋਸ਼ ਵਾਲੀ ਹੈ, ਉਦੋਂ ਤੱਕ ਵਿਹਾਰਕ ਦਸ਼ਾ ਵਿਚ ਉਹ ਦੋਵੇਂ ਵੱਖਰੇ ਵੱਖਰੇ ਵਿਖਾਈ ਦਿੰਦੇ ਹਨ। ਦ੍ਰਿਸ਼ਟੀ ਦੋਸ਼ ਦੇ ਇਕਮਿਕ ਹੁੰਦੇ ਹੀ ਕਾਰਜ ਇਕਮਿਕ ਹੁੰਦਾ ਹੈ ਅਤੇ ਕਾਰਨ ਦੇ ਸ਼ੁੱਧ ਰੂਪ ਦੇ ਗਿਆਨ ਦਾ ਪਤਾ ਲਗਦਾ ਹੈ।

          ਕਾਰਨ ਦੀਆਂ ਤਿੰਨ ਕਿਸਮਾਂ ਮੰਨੀਆਂ ਗਈਆਂ ਹਨ :

          (1) ਉਤਪਾਦਨ ਕਾਰਨ : ਇਹ ਉਹ ਕਾਰਨ ਹੈ, ਜਿਸ ਵਿਚ ਲਗਾਤਾਰ ਸਬੰਧ ਕਰ ਕੇ ਕਾਰਜ ਉਤਪੰਨ ਹੁੰਦਾ ਹੈ, ਅਰਥਾਤ ਉਹ ਵਸਤੂ ਜਿਹੜੀ ਕਾਰਜ ਦੇ ਪਿੰਡ ਦਾ ਨਿਰਮਾਣ ਕਰਦੀ ਹੈ, ਉਤਪਾਦਨ ਕਹਾਉਂਦੀ ਹੈ। ਮਿੱਟੀ ਘੜੇ ਦਾ ਜਾਂ ਧਾਗਾ ਕਪੜੇ ਦਾ ਉਤਪਾਦਨ ਕਾਰਨ ਹੈ। ਇਸ ਨੂੰ ਸਮਵਾਇ ਕਾਰਨ ਵੀ ਕਹਿੰਦੇ ਹਨ।

          (2) ਅਸਮਵਾਇ ਕਾਰਨ : ਸਮਵਾਇ ਕਾਰਨ ਨਾਲ ਲਗਾਤਾਰ ਸਬੰਧ ਰੱਖ ਕੇ ਕਾਰਜ ਦੀ ਉਤਪਤੀ ਵਿਚ ਸਹਾਇਕ ਹੁੰਦਾ ਹੈ। ਧਾਗੇ ਦਾ ਰੰਗ ਧਾਗੇ ਵਿਚ, ਜਿਹੜਾ ਕਪੜੇ ਦਾ ਸਮਵਾਇ ਕਾਰਨ ਹੈ, ਹਮੇਸ਼ਾ ਰਹਿਣ ਵਾਲੇ ਸਬੰਧ ਕਰ ਕੇ ਹੈ ਅਤੇ ਇਹੋ ਰੰਗ ਕਪੜੇ ਦੇ ਰੰਗ ਕਾਰਨ ਹੈ। ਇਸ ਲਈ ਧਾਗੇ ਦੇ ਰੰਗ ਨੂੰ ਕਪੜੇ ਦਾ ਅਸਮਵਾਇ ਕਾਰਨ ਕਿਹਾ ਜਾਂਦਾ ਹੈ। ਸਮਵਾਇ ਕਾਰਨ ਪਦਾਰਥ ਰੂਪ ਹੁੰਦਾ ਹੈ, ਪ੍ਰੰਤੂ ਅਸਮਵਾਇ ਕਾਰਨ ਗੁਣ ਜਾਂ ਕਿਰਿਆ ਰੂਪ ਵਿਚ ਹੁੰਦਾ ਹੈ।

          (3) ਨਿਮਿਤ ਕਾਰਨ : ਸਮਵਾਇ ਕਾਰਨ ਵਿਚ ਗਤੀ ਪੈਦਾ ਕਰਦਾ ਹੈ, ਜਿਸ ਨਾਲ ਕਾਰਜ ਦੀ ਉਤਪਤੀ ਹੁੰਦੀ ਹੈ। ਘੁਮਿਆਰ ਘੜੇ ਦਾ ਨਿਮਿਤ ਹੈ ਕਿਉਂਕਿ ਉਹੀ ਉਤਪਾਦਨ ਨਾਲ ਘੜੇ ਦਾ ਨਿਰਮਾਣ ਕਰਦਾ ਹੈ। ਸਮਵਾਇ ਅਤੇ ਅਸਮਵਾਇ ਤੋਂ ਭਿੰਨ ਹੋਰ ਸਾਰੇ ਕਾਰਨ ਜਿਹੜੇ ਬਿਨਾਂ ਤੱਥ ਦੇ ਨਹੀਂ ਹੁੰਦੇ ਨਿਮਿਤ ਕਾਰਨ ਕਹਾਉਂਦੇ ਹਨ। ਅਰਸਤੂ ਅਨੁਸਾਰ ਕਾਰਨ ਦੀ ਇਕ ਚੌਥੀ ਕਿਸਮ ਹੁੰਦੀ ਹੈ, ਜਿਸ ਨੂੰ ਉਹ ਪ੍ਰਯੋਕਤ (ਫ਼ਾਈਨਲ) ਕਾਰਨ ਕਹਿੰਦਾ ਹੈ। ਜਿਸ ਉਦੇਸ਼ ਨਾਲ ਕਾਰਜ ਦਾ ਨਿਰਮਾਣ ਹੁੰਦਾ ਹੈ, ਉਹ ਉਦੇਸ਼ ਵੀ ਕਾਰਜ ਦਾ ਕਾਰਨ ਹੁੰਦਾ ਹੈ। ਪਾਣੀ ਰੱਖਣ ਲਈ ਘੜੇ ਦਾ ਨਿਰਮਾਣ ਹੁੰਦਾ ਹੈ, ਇਸ ਲਈ ਉਹ ਉਦੇਸ਼ ਘੜੇ ਦਾ ਪ੍ਰਯੋਜਕ ਕਾਰਨ ਹੈ। ਇਸ ਚੌਥੀ ਪ੍ਰਕਾਰ ਦੇ ਕਾਰਨ ਨੂੰ ਨਿਮਿਤ ਵਿਚ ਹੀ ਸ਼ਾਮਲ ਕੀਤਾ ਜਾ ਸਕਦਾ ਹੈ।

          ਕਾਰਨ ਦੇ ਬਾਰੇ ਵਿਚ ਆਰੰਭਵਾਦ ਦਾ ਸਿਧਾਂਤ ਨਿਮਿਤ ਕਾਰਨ ਨੂੰ ਮਹੱਤਵ ਹੁੰਦਾ ਹੈ। ਕਿਸੇ ਉਦੇਸ਼ ਦੀ ਪੂਰਤੀ ਲਈ ਕਾਰਜ ਦਾ ਨਿਰਮਾਣ ਹੁੰਦਾ ਹੈ, ਜੇ ਕਰ ਉਹ ਉਦੇਸ਼ ਸਥਿਤ ਵਸਤੂਆਂ ਨਾਲ ਮੁਕੰਮਲ ਹੋ ਜਾਵੇ ਤਾਂ ਕਾਰਜ ਦੀ ਲੋੜ ਹੀ ਨਹੀਂ ਰਹੇਗੀ। ਇਸ ਲਈ ਕਾਰਜ ਦੀ ਸਥਿਤੀ ਨਿਮਿਤ ਤੋਂ ਵੱਖਰੀ ਹੈ ਅਤੇ ਉਸ ਦੀ ਪੂਰਤੀ ਲਈ ਨਿਮਿਤ ਉਪਾਦਾਨ ਵਿਚ ਹਰਕਤ ਪੈਦਾ ਕਰਦਾ ਹੈ। ਜੀਵਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਫਲ ਭੁਗਤਣ ਦੇ ਉਦੇਸ਼ ਨਾਲ ਰੱਬ ਸੰਸਾਰ ਦਾ ਨਿਰਮਾਣ ਕਰਦਾ ਹੈ। ਪਰਿਣਾਮਵਾਦ ਦਾ ਜ਼ੋਰ ਉਪਾਦਾਨ ਕਾਰਨ ਉੱਤੇ ਹੈ। ਵਸਤੂ ਨੂੰ ਗਤੀ ਦਿਤੀ ਨਹੀਂ ਜਾਂਦੀ, ਸਗੋਂ ਗਤੀ ਤਾਂ ਵਸਤੂ ਦੇ ਸੁਭਾਉ ਦਾ ਅੰਗ ਹੈ। ਇਸ ਲਈ ਮੁੱਖ ਕਾਰਨ ਗਤੀ (ਨਿਮਿਤ) ਨਹੀਂ, ਸਗੋਂ ਗਤੀ ਦਾ ਆਧਾਰ (ਉਪਾਦਾਨ ਪ੍ਰਕਿਰਤੀ) ਹੈ। ਆਪਣੇ ਆਪ ਉਪਾਦਾਨ ਦਾ ਸਿੱਟਾ ਕਾਰਜ ਦੇ ਰੂਪ ਵਿਚ ਨਿਕਲਦਾ ਹੈ, ਕੇਵਲ ਅਸਪਸ਼ਟਤਾ ਦੇ ਪਰਦੇ ਨੂੰ ਦੂਰ ਕਰਨ ਲਈ ਅਤੇ ਸੁੱਤੀ ਗਤੀ ਨੂੰ ਜਗਾਉਣ ਲਈ ਕਿਸੇ ਨਿਮਿਤ ਦੀ ਲੋੜ ਹੁੰਦੀ ਹੈ।

          ਕਾਰਨ ਦੇ ਸਬੰਧ ਵਿਚ ਜੇਕਰ ਛਿੰਨਵਾਦ ਦਾ ਉਲੇਖ ਨਾ ਕੀਤਾ ਜਾਵੇ ਤਾਂ ਇਹ ਵਿਸ਼ਾ ਅਧੂਰਾ ਹੀ ਰਹਿ ਜਾਵੇਗਾ। ਉਪਾਦਾਨ ਅਤੇ ਨਿਮਿਤ ਭਾਵ ਰੂਪ ਹੋਣ ਦੇ ਕਾਰਨ ਬੁੱਧ ਮੱਤ ਦੇ ਅਨੁਸਾਰ ਛਿੱਨ-ਮਾਤਰ ਹਨ। ਉਨ੍ਹਾਂ ਦੀ ਸਥਿਤੀ ਇਕ ਛਿੰਨ ਤੋਂ ਵੱਧ ਨਹੀਂ ਰਹਿ ਸਕਦੀ। ਅਜਿਹੀ ਸਥਿਤੀ ਵਿਚ ਜਦੋਂ ਉਤਪਾਦਨ ਹਰ ਛਿੰਨ ਬਦਲਦਾ ਰਹਿੰਦਾ ਹੈ ਤਾਂ ਉਹ ਕਾਰਜ ਨੂੰ ਕਿਵੇਂ ਉਤਪੰਨ ਕਰ ਸਕੇਗਾ ? ਆਪਣੇ ਇਕ ਛਿੰਨ ਦੇ ਜੀਵਨ ਵਿਚ ਉਹ ਦੂਜੀ ਵਸਤੂ ਉਤਪੰਨ ਨਹੀਂ ਕਰ ਸਕਦਾ। ਉਤਪਾਦਨ ਲਈ ਘੱਟ ਤੋਂ ਘੱਟ ਚਾਰ ਛਿੰਨਾਂ ਤੱਕ ਕਾਰਨ ਦੀ ਸਥਿਤੀ ਦੀ ਲੋੜ ਹੁੰਦੀ ਹੈ। ਪਹਿਲੇ ਛਿੰਨ ਵਿਚ ਉਤਪਤੀ, ਦੂਜੇ ਛਿੰਨ ਵਿਚ ਸਥਿਤੀ, ਤੀਜੇ ਛਿੰਨ ਵਿਚ ਦੂਜੀ ਵਸਤੂ ਦਾ ਉਤਪਾਦਨ ਅਤੇ ਚੌਥੇ ਛਿੰਨ ਵਿਚ ਨਾਸ਼। ਪ੍ਰੰਤੂ ਜਦੋਂ ਕਾਰਨ ਚਾਰ ਛਿੰਨਾਂ ਤਕ ਰਹਿ ਗਿਆ ਤਾਂ ਫਿਰ ਉਸ ਦਾ ਨਾਸ਼ ਕੌਣ ਕਰ ਸਕਦਾ ਹੈ। ਪਰ ਇਸ ਗੱਲ ਤੋਂ ਇਹ ਨਹੀਂ ਸਮਝਣਾ ਚਾਹੀਦਾ ਕਿ ਕਾਰਨ ਸਦਾ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ। ਜੇਕਰ ਕਾਰਨ ਅਵਿਨਾਸ਼ੀ ਹੈ ਤਾਂ ਉਹ ਤਿੰਨਾਂ ਕਾਲਾਂ ਵਿਚ ਅਵਿਨਾਸ਼ੀ ਹੋਵੇਗਾ, ਫਿਰ ਕਾਰਨ ਤੋਂ ਕਾਰਜ ਦੀ ਉਤਪਤੀ ਕਿਵੇਂ ਹੋ ਸਕਦੀ ਹੈ ? ਜੇਕਰ ਵਸਤੂ ਅਵਿਨਾਸ਼ੀ ਹੈ ਤਾਂ ਇਸ ਦਾ ਆਰੰਭ ਕਿਵੇਂ ਹੋਵੇਗਾ। ਨਾ ਪਰਿਮਾਣਵਾਦ ਅਤੇ ਨਾ ਹੀ ਆਰੰਭਵਾਦ ਇਸ ਗੱਲ ਦਾ ਉੱਤਰ ਦੇ ਸਕਦਾ ਹੈ। ਭਰਮਵਾਦ ਤਿਆਗਣਯੋਗ ਹੈ ਕਿਉਂਕਿ ਇਹ ਸਾਰੇ ਸੰਸਾਰ ਨੂੰ ਹੀ ਮਿਥਿਆ ਮੰਨਦਾ ਹੈ। ਬਲਕਿ ਛਿੰਨਵਾਦ ਛਿੰਨਸੰਤਾਨ ਨੂੰ ਹੀ ਸਤਿ ਮੰਨਦੇ ਹੋਏ ਕਹਿੰਦਾ ਹੈ ਕਿ ਕਾਰਨ-ਕਾਰਜ ਦਾ ਸਬੰਧ ਕੇਵਲ ਕ੍ਰਮ ਦਾ ਸਬੰਧ (Relation of Sequence) ਹੈ। ਛਿੰਨ ਸੰਤਾਨ ਵਿਚ ਜੋ ਪਹਿਲਾ ਛਿੰਨ ਹੈ ਉਹ ਕਾਰਨ ਅਤੇ ਮਗਰੋਂ ਵਾਲਾ ਛਿੰਨ ਕਾਰਜ ਕਿਹਾ ਜਾ ਸਕਦਾ ਹੈ। ਇਸ ਕ੍ਰਮ ਤੋਂ ਸਿਵਾ ਉਨ੍ਹਾਂ ਵਿਚ ਤਾਤਵਿਕ ਕੋਈ ਸਬੰਧ ਨਹੀਂ ਹੈ।

          ਹ. ਪੁ.––ਹਿੰ. ਵਿ. ਕੋ. 2 : 463


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.