ਕੋਟਲਾ-ਛਪਾਕੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੋਟਲਾ-ਛਪਾਕੀ : ਇਹ ਕੁੜੀਆਂ ਦੀ ਖੇਡ ਹੈ। ਇਸ ਦਾ ਦੂਜਾ ਨਾਂ ‘ਕਾਜੀ ਕੋਟਲੇ ਦੀ ਮਾਰ’ ਹੈ। ਇਸ ਖੇਡ ਨੂੰ ਖੇਡਣ ਵਾਸਤੇ ਘਰ ਦਾ ਵਿਹੜਾ ਜਾਂ ਕੋਈ ਖੁੱਲ੍ਹੀ ਥਾਂ ਲੋੜੀਂਦੀ ਹੈ। ਖੇਡ ਲਈ ਬਾਲੜੀਆਂ ਦੀ ਕੋਈ ਨਿਸ਼ਚਿਤ ਗਿਣਤੀ ਦਾ ਨਿਯਮ ਨਹੀਂ ਹੈ। ਪੰਜ ਤੋਂ ਪੰਦਰਾਂ ਬਾਲ ਬਾਲੜੀਆਂ ਇਸ ਖੇਡ ਨੂੰ ਰਲ ਕੇ ਖੇਡ ਸਕਦੀਆਂ ਹਨ। ਕਈ ਵਾਰ ਇਸ ਖੇਡ ਵਿੱਚ ਮੁੰਡੇ ਅਤੇ ਕੁੜੀਆਂ ਦੋਵੇਂ ਸ਼ਾਮਲ ਹੋ ਜਾਂਦੇ ਹਨ। ਖੇਡ ਖੇਡਣ ਤੋਂ ਪਹਿਲਾਂ ਕੋਈ ਬਾਲ ਇੱਕ ਗੋਲਾਕਾਰ ਚੱਕਰ ਵਾਹੁੰਦਾ ਹੈ ਅਤੇ ਇਸ ਲੀਕ ਉੱਤੇ ਬੈਠਣ ਤੋਂ ਪਹਿਲਾਂ ਸਾਰੇ ਬੱਚੇ ਆਪਸ ਵਿੱਚ ਪੁੱਗਦੇ ਹਨ। ਨਾ ਪੁੱਗ ਸਕਣ ਵਾਲੇ ਬੱਚੇ ਨੂੰ ਮੀਟੀ ਦੇਣੀ ਪੈਂਦੀ ਹੈ। ਮੀਟੀ ਦੇਣ ਵਾਲੇ ਬੱਚੇ ਨੂੰ ਚੁੰਨੀ ਜਾਂ ਪਰਨੇ ਦਾ ਵੱਟ ਚਾੜ੍ਹ ਕੇ ਬਣਾਇਆ ਕੋਟਲਾ (ਕੋਰੜਾ) ਗੋਲ ਘੇਰੇ ਦੇ ਅੰਦਰ ਵੱਲ ਨੂੰ ਮੂੰਹ ਕਰ ਕੇ ਬੈਠੇ ਹਾਣੀਆਂ ਦੀ ਪਿੱਠ ਪਿੱਛੇ (ਬਿਨਾਂ ਪਤਾ ਲੱਗਣ ਦੇ) ਰੱਖਣਾ ਹੁੰਦਾ ਹੈ। ਮੀਟੀ ਦੇਣ ਵਾਲਾ ਬੱਚਾ ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਐ, ਜਿਹੜਾ ਅੱਗੇ ਪਿੱਛੇ ਵੇਖੇ ਉਸ ਦੀ ਸ਼ਾਮਤ ਆਈ ਐ’ ਬੋਲਦਾ ਹੋਇਆ ਗੋਲ ਚੱਕਰ ਵਿੱਚ ਬੈਠੇ ਸਾਰੇ ਬੱਚਿਆਂ ਦੇ ਪਿੱਛੋਂ ਦੀ ਘੁੰਮਦਾ ਹੋਇਆ ਚੱਕਰ ਕੱਟਦਾ ਹੈ।

     ਮੀਟੀ ਦੇਣ ਵਾਲਾ ਬੱਚਾ ਅਚਨਚੇਤੀ ਕੋਟਲੇ ਨੂੰ ਕਿਸੇ ਬੱਚੇ ਦੇ ਪਿੱਛੇ ਰੱਖ ਦਿੰਦਾ ਹੈ। ਉਹ ਕੋਟਲਾ ਰੱਖਣ ਦੀ ਕਿਰਿਆ ਏਨੇ ਸਹਿਜ ਪਰ ਲੁਕਵੇਂ ਢੰਗ ਨਾਲ ਕਰਦਾ ਹੈ ਕਿ ਨੀਵੀਂ ਪਾ ਕੇ ਬੈਠੇ, ਉਸ ਬਾਲ ਨੂੰ ਪਤਾ ਨਹੀਂ ਲੱਗਦਾ ਕਿ ਉਹਦੇ ਪਿੱਛੇ ਕੋਟਲਾ ਰੱਖ ਦਿੱਤਾ ਗਿਆ ਹੈ। ਕੋਟਲਾ ਰੱਖਣ ਉਪਰੰਤ ਮੀਟੀ ਦੇਣ ਵਾਲਾ ਬੱਚਾ ਆਪਣੇ ਹੱਥ ਆਪਣੀ ਕਮੀਜ਼ ਦੇ ਅਗਲੇ ਪੱਲੇ ਹੇਠ ਉਸੇ ਤਰ੍ਹਾਂ ਲੁਕਾ ਕੇ ਚੁਫ਼ੇਰੇ ਚੱਕਰ ਕੱਟਦਾ ਹੈ ਤਾਂ ਕਿ ਇਹ ਭੁਲੇਖਾ ਬਣਿਆ ਰਹੇ ਕਿ ਅਜੇ ਉਸ ਨੇ ਕੋਟਲਾ ਕਿਸੇ ਪਿੱਛੇ ਨਹੀਂ ਰੱਖਿਆ ਹੈ। ਇਸ ਸਮੇਂ ਉਹ ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਐ’ ਦਾ ਉਚਾਰਨ ਵੀ ਬਾਰ-ਬਾਰ ਕਰਦਾ ਹੈ।

     ਗੋਲ ਚੱਕਰ ਵਿੱਚ ਬੈਠੇ ਬੱਚਿਆਂ ਵਾਸਤੇ ਪਿਛਾਂਹ ਮੁੜ ਕੇ ਤੱਕਣਾ ਵਰਜਿਤ ਹੁੰਦਾ ਹੈ। ਅੱਗੇ-ਪਿੱਛੇ ਵੇਖਣ ਵਾਲੇ ਬੱਚੇ ਨੂੰ ਖੇਡ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਦਾਇਰੇ ਵਿੱਚ ਬੈਠੇ ਬੱਚੇ ਸਿਰਫ਼ ਵਾਰੀ ਦੇਣ ਵਾਲੇ ਹਾਣੀ ਦੀ ਆਹਟ ਤੋਂ ਹੀ ਕੋਟਲਾ ਰੱਖੇ ਜਾਣ ਦਾ ਅੰਦਾਜ਼ਾ ਲਗਾਉਂਦੇ ਹਨ। ਕਈ ਵਾਰ ਧੁੱਪ ਵਿੱਚ ਖੇਡ ਖੇਡਣ ਸਮੇਂ ਮੀਟੀ ਦੇਣ ਵਾਲੇ ਬੱਚੇ ਦਾ ਪਰਛਾਵਾਂ ਵੀ ਇਸ ਗੱਲ ਦਾ ਸੰਕੇਤ ਦੇ ਦਿੰਦਾ ਹੈ ਕਿ ਉਸ ਨੇ ਝੁਕ ਕੇ ਕਿਸ ਪਿੱਛੇ ਕੋਟਲਾ ਰੱਖਿਆ ਹੈ। ਕਈ ਵਾਰ ਉਸ ਵੱਲੋਂ ਭੁਲੇਖਾ ਪਾਉਣ ਵਜੋਂ ਜਾਣ-ਬੁਝ ਕੇ ਵੀ ਕੋਟਲਾ ਰੱਖਣ ਦਾ ਅਭਿਨੈ ਕੀਤਾ ਜਾਂਦਾ ਹੈ, ਪਰ ਕੋਟਲਾ ਰੱਖਿਆ ਨਹੀਂ ਜਾਂਦਾ। ਦਾਇਰੇ ਵਿੱਚ ਬੈਠੇ ਬੱਚੇ ਕੋਟਲੇ ਵਾਲੇ ਹਾਣੀ ਦੀ ਕਮੀਜ਼ ਥੱਲੇ ਛੁਪਾਏ ਹੱਥਾਂ ਤੋਂ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਸ ਨੇ ਕੋਟਲਾ ਰੱਖ ਦਿੱਤਾ ਹੈ ਜਾਂ ਨਹੀਂ। ਕਿਸੇ ਬੱਚੇ ਵੱਲੋਂ ਦੂਜੇ ਬੱਚੇ ਨੂੰ ਉਸ ਪਿੱਛੇ ਰੱਖੇ ਗਏ ਕੋਟਲੇ ਬਾਰੇ ਦੱਸਣਾ ਵਰਜਿਤ ਹੁੰਦਾ ਹੈ, ਪਰ ਫਿਰ ਵੀ ਕਈ ਵਾਰ ਕਿਸੇ ਹੋਰ ਸਾਥੀ ਵੱਲੋਂ ਅੱਖਾਂ ਦੇ ਸੰਕੇਤਾਂ ਨਾਲ ਕੋਟਲੇ ਬਾਰੇ ਦੱਸਣ ਦਾ ਯਤਨ ਕੀਤਾ ਜਾਂਦਾ ਹੈ। ਵਾਰੀ ਦੇਣ ਵਾਲਾ ਅਛੋਪਲੇ ਜਿਹੇ ਕਿਸੇ ਬੱਚੇ ਪਿੱਛੇ ਕੋਟਲਾ ਰੱਖ ਦਿੰਦਾ ਹੈ ਅਤੇ ਫਿਰ ਉਸੇ ਤਰ੍ਹਾਂ ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਐ’ ਉਚਾਰਦਾ ਹੋਇਆ ਇੱਕ ਪੂਰਾ ਚੱਕਰ ਕੱਟਦਾ ਹੈ। ਪੂਰਾ ਚੱਕਰ ਕੱਟਣ ਉਪਰੰਤ ਮੀਟੀ ਦੇਣ ਵਾਲਾ ਬੱਚਾ ਇਕਦਮ ਕੋਟਲਾ ਚੁੱਕਦਾ ਹੈ ਅਤੇ ਜਿਸ ਬੱਚੇ ਪਿੱਛੇ ਕੋਟਲਾ ਰੱਖਿਆ ਹੁੰਦਾ ਹੈ, ਉਸ ਦੀ ਪਿੱਠ ’ਤੇ ਕੋਟਲੇ ਮਾਰਨੇ ਅਰੰਭ ਕਰ ਦਿੰਦਾ ਹੈ। ਕੋਟਲਿਆਂ ਦੀ ਮਾਰ ਖਾਣ ਵਾਲਾ ਬੱਚਾ ਆਪਣੀ ਥਾਂ ਤੋਂ ਉੱਠਦਾ ਹੈ ਅਤੇ ਤੇਜ਼ੀ ਨਾਲ ਆਪਣੇ-ਆਪ ਨੂੰ ਮਾਰ ਤੋਂ ਬਚਾਉਣ ਵਾਸਤੇ ਦਾਇਰੇ ਦੇ ਆਲੇ-ਦੁਆਲੇ ਦੌੜ ਕੇ ਚੱਕਰ ਕੱਟਦਾ ਹੋਇਆ ਫਿਰ ਆਪਣੀ ਥਾਂ ’ਤੇ ਜਾ ਬੈਠਦਾ ਹੈ। ਜਦ ਤੱਕ ਉਹ ਆਪਣੀ ਨਿਸ਼ਚਿਤ ਥਾਂ `ਤੇ ਬੈਠ ਨਹੀਂ ਜਾਂਦਾ, ਉਹਦੀ ਪਿੱਠ `ਤੇ ਕੋਟਲਿਆਂ ਦੀ ਮਾਰ ਪੈਂਦੀ ਰਹਿੰਦੀ ਹੈ। ਇੱਥੇ ਕੋਟਲੇ ਦੀ ਮਾਰ ਖਾਣ ਵਾਲੇ ਬੱਚੇ ਦੀ ਸਰੀਰਕ ਚੁਸਤੀ ਅਤੇ ਦੌੜ ਦੀ ਪਰਖ ਹੁੰਦੀ ਹੈ। ਜੇ ਉਹ ਵਧੇਰੇ ਚੁਸਤ ਅਤੇ ਚੰਗਾ ਦੌੜਾਕ ਹੋਵੇ ਤਾਂ ਕੋਰੜਿਆਂ ਦੀ ਮਾਰ ਤੋਂ ਬਚ ਜਾਂਦਾ ਹੈ ਅਤੇ ਜੇ ਉਹ ਸੁਸਤ ਅਤੇ ਘੱਟ ਦੌੜਾਕ ਹੋਵੇ ਤਾਂ ਉਹਨੂੰ ਬਹੁਤੇ ਕੋਟਲੇ (ਕੋਰੜੇ) ਖਾਣੇ ਪੈਂਦੇ ਹਨ। ਕੋਟਲਿਆਂ ਦੀ ਮਾਰ ਪੈਂਦੀ ਤੱਕ ਕੇ ਦਾਇਰੇ ਵਿੱਚ ਬੈਠੇ ਦੂਜੇ ਬੱਚੇ ਖ਼ੂਬ ਹੋ-ਹੱਲਾ ਮਚਾਉਂਦੇ ਹੋਏ ਖ਼ੁਸ਼ੀ ਪ੍ਰਗਟ ਕਰਦੇ ਹਨ ਅਤੇ ਹਾਸਾ-ਠੱਠਾ ਕਰਦੇ ਹਨ। ਇਸ ਤਰ੍ਹਾਂ ਸਮੁੱਚਾ ਮਾਹੌਲ ਦਿਲਚਸਪ ਬਣ ਜਾਂਦਾ ਹੈ।

     ਇਸ ਖੇਡ ਦਾ ਦੂਜਾ ਪੱਖ, ਮੀਟੀ ਦੇਣ ਵਾਲੇ ਬੱਚੇ ਨੂੰ ਵੀ ਕੋਟਲਿਆ ਦੀ ਮਾਰ ਸਹਿਣੀ ਪੈ ਸਕਦੀ ਹੈ। ਉਹ ਜਿਸ ਬੱਚੇ ਪਿੱਛੇ ਕੋਟਲਾ ਰੱਖਦਾ ਹੈ, ਜੇਕਰ ਉਸ ਨੂੰ ਕੋਟਲਾ ਰੱਖਣ ਦਾ ਪਤਾ ਲੱਗ ਜਾਵੇ ਤਾਂ ਉਹ ਇਕਦਮ ਕੋਟਲਾ ਚੁੱਕ ਕੇ ਕੋਟਲਾ ਰੱਖਣ ਵਾਲੇ ਬੱਚੇ ਦੇ ਪਿੱਛੇ ਦੌੜਦਾ ਹੈ ਅਤੇ ਉਸ ਨੂੰ ਤਦ ਤੱਕ ਕੋਟਲੇ ਮਾਰਦਾ ਰਹਿੰਦਾ ਹੈ ਜਦ ਤੱਕ ਉਹ ਉਸ ਬੱਚੇ ਵਾਲੀ ਖਾਲ੍ਹੀ ਜਗ੍ਹਾ (ਜਿਸ ਤੋਂ ਉਹ ਉੱਠਿਆ ਸੀ) `ਤੇ ਆ ਕੇ ਨਹੀਂ ਬੈਠ ਜਾਂਦਾ। ਸੰਕੇਤ ਰੂਪ ਵਿੱਚ ਇਹ ਖੇਡ ਮਨੁੱਖ ਦੀ ਪਿੱਠ ਪਿੱਛੇ ਸਾਜ਼ਸ਼ ਹੋਣ ਤੋਂ ਸੁਚੇਤ ਕਰਨ ਅਤੇ ਮਾਨਸਿਕ/ਸਰੀਰਕ ਚੁਸਤੀ-ਫੁਰਤੀ ਵਿੱਚ ਵਾਧਾ ਕਰਨ ਵਾਲੀ ਹੈ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.