ਕਾਵਿ-ਕਥਾਵਾਂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਾਵਿ-ਕਥਾਵਾਂ : ਪੁਰਾਤਨ ਭਾਰਤੀ ਸਾਹਿਤ ਵਿੱਚ ‘ਗਾਥਾ’ ਇੱਕ ਮਹੱਤਵਪੂਰਨ ਸਾਹਿਤ ਰੂਪ ਸੀ। ‘ਗਾਥਾ’ ਨੂੰ ਉਸ ਸਮੇਂ ‘ਅਖਿਆਨ’ ਅਤੇ ‘ਕਥਾ` ਵੀ ਕਿਹਾ ਜਾਂਦਾ ਸੀ। ਜਿਸ ਤਰ੍ਹਾਂ ਸਮੇਂ ਦੇ ਪਰਿਵਰਤਨ ਨਾਲ ਜ਼ਿੰਦਗੀ ਦੀ ਨੁਹਾਰ ਬਦਲਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ਦੀ ਨੁਹਾਰ ਬਦਲਣ ਦੇ ਨਾਲ-ਨਾਲ ਸਾਹਿਤ ਅਤੇ ਸੱਭਿਆਚਾਰ ਦੀ ਨੁਹਾਰ ਵੀ ਬਦਲਦੀ ਰਹਿੰਦੀ ਹੈ। ਪੁਰਾਤਨ ‘ਗਾਥਾ’ ਸਾਹਿਤ ਰੂਪ ਨੇ ਅਜੋਕੇ ਸਮੇਂ ਵਿੱਚ ਆ ਕੇ ਆਧੁਨਿਕ ਕਹਾਣੀ ਦਾ ਰੂਪ ਧਾਰਨ ਕਰ ਲਿਆ।
ਕਾਵਿ-ਕਥਾ ਨੂੰ ਅਸੀਂ ਸਧਾਰਨ ਅਰਥਾਂ ਵਿੱਚ ਛੰਦ- ਬੱਧ ਕਵਿਤਾ ਕਹਿ ਸਕਦੇ ਹਾਂ। ਭਾਵ ਛੰਦ ਯੁਕਤ ਕਵਿਤਾ ਦੇ ਮਾਧਿਅਮ ਦੁਆਰਾ ਕਿਸੇ ਲੋਕ ਗਾਥਾ ਨੂੰ ਪੇਸ਼ ਕਰਨਾ ਹੀ ‘ਕਾਵਿ-ਕਥਾ’ ਦੇ ਦਾਇਰੇ ਵਿੱਚ ਆਉਂਦਾ ਹੈ।
ਪੱਛਮੀ ਸਾਹਿਤ ਅਚਾਰੀਆਂ ਨੇ ਕਾਵਿ ਭੇਦ ਕਰਦਿਆਂ ਮੁੱਖ ਰੂਪ ਵਿੱਚ ਕਾਵਿ ਦੇ ਤਿੰਨ ਭੇਦ ਮੰਨੇ ਹਨ :
1. ਐਪਿਕ ਜਾਂ ਮਹਾਂਕਾਵਿ 2. ਲਿਰਿਕ ਜਾਂ ਗੀਤ-ਕਾਵਿ 3. ਨਾਟਯ-ਕਾਵਿ (ਦੁਖਾਂਤ ਅਤੇ ਸੁਖਾਂਤ)
ਅੱਗੇ ਚੱਲ ਕੇ ਨਾਟਕ ਦੇ ਅੱਡ ਹੋ ਜਾਣ ਕਰ ਕੇ ਕੇਵਲ ਦੋ ਰੂਪਾਂ ਨੂੰ ਹੀ ਸਵੀਕਾਰ ਕੀਤਾ ਜਾਣ ਲੱਗਿਆ-1. ਵਰਣਾਤਮਿਕ ਕਾਵਿ ਅਰਥਾਤ ਵਸਤੂ-ਪ੍ਰਧਾਨ ਜਾਂ ਵਿਸ਼ੇ-ਪ੍ਰਧਾਨ ਕਾਵਿ ਰਚਨਾ ਅਤੇ ਆਤਮ ਅਨੁਭੂਤੀ ਪ੍ਰਧਾਨ ਵਰਣਾਤਮਿਕ ਕਾਵਿ ਦਾ ਇੱਕ ਉਪਭੇਦ ‘ਬੈਲਡ’ ਹੈ, ਇਸ ਨੂੰ ਪਦਾਤਮਕ ਖੰਡ-ਕਾਵਿ ਵੀ ਕਹਿ ਸਕਦੇ ਹਾਂ। ਇਸ ਵਿੱਚ ਬੀਰਤਾ ਜਾਂ ਪ੍ਰੇਮ ਕਥਾ ਨੂੰ ਪ੍ਰਗਟਾਇਆ ਗਿਆ ਹੁੰਦਾ ਹੈ।
‘ਕਾਵਿ-ਕਥਾਵਾਂ’ ਲੋਕ ਵਿਰਸੇ ਵਿੱਚ ਪ੍ਰਚਲਿਤ ਕਿਸੇ ਅਨਾਮ ਕਵੀ ਵੱਲੋਂ ਲਿਖੀਆਂ ਛੰਦ-ਬੱਧ ਲੋਕ-ਗਾਥਾਵਾਂ ਨੂੰ ਕਿਹਾ ਜਾਂਦਾ ਹੈ। ਉਦਾਹਰਨ ਲਈ ਪੰਜਾਬੀ ਵਿੱਚ ਪ੍ਰਚਲਿਤ ਦੁੱਲਾ ਭੱਟੀ ਦੀ ਲੋਕ-ਗਾਥਾ ਦਾ ਹਵਾਲਾ ਪ੍ਰਮੁਖਤਾ ਸਹਿਤ ਦਿੱਤਾ ਜਾ ਸਕਦਾ ਹੈ। ਇਸ ਸੰਦਰਭ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਕਾਵਿ-ਕਥਾ ਦਾ ਲੋਕ ਵਿਰਸੇ ਵਿੱਚ ਪ੍ਰਚਲਿਤ ਹੋਣਾ ਅਤੇ ਸਥਾਪਿਤ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਦੂਸਰਾ ਲੋਕ-ਵਿਰਸੇ ਨਾਲ ਸੰਬੰਧਿਤ ਹੋਣ ਕਰ ਕੇ ਇਸ ਤਰ੍ਹਾਂ ਦੀ ਗਾਥਾ ਕਿਸੇ ਅਨਾਮ ਕਵੀ ਦੀ ਰਚਨਾ ਹੁੰਦੀ ਹੈ, ਭਾਵ ਸਮੇਂ ਦੇ ਬੀਤਣ ਨਾਲ ਇਸ ਤਰ੍ਹਾਂ ਦੀ ਰਚਨਾ ਉਪਰ ਲੋਕ-ਰੰਗ, ਲੋਕ-ਸੋਚ ਅਤੇ ਲੋਕ-ਚੇਤਨਾ ਦਾ ਅਸਰ ਅਤੇ ਪ੍ਰਭਾਵ ਪੈਣਾ ਸੁਭਾਵਿਕ ਹੁੰਦਾ ਹੈ। ਤੀਸਰਾ ਅਜਿਹੀਆਂ ਲੋਕ-ਗਾਥਾਵਾਂ ਲੋਕ ਮਨਾਂ ਅਤੇ ਸੰਸਕ੍ਰਿਤੀ ਦੀ ਪ੍ਰਤਿਨਿਧਤਾ ਕਰਦੀਆਂ ਹਨ ਅਤੇ ਲੋਕ ਚੇਤਨਾ ਦਾ ਸਹਿਜ ਸੁਭਾਵਿਕ ਅੰਗ ਬਣੀਆਂ ਰਹਿੰਦੀਆਂ ਹਨ। ਪੰਜਾਬੀ ਕਿੱਸਾ-ਕਾਵਿ ਵਿੱਚ ਲਿਖੇ ਗਏ ਕਿੱਸਿਆਂ-ਹੀਰ ਰਾਂਝਾ, ਸੱਸੀ ਪੁੰਨੂੰ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਂਵਾਲ ਵਿੱਚੋਂ ਲੋਕ-ਗਾਥਾਵਾਂ ਦੇ ਰੰਗ ਨੂੰ ਗੂੜ੍ਹੇ ਰੂਪ ਵਿੱਚ ਪਹਿਚਾਣਿਆ ਜਾ ਸਕਦਾ ਹੈ। ਇਹ ਵੱਖਰੀ ਗੱਲ ਹੈ ਕਿ ਇਹਨਾਂ ਕਿੱਸਿਆਂ ਨੂੰ ਕਿਸੇ ਵਿਸ਼ੇਸ਼ ਕਿੱਸਾਕਾਰ ਵੱਲੋਂ ਰਚੇ ਹੋਣ ਕਰ ਕੇ ਅਸੀਂ ਸਿੱਧੇ ਰੂਪ ਵਿੱਚ ‘ਕਾਵਿ- ਕਥਾਵਾਂ’ ਦੇ ਦਾਇਰੇ ਵਿੱਚ ਨਹੀਂ ਰੱਖ ਸਕਦੇ।
ਪੰਜਾਬੀ ਲੋਕ-ਸੰਸਕ੍ਰਿਤੀ ਵਿੱਚ ਪ੍ਰਚਲਿਤ ਪੂਰਨ- ਭਗਤ, ਸੋਹਣੀ ਮਹੀਂਵਾਲ ਅਤੇ ਹੋਰ ਅਨੇਕ ਲੋਕ- ਗਾਥਾਵਾਂ ਅਨੇਕ ਵਰ੍ਹਿਆਂ ਤੋਂ ਲੋਕਾਂ ਦੀ ਜ਼ੁਬਾਨ ਉਪਰ ਚੜ੍ਹੀਆਂ ‘ਸੀਨਾ-ਬ-ਸੀਨਾ’ ਅੱਜ ਵੀ ਲੋਕਾਂ ਦੀ ਸੁਹਜ ਤ੍ਰਿਪਤੀ ਕਰਦੀਆਂ ਆ ਰਹੀਆਂ ਹਨ। ਪੰਜਾਬੀ ਦੀ ਪ੍ਰਸਿੱਧ ਗਾਇਕਾ ਰਣਜੀਤ ਕੌਰ ਨੇ ‘ਪੂਰਨ ਭਗਤ` ਅਤੇ ‘ਸੋਹਣੀ ਮਹੀਂਵਾਲ` ਦੀਆਂ ਕਾਵਿ-ਕਥਾਵਾਂ ਨੂੰ ਬਹੁਤ ਹੀ ਹਿਰਦੇ ਵੇਦਕ ਅਵਾਜ਼ ਵਿੱਚ ਗਾਇਆ ਹੈ। ਅਖਾੜਿਆਂ ਅਤੇ ਆਲ ਇੰਡੀਆ ਰੇਡੀਓ, ਜਲੰਧਰ ਤੋਂ ਜਦੋਂ ਕਦੇ ਇਹ ਕਾਵਿ-ਕਥਾਵਾਂ ਸੁਣਨ ਨੂੰ ਮਿਲਦੀਆਂ ਹਨ ਤਾਂ ਸ੍ਰੋਤੇ ਸਹਿਜੇ ਹੀ ਆਪਣੇ-ਆਪ ਨੂੰ ਪੰਜਾਬੀ ਸੱਭਿਆਚਾਰ ਦੀ ਨੁਹਾਰ ਤੇ ਆਭਾ ਨਾਲ ਜੁੜਿਆ ਮਹਿਸੂਸ ਕਰਦੇ ਹਨ। ਇਹਨਾਂ ‘ਕਾਵਿ-ਕਥਾਵਾਂ’ ਵਿੱਚੋਂ ਕੁਝ ਬੋਲ ਹੇਠਾਂ ਦਿੱਤੇ ਜਾ ਰਹੇ ਹਨ :
ਲੈ ਤੁਰੇ ਉਜਾੜਾਂ ਨੂੰ
ਮੂਹਰੇ ਲਾ ਲਿਆ ਭਗਤ ਜਲਾਦਾਂ
ਕੋਈ ਪੇਸ਼ ਨਾ ਚਲਦੀ ਏ
ਮੰਦੇ ਹਾਲ ਵਿਲਕਦੀ ਰਾਣੀ
ਪੁੱਤ ! ਪੂਰਨ ਮਰ ਗਿਆ ਜੇ
ਵੇ ! ਰਾਜਿਆ ਹੋ ਜੂ ਖ਼ਤਮ ਕਹਾਣੀ।
(ਪੂਰਨ ਭਗਤ)
ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ
ਘੜਿਆਂ ਝਨਾਂ ’ਚੋਂ ਮੈਨੂੰ ਲਾ ਦੇਹ ਪਾਰ ਵੇ
ਪੱਕੇ ਦੀ ਥਾਂ ਕੱਚਾ ਰੱਖ ਤਾ ਨਣਾਨ ਨੇ
ਰੱਬ ਨੂੰ ਧਿਆ ਕੇ ਚੁੱਕ ਲਿਆ ਰਕਾਨ ਨੇ
ਜੱਗ ਉਤੇ ਜੰਮਣਾ ਨੀ ਵਾਰ ਵਾਰ ਵੇ
ਘੜਿਆ ਝਨਾ ’ਚੋਂ ਮੈਨੂੰ ਲਾ ਦੇ ਪਾਰ ਵੇ।
(ਸੋਹਣੀ ਮਹੀਂਵਾਲ)
ਲੇਖਕ : ਸੁਦਰਸ਼ਨ ਗਾਸੋਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First