ਕੋਇਜ਼ੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੋਇਜ਼ੀ (1940) : ਕੋਇਜ਼ੀ ਦਾ ਪੂਰਾ ਨਾਂ ਜੌਨ ਮਾਈਕਲ ਕੋਇਜ਼ੀ (J.M. Coetzee) ਹੈ ਅਤੇ ਆਧੁਨਿਕ ਅਫ਼ਰੀਕੀ ਅਤੇ ਦੱਖਣੀ ਅਫ਼ਰੀਕੀ ਲੇਖਕਾਂ ਵਿੱਚ ਉਸ ਦਾ ਅਹਿਮ ਸਥਾਨ ਹੈ। ਕੋਇਜ਼ੀ ਨੂੰ ਆਮ ਤੌਰ ਤੇ ਉਹਨਾਂ ਮਹੱਤਵਪੂਰਨ ਲੇਖਕਾਂ ਵਿੱਚ ਗਿਣਿਆ ਜਾਂਦਾ ਹੈ ਜੋ ਦੱਖਣੀ ਅਫ਼ਰੀਕਾ ਦੇ ਉਪਨਿਵੇਸ਼ਵਾਦ ਤੇ ਨਸਲਵਾਦ ਦੇ ਦੌਰ ਵਿੱਚ ਵੱਡੇ ਹੋਏ ਅਤੇ ਜਿਨ੍ਹਾਂ ਨੇ ਲੋਕਾਂ ਦਾ ਦਰਦ, ਗ਼ਰੀਬੀ, ਤ੍ਰਾਸਦੀ ਅਤੇ ਕਾਲਿਆਂ ਤੇ ਹੋਏ ਅਤਿਆਚਾਰਾਂ ਅਤੇ ਉਸਦੇ ਡੂੰਘੇ ਪ੍ਰਭਾਵਾਂ ਨੂੰ ਬਰੀਕੀ ਨਾਲ ਅਨੁਭਵ ਕੀਤਾ। ਕੋਇਜ਼ੀ ਦੀਆਂ ਲਿਖਤਾਂ ਵਿੱਚ ਅਸਧਾਰਨ ਭਾਸ਼ਾਈ ਪ੍ਰਯੋਗ ਅਤੇ ਮਨੁੱਖੀ ਅਨੁਭਵਾਂ ਦੇ ਅਸ਼ਾਂਤੀਪੂਰਨ ਤੇ ਵਿਰੋਧੀ ਪ੍ਰਭਾਵ ਨਾ ਸਿਰਫ਼ ਗੋਰਿਆਂ ਦੇ ਬਸਤੀਵਾਦ ਅਤੇ ਰੰਗ-ਨਸਲਵਾਦ ਦੇ ਨਤੀਜੇ ਹਨ ਸਗੋਂ ਦੱਖਣੀ ਅਫ਼ਰੀਕੀ ਸਾਹਿਤ ਦੀ ਪਛਾਣ ਵੀ ਹਨ। ਤੀਜੀ ਦੁਨੀਆ ਦੇ ਲੇਖਕਾਂ ਦੀ ਤਰ੍ਹਾਂ ਕੋਇਜ਼ੀ ਦੀ ਲਿਖਤ ਅਤੇ ਉਸਦੇ ਗੰਭੀਰ ਪ੍ਰਾਸੰਗਿਕ ਮਸਲੇ ਸਮਝਣ ਵਿੱਚ ਪੇਚੀਦਾ ਅਤੇ ਜਟਿਲ ਹਨ ਕਿਉਂਕਿ ਉਹਨਾਂ ਵਿੱਚ ਆਧੁਨਿਕ ਮਨੁੱਖ ਦੇ ਸਮਾਜਿਕ, ਇਤਿਹਾਸਿਕ ਅਤੇ ਸੱਭਿਆਚਾਰਿਕ ਵਿਸ਼ਿਆਂ ਨੂੰ ਭਾਵੁਕ ਸਿਆਸੀ ਅਤੇ ਮਨੋਵਿਗਿਆਨਿਕ ਦ੍ਰਿਸ਼ਟੀਕੋਣਾਂ ਤੋਂ ਤਿੱਖੀ ਆਲੋਚਨਾਤਮਿਕ ਸ਼ੈਲੀ ਵਿੱਚ ਪੇਸ਼ ਕੀਤਾ ਗਿਆ ਹੈ। ਕੋਇਜ਼ੀ ਦੇ ਨਾਵਲਾਂ ਦਾ ਵਿਸ਼ਾ ਦ੍ਰਿਸ਼ਟੀ ਬਹੁਤ ਵਿਸ਼ਾਲ ਹੈ ਅਤੇ ਉਹ ਅਫ਼ਰੀਕੀ ਭੂਗੋਲਿਕ ਤੇ ਇਤਿਹਾਸਿਕ ਖੇਤਰ ਤੋਂ ਬਾਹਰ ਮਨੁੱਖੀ ਅਨੁਭਵਾਂ ਅਤੇ ਸਚਾਈਆਂ ਨੂੰ ਅੰਤਰਰਾਸ਼ਟਰੀ ਸੰਦਰਭ ਵਿੱਚ ਵੇਖਦਾ ਹੈ।

     ਕੋਇਜ਼ੀ ਦਾ ਜਨਮ 1940 ਵਿੱਚ ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਸ਼ਹਿਰ ਵਿੱਚ ਹੋਇਆ। ਉਸ ਨੇ ਆਪਣੀ ਪੜ੍ਹਾਈ ਕੇਪ ਟਾਊਨ ਯੂਨੀਵਰਸਿਟੀ ਵਿੱਚ ਕੀਤੀ ਅਤੇ ਬਾਅਦ ਵਿੱਚ ਟੈਕਸਾਸ ਯੂਨੀਵਰਸਿਟੀ, ਅਮਰੀਕਾ ਤੋਂ 1969 ਵਿੱਚ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਕੁਝ ਸਮੇਂ ਲਈ ਉਸ ਨੇ ਇੰਗਲੈਂਡ ਵਿੱਚ (1962–65) ਬਤੌਰ ਕੰਪਿਊਟਰ ਪ੍ਰੋਗਰਾਮਰ ਦੇ ਤੌਰ ਤੇ ਕੰਮ ਕੀਤਾ। ਇਸ ਤੋਂ ਬਾਅਦ ਜ਼ਿਆਦਾਤਰ ਕੋਇਜ਼ੀ ਨੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਲੈਕਚਰਾਰ ਦੇ ਤੌਰ ਤੇ ਕੰਮ ਕੀਤਾ ਹੈ ਅਤੇ ਹੁਣ ਉਹ ਕੇਪ ਟਾਊਨ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹੈ। ਕੋਇਜ਼ੀ ਦਾ ਪਹਿਲਾ ਨਾਵਲ ਡਸਕ- ਲੈਂਡਜ਼ (1974) ਅਮਰੀਕਾ ਅਤੇ ਵੀਅਤਨਾਮ ਬਾਰੇ ਸੀ ਅਤੇ ਅਲੱਗ-ਅਲੱਗ ਕਿਸਮ ਦੇ ਮਨੁੱਖੀ ਅਤਿਆਚਾਰਾਂ ਤੇ ਆਧਾਰਿਤ ਸੀ। ਉਸ ਦਾ ਅਗਲਾ ਨਾਵਲ ਇਨ ਦਾ ਹਾਰਟ ਆਫ਼ ਦਾ ਕੰਟਰੀ 1977 ਵਿੱਚ ਪ੍ਰਕਾਸ਼ਿਤ ਹੋਇਆ ਜਿਸ ਦੀ ਕਹਾਣੀ ਇੱਕ ਖੇਤੀ ਕਰਨ ਵਾਲੇ ਪਰਿਵਾਰ ਦੀ ਲੜਕੀ ਦੀ ਹੈ। ਇਹ ਕਹਾਣੀ ਇਸ ਲੜਕੀ ਦੇ ਇਕੱਲੇਪਣ, ਦੁੱਖ ਅਤੇ ਮਾਨਸਿਕ ਅਸੰਤੁਲਨ ਦੀ ਕਹਾਣੀ ਹੈ ਜਿਸਦਾ ਕਾਰਨ ਉਸ ਦੇ ਪਿਤਾ ਦੇ ਇੱਕ ਅਫ਼ਰੀਕੀ ਔਰਤ ਨਾਲ ਅਨੈਤਿਕ ਸੰਬੰਧ ਹਨ। ਕੋਇਜ਼ੀ ਦਾ ਇੱਕ ਹੋਰ ਨਾਵਲ ਵੇਟਿੰਗ ਫ਼ਾਰ ਦਾ ਬਾਰਬੇਰੀਅਨਜ਼ 1980 ਵਿੱਚ ਛਪਿਆ ਅਤੇ ਜਿਹੜਾ ਬਾਰਬੇਰੀਅਨਜ਼ ਆਕ੍ਰਮਣ ਜਾਂ ਹਮਲੇ `ਤੇ ਆਧਾਰਿਤ ਹੈ ਅਤੇ ਜਿਸਦਾ ਸਾਮ੍ਹਣਾ ਕਰਨਾ ਇੱਕ ਸਖ਼ਤ ਇਮਤਿਹਾਨ ਸਾਬਤ ਹੁੰਦਾ ਹੈ। ਕੋਇਜ਼ੀ ਦਾ ਇੱਕ ਹੋਰ ਪ੍ਰਸਿੱਧ ਨਾਵਲ ਦਾ ਲਾਈਫ਼ ਐਂਡ ਪੋਇਮਜ਼ ਆਫ਼ ਮਾਈਕਲ ਕੇ (1983) ਸੀ ਜਿਸ ਨੂੰ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਹ ਇੱਕ ਆਦਮੀ ਮਾਈਕਲ ਦੀ ਕਹਾਣੀ ਹੈ (ਜਿਸਦਾ ਨਾਂ ਪਾਠਕਾਂ ਨੂੰ ਕਾਫ਼ਕਾ ਦੇ ਨਾਵਲਾਂ ਦੇ ਨਾਇਕਾਂ ਦੀ ਯਾਦ ਤਾਜ਼ਾ ਕਰਾਉਂਦਾ ਹੈ) ਜੋ ਦੱਖਣੀ ਅਫ਼ਰੀਕਾ ਦੀ ਅੰਦਰੂਨੀ ਲੜਾਈ ਦੇ ਕਠਨ ਦੌਰ ਵਿੱਚ ਆਪਣੇ-ਆਪ ਨੂੰ ਬਚਾਉਣ ਲਈ ਜੂਝ ਰਿਹਾ ਹੈ। ਇਸ ਤੋਂ ਬਾਅਦ ਇੱਕ ਹੋਰ ਨਾਵਲ ਫ਼ੋ (1987) ਵਿੱਚ ਕੋਇਜ਼ੀ ਨੇ ਗੋਰੇ ਅਤੇ ਕਾਲੇ ਲੋਕਾਂ ਦੇ ਇਤਿਹਾਸਿਕ ਅਤੇ ਅਣਸੁਖਾਵੇਂ ਸੰਬੰਧਾਂ ਨੂੰ ਮੁੜ ਇੱਕ ਨਵੇਂ ਸੰਦਰਭ ਵਿੱਚ ਪੇਸ਼ ਕੀਤਾ। ਇਸ ਨਾਵਲ ਬਾਰੇ ਪ੍ਰਸਿੱਧ ਹੈ ਕਿ ਇਸਦੀ ਕਹਾਣੀ ਡੇਨਿਅਲ ਡੀਫ਼ੋ ਦੇ ਮਸ਼ਹੂਰ ਨਾਵਲ ਰੌਬਿਨੱਸਨ ਕਰੂਸ਼ੋ ਤੇ ਆਧਾਰਿਤ ਹੈ। ਉਸਦੇ ਅਗਲੇ ਨਾਵਲ ਦਾ ਏਜ ਆਫ਼ ਆਇਰਨ (1990) ਵਿੱਚ ਸਿੱਧੇ ਅਤੇ ਸਪਸ਼ਟ ਢੰਗ ਨਾਲ ਦੱਖਣੀ ਅਫ਼ਰੀਕਾ ਦੀਆਂ ਰੰਗ-ਭੇਦ ਦੀਆਂ ਕੌੜੀਆਂ ਸਚਾਈਆਂ ਨੂੰ ਤਿੱਖੀ ਆਲੋਚਨਾ ਰਾਹੀਂ ਪ੍ਰਸਤੁਤ ਕੀਤਾ ਗਿਆ ਹੈ ਅਤੇ ਜਿਸਦਾ ਕੇਂਦਰ ਕੇਪ ਟਾਊਨ ਦੀ ਆਧੁਨਿਕ ਸਥਿਤੀ ਹੈ। ਇਸ ਤੋਂ ਬਾਅਦ ਦੋ ਨਾਵਲ ਦਾ ਮਾਸਟਰ ਆਫ਼ ਪੀਟਰਸਬਰਗ ਅਤੇ ਬੌਏਹੂਡ : ਸੀਨਜ਼ ਫ਼ਰਾਮ ਪ੍ਰੋਵਿਨਸ਼ਿਅਲ ਲਾਈਫ਼ (1997) ਪਾਠਕਾਂ ਦੇ ਸਾਮ੍ਹਣੇ ਆਏ। ਕੋਇਜ਼ੀ ਦਾ ਇੱਕ ਨਵਾਂ ਨਾਵਲ ਡਿਸਗ੍ਰੇਸ ਸ਼ਾਇਦ ਸਭ ਤੋਂ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ, ਕਿਉਂਕਿ ਇਸ ਵਿੱਚ ਉਸ ਨੇ ਰੰਗ- ਭੇਦ ਦੇ ਖ਼ੂਨ-ਖ਼ਰਾਬੇ ਅਤੇ ਅਣਮਨੁੱਖੀ ਦੌਰ ਦੇ ਬਾਅਦ ਦੇ ਦੱਖਣੀ ਅਫ਼ਰੀਕਾ ਦੀ ਤਸਵੀਰ ਉਲੀਕੀ ਹੈ। ਇਸਦੀ ਕਹਾਣੀ ਇੱਕ ਪ੍ਰੋਫ਼ੈਸਰ ਦੀ ਹੈ ਜਿਸਦੇ ਆਪਣੀ ਇੱਕ ਵਿਦਿਆਰਥਣ ਨਾਲ ਸਰੀਰਕ ਸੰਬੰਧ ਬਣ ਜਾਂਦੇ ਹਨ। ਬਾਅਦ ਵਿੱਚ ਇੱਕ ਪੜਤਾਲੀਆ ਕਮੇਟੀ ਦੇ ਦੋਸ਼ਾਂ ਤੋਂ ਬਚਣ ਲਈ ਉਹ ਤਿਆਗ-ਪੱਤਰ ਦੇ ਦਿੰਦਾ ਹੈ ਅਤੇ ਆਪਣੀ ਪੁੱਤਰੀ ਦੇ ਫ਼ਾਰਮ ਤੇ ਚਲਾ ਜਾਂਦਾ ਹੈ। ਪਰ ਦੱਖਣੀ ਅਫ਼ਰੀਕਾ ਦੇ ਸਿਆਸੀ ਬਦਲਾਵਾਂ ਤੋਂ ਗੋਰੇ ਲੋਕ ਆਪਣੇ-ਆਪ ਨੂੰ ਬਚਾਉਣ ਤੋਂ ਅਸਮਰਥ ਹਨ ਅਤੇ ਉਸ ਨੂੰ ਅਤੇ ਉਸ ਦੀ ਪੁੱਤਰੀ ਨੂੰ ਕਈ ਅਤਿਆਚਾਰ ਸਹਿਣੇ ਪੈਂਦੇ ਹਨ। ਇਸ ਨਾਵਲ ਲਈ ਕੋਇਜ਼ੀ ਨੂੰ ਦੂਸਰੀ ਵਾਰ ਬੁਕਰ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ, ਜੋ ਕਿ ਹੁਣ ਤੱਕ ਕਿਸੇ ਲੇਖਕ ਨੂੰ ਨਹੀਂ ਮਿਲਿਆ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਕੋਇਜ਼ੀ ਇੱਕ ਪ੍ਰੋਫ਼ੈਸਰ ਅਤੇ ਅਧਿਆਪਕ ਹੋਣ ਕਰ ਕੇ ਵੀ ਵਿਖਿਆਤ ਹੈ, ਉਸ ਦੇ ਕਈ ਅਹਿਮ ਲੇਖ ਵ੍ਹਾਈਟ ਰਾਇਟਿੰਗ (1998) ਅਤੇ ਡਬਲਿੰਗ ਦਾ ਪੁਆਇੰਟ (1996) ਵਿੱਚ ਛਪੇ ਹਨ। ਇਸ ਤੋਂ ਇਲਾਵਾ ਕੋਇਜ਼ੀ ਨੇ ਸਮਕਾਲੀ ਦੱਖਣੀ ਅਫ਼ਰੀਕੀ ਸਾਹਿਤ ਤੇ ਇੱਕ ਪੁਸਤਕ ਏ ਲੈਂਡ ਐਪਾਰਟ (1987) ਦਾ ਸੰਪਾਦਨ ਵੀ ਕੀਤਾ ਹੈ ਅਤੇ ਕਈ ਭਾਸ਼ਾਵਾਂ ਜਿਵੇਂ ਕਿ ਡੱਚ, ਜਰਮਨ, ਫ਼ਰੈਂਚ, ਅਫ਼ਰੀਕਾ ਆਦਿ ਦੇ ਸਾਹਿਤ ਨੂੰ ਅਨੁਵਾਦਿਤ ਵੀ ਕੀਤਾ ਹੈ।


ਲੇਖਕ : ਮਨਜੀਤਇੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.