ਕੀਰਤਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਰਤਨ [ਨਾਂਪੁ] ਪ੍ਰਭੂ ਦਾ ਗੁਣ-ਗਾਣ, ਪਰਮੇਸ਼ਰ ਦੀ ਮਹਿਮਾ ਗਾਉਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੀਰਤਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਰਤਨ. ਸੰ. ਕੀਤ੗ਨ. ਸੰਗ੍ਯਾ—ਕਥਨ. ਵ੍ਯਾਖ੍ਯਾਨ। ੨ ਗੁਰੁਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਉਂ ‘ਕੀਰਤਨ’ ਹੈ. “ਕੀਰਤਨ ਨਾਮੁ ਸਿਮਰਤ ਰਹਉ.” (ਬਿਲਾ ਮ: ੫)। ੩ ਕੀਰਤਨ ਸੋਹਿਲੇ (ਆਰਤੀ ਸੋਹਿਲੇ) ਦਾ ਨਾਮ ਭੀ ਕੀਰਤਨ ਆਇਆ ਹੈ, ਯਥਾ—“ਕੀਰਤਨ ਪੜ੍ਹੇ ਬਿਨਾ ਜੋ ਸੋਵੈ.” (ਤਨਾਮਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੀਰਤਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੀਰਤਨ: ਇਸ ਤੋਂ ਭਾਵ ਹੈ ਪਰਮਾਤਮਾ ਦੇ ਗੁਣਾਂ ਦਾ ਯਸ਼ ਗਾਉਣਾ। ਭਗਤੀ ਦੇ ਵਿਕਾਸ ਨੂੰ ਜੇ ਧਿਆਨ ਨਾਲ ਵਾਚੀਏ ਤਾਂ ਪਤਾ ਲਗਦਾ ਹੈ ਕਿ ਪੁਰਾਤਨ ਕਾਲ ਤੋਂ ਕੀਰਤਨ ਵਲ ਭਗਤਾਂ ਦੀ ਵਿਸ਼ੇਸ਼ ਰੁਚੀ ਰਹੀ ਹੈ। ‘ਭਗਵਦ-ਗੀਤਾ’, ਭਗਤੀ ਦੇ ਸ਼ਾਸਤ੍ਰੀ ਗ੍ਰੰਥਾਂ ਅਤੇ ਵੈਸ਼ਨਵ ਧਰਮ-ਗ੍ਰੰਥਾਂ ਵਿਚ ਸਭ ਥਾਂ ਕੀਰਤਨ ਦੀ ਮਹਿਮਾ ਗਾਈ ਮਿਲ ਜਾਂਦੀ ਹੈ। ‘ਭਾਗਵਤ-ਪੁਰਾਣ’ ਵਿਚ ਇਸ ਨੂੰ ਨਵਧਾ ਭਗਤੀ ਦਾ ਇਕ ਅੰਗ ਮੰਨਿਆ ਗਿਆ ਹੈ। ਉਥੇ ਇਹ ਵੀ ਦਸਿਆ ਗਿਆ ਹੈ ਕਿ ਸਤਿਯੁਗ ਵਿਚ ਭਗਵਾਨ ਦਾ ਧਿਆਨ ਕਰਨ ਨਾਲ, ਤ੍ਰੇਤਾ ਯੁਗ ਵਿਚ ਯੱਗ ਕਰਨ ਨਾਲ, ਦੁਆਪਰ ਯੁਗ ਵਿਚ ਸੇਵਾ-ਪੂਜਾ ਕਰਨ ਨਾਲ ਜੋ ਫਲ ਪ੍ਰਾਪਤ ਹੁੰਦਾ ਹੈ, ਉਹ ਕਲਿਯੁਗ ਵਿਚ ਭਗਵਾਨ ਦੇ ਨਾਮ ਦੇ ਕੀਰਤਨ ਤੋਂ ਪ੍ਰਾਪਤ ਹੋ ਜਾਂਦਾ ਹੈ।

            ਗੁਰਬਾਣੀ ਨੂੰ ਸੰਗੀਤਬੱਧ ਕਰਨ ਦੀ ਕਿਉਂ ਲੋੜ ਪਈ ? ਇਸ ਦਾ ਉਤਰ ਬੜਾ ਸਰਲ ਹੈ ਕਿ ਬਾਣੀਕਾਰਾਂ ਦਾ ਬਾਣੀ ਰਚਣ ਦਾ ਮਨੋਰਥ ਕਾਵਿ-ਸਿਰਜਨਾ ਤਕ ਸੀਮਿਤ ਨਹੀਂ ਸੀ , ਸਗੋਂ ਆਪਣੇ ਰਹਸਾਨੁਭਵ ਨੂੰ ਸਰੋਤਿਆਂ ਤਕ ਪਹੁੰਚਾ ਕੇ ਸਾਧਾਰਣੀਕਰਣ ਦੀ ਅਵਸਥਾ ਵਿਚ ਲਿਆਉਣਾ ਸੀ। ਕਾਵਿ ਸ਼ਬਦਾਂ ਦਾ ਲੈਆਤਮਕ ਸੰਯੋਜਨ ਹੈ। ਪਰ ਇਹ ਉਸੇ ਵਿਅਕਤੀ ਨੂੰ ਅਧਿਕ ਆਨੰਦਿਤ ਕਰਦਾ ਹੈ ਜੋ ਉਸ ਭਾਸ਼ਾ ਤੋਂ ਜਾਣੂ ਹੁੰਦਾ ਹੈ। ਉਂਜ ਸੰਗੀਤ ਦੀ ਭਾਸ਼ਾ ਬ੍ਰਹਿਮੰਡੀ ਨਾਦ ਵਾਲੀ ਹੈ। ਇਸ ਤੋਂ ਮਨੁੱਖ ਤਾਂ ਕੀ ਪਸ਼ੂ , ਪੰਛੀ ਵੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦੇ। ਪੰਘੂੜੇ ਵਿਚ ਪਿਆ ਰੋਂਦਾ ਬੱਚਾ ਵੀ ਰੁਦਨ ਨੂੰ ਖ਼ੁਸ਼ੀ ਵਿਚ ਬਦਲ ਲੈਂਦਾ ਹੈ।

            ਮੱਧ-ਯੁਗ ਦੇ ਭਗਤਾਂ ਨੇ ਵੀ ਕੀਰਤਨ ਉਤੇ ਬਹੁਤ ਬਲ ਦਿੱਤਾ ਹੈ, ਪਰ ਗੁਰਮਤਿ ਵਿਚ ਕੀਰਤਨ ਨੂੰ ਉਚੇਚਾ ਮਹੱਤਵ ਅਤੇ ਸਥਾਨ ਪ੍ਰਾਪਤ ਹੈ। ਇਸ ਨੂੰ ਮਨੁੱਖ ਦੀ ਅਧਿਆਤਮਿਕ ਅਗਵਾਈ ਦਾ ਸਰਬੋਤਮ ਸਾਧਨ ਦਸਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ ’ ਵਿਚ ਕੀਰਤਨ ਨੂੰ ਸ਼੍ਰਵਣ ਅਤੇ ਮਨਨ ਤੋਂ ਪਹਿਲਾਂ ਸਥਾਨ ਦਿੰਦੇ ਹੋਇਆਂ, ਇਸ ਦੁਆਰਾ ਪਰਮਾਰਥ ਦੀ ਪ੍ਰਾਪਤੀ ਸੰਭਵ ਹੋਣੀ ਦਸੀ ਹੈ— ਹਰਿ ਗੁਣਿ ਗਾਵਹਿ ਮਿਲਿ ਪਰਮਾਰੰਥ (ਗੁ.ਗ੍ਰੰ.413)। ਕੀਰਤਨ ਕਰਨ ਵਾਲੇ ਉਤੇ, ਗੁਰੂ ਅਰਜਨ ਦੇਵ ਜੀ ਅਨੁਸਾਰ, ਜਮ-ਕਾਲ ਦਾ ਪ੍ਰਭਾਵ ਨਹੀਂ ਪੈ ਸਕਦਾ—ਜੋ ਜਨੁ ਕਰੈ ਕੀਰਤਨੁ ਗੋਪਾਲ ਤਿਸ ਕਉ ਪੋਹਿ ਸਕੈ ਜਮੁਕਾਲੁ (ਗੁ. ਗ੍ਰੰ.867)। ਗੁਰੂ ਅਰਜਨ ਦੇਵ ਜੀ ਨੇ ਇਹ ਵੀ ਦਸਿਆ ਹੈ ਕਿ ਆਵਾਗਵਣ ਤੋਂ ਬਚਣ ਦਾ ਸਾਧਨ ਦਿਨ-ਰਾਤ ਪਰਮਾਤਮਾ ਦਾ ਕੀਰਤਨ ਕਰਨਾ ਹੀ ਹੈ— ਹਰਿ ਦਿਨੁ ਰੈਨਿ ਕੀਰਤਨੁ ਗਾਈਐ ਬਹੁੜਿ ਜੋਨੀ ਪਾਈਐ (ਗੁ.ਗ੍ਰੰ. 624)। ਸਮੁੱਚੇ ਤੌਰ ’ਤੇ ਗੁਰੂ ਅਰਜਨ ਦੇਵ ਜੀ ਨੇ ‘ਕਲਜੁਗ ਮਹਿ ਕੀਰਤਨੁ ਪਰਧਾਨਾ’ (ਗੁ.ਗ੍ਰੰ. 1075) ਕਹਿ ਕੇ ਇਸ ਨੂੰ ਨਿਰਮੋਲਕ ਹੀਰਾ ਅਤੇ ਸ੍ਰੇਸ਼ਠ ਗੁਣਾਂ ਦਾ ਸਮੁੱਚ ਦਸਿਆ ਹੈ— ਕੀਰਤਨੁ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ (ਗੁ.ਗ੍ਰੰ.893) ਅਤੇ ਇਸ ਨੂੰ ਮਨੁੱਖਤਾ ਦੇ ਵਿਕਾਸ ਲਈ ‘ਅਟਲ-ਧਰਮ’ ਦਾ ਨਾਂ ਦਿੱਤਾ ਹੈ।

            ਸਿੱਖ-ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਨ ਕੇਵਲ ਕੀਰਤਨ ਉਤੇ ਬਲ ਦਿੱਤਾ ਹੈ ਸਗੋਂ ਆਪ ਵੀ ਕੀਰਤਨਮਈ ਜੀਵਨ ਜੀਵਿਆ ਹੈ। ਉਨ੍ਹਾਂ ਦੀ ਆਪਣੀ ਅਤੇ ਹੋਰਨਾਂ ਗੁਰੂ ਸਾਹਿਬਾਂ ਦੀ ਬਾਣੀ ਰਾਗ-ਬਧ ਹੈ। ਕਵਿਤਾ ਵਿਚ ਤਾਂ ਹੋਰਨਾਂ ਵੀ ਕਈ ਧਰਮ-ਆਗੂਆਂ ਦੀ ਰਚਨਾ ਭਾਵੇਂ ਮਿਲ ਜਾਏ, ਪਰ ਉਸ ਨੂੰ ਕੀਰਤਨ ਵਿਚ ਢਾਲਣ ਦੀਆਂ ਉਦਾਹਰਣਾਂ ਘਟ ਹਨ। ਗੁਰੂ ਸਾਹਿਬਾਨ ਸਾਹਿਤਕਾਰ ਵੀ ਸਨ ਅਤੇ ਸੰਗੀਤਕਾਰ ਵੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਸ਼ਾਇਰ (ਨਾਨਕੁ ਸਾਇਰੁ ਏਵ ਕਹਤੁ ਹੈ) ਅਤੇ ਸੰਗੀਤਕਾਰ (ਹਉ ਢਾਢੀ ਦਰ ਪ੍ਰਭੁ ਖਸਮ ਕਾ ਨਿਤ ਗਾਵੈ ਹਰਿ ਗੁਣ ਛੰਦਾ) ਦੋਵੇਂ ਕਿਹਾ ਹੈ। ਗੁਰਬਾਣੀ ਕਵਿਤਾ ਵਿਚ ਹੋਣ ਦੇ ਨਾਲ ਨਾਲ ਰਾਗ-ਬਧ ਇਸ ਲਈ ਹੈ ਕਿ ਕੀਰਤਨ ਕਰਨਾ ਇਸ ਦੀ ਬੁਨਿਆਦੀ ਲੋੜ ਹੈ। ਰਾਗ ਉਦਾਸ ਮਨਾਂ ਨੂੰ ਸੁਰਜੀਤ ਕਰ ਦਿੰਦਾ ਹੈ। ਕੀਰਤਨ ਪ੍ਰਭੂ- ਭਗਤੀ ਨੂੰ ਸਰਲ ਅਤੇ ਰਸ-ਯੁਕਤ ਬਣਾਉਂਦਾ ਹੈ। ਕੀਰਤਨ ਬੁਝੇ ਹੋਏ ਮਨ ਨੂੰ ਟੁੰਬ ਦਿੰਦਾ ਹੈ, ਉਸ ਅੰਦਰ ਅਧਿਆਤਮਿਕ ਕੰਬਣੀ ਛੇਡ ਦਿੰਦਾ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕੀਰਤਨ ਲਈ ਸਦਾ ਆਪਣੇ ਨਾਲ ਰਖਿਆ ਹੈ। ਅਸਲ ਵਿਚ, ਉਹ ਆਪਣੀ ਬਾਣੀ ਨੂੰ ‘ਰਬਾਬ ’ ਸਾਜ਼ ਨਾਲ ਇਕ-ਸੁਰ ਕਰਕੇ ਜਿਗਿਆਸੂਆਂ ਦੇ ਮਨ ਨੂੰ ਕੀਲ ਲੈਂਦੇ ਸਨ। ਉਨ੍ਹਾਂ ਦਾ ਅਗੰਮੀ ਕੀਰਤਨ ਸੁਣ ਕੇ ਕੋਈ ਵੀ ਜੀਵ ਅਧਿਆਤਮਿਕਤਾ ਤੋਂ ਸਖਣਾ ਨਹੀਂ ਰਹਿੰਦਾ ਸੀ।

            ਗੁਰੂ ਨਾਨਕ ਦੇਵ ਜੀ ਤੋਂ ਬਾਦ ਸਿੱਖ-ਪਰੰਪਰਾ ਵਿਚ ਰਬਾਬੀਆਂ ਦੁਆਰਾ ਕੀਰਤਨ ਕਰਨ ਦੀ ਵਿਵਸਥਾ ਬਣੀ ਰਹੀ। ਗੁਰੂ ਅਰਜਨ ਦੇਵ ਜੀ ਨੇ ਨਿੱਤ ਕੀਰਤਨ ਦੀਆਂ ਚਾਰ ਚੌਕੀਆਂ (ਆਸਾ ਕੀ ਵਾਰ ਦੀ ਚੌਕੀ , ਚਰਨ ਕੰਵਲ ਦੀ ਚੌਕੀ, ਸੋਦਰ ਕੀ ਚੌਕੀ ਅਤੇ ਕਲੑਯਾਣ ਦੀ ਚੌਕੀ) ਦੀ ਮਰਯਾਦਾ ਕਾਇਮ ਕੀਤੀ ਅਤੇ ਸਿੱਖਾਂ ਨੂੰ ਖ਼ੁਦ ਕੀਰਤਨ ਕਰਨ ਲਈ ਉਤਸਾਹਿਤ ਕੀਤਾ। ਸਿੱਖ-ਧਰਮ ਵਿਚ ਕੀਰਤਨ ਦੀ ਮਹੱਤਵ-ਸਥਾਪਨਾ ਦਾ ਮੂਲ ਕਾਰਣ ਕੀਰਤਨ ਦੀ ਉਹ ਸ਼ਕਤੀ ਹੈ, ਜੋ ਮਨ ਨੂੰ ਇਕਾਗਰ ਕਰਨ ਵਿਚ ਬੜੀ ਸਫਲ ਹੈ।

        ਕੀਰਤਨ ਦੇ ਮਹਾਤਮ ਨੂੰ ਭਾਈ ਗੁਰਦਾਸ ਦੀ ੧੧ਵੀਂ ਵਾਰ ਉਤੇ ਲਿਖੇ ਟੀਕੇ ‘ਭਗਤ ਰਤਨਾਵਲੀ ’ (18ਵੀਂ ਪਉੜੀ) ਵਿਚ ਬੜੇ ਸੁੰਦਰ ਢੰਗ ਨਾਲ ਸਪੱਸ਼ਟ ਕੀਤਾ ਗਿਆ ਹੈ। ਉਥੇ ਲਿਖਿਆ ਹੈ ਕਿ ਝਾਝੁ, ਮੁਕੰਦੂ ਤੇ ਕਿਦਾਰਾ ਨਾਂ ਦੇ ਗੁਰਸਿਖ ਗੁਰੂ ਜੀ ਦੇ ਦਰਬਾਰ ਵਿਚ ਹਾਜ਼ਰ ਹੁੰਦੇ ਹਨ ਅਤੇ ਆਪਣੇ ਸੰਸਾਰਿਕ ਉੱਧਾਰ ਦਾ ਸਾਧਨ ਪੁਛਦੇ ਹਨ :

        ਤਾਂ ਬਚਨ ਹੋਇਆ- ਤੁਸਾਂ ਨੂੰ ਰਾਗ ਦੀ ਸਮਝ ਹੈ ਤੇ ਕਲਿਜੁਗ ਵਿਚ ਕੀਰਤਨ ਦੇ ਸਮਾਨ ਹੋਰ ਕੋਈ ਜੋਗ ਤਪ ਨਹੀਂ ਇਹ ਸਾਤਕੀ ਸਾਧਨ ਹੈ, ਤੁਸੀਂ ਕੀਰਤਨ ਕੀਤਾ ਕਰੋ

        ਤਾਂ ਉਨ੍ਹਾਂ ਅਰਦਾਸ ਕੀਤੀਜੀ, ਬਾਣੀ ਦੇ ਪਾਠ ਦੀ ਕਥਾ ਤੇ ਕੀਰਤਨ ਦਾ ਭਿੰਨ ਭਿੰਨ ਫਲ ਕਹੀਐ

            ਬਚਨ ਹੋਇਆ - ਬਾਣੀ ਦਾ ਪਾਠ ਇਹ ਹੈ ਜੋ ਆਪਣੇ ਖੂਹੇ ਹੀ ਪੈਲੀ ਪਾਨੀ ਦੇ ਕੇ ਝਬਦੇ ਪਕਾਈਦੀ ਹੈ ਤੇ ਅਨਾਜ ਦਾ ਬੋਹਲ ਘਰ ਲੈ ਆਵੀਦਾ ਹੈ, ਜੇ ਦੂਜੇ ਖੂਹ ਦੀ ਪੈਲੀ ਨਜੀਕ ਹੋਵੇ ਤਾਂ ਉਸ ਨੂੰ ਭੀ ਪਾਣੀ ਪਹੁੰਚ ਸਕਦਾ ਹੈ, ਪਰ ਦੂਰ ਦੀਆਂ ਪੈਲੀਆਂ ਨੂੰ ਨਹੀਂ ਪਹੁੰਚਦਾ ਤੇ ਕੀਰਤਨ ਐਸਾ ਹੈ ਜੈਸੇ ਮੇਘ ਗਰਜ ਕੈ ਬਰਖਾ ਕਰਦਾ ਹੈ ਤਾਂ ਸਭੈ ਪੈਲੀਆਂ ਹਰੀਆਂ ਹੁੰਦੀਆਂ ਹਨ, ਤੇ ਕਥਾ ਦਾ ਫਲ ਇਹ ਹੈ ਜੋ ਮੇਘ ਠਹਿਰਿਆ ਹੋਇਆ ਨਿਰਵਾਤ ਝਿੰਮ ਝਿੰਮ ਬਰਖਾ ਕਰਦਾ ਹੈ

            ਇਸ ਟੂਕ ਤੋਂ ਸਪੱਸ਼ਟ ਹੈ ਕਿ ਕੀਰਤਨ ਦਾ ਪ੍ਰਭਾਵ ਬਹੁਤ ਵਿਸ਼ਾਲ ਅਤੇ ਗੰਭੀਰ ਹੈ। ਇਸ ਨਾਲ ਇਕ-ਦਮ ਵਾਤਾਵਰਣ ਬਦਲ ਜਾਂਦਾ ਹੈ, ਅਧਿਆਤਮਿਕਤਾ ਨਾਲ ਸਾਰੇ ਸਰੋਤੇ ਸਰਸ਼ਾਰ ਹੋ ਜਾਂਦੇ ਹਨ। ਜਿਗਿਆਸੂ ਦਾ ਸੁੱਤਾ ਮਨ ਜਾਗ ਪੈਂਦਾ ਹੈ, ਦੁਖ ਅਤੇ ਕਲੇਸ਼ ਮਿਟ ਜਾਂਦੇ ਹਨ, ਪਾਪਾਂ ਦੀ ਮੈਲ ਕਟ ਜਾਂਦੀ ਹੈ, ਹਰਿ-ਨਾਮ ਵਿਚ ਲਿਵ ਲਗ ਜਾਂਦੀ ਹੈ, ਲੋਕ ਪਰਲੋਕ ਸਫਲ ਹੋ ਜਾਂਦੇ ਹਨ। ਸਵੱਛ ਮਨ ਵਾਲਾ ਵਿਅਕਤੀ ਜਿਥੇ ਅਧਿਆਤਮਿਕ ਜਗਤ ਵਿਚ ਵਿਕਾਸ ਕਰਦਾ ਹੈ, ਉਥੇ ਨਾਲ ਹੀ ਲੌਕਿਕ ਜੀਵਨ ਵਿਚ ਉਸ ਦਾ ਆਚਾਰ ਤੇ ਵਿਚਾਰ ਸ੍ਰੇਸ਼ਠ ਹੁੰਦੇ ਹਨ। ਉਹ ਇਕ ਚੰਗਾ ਸਮਾਜਿਕ ਜੀਵ ਬਣਦਾ ਹੈ।

            ਕੀਰਤਨ ਦਾ ਸਿਮਰਨ ਤੋਂ ਵੀ ਅਧਿਕ ਮਹੱਤਵ ਦਸਦੇ ਹੋਇਆਂ ਭਾਈ ਅਰਦਮਨ ਸਿੰਘ ਬਾਗ਼ੜੀਆਂ ਨੇ ਆਪਣੇ ਇਕ ਖੋਜ ਪੱਤਰ ਰੂਪ ਭਾਸ਼ਣ ਵਿਚ ਦਸਿਆ ਸੀ ਕਿ ਸਿਮਰਨ ਜ਼ਾਤੀ ਅਭਿਆਸ ਨਾਲ ਹੁੰਦਾ ਹੈ। ਮਨ ਨੂੰ ਮੋੜ ਮੋੜ ਕੇ ਲਿਆ ਕੇ ਚਿੱਤ-ਵ੍ਰਿਤੀ ਇਕਾਗਰ ਕਰਨੀ ਪੈਂਦੀ ਹੈ, ਤਾਂ ਲਿਵ ਲਗਦੀ ਹੈ। ਇਹ ਪਹਿਲਾਂ ਅਲੂਣੀ ਸਿਲ ਚਟਣ ਵਾਂਗ ਹੁੰਦਾ ਹੈ। ਕਾਫ਼ੀ ਅਭਿਆਸ ਪਿਛੋਂ ਕਿਤੇ ਜਾ ਕੇ ਰਸ ਆਉਣ ਲਗਦਾ ਹੈ। ਉਧਰ ਕੀਰਤਨ ਨਾਲ ਸਿੱਧਾ ਹੀ ਗੁਰ-ਸੰਗੀਤ ਵਿਚ ਪਹੁੰਚ ਜਾਈਦਾ ਹੈ। ਅਲੂਣੀ ਸਿਲ ਚਟਣ ਦੀ ਬਜਾਇ ਇਸ ਵਿਚੋਂ ਨਾਮ-ਰਸ ਦਾ ਸੁਆਦ ਸਹਿਜੇ ਹੀ ਆਉਣ ਲਗ ਜਾਂਦਾ ਹੈ। ਕੀਰਤਨ ਦਾ ਅਸਰ ਮਨ ਉਪਰ ਸਿਧਾ ਹੁੰਦਾ ਹੈ। ਇਹ ਬੁੱਧੀ ਦੀ ਛਾਣ-ਬੀਣ ਵਿਚ ਨਹੀਂ ਫਸਦਾ, ਇਸ ਲਈ ਬਿਰਤੀ ਸਹਿਜੇ ਹੀ ਇਕਾਗਰ ਹੋ ਜਾਂਦੀ ਹੈ।

            ਕੀਰਤਨ ਦੇ ਇਸ ਮਹੱਤਵ ਨੂੰ ਮੁਖ ਰਖਦਿਆਂ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਦੁਰਮਤਿ-ਨਾਸ਼ਕ ਅਤੇ ਸਗਲ ਮਨੋਰਥ ਸਾਧਕ ਦਸਿਆ ਹੈ— ਜੋ ਜੋ ਕਥੇ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ (ਗੁ.ਗ੍ਰੰ.1300)।

            ਅੰਤ ਵਿਚ ਇਹ ਸਹਿਜੇ ਹੀ ਸਿੱਟਾ ਨਿਕਲਦਾ ਹੈ ਕਿ ਕੀਰਤਨ ਕਰਨਾ ਜਾਂ ਸੁਣਨਾ ਅਧਿਆਤਮਿਕ ਸਾਧਨਾ ਦੀ ਇਕ ਪ੍ਰਮੁਖ ਲੋੜ ਹੈ। ਇਸ ਨਾਲ ਜਿਥੇ ਵਿਅਕਤੀ ਸਤਿ- ਸੰਗਤ ਵਿਚ ਆ ਕੇ ਕੀਰਤਨ ਦਾ ਸੁਆਦ ਮਾਣਦਾ ਹੈ, ਉਥੇ ਉਸ ਦੇ ਚਰਿਤ੍ਰ ਵਿਚ ਬ੍ਰਹਮੀ ਅੰਸ਼ ਵਧਦਾ ਹੈ ਅਤੇ ਉਹ ਸ੍ਰੇਸ਼ਠ ਮਨੁੱਖ ਬਣ ਕੇ ਲੋਕਾਂ ਦਾ ਉੱਧਾਰ ਕਰਦਾ ਹੈ।

            ਕੀਰਤਨ ਕਰਨ ਵਾਲੇ ਵਿਅਕਤੀ ਲਈ ਗੁਰੂ ਅਰਜਨ ਦੇਵ ਜੀ ਨੇ ਕੁਝ ਵਿਸ਼ੇਸ਼ ਹਦਾਇਤਾਂ ਕੀਤੀਆਂ ਹਨ। ਮੁੱਖ ਹਦਾਇਤ ਇਹ ਹੈ ਕਿ ਕੀਰਤਨ ਕਰਨ ਵਾਲੇ ਦੇ ਮਨ ਵਿਚ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨਹੀਂ ਹੋਣਾ ਚਾਹੀਦਾ — ਭਲੇ ਭਲੇ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ਛੋਡਿ ਮਾਇਆ ਕੋ ਧੰਧ ਸੁਆਉ (ਗੁ.ਗ੍ਰੰ.885)। ਗੁਰੂ ਅਮਰਦਾਸ ਜੀ ਨੇ ਵਿਕਾਰ-ਗ੍ਰਸਤ ਅਵਸਥਾ ਵਿਚ ਕੀਤਾ ਕੀਰਤਨ ਵਿਅਰਥ ਦਸਿਆ ਹੈ ਕਿਉਂਕਿ ਵਿਕਾਰ ਕਾਰਣ ਉਸ ਨੂੰ ਕੀਰਤਨ ਦਾ ਆਨੰਦ ਪ੍ਰਾਪਤ ਨਹੀਂ ਹੋਇਆ ਅਤੇ ਨ ਹੀ ਸਰੋਤਾ ਨੂੰ ਆਨੰਦਿਤ ਕੀਤਾ ਜਾ ਸਕਿਆ— ਇਕਿ ਗਾਵਤ ਰਹੇ ਮਨਿ ਸਾਦੁ ਪਾਇ ਹਉਮੈ ਵਿਚਿ ਗਾਵਹਿ ਬਿਰਥਾ ਜਾਇ (ਗੁ.ਗ੍ਰੰ.158)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕੀਰਤਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਰਤਨ: (ਮੂਲ ਸੰਸਕ੍ਰਿਤ ਦਾ ‘ਕੀਰਤਿ’ ਸ਼ਬਦ ਜਿਸਦਾ ਅਰਥ ਹੈ ਜਸ ਗਾਉਣਾ, ਉਸਤਤਿ ਕਰਨੀ, ਕੀਰਤੀ ਕਰਨੀ), ਪਰਮਾਤਮਾ ਪ੍ਰਤੀ ਸ਼ਰਧਾ ਪ੍ਰਗਟਾਉਣ ਦਾ ਇਕ ਸਰਬ-ਪ੍ਰਵਾਨਿਤ ਸਾਧਨ ਹੈ। ਸਿੱਖ ਪਰੰਪਰਾ ਵਿਚ ਵੀ ਕੀਰਤਨ ਨੂੰ ਪਰਮਾਤਮਾ ਦੀ ਭਗਤੀ ਦਾ ਜ਼ਰੂਰੀ ਅੰਗ ਸਵੀਕਾਰਿਆ ਗਿਆ ਹੈ। ਸੰਗੀਤ ਬਹੁਤ ਸਾਰੀਆਂ ਧਾਰਮਿਕ ਪਰੰਪਰਾਵਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਿੱਖ ਧਰਮ ਵਿਚ ਇਸ ਨੂੰ ਅਰਾਧਨਾ ਦਾ ਉੱਚਤਮ ਰੂਪ ਮੰਨਿਆ ਗਿਆ ਹੈ ਅਤੇ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਸਭ ਤੋਂ ਵੱਧ ਕਾਰਗਰ ਸਾਧਨ ਵੀ ਸਮਝਿਆ ਗਿਆ ਹੈ। ਭਾਰਤੀ ਪਰੰਪਰਾ ਵਿਚ ਕੀਰਤਨ ਦੇ ਅੰਸ਼ ਦੋ ਹਜ਼ਾਰ ਈਸਵੀ ਪੂਰਵ ਵਿਚ ਵੈਦਿਕ ਮੰਤਰਾਂ ਵਿਚੋਂ ਲੱਭੇ ਜਾ ਸਕਦੇ ਹਨ। ਇਸ ਦੇ ਪਿੱਛੇ ਪ੍ਰੇਰਨਾ ਇਹ ਸੀ ਕਿ ਵਿਅਕਤੀ ਧਾਰਮਿਕ ਗ੍ਰੰਥ ਦੇ ਮੂਲ ਪਾਠ ਨਾਲ ਸੰਗੀਤ ਦੀ ਅਵਾਜ਼ ਨੂੰ ਮਿਲਾ ਕੇ ਉਸ ਦੇ ਪ੍ਰਭਾਵ ਦੀ ਅਨੁਭੂਤੀ ਕਰਦਾ ਸੀ। ਵੈਦਿਕ ਰਸਮਾਂ ਵਿਚ ਸਲੋਕਾਂ ਦੇ ਅਰਥ ਪ੍ਰਗਟ ਕਰਨ ਲਈ ਗਾਇਨ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਂਦਾ ਸੀ। ਕੀਰਤਨ ਦਾ ਮੌਜੂਦਾ ਸਰੂਪ ਵੈਸ਼ਣਵ ਭਗਤਾਂ ਅਤੇ ਸੂਫ਼ੀ ਸੰਤਾਂ ਦੁਆਰਾ ਮੱਧ ਯੁਗ ਸਮੇਂ ਭਾਰਤ ਵਿਚ ਪ੍ਰਚਲਿਤ ਹੋਇਆ ਸੀ। ਇਹ ਭਗਤ ਅਤੇ ਸੂਫ਼ੀ ਆਮ ਤੌਰ ਤੇ ਆਪਣੀਆਂ ਹੀ ਰਚਨਾਵਾਂ ਗਾਉਂਦੇ ਸਨ ਜੋ ਨਾ ਕੇਵਲ ਉਹਨਾਂ ਅੰਦਰ ਅਧਿਆਤਮਿਕ ਅਨੰਦ ਪੈਦਾ ਕਰਦੀਆਂ ਸਨ ਬਲਕਿ ਉਹਨਾਂ ਦੇ ਚੇਲਿਆਂ ਅੰਦਰ ਵੀ ਉ਼ਤਸ਼ਾਹ ਪੈਦਾ ਕਰਦੀਆਂ ਸਨ। ਪ੍ਰਸਿੱਧ ਗੀਤ-ਗੋਵਿੰਦ ਦੀ ਰਚਨਾ ਕਰਨ ਵਾਲੇ 12ਵੀਂ ਸਦੀ ਦੇ ਬੰਗਾਲੀ ਕਵੀ ਭਗਤ ਜੈਦੇਵ ਨੂੰ ਆਮ ਤੌਰ ਤੇ ਇਸ ਕਤਾਰ ਵਿਚ ਸਭ ਤੋਂ ਪਹਿਲਾ ਮੰਨਿਆ ਜਾਂਦਾ ਹੈ ਭਾਵੇਂ ਕਿ ਦੱਖਣੀ ਭਾਰਤ ਦੇ ਵੈਸ਼ਣਵ ਸੰਤ-ਕਵੀਆਂ ਨੇ ਕਈ ਸਦੀਆਂ ਪਹਿਲਾਂ ਆਪਣੇ ‘ਨਾਲਾਯਿਰ ਦਿਵਯ ਪ੍ਰਬੰਧਮ` ਵਿਚਲੇ ਧਾਰਮਿਕ ਗੀਤਾਂ ਰਾਹੀਂ ਬਹੁਤ ਪ੍ਰਸਿੱਧੀ ਹਾਸਲ ਕਰ ਲਈ ਸੀ। ਰਾਧਾ ਅਤੇ ਕ੍ਰਿਸ਼ਨ ਦੇ ਪਵਿੱਤਰ ਪ੍ਰੇਮ ਬਾਰੇ ਗੀਤ ਗਾਉਣ ਵਾਲੇ ਭਗਤੀ ਮਾਰਗ ਦੇ ਵੈਸ਼ਣਵਾਂ ਨਾਲ ਸੰਤ ਪਰੰਪਰਾ ਦੇ ਪਵਿੱਤਰ ਵਿਅਕਤੀ, ਜਿਹਾ ਕਿ ਗਿਆਨਦੇਵ (1275-1296) ਅਤੇ ਨਾਮਦੇਵ (1270-1350), ਆਦਿ ਵੀ ਸਾਮ੍ਹਣੇ ਆਏ ਜਿਨ੍ਹਾਂ ਨੇ ਆਪਣੇ ਭਗਤੀ ਗੀਤ ਨਿਰਾਕਾਰ ਪਰਮਾਤਮਾ ਨੂੰ ਸੰਬੋਧਿਤ ਕੀਤੇ ਸਨ। ਭਾਰਤ ਵਿਚਲੇ ਇਸਲਾਮ ਵਿਚ ਸ਼ੇਖ਼ ਫ਼ਰੀਦ (1173-1265) ਵਰਗੇ ਸੂਫ਼ੀ ਰਹੱਸਵਾਦੀਆਂ ਨੇ ਪਰਮ-ਸੱਤਾ ਨੂੰ ਸੰਬੋਧਿਤ ਕਰਦੇ ਹੋਏ ਬਹੁਤ ਸਾਰੇ ਗੀਤ ਰਚੇ ਅਤੇ ਗਾਏ। ਵੈਸ਼ਣਵ ਸੰਤ ਚੈਤੰਨਯ (1485-1533) ਅਤੇ ਉਹਨਾਂ ਦੇ ਸਮਕਾਲੀਨ ਸੂਫ਼ੀ ਸੰਤਾਂ ਨੇ ਵੀ ਕ੍ਰਮਵਾਰ ‘ਸੰਕੀਰਤਨ` ਅਤੇ ‘ਕੱਵਾਲੀ` ਨੂੰ ਸਮੂਹ ਗਾਇਨ ਦੇ ਰੂਪ ਵਿਚ ਪ੍ਰਚਲਿਤ ਕੀਤਾ।

      ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਅਤੇ ਉਹਨਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਦੈਵੀ ਹਸਤੀ ਦੇ ਧਿਆਨ ਅਤੇ ਜਾਪ ਤੋਂ ਇਲਾਵਾ ਉਸ ਦੀ ਅਰਾਧਨਾ ਦੇ ਇਕ ਰੂਪ ਦੇ ਤੌਰ ‘ਤੇ ਕੀਰਤਨ ਦੀ ਪ੍ਰਥਾ ਅਰੰਭ ਕੀਤੀ। ਗੁਰੂ ਨਾਨਕ ਦੇਵ ਜੀ ਆਪਣੇ ਇਕ ਸਲੋਕ ਵਿਚ ਕੀਰਤਨ ਦੇ ਅਨੰਦ ਨੂੰ ਪ੍ਰਗਟਾਉਂਦੇ ਹੋਏ ਦੱਸਦੇ ਹਨ: “ਰਾਗ ਰਤਨ ਪਰੀਆ ਪਰਵਾਰ॥ ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ॥” (ਗੁ.ਗ੍ਰੰ. 351)। ਇਸ ਦਾ ਭਾਵ ਇਹ ਹੈ ਕਿ ਸੰਗੀਤ ਅਲੌਕਿਕਤਾ ਵਿਚੋਂ ਉਪਜਿਆ ਖ਼ਜ਼ਾਨਾ ਹੈ ਜਿਸ ਤੋਂ ਅੰਮ੍ਰਿਤ ਰੂਪੀ ਤੱਤ ਪੈਦਾ ਹੁੰਦਾ ਹੈ ਪਰ ਨਾਲ ਹੀ ਉਹ ਮਨੁੱਖ ਨੂੰ ਸੰਗੀਤ ਵਿਚ ਵਿਸ਼ਈ-ਤ੍ਰਿਪਤੀ ਹਿਤ ਗ੍ਰਸਤ ਹੋਣ ਤੋਂ ਸੁਚੇਤ ਕਰਦੇ ਹੋਏ ਕਹਿੰਦੇ ਹਨ: “ਗੀਤ ਰਾਗ ਘਨ ਤਾਲ ਸਿ ਕੂਰੇ॥ ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ॥ ਦੂਜੀ ਦੁਰਮਤਿ ਦਰਦੁ ਨ ਜਾਇ॥ ਛੂਟੈ ਗੁਰਮੁਖਿ ਦਾਰੂ ਗੁਣ ਗਾਇ॥” (ਗੁ.ਗ੍ਰੰ. 832)। ਇਸ ਦਾ ਭਾਵ ਇਹ ਹੈ ਕਿ ਉਹ ਗੀਤ, ਰਾਗ ਅਤੇ ਤਾਲਪੂਰਨ ਧੁਨਾਂ ਝੂਠੀਆਂ ਹਨ ਜੋ ਵਿਅਕਤੀ ਨੂੰ ਮਾਇਆ ਦੇ ਤਿੰਨ ਰੂਪਾਂ ਨਾਲ ਜੋੜਦੀਆਂ ਹਨ ਜਿਸ ਦੇ ਫ਼ਲਸਰੂਪ ਪਰਮਾਤਮਾ ਨਾਲੋਂ ਵਿਯੋਗ ਪੈਦਾ ਹੁੰਦਾ ਹੈ। ਆਪਣੀ ਇੱਛਾ ਨਾਲ ਕੋਈ ਵੀ ਦੁੱਖ ਦੂਰ ਨਹੀਂ ਕਰ ਸਕਦਾ। ਜੋ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਉਹ ਬਚ ਜਾਂਦੇ ਹਨ। ਇਸ ਦਾ ਇਲਾਜ ਪਰਮਾਤਮਾ ਦੀ ਉਸਤਤ ਗਾਇਨ ਵਿਚ ਹੀ ਹੈ। ਇਸੇ ਤਰ੍ਹਾਂ ਤੀਜੇ ਗੁਰੂ ਅਮਰਦਾਸ ਜੀ ਕਹਿੰਦੇ ਹਨ: ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਿਜ ਧਿਆਨੁ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ॥ ਇਸ ਦਾ ਭਾਵ ਅਰਥ ਹੈ ਕਿ “ਬਿਲਾਵਲ ਰਾਗ ਦਾ ਗਾਇਨ ਤਾਂ ਹੀ ਪ੍ਰਵਾਨ ਹੋ ਸਕਦਾ ਹੈ ਜੇਕਰ ਇਸ ਰਾਹੀਂ ਪਵਿੱਤਰ ਸ਼ਬਦ ਗਾਏ ਜਾਣ। ਪਵਿੱਤਰ ਸ਼ਬਦ ਰਾਹੀਂ ਧਿਆਨ ਅਤੇ ਸ਼ਾਂਤੀ ਵੱਲ ਲੈ ਕੇ ਜਾਣ ਵਾਲੇ ਸੰਗੀਤ ਤੇ ਰਾਗ ਹੀ ਉੱਤਮ ਹਨ। ਜੇਕਰ ਕੋਈ ਆਪਣੇ ਆਪ ਨੂੰ ਪਰਮਾਤਮਾ ਦੀ ਸੇਵਾ ਵਿਚ ਸਮਰਪਿਤ ਕਰ ਸਕਦਾ ਹੈ ਤਾਂ ਉਹ ਰਾਗ ਅਤੇ ਸੰਗੀਤ ਦੇ ਆਸਰੇ ਤੋਂ ਬਗ਼ੈਰ ਵੀ ਪਰਮਾਤਮਾ ਦੀ ਦਰਗਾਹ ਵਿਚ ਮਾਣ ਪ੍ਰਾਪਤ ਕਰ ਸਕਦਾ ਹੈ” (ਗੁ.ਗ੍ਰੰ. 849)। ਸਿੱਖ ਕੀਰਤਨ ਵਿਚ ਸੰਗੀਤ ਭਾਵੇਂ ਇਕ ਜ਼ਰੂਰੀ ਤੱਤ ਹੈ ਪਰ ਇਹ ਪਵਿੱਤਰ ਸ਼ਬਦ ਦੇ ਅਧੀਨ ਹੈ। ਸੰਗੀਤਿਕ ਸ਼ਿੰਗਾਰ ਅਤੇ ਸਜਾਵਟ ਦੀ ਆਗਿਆ ਹੈ, ਪਰ ਪਵਿੱਤਰ ਗ੍ਰੰਥ ਵਿਚ ਦਰਜ ਗੁਰਬਾਣੀ ਹੀ ਅਸਲੀ ਸਾਰ-ਤੱਤ ਹੈ। ਕੇਵਲ ਤਕਨੀਕੀ ਪਵਿੱਤਰਤਾ ਦਾ ਮਹੱਤਵ ਆਪਣੇ ਆਪ ਵਿਚ ਘੱਟ ਹੈ।

      ਸ਼ਬਦ-ਕੀਰਤਨ ਵੀ ਕਹੇ ਜਾਂਦੇ ਸਿੱਖ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਦਾ ਹੀ ਗਾਇਨ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਜਿਹੜੀਆਂ ਪ੍ਰਵਾਨਿਤ ਧਾਰਮਿਕ ਰਚਨਾਵਾਂ ਵਿਚੋਂ ਕੀਰਤਨ ਹੋ ਸਕਦਾ ਹੈ ਉਹਨਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦਸਮ ਗ੍ਰੰਥ , ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਸ਼ਾਮਲ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀ ਨੂੰ 31 ਰਾਗਾਂ ਵਿਚ ਸੰਕਲਿਤ ਕੀਤਾ ਗਿਆ ਹੈ; ਇਹਨਾਂ ਰਾਗਾਂ ਦੇ ਕਈ ਹੋਰ ਰੂਪ ਵੀ ਵਰਤੇ ਗਏ ਹਨ। ਗੁਰੂ ਸਾਹਿਬਾਨ ਆਪ ਸੰਗੀਤ ਦੇ ਨਿਪੁੰਨ ਗਿਆਤਾ ਸਨ। ਆਪਣੀ ਬਾਣੀ ਵਿਚ ਉਹਨਾਂ ਨੇ ਆਪਣੇ ਆਪ ਨੂੰ “ਪਰਮਾਤਮਾ ਦਾ ਢਾਡੀ” ਕਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਲ ਇਕ ਮੁਸਲਮਾਨ ਸੰਗੀਤਕਾਰ ਮਰਦਾਨੇ ਨੂੰ ਪੱਕੇ ਸਾਥੀ ਦੇ ਤੌਰ ਤੇ ਰੱਖਿਆ ਹੋਇਆ ਸੀ। ਗੁਰੂ ਸਾਹਿਬ ਜਦੋਂ ਆਪਣੇ ਰਚੇ ਹੋਏ ਸ਼ਬਦਾਂ ਦਾ ਗਾਇਨ ਕਰਦੇ ਸਨ ਤਾਂ ਭਾਈ ਮਰਦਾਨਾ ਰਬਾਬ ਵਜਾਉਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਕਰਤਾ ਸ੍ਰੀ ਗੁਰੂ ਅਰਜਨ ਦੇਵ ਜੀ ਇਕ ਨਿਪੁੰਨ ਸੰਗੀਤਕਾਰ ਵੀ ਸਨ। ਇਹ ਕਿਹਾ ਜਾਂਦਾ ਹੈ ਕਿ ਕੀਰਤਨ ਕਰਨ ਲਈ ਰਾਗੀਆਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਇਕ ਨਵਾਂ ਸਾਜ਼ ‘ਸਰੰਦਾ` ਉਹਨਾਂ ਨੇ ਤਿਆਰ ਕੀਤਾ ਸੀ। ਗੁਰੂ ਸਾਹਿਬਾਨ ਨੇ ਆਪਣੀ ਹਾਜ਼ਰੀ ਵਿਚ ਕੀਰਤਨ ਕਰਨ ਲਈ ਪੇਸ਼ਾਵਰ ਰਾਗੀਆਂ ਅਤੇ ਰਬਾਬੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ। ਢਾਡੀ , ਢੱਡ ਅਤੇ ਸਾਰੰਗੀ ਨਾਲ ਵਾਰਾਂ ਗਾਉਂਦੇ ਹਨ। ਗੁਰੂ ਅਰਜਨ ਦੇਵ ਜੀ ਨੇ ਸਧਾਰਨ ਸਿੱਖਾਂ ਨੂੰ ਕੀਰਤਨ ਕਰਨ ਲਈ ਉਤਸ਼ਾਹਿਤ ਕੀਤਾ ਸੀ। ਪਿਤਾ- ਪੁਰਖੀ ਪਰੰਪਰਾ ਅਨੁਸਾਰ ਰਬਾਬੀ ਆਮ ਤੌਰ ਤੇ ਮੁਸਲਮਾਨ ਸੰਗੀਤਕਾਰ ਹੀ ਹੁੰਦੇ ਸਨ ਅਤੇ ਉਹਨਾਂ ਦੇ ਕਈ ਜਥੇ 1947 ਦੀ ਵੰਡ ਸਮੇਂ ਪਾਕਿਸਤਾਨ ਚੱਲੇ ਜਾਣ ਤਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲਗਾਤਾਰ ਸ਼ਬਦ ਗਾਇਨ ਕਰਦੇ ਰਹੇ ਸਨ। ਢਾਡੀ ਸੰਗੀਤਕਾਰ ਸ਼ਬਦ ਕੀਰਤਨ ਦੀ ਥਾਂ ਸੂਰਬੀਰਾਂ ਦੀਆਂ ਵਾਰਾਂ ਗਾਉਣ ਵਿਚ ਨਿਪੁੰਨ ਹੁੰਦੇ ਹਨ।

      ਰਾਗੀ ਜਥੇ ਅੱਜ-ਕੱਲ੍ਹ ਗੁਰਦੁਆਰਿਆਂ ਦੇ ਨਾਲ-ਨਾਲ ਧਾਰਮਿਕ ਸਮਾਗਮਾਂ ਅਤੇ ਗੁਰਪੁਰਬਾਂ ਦੇ ਮੌਕਿਆਂ ਤੇ ਇਕੱਤਰ ਹੋਈ ਸੰਗਤ ਵਿਚ ਕੀਰਤਨ ਕਰਦੇ ਹਨ। ਗੁਰਦੁਆਰਿਆਂ ਵਿਚ ਕੀਰਤਨ ਸਵੇਰੇ ਅੰਮ੍ਰਿਤ ਵੇਲੇ ਹੀ ਸ਼ੁਰੂ ਹੋ ਜਾਂਦਾ ਹੈ। ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਚ ਗਰਮੀਆਂ ਦੇ ਸਮੇਂ ਕੀਰਤਨ ਸਵੇਰੇ 2 ਵਜੇ ਅਤੇ ਸਰਦੀਆਂ ਦੇ ਸਮੇਂ ਸਵੇਰੇ 3 ਵਜੇ ਅਰੰਭ ਹੋ ਜਾਂਦਾ ਹੈ ਜੋ ਕਿ ਦੇਰ ਸ਼ਾਮ ਤਕ ਰਾਗੀ ਜਥਿਆਂ ਦੁਆਰਾ ਨਿਰੰਤਰ ਜਾਰੀ ਰਹਿੰਦਾ ਹੈ। ਦੂਜੀਆਂ ਥਾਵਾਂ ਤੇ ਕੀਰਤਨ ਸਵੇਰ ਅਤੇ ਸ਼ਾਮ ਨੂੰ ਸੀਮਤ ਸਮੇਂ ਲਈ ਹੁੰਦਾ ਹੈ। ਰਵਾਇਤ ਅਨੁਸਾਰ ਕੀਰਤਨ ਦੀਆਂ ਚਾਰ ਚੌਕੀਆਂ ਹਨ- ਸਵੇਰੇ ਆਸਾ ਦੀ ਵਾਰ; ਦੁਪਹਿਰ ਤੋਂ ਪਹਿਲਾਂ (ਸੂਰਜ ਚੜ੍ਹਨ ਤੋਂ ਚਾਰ ਘੰਟੇ ਬਾਅਦ) ਚਰਨ ਕਮਲ ਜਾਂ ਬਿਲਾਵਲ ਚੌਕੀ; ਸੂਰਜ ਛਿਪਣ ਸਮੇਂ ਸੋਦਰ ਚੌਕੀ; ਅਤੇ ਸ਼ਾਮ ਨੂੰ ਕਲਿਆਣ ਚੌਕੀ (ਸੂਰਜ ਛਿਪਣ ਤੋਂ ਲਗ-ਪਗ ਡੇਢ ਘੰਟਾ ਪਿੱਛੋਂ)। ਇਕ ਰਾਗੀ ਜਥੇ ਵਿਚ ਆਮ ਤੌਰ ਤੇ ਤਿੰਨ ਮੈਂਬਰ ਹੁੰਦੇ ਹਨ - ਇਕ ਪ੍ਰਮੁਖ ਰਾਗੀ ਜੋ ਕਿ ਅੱਜ-ਕੱਲ੍ਹ ਆਮ ਤੌਰ ਤੇ ਹਰਮੋਨੀਅਮ ਵਜਾਉਂਦਾ ਹੈ। ਹਰਮੋਨੀਅਮ ਤੇ ਹੀ ਇਕ ਹੋਰ ਸਾਥੀ ਅਤੇ ਇਕ ਤਬਲਾ ਵਜਾਉਣ ਵਾਲਾ ਹੁੰਦਾ ਹੈ। ਰਾਗੀ ਜਥਿਆਂ ਵਿਚ ਇਕ ਜਾਂ ਵੱਧ ਰਾਗੀ ਹੋਰ ਵੀ ਹੋ ਸਕਦੇ ਹਨ ਜੋ ਕਿ ਰਵਾਇਤੀ ਸਾਜ਼ ਜਿਹਾ ਕਿ ਤਾਊਸ, ਤਾਨਪੁਰਾ ਜਾਂ ਸਰੰਦਾ, ਆਦਿ ਵਜਾਉਂਦੇ ਹਨ। ਰਾਗੀ ਫ਼ਰਸ਼ ਤੇ ਜਾਂ ਵੱਡੇ ਚੌਂਕੀ ਨੁਮਾ ਪਲੇਟਫ਼ਾਰਮ ਤੇ ਬੈਠ ਸਕਦੇ ਹਨ ਪਰ ਇਹ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਤੋਂ ਨੀਵਾਂ ਹੁੰਦਾ ਹੈ। ਰਾਗੀ ਆਮ ਤੌਰ ਤੇ ਧਰਮ ਗ੍ਰੰਥ ਦੇ ਪ੍ਰਕਾਸ਼ ਅਸਥਾਨ ਦੇ ਖੱਬੇ ਹੱਥ ਬੈਠਦੇ ਹਨ। ਛੋਟੇ ਇਲਾਕੇ ਸਥਾਨਿਕ ਹੁਨਰ ਤੇ ਨਿਰਭਰ ਕਰਦੇ ਹਨ ਅਤੇ ਇਸ ਕੰਮ ਲਈ ਸਾਦੇ ਸਾਜ਼ ਜਿਵੇਂ ਕਿ ਢੋਲਕੀ , ਹਰਮੋਨੀਅਮ, ਛੈਣੇ ਅਤੇ ਚਿਮਟਾ ਆਦਿ ਵਰਤੇ ਜਾਂਦੇ ਹਨ। ਕੀਰਤਨ ਕਰਦੇ ਹੋਏ ਪੁਰਾਤਨ ਰਵਾਇਤ ਨੂੰ ਆਧਾਰ ਬਣਾਇਆ ਜਾਂਦਾ ਹੈ। ਬਗ਼ੈਰ ਕੋਈ ਵਾਧੂ ਸ਼ਬਦ ਜਾਂ ਅੱਖਰ ਸ਼ਾਮਲ ਕੀਤੇ, ਕੇਵਲ ਪ੍ਰਵਾਨਿਤ ਗ੍ਰੰਥਾਂ ਵਿਚੋਂ ਹੀ ਕੀਰਤਨ ਕੀਤਾ ਜਾਂਦਾ ਹੈ। ਹਰ ਇਕ ਸ਼ਬਦ ਨੂੰ ਜਿੱਥੋਂ ਤਕ ਹੋ ਸਕੇ ਸਹੀ ਰਾਗ ਵਿਚ ਗਾਇਆ ਜਾਂਦਾ ਹੈ ਅਤੇ ਇਸ ਲਈ ਪ੍ਰਵਾਨਿਤ ਲੈਅ , ਸੁਰ , ਤਾਲ ਵਰਤੇ ਜਾਂਦੇ ਹਨ। ਕੀਰਤਨ ਦੀ ਸ਼ੁਰੂਆਤ ਅਲਾਪ ਨਾਲ ਹੁੰਦੀ ਹੈ ਜਿਸ ਨਾਲ ਸੰਗੀਤ ਦੀ ਧੁਨ ਅਤੇ ਵੰਨਗੀ ਨੂੰ ਸਥਾਪਿਤ ਕੀਤਾ ਜਾਂਦਾ ਹੈ। ਚਾਲ ਹੌਲੀ ਹੁੰਦੀ ਹੈ ਅਤੇ ਸ਼ਬਦ ਸਤਿਕਾਰ ਅਤੇ ਸ਼ਰਧਾ ਨਾਲ ਉਚਾਰੇ ਜਾਂਦੇ ਹਨ। ਪ੍ਰਮੁਖ ਰਾਗੀ ਦੁਆਰਾ ਸਭ ਤੋਂ ਪਹਿਲਾਂ ਰਹਾਉ ਦੀ ਤੁਕ ਗਾਈ ਜਾਂਦੀ ਹੈ ਅਤੇ ਬਾਕੀ ਦੂਜੇ ਰਾਗੀਆਂ ਦੁਆਰਾ ਇਸੇ ਦਾ ਦੁਹਰਾਉ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹਰਮੋਨੀਅਮ ਜਾਂ ਸਿਤਾਰ ਵਾਲਾ ਸਾਜ਼ ਗਾਏ ਗਏ ਸ਼ਬਦ ਨੂੰ ਧੁਨ ਰਾਹੀਂ ਦੁਹਰਾਉਂਦਾ ਹੈ। ਰਾਗ ਵਾਕਾਂਸ਼ਾਂ ਨੂੰ ਸ਼ਬਦ ਜਾਂ ਤਾਲ ਅਨੁਸਾਰ ਸਹੀ ਬੈਠਦੇ ਸਮੂਹਿਕ ਰੂਪ ਵਿਚ ਜਾਂ ਟੋਟਿਆਂ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਹਰ ਵਾਰ ਵਾਕਾਂਸ਼ ਸਮੂਹਗਾਨ ਨਾਲ ਸਮਾਪਤ ਹੁੰਦਾ ਹੈ। ਸੁਰਾਂ ਦੇ ਚੜ੍ਹਦੇ ਕ੍ਰਮ (ਅਰੋਹ) ਦੇ ਵਜੋਂ ਭਾਵ ਸਥਾਈ ਅਤੇ ਅੰਤਰਾ ਦੋਨਾਂ ਵਿਚੋਂ ਮਧੁਰ ਧੁਨੀ , ਬੰਸਰੀ ਵਰਗੇ ਜਾਂ ਤਾਰ ਵਾਲੇ ਸਾਜ਼ ਨਾਲ ਦੁਹਰਾਉ ਕਰਨ ਦੀ ਥਾਂ ਉਸੇ ਰਾਗ ਵਿਚੋਂ ਇਕ ਸਵਰ ਨਾਲ ਜਾਂ ਇਕੱਲੇ ਤਬਲੇ ਨਾਲ ਗਾਈ ਜਾਂਦੀ ਹੈ। ਜੇਕਰ ਰਾਗ ਟਕਸਾਲੀ ਰੂਪ ਵਿਚ ਲੈ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਵਾਰ ਦੀ ਪਉੜੀ ਜਾਂ ਸਲੋਕ ਲਈ ਰਾਗ ਦੀ ਹਲਕੀ ਸ਼ੈਲੀ ਵਰਤੀ ਜਾਂਦੀ ਹੈ। ਵਿਆਖਿਆਤਮਿਕ ਬੰਦ ਜਾਂ ਕਥਾ ਕੇਵਲ ਪ੍ਰਵਾਨਿਤ ਗ੍ਰੰਥਾਂ ਵਿਚੋਂ ਹੀ ਮੁੱਖ ਰਚਨਾ ਵਿਚ ਜੋੜੇ ਜਾਣੇ ਚਾਹੀਦੇ ਹਨ ਅਤੇ ਸੰਬੰਧਿਤ ਰਾਗ ਵਿਚ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਮੁੱਖ ਰਾਗੀ ਆਮ ਤੌਰ ਤੇ ਸਾਰੇ ਨਵੇਂ ਮੂਲ ਪਾਠਾਂ ਅਤੇ ਸੰਗੀਤਿਕ ਪੱਧਤੀਆਂ ਨੂੰ ਪੇਸ਼ ਕਰਦਾ ਹੈ ਪਰ ਦੂਸਰੇ ਸਾਥੀ ਬੰਦ ਦੇ ਬਾਅਦ ਵਾਲੇ ਹਿੱਸੇ ਸਮੇਂ ਉਸਨੂੰ ਗਾ ਸਕਦੇ ਹਨ।

      ਪਰੰਪਰਾ ਤੋਂ ਹੀ ਸ਼ਬਦ-ਕੀਰਤਨ ਉੱਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਕੀਰਤਨ ਦੀ ਧਾਰਮਿਕ ਬਣਤਰ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਕਿਸੇ ਵੀ ਹਾਲਤ ਵਿਚ ਧਾਰਮਿਕ ਗ੍ਰੰਥ ਅਤੇ ਕੀਰਤਨ ਦੀ ਪੇਸ਼ਕਾਰੀ ਨੂੰ ਤੋੜ-ਮਰੋੜ ਕੇ ਪੇਸ਼ ਨਹੀਂ ਕੀਤਾ ਜਾ ਸਕਦਾ ਹੈ। ਹਰ ਇਕ ਸ਼ਬਦ ਦਾ ਸਹੀ ਉਚਾਰਨ ਕੀਤਾ ਜਾਣਾ ਚਾਹੀਦਾ ਹੈ। ਸਾਫ਼ ਤੌਰ ਤੇ ਉਚਾਰੇ ਸ਼ਬਦਾਂ ਰਾਹੀਂ ਸੁਣਨ ਵਾਲੇ ਤਕ ਸਹੀ ਸੰਦੇਸ਼ ਪਹੁੰਚਣਾ ਚਾਹੀਦਾ ਹੈ। ਸ਼ਬਦ ਦਾ ਉੱਚੀ ਅਵਾਜ਼ ਵਿਚ ਦ੍ਰਿੜਤਾ ਨਾਲ ਗਾਇਨ ਕੀਤਾ ਜਾਣਾ ਚਾਹੀਦਾ ਹੈ। ਰਾਗ ਦੇ ਸਹੀ ਉਚਾਰਨ ਲਈ ਸੰਗੀਤਿਕ ਸ਼ਿੰਗਾਰ ਦੀ ਵਰਤੋਂ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਪੇਸ਼ਕਾਰੀ ਵਿਚ ਸੁਰ ਜਾਂ ਤਾਲ ਬਦਲਦੇ ਸਮੇਂ ਲੈਅ ਕਾਇਮ ਰਹਿਣੀ ਚਾਹੀਦੀ ਹੈ। ਕੀਰਤਨੀਆਂ ਦੀ ਰਚਨਾਤਮਿਕ ਸ਼ਕਤੀ ਵਿਚ ਰੁਕਾਵਟ ਨਹੀਂ ਪੈਣੀ ਚਾਹੀਦੀ ਹੈ। ਹੱਥ ਦਾ ਇਸ਼ਾਰਾ, ਤਾੜੀ ਅਤੇ ਨੱਚਣ ਦੀ ਮਨਾਹੀ ਹੈ। ਕੀਰਤਨ ਕਰਦੇ ਸਮੇਂ ਰਾਗੀਆਂ ਦੀ ਪ੍ਰਸੰਸਾ ਨਹੀਂ ਕੀਤੀ ਜਾ ਸਕਦੀ।

      ਸਿੱਖਾਂ ਦੀ ਸੰਵਿਧਾਨਿਕ ਤੌਰ ਤੇ ਚੁਣੀ ਹੋਈ ਧਾਰਮਿਕ ਸੰਸਥਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਵਿਚ ਗੁਰਬਾਣੀ ਦੀ ਰਾਗ ਵਿਚ ਪੇਸ਼ਕਾਰੀ ਨੂੰ ਕੀਰਤਨ ਕਿਹਾ ਗਿਆ ਹੈ। ਵਿਆਖਿਆ ਲਈ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਵਿਚੋਂ ਬੰਦ ਇਸਤੇਮਾਲ ਕੀਤੇ ਜਾ ਸਕਦੇ ਹਨ। ਇੱਥੋਂ ਤਕ ਕਿ ਖੁੱਲ੍ਹੀ ਧਾਰਮਿਕ ਲੈਅ ਵਿਚ ਸ਼ਬਦ ਗਾਉਣ ਸਮੇਂ, ਭਾਵ ਜਦੋਂ ਰਾਗੀ ਜਥਿਆਂ ਵੱਲੋਂ ਪ੍ਰਵਾਨਿਤ ਰਾਗਾਂ ਵਿਚ ਕੀਰਤਨ ਨਾ ਕੀਤਾ ਜਾਵੇ, ਅਤੇ ਸਮੂਹ ਸੰਗਤ ਇਸ ਵਿਚ ਹਿੱਸਾ ਲੈ ਰਹੀ ਹੋਵੇ ਤਾਂ ਵੀ ਸ਼ਬਦ ਅਤੇ ਪੰਗਤੀ ਦੀ ਪਵਿੱਤਰਤਾ ਕਾਇਮ ਰੱਖਦੇ ਹੋਏ ਸਪਸ਼ਟ ਉਚਾਰਨ ਕਰਨਾ ਚਾਹੀਦਾ ਹੈ। ਇਸ ਮੌਕੇ ‘ਤੇ ਵਾਧੂ ਸ਼ਬਦਾਂ ਦੇ ਉਚਾਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵਾਧੂ ਸ਼ਬਦ ਵਿਚਾਰ ਅਧੀਨ ਸ਼ਬਦ ਵਿਚੋਂ ਕੇਵਲ ਇਕ ਪੰਗਤੀ ਨੂੰ ਅੰਤਰੇ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ।

      ਮੁੱਖ ਰਾਗੀਆਂ ਦੁਆਰਾ ਕਦੇ-ਕਦੇ ਕੀਰਤਨ ਦੇ ਨਾਲ ਵਿਆਖਿਆ ਵੀ ਕੀਤੀ ਜਾਂਦੀ ਹੈ ਪਰ ਨਿਰੋਲ ਭਾਵਨਾ ਨਾਲ ਸ਼ੁੱਧ ਬਾਣੀ ਨੂੰ ਤਰਜ਼ੀਹ ਦੇਣ ਵਾਲੇ ਗੁਰਬਾਣੀ ਅਤੇ ਸੰਗੀਤ ਦੇ ਕਲਾ-ਪ੍ਰੇਮੀ ਇਸ ਨੂੰ ਪਸੰਦ ਨਹੀਂ ਕਰਦੇ। ਕੁਝ ਸਮੇਂ ਤੋਂ ਕੀਰਤਨ ਦਰਬਾਰ (ਜਿੱਥੇ ਗੁਰਬਾਣੀ ਗਾਇਨ ਲਈ ਬਹੁਤ ਸਾਰੇ ਜਥੇ ਸ਼ਾਮਲ ਹੁੰਦੇ ਹਨ) ਅਖੰਡ ਕੀਰਤਨ ਜਾਂ ਰੈਣ-ਸਬਾਈ ਕੀਰਤਨਾਂ ਦਾ ਰਿਵਾਜ ਚੱਲ ਪਿਆ ਹੈ। ਉਹ ਸ਼ਰਧਾਲੂਆਂ ਦੀਆਂ ਨਾ ਕੇਵਲ ਸੁਹਜਾਤਮਿਕ ਅਤੇ ਅਧਿਆਤਮਿਕ ਲੋੜਾਂ ਪੂਰੀਆਂ ਕਰਦੇ ਹਨ ਬਲਕਿ ਸਿੱਖ ਕੀਰਤਨ ਦੀ ਖਿੱਚ ਅਤੇ ਖੇਤਰ ਨੂੰ ਵੀ ਵਧਾ ਰਹੇ ਹਨ।


ਲੇਖਕ : ਗ.ਸ.ਤ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੀਰਤਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੀਰਤਨ (ਸੰ.। ਸੰਸਕ੍ਰਿਤ ਕੀਰੑਤ੍ਤਨ ਕਰਨਾ ਯਾ ਮਹਿਮਾਂ ਕਥਨ ਕਰਨੀ) ੧. ਜਸ ਕਰਨਾ।

੨. ਜਸ ਗਾਇਨ ਕਰਨਾ। ਵਾਹਿਗੁਰੂ ਦੀ ਉਸਤਤੀ ਦਾ ਗਾਇਨ ਕਰਨਾ। ਸਿਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪ੍ਰਮਾਣੀਕ ਬਾਣੀਆਂ ਦਾ ਰਾਗ ਦ੍ਵਾਰਾ ਗਾਇਨ ਕਰਨਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੀਰਤਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੀਰਤਨ : ‘ਕੀਰਤਨ’ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦਾ ਸ਼ਾਬਦਿਕ ਅਰਥ ਹੈ––ਕਥਨ, ਵਿਖਿਆਨ। ਪਰ ਧਰਮ, ਸਾਧਨਾ ਦੇ ਖੇਤਰ ਵਿਚ ਇਸ ਦੇ ਅਰਥ ਵਿਸ਼ਿਸ਼ਟ ਹੋ ਗਏ ਹਨ, ਅਰਥਾਤ ‘ਸੰਗੀਤਯੁਕਤ’ ਹਰਿ ਯਸ਼’। ਭਗਵਦ ਗੀਤਾ, ਭਗਤੀ ਸ਼ਾਸਤ੍ਰ ਨਾਲ ਸੰਬੰਧਿਤ ਗ੍ਰੰਥਾਂ ਅਤੇ ਵੈਸ਼ਣਵ ਆਚਾਰਯਾਂ ਦੇ ਧਰਮ–ਗ੍ਰੰਥਾਂ ਵਿਚ ਸਰਬੱਤ੍ਰ ਕੀਰਤਨ ਦੀ ਮਹਿਮਾ ਦਾ ਵਿਖਿਆਨ ਕੀਤਾ ਗਿਆ ਹੈ। ਭਾਗਵਤ ਪੁਰਾਣ (7/5/23/) ਵਿਚ ਇਸ ਨੂੰ ‘ਨਵਧਾ ਭਗਤੀ’ ਵਿਚ ਸ਼ਾਮਲ ਕੀਤਾ ਗਿਆ ਹੈ। ਮੱਧ–ਯੁੱਗ ਦੀਆਂ ਲਗਭਗ ਸਾਰੀਆਂ ਧਾਰਮਿਕ ਸੰਪ੍ਰਦਾਵਾਂ ਨੇ ਇਸ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਸੂਫ਼ੀ ਸਾਧਕਾਂ ਨੇ ਵੀ ਪ੍ਰਕਾਰਾਂਤਰ ਨਾਲ ਆਪਣੇ ਡੇਰਿਆਂ ’ਤੇ ਸਮਾਅ ਦੇ ਰੂਪ ਕੀਰਤਨ ਦੀ ਵਿਵਸਥਾ ਕਿਸੇ ਨਾ ਕਿਸੇ ਰੂਪ ਵਿਚ ਬਣਾਈ ਰੱਖੀ ਹੈ।

          ਸਿੱਖ ਧਰਮ ਸਾਧਨਾ ਦਾ ਕੀਰਤਨ ਇਕ ਅਨਿਖੜ ਅੰਗ ਹੈ। ਡਾ. ਸ਼ੇਰ ਸਿੰਘ ਅਨੁਸਾਰ ਸੰਗਤ ਵਿਚ ਜਾ ਕੇ ਮਿਲ ਬੈਠਣ ਦਾ ਪਹਿਲਾ ਫਲ ਕੀਰਤਨ ਹੈ। ਸਿੱਖ ਗੁਰੂਆਂ ਨੇ ਅਮਲੀ ਤੌਰ ਤੇ ਕੀਰਤਨ ਨੂੰ ਜੀਵਿਆ ਹੈ। ਕੀਰਤਨ ਕਰਨ ਲਈ ਹੀ ਭਾਈ ਮਰਦਾਨਾ ਸਦਾ ਗੁਰੂ ਨਾਨਕ ਦੇਵ ਦੇ ਨਾਲ ਰਿਹਾ ਹੈ। ਗੁਰੂ ਅਰਜਨ ਦੇਵ ਦੇ ਦਰਬਾਰ ਸਾਹਿਬ ਵਿਚ ਨਿੱਤ ਦੇ ਕੀਰਤਨ ਦੀਆਂ ਚਾਰ ਚੌਕੀਆਂ ਦੀ ਮਰਯਾਦਾ ਦੀ ਸਥਾਪਨਾ ਕੀਤੀ ਹੈ। ਜਪੁਜੀ (੫) ਵਿਚ ਸOਵਣ ਅਤੇ ਮਨਨ ਤੋਂ ਕੀਰਤਨ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ––‘ਗਾਵੀਐ ਸੁਣੀਐ ਮਨਿ ਰਖੀਐ ਭਾਉ। ਦੁਖੁ ਪਰਹਰਿ ਸੁਖ ਘਰ ਲੈ ਜਾਇ।’ ਗੁਰੂ ਅਰਜਨ ਦੇਵ ‘ਕਲਜੁਗ ਮਹਿ ਕੀਰਤਨ ਪਰਧਾਨਾ’ (ਆ. ਗ੍ਰੰਥ ੧੦੭੫) ਕਹਿ ਕੇ ਦਿਨ ਰਾਤ ਕੀਰਤਨ ਕਰਨ ਉੱਤੇ ਬਲ ਦਿੱਤਾ ਹੈ ਕਿਉਂਕਿ ਇਸ ਨਾਲ ਆਵਾਗਵਣ ਕਟ ਜਾਂਦਾ ਹੈ––‘ਹਰਿ ਦਿਨੁ ਰੈਨਿ ਕੀਰਤਨ ਗਾਈਐ। ਬਹੁੜਿ ਨ ਜੋਨੀ ਪਾਈਐ’(ਆ. ਗ੍ਰੰਥ ੬੨੪)। ਅਸਲੋਂ ਇਹ ਨਿਰਮੋਲਕ ਹੀਰਾ, ਆਨੰਦ–ਦਾਇਕ ਅਤੇ ਗੰਭੀਰ ਗੁਣਾਂ ਵਾਲਾ ਹੈ। (‘ਕੀਰਤਨ ਨਿਰਮੋਲਕ ਹੀਰਾ। ਆਨੰਦ ਗੁਣੀ ਗਹੀਰਾ’ –– ਆ. ਗ੍ਰੰਥ ੮੯੩) ਅਤੇ ਮਨੁੱਖਾਂ ਲਈ ਇਹ ਅਟਲ ਧਰਮ ਹੈ–‘ਨਾਨਕ ਹਰਿ ਕੀਰਤਨੁ ਕਰਿ ਅਟਲੁ ਏਹੁ ਧਰਮ’ (ਆ. ਗ੍ਰੰਥ ੨੯੯)। ਡਾ. ਸ਼ੇਰ ਸਿੰਘ ਦੇ ਮਤ ਅਨੁਸਾਰ ‘ਕੀਰਤਨ ਆਤਮਾ ਨੂੰ ਸਿੱਧਾ ਖਿੱਚ ਪਾਂਦਾ ਹੈ ਕਿਉਂ ਜੋ ਇਸ ਦੀ ਭਾਵ, ਸਚਾਈ ਅਤੇ ਜਜ਼ਬਾਤ ਦੀ ਸਫ਼ਾਈ ਤੇ ਸਾਦਗੀ ਹੁੰਦੀ ਹੈ। ਇਹ ਕੀਰਤਨ ਅੰਦਰੋਂ (ਧੁਰੋਂ) ਦਿਲ ਦੀ ਪੁਕਾਰ ਹੁੰਦਾ ਹੈ। ਅੰਦਰਲਾ ਰੱਬੀ ਅੰਸ਼ ਸਰਬ–ਵਿਆਪੀ ਰੱਬ ਨਾਲ ਇਕ ਸੁਰ ਹੋਣਾ ਚਾਹੁੰਦਾ ਹੈ ਤੇ ਇਹ ਇਕ–ਸੁਰਤਾ ਕੀਰਤਨ ਨਾਲ ਸੌਖੀ ਪ੍ਰਾਪਤ ਹੁੰਦੀ ਹੈ। ਕੀਰਤਨ ਮੁਰਦਾ ਮਨ ਨੂੰ ਟੁੰਬਦਾ ਹੈ, ਸੁਰਜੀਤ ਕਰਦਾ ਹੈ, ਕੰਬਣੀ ਛੇੜਦਾ ਹੈ। ਇਹ ਟੁੰਬਣੀ ਉਸ ਦੇ ਮਨ ਵਿਚੋਂ ਦੂਜੇ ਮਨੁੱਖਾਂ ਲਈ, ਰੱਬ ਦੀ ਸਾਰੀ ਰਚਨਾ ਲਈ ਪਿਆਰ ਜਗਾਂਦੀ ਹੈ ਅਤੇ ਸਰਬ–ਏਕਤਾ ਦਾ ਅਹਿਸਾਸ ਪੈਦਾ ਕਰਦੀ ਹੈ।

          ਭਾਈ ਅਰਦਮਨ ਸਿੰਘ ਨੇ ਸਿਮਰਨ ਅਤੇ ਕੀਰਤਨ ਦਾ ਅੰਤਰ ਸਪਸ਼ਟ ਕਰਦਿਆਂ ਕਿਹਾ ਹੈ ਕਿ ਸਿਮਰਨ ਜ਼ਾਤੀ (personal) ਅਭਿਆਸ ਨਾਲ ਹੁੰਦਾ ਹੈ। ਮਨ ਨੂੰ ਮੋੜ ਮੋੜ ਕੇ ਲਿਆ ਕੇ ਚਿੱਤ–ਵ੍ਰਿਤੀ ਇਕਾਗਰ ਕਰਨੀ ਪੈਂਦੀ ਹੈ, ਤਾਂ ਲਿਵ ਲਗਦੀ ਹੈ। ਇਹ ਪਹਿਲਾਂ ਅਲੂਣੀ ਸਿਲ ਚਟਣ ਵਾਂਗ ਹੁੰਦਾ ਹੈ। ਕਾਫ਼ੀ ਅਭਿਆਸ ਪਿੱਛੋਂ ਕਿਤੇ ਜਾ ਕੇ ਰਸ ਆਉਣ ਲਗਦਾ ਹੈ। ਉਧਰ ਕੀਰਤਨ ਨਾਲ ਸਿੱਧਾਂ ਹੀ ਗੁਰ–ਸੰਗੀਤ ਵਿਚ ਪਹੁੰਚ ਜਾਈਦਾ ਹੈ।............. ਕੀਰਤਨ ਦਾ ਅਸਰ ਮਨ ਉਪਰ ਸਿੱਧਾ ਹੁੰਦਾ ਹੈ। ਇਹ ਬੁੱਧੀ ਦੀ ਛਾਣਬੀਣ ਵਿਚ ਨਹੀਂ ਫਸਦਾ। ਇਸ ਲਈ ਬ੍ਰਿਤੀ ਸਹਿਜੇ ਹੀ ਇਕਾਗਰ ਹੋ ਜਾਂਦੀ ਹੈ । ਪਰ ਕੀਰਤਨ ਹਰ ਵਕਤ ਗਾਵਿਆ ਸੁਣਿਆ ਨਹੀਂ ਜਾ ਸਕਦਾ, ਜਦ ਕਿ ਸਿਮਰਨ ਹਰ ਵੇਲੇ ਹੋ ਸਕਦਾ ਹੈ। ਭਾਈ ਗੁਰਦਾਸ ਦੀ 11ਵੀਂ ਵਾਰ ਦੀ 15ਵੀਂ ਪਉੜੀ ਉੱਤੇ ਟੀਕਾ ਕਰਦਿਆਂ ‘ਭਗਤ ਰਤਨਾਵਲੀ’ ਵਿਚ ਕੀਰਤਨ ਦਾ ਮਹਾਤਮ ਨੂੰ ਸਪਸ਼ਟ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਸਿੱਖ ਸਾਧਨਾ ਵਿਚ ਪ੍ਰੇਮ ਦਾ ਸਥਾਨ ਪਿਤਾ ਵਾਲਾ ਹੈ, ਕਥਾ–ਵਾਰਤਾ ਦਾ ਮਾਤਾ ਵਾਲਾ ਅਤੇ ਕੀਤਰਤਨ ਦਾ ਪੁੱਤਰ ਵਾਲਾ ਹੈ। ਇਸ ਤਰ੍ਹਾਂ ਪ੍ਰੇਮ ਪੂਰਣ ਹਰਿ ਯਸ਼ ਜਦੋਂ ਸੰਗੀਤ ਦੀ ਸੁਰਤਾਲ ਨਾਲ ਤਰੰਗਾਇਤ ਹੁੰਦਾ ਹੈ, ਤਾਂ ਉਸ ਦੀ ਸੰਗਿਆ ‘ਕੀਰਤਨ’ ਹੈ।

          ਸਿੱਧ ਹੈ ਕਿ ਸੰਗੀਤ ਕੀਤਰਨ ਦਾ ਬਾਹਰਲਾ ਅਤੇ ਆਵੱਸ਼ਕ ਸਾਧਨ ਹੈ। ਇਸ ਦੇ ਸੰਯੋਗ ਨਾਲ ਬਾਣੀ ਕੀਰਤਨ ਕਰਨ ਦੇ ਅਨੁਕੂਲ ਬਣਦੀ ਹੈ। ਸੰਗੀਤ ਮਨ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ। ਸ. ਗਿਆਨ ਸਿੰਘ ਐਬਟਾਬਾਦ ਨੇ ਸੰਗੀਤ ਨੂੰ ਕੋਮਲ ਕਲਾ ਮੰਨਦੇ ਹੋਇਆ ਦੱਸਿਆ ਹੈ ਕਿ “ਸੰਗੀਤ ਨਾਲੋਂ ਵੱਧ ਤੀਖਣ ਅਤੇ ਪ੍ਰਭਾਵਸ਼ਾਲੀ ਅਸਰ ਹੋਰ ਕਿਸੇ ਕੋਮਲ ਕਲਾ ਦਾ ਨਹੀਂ ਪੈ ਸਕਦਾ ।......ਇਹ ਕਠੋਰ ਤੋਂ ਕਠੋਰ ਹਿਰਦਾ ਵੀ ਮੁਲਾਇਮ ਕਰ ਸਕਦਾ ਹੈ, ਮੈਲੇ ਹਿਰਦੇ ਦੀ ਮੈਲ ਧੋ ਸਕਦਾ ਹੈ, ਜੀਵਨ ਤੋਂ ਉਪਰਾਮ ਹੋ ਚੁਕੇ ਨੂੰ ਫਿਰ ਤੋਂ ਉਤਸ਼ਾਹੀ ਬਣ ਸਕਦਾ ਹੈ।.......ਸੰਗੀਤ ਉਹ ਮਹਾਨ ਸ਼ਕਤੀ ਹੈ ਜਿਸ ਰਾਹੀਂ ਮਨੁੱਖ ਦਾ ਕਾਯਾ–ਕਲਪ ਹੋ ਸਕਦਾ ਹੈ। ਮਨੁੱਖ ਕੀ, ਪਸ਼ੂ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ।” ਡਾ. ਮਨਮੋਹਨ ਗੌਤਮ ਅਨੁਸਾਰ ਸੰਗੀਤ ਕਵਿਤਾ ਦੇ ਭਾਵ ਦੀ ਅਨੁਭੂਤੀ ਲਈ ਮਨਮੋਹਕ ਵਾਤਾਰਣ ਪੈਦਾ ਕਰ ਦਿੰਦਾ ਹੈ। ਇਸ ਨਾਲ ਵਿਸ਼ੇ ਦਾ ਅਨੁਭਵ ਰਸਾਤਮਕ ਹੋ ਜਾਂਦਾ ਹੈ।

          ਸੰਗੀਤ ਦਾ ਸਰੂਪ–ਵਿਆਪੀ ਹੈ। ਗੁਰੂ ਨਾਨਕ ਦੇਵ ਨੇ ‘ਘਟ ਘਟ ਵਾਜਿਹ ਨਾਦ’ ਦੇ ਕਥਨ ਦੁਆਰਾ ਸਾਰੇ ਬ੍ਰਹਿਮੰਡ ਵਿਚ ਸੰਗੀਤ ਦੀ ਧੁਨ ਨੂੰ ਭਰਪੂਰ ਮੰਨਿਆ ਹੈ। ਉਨ੍ਹਾਂ ਨੇ ਰਬਾਬ ਦੀਆਂ ਧੁਨਾਂ ਨਾਲ ਆਪਣੇ ਸੰਦੇਸ਼ ਨੂੰ ਅਧਿਕ ਪ੍ਰਭਵਾਸ਼ਲੀ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇਸੇ ਲਈ ਰਾਗ–ਬੱਧ ਕੀਤੀ ਗਈ ਹੈ। ਧਰਮ–ਗ੍ਰੰਥਾਂ ਦੇ ਇਤਿਹਾਸ ਵਿਚ ਕਿਸੇ ਸੰਪੂਰਣ ਰਚਨਾ ਦਾ ਰਾਗ–ਬੱਧ ਹੋਣਾ ਵਿਸ਼ੇਸ਼ ਮਹੱਤਵ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੀ  ਬਾਣੀ 31 ਰਾਗਾਂ ਅਧੀਨ ਦਰਜ ਹੈ––ਸਿਰੀ, ਮਾਝ, ਗਾਉੜੀ ਆਸਾ, ਗੁਜਰੀ, ਦੇਵਗੰਧਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਾਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀ ਗੋੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ। ਰਾਗ/ਰਾਗਨੀਆਂ ਦੀ ਇਤਨੀ ਲੰਮੀ ਸੂਚੀ ਤੋਂ ਭਲੀ–ਭਾਂਤ ਸਪਸ਼ਟ ਹੈ ਕਿ ਸਿੱਖ ਗੁਰੂ ਰਾਗ ਵਿਦਿਆ ਵਿਚ ਕਿਤਨੇ ਪ੍ਰਬੀਨ ਸਨ। ਉਨ੍ਹਾਂ ਨੇ ਇਕ ਪਾਸੇ ਉੱਤਰੀ ਅਤੇ ਦੱਖਣੀ ਸ਼ੈਲੀ ਦਾ ਤਾਲ–ਮੇਲ ਕਾਇਮ ਕੀਤਾ ਅਤੇ ਦੂਜੇ ਪਾਸੇ ਮਾਰਗੀ ਅਤੇ ਦੇਸੀ ਧੁਨਾਂ ਦੀ ਮਿਸ਼ਰਣ ਕੀਤਾ। ਨਾਲ ਹੀ ਪੰਜਾਬੀ ਜੀਵਨ ਅਤੇ ਸਭਿਆਚਾਰ ਦੀ ਸਪਸ਼ਟ ਛਾਪ ਲਗਾਈ। ਇਸ ਵਿਚ ਸੰਦੇਹ ਨਹੀਂ ਕਿ ਮੱਧ–ਯੁੱਗ ਦੇ ਹੋਰ ਭਗਤਾਂ/ਸੰਤਾਂ ਨੇ ਆਪਣੀਆਂ ਰਚਨਾਵਾਂ ਨੂੰ ਰਾਗ–ਬੱਧ ਕੀਤਾ, ਪਰ ਉਨ੍ਹਾਂ ਵਿਚ ਨਾ ਤਾਂ ਕੀਰਤਨ ਕਰਨ ਦੀ ਕੋਈ ਨਿਸ਼ਚਿਤ ਵਿਧੀ ਹੈ, ਨਾ ਹੀ ਉਨ੍ਹਾਂ ਵਿਚ ਗੁਰਬਾਣੀ ਜਿਤਨੀ ਰਾਗਮਇਅਤਾ ਹੈ ਅਤੇ ਨਾ ਹੀ ਉਨ੍ਹਾਂ ਵਿਚ ਮਨੁੱਖੀ ਮਨ ਨੂੰ ਕੀਲ ਸਕਣ ਦੀ ਰਸਿਕਤਾ ਹੈ। ਇਸ ਤਰ੍ਹਾਂ ਗੁਰਬਾਣੀ ਸੰਗੀਤ–ਬੱਧ ਰਚਨਾਵਾਂ ਦਾ ਵਡਮੁੱਲਾ ਖ਼ਜਾਨਾ ਹੈ ਜੋ ਕੀਰਤਨ ਦੀ ਪ੍ਰਭਾਵਸ਼ਾਲਤਾ ਕਰ ਕੇ ਅਤਿ–ਅਧਿਕ ਹਰਮਨ ਪਿਆਰਾ ਵੀ ਹੈ।

                   [ਸਹਾ. ਗ੍ਰੰਥ––ਡਾ. ਸ਼ੇਰ ਸਿੰਘ: ‘ਗੁਰਮਤ ਦਰਸ਼ਨ’, ‘ਸੀਸ ਗੰਜ’, ‘ਗੁਰੂ ਨਾਨਕ ਅੰਕ’–1969; ਡਾ. ਮਨਮੋਹਨ ਗੌਤ: ‘ਸੂਰ  ਕੀ ਕਾਵੑਯ–ਕਲਾ’ (ਹਿੰਦੀ); ਡਾ. ਗੁਰਸ਼ਰਨ ਕੌਰ ਜੱਗੀ: ‘ਗੁਰੂ ਨਾਨਕ ਦੀ ਕਾਵਿ–ਕਲਾ’; ਗੁ. ਮਾ. ]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਕੀਰਤਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਕੀਰਤਨ : ਇਸ ਸ਼ਬਦ ਦਾ ਮੂਲ ਧਾਤੂ ਸੰਸਕ੍ਰਿਤੀ ਦਾ ਸ਼ਬਦ ਕੀਰਤਿ ਹੈ। ਕੀਰਤਿ ਤੋਂ ਭਾਵ ਹੈ ਸਿਫ਼ਤ-ਸਲਾਹ ਕਰਨੀ ਤੇ ਉਸਤਤਿ ਕਰਨੀ। ਪਰਮਾਤਮਾ ਲਈ ਪ੍ਰੇਮਾ ਭਗਤੀ ਪ੍ਰਗਟ ਕਰਨ ਲਈ ਸਲੋਕਾਂ ਨੂੰ ਗਾਉਣਾ ਤੇ ਰੂਹ ਨੂੰ ਵਜੂਦ ਵਿੱਚ ਲਿਆ ਕੇ ਈਸ਼ਵਰ ਨਾਲ ਜੁੜਨਾ ਹੀ ਉਸਨੂੰ ਪ੍ਰਾਪਤ ਕਰਨ ਦਾ ਨਾਂ ਹੈ। ਪ੍ਰਭੂ ਦੀ ਪ੍ਰਾਪਤੀ ਲਈ ਕੀਰਤਨ ਨੂੰ ਇੱਕ ਵੱਡਾ ਸਾਧਨ ਮੰਨਿਆ ਗਿਆ ਹੈ। ਭਾਰਤੀ ਪਰੰਪਰਾ ਅਨੁਸਾਰ ਪ੍ਰਾਚੀਨ ਕਾਲ ਵਿੱਚ ਵੀ ਵੈਦਿਕ ਮੰਤਰਾਂ ਨੂੰ ਗਾ ਕੇ ਹੀ ਪ੍ਰਭੂ ਦੀ ਉਸਤਤ ਕੀਤੀ ਜਾਂਦੀ ਸੀ। ਮੱਧ ਕਾਲ ਵਿੱਚ ਸੰਤ, ਭਗਤ ਤੇ ਸੂਫ਼ੀ ਕਵੀ ਵਜੂਦ ਵਿੱਚ ਆ ਕੇ ਆਪਣੀਆਂ ਰਚਨਾਵਾਂ ਨੂੰ ਗਾ ਕੇ, ਨੱਚ ਕੇ, ਤਾਲੀਆਂ ਵਜਾ ਕੇ ਪਰਮਾਤਮਾ ਦੀ ਸਿਫ਼ਤ ਕਰਦੇ ਸਨ। ਸਿੱਖ ਧਰਮ ਵਿੱਚ ਇੱਕ ਈਸ਼ਵਰ ਦੇ ਜਸ ਨੂੰ ਗਾਉਣ ਦਾ ਨਾਮ ਕੀਰਤਨ ਦਿੱਤਾ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਵੀ ਨਾਮ ਸਿਮਰਨ ਦੇ ਨਾਲ ਰੂਹਾਨੀ ਸੰਗੀਤ ਦੁਆਰਾ ਹੀ ਪਰਮਾਤਮਾ ਨਾਲ ਜੁੜਨ ਦਾ ਸਭ ਤੋਂ ਉੱਤਮ ਰਾਹ ਦੱਸਦੇ ਹਨ ਜਿਸ ਨੂੰ ਉਹਨਾਂ ਨੇ ਕੀਰਤਨ ਦਾ ਨਾਮ ਦਿੱਤਾ। ਗੁਰੂ ਸਾਹਿਬਾਨ ਆਪ ਰਾਗਾਂ ਦੇ ਮਾਹਰ ਸਨ। ਉਹਨਾਂ ਨੇ ਸਾਰੀ ਬਾਣੀ ਰਾਗਾਂ ਵਿੱਚ ਰਚੀ ਅਤੇ ਉਹਨਾਂ ਰਾਗਾਂ ਅਨੁਸਾਰ ਹੀ ਇਸ ਨੂੰ ਗਾਉਣ ਦਾ ਉਪਦੇਸ਼ ਦਿੱਤਾ। ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੀ ਧਰਮ ਅਤੇ ਸੰਗੀਤ ਦਾ ਗੂੜ੍ਹਾ ਰਿਸ਼ਤਾ ਰਿਹਾ ਹੈ।

ਸਿੱਖ ਧਰਮ ਵਿੱਚ ਕੀਰਤਨ ਦਾ ਰੁਤਬਾ ਬਹੁਤ ਉੱਚਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ  ਵਿੱਚ ਅੰਕਿਤ ਸਾਰੀ ਬਾਣੀ ਵੱਖ-ਵੱਖ ਰਾਗਾਂ ਵਿੱਚ ਹੈ ਤੇ ਰਾਗਾਂ ਦੇ ਅਨੁਸਾਰ ਉਸ ਬਾਣੀ ਨੂੰ ਗਾਇਆ ਜਾਂਦਾ ਹੈ ਜਿਸ ਨੂੰ ਕੀਰਤਨ ਆਖਦੇ ਹਨ। ਹਰ ਸ਼ਬਦ ਨੂੰ ਰਾਗ ਵਿੱਚ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਸ਼ਬਦ ਤੋਂ ਪਹਿਲਾਂ ਉਸ ਦਾ ਨਿਰਧਾਰਿਤ ਰਾਗ ਸਪਸ਼ਟ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ ਉਹਨਾਂ ਨੇ ਉਹਨਾਂ ਥਾਵਾਂ ਤੇ ਧਰਮਸ਼ਾਲਾ ਕਾਇਮ ਕੀਤੀਆਂ। ਇਹਨਾਂ ਧਰਮਸ਼ਾਲਾ ਵਿੱਚ ਪਰਮਾਤਮਾ ਦੀ ਉਸਤਤੀ ਗਾ ਕੇ ਭਾਵ ਕੀਰਤਨ ਦੁਆਰਾ ਕੀਤੀ ਜਾਂਦੀ ਸੀ। ਗੁਰੂ ਨਾਨਕ ਦੇਵ ਜਦੋਂ ਕੀਰਤਨ ਕਰਦੇ ਸਨ ਤਾਂ ਉਹਨਾਂ ਦਾ ਸਾਥੀ ਮਰਦਾਨਾ ਰਬਾਬ ਵਜਾਉਂਦਾ ਸੀ ਤੇ ਉਹ ਜਸ ਗਾਉਂਦੇ ਸਨ। ਗੁਰੂ ਨਾਨਕ ਦੇਵ ਜੀ ਦੇਸਾਂ-ਪਰਦੇਸਾਂ ਵਿੱਚ ਵਿਚਰਦਿਆਂ ਜਿੱਥੇ ਵੀ ਗਏ ਇਸ ਪ੍ਰਥਾ ਨੂੰ ਕਾਇਮ ਕਰਦੇ ਗਏ। ਸਿੱਖ ਧਰਮ ਵਿੱਚ ਤਾਲੀਆਂ ਵਜਾ ਕੇ ਤੇ ਨੱਚ ਕੇ ਰੱਬ ਦੀ ਉਸਤਤ ਕਰਨ ਦੀ ਮਨਾਹੀ ਸੀ। ਕੇਵਲ ਸੰਗੀਤ ਦੁਆਰਾ ਰੂਹ ਨੂੰ ਰੱਬ ਨਾਲ ਜੋੜਨਾ ਤੇ ਉਸੇ ਦੇ ਰੰਗ ਵਿੱਚ ਲੀਨ ਹੋ ਜਾਣ ਦਾ ਸਾਧਨ ਕੀਰਤਨ ਹੈ। ਸੰਗੀਤ ਨੂੰ ਰੂਹ ਦੀ ਖ਼ੁਰਾਕ ਮੰਨਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਕੀਰਤਨ ਨੂੰ ਸਿੱਖ ਧਰਮ ਦਾ ਬੁਨਿਆਦੀ ਥੰਮ ਸਮਝਦੇ ਸਨ। ਕਲਜੁਗੀ ਜੀਵਾਂ ਨੂੰ ਤਾਰਨ ਅਤੇ ਮਨਮੁਖਾਂ ਨੂੰ ਸਿੱਧੇ ਰਾਹ ਪਾਉਣ ਦੀ ਵਿਧੀ ਦੇ ਤੌਰ ’ਤੇ ‘ਕੀਰਤਨ’ ਨੂੰ ਹੀ ਪ੍ਰਮੁਖਤਾ ਦਿੱਤੀ ਹੈ। ਭਾਈ ਮਨੀ ਸਿੰਘ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਜਦ ਕਰਤਾਰਪੁਰ ਨਗਰ ਵਸਾਇਆ ਤਾਂ ਕੀਰਤਨ ਦੀ ਮਰਯਾਦਾ ਕਾਇਮ ਰੱਖਣ ਦਾ ਉਪਦੇਸ਼ ਦਿੱਤਾ।

ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਨੂੰ ਜਾਰੀ ਰੱਖਿਆ। ਖਡੂਰ ਸਾਹਿਬ ਵਿਖੇ ਸਵੇਰੇ ਤੋਂ ਸ਼ਾਮ ਬਲਵੰਡ ਤੇ ਸੱਤਾ ਰਬਾਬੀ ਕੀਰਤਨ ਕਰਿਆ ਕਰਦੇ ਸਨ। ਗੁਰੂ ਅਮਰ ਦਾਸ ਜੀ ਨੇ ਗੋਇੰਦਵਾਲ ਵਿਖੇ ਕੀਰਤਨ ਦੀ ਪ੍ਰਥਾ ਨੂੰ ਹੋਰ ਅੱਗੇ ਵਧਾਇਆ। ਗੁਰੂ ਸਾਹਿਬ ਨਿੱਤ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪ ਨਾਮ ਜਪਦੇ ਤੇ ਸਿੱਖ ਸੰਗਤਾਂ ਨੂੰ ਵੀ ਇਹੀ ਰਹਿਤ-ਮਰਯਾਦਾ ਅਪਣਾਉਣ ਲਈ ਕਿਹਾ। ਗੁਰੂ ਸਾਹਿਬਾਨ ਦੇ ਦਰਬਾਰ ਵਿੱਚ ਚੰਗੇ-ਚੰਗੇ ਨਿਪੁੰਨ ਰਾਗੀ ਕੀਰਤਨ ਕਰਦੇ ਸਨ। ਇਹ ਪਰੰਪਰਾ ਅੱਜ ਵੀ ਕਾਇਮ ਹੈ।

ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਕੀਰਤਨ ਦੀ ਮਰਯਾਦਾ ਵਿੱਚ ਹੋਰ ਰੰਗ ਭਰਿਆ। ‘ਆਸਾ ਦੀ ਵਾਰ’ ਦਾ ਕੀਰਤਨ ਸੱਤਾ ਤੇ ਬਲਵੰਡ ਬੜੇ ਪ੍ਰੇਮ ਤੇ ਸ਼ਰਧਾ ਨਾਲ ਕਰਦੇ ਅਤੇ ਹੋਰ ਬਾਣੀਆਂ ਰਾਗਾਂ ਵਿੱਚ ਗਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੇ ਸਮੇਂ ਕੀਰਤਨ ਦੀ ਪ੍ਰਥਾ ਸਿਖ਼ਰ ਤੇ ਪਹੁੰਚ ਗਈ। ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ  ਦੀ ਬੀੜ ਨੂੰ ਸੰਪਾਦਿਤ ਕਰਕੇ ਇਸਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਕਰ ਦਿੱਤਾ। ਸੰਗਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਕੇ ਕੀਰਤਨ ਕਰਨ ਅਤੇ ਸੁਣਨ ਦਾ ਅਨੰਦ ਮਾਣਨ ਲੱਗ ਪਈ। ਸੱਤਾ ਤੇ ਬਲਵੰਡ ਦਾ ਇੱਕ ਕੀਰਤਨੀ ਜਥਾ ਸੀ ਅਤੇ ਉਹ ਗੁਰੂ ਦਰਬਾਰ ਵਿੱਚ ਕੀਰਤਨ ਕਰਿਆ ਕਰਦੇ ਸਨ। ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਮਗਰੋਂ ਅੰਤਿਮ ਅਰਦਾਸ ਸਮੇਂ ਕੀਰਤਨ ਸਮਾਗਮ ਹੋਇਆ। ਗੁਰੂ ਹਰਗੋਬਿੰਦ ਜੀ ਦੇ ਸਮੇਂ ਅਕਾਲ ਤਖ਼ਤ ਤੇ ਦੀਵਾਨ ਸਜਾਏ ਜਾਂਦੇ ਸਨ। ਗੁਰੂ ਹਰਕ੍ਰਿਸ਼ਨ ਜੀ ਕੀਰਤਨ ਦੇ ਬੜੇ ਪ੍ਰੇਮੀ ਸੀ। ਉਹਨਾਂ ਦੇ ਸਮੇਂ ਕੀਰਤਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਸੀ। ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਤੇ ਕੀਰਤਨ ਦੀ ਪ੍ਰਥਾ ਵਿੱਚ ਹੋਰ ਵਾਧਾ ਕੀਤਾ। ਗੁਰੂ ਗੋਬਿੰਦ ਸਿੰਘ ਨੇ ਕੀਰਤਨ ਨੂੰ ਰਣ-ਭੂਮੀ ਦਾ ਅੰਗ ਬਣਾ ਕੇ ਇਸ ਵਿੱਚ ਹੋਰ ਵਾਧਾ ਕੀਤਾ। ਕਈ ਰਬਾਬੀ ਕੀਰਤਨ ਕਰਿਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖ ਰਹਿਤ-ਨਾਮਿਆਂ ਵਿੱਚ ਵੀ ਕੀਰਤਨ ਦੇ ਮਹੱਤਵ ਨੂੰ ਸ੍ਵੀਕਾਰ ਕੀਤਾ ਗਿਆ ਹੈ।

ਗੁਰਬਾਣੀ ਵਿੱਚ ਮਨੁੱਖ ਨੂੰ ਕੀਰਤਨ ਕਰਨ ਦਾ ਬਾਰ-ਬਾਰ ਉਪਦੇਸ਼ ਦਿੱਤਾ ਗਿਆ ਹੈ। ਕੀਰਤਨ ਨੂੰ ਰੁਹਾਨੀ ਜੀਵਨ ਦਾ ਆਧਾਰ ਮੰਨਿਆ ਗਿਆ ਹੈ ਜਿਸ ਦੁਆਰਾ ਮਨੁੱਖ ਪਰਮਾਤਮਾ ਨਾਲ ਜਾ ਜੁੜਦਾ ਹੈ। ਕੀਰਤਨ ਦੁਆਰਾ ਪ੍ਰਭੂ ਨਾਲ ਮਨ ਜੋੜਨਾ ਕਿਸੇ ਖ਼ਾਸ ਜਾਤੀ ਜਾਂ ਧਰਮ ਨਾਲ ਸੰਬੰਧ ਨਹੀਂ ਰੱਖਦਾ। ਜਿਸ ਮਨ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੋਵੇ ਉਹੀ ਇਸ ਸਾਧਨ ਦੁਆਰਾ ਪ੍ਰਭੂ ਦੇ ਦਰ ਤੇ ਪੁੱਜ ਸਕਦਾ ਹੈ। ਕੀਰਤਨ ਦੀ ਮਨ-ਮੋਹਣੀ ਪ੍ਰਥਾ ਅੱਜ ਤੱਕ ਵੀ ਸਿੱਖ ਧਰਮ ਤੇ ਹੋਰ ਧਰਮਾਂ ਵਿੱਚ ਕਾਇਮ ਹੈ। ਇਹ ਮੁਕਤੀ ਦੀ ਪ੍ਰਾਪਤੀ ਦਾ ਇੱਕ ਅਨੋਖਾ ਤੇ ਪਿਆਰਾ ਸਾਧਨ ਹੈ। ਸ਼ਬਦ ਅਤੇ ਤਾਲ ਨੂੰ ਇੱਕ ਸੁਰ ਕਰਕੇ ਗਾਉਣਾ ਅਤੇ ਵਜਾਉਣਾ ਕੀਰਤਨ ਦਾ ਅਸਲੀ ਰੂਪ ਹੈ।


ਲੇਖਕ : ਸੁਦਰਸ਼ਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 5346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-11-45-19, ਹਵਾਲੇ/ਟਿੱਪਣੀਆਂ:

ਕੀਰਤਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੀਰਤਨ, (ਸੰਸਕ੍ਰਿਤ : कीर्तन) \ ਪੁਲਿੰਗ : ੧. ਭਜਨ, ਪਰਮੇਸ਼ਰ ਦੇ ਗੁਣ ਗਾਉਣਾ, ਗੁਰਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣਾ; ੨. (ਲਹਿੰਦੀ) : ਅਰਥੀ

–ਕੀਰਤਨ ਸੋਹਿਲਾ, ਪੁਲਿੰਗ / ਲਾਗੂ ਕਿਰਿਆ : ੧. ਜੱਸ ਜਾਂ ਵਡਿਆਈਪੂਰਤ ਸ਼ਬਦ, ਵਾਕ ਜਾਂ ਬਾਣੀ; ੨. ਸਿੱਖਾਂ ਦੇ ਨਿੱਤ ਨੇਮ ਦੀ ਇੱਕ ਬਾਣੀ ਜੋ ਰਾਤ ਨੂੰ ਸੌਣ ਵੇਲੇ ਪੜ੍ਹੀ ਜਾਂਦੀ ਹੈ; ੩. ਸਮਾਪਤੀ, ਖ਼ਾਤਮਾ (ਲਾਗੂ ਕਿਰਿਆ : ਪੜ੍ਹਨਾ)

–ਕੀਰਤਨ ਮੰਡਲੀ, ਇਸਤਰੀ ਲਿੰਗ : ਭਜਨ ਮੰਡਲੀ

–ਕੀਰਤਨੀਆਂ, ਪੁਲਿੰਗ : ਕੀਰਤਨ ਕਰਨ ਵਾਲਾ, ਰਾਗਾਂ ਵਿੱਚ ਗਾ ਕੇ ਬਾਣੀ ਦਾ ਉਚਾਰਣ ਕਰਨ ਵਾਲਾ

–ਅਖੰਡ ਕੀਰਤਨ, ਪੁਲਿੰਗ : ਉਹ ਕੀਰਤਨ ਜੋ ਕਿਸੇ ਖਾਸ ਸਮੇਂ ਤੱਕ ਲਗਾਤਾਰ ਚੱਲਦਾ ਰਹੇ

–ਸ਼ਬਦ ਕੀਰਤਨ, ਪੁਲਿੰਗ :  ਪਰਮੇਸ਼ਰ ਦੀ ਭਗਤੀ ਦੀ ਸ਼ਬਦ ਗਾਉਣ ਦੀ ਕਿਰਿਆ

–ਹਰ ਕੀਰਤਨ, ਪੁਲਿੰਗ : ਹਰਿ ਕੀਰਤਨ, ਹਰੀ ਕੀਰਤਨ

–ਹਰਿ ਕੀਰਤਨ, ਹਰੀ ਕੀਰਤਨ, ਪੁਲਿੰਗ : ਰੱਬ ਦਾ ਜੱਸ ਗਾਉਣ ਦੀ ਕਿਰਿਆ

–ਜਸ ਕੀਰਤਨ, ਪੁਲਿੰਗ : ਵਡਿਆਈ ਦੇ ਸ਼ਬਦ

–ਨਗਰ ਕੀਰਤਨ, ਪੁਲਿੰਗ : ਕਿਸੇ ਦਿਨ ਤਿਹਾਰ ਨੂੰ ਮਨਾਉਣ ਲਈ ਜਲੂਸ ਬਣਾ ਕੇ ਸ਼ਹਿਰ ਵਿੱਚ ਦੀ ਗਾਉਂਦੇ ਜਾਂ ਉਪਦੇਸ਼ ਕਰਦੇ ਫਿਰਨ ਦੀ ਕਿਰਿਆ, ਸ਼ਹਿਰ ਤੇ ਬਜ਼ਾਰਾਂ ਵਿੱਚ ਭਜਨ ਗਾਉਂਦੇ ਫਿਰਨ ਦੀ ਕਿਰਿਆ

–ਨਿਰਵਾਨ ਕੀਰਤਨ, ਪੁਲਿੰਗ : ਮੋਕਸ਼ ਪਰਾਪਤੀ ਲਈ ਕੀਤਾ ਕੀਰਤਨ

–ਭਜਨ ਕੀਰਤਨ, ਪੁਲਿੰਗ : ੧. ਪਰਮੇਸ਼ਰ ਭਗਤੀ ਦੇ ਸ਼ਬਦ ਜਾਂ ਭਜਨ ਗਾਉਣ ਦੇ ਭਾਵ; ੨. ਭਜਨ ਬੰਦਗੀ

–ਰੈਣ ਸਵਾਈ ਕੀਰਤਨ, ਪੁਲਿੰਗ : ਜਗਰਾਤਾ ਕੀਰਤਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-20-02-30-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.