ਕਾਲਸਰੂਪ/ਪੱਖ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਾਲਸਰੂਪ/ਪੱਖ : ਕਾਲਸਰੂਪ ਇੱਕ ਵਿਆਕਰਨਿਕ ਇਕਾਈ ਹੈ, ਜਿਸ ਦਾ ਸੰਬੰਧ ਕਿਸੇ ਵਾਕ ਰਾਹੀਂ ਪ੍ਰਗਟ ਕੀਤੇ ਕਾਰਜ ਦੀ ਸਮੇਂ ਪੱਖੋਂ ਅੰਦਰੂਨੀ ਬਣਤਰ ਨਾਲ ਹੈ। ਮਿਸਾਲ ਲਈ ਹੇਠਲੇ ਵਾਕਾਂ ਵਿੱਚ ਵਾਕ (1) ਕਾਰਜ ਦੇ ਹੋਣ ਦੀ ਲਗਾਤਾਰਤਾ ਨੂੰ ਪ੍ਰਗਟ ਕਰਦਾ ਹੈ, ਪਰ ਵਾਕ (2) ਕਾਰਜ ਦੇ ਸੰਪੂਰਨ ਹੋਣ ਨੂੰ ਪ੍ਰਗਟ ਕਰਦਾ ਹੈ:
1. ਵਿਦਿਆਰਥੀ ਤਸਵੀਰ ਵੇਖਦਾ ਹੈ।
2. ਵਿਦਿਆਰਥੀ ਨੇ ਤਸਵੀਰ ਵੇਖੀ ਹੈ।
ਕਾਰਜ ਦੇ ਪੂਰਨ ਹੋਣ, ਅਪੂਰਨ ਹੋਣ ਅਤੇ ਲਗਾਤਾਰਤਾ ਆਦਿ ਅਰਥਾਂ ਨੂੰ ਪ੍ਰਗਟ ਕਰਨ ਵਾਲੀ ਵਿਆਕਰਨਿਕ ਇਕਾਈ ਨੂੰ ਕਾਲਸਰੂਪ ਕਿਹਾ ਜਾਂਦਾ ਹੈ। (ਕੁਝ ਵਿਦਵਾਨ ਇਸ ਸੰਕਲਪ ਲਈ ‘ਪੱਖ’ ਸ਼ਬਦ ਦੀ ਵਰਤੋਂ ਕਰਦੇ ਹਨ)।
ਪੁਰਖ, ਕਾਲ ਅਤੇ ਬਿਰਤੀ ਇਕਾਈਆਂ ਵਾਂਗ ਹੀ ਕਾਲਸਰੂਪ ਦੇ ਪ੍ਰਸੰਗ ਤੋਂ ਵੀ ਭਾਸ਼ਾਵਾਂ ਵਿੱਚ ਵਖਰੇਵੇਂ ਹਨ। ਕੁਝ ਭਾਸ਼ਾਵਾਂ ਵਿੱਚ ਕਾਲਸਰੂਪ ਦਾ ਪ੍ਰਗਟਾਵਾ ਕਿਰਿਆ ਤੋਂ ਹੁੰਦਾ ਹੈ। ਕੁਝ ਭਾਸ਼ਾਵਾਂ ਵਿੱਚ ਸਹਾਇਕ ਕਿਰਿਆਵਾਂ ਰਾਹੀਂ, ਕੁਝ ਵਿੱਚ ਸੰਯੁਕਤ ਕਿਰਿਆਵਾਂ, ਕਿਰਿਆ ਵਿਸ਼ੇਸ਼ਣਾਂ ਅਤੇ ਹੋਰ ਸ਼ਬਦ ਸਮੂਹਾਂ (ਵਾਕਾਂਸ਼ਾਂ) ਰਾਹੀਂ ਹੁੰਦਾ ਹੈ। ਬਹੁਤ ਭਾਸ਼ਾਵਾਂ ਵਿੱਚ ਪ੍ਰਗਟਾਅ ਦੇ ਮਿਲੇ-ਜੁਲੇ ਰੂਪ ਮਿਲਦੇ ਹਨ।
ਪੰਜਾਬੀ ਵਿੱਚ ਕਿਰਿਆ ਮੂਲ ਰੂਪ ਵਿੱਚ ਦੋ ਕਾਲਸਰੂਪਾਂ ਲਈ ਰੂਪ ਵਟਾਉਂਦੀ ਹੈ, ਪੂਰਨ (Perfect) ਅਤੇ ਅਪੂਰਨ (imperfect)। ਉਪਰ ਵਾਕ (2) ਵਿੱਚ ਕਿਰਿਆ ਪੂਰਨ ਕਾਲਸਰੂਪ ਰੂਪ ਵਿੱਚ ਹੈ ਅਤੇ (1) ਵਿੱਚ ਅਪੂਰਨ ਕਾਲਸਰੂਪ ਰੂਪ ਵਿੱਚ। (1) ਵਿੱਚ ਕਿਰਿਆ ਬਿਆਨ ਦੇ ਸਮੇਂ ਤੱਕ ਕਾਰਜ ਦੀ ਅਪੂਰਨਤਾ ਨੂੰ ਪ੍ਰਗਟ ਕਰਦੀ ਹੈ ਅਤੇ (2) ਵਿੱਚ ਕਿਰਿਆ ਬਿਆਨ ਦੇ ਸਮੇਂ ਤੱਕ ਕਾਰਜ ਦੇ ਪੂਰਨ ਹੋਣ ਨੂੰ ਪ੍ਰਗਟ ਕਰਦੀ ਹੈ। ਬਹੁਤੇ ਵਿਦਵਾਨ (2) ਵਾਕ ਦੇ ਕਿਰਿਆ ਰੂਪ ਨੂੰ ਭੂਤਕਾਲੀ ਰੂਪ ਦਾ ਨਾਂ ਦਿੰਦੇ ਹਨ, ਪਰ ਇਹ ਧਾਰਨਾ ਗ਼ਲਤ ਹੈ। (2) ਅਤੇ (3) ਵਾਕ ਇਸ ਲਈ ਸਬੂਤ ਵਜੋਂ ਦਿੱਤੇ ਜਾ ਸਕਦੇ ਹਨ :
2. ਵਿਦਿਆਰਥੀ ਨੇ ਤਸਵੀਰ ਵੇਖੀ ਹੈ।
3. ਵਿਦਿਆਰਥੀ ਨੇ ਤਸਵੀਰ ਵੇਖੀ ਸੀ।
(2) ਅਤੇ (3) ਵਿੱਚ ਕਾਲ ਦਾ ਪ੍ਰਗਟਾਵਾ ‘ਹੈ’ ਅਤੇ ‘ਸੀ’ ਰਾਹੀਂ ਹੋ ਰਿਹਾ ਹੈ ਨਾ ਕਿ ਕਿਰਿਆ ਰੂਪ ‘ਵੇਖੀ’ ਰਾਹੀਂ। ਕਿਰਿਆ ਰੂਪ ‘ਵੇਖੀ’ ਤਾਂ ਕਾਰਜ ਦੇ ਪੂਰਨ ਹੋਣ ਨੂੰ ਪ੍ਰਗਟ ਕਰਦਾ ਹੈ। ਪੰਜਾਬੀ ਕਿਰਿਆ ਦਾ ਵਿਕਾਰ ਕਾਲ ਪੱਖੋਂ ਸਿਰਫ਼ ਭੂਤਕਾਲ ਲਈ ਹੁੰਦਾ ਹੈ, ਕਿਸੇ ਹੋਰ ਕਾਲ ਲਈ ਨਹੀਂ।
ਕਾਲ ਅਤੇ ਕਾਲਸਰੂਪ ਇਕਾਈਆਂ ਦਾ ਨਿਖੇੜਾ ਬਹੁਤ ਕਠਨ ਹੈ ਅਤੇ ਕਈ ਭਾਸ਼ਾਵਾਂ ਵਿੱਚ ਇਹ ਦੋਵੇਂ ਇੱਕ ਦੂਜੇ ਵਿੱਚ ਘੁਲ-ਮਿਲ ਜਾਂਦੇ ਹਨ।
ਭਾਸ਼ਾਵਾਂ ਵਿੱਚ ਕਾਲਸਰੂਪ ਦੀਆਂ ਬਹੁਤ ਵੰਨਗੀਆਂ ਮਿਲਦੀਆਂ ਹਨ। ਇਹਨਾਂ ਵਿੱਚੋਂ ਪ੍ਰਮੁੱਖ ਵੰਨਗੀਆਂ ਇਹ ਹਨ :
ਪੂਰਨ - ਜਿਵੇਂ ਵਾਕ (2) ਅਤੇ (3) ਵਿੱਚ।
ਅਪੂਰਨ - ਜਿਵੇਂ ਵਾਕ (1) ਵਿੱਚ।
ਨਿਰੰਤਰ - 4. ਵਿਦਿਆਰਥੀ ਪੜ੍ਹ ਰਹੇ ਹਨ।
ਅੱਗੋਂ ਇਹ ਕਾਲਸਰੂਪ ਵਰਗ ਕਾਲ ਨਾਲ ਮਿਲਦੇ ਕਈ ਹੋਰ ਵਰਗਾਂ ਦੀ ਸਿਰਜਣਾ ਕਰਦੇ ਹਨ :
ਪੂਰਨ ਭੂਤ - ਜਿਵੇਂ (3) ਵਿੱਚ।
ਅਪੂਰਨ ਭੂਤ - 5. ਵਿਦਿਆਰਥੀ ਪੜ੍ਹਦੇ ਸਨ।
ਪੂਰਨ ਵਰਤਮਾਨ - ਜਿਵੇਂ (2) ਵਿੱਚ।
ਅਪੂਰਨ ਵਰਤਮਾਨ - 6. ਵਿਦਿਆਰਥੀ ਕਿਤਾਬ ਪੜ੍ਹਦਾ ਹੈ।
ਲੇਖਕ : ਜੋਗਾ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First