ਗਰਭਪਾਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਰਭਪਾਤ [ਨਾਂਪੁ] ਗਰਭ ਗਿਰਾਉਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਰਭਪਾਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਰਭਪਾਤ. ਸੰਗ੍ਯਾ—ਹਮਲ ਦਾ ਡਿਗਣਾ. ਚਾਰ ਮਹੀਨੇ ਪਿੱਛੋਂ ਗਰਭ ਦਾ ਗਿਰਨਾ, ਇਸ ਤੋਂ ਪਹਿਲਾਂ ਸ੍ਰਾਵ ਕਹਾਉਂਦਾ ਹੈ. ਦੇਖੋ, ਗਰਭਸ੍ਰਾਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਰਭਪਾਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Abortion_ਗਰਭਪਾਤ: ਗਰਭਕਾਲ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਭਰੂਣ ਦੇ ਬੱਚੇਦਾਨੀ ਵਿਚੋਂ ਨਿਕਲ ਜਾਣ ਨੂੰ ਗਰਭਪਾਤ ਕਿਹਾ ਜਾਂਦਾ ਹੈ। ਭਾਰਤੀ ਦੰਡ ਸੰਘਤਾ ਦੀ ਧਾਰਾ ਅਨੁਸਾਰ ਗਰਭਪਾਤ ਕਾਰਤ ਕਰਨਾ ਅਪਰਾਧ ਹੈ ਜਿਸ ਲਈ ਸਜ਼ਾ ਹੋ ਸਕਦੀ ਹੈ।
ਗਰਭ ਦਾ ਮੈਡੀਕਲ ਅੰਤਕਰਣ ਐਕਟ 1971 ਅਨੁਸਾਰ ਜੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਰਾਏ ਵਿਚ ਗਰਭ ਦਾ ਬਣਿਆ ਰਹਿਣਾ ਗਰਭਵਤੀ ਇਸਤਰੀ ਦੀ ਜਾਨ ਲਈ ਜੋਖੋਂ ਵਾਲਾ ਹੋਵੇ ਜਾਂ ਉਸ ਨਾਲ ਉਸ ਇਸਤਰੀ ਦੀ ਮਾਨਸਿਕ ਜਾਂ ਸਰੀਰਕ ਸਿਹਤ ਲਈ ਗੰਭੀਰ ਹਾਨੀ ਦਾ ਜੋਖਮ ਹੋਵੇ ਜਾਂ ਜੇ ਇਸ ਗੱਲ ਦਾ ਸਰਵਾਨ ਜੋਖਮ ਹੋਵੇ ਕਿ ਜੇ ਬੱਚਾ ਪੈਦਾ ਹੋਇਆ ਤਾਂ ਉਹ ਅਜਿਹੀਆਂ ਸਰੀਰਕ ਜਾਂ ਮਾਨਸਿਕ ਉਪਸਾਧਾਰਣਤਾਵਾਂ ਦਾ ਸ਼ਿਕਾਰ ਹੋਵੇਗਾ, ਤਾਂ ਉਸ ਗਰਭ ਦਾ ਅੰਤ ਕੀਤਾ ਜਾ ਸਕਦਾ ਹੈ। ਜੇ ਗਰਭ ਬਾਰ੍ਹਾਂ ਹਫ਼ਤਿਆਂ ਤੋਂ ਵੱਧ ਸਮੇਂ ਦਾ ਨ ਹੋਵੇ ਤਾਂ ਇਕ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਰਾਏ ਤੇ ਗਰਭ ਦਾ ਅੰਤ ਕੀਤਾ ਜਾ ਸਕਦਾ ਹੈ। ਪਰ ਜੇ ਗਰਭ ਬਾਰ੍ਹਾਂ ਹਫ਼ਤਿਆਂ ਤੋਂ ਵੱਧ ਦਾ ਹੋਵੇ ਲੇਕਿਨ ਵੀਹ ਹਫ਼ਤਿਆਂ ਤੋਂ ਵਧ ਦਾ ਨ ਹੋਵੇ ਤਾਂ ਦੋ ਰਜਿਸਟਰਡ ਮੈਡਕੀਲ ਪ੍ਰੈਕਟੀਸ਼ਨਰਾਂ ਦੀ ਉਪਰੋਕਤ ਅਨੁਸਾਰ ਰਾਏ ਦਾ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਦੇ ਗਰਭ ਦਾ ਅੰਤ ਕਿਸੇ ਸਰਕਾਰੀ ਹਸਪਤਾਲ ਵਿਚ ਜਾਂ ਸਰਕਾਰ ਦੁਆਰਾ ਮਨਜ਼ੂਰਸ਼ਦਾ ਕਿਸੇ ਥਾਂ ਵਿਖੇ ਕੀਤਾ ਜਾ ਸਕਦਾ ਹੈ। ਗਰਭ ਦਾ ਅੰਤ ਕਰਨ ਲਈ ਸਬੰਧਤ ਇਸਤਰੀ ਦੀ ਰਜ਼ਾਮੰਦੀ ਜ਼ਰੂਰੀ ਹੈ। ਲੇਕਿਨ ਜੇ ਉਹ ਇਸਤਰੀ ਪਾਗਲ ਹੋਵੇ ਤਾਂ ਉਸ ਦੀ ਰਜ਼ਾਮੰਦੀ ਦੀ ਲੋੜ ਨਹੀਂ ਹੁੰਦੀ। ਅਠਾਰ੍ਹਾਂ ਸਾਲ ਤੋਂ ਘੱਟ ਉਮਰ ਦੀ ਇਸਤਰੀ ਦੀ ਸੂਰਤ ਵਿਚ ਉਸ ਦੇ ਸਰਪ੍ਰਸਤ ਦੀ ਲਿਖਤੀ ਰਜ਼ਾਮੰਦੀ ਜ਼ਰੂਰੀ ਹੈ।
ਭਾਰਤੀ ਦੰਡ ਸੰਘਤਾ 1860 ਦੀ ਧਾਰ 312 ਗਰਭਪਾਤ ਕਾਰਤ ਕਰਨਾ ਫ਼ੌਜਦਾਰੀ ਅਪਰਾਧ ਹੈ। ਪਰ ਗਰਭਵਤੀ ਇਸਤਰੀ ਦੀ ਜਾਨ ਬਚਾਉਣ ਲਈ ਕੀਤਾ ਗਿਆ ਗਰਭਪਾਤ ਅਪਰਾਧ ਨਹੀਂ ਸਮਝਿਆ ਜਾਂਦਾ। ਜਿਸ ਇਸਤਰੀ ਦਾ ਗਰਭਪਾਤ ਕੀਤਾ ਜਾਂਦਾ ਹੈ ਉਹ ਵੀ ਅਪਰਾਧਣ ਹੁੰਦੀ ਹੈ। ਜੇ ਗਰਭਵਤੀ ਇਸਤਰੀ ਦੀ ਸਹਿਮਤੀ ਨਾਲ ਗਰਭਪਾਤ ਕੀਤਾ ਜਾਵੇ ਤਾਂ ਗਰਭਪਾਤ ਕਰਨ ਵਾਲੇ ਅਤੇ ਗਰਭਵਤੀ ਇਸਤਰੀ ਨੂੰ ਤਿੰਨ ਸਾਲ ਦੀ ਕੈਦ ਜਾਂ ਜੁਰਮਾਨੇ ਜੋ ਕੈਦ ਅਤੇ ਜੁਰਮਾਨੇ ਦੋਹਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਕੈਦ ਸਖ਼ਤ ਹੋ ਸਕਦੀ ਹੈ ਜਾਂ ਸਾਦਾ। ਜੇ ਗਰਭ ਵਿਚਲਾ ਬੱਚਾ ਹਿਲਣ ਜੁਲਣ ਲਗ ਪਿਆ ਹੋਵੇ ਤਾਂ ਕੈਦ ਸੱਤ ਸਾਲ ਤਕ ਹੋ ਸਕਦੀ ਹੈ। ਜੇ ਗਰਭਪਾਤ ਗਰਭਵਤੀ ਇਸਤਰੀ ਦੀ ਸੰਮਤੀ ਤੋਂ ਬਿਨਾਂ ਕੀਤਾ ਗਿਆ ਹੋਵੇ ਜਾਂ ਉਸ ਇਸਤਰੀ ਦੀ ਮੌਤ ਹੋ ਜਾਵੇ ਤਾਂ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।
ਮਨੁੱਖੀ ਜੀਵਨ ਲਈ ਸਤਿਕਾਰ ਦੇ ਸਨਮੁੱਖ ਅਣਜੰਮੇ ਬੱਚੇ ਦੀ ਮੌਤ ਕਾਰਤ ਕਰਨਾ ਵੱਖਰਾ ਅਪਰਾਧ ਹੈ ਅਤੇ ਉਸ ਲਈ ਵੀ ਦਸ ਸਾਲ ਦੀ ਕੈਦ ਅਤੇ ਜਾਂ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਗਰਭਪਾਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Miscarriage_ਗਰਭਪਾਤ: ਗਰਭਪਾਤ ਦਾ ਮਤਲਬ ਹੈ ਗਰਭ ਦੇ ਛੱਬੀਵੇਂ ਹਫ਼ਤੇ ਤੋਂ ਪਹਿਲਾਂ ਜਾਂ ਉਸ ਦੇ ਦੌਰਾਨ ਕਿਸੇ ਸਮੇਂ ਗਰਭਵਤੀ ਬੱਚੇਦਾਨੀ ਵਿਚੋਂ ਉਸ ਵਿਚਲੇ ਮਾਦੇ ਜਾਂ ਭਰੂਣ ਦਾ ਡਿਗ ਪੈਣਾ ਜਾਂ ਨਿਕਲਣ ਜਾਣਾ, ਪਰ ਇਸ ਵਿਚ ਕੋਈ ਅਜਿਹਾ ਗਰਭਪਾਤ ਸ਼ਾਮਲ ਨਹੀਂ ਹੈ ਜੋ ਭਾਰਤੀ ਦੰਡ ਸੰਘਤਾ ਅਧੀਨ ਸਜ਼ਾਯੋਗ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਗਰਭਪਾਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਗਰਭਪਾਤ : ਬੱਚੇ ਦੇ ਸੁਤੰਤਰ ਜਿਉਣ-ਸਮਰੱਥਾ ਗ੍ਰਹਿਣ ਕਰਨ ਤੋਂ ਪਹਿਲਾਂ ਹੀ ਗਰਭ ਦੇ ਖ਼ਤਮ ਹੋ ਜਾਣ ਦੀ ਅਵੱਸਥਾ ਨੂੰ ਗਰਭਪਾਤ ਕਿਹਾ ਜਾਂਦਾ ਹੈ। ਇਕ ਕਿ. ਗ੍ਰਾ. ਤੋਂ ਘੱਟ ਭਾਰ ਦੇ ਅਤੇ 28 ਹਫ਼ਤਿਆਂ ਦੇ ਗਰਭ ਤੋਂ ਪਹਿਲਾਂ ਹੋਏ ਬੱਚੇ ਬਹੁਤ ਹੀ ਘਟ ਬਚਦੇ ਹਨ ਅਤੇ ਇਸ ਸਮੇਂ ਤੋਂ ਪਹਿਲਾ ਖ਼ਤਮ ਹੋਏ ਗਰਭ ਨੂੰ ਆਮ ਤੌਰ ਤੇ ਗਰਭਪਾਤ ਕਿਹਾ ਜਾਂਦਾ ਹੈ।
ਅੰਕੜਿਆਂ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਪੰਜ ਗਰਭਾਂ ਵਿਚੋਂ ਇਕ ਦਾ ਗਰਭਪਾਤ ਹੋ ਜਾਂਦਾ ਹੈ। ਭਰੂਦ ਦੇ ਬੱਚੇਦਾਨੀ ਦੀ ਦੀਵਾਰ ਨਾਲ ਚਿਪਕਣ ਤੋਂ ਪਹਿਲਾਂ ਹੀ ਕਈ ਵਾਰ ਗਰਭਪਾਤ ਹੋ ਜਾਂਦਾ ਹੈ ਅਤੇ ਇਸ ਗਰਭਪਾਤ ਦਾ ਔਰਤ ਨੂੰ ਆਪ ਵੀ ਅਤੇ ਡਾਕਟਰ ਨੂੰ ਵੀ ਪਤਾ ਨਹੀਂ ਲਗਦਾ, ਕਿਉਂਕਿ ਇਸ ਦੇ ਕੋਈ ਪ੍ਰਤੱਖ ਲੱਛਣ ਪੈਦਾ ਨਹੀਂ ਹੁੰਦੇ। ਗਰਭਪਾਤ ਦੇ ਸਮੇਂ ਵਿਚ ਵੀ ਕਈ ਵਖੇਰਵੇਂ ਮਿਲਦੇ ਹਨ। ਕਈ ਵਾਰ ਭਰੂਣ ਮਰ ਜਾਣ ਤੋਂ ਬਾਅਦ ਕਈ ਹਫ਼ਤਿਆਂ ਜਾਂ ਕਈ ਮਹੀਨਿਆਂ ਤੱਕ ਪੇਟ ਦੇ ਅੰਦਰ ਹੀ ਰਹਿੰਦਾ ਹੈ। ਗਰਭਪਾਤ ਦੀ ਕਿਰਿਆ ਪੇਟ ਦੇ ਹੇਠਲੇ ਹਿੱਸੇ ਵਿਚ ਦਰਦ ਨਾਲ ਸ਼ੁਰੂ ਹੁੰਦੀ ਹੈ ਅਤੇ ਇਸ ਦਰਦ ਨਾਲ ਪੇਟ ਵਿਚ ਕੜਵੱਲ ਜਿਹੇ ਪੈਂਦੇ ਹਨ ਜਿਵੇਂ ਮਾਹਵਾਰੀ ਦੌਰਾਨ ਹੁੰਦਾ ਹੈ ਅਤੇ ਨਾਲ ਹੀ ਥੋੜ੍ਹਾ ਜਿਹਾ ਖ਼ੂਨ ਵੀ ਪੈਂਦਾ ਹੈ। ਇਸ ਹਾਲਤ ਵਿਚ ਗਰਭ ਨੂੰ ਬਹੁਤਾ ਨੁਕਸਾਨ ਨਹੀਂ ਹੁੰਦਾ ਅਤੇ ਉਚਿਤ ਇਲਾਜ ਹੋ ਜਾਣ ਤੇ ਗਰਭਪਾਤ ਤੋਂ ਬਚਿਆ ਜਾ ਸਕਦਾ ਹੈ। ਦੂਜੀ ਕਿਸਮ ਦੇ ਗਰਭਪਾਤ ਵਿਚ ਇਕਦਮ ਬਹੁਤ ਜ਼ਿਆਦਾ ਖ਼ੂਨ ਪੈਣ ਲਗਦਾ ਹੈ ਅਤੇ ਪੇਟ ਵਿਚ ਬਹੁਤ ਜ਼ੋਰ ਦੀ ਕੜਵੱਲ ਪੈਂਦੇ ਹਨ, ਜਿਸ ਵਿਚ ਭਰੂਣ-ਪੋਟਲੀ ਬੱਚੇਦਾਨੀ ਦੀ ਦੀਵਾਰ ਤੋਂ ਵੱਖ ਹੋ ਕੇ ਬੱਚੇਦਾਨੀ ਤੋਂ ਬਾਹਰ ਜਾ ਡਿਗਦੀ ਹੈ। ਇਸ ਹਾਲਤ ਵਿਚ ਡਾਕਟਰ ਗਰਭਪਾਤ ਨੂੰ (ਜੇ ਪੂਰਾ ਨਾ ਹੋਇਆ ਹੋਵੋ) ਬੱਚੇਦਾਨੀ ਵਿਚੋਂ ਗਰਭ ਦੀ ਰਹਿੰਦ-ਖੂੰਹਦ ਨੂੰ ਕੱਢ ਕੇ ਪੂਰਾ ਕਰ ਦਿੰਦੇ ਹਨ। ਗਰਭਪਾਤ ਦੇ ਕਈ ਕਾਰਨ ਹੋ ਸਕਦੇ ਹਨ; ਇਨ੍ਹਾਂ ਵਿਚੋਂ ਕੁਝ ਮੁੱਖ ਕਾਰਨ ਇਹ ਹਨ, ਜਿਵੇਂ ਮਾਂ ਦੇ ਸਰੀਰ ਵਿਚ ਕੋਈ ਵਿਗਾੜ ਹੋਣਾ, ਗਰਭ ਦੌਰਾਨ ਕੋਈ ਅੰਦਰੂਨੀ ਉਲਝਣ ਪੈਦਾ ਹੋ ਜਾਣੀ, ਜਾਂ ਬੱਚੇ ਦਾ, ਜਾਂ ਇਸ ਦੇ ਵਾਤਾਵਰਣ ਦਾ ਅਸਾਧਾਰਣ ਹੋਣਾ। ਗਰਭ ਧਾਰਨ ਕਰਨ ਤੋਂ ਪਹਿਲਾਂ ਹੀ ਅੰਡਾਣੂ ਜਾਂ ਸ਼ੁਕ੍ਰਾਣੂ ਵਿਚ ਕਿਸੇ ਵਿਗਾੜ ਕਾਰਨ ਭਰੂਣ ਅਤੇ ਇਸ ਦੇ ਦੁਆਲੇ ਦੀ ਪੋਟਾਲੀ ਵੀ ਅਸਾਧਾਰਣ ਹਾਲਤ ਅਖ਼ਤਿਆਰ ਕਰ ਸਕਦੇ ਹਨ; ਹਾਰਮੋਨਾਂ ਦੇ ਘੱਟ ਰਿਸਾਉ ਕਰਕੇ ਬੱਚੇਦਾਨੀ ਦੀ ਭਿੱਤੀ ਜੇ ਭਰੂਣ ਨੂੰ ਚਿਪਕਾਉਣ ਲਈ ਚੰਗੀ ਤਰ੍ਹਾਂ ਤਿਆਰ ਨਾ ਹੋਵੇ, ਜਾਂ ਜੇ ਬੱਚੇਦਾਨੀ ਵਿਚ ਰਸੌਲੀਆਂ, ਕੋਈ ਲਾਗ, ਜਾਂ ਕੋਈ ਜਮਾਂਦਰੂ ਜਾਂ ਗ੍ਰਹਿਣਿਤ ਵਿਗਾੜ ਹੋਵੇ ਤਾਂ ਵੀ ਗਰਭਪਾਤ ਹੋ ਸਕਦਾ ਹੈ। ਅੰਡਕੋਸ਼ਾਂ ਵਿਚੋਂ ਨਿਕਲਣ ਵਾਲੇ ਰਿਸਾਉ, ਜਿਹੜੇ ਗਰਭ ਨੂੰ ਸ਼ੁਰੂ ਕਰਨ ਅਤੇ ਗਰਭ ਦੇ ਸ਼ੁਰੂ ਦੇ ਸਮੇਂ ਵਿਚ ਜ਼ਰੂਰੀ ਹੁੰਦੇ ਹਨ, ਜੇ ਘਟ ਨਿਕਲਣ ਤਾਂ ਵੀ ਗਰਭਪਾਤ ਹੋ ਸਕਦਾ ਹੈ। ਸ਼ੱਕਰ ਰੋਗ ਨਾਲ ਗ੍ਰਸਤ ਔਰਤਾਂ ਦੇ ਬੱਚੇ ਵੀ ਘੱਟ ਹੀ ਬਚਦੇ ਹਨ। ਜੇ ਔਰਤ ਦਾ ਲਹੂ Rh + ਤੇ ਉਸਦੇ ਪਤੀ ਦਾ Rh- ਹੋਵੇ ਤਾਂ ਵੀ ਬੱਚੇ ਦੇ ਬਚਣ ਦੀ ਸੰਭਾਵਨਾ ਘੱਟ ਹੀ ਹੁੰਦੀ ਹੈ। ਔਰਤ ਦੇ ਲਹੂ ਦਾ ਵੱਧ ਦਬਾਉ ਜਾਂ ਗੁਰਦੇ ਦੀ ਕੋਈ ਬੀਮਾਰੀ ਵੀ ਬੱਚੇ ਲਈ ਖ਼ਤਰਨਾਕ ਹੈ ਕਿਉਂਕਿ ਗਰਭ ਦੌਰਾਨ ਇਨ੍ਹਾਂ ਬੀਮਾਰੀਆਂ ਦੇ ਵਧ ਜਾਣ ਕਾਰਨ ਬੱਚੇਦਾਨੀ ਵਿਚ ਲਹੂ ਦੀ ਸਪਲਾਈ ਪੂਰੀ ਨਹੀਂ ਜਾਂਦੀ ਅਤੇ ਔਲ ਦਾ ਵਿਕਾਸ ਪੂਰਾ ਨਹੀਂ ਹੋ ਸਕਦਾ, ਜਾਂ ਬੱਚੇ ਨੂੰ ਪੂਰਾ ਲਹੂ ਨਹੀਂ ਪਹੁੰਚਦਾ ਤੇ ਉਹ ਮਰ ਜਾਂਦਾ ਹੈ, ਜਾਂ ਉਸਦਾ ਵਿਕਾਸ ਰੁੱਕ ਜਾਂਦਾ ਹੈ।
ਬੱਚੇਦਾਨੀ ਵਿਚ ਬੱਚਾ ਖੁੱਲ੍ਹਾ ਘੁੰਮਦਾ ਰਹਿੰਦਾ ਹੈ ਪਰ ਜੇ ਇਹ ਕਿਸੀ ਤਰ੍ਹਾਂ ਨਾੜੂ ਵਿਚ ਫਸ ਜਾਵੇ ਤਾਂ ਇਸ ਦੀ ਆੱਕਸੀਜਨ ਦੀ ਸਪਲਾਈ ਵਿਚ ਰੁਕਾਵਟ ਪੈਂਦੀ ਹੈ ਤੇ ਸਿੱਟੇ ਵਜੋਂ ਬੱਚਾ ਮਰ ਜਾਂਦਾ ਹੈ, ਜੇ ਕਰ ਬੱਚਦਾਨੀ ਦੀ ਭਿੱਤੀ ਤੋਂ ਕਿਧਰੇ ਅਲੱਗ ਹੋ ਜਾਵੇ ਤਾਂ ਵੀ ਆੱਕਸੀਜਨ ਦੀ ਮਾਤਰਾ ਵਿਚ ਰੁਕਾਵਟ ਪੈਣ ਤੇ ਕਈ ਵਾਰ ਜਲਦੀ ਹੀ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਬਹੁਤ ਤੇਜ਼ ਬੁਖ਼ਾਰ ਹੋਵੇ ਤਾਂ ਵੀ ਗਰਭਪਾਤ ਹੋ ਸਕਦਾ ਹੈ। ਇਸੇ ਤਰ੍ਹਾਂ ਕਈ ਹੋਰ ਵੀ ਕਾਰਨ ਹਨ ਜਿਨ੍ਹਾਂ ਕਰਕੇ ਗਰਭਪਾਤ ਹੋ ਜਾਂਦਾ ਹੈ।
ਕਈ ਔਰਤਾ ਵਿਚ ਵਾਰ-ਵਾਰ ਗਰਭਪਾਤ ਹੁੰਦਾ ਰਹਿੰਦਾ ਹੈ ਅਤੇ ਇਸਨੂੰ 'ਹੈਬਿਚੁਅਲ ਅਬਾਰਸ਼ਨ' ਕਹਿੰਦੇ ਹਨ। ਇਨ੍ਹਾਂ ਔਰਤਾਂ ਵਿਚ ਕਿਸੇ ਨਿਯਮਿਤ ਕਾਰਕ ਜਾਂ ਕਾਰਕਾਂ ਕਰਕੇ ਗਰਭ ਜਲਦੀ ਹੀ ਖ਼ਤਮ ਹੁੰਦਾ ਰਹਿੰਦਾ ਹੈ ਤੇ ਹਰ ਵਾਰ ਗਰਭਪਾਤ ਹੋ ਜਾਂਦਾ ਹੈ। ਜੇ ਕਾਰਕ ਦਾ ਪਤਾ ਲਗ ਸਕੇ ਤਾਂ ਉਸਦਾ ਇਲਾਜ ਕਰਨ ਨਾਲ ਬਹੁਤੀਆਂ ਔਰਤਾਂ ਇਸ ਲਗਾਤਾਰ ਹੁੰਦੇ ਗਰਭਪਾਤ ਤੋਂ ਛੁਟਕਾਰਾ ਪਾ ਸਕਦੀਆਂ ਹਨ।
ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਜਾਂ ਆਪਣੇ ਆਪ ਹੋਏ ਗਰਭਪਾਤ ਤੋਂ ਇਲਾਵਾ ਕਈ ਵਾਰੀ ਆਪਣੀ ਮਰਜ਼ੀ ਨਾਲ ਵੀ ਕਈ ਔਰਤਾਂ ਗਰਭਪਾਤ ਕਰਵਾਉਂਦੀਆਂ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਜ਼ਿਆਦਾ ਬੱਚੇ ਨਾ ਚਾਹੁਣਾ, ਬੱਚਿਆਂ ਦੀ ਉਮਰ ਵਿਚਕਾਰ ਜ਼ਿਆਦਾ ਵਕਫ਼ਾ ਰਖਣਾ ਹੋਵੇ, ਜਾਂ ਕਿਸੇ ਹੋਰ ਮਜਬੂਰੀ-ਵਸ ਗਰਭ ਠਹਿਰ ਗਿਆ ਹੋਵੇ। ਇਸ ਕਿਸਮ ਦਾ ਗਰਭਪਾਤ ਲਈ 12 ਹਫ਼ਤੇ ਤੋਂ ਪਹਿਲਾਂ ਹਮਲ ਗਿਰਵਾ ਲੈਣਾ ਸੁਰੱਖਿਅਤ ਹੈ। ਸਾਧਾਰਣ ਡੀ. ਐਂਡ. ਸੀ. (D and C) ਕਰਕੇ ਔਰਤ ਨੂੰ ਗਰਭ ਤੋਂ ਮੁਕਤ ਕੀਤਾ ਜਾਂਦਾ ਹੈ। ਇਸ ਤੋਂ ਜ਼ਿਆਦਾ ਵਕਫ਼ੇ ਵਾਲੇ ਗਰਭ ਦੇ ਗਰਭਪਾਤ ਲਈ ਲੰਮਾ ਤੇ ਕੁਝ ਗੁੰਝਲਦਾਰ ਤਰੀਕਾ ਵਰਤਣਾ ਪੈਂਦਾ ਹੈ ਅਤੇ ਕਈ ਵਾਰੀ ਔਰਤ ਦੀ ਜਾਨ ਨੂੰ ਖ਼ਤਰਾ ਰਹਿੰਦਾ ਹੈ। 28 ਹਫ਼ਤੇ ਤੱਕ ਦੇ ਹਮਲ ਨੂੰ ਗਿਰਵਾ ਲੈਣਾ ਕਾਨੂੰਨੀ ਤੌਰ ਤੇ ਜਾਇਜ਼ ਕਰਾਰ ਦਿੱਤਾ ਗਿਆ ਹੈ।
ਹ. ਪੁ. – ਐਨ. ਬ੍ਰਿ. 1 : 42
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First