ਖਸਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਸਰਾ (ਨਾਂ,ਪੁ) ਪਿੰਡੇ ਉੱਤੇ ਲਾਲ ਰੰਗ ਦੇ ਦਾਣੇ ਨਿਕਲ ਆਉਣ ਵਾਲਾ ਚਮੜੀ ਦਾ ਇੱਕ ਰੋਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਸਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਸਰਾ. ਚੇਚਕ ਦੀ ਤਰਾਂ ਦੀ ਇੱਕ ਬੀਮਾਰੀ. ਸੰ. ਮੰਥਰਜ੍ਵਰ. ਮਧੁਜ੍ਵਰ. ਮਧੌਰਾ. ਅ਼ ਹ਼੉ਬਾ. measels. ਇਸ ਰੋਗ ਵਿੱਚ ਤਾਪ ਹੋਕੇ ਸਰੀਰ ਵਿੱਚ ਜਲਨ ਜੇਹੀ ਹੋ ਜਾਂਦੀ ਹੈ. ਪਿਆਸ ਬਹੁਤ ਲਗਦੀ ਹੈ, ਮੂੰਹ ਲਾਲ ਹੁੰਦਾ ਹੈ, ਜੀਭ ਤਾਲੂਆ ਸੁਕਦਾ ਹੈ, ਕੁਝ ਦਿਨ ਪਿੱਛੋਂ ਗਰਦਨ ਛਾਤੀ ਆਦਿਕ ਥਾਵਾਂ ਤੇ ਛੋਟੀਆਂ ਛੋਟੀਆਂ ਫੁਨਸੀਆਂ ਦਿਖਾਈ ਦਿੰਦੀਆਂ ਹਨ.

 

ਇਸ ਦਾ ਇਲਾਜ ਹੈ—

(੧) ਮੋਥਾ, ਸ੍ਯਾਹਤਰਾ, ਮੁਲੱਠੀ , ਦਾਖਾਂ, ਇੱਕੋ ਜੇਹੀਆਂ ਵਜ਼ਨ ਦੀਆਂ ਲੈਕੇ ਪਾਣੀ ਵਿੱਚ ਕਾੜ੍ਹੇ, ਜਦ ਪਾਣੀ ਅੱਠਵਾਂ ਹਿੱਸਾ ਰਹੇ ਤਦ ਉਤਾਰ ਛਾਣਕੇ ਥੋੜਾ ਥੋੜਾ ਸ਼ਹਿਦ ਮਿਲਾਕੇ ਰੋਗੀ ਨੂੰ ਦੇਵੇ.

(੨) ਚੰਦਨ , ਖਸ , ਧਨੀਆਂ , ਬਾਲਛੜ, ਸ੍ਯਾਹਤਰਾ, ਮੋਥਾ, ਸੁੰਢ, ਇਹ ਸਮ ਤੋਲ ਦੀਆਂ ਦਵਾਈਆਂ ਲੈ ਕੇ ਕਾੜ੍ਹਾ ਕਰਕੇ ਥੋੜਾ ਥੋੜਾ ਪਿਆਵੇ.

(੩) ਤੁਲਸੀ ਦੇ ਪੱਤੇ ਗਿਆਰਾਂ, ਮੁਲੱਠੀ ਛੀ ਮਾਸ਼ੇ, ਖ਼ੂਬਕਲਾਂ ਇੱਕ ਤੋਲਾ , ਸੌਂਫ ਛੀ ਮਾਸ਼ੇ, ਲੌਂਗ ਇੱਕ, ਅੰਜੀਰ ਦਾ ਚੌਥਾ ਹਿੱਸਾ, ਇਨ੍ਹਾਂ ਸਭਨਾਂ ਨੂੰ ਅੱਧ ਸੇਰ ਪਾਣੀ ਵਿੱਚ ਉਬਾਲੇ, ਜਦ ਪਾਈਆ ਪਾਣੀ ਰਹੇ, ਤਾਂ ਉਤਾਰਕੇ ਰੁਮਾਲ ਨਾਲ ਛਾਣ ਲਵੇ। ਇਹ ਰਸ ਰੋਗੀ ਨੂੰ ਥੋੜਾ-ਥੋੜਾ ਦੇਵੇ। ੨ ਅ਼ ਪਟਵਾਰੀ ਦਾ ਉਹ ਕਾਗਜ, ਜਿਸ ਵਿੱਚ ਖੇਤਾਂ ਦੇ ਨੰਬਰ ਅਤੇ ਮਿਣਤੀ ਹੋਵੇ। ੩ ਕਿਸੇ ਹਿਸਾਬ ਦਾ ਕੱਚਾ ਚਿੱਠਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਸਰਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Khasra_ਖਸਰਾ: ਬਚਨ ਬਨਾਮ ਕੰਕਰ (ਏ ਆਈ ਆਰ 1972 ਐਸ ਸੀ 2167) ਅਨੁਸਾਰ ਇਹ ਸਰਵੇ ਦੀ ਫ਼ੀਲਡ ਪੁਸਤਕ ਅਥਵਾ ਰੋਜ਼ਨਾਮਚਾ ਹੁੰਦੀ ਹੈ। ਇਸ ਵਿਚ ਪਿੰਡ ਦੇ ਖੇਤਾਂ ਦੀ ਸੂਚੀ ਹੁੰਦੀ ਹੈ। ਉਸ ਵਿਚ ਹਰੇਕ ਖੇਤ ਦੇ ਮਾਲਕ , ਕਾਸ਼ਤਕਾਰ ਦਾ ਨਾਂ, ਖੇਤ ਦੀ ਪੈਮਾਇਸ਼ , ਜ਼ਮੀਨ ਦੀ ਕਿਸਮ, ਉਸ ਵਿਚ ਉੱਗ ਰਹੀ ਫ਼ਸਲ ਅਤੇ ਇਥੋਂ ਤਕ ਕਿ ਖੇਤ ਵਿਚ ਖੜੇ ਰੁੱਖਾਂ ਤਕ ਦਾ ਵੇਰਵਾ ਦਿੱਤਾ ਹੁੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਖਸਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖਸਰਾ : ਖਸਰਾ ਬੱਚਿਆਂ ਦੀ ਇਕ ਛੂਤ ਦੀ ਬੀਮਾਰੀ ਹੈ। ਇਹ ਇਕ ਤਰ੍ਹਾਂ ਦੇ ਵਿਸ਼ਾਣੂ ਕਾਰਨ ਹੁੰਦੀ ਹੈ। ਇਸ ਵਿਸ਼ਾਣੂ ਦੀ ਬਣਤਰ ਤੇ ਗੁਣ ਮਿਕਸੋ ਵਿਸ਼ਾਣੂਆਂ ਨਾਲ ਮਿਲਦੇ ਹਨ। ਇਸ ਕਰਕੇ ਹੀ ਇਹ, ਇਸ ਸ਼੍ਰੇਣੀ ਦਾ ਅੰਗ ਮੰਨਿਆ ਜਾਂਦਾ ਹੈ।

          ਖਸਰੇ ਦੀ ਬੀਮਾਰੀ ਆਦਮ ਜਾਤ ਜਿੰਨੀ ਪੁਰਾਣੀ ਮੰਨੀ ਜਾਂਦੀ ਹੈ। ਨੌਵੀਂ ਸਦੀ ਵਿਚ ਅਰਬ ਦੇ ਇਕ ਡਾਕਟਰ, ਰੇਜ਼ੈੱਸ ਨੇ ਇਸ ਬੀਮਾਰੀ ਦੇ ਕੁਝ ਲੱਛਣ ਬਿਆਨ ਕੀਤੇ ਸਨ। ਸਤਾਰ੍ਹਵੀਂ ਸਦੀ ਵਿਚ ਸਿਟੈੱਨਅੱਮ ਨੇ ਖਸਰੇ ਦੇ ਦਾਣਿਆਂ ਬਾਰੇ ਲਿਖਿਆ।

          ਖਸਰੇ ਦੇ ਵਿਸ਼ਾਣੂ, ਇਕ ਰੋਗੀ ਤੋਂ ਦੂਸਰੇ ਤੱਕ ਹਵਾ ਰਾਹੀਂ ਫ਼ੈਲਦੇ ਹਨ। ਸਾਹ ਰਾਹੀਂ ਇਹ ਵਿਸ਼ਾਣੂ ਸਰੀਰ ਦੇ ਅੰਦਰ ਦਾਖ਼ਲ ਹੋ ਜਾਂਦੇ ਹਨ। ਇਹ ਵਿਸ਼ਾਣੂ ਮਨੁੱਖੀ ਸਰੀਰ ਤੋਂ ਬਾਹਰ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕਦੇ। ਇਸੇ ਕਰਕੇ ਇਹ ਬੀਮਾਰੀ ਇਕ ਰੋਗੀ ਤੋਂ ਹੀ ਦੂਸਰੇ ਨੂੰ ਹੁੰਦੀ ਹੈ। ਜਦੋਂ ਰੋਗੀ ਖੰਘਦਾ ਹੈ ਤਾਂ ਵਿਸ਼ਾਣੂ ਹਵਾ ਰਾਹੀਂ ਦੂਰ ਤੱਕ ਫੈਲ ਜਾਂਦੇ ਹਨ। ਇਹ ਵਿਸ਼ਾਣੂ ਅਰੋਗ ਸਰੀਰ ਵਿਚ ਹਵਾ ਦੀ ਨਾਲੀ ਰਾਹੀਂ ਦਾਖ਼ਲ ਹੁੰਦੇ ਹਨ। ਇਹ ਵਿਸ਼ਾਣੂ ਵਧਦੇ-ਫ਼ੁੱਲਦੇ ਹਨ, ਫਿਰ ਇਹ ਖ਼ੂਨ ਰਾਹੀਂ ਸਰੀਰ ਦੇ ਹਰ ਹਿੱਸੇ ਵਿਚ ਫੈਲ ਜਾਂਦੇ ਹਨ। ਇਨ੍ਹਾਂ ਵਿਸ਼ਾਣੂਆਂ ਦਾ ਬਹੁਤਾ ਅਸਰ ਸਾਹ ਦੀ ਨਾਲੀ, ਚਮੜੀ ਅਤੇ ਅੱਖਾਂ ਤੇ ਹੁੰਦਾ ਹੈ। ਇਹ ਵਿਸ਼ਾਣੂ ਬਾਂਦਰਾਂ ਵਿਚ ਵੀ ਬੀਮਾਰੀ ਪੈਦਾ ਕਰ ਸਕਦੇ ਹਨ।

          ਖਸਰੇ ਦੇ ਤਿੰਨ ਪੜਾਅ ਹੁੰਦੇ ਹਨ :-

          1. ਇਨਕਿਊਬੇਸ਼ਨ ਪੜਾਅ –– ਇਸ ਬੀਮਾਰੀ ਦਾ ਇਨਕਿਊਬੇਸ਼ਨ ਸਮਾਂ, ਵਿਸ਼ਾਣੂ ਸਰੀਰ ਦੇ ਅੰਦਰ ਦਾਖ਼ਲ ਹੋ ਕੇ ਨਿਸ਼ਾਨੀਆਂ ਪੈਦਾ ਕਰਨ ਤੱਕ 10-15 ਦਿਨ ਹੁੰਦਾ ਹੈ।

          2. ਜ਼ੁਕਾਮ ਵਾਲਾ ਪੜਾਅ –– ਇਸ ਅਵਸਥਾ ਦੌਰਾਨ ਬੱਚੇ ਨੂੰ ਜ਼ੁਕਾਮ ਲੱਗ ਜਾਂਦਾ ਹੈ, ਨਿੱਛਾਂ ਆਉਂਦੀਆਂ ਹਨ, ਨੱਕ ਵਗਦਾ ਹੈ ਤੇ ਖੰਘ ਆਉਂਦੀ ਹੈ। ਅੱਖਾਂ ਲਾਲ ਹੋ ਜਾਂਦੀਆਂ ਹਨ ਤੇ ਇਨ੍ਹਾਂ ਤੇ ਸੋਜ ਆ ਜਾਂਦੀ ਹੈ। ਅੱਖਾਂ ਘੁੱਟੀਆਂ ਘੁੱਟੀਆਂ ਨਜ਼ਰ ਆਉਂਦੀਆਂ ਹਨ। ਬੱਚੇ ਦੀ ਭੁੱਖ ਮਾਰੀ ਜਾਂਦੀ ਹੈ ਤੇ ਉਹ ਚਿੜਚਿੜਾ ਹੋ ਜਾਂਦਾ ਹੈ। ਬੀਮਾਰੀ ਨਾਲ ਬੁਖ਼ਾਰ ਹੋ ਜਾਂਦਾ ਹੈ। ਕਈ ਵਾਰ ਬੁਖ਼ਾਰ ਹਲਕਾ ਹੁੰਦਾ ਹੈ ਤੇ ਕਈ ਵਾਰ ਤੇਜ਼। ਬਹੁਤ ਤੇਜ਼ ਬੁਖ਼ਾਰ ਨਾਲ ਕਈ ਬੱਚਿਆਂ ਨੂੰ ਦੌਰੇ ਵੀ ਪੈ ਜਾਂਦੇ ਹਨ।

          ਸਰੀਰ ਉੱਤੇ ਦਾਣੇ ਨਿਕਲਣ ਤੋਂ 2-3 ਦਿਨ ਪਹਿਲਾਂ ਮੂੰਹ ਵਿਚ ਲਾਲ ਰੰਗ ਦੇ ਦਾਣੇ ਨਿਕਲਦੇ ਹਨ। ਇਨ੍ਹਾਂ ਦਾਣਿਆਂ ਨੂੰ ਕਾਪਲਿਕ ਸਪਾੱਟ ਕਹਿੰਦੇ ਹਨ। ਇਹ ਦਾਣੇ ਖਸਰੇ ਦੀ ਪੱਕੀ ਨਿਸ਼ਾਨੀ ਹਨ।

          3. ਦਾਣੇ ਨਿਕਲਣ ਵਾਲਾ ਪੜਾਅ –– ਬੀਮਾਰੀ ਸ਼ੁਰੂ ਹੋਣ ਤੋਂ 3-4 ਦਿਨ ਬਾਅਦ ਸਰੀਰ ਤੇ ਲਾਲ ਰੰਗ ਦੇ ਛੋਟੇ ਛੋਟੇ ਦਾਣੇ ਨਿਕਲ ਆਉਂਦੇ ਹਨ। ਦਾਣੇ ਸਭ ਤੋਂ ਪਹਿਲਾਂ ਗਰਦਨ ਦੇ ਪਾਸਿਆਂ ਤੇ ਹੁੰਦੇ ਹਨ, ਫਿਰ ਕੰਨਾਂ ਦੇ ਪਿੱਛੇ, ਵਾਲਾਂ ਦੇ ਨਾਲ ਨਾਲ ਅਤੇ ਮੱਥੇ ਤੇ ਹੋ ਜਾਂਦੇ ਹਨ। ਮੂੰਹ ਤੋਂ ਪਿੱਛੋਂ ਇਹ ਦਾਣੇ ਧੜ, ਬਾਹਾਂ ਅਤੇ ਲੱਤਾਂ ਤੇ ਹੋ ਜਾਂਦੇ ਹਨ। ਤਿੰਨ ਚਾਰ ਦਿਨਾਂ ਵਿਚ ਹੀ ਸਾਰਾ ਸਰੀਰ ਦਾਣਿਆਂ ਨਾਲ ਭਰ ਜਾਂਦਾ ਹੈ। ਇਸ ਤੋਂ ਬਾਅਦ ਦਾਣੇ ਮੁੜਨੇ ਸ਼ੁਰੂ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਦਾਣੇ ਮੂੰਹ ਤੋਂ ਛਿਪਦੇ ਹਨ ਅਤੇ ਜਿਸ ਤਰ੍ਹਾਂ ਨਿਕਲਦੇ ਹਨ ਉਸੇ ਲੜੀ ਨਾਲ ਮਿਟ ਜਾਂਦੇ ਹਨ। ਜਦ ਇਹ ਦਾਣੇ ਮੁੜਨ ਲਗਦੇ ਹਨ ਤਾਂ ਬੁਖ਼ਾਰ ਵੀ ਲੱਥ ਜਾਂਦਾ ਹੈ। ਬੱਚਾ ਜਿਹੜਾ ਇਕ ਦਿਨ ਪਹਿਲਾਂ ਬੀਮਾਰੀ ਨਾਲ ਬਹੁਤ ਤੰਗ ਹੋਇਆ ਹੁੰਦਾ ਹੈ, ਦਾਣੇ ਮੁੜਨ ਨਾਲ ਸੌਖਾ ਹੋ ਜਾਂਦਾ ਹੈ।

          ਖਸਰੇ ਦੇ ਲਾਲ ਰੰਗ ਦੇ ਦਾਣੇ ਜਿਥੇ ਕਿਤੇ ਵੀ ਹੁੰਦੇ ਹਨ ਉਨ੍ਹਾਂ ਥਾਵਾਂ ਤੇ ਚਮੜੀ ਉੱਧੜ ਜਾਂਦੀ ਹੈ ਅਤੇ ਕੁਝ ਦਿਨਾਂ ਬਾਅਦ ਦਾਣਿਆਂ ਦਾ ਰੰਗ ਬਦਲ ਕੇ ਲਾਲ ਤੇ ਭੂਰਾ ਹੋ ਜਾਂਦਾ ਹੈ। ਇਨ੍ਹਾਂ ਦਾਣਿਆਂ ਦੇ ਦਾਗ਼ ਸਰੀਰ ਤੇ 1-2 ਹਫ਼ਤੇ ਤੱਕ ਨਜ਼ਰ ਆਉਂਦੇ ਰਹਿੰਦੇ ਹਨ।

          ਇਹ ਬੀਮਾਰੀ ਜ਼ਿੰਦਗੀ ਵਿਚ ਆਮ ਤੌਰ ਤੇ ਇਕ ਵਾਰੀ ਹੀ ਹੁੰਦੀ ਹੈ, ਦੂਸਰੀ ਵਾਰ ਇਸ ਬੀਮਾਰੀ ਦਾ ਹੱਲਾ 0.5-0.7% ਲੋਕਾਂ ਵਿਚ ਹੀ ਵੇਖਿਆ ਗਿਆ ਹੈ। ਇਕ ਵਾਰੀ ਇਸ ਬੀਮਾਰੀ ਦੇ ਹੋਣ ਤੇ ਮਨੁੱਖ ਸਾਰੀ ਉਮਰ ਲਈ ਇਹ ਬੀਮਾਰੀ ਤੋਂ ਮੁਕਤ ਹੋ ਜਾਂਦਾ ਹੈ। ਜੇਕਰ ਦੂਸਰੀ ਵਾਰ ਇਹ ਬੀਮਾਰੀ ਹੋ ਵੀ ਜਾਵੇ ਤਾਂ ਇਸ ਦੇ ਲੱਛਣ ਆਮ ਬੀਮਾਰੀ ਨਾਲੋਂ ਬਦਲਵੇਂ ਹੁੰਦੇ ਹਨ। ਕਈ ਵਾਰ ਬੀਮਾਰੀ ਦਾ ਹੱਲਾ ਬਿਲਕੁਲ ਮਾਮੂਲੀ ਹੁੰਦਾ ਹੈ ਤੇ ਇਸ ਦਾ ਪਤਾ ਮਰੀਜ਼ ਨੂੰ ਨਹੀਂ ਲਗਦਾ ਪਰ ਖ਼ੂਨ ਟੈੱਸਟ ਕਰਨ ਤੇ ਹੀ ਬੀਮਾਰੀ ਹੋਣ ਦਾ ਸੰਕੇਤ ਮਿਲਦਾ ਹੈ। ਇਸ ਬੀਮਾਰੀ ਦੀ ਖ਼ਤਰਨਾਕ ਸ਼ਕਲ ਖ਼ੂਨੀ ਖਸਰਾ ਹੈ। ਬੀਮਾਰੀ ਦੀ ਇਸ ਕਿਸਮ ਵਿਚ ਦਾਣਿਆਂ ਵਿਚੋਂ ਖ਼ੂਨ ਨਿਕਲਣ ਲੱਗ ਪੈਂਦਾ ਹੈ। ਇਸ ਕਿਸਮ ਵਿਚ ਦਾਣਿਆਂ ਦਾ ਰੰਗ ਕਾਲਾ ਹੁੰਦਾ ਹੈ।

          ਕੁਝ ਬੱਚਿਆਂ ਵਿਚ ਇਹ ਬੀਮਾਰੀ ਛੇਤੀ ਠੀਕ ਨਹੀਂ ਹੁੰਦੀ ਸਗੋਂ ਵਿਗੜ ਜਾਂਦੀ ਹੈ। ਇਸ ਬੀਮਾਰੀ ਵਿਚ ਜੋ ਆਮ ਗੁੰਝਲਾਂ ਪੈਦਾ ਹੋ ਜਾਂਦੀਆਂ ਹਨ, ਉਹ ਨਮੂਨੀਆਂ, ਅੰਦਰਲੇ ਕੰਨ ਵਿਚ ਸੋਜ, ਦਰਦ ਤੇ ਪਾਕ ਦਾ ਪੈ ਜਾਣਾ, ਬੇਹੋਸ਼ੀ ਤੇ ਗਸ਼ੀ ਦੇ ਦੌਰੇ, ਖ਼ੂਨ ਵਾਲੇ ਦਸਤ ਆਉਣੇ, ਜਿਨ੍ਹਾਂ ਬੱਚਿਆਂ ਨੂੰ ਪਹਿਲਾਂ ਤਪਦਿਕ ਦੀ ਬੀਮਾਰੀ ਹੋਈ ਹੋਵੇ ਉਨ੍ਹਾਂ ਵਿਚ ਇਸ ਦਾ ਮੁੜ ਸੁਰਜੀਤ ਹੋਣਾ, ਅੱਖਾਂ ਆ ਜਾਣਾ ਆਦਿ ਹਨ। ਇਨ੍ਹਾਂ ਸਾਰੀਆਂ ਬੀਮਾਰੀਆਂ ਵਿਚੋਂ ਕੰਨ ਵਾਲੀ ਬੀਮਾਰੀ ਆਮ ਹੋ ਜਾਂਦੀ ਹੈ ਪਰ ਸਾਰਿਆਂ ਨਾਲੋ਼ ਖ਼ਤਰਨਾਕ ਬੇਹੋਸ਼ੀ ਤੇ ਗਸ਼ੀ ਦੇ ਦੌਰੇ ਪੈਣ ਦੀ ਹੈ।

          ਨਮੂਨੀਆਂ ਦੋ ਤਰ੍ਹਾਂ ਦਾ ਅਰਥਾਤ ਵਿਸ਼ਾਣੂ ਨਮੂਨੀਆਂ ਅਤੇ ਜੀਵਾਣੂ ਨਮੂਨੀਆਂ ਹੋ ਸਕਦਾ ਹੈ। ਬੀਮਾਰੀ ਨਾਲ ਸਰੀਰ ਦੇ ਪ੍ਰਤਿਜੀਵਾਣੂ ਖ਼ਰਾਬ ਹੋ ਜਾਂਦੇ ਹਨ ਜਿਸ ਨਾਲ ਦੂਸਰੇ ਜੀਵਾਣੂ ਹਮਲਾ ਕਰ ਕੇ ਨਮੂਨੀਆਂ ਕਰਦੇ ਹਨ।

          ਕਿਸੇ ਬੱਚੇ ਨੂੰ ਖਸਰਾ ਨਿਕਲਿਆ ਹੋਵੇ ਤੇ ਦਾਣੇ ਮੁੜਨ ਤੋਂ ਬਾਅਦ ਬੁਖ਼ਾਰ ਨਾ ਲੱਥੇ, ਉਲਟੀਆਂ ਆਉਣ, ਖੰਘ ਆਉਂਦੀ ਰਹੇ ਤੇ ਸਾਹ ਔਖਾ ਹੋਵੇ, ਬੇਹੋਸ਼ੀ ਤੇ ਗਸ਼ੀਆਂ ਪੈਣ ਤਾਂ ਬੀਮਾਰੀ ਵਿਗੜ ਗਈ ਸਮਝਣੀ ਚਾਹੀਦੀ ਹੈ।

          ਖਸਰਾ ਇਕ ਮਰੀਜ਼ ਤੋਂ ਅਰੋਗ ਸਰੀਰ ਤੱਕ ਦਾਣੇ ਨਿਕਲਣ ਤੋਂ ਪਹਿਲਾਂ ਫ਼ੈਲ ਸਕਦੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਵਿਸ਼ਾਣੂ ਰੋਗੀ ਸਾਹ ਰਾਹੀਂ ਜ਼ੁਕਾਮ ਦੀ ਹਾਲਤ ਵਿਚ ਬਾਹਰ ਕੱਢਦਾ ਹੈ ਤੇ ਰੋਗ ਨੂੰ ਫ਼ੈਲਾਉਣ ਦਾ ਕਾਰਨ ਬਣਦਾ ਹੈ। ਵਿਸ਼ਾਦੂ ਦਾਣੇ ਨਿਕਲਣ ਤੋਂ ਪੰਜ ਦਿਨ ਬਾਅਦ ਤੱਕ ਸਾਹ ਰਾਹੀਂ ਬਾਹਰ ਆਉਂਦੇ ਰਹਿੰਦੇ ਹਨ।

          ਇਸ ਰੋਗ ਦਾ ਇਲਾਜ ਕੋਈ ਨਹੀਂ। ਰੋਗ ਸਮੇਂ ਬੀਮਾਰ ਨੂੰ ਇਕੱਲੇ ਕਮਰੇ ਵਿਚ ਰੱਖਣਾ ਚਾਹੀਦਾ ਹੈ, ਦੂਸਰੇ ਬੱਚਿਆਂ ਨੂੰ ਜਿਨ੍ਹਾਂ ਨੂੰ ਇਹ ਬੀਮਾਰੀ ਪਹਿਲਾਂ ਨਾ ਹੋਈ ਹੋਵੇ, ਰੋਗੀ ਦੇ ਕੋਲ ਨਹੀਂ ਆਉਣ ਦੇਣਾ ਚਾਹੀਦਾ, ਕਮਰਾ ਸਾਫ਼-ਸੁਥਰਾ ਹੋਣਾ ਚਾਹੀਦਾ ਹੈ, ਸਾਫ਼ ਹਵਾ ਦੀ ਆਵਾਜਾਈ ਆਮ ਹੋਣੀ ਚਾਹੀਦੀ ਹੈ ਅਤੇ ਪਾਣੀ ਤੇ ਪਾਣੀ ਵਾਲੀਆਂ ਵਸਤਾਂ ਕਾਫ਼ੀ ਮਾਤਰਾ ਵਿਚ ਰੋਗੀ ਨੂੰ ਦੇਣੀਆਂ ਚਾਹੀਦੀਆਂ ਹਨ। ਰੋਗੀ ਨੂੰ ਖ਼ੁਰਾਕ ਡਾਕਟਰ ਦੀ ਸਲਾਹ ਨਾਲ ਹੀ ਦੇਣੀ ਚਾਹੀਦੀ ਹੈ।

          ਇਸ ਬੀਮਾਰੀ ਦੀ ਰੋਕਥਾਮ ਲਈ ਇਸ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਨਵ-ਜਨਮੇ ਬਾਲ ਵਿਚ ਇਸ ਰੋਗ ਵਿਰੁੱਧ ਰੱਖਿਆ, ਮਾਂ ਕੋਲੋਂ ਮਿਲਦੀ ਹੈ। ਇਹ ਰੱਖਿਆ 9 ਮਹੀਨੇ ਤੋਂ ਲੈ ਕੇ ਇਕ ਸਾਲ ਤੱਕ ਰਹਿੰਦੀ ਹੈ। ਇਸ ਸਮੇਂ ਵਿਚਕਾਰ ਜੇਕਰ ਟੀਕਾ ਲਗਵਾਇਆ ਜਾਵੇ ਤਾਂ ਟੀਕੇ ਦਾ ਕੋਈ ਅਸਰ ਨਹੀਂ ਹੁੰਦਾ। ਟੀਕਾ ਇਕ ਸਾਲ ਦੀ ਉਮਰ ਤੋਂ ਬਾਅਦ ਲਗਵਾਉਣਾ ਚਾਹੀਦਾ ਹੈ। ਇਸ ਬੀਮਾਰੀ ਨੂੰ ਰੋਕਣ ਵਾਸਤੇ ਇਕੱਲਾ ਟੀਕਾ ਵੀ ਮਿਲਦਾ ਹੈ। ਕਈ ਵਾਰੀ ਖਸਰਾ, ਕੰਨ-ਪੇੜੇ ਤੇ ਜਰਮਨ ਖਸਰੇ ਵਰਗੀਆਂ ਬੀਮਾਰੀਆਂ ਦੀ ਰੋਕਥਾਮ ਲਈ ਇਕ ਮਿਸ਼ਰਿਤ ਟੀਕਾ ਐੱਮ. ਐੱਮ. ਆਰ. (Measles, Mumps, Rubella) ਅਤੇ ਖਸਰਾ ਤੇ ਵੱਡੀ ਮਾਤਾ ਤੋਂ ਬਚਾਅ ਲਈ ਅੱਮ. ਐੱਸ. (Measles, Smallpox) ਟੀਕਾ ਵੀ ਲਗਵਾਇਆ ਜਾਂਦਾ ਹੈ।


ਲੇਖਕ : ਜਗਮੋਹਨ ਸਿੰਘ ਦਰਦੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.