ਕੰਗਰੀਵ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੰਗਰੀਵ (1670–1729) : ਅੰਗਰੇਜ਼ੀ ਸਾਹਿਤ ਵਿੱਚ ਰੈਸਟੋਰੇਸ਼ਨ ਕਾਲ (1660-1700) ਤਿੰਨ ਮਹੱਤਵਪੂਰਨ ਕਾਰਨਾਂ ਕਰ ਕੇ ਜਾਣਿਆ ਜਾਂਦਾ ਹੈ : 1. ਚਾਰਲਸ ਦੂਜੇ ਦੀ ਮੁੜ ਗੱਦੀਨਸ਼ੀਨੀ (1660), 2. ਰੈਸਟੋਰੇਸ਼ਨ ਕਾਮੇਡੀ ਜਾਂ ਕਾਮੇਡੀ ਆਫ਼ ਮੈਨਰਜ਼, ਅਤੇ 3. ਸ਼ਾਨਦਾਰ ਸ਼ਾਂਤਮਈ ਪਰਿਵਰਤਨ (1668)। ਰੈਸਟੋਰੇਸ਼ਨ ਕਾਮੇਡੀ ਦੇ ਸਾਹਿਤਕਾਰਾਂ ਵਿੱਚ ਵਿਲੀਅਮ ਕੰਗਰੀਵ (William Congreve) ਦਾ ਉੱਘਾ ਸਥਾਨ ਹੈ। ਇਸ ਪ੍ਰਤਿਭਾਸ਼ਾਲੀ ਸਾਹਿਤਕਾਰ ਦਾ ਜਨਮ ਬਾਰਡਸੀ, ਜੋ ਕਿ ਲੀਡਜ਼ ਦੇ ਨੇੜੇ ਸਥਿਤ ਹੈ, ਵਿੱਚ 24 ਜਨਵਰੀ 1670 ਨੂੰ ਹੋਇਆ। ਚਾਰ ਸਾਲ ਮਗਰੋਂ 1674 ਵਿੱਚ ਉਸਦੇ ਪਿਤਾ ਨੂੰ ਆਇਰਸ਼ ਆਰਮੀ ਵਿੱਚ ਕਮਿਸ਼ਨ ਮਿਲਿਆ ਅਤੇ ਉਹ ਮੋਰਚਾਬੰਦੀ ਲਈ ਆਇਰਲੈਂਡ ਚਲੇ ਗਏ। 1681 ਵਿੱਚ ਕੰਗਰੀਵ ਦੀ ਮੁਢਲੀ ਵਿੱਦਿਆ ਕਿਲਕੇਨੀ ਵਿੱਚ ਸ਼ੁਰੂ ਹੋਈ ਪਰੰਤੂ ਉਚੇਰੀ ਸਿੱਖਿਆ ਲਈ ਉਸ ਨੇ ਟਰਿਨਟੀ ਕਾਲਜ ਡਬਲਿਨ ਵਿੱਚ ਦਾਖ਼ਲਾ ਲਿਆ, ਜਿੱਥੋਂ ਜਾਰਜ ਐਸ਼ ਦੀ ਨਿਗਰਾਨੀ ਵਿੱਚ ਐਮ.ਏ. ਦੀ ਡਿਗਰੀ ਹਾਸਲ ਕਰਨ ਉਪਰੰਤ ਉਸ ਨੇ 1691 ਵਿੱਚ ਕਾਨੂੰਨ ਦੇ ਵਿਦਿਆਰਥੀ ਵਜੋਂ ਮਿਡਲ ਟੈਂਪਲ ਵਿੱਚ ਦਾਖ਼ਲਾ ਲਿਆ।

     ਕੰਗਰੀਵ ਨੂੰ ਸ਼ੁਰੂ ਤੋਂ ਹੀ ਸਾਹਿਤਿਕ ਲਗਨ ਸੀ। 1692 ਵਿੱਚ ਉਸ ਦਾ ਰਚਿਆ ਵਿਅੰਗ ਚਿੱਤਰ ਇਨਕਗਨੀਟਾ ਜਾਂ ਲਵ ਐਂਡ ਡਿਊਟੀ ਰੀਕੰਨਸਾਈਲਡ ਛਪਿਆ। ਤੁਰੰਤ ਹੀ ਉਸ ਦੀ ਗਿਣਤੀ ਵਿਦਵਾਨ ਸਾਹਿਤਕਾਰਾਂ ਵਿੱਚ ਹੋਣ ਲੱਗ ਪਈ। ਉਸ ਦੀਆਂ ਕੁੱਝ ਕਵਿਤਾਵਾਂ ਚਾਰਲਸ ਗਿਡਿਨ ਦੀ ਮਿਸਲੇਨੀ ਵਿੱਚ ਵੀ ਛਪੀਆਂ। ਅੰਗਰੇਜ਼ੀ ਦੇ ਮਹਾਨ ਸਾਹਿਤਕਾਰ ਜੋਹਨ ਡਰਾਈਡਨ ਨੇ ਇਹਨਾਂ ਕਵਿਤਾਵਾਂ ਦੀ ਸ਼ਲਾਘਾ ਕੀਤੀ, ਜਿਸ ਸਦਕਾ ਕੰਗਰੀਵ ਹੋਰ ਪ੍ਰਸਿੱਧ ਹੋ ਗਿਆ।

      1694 ਵਿੱਚ ਕੰਗਰੀਵ ਦਾ ਪਹਿਲਾ ਸਫ਼ਲ ਨਾਟਕ ਦਾ ਓਲਡ ਬੈਚੁਲਰ ਖੇਡਿਆ ਗਿਆ। ਡਰਾਈਡਨ ਨੇ ਇਸ ਨੂੰ ‘ਪਹਿਲੇ ਸਰਬੋਤਮ ਨਾਟਕ’ ਦਾ ਦਰਜਾ ਦੇਣ ਤੋਂ ਸੰਕੋਚ ਨਹੀਂ ਕੀਤਾ। ਇਹ ਨਾਟਕ ਇਸਤਰੀ ਜਾਤੀ ਤੋਂ ਘਿਰਨਾ ਕਰਨ ਵਾਲੇ ਬੁੱਢੇ ਚਾਲਬਾਜ਼ ਹਾਰਟਵੈਨ ਦੀ ਸਿਲਵੀਆ ਨਾਲ ਰੁਮਾਂਸ ਦੀ ਕਹਾਣੀ ਦਰਸਾਉਂਦਾ ਹੈ। ਉਸ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਸਿਲਵੀਆ ਵੇਅਨਲਵ ਦੀ ਤਿਆਗੀ ਹੋਈ ਪ੍ਰੇਮਿਕਾ ਹੈ ਅਤੇ ਹਾਰਟਵੈਲ ਨੂੰ ਫੁਸਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਲਵੀਆ ਦੇ ਅਸਲੀ ਚਰਿੱਤਰ ਦਾ ਉਸ ਨੂੰ ਹੋਰਨਾਂ ਦੇ ਟਿਚਕਰਾਂ ਭਰੇ ਅੰਦਾਜ਼ ਤੋਂ ਪਤਾ ਲੱਗਦਾ ਹੈ। ਕਾਮੇਡੀ ਦਾ ਅੰਤ ਵਿਆਹ ਪ੍ਰਤਿ ਸਾਵਧਾਨੀ ਵਰਤਣ ਲਈ ਪ੍ਰੇਰਦਾ ਹੈ।

     ਕੰਗਰੀਵ ਦਾ ਅਗਲਾ ਨਾਟਕ ਦਾ ਡਬਲ ਡੀਲਰ 1694 ਵਿੱਚ ਖੇਡਿਆ ਗਿਆ। ਕਥਾਨਕ, ਵਿਸ਼ਾ-ਵਸਤੂ, ਪਾਤਰ-ਚਿਤਰਨ ਅਤੇ ਵਾਰਤਾਲਾਪ ਪੱਖੋਂ ਦਾ ਡਬਲ ਡੀਲਰ ਵਧੇਰੇ ਵਿਕਸਿਤ ਮੰਨਿਆ ਗਿਆ। ਕੰਗਰੀਵ ਨੀਓ ਕਲਾਸੀਕਲ ਆਲੋਚਨਾ ਦੀ ਵਿਚਾਰਧਾਰਾ ਦੀ ਪਾਲਣਾ ਕਰਨਾ ਚਾਹੁੰਦਾ ਸੀ, ਜਿਸ ਅਨੁਸਾਰ ਡਰਾਮੇ ਵਿੱਚ ਸਮੇਂ, ਸਥਾਨ ਤੇ ਕਿਰਿਆ ਵਿੱਚ ਸਮਾਨਤਾ ਹੋਣੀ ਜ਼ਰੂਰੀ ਹੈ। ਇਸ ਦੇ ਉਦੇਸ਼ ਅਧੀਨ ਉਸ ਨੇ ਨਾਟਕ ਦੀ ਕਹਾਣੀ ਦੀ ਬਜਾਏ ਅਖ਼ਲਾਕੀ ਨੈਤਿਕਤਾ ’ਤੇ ਬਹੁਤ ਜ਼ੋਰ ਦਿੱਤਾ। ਦਾ ਡਬਲ ਡੀਲਰ ਵਿੱਚ ਮੈਲਫੋਂਟ ਜੋ ਕਿ ਲੋਰਡ ਟੱਚਵੁੱਡ ਦਾ ਭਤੀਜਾ ਅਤੇ ਉਸ ਦਾ ਹੋਣ ਵਾਲਾ ਉੱਤਰਾਅਧਿਕਾਰੀ ਹੈ, ਸਰ ਪਾਲ ਪਲਾਇੰਟ ਦੀ ਲੜਕੀ ਸਿੰਥੀਆ ਦਾ ਪ੍ਰੇਮੀ ਹੈ ਤੇ ਉਹਨਾਂ ਦਾ ਨਿਕਟ ਭਵਿੱਖ ਵਿੱਚ ਵਿਆਹ ਹੋਣ ਵਾਲਾ ਹੈ। ਬਦਚਲਣ ਤੇ ਅਵਾਰਾ ਲੇਡੀ ਟੱਚਵੁੱਡ ਵੀ ਮੈਲਫੋਂਟ ਨਾਲ ਇੱਕ-ਪਾਸੜ ਪਿਆਰ ਕਰਦੀ ਹੈ। ਲੇਡੀ ਟੱਚਵੁੱਡ ਠਾਣ ਲੈਂਦੀ ਹੈ ਕਿ ਕਿਸੇ ਵੀ ਹਾਲਤ ਵਿੱਚ ਮੈਲਫੋਂਟ ਅਤੇ ਸਿੰਥੀਆ ਦਾ ਵਿਆਹ ਨਾ ਹੋਵੇ ਅਤੇ ਕਿਵੇਂ ਉਸ ਨੂੰ ਲਾਰਡ ਟੱਚਵੁੱਡ ਦੀਆਂ ਨਜ਼ਰਾਂ ਵਿੱਚ ਗਿਰਾਇਆ ਜਾ ਸਕੇ। ਇਸ ਸਾਜ਼ਸ਼ ਵਿੱਚ ਉਸ ਦਾ ਪੁਰਾਣਾ ਆਸ਼ਿਕ ਮੈਸਕਵੈਲ ਉਸ ਦਾ ਸਾਥ ਦਿੰਦਾ ਹੈ। ਮੈਸਕਵੈਲ ਅਸਲੀ ਡਬਲ ਡੀਲਰ ਹੈ, ਜਿਹੜਾ ਕਿ ਮੈਲਫੋਂਟ ਦੇ ਦੋਸਤ ਹੋਣ ਦਾ ਦਾਅਵਾ ਕਰਦਾ ਹੈ, ਪਰ ਉਸ ਨੂੰ ਧੋਖਾ ਦੇ ਕੇ ਸਿੰਥੀਆ ਨਾਲ ਆਪ ਵਿਆਹ ਕਰਵਾਉਣਾ ਚਾਹੁੰਦਾ ਹੈ।

     ਕੰਗਰੀਵ ਦਾ ਅਗਲਾ ਨਾਟਕ ਲਵ ਫਾਰ ਲਵ ਰੰਗ- ਮੰਚ ਦੀ ਦ੍ਰਿਸ਼ਟੀ ਤੋਂ ਦਰਸ਼ਕਾਂ ਅਤੇ ਆਲੋਚਕਾਂ ਵਿੱਚ ਜ਼ਿਆਦਾ ਲੋਕ-ਪ੍ਰਿਆ ਹੈ। ਇਸ ਦਾ ਪਲਾਟ ਵੈਲਇਨ ਟਾਈਨ ਦੇ ਐਂਜਲਿਕਾ ਨਾਲ ਵਿਆਹ ਤੋਂ ਪਹਿਲਾਂ ਦੇ ਪਿਆਰ ਤੋਂ ਅਰੰਭ ਹੁੰਦਾ ਹੈ। ਇਸ ਦੌਰਾਨ ਉਹ ਭਾਰੀ ਕਰਜ਼ੇ ਥੱਲੇ ਆ ਜਾਂਦਾ ਹੈ। ਐਂਜਲਿਕਾ ਮਚਲੀ ਤੇ ਬੇਲਾਗ ਹੈ ਅਤੇ ਉਹ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਰਦੀ ਕਿ ਉਸ ਲਈ ਵੈਲਇਨਟਾਈਨ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਵੈਲਇਨਟਾਈਨ ਦਾ ਪਿਤਾ ਸਰ ਸੈਪਸਨ ਨਾ ਕੇਵਲ ਉਸ ਨੂੰ ਜਾਇਦਾਦ ਦੇ ਹੱਕ ਤੋਂ ਵੰਚਿਤ ਰੱਖਣਾ ਚਾਹੁੰਦਾ ਹੈ, ਪਰ ਉਹ ਆਪ ਵੀ ਐਂਜਲਿਕਾ ਨਾਲ ਵਿਆਹ ਕਰਨ ਦੀ ਇੱਛਾ ਰੱਖਦਾ ਹੈ। ਅੰਤ ਵਿੱਚ ਤਿਆਗ ਦੀ ਭਾਵਨਾ ਪ੍ਰਗਟਾਉਂਦੇ ਹੋਏ ਵੈਲਇਨਟਾਈਨ ਆਪਣੇ ਪਿਤਾ ਦੀ ਪ੍ਰਸਤਾਵਿਤ ਸ਼ਾਦੀ ਲਈ ਰਾਜ਼ੀ ਹੋ ਜਾਂਦਾ ਹੈ। ਹੁਣ ਐਂਜਲਿਕਾ ਡਰ ਜਾਂਦੀ ਹੈ ਅਤੇ ਵੈਲਇਨਟਾਈਨ ਪ੍ਰਤਿ ਆਪਣੇ ਸਦੀਵੀ ਪਿਆਰ ਦਾ ਵਾਸਤਾ ਪਾਉਂਦੀ ਹੈ। ਰੈਸਟੋਰੇਸ਼ਨ ਕਾਮੇਡੀ ਦੀ ਇੱਕ ਵਿਸ਼ੇਸ਼ਤਾ ‘ਪਿੱਛਾ ਕਰਨ ਦਾ ਅਨੰਦ’ ਹੈ ਅਤੇ ‘ਲਵ ਫਾਰ ਲਵ’ ਇਸ ਦੀ ਇੱਕ ਮਹੱਤਵਪੂਰਨ ਪੇਸ਼ਕਸ਼ ਹੈ।

     1697 ਦੇ ਸ਼ੁਰੂ ਵਿੱਚ ਕੰਗਰੀਵ ਦਾ ਦੁਖਾਂਤ ਨਾਟਕ ਦਾ ਮੋਰਨਿੰਗ ਥਰਾਈਡ ਖੇਡਿਆ ਗਿਆ। ਭਾਵੇਂ ਅਜੋਕੇ ਪਾਠਕਾਂ ਨੂੰ ਇਹ ਗੱਲ ਸੰਭਵ ਨਾ ਲੱਗੇ ਪਰ ਇਸ ਨਾਟਕ ਨੇ ਕੰਗਰੀਵ ਦੀ ਪ੍ਰਤਿਸ਼ਠਾ ਅਤੇ ਗੌਰਵ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਇਸ ਦੇ ਪਲਾਟ ਵਿੱਚ ਗਰਾਨਾਡਾ ਦੇ ਰਾਜੇ ਮੈਨੂਅਲ ਦੀ ਲੜਕੀ ਐਲਮੀਰਾ ਆਪਣੇ ਖੁਫ਼ੀਆ ਵਿਆਹ ਦੁਸ਼ਮਣ ਰਾਜੇ ਦੇ ਸਹਿਜ਼ਾਦੇ ਐਲਫ਼ੌਂਸੋ ਨਾਲ ਕਰਵਾ ਲੈਂਦੀ ਹੈ। ਹਾਲਾਤ ਐਲਫ਼ੌਂਸੋ ਨੂੰ ਮੈਨੂਅਲ ਦਾ ਬੰਦੀ ਬਣਾ ਲੈਂਦੇ ਹਨ। ਕ੍ਰੋਧ ਦੀ ਭਾਵਨਾ ਵਿੱਚ ਲਾਲ- ਪੀਲਾ ਹੋਇਆ ਰਾਜਾ ਐਲਫ਼ੌਂਸੋ ਨੂੰ ਕਤਲ ਕਰਨ ਦਾ ਹੁਕਮ ਦੇ ਦਿੰਦਾ ਹੈ। ਆਪਣੀ ਲੜਕੀ ਨੂੰ ਸਜ਼ਾ ਦੇਣ ਲਈ ਬਾਦਸ਼ਾਹ ਆਪ ਐਲਫ਼ੌਂਸੋ ਦਾ ਭੇਸ ਧਾਰਨ ਕਰਦਾ ਹੈ ਤਾਂ ਜੋ ਜਦੋਂ ਐਲਮੀਰਾ ਉਸ ਨੂੰ ਬਚਾਉਣ ਲਈ ਆਵੇ ਤਾਂ ਉਹ ਉਸ ਦਾ ਮਜ਼ਾਕ ਉਡਾ ਸਕੇ, ਪਰ ਭੇਸ ਧਾਰਨ ਦੀ ਗ਼ਲਤੀ ਕਰ ਕੇ ਉਹ ਆਪ ਹੀ ਮਾਰਿਆ ਜਾਂਦਾ ਹੈ। ਇਸੀ ਦੌਰਾਨ ਮੈਨੂਅਲ ਦੇ ਖਿਲਾਫ਼ ਬਗ਼ਾਵਤ ਦੌਰਾਨ ਐਲਫ਼ੌਂਸੋ ਜ਼ੇਲ੍ਹ ਤੋਂ ਛੁੱਟ ਜਾਂਦਾ ਹੈ ਅਤੇ ਉਸ ਦਾ ਐਲਮੀਰਾ ਨਾਲ ਮਿਲਣ ਹੋ ਜਾਂਦਾ ਹੈ। ਕਾਮੇਡੀ ਅਤੇ ਟ੍ਰੈਜਿੱਡੀ ਦੋਵੇਂ ਹੀ ਖੇਤਰਾਂ ਵਿੱਚ ਕੰਗਰੀਵ ਦੀ ਪ੍ਰਸਿੱਧੀ ਹੁਣ ਸਿਖਰ ਛੋਹਣ ਲੱਗੀ।

     ਕੰਗਰੀਵ ਤੇ ਉਸਦੇ ਲਿਖੇ ਜਾਣ ਵਾਲੇ ਨਾਟਕਾਂ ਤੇ ਪਹਿਲਾ ਵਾਰ 1698 ਵਿੱਚ ਜ਼ੈਰੇਮੀ ਕੋਲੀਅਰ ਦੀ ਕਿਤਾਬ ਏ ਸ਼ਾਰਟ ਵਿਊ ਆਫ਼ ਦਾ ਇਮੋਰੈਲਟੀ ਐਂਡ ਪ੍ਰੋਫੇਨਨੈਸ ਆਫ਼ ਦੀ ਇੰਗਲਿਸ਼ ਸਟੇਜ ਵੱਲੋਂ ਹੋਇਆ। ਇਹ ਬਹੁਤ ਪ੍ਰਭਾਵਸ਼ਾਲੀ ਦਸਤਾਵੇਜ਼ ਸੀ, ਜਿਸ ਵਿੱਚ ਨਾ ਕੇਵਲ ਸਧਾਰਨ ਸੂਝ-ਬੂਝ ਵਾਲੀ ਵਾਜਬ ਪੜਚੋਲ ਤੇ ਟਿੱਪਣੀ ਕੀਤੀ ਗਈ, ਬਲਕਿ ਅਜੀਬ ਕਿਸਮ ਦੀਆਂ ਹਾਸੋ- ਹੀਣੀਆਂ ਦਲੀਲਾਂ ਵੀ ਦਿੱਤੀਆਂ ਗਈਆਂ। ਆਪਣੇ ਪੱਖ ਨੂੰ ਦਰਸਾਉਣ ਲਈ ਕੰਗਰੀਵ ਨੇ ਇਸ ਦਾ ਜਵਾਬ ਆਪਣੀ ਕਿਤਾਬ ਅਮੈਂਡਮੈਂਟਸ ਆਫ਼ ਮਿਸਟਰ ਕੋਲੀਅਰਜ਼ ਫਾਲਸ ਐਂਡ ਇਮਪਰਫੈਕਟ ਸਾਈਟੇਸ਼ਨਜ਼ ਵਿੱਚ ਦਿੱਤਾ। ਹੋਰਨਾਂ ਜਵਾਬਾਂ ਦੀ ਤਰ੍ਹਾਂ ਇਹ ਕੋਈ ਬਹੁਤ ਪ੍ਰਭਾਵਸ਼ਾਲੀ ਜਵਾਬ ਸਾਬਤ ਨਹੀਂ ਹੋਇਆ।

      1700 ਵਿੱਚ ਕੰਗਰੀਵ ਦਾ ਅਤਿ ਉੱਤਮ ਤੇ ਨਵੇਕਲਾ ਨਾਟਕ ਦਾ ਵੇਅ ਆਫ਼ ਦੀ ਵਰਲਡ ਖੇਡਿਆ ਗਿਆ। ਬਣਤਰ ਦੇ ਪੱਖੋਂ ਇਹ ਨਾਟਕ ਦਾ ਡਬਲ ਡੀਲਰ ਨਾਲ ਮਿਲਦਾ-ਜੁਲਦਾ ਹੈ। ਵਿਰਸੇ ਤੇ ਸੰਪਤੀ ਤੋਂ ਉਤਪੰਨ ਹੋਇਆ ਝਗੜਾ ਹੀ ਇਸਦਾ ਮੁੱਖ ਵਿਸ਼ਾ ਹੈ। ਲੇਡੀ ਵਿਸਫੋਰਟ ਨਾ ਕੇਵਲ ਆਪਣੀ ਬਲਕਿ ਆਪਣੀ ਭਤੀਜੀ ਮਿਲਾਮੈਂਟ ਅਤੇ ਆਪਣੀ ਲੜਕੀ ਮਿਸਿਜ਼ ਫੇਨਆਲ ਦੀ ਸੰਪਤੀ ਅਤੇ ਦੌਲਤ ਤੇ ਅਧਿਕਾਰ ਰੱਖਦੀ ਹੈ। ਖਲਨਾਇਕ ਹੀਰੋ ਮਿਰੇਬਲ ਸ਼ੁਰੂ ਵਿੱਚ ਲੇਡੀ ਵਿਸਫੋਰਟ ਨਾਲ ਵੀ ਪਿਆਰ ਜਿਤਾਉਂਦਾ ਹੈ, ਪਰ ਜਲਦੀ ਹੀ ਉਸ ਦਾ ਝੁਕਾਅ ਲੇਡੀ ਵਿਸਫੋਰਟ ਦੀ ਧੀ ਮਿਸਿਜ਼ ਫੇਨਆਲ ਵੱਲ ਹੋ ਜਾਂਦਾ ਹੈ। ਵਾਸਤਵ ਵਿੱਚ ਉਹ ਉਸ ਦੀ ਭਤੀਜੀ ਮਿਲਾਮੈਂਟ ਨਾਲ ਪਿਆਰ ਕਰਦਾ ਹੈ। ਝੂਠਾ ਅਤੇ ਨਕਲੀ ਪਿਆਰ ਜਿਤਾਉਣ ਕਰ ਕੇ ਲੇਡੀ ਵਿਸਫੋਰਟ ਉਸ ਦੀ ਦੁਸ਼ਮਣ ਬਣ ਜਾਂਦੀ ਹੈ। ਪਿਆਰ ਸੰਬੰਧੀ ਹਾਵ-ਭਾਵ ਦੌਰਾਨ ਮਿਸਿਜ਼ ਫੇਨਆਲ ਮਿਰੇਬਲ ਤੋਂ ਇੱਕ ਇਕਰਾਰਨਾਮੇ `ਤੇ ਦਸਤਖ਼ਤ ਕਰਵਾਉਂਦੀ ਹੈ, ਜਿਸ ਦੇ ਅਨੁਸਾਰ ਮਿਰੇਬਲ ਹੀ ਉਸ ਦੀ ਸਾਰੀ ਜ਼ਾਇਦਾਦ ਦਾ ਹੱਕਦਾਰ ਬਣਦਾ ਹੈ ਜਿਹੜਾ ਕਿ ਮਿਸਿਜ਼ ਫੇਨਆਲ ਦੇ ਗਰਭ ਧਾਰਨ ਉਪਰੰਤ ਬੜੀ ਚਤੁਰਾਈ ਨਾਲ ਉਸ ਦਾ ਵਿਆਹ ਮਿ. ਫੇਨਆਲ ਨਾਲ ਕਰਵਾ ਦਿੰਦਾ ਹੈ ਤਾਂ ਜੋ ਉਸਦੇ ਚਰਿੱਤਰ ਤੇ ਕੋਈ ਆਂਚ ਨਾ ਆਵੇ। ਫੇਨਆਲ ਦੇ ਗੁਪਤ ਤੇ ਨਜਾਇਜ਼ ਸੰਬੰਧ ਮਿਸਿਜ਼ ਮਾਰਵੁੱਡ ਨਾਲ ਵੀ ਹਨ, ਪਰ ਅਸਲ ਵਿੱਚ ਮਿਸਿਜ਼ ਮਾਰਵੁੱਡ ਵੀ ਮਿਰੇਬਲ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ। ਇਹਨਾਂ ਸਾਰਿਆਂ ਰਿਸ਼ਤਿਆਂ ਤੋਂ ਉਪਰ ਮਿਲਾਮੈਂਟ ਤੇ ਮਿਰੇਬਲ ਦਾ ਰਿਸ਼ਤਾ ਹੈ, ਜਿਸ ਵਿੱਚ ਸੱਚੇ ਪਿਆਰ ਦੀ ਝਲਕ ਮਿਲਦੀ ਹੈ। ਸਾਰਾ ਨਾਟਕ ਪਿਆਰ, ਪੈਸਾ ਅਤੇ ਸਾਜ਼ਸ਼ ਦੇ ਦੌਰਾਨ ਘੁੰਮਦਾ ਹੈ। ਜਦੋਂ ਮਿਸਟਰ ਫੇਨਆਲ ਚਾਰੇ ਪਾਸਿਉਂ ਲੇਡੀ ਵਿਸਫੋਰਟ ਅਤੇ ਮਿਸਿਜ਼ ਫੇਨਆਲ ਨੂੰ ਘੇਰ ਲੈਂਦਾ ਹੈ ਤਾਂ ਮਿਰੇਬਲ ਉਹ ਇਕਰਾਰਨਾਮਾ ਪੇਸ਼ ਕਰਦਾ ਹੈ, ਜਿਸ ਦੇ ਮੁਤਾਬਕ ਵਿਧਵਾ ਅਵਸਥਾ ਵਿੱਚ ਮਿਸਿਜ਼ ਫੇਨਆਲ ਨੇ ਆਪਣੀ ਜਾਇਦਾਦ ਦੇ ਸਾਰੇ ਹੱਕ ਮਿਰੇਬਲ ਨੂੰ ਦੇ ਦਿੱਤੇ ਸਨ। ਇਹ ਇਕਰਾਰਨਾਮਾ ਕਾਨੂੰਨੀ ਦਾਅ- ਪੇਚ ਦੌਰਾਨ ਜ਼ਾਦੂ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਮੱਸਿਆ ਦਾ ਸਮਾਧਾਨ ਕਰਨ ਵਿੱਚ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਆਖ਼ਰ ਵਿੱਚ ਮਿਸਟਰ ਮਿਰੇਬਲ ਅਤੇ ਮਿਲਾਮੈਂਟ ਦੀ ਸ਼ਾਦੀ ਹੋ ਜਾਂਦੀ ਹੈ ਅਤੇ ਮਿਰੇਬਲ ਉਹ ਇਕਰਾਰਨਾਮਾ ਫੇਨਆਲ ਨੂੰ ਵਾਪਸ ਕਰ ਦਿੰਦਾ ਹੈ ਅਤੇ ਇਹ ਆਸ ਪ੍ਰਗਟ ਕਰਦਾ ਹੈ ਕਿ ਹੋ ਸਕਦਾ ਹੈ ਇਹ ਪੈਸਾ ਅਤੇ ਜਾਇਦਾਦ ਉਹਨਾਂ ਦੀ ਵਿਵਾਹਿਕ ਜ਼ਿੰਦਗੀ ਵਿੱਚ ਮੁੜ ਰੋਸ਼ਨੀ ਲਿਆਵੇ।

     ਕੰਗਰੀਵ ਦਾ ਇੱਕ ਲੰਮਾ ਮਿਊਜ਼ੀਕਲ ਓਪੇਰਾ ਦਾ ਜਜਮੈਂਟ ਆਫ਼ ਪੇਅਰਜ਼ 1701 ਵਿੱਚ ਖੇਡਿਆ ਗਿਆ। 1704 ਵਿੱਚ ਵਿਲੀਅਮ ਵਾਲਸ਼ ਅਤੇ ਜੋਹਨ ਵਾਨਬਰਗ ਦੇ ਸਹਿਯੋਗ ਨਾਲ ਮੋਲੀਅਰ ਦੀ ਕਿਤਾਬ ਮਾਨਸੀਅਰ ਦੀ ਪੋਰਸੀਗਨੇਕ ਦਾ ਉਲੱਥਾ ਕੀਤਾ। ਥੋੜ੍ਹੇ ਸਮੇਂ ਲਈ 1705 ਵਿੱਚ ਉਸ ਨੇ ਵਾਨਬਰਗ ਨਾਲ ਕੂਈਨਜ਼ ਥੀਏਟਰ ਵਿੱਚ ਵੀ ਕੰਮ ਕੀਤਾ।

     ਕੰਗਰੀਵ ਦੇ ਅਨੇਕ ਸਾਹਿਤਿਕ ਮਿੱਤਰ ਸਨ। ਸਮੇਂ ਦੇ ਹੋਰ ਸਾਹਿਤਿਕ ਕਲਾਕਾਰਾਂ ਦੇ ਉਲਟ ਕੰਗਰੀਵ ਨੇ ਕਿਸੇ ਨਾਲ ਵੈਰ-ਵਿਰੋਧ ਜਾਂ ਲੜਾਈ ਨਹੀਂ ਕੀਤੀ। ਗੇਅ ਨੇ ਕੰਗਰੀਵ ਨੂੰ ਕਿਸੇ ਨੂੰ ‘ਬੁਰਾ-ਭਲਾ ਨਾ ਕਹਿਣ ਵਾਲੇ ਵਿਅਕਤੀ’ ਦਾ ਦਰਜਾ ਦਿੱਤਾ। ਪੋਪ ਨੇ ਆਪਣੀ ‘ਇਲੀਅਡ’ ਕੰਗਰੀਵ ਨੂੰ ਸਮਰਪਿਤ ਕੀਤੀ। ਜਿੱਥੋਂ ਤੱਕ ਔਰਤਾਂ ਨਾਲ ਸੰਬੰਧਾਂ ਦੀ ਗੱਲ ਹੈ, ਕੰਗਰੀਵ ਦੇ ਸੰਬੰਧ ਮਿਸਿਜ਼ ਬਰੈਕਗਰਡਲ ਨਾਲ ਬਹੁਤ ਵਧੀਆ ਸਨ, ਕਿਉਂਕਿ ਉਸ ਨੇ ਕੰਗਰੀਵ ਦੇ ਡਰਾਮਿਆਂ ਵਿੱਚ ਨਾਇਕਾ ਦੇ ਤੌਰ ’ਤੇ ਕੰਮ ਕੀਤਾ ਸੀ। ਕੰਗਰੀਵ ਨੇ ਵਿਆਹ ਨਹੀਂ ਕੀਤਾ। ਆਪਣੀ ਉਮਰ ਦੇ ਆਖ਼ਰੀ ਸਾਲਾਂ ਵਿੱਚ ਉਸ ਦੀ ਨੇੜਤਾ ਮਾਰਲਬਰੋ ਦੀ ਦੂਜੀ ਡੈਚਸ ਨਾਲ ਬਹੁਤ ਗਹਿਰੀ ਸੀ। ਕੰਗਰੀਵ ਦੀ ਸਾਰੀ ਜਾਇਦਾਦ ਦੀ ਮਾਲਕਣ ਡੈਚਸ ਆਫ਼ ਮਾਰਲਬਰੋ ਬਣੀ। ਕੰਗਰੀਵ ਦੀ ਮੌਤ ਲੰਦਨ ਵਿਖੇ 1729 ਨੂੰ ਹੋਈ। ਇਸ ਦੇ ਨਾਲ ਰੈਸਟੋਰੇਸ਼ਨ ਡਰਾਮੇ ਦਾ ਇੱਕ ਮਹੱਤਵਪੂਰਨ ਯੁੱਗ ਖ਼ਤਮ ਹੋਇਆ।


ਲੇਖਕ : ਅਵਤਾਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.