ਗੁਰਦੁਆਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਦੁਆਰਾ. ਗੁਰੁਦ੍ਵਾਰਾ. ਕ੍ਰਿ. ਵਿ—ਗੁਰੂ ਦਾ ਮਾਰਫਤ. ਗੁਰੂ ਦੇ ੡੏ਰੀਏ। ੨ ਸੰਗ੍ਯਾ—ਗੁਰੂ ਦਾ ਘਰ । ੩ ਸਿੱਖਾਂ ਦਾ ਧਰਮ ਮੰਦਿਰ. ਉਹ ਅਸਥਾਨ , ਜਿਸ ਨੂੰ ਦਸ ਸਤਿਗੁਰਾਂ ਵਿੱਚੋਂ ਕਿਸੇ ਨੇ ਧਰਮਪ੍ਰਚਾਰ ਲਈ ਬਣਾਇਆ ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਅਰਜਨ ਦੇਵ ਤਕ ਸਿੱਖਾਂ ਦੇ ਧਰਮਮੰਦਿਰ ਦਾ ਨਾਮ “ਧਰਮਸਾਲਾ” ਰਿਹਾ ਹੈ.5 ਸ਼੍ਰੀ ਗੁਰੂ ਅਰਜਨ ਦੇਵ ਨੇ ਸਭ ਤੋਂ ਪਹਿਲਾਂ ਅਮ੍ਰਿਤਸਰੋਵਰ ਦੇ ਧਰਮਮੰਦਿਰ ਦੀ “ਹਰਿਮੰਦਿਰ” ਸੰਗ੍ਯਾ ਥਾਪੀ ਅਰ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਧਰਮਸਾਲਾ ਦੀ “ਗੁਰਦੁਆਰਾ” ਸੰਗ੍ਯਾ ਹੋਈ ਹੈ.

ਸਿੱਖਾਂ ਦਾ ਗੁਰਦੁਆਰਾ ਵਿਦ੍ਯਾਰਥੀਆਂ ਲਈ ਸਕੂਲ , ਆਤਮਜਿਗ੍ਯਾਸਾ ਵਾਲਿਆਂ ਲਈ ਗ੍ਯਾਨਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ, ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ.

ਸਤਿਗੁਰਾਂ ਦੇ ਵੇਲੇ ਅਤੇ ਬੁੱਢੇਦਲ ਦੇ ਸਮੇਂ ਗੁਰਦੁਆਰਿਆਂ ਦਾ ਖ਼ਾਸ ਧ੍ਯਾਨ ਰੱਖਿਆ ਜਾਂਦਾ ਸੀ, ਨਿੱਤ ਦੀ ਅਰਦਾਸ ਵਿੱਚ ਆਖਿਆ ਜਾਂਦਾ ਸੀ. “ਸਰਵ ਗੁਰੁਧਾਮਾਂ ਅਤੇ ਗੁਰੁਦ੍ਵਾਰਿਆਂ ਦੀ ਸੇਵਾ ਅਤੇ ਮਰਯਾਦਾ ਦਾ ਧ੍ਯਾਨ ਧਰ ਕੇ ਖ਼ਾਲਸਾ ਜੀ! ਬੋਲੇ ਵਾਹਿਗੁਰੂ.” ਇਨ੍ਹਾਂ ਪਵਿਤ੍ਰ ਸਥਾਨਾਂ ਦਾ ਸੇਵਕ ਗੁਰਦੁਆਰੀਆ ਉਹ ਹੋਇਆ ਕਰਦਾ ਜੋ ਵਿਦ੍ਵਾਨ ਗੁਰਮਤ ਵਿੱਚ ਪੱਕਾ ਅਤੇ ਉੱਚੇ ਆਚਾਰ ਵਾਲਾ ਹੁੰਦਾ.

ਜਮਾਨੇ ਦੀ ਗਰਦਿਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ ਤੇ ਭੀ ਹੌਲੀ ਹੌਲੀ ਹੋਇਆ ਅਰ ਕੌਮ ਵਿੱਚੋਂ ਜਿਉਂ ਜਿਉਂ ਗੁਰਮਤ ਦਾ ਪ੍ਰਚਾਰ ਲੋਪ ਹੁੰਦਾ ਗਿਆ, ਤਿਉਂ ਤਿਉਂ ਗੁਰਦੁਆਰਿਆਂ ਦੀ ਮਰਯਾਦਾ ਬਿਗੜਦੀ ਗਈ ਅਰ ਇੱਥੋਂ ਤਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਗੁਰਧਾਮ ਰਹਿ ਗਏ.

ਗੁਰਦੁਆਰਿਆਂ ਦੇ ਸੇਵਕਾਂ ਨੇ ਗੁਰਦੁਆਰਿਆਂ ਦੀ ਜਾਯਦਾਦ ਨੂੰ ਆਪਣੀ ਘਰੋਗੀ ਬਣਾਲਿਆ ਅਰ ਪਵਿਤ੍ਰ ਅਸਥਾਨਾਂ ਵਿੱਚ ਉਹ ਅਪਵਿਤ੍ਰ ਕੰਮ ਹੋਣ ਲੱਗੇ, ਜਿਨ੍ਹਾਂ ਦਾ ਜਿਕਰ ਕਰਨਾ ਲੱਜਾ ਦਾ ਕਾਰਣ ਹੈ.

ਸਮੇਂ ਦੇ ਗੇੜ ਨਾਲ ਜਦ ਹਿੰਦੁਸਤਾਨ ਦੇ ਅਨੇਕ ਮਤ ਦੇ ਲੋਕਾਂ ਨੇ ਆਪਣੇ ਸਮਾਜ ਅਤੇ ਜਥੇ ਧਰਮ ਸੁਧਾਰ ਲਈ ਬਣਾਏ, ਤਾਂ ਸਿੱਖਾਂ ਨੂੰ ਭੀ ਹੋਸ਼ ਆਈ ਅਤੇ ਉਨ੍ਹਾਂ ਨੇ ਸਿੰਘਸਭਾਵਾਂ ਅਰ ਖਾਲਸਾ ਦੀਵਾਨ ਬਣਾਕੇ ਧਰਮ ਅਤੇ ਸਮਾਜ ਦਾ ਸੁਧਾਰ ਕਰਨਾ ਆਰੰਭਿਆ. ਖਾਲਸਾ ਅਖ਼ਬਾਰ, ਖਾਲਸਾ ਸਮਾਚਾਰ ਆਦਿਕ ਅਖ਼ਬਾਰ ਅਤੇ ਖਾਲਸਾ ਟ੍ਰੈਕਟ ਸੋਸਾਇਟੀਆਂ ਦ੍ਵਾਰਾ ਉੱਤਮ ਲੇਖ ਨਿਕਲਨ ਲੱਗੇ, ਜਿਸ ਤੋਂ ਕੌਮ ਜਾਗ੍ਰਤ ਅਵਸਥਾ ਵਿੱਚ ਆਈ. ਦੇਖੋ, ਸਿੰਘ ਸਭਾ.

ਇਸ ਵੇਲੇ ਜੋ “ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ” ਦੇਖੀ ਜਾਂਦੀ ਹੈ, ਇਹ ਭੀ ਇਸੇ ਯਤਨ ਦਾ ਫਲ ਹੈ. ਇਸ ਪ੍ਰਸੰਗ ਵਿੱਚ ਪ੍ਰਬੰਧਕ ਕਮੇਟੀ ਦੇ ਬਣਨ ਦਾ ਹਾਲ ਇਸ ਲੇਖ ਵਿੱਚ ਲਿਖਣਾਂ ਭੀ ਯੋਗ੍ਯ ਪ੍ਰਤੀਤ ਹੁੰਦਾ ਹੈ—

ਜਿਉਂ ਜਿਉਂ ਲੋਕਾਂ ਨੂੰ ਗੁਰਮਤ ਦਾ ਗ੍ਯਾਨ ਹੁੰਦਾ ਗਿਆ, ਤਿਉਂ ਤਿਉਂ ਉਨ੍ਹਾਂ ਨੇ ਆਪਣੇ ਸਮਾਜ ਅਤੇ ਧਰਮਮੰਦਿਰਾਂ ਦੀ ਵਿਗੜੀ ਹੋਈ ਹਾਲਤ ਨੂੰ ਵੇਖਕੇ ਸੁਧਾਰ ਕਰਨ ਦਾ ਜਤਨ ਕੀਤਾ, ਪਰ ਕੌਮ ਦੀ ਪ੍ਰਬਲ ਜਥੇਬੰਦੀ ਨਾ ਹੋਣ ਕਰਕੇ ਮਨਭਾਉਂਦਾ ਫਲ ਪ੍ਰਾਪਤ ਨਾ ਹੋਇਆ.

੧੨ ਅਕਤੂਬਰ ਸਨ ੧੯੨੦ ਨੂੰ, ਖਾਲਸਾ ਬਰਾਦਰੀ ਸ਼ਹਿਰ ਅਮ੍ਰਿਤਸਰ ਦੇ ਸਾਲਾਨਾਦੀਵਾਨ ਸਮੇਂ, ਕੁਝ ਕਹਿਣਮਾਤ੍ਰ ਦੇ ਅਛੂਤ ਅਮ੍ਰਿਤ ਛਕਕੇ ਕੜਾਹਪ੍ਰਸਾਦ ਅਤੇ ਮਾਇਆ ਲੈਕੇ ਸ੍ਰੀ ਹਰਿਮੰਦਿਰ ਸਾਹਿਬ ਭੇਟਾ ਕਰਨ ਗਏ, ਤਾਂ ਉੱਥੇ ਕੁਝ ਢਿੱਲ ਮੱਠ ਦੇ ਪਿੱਛੋਂ ਉਨ੍ਹਾਂ ਦਾ ਅਰਦਾਸਾ ਕੀਤਾ ਗਿਆ, ਪਰ ਜਦ ਉਹ ਪ੍ਰੇਮੀ ਸ੍ਰੀ ਅਕਾਲਤਖਤ ਹਾਜ਼ਿਰ ਹੋਏ, ਤਾਂ ਉੱਥੋਂ ਦੇ ਪੁਜਾਰੀ ਸੇਵਾ ਛੱਡਕੇ ਭੱਜ ਗਏ. ਹਾਜ਼ਿਰ ਸੰਗਤ ਨੇ ਫੈਸਲਾ ਕੀਤਾ ਕਿ ਤਖ਼ਤਸਾਹਿਬ ਸੁੰਞਾਂ ਨਹੀਂ ਰਹਿਣਾ ਚਾਹੀਦਾ, ਸੋ ੨੫ ਸਿੰਘਾਂ ਦਾ ਜਥਾ ਸੇਵਾ ਲਈ ਨੀਯਤ ਕੀਤਾ ਗਿਆ ਅਤੇ ਇਸ ਦੀ ਇੱਤਲਾਹ ਸਰਬਰਾਹ ਨੂੰ ਦਿੱਤੀ ਗਈ. ਨੱਠੇ ਹੋਏ ਪੁਜਾਰੀ ਸਰਬਰਾਹ ਅਤੇ ਡਿਪਟੀਕਮਿਸ਼ਨਰ ਦੇ ਕਹਿਣ ਤੇ ਭੀ ਹਾਜਿਰ ਨਾ ਹੋਏ, ਜਿਸ ਪੁਰ ਡਿਪਟੀਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਅਤੇ ਸ੍ਰੀ ਅਕਾਲਤਖਤ ਦੇ ਪ੍ਰਬੰਧ ਲਈ ੯ ਆਦਮੀਆਂ ਦੀ, ਜੋ ਸਾਰੇ ਹੀ ਗੁਰਦੁਆਰਾਸੁਧਾਰ ਲਹਿਰ ਦੇ ਹਾਮੀ ਸਨ, ਆਰਜ਼ੀ ਕਮੇਟੀ ਬਣਾ ਦਿੱਤੀ.

ਸਾਰੇ ਪੰਥ ਨੂੰ ਜਥੇਬੰਦ ਕਰਕੇ ਪੰਥ ਦੀ ਇੱਕ ਪ੍ਰਤੀਨਿਧਿ ਤੇ ਸਾਂਝੀ ਕਮੇਟੀ ਕਾਇਮ ਕਰਨ ਦੀ ਲੋੜ ਨੂੰ ਪ੍ਰਤੀਤ ਕਰਕੇ ਨਵੇਂ ਪ੍ਰਬੰਧਕਾਂ ਨੇ ਸ੍ਰੀ ਅਕਾਲਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਕਿ ਸਾਰਾ ਪੰਥ ਅਜਿਹੀ ਕਮੇਟੀ ਕਾਇਮ ਕਰਨ ਲਈ ੧੫ ਨਵੰਬਰ ਸਨ ੧੯੨੦ ਨੂੰ ਸ੍ਰੀ ਅਕਾਲਤਖ਼ਤ ਸਾਹਿਬ ਇਕਤ੍ਰ ਹੋਵੇ। ੧੫—੧੬ ਨਵੰਬਰ ਦੀ ਸਾਂਝੀ ਪੰਥਕ ਇਕਤ੍ਰਤਾ ਨੇ ੧੭੫ ਮੈਂਬਰਾਂ ਦੀ ਇੱਕ ਪ੍ਰਤੀਨਿਧਿ ਕਮੇਟੀ ਚੁਣੀ, ਜਿਸ ਦਾ ਨਾਉਂ “ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ” ਰੱਖਿਆ. ਇਸ ਦੀ ਪਹਿਲੀ ਇਕਤ੍ਰਤਾ ੧੨ ਦਸੰਬਰ ਸੰ: ੧੯੨੦ ਨੂੰ ਸ੍ਰੀ ਅਕਾਲਤਖਤ ਸਾਹਿਬ ਹੋਈ. ਇਸ ਇਕਤ੍ਰਤਾ ਤੇ ਸਾਰੇ ਮੈਂਬਰਾਂ ਦੀ ਸੋਧ ਕਰਕੇ ਅਹੁਦੇਦਾਰ ਚੁਣੇ ਗਏ, ਅਤੇ ਇੱਕ ਸਬਕਮੇਟੀ ਨਿਯਮਾਂ ਦਾ ਖਰੜਾ ਤਿਆਰ ਕਰਨ ਲਈ ਨੀਯਤ ਕੀਤੀ ਗਈ. ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੩੦ ਅਪ੍ਰੈਲ ੧੯੨੧ ਨੂੰ ਰਜਿਸਟਰ ਕਰਾਈ ਗਈ ਅਤੇ ਨਿਯਮਾਂ ਦੇ ਬਣਨ ਪਿੱਛੋਂ ਇਸ ਦੀ ਨਵੀਂ ਚੋਣ ਜੁਲਾਈ ੧੯੨੧ ਵਿੱਚ ਕੀਤੀ ਗਈ. ਚੁਣੇ ਹੋਏ ਮੈਂਬਰਾਂ ਨੇ ਕੁੱਲ ਗਿਣਤੀ ਦਾ ਪੰਜਵਾਂ ਹਿੱਸਾ ੧੪ ਅਗਸਤ ਨੂੰ ਨਾਮਜ਼ਦ ਕੀਤਾ ਅਤੇ ਮੁਕੰਮਲ ਕਮੇਟੀ ਦੀ ਇਕਤ੍ਰਤਾ ੨੭ ਅਗਸਤ ਸਨ ੧੯੨੧ ਨੂੰ ਹੋਈ.

ਕਮੇਟੀ ਨੇ ਵਡੇ ਉਤਸ਼ਾਹ ਅਤੇ ਧਰਮਭਾਵ ਨਾਲ ਗੁਰਦੁਆਰਿਆਂ ਦੇ ਸੁਧਾਰ ਦਾ ਕੰਮ ਆਰੰਭਿਆ ਅਰ ਇਸ ਵਿੱਚ ਅਨੇਕ ਵਿਘਨ ਪਏ, ਜਿਸ ਤੋਂ ਬੇਹੱਦ ਕੁਰਬਾਨੀ ਕਰਨੀ ਪਈ, ਜਿਸ ਦਾ ਸੰਖੇਪ ਹਾਲ ਇਹ ਹੈ—

੨੫ ਜਨਵਰੀ ੧੯੨੧ ਨੂੰ ਜਦਕਿ ਸ੍ਰੀ ਤਰਨਤਾਰਨ ਸਾਹਿਬ ਦੇ ਪੁਜਾਰੀਆਂ ਅਤੇ ਸੁਧਾਰਕ ਸਿੰਘਾਂ ਦੇ ਵਿਚਕਾਰ ਸਮਝੌਤੇ ਦੀਆਂ ਸ਼ਰਤਾਂ ਉੱਤੇ ਵਿਚਾਰ ਹੋ ਰਹੀ ਸੀ, ਪੁਜਾਰੀਆਂ ਨੇ ਇੱਕਦਮ ਛਵੀਆਂ ਸੋਟਿਆਂ ਆਦਿ ਨਾਲ ਅਕਾਲੀਆਂ ਨੂੰ ਮਾਰਨਾ ਆਰੰਭ ਦਿੱਤਾ, ਜਿਸ ਨਾਲ ੧੭ ਸਿੰਘ ਜ਼ਖਮੀ ਹੋਏ, ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਸ਼ਹੀਦੀ ਪਾ ਗਏ.

ਸ਼੍ਰੀ ਨਨਕਾਣਾ ਸਾਹਿਬ ਦੇ ਮਹੰਤ ਨਰਾਇਣਦਾਸ ਦੀਆਂ ਕੁਰੀਤੀਆਂ ਵੇਖਕੇ ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜਨਰਲ ਇਕਤ੍ਰਤਾ ਵਿੱਚ ੨੪ ਜਨਵਰੀ ੧੯੨੧ ਨੂੰ ਪਾਸ ਕੀਤਾ ਕਿ ੪, ੫ ਅਤੇ ੬ ਮਾਰਚ ਨੂੰ ਨਨਕਾਣੇ ਸਾਹਿਬ ਵਿੱਚ ਇੱਕ ਭਾਰੀ ਦੀਵਾਨ ਕੀਤਾ ਜਾਵੇ, ਜਿਸ ਵਿੱਚ ਸਾਰਾ ਪੰਥ ਇਕਤ੍ਰ ਹੋ ਕੇ ਮਹੰਤ ਨੂੰ ਕਹੇ ਕਿ ਉਹ ਆਪਣਾ ਸੁਧਾਰ ਕਰੇ. ਇਹ ਖ਼ਬਰ ਸੁਣਕੇ ਮਹੰਤ ਨੇ ਸੁਧਾਰ ਦੀ ਥਾਂ ਜੰਗ ਦਾ ਸਾਮਾਨ ਜਮਾਕਰਨਾ ਆਰੰਭ ਦਿੱਤਾ ਅਤੇ ੨੦ ਫਰਵਰੀ ੧੯੨੧ ਨੂੰ ੧੫੦ ਸਿੰਘਾਂ ਦਾ ਜਥਾ, ਜੋ ਸ੍ਰੀ ਨਨਕਾਣੇ ਸਾਹਿਬ ਸੁਧਾਰ ਦਾ ਭਾਵ ਲੈ ਕੇ ਦਰਸ਼ਨ ਕਰਨ ਗਿਆ ਸੀ, ਵਡੀ ਬੇਰਹਮੀ ਨਾਲ ਕਤਲ ਕਰ ਦਿੱਤਾ. ਇਨ੍ਹਾਂ ਵਿੱਚੋਂ ਕੁਝ ਸਿੰਘ ਗੋਲੀਆਂ, ਛਵੀਆਂ ਅਤੇ ਗੰਡਾਸਿਆਂ ਨਾਲ ਮਾਰੇ ਗਏ, ਕੁਝ ਜਿਉਂਦੇ ਹੀ ਤੇਲ ਪਾਕੇ ਸਾੜੇ ਗਏ. ਇਸ ਭਯੰਕਰ ਘਟਨਾ ਪਿੱਛੋਂ ਗਵਰਨਮੇਂਟ ਨੇ ੨੧ ਫਰਵਰੀ ਦੀ ਸ਼ਾਮ ਨੂੰ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਸਿਰੋਮਣੀ ਕਮੇਟੀ ਨੂੰ ਦੇ ਦਿੱਤੀਆਂ.

ਕੁਝ ਗ਼ਲਤਫ਼ਹਿਮੀ ਦੇ ਕਾਰਣ ੭ ਨਵੰਬਰ ਸਨ ੧੯੨੧ ਨੂੰ ਦਰਬਾਰ ਹਰਿਮੰਦਿਰ ਦੇ ਤੋਸ਼ੇਖ਼ਾਨੇ ਦੀ ਚਾਬੀਆਂ ਡਿਪਟੀਕਮਿਸ਼ਨਰ ਨੇ ਸ਼ਿਰੋਮਣੀ ਕਮੇਟੀ ਤੋਂ ਲੈ ਲਈਆਂ, ਜਿਸ ਤੇ ਬਹੁਤ ਮੁਆਮਲਾ ਵਧਿਆ ਅਤੇ ਬਹੁਤ ਸਿੰਘਾਂ ਨੂੰ ਜੇਲ ਜਾਣਾ ਪਿਆ, ਅੰਤ ਨੂੰ ੧੯ ਜਨਵਰੀ ਸਨ ੧੯੨੨ ਨੂੰ ਚਾਬੀਆਂ ਸਰਦਾਰ ਖੜਕ ਸਿੰਘ ਪ੍ਰਧਾਨ ਕਮੇਟੀ ਦੇ ਸਪੁਰਦ ਕੀਤੀਆਂ ਗਈਆਂ.

੮ ਅਗਸਤ ਸਨ ੧੯੨੨ ਨੂੰ ਲੰਗਰ ਦੀ ਲੱਕੜਾਂ ਬਾਬਤ ਗੁਰਦੁਆਰਾ ਗੁਰੂ ਕੇ ਬਾਗ (ਘੁੱਕੇਵਾਲੀ) ਦਾ ਮੁਆਮਲਾ ਇਤਨਾ ਵਧਿਆ ਕਿ ੧੨ ਅਗਸਤ ਤੋਂ ਅਕਾਲੀਆਂ ਦੀਆਂ ਗਰਿਫ਼ਤਾਰੀਆਂ ਸ਼ੁਰੂ ਹੋਈਆਂ ਅਤੇ ਪੁਲਿਸ ਵੱਲੋਂ ਸਖ਼ਤ ਮਾਰਕੁਟਾਈ ਹੋਈ. ਗੁਰਸਿੱਖ ਸਰ ਗੰਗਾਰਾਮ ਨੇ ਇਹ ਝਗੜਾ ੧੭ ਨਵੰਬਰ ਨੂੰ ਵਿੱਚ ਪੈ ਕੇ ਸ਼ਾਂਤ ਕੀਤਾ. ਇਸ ਮੋਰਚੇ ਵਿੱਚ ਗਰਿਫਤਾਰੀਆਂ ਦੀ ਗਿਣਤੀ ੫੬੦੫ ਤਕ ਪੁੱਜ ਗਈ ਸੀ, ਜਿਨ੍ਹਾਂ ਵਿੱਚੋਂ ੩੫ ਸਿਰੋਮਣੀ ਕਮੇਟੀ ਦੇ ਮੈਂਬਰ ਸਨ.1

ਇਸ ਸੁਧਾਰ ਲਹਿਰ ਵਿੱਚ ਇੱਕ ਹੋਰ ਜਰੂਰੀ ਅਤੇ ਉੱਤਮ ਕੰਮ ਹੋਇਆ, ਅਰਥਾਤ ਸ਼੍ਰੀ ਅਮ੍ਰਿਤਸਰ ਜੀ ਦੇ ਸਰੋਵਰ ਦੀ ਕਾਰ ਕੱਢਣ ਦੀ ਸੇਵਾ ਕੀਤੀ ਗਈ. ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਅਮ੍ਰਿਤਸਰ ਪੁੱਜੀਆਂ ਅਤੇ ਪੰਥ ਦੇ ਹਰੇਕ ਫਿਰਕੇ ਅਰ ਦਰਜੇ ਦੇ ਸ਼੍ਰੱਧਾਲੂਆਂ ਨੇ ਵਡੇ ਪ੍ਰੇਮ ਅਤੇ ਉਤਸ਼ਾਹ ਨਾਲ ਸੇਵਾ ਕੀਤੀ. ਕਾਰਸੇਵਾ ੧੭ ਜੂਨ ਸਨ ੧੯੨੩ ਨੂੰ ਆਰੰਭ ਕੀਤੀ ਗਈ. ਇਹ ਨਜ਼ਾਰਾ ਵੇਖਣ ਯੋਗ੍ਯ ਸੀ.

ਗੁਰਦੁਆਰਾ ਸੁਧਾਰ ਲਹਿਰ ਦੀ ਤੇਜ਼ੀ ਅਤੇ ਸਿੱਖਾਂ ਦੇ ਦਿਲੀ ਜਜ਼ਬਾਤ ਨੂੰ ਵੇਖਕੇ ਗਵਰਨਮੈਂਟ ਨੇ ਪ੍ਰਤੀਤ ਕੀਤਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੋਈ ਕਾਰਰਵਾਈ ਹੋਣੀ ਚਾਹੀਦੀ ਹੈ. ਇਸ ਲਈ ੧੬ ਫਰਵਰੀ ਸਨ ੧੯੨੧ ਨੂੰ ਇੱਕ ਪੜਤਾਲੀਆ ਕਮੇਟੀ ਬਣਾਉਣ ਦਾ ਐਲਾਨ ਕੀਤਾ ਅਤੇ ਸ਼ੇਖ ਅਸਗਰਅਲੀ ਦੀ ਪ੍ਰਧਾਨਗੀ ਹੇਠ ਸਿਰੋਮਣੀ ਕਮੇਟੀ ਦੇ ਪ੍ਰਤਿਨਿਧਾਂ ਅਤੇ ਮਹੰਤਾਂ ਦੀ ਕਾਨਫ੍ਰੈਂਸ ਹੋਣ ਦਾ ਫੈਸਲਾ ਹੋਇਆ, ਪਰ ਇਹ ਸਕੀਮ ਵਿੱਚੇ ਰਹਿ ਗਈ। ੧੪ ਮਾਰਚ ਸਨ ੧੯੨੧ ਨੂੰ ਫੇਰ ਮੀਆਂ ਫ਼ਜ਼ਲਹੁਸੈਨ ਨੇ ਪੰਜਾਬ ਕੌਂਸਲ ਵਿੱਚ ਇੱਕ ਮਤਾ ਪੇਸ਼ ਕੀਤਾ ਕਿ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਨੂੰ ਠੀਕ ਕਰਨ ਲਈ ਇੱਕ ਬਿਲ ਪੇਸ਼ ਹੋਣਾ ਚਾਹੀਦਾ ਹੈ, ਬਿਲ ਦੇ ਬਣਨ ਤਕ ਤਿੰਨ ਮੈਂਬਰਾਂ ਦਾ ਇੱਕ ਗੁਰਦੁਆਰਾ ਕਮਿਸ਼ਨ ਨੀਯਤ ਕਰਨ ਦਾ ਫੈਸਲਾ ਹੋਇਆ, ਪਰ ਗਵਰਨਮੈਂਟ ਨੇ ਗੁਰਦੁਆਰਾ ਕਮਿਸ਼ਨ ਦਾ ਸਵਾਲ ਛੱਡਕੇ ਗੁਰਦੁਆਰਾ ਬਿਲ ੫ ਅਪ੍ਰੈਲ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ, ਪਰ ਇਹ ਕਾਰਰਵਾਈ ਭੀ ਸਫਲ ਨਾ ਹੋਈ. ਅੰਤ ਨੂੰ ਵਡੀ ਬਹਿਸ ਅਤੇ ਕੋਸ਼ਿਸ਼ ਦੇ ਪਿੱਛੋਂ ਗੁਰਦੁਆਰਾ ਕਾਨੂੰਨ ਨੰ: ੮ ਸਨ ੧੯੨੫ The Sikh Gurdwara Act, 1925. (Punjab Act. No VIII of 1925) ਪਾਸ ਹੋਇਆ, ਜਿਸ ਦੀ ਮਨਜੂਰੀ ਗਵਰਨਰ ਜਨਰਲ ਨੇ ੨੮ ਜੁਲਾਈ ੧੯੨੫ ਨੂੰ ਦਿੱਤੀ ਅਰ ਜਿਸ ਉੱਤੇ ੧ ਨਵੰਬਰ ੧੯੨੫ ਤੋਂ ਅਮਲ ਆਰੰਭ ਹੋਇਆ.

ਇਸ ਗੁਰਦੁਆਰਾ ਕਾਨੂੰਨ ਅਨੁਸਾਰ ਗੁਰਦੁਆਰਾ ਸੇਂਟ੍ਰਲਬੋਰਡ Central Board ਦੇ ਚੁਣੇ ਹੋਏ ਮੈਂਬਰਾਂ ਦੀ ਇਕਤ੍ਰਤਾ ੪ ਸਿਤੰਬਰ ੧੯੨੬ ਨੂੰ ਟਾਊਨਹਾਲ ਅਮ੍ਰਿਤਸਰ ਵਿੱਚ ਹੋਈ ਅਤੇ ੧੪ ਮੈਂਬਰ ਚੁਣੇ ਗਏ. ਪੂਰੇ ਸੇਂਟ੍ਰਲਬੋਰਡ ਦੀ ਪਹਿਲੀ ਇਕਤ੍ਰਤਾ ੨ ਅਕਤੂਬਰ, ੧੯੨੬ ਨੂੰ ਟਾਊਨਹਾਲ ਵਿੱਚ ਹੋਈ, ਜਿਸ ਵਿੱਚ ਅਹੁਦੇਦਾਰਾਂ ਅਤੇ ਅੰਤਰੰਗ ਕਮੇਟੀ ਦੀ ਚੋਣ ਦੇ ਪਿੱਛੋਂ ਪਾਸ ਹੋਇਆ ਕਿ ਸੇਂਟ੍ਰਲਬੋਰਡ ਦਾ ਨਾਉਂ ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ ਜਾਵੇ ਅਤੇ ਗਵਰਨਮੈਂਟ ਨੇ ਭੀ ਇਹ ਨਾਮ ਆਪਣੇ ਨੋਟੀਫ਼ੀਕੇਸ਼ਨ ਤਾਰੀਖ਼ ੧੭ ਜਨਵਰੀ ੧੯੨੭ ਰਾਹੀਂ ਪ੍ਰਵਾਨ ਕਰ ਲਿਆ. ਪੁਰਾਣੀ ਸਿਰੋਮਣੀ ਕਮੇਟੀ ਨੇ ਨਵੀਂ ਸਿਰੋਮਣੀ ਕਮੇਟੀ ਨੂੰ ੨੭ ਨਵੰਬਰ, ੧੯੨੬ ਨੂੰ ਚਾਰਜ ਦੇਣਾ ਆਰੰਭ ਕੀਤਾ ਅਤੇ ੪ ਦਸੰਬਰ ੧੯੨੬ ਤਕ ਮੁਕੰਮਲ ਚਾਰਜ ਦੇ ਕੇ ਆਪਣੇ ਆਪ ਨੂੰ ਉਸ ਵਿੱਚ ਲੀਨ ਕਰ ਦਿੱਤਾ.

ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਦੇ ਵਿਚਾਰਵਾਨ ਸਾਰੇ ਜਥੇ ਅਤੇ ਸਮਾਜ, ਦਿਲੋਂ ਚਾਹੁੰਦੇ ਹਨ ਕਿ ਗੁਰਦੁਵਾਰਿਆਂ ਦਾ ਪ੍ਰਬੰਧ ਹੋਰਨਾਂ ਲਈ ਉਦਾਹਰਣ ਰੂਪ ਹੋਵੇ, ਪਰ ਜਦ ਤੀਕ—

(ੳ) ਗੁਰਦੁਆਰਿਆਂ ਦੇ ਸੇਵਕ ਗੁਰਮਤ ਦੇ ਪੂਰੇ ਗ੍ਯਾਤਾ, ਵਿਦ੍ਵਾਨ ਅਤੇ ਸਦਾਚਾਰੀ ਨਹੀਂ ਹੁੰਦੇ,

(ਅ) ਜਦ ਤੀਕ ਉਦਾਸੀ , ਸਹਜਧਾਰੀ , ਅੰਮ੍ਰਿਤਧਾਰੀ ਸਿੰਘ, ਨਿਹੰਗ, ਨਿਰਮਲੇ, ਨਾਮਧਾਰੀ ਆਦਿਕ ਫਿਰਕੇ ਤਅੱਸੁਬ ਛੱਡਕੇ ਆਪਣੇ ਤਾਂਈ ਇੱਕ ਪਿਤਾ ਦੇ ਪੁਤ੍ਰ ਜਾਣਕੇ ਭ੍ਰਾਤ੍ਰਿਭਾਵ ਦਾ ਵਰਤਾਉ ਨਹੀਂ ਕਰਦੇ,

(ੲ) ਜਦ ਤੀਕ ਮਾਯਾ ਦੇ ਜਾਲ ਤੋਂ ਮੁਕਤ ਹੋਕੇ ਨਿ੄ਕਾਮ ਸੇਵਾ ਨੂੰ ਆਪਣਾ ਆਦਰਸ਼ ਨਹੀਂ ਬਣਾਉਂਦੇ, ਤਦ ਤੀਕ ‘ਸੁਧਾਰ’ ਅਤੇ ‘ਪ੍ਰਬੰਧ’ ਸ਼ਬਦ ਕੇਵਲ ਲਿਖਣ ਅਤੇ ਬੋਲਣ ਵਿੱਚ ਹੀ ਰਹਿਣਗੇ.

ਗੁਰਦੁਆਰਿਆਂ ਦੇ ਸੇਵਕਾਂ ਨੂੰ ਅਮ੍ਰਿਤਵੇਲੇ ਨਿੱਤਨੇਮ ਨਾਲ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਦਾ ਪਾਠ ਕਰਨਾ ਚਾਹੀਏ—

ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ,

ਨਾਉ ਮੈ ਜੌ ਆਗ ਲਾਗੈ ਕੈਸੇ ਕੈ ਬੁਝਾਈਐ?

ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ੍ਹ,

ਗੜ੍ਹ ਮੈਂ ਜੋ ਲੂਟਲੀਜੈ, ਕਹੋ ਕਤ ਜਾਈਐ?

ਚੋਰਨ ਕੇ ਤ੍ਰਾਸ ਜਾਇ ਸ਼ਰਨ ਗਹੇ ਨਰਿੰਦ,

ਮਾਰੇ ਮਹੀਪਤਿ ਜੀਉ ਕੈਸੇਕੈ ਬਚਾਈਐ?

ਮਾਯਾਡਰ ਡਰਪਤ ਹਾਰ ਗੁਰਦ੍ਵਾਰੇ ਜਾਵੈ,

 ਤਹਾਂ ਜੌ ਮਾਯਾ ਬਿਆਪੈ, ਕਹਾਂ ਠਹਿਰਾਈਐ?

 (ਕਬਿੱਤ ੫੪੪)

ਗ੍ਰੰਥਕਰਤਾ ਦੀ ਅਕਾਲਪੁਰਖ ਅੱਗੇ ਸੁੱਧਭਾਵ ਨਾਲ ਅਰਦਾਸ ਹੈ ਕਿ ਉਹ ਸਮਾ ਛੇਤੀ ਆਵੇ, ਜਦ ਅਸੀਂ ਆਪਣੇ ਗੁਰਦੁਆਰਿਆਂ ਵਿੱਚ ਬਾਬਾ ਬੁਢਾ ਜੀ,1 ਭਾਈ ਗੁਰਦਾਸ ਜੀ,2 ਸੰਤ ਅਲਮਸਤ ਜੀ,3 ਭਾਈ ਕਨ੍ਹੈਯਾ ਜੀ4, ਭਾਈ ਮਨੀ ਸਿੰਘ ਜੀ5 ਅਤੇ ਮਹਾਤਮਾ ਗੁਰਬਖ਼ਸ਼6 ਜੇਹੇ ਗ੍ਰੰਥੀ , ਪੁਜਾਰੀ ਅਤੇ ਮਹੰਤ ਵੇਖੀਏ, ਜਿਸ ਤੋਂ ਗੁਰੂ ਨਾਨਕਦੇਵ ਦੇ ਪ੍ਰਚਾਰ ਕੀਤੇ ਅਕਾਲੀ ਧਰਮ ਦਾ ਝੰਡਾ ਸਾਰੇ ਸੰਸਾਰ ਤੇ ਝੂਲੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਦੁਆਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਦੁਆਰਾ: ਇਸ ਦਾ ਸ਼ਾਬਦਿਕ ਅਰਥ ਹੈ ‘ਗੁਰੂ ਦਾ ਘਰ ’। ਜਿਸ ਸਰਬ-ਸਾਂਝੇ ਸਥਾਨ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ, ਉਸ ਨੂੰ ਸਿੱਖ-ਸ਼ਬਦਾਵਲੀ ਵਿਚ ‘ਗੁਰਦੁਆਰਾ’ ਕਿਹਾ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤਕ ਸਿੱਖ-ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਬਣਾਏ ਗਏ ਸਥਾਨ ਨੂੰ ਧਰਮਸਾਲ/ਧਰਮਸਾਲਾ (ਵੇਖੋ) ਕਿਹਾ ਜਾਂਦਾ ਸੀ। ਇਸ ਪ੍ਰਕਾਰ ਦੇ ਉੱਲੇਖ ਜਨਮਸਾਖੀ ਸਾਹਿਤ ਵਿਚ ਮਿਲਦੇ ਹਨ। ਗੁਰੂ ਅਰਜਨ ਦੇਵ ਜੀ ਨੇ ਵੀ ਸਿਰੀ ਰਾਗ ਵਿਚ ਅਜਿਹੇ ਧਰਮ-ਧਾਮ ਦੇ ਬੰਨ੍ਹਣ ਦਾ ਸੰਕੇਤ ਕੀਤਾ ਹੈ— ਮੈ ਬਧੀ ਸਚੁ ਧਰਮਸਾਲ ਹੈ ਗੁਰਸਿਖਾ ਲਹਦਾ ਭਾਲਿ ਕੈ ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ (ਗੁ.ਗ੍ਰੰ. 73)।

            ਚੂੰਕਿ ਉਦੋਂ ਤਕ ਗ੍ਰੰਥ ਸਾਹਿਬ ਦਾ ਸੰਪਾਦਨ ਨਹੀਂ ਹੋਇਆ ਸੀ, ਇਸ ਲਈ ਧਰਮਸਾਲ ਵਿਚ ਕੇਵਲ ਉਸ ਖੇਤਰ ਦੇ ਮੁਖੀਏ ਸਿੱਖ ਜਾਂ ਮਸੰਦ ਹੀ ‘ਸੰਗਤ ’ ਆਯੋਜਿਤ ਕਰਦੇ ਸਨ ਅਤੇ ਸਿੱਖਾਂ ਨੂੰ ਆਤਮ-ਜਿਗਿਆਸਾ ਲਈ ਗੁਰ- ਉਪਦੇਸ਼ ਦਿੰਦੇ ਸਨ। ‘ਸੰਗਤ’ ਦੇ ਆਯੋਜਨ ਕਰਕੇ ‘ਧਰਮਸਾਲ’ ਨੂੰ ‘ਸੰਗਤ’ ਵੀ ਕਿਹਾ ਜਾਣ ਲਗਾ। ਹੁਣ ਵੀ ਉੱਤਰ ਪ੍ਰਦੇਸ਼ ਜਾਂ ਬਿਹਾਰ ਪ੍ਰਾਂਤ ਵਿਚ ਕਈ ਗੁਰੂ-ਧਾਮ ਵੱਡੀ ਸੰਗਤ, ਛੋਟੀ ਸੰਗਤ, ਆਦਿ ਨਾਂਵਾਂ ਨਾਲ ਪ੍ਰਸਿੱਧ ਹਨ।

            ਗੁਰੂ ਹਰਿਗੋਬਿੰਦ ਸਾਹਿਬ ਤੋਂ ‘ਧਰਮਸਾਲਾ’ ਜਾਂ ‘ਸੰਗਤ’ ਸ਼ਬਦਾਂ ਦਾ ‘ਗੁਰਦੁਆਰਾ’ ਸ਼ਬਦ ਨਾਲ ਨਾਮਾਂਤਰ ਹੁੰਦਾ ਗਿਆ। ਹੌਲੀ ਹੌਲੀ ਗੁਰਦੁਆਰਿਆਂ ਵਿਚ ਧਰਮ- ਉਪਦੇਸ਼, ਨਾਮ-ਸਿਮਰਨ, ਕੀਰਤਨ , ਸੇਵਾ ਆਦਿ ਬਿਰਤੀਆ ਦਾ ਵਿਕਾਸ ਹੋਣ ਲਗਾ। ਇਸ ਦੇ ਨਾਲ ਹੀ ਅਨੇਕ ਪ੍ਰਕਾਰ ਦੀਆਂ ਸਮਾਜਿਕ , ਧਾਰਮਿਕ ਅਤੇ ਰਾਜਨੈਤਿਕ ਸਮਸਿਆਵਾਂ ਦੇ ਸਮਾਧਾਨ ਲਈ ਵੀ ਉਦਮ ਕੀਤੇ ਜਾਣ ਲਗੇ। ਵਿਦਿਆਰਥੀਆਂ ਨੂੰ ਗੁਰਮਤਿ ਗਿਆਨ ਦੇਣ ਲਈ ਟਕਸਾਲਾਂ ਜਾਂ ਵਿਦਿਆਲੇ ਬਣਾਏ ਜਾਣ ਲਗੇ। ਇਹੀ ਵਿਦਿਆਲੇ ਕਈਆਂ ਗੁਰਦੁਆਰਿਆਂ ਨਾਲ ਸਕੂਲਾਂ ਦੇ ਰੂਪ ਵਿਚ ਸਾਹਮਣੇ ਆਏ। ਮੁਸਾਫ਼ਰਾਂ ਲਈ ਨਿਵਾਸ ਵੀ ਤਿਆਰ ਕਰਵਾਏ ਜਾਣ ਲਗੇ। ਹੁਣ ‘ਗੁਰਦੁਆਰਾ’ ਸ਼ਬਦ ਸਿੱਖ-ਧਰਮ ਦੀ ਉਸ ਟਕਸਾਲ ਲਈ ਪਰਿਭਾਸ਼ਿਤ ਹੋ ਗਿਆ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਵਿਚ ਸਿੱਖ-ਜਿਗਿਆਸੂ ਦੇ ਵਿਅਕਤਿਤਵ ਨੂੰ ਗੁਰੂ ਆਸ਼ੇ ਅਨੁਸਾਰ ਢਾਲਿਆ ਜਾਂਦਾ ਹੈ ਅਤੇ ਅਨੇਕ ਪ੍ਰਕਾਰ ਦੀਆਂ ਧਾਰਮਿਕ ਅਤੇ ਸਮਾਜਿਕ ਕਾਰਵਾਈਆਂ ਸੰਪੰਨ ਕੀਤੀਆਂ ਜਾਂਦੀਆਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰਦੁਆਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਦੁਆਰਾ: ਸ਼ਾਬਦਿਕ ਅਰਥਾਂ ਵਿਚ ਗੁਰੂ ਦਾ ਦੁਆਰ ਜਾਂ ਗੁਰੂ ਦਾ ਘਰ ਹੈ। ਇਸ ਨੂੰ ਸਿੱਖਾਂ ਦੇ ਅਰਾਧਨਾ ਅਸਥਾਨ ਦਾ ਨਾਂ ਦਿੱਤਾ ਗਿਆ ਹੈ। ਇਸ ਸ਼ਬਦ ਦਾ ‘ਮੰਦਰ ’ ਦੇ ਤੌਰ ਤੇ ਆਮ/ਸਧਾਰਨ ਅਨੁਵਾਦ ਸਿੱਖਾਂ ਲਈ ਤਸੱਲੀਬਖ਼ਸ਼ ਨਹੀਂ ਹੈ ਕਿਉਂਕਿ ਸਿੱਖ ਧਰਮ ਵਿਚ ਯੱਗ ਜਾਂ ਬਲੀ ਲਈ ਕੋਈ ਵਿਧਾਨ ਨਹੀਂ ਹੁੰਦੇ ਅਤੇ ਸਿੱਖਾਂ ਦੇ ਪਵਿੱਤਰ ਸਥਾਨਾਂ ਤੇ ਨਾ ਮੂਰਤੀਆਂ ਅਤੇ ਨਾ ਹੀ ਵੇਦੀ ਜਾਂ ਬਲੀ-ਅਸਥਾਨ ਹੁੰਦੇ ਹਨ। ਉਹਨਾਂ ਦੇ ਕੋਈ ਚਮਤਕਾਰੀ ਕਰਮਕਾਂਡ ਨਹੀਂ ਹੁੰਦੇ ਅਤੇ ਨਾ ਹੀ ਪੁਜਾਰੀ ਸ਼੍ਰੇਣੀ ਹੁੰਦੀ ਹੈ। ਗੁਰਦੁਆਰੇ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਿੱਖ ਧਰਮ ਗ੍ਰੰਥ , ਗੁਰੂ ਗ੍ਰੰਥ ਸਾਹਿਬ ਦੀ ਹੋਂਦ ਸਰਬ ਉੱਚ ਹੁੰਦੀ ਹੈ। ਦੇਹ ਧਾਰੀ ਗੁਰੂ ਪਰੰਪਰਾ ਨੂੰ ਖ਼ਤਮ ਕਰਦੇ ਹੋਏ, ਗੁਰੂ ਗੋਬਿੰਦ ਸਿੰਘ ਜੀ, ਨਾਨਕ ਦਸਵੇਂ, ਨੇ 1708 ਵਿਚ ਆਪਣੇ ਸਦੀਵੀ ਉੱਤਰਾਧਿਕਾਰੀ ਵਜੋਂ ਪਵਿੱਤਰ ਗ੍ਰੰਥ ਦੀ ਸਥਾਪਨਾ ਕੀਤੀ ਸੀ। ਇਹ ਪਵਿੱਤਰ ਗ੍ਰੰਥ ਉਦੋਂ ਤੋਂ ਹੀ ਸਿੱਖਾਂ ਲਈ ਗੁਰੂ ਹਨ ਅਤੇ ਇਸ ਦੀ ਸਿੱਖਾਂ ਦੇ ਸਾਰੇ ਉਪਾਸਨਾ ਵਾਲੇ ਸਥਾਨਾਂ ਤੇ ਸਰਬ-ਉੱਚਤਾ ਮੰਨੀ ਜਾਂਦੀ ਹੈ ਅਤੇ ਸਾਰੀਆਂ ਧਾਰਮਿਕ ਰੁਹਰੀਤਾਂ ਇਸ ਉੱਪਰ ਹੀ ਕੇਂਦਰਿਤ ਹੁੰਦੀਆਂ ਹਨ। ਜਿਹੜੀ ਬੁਨਿਆਦੀ ਸ਼ਰਤ ਸਿੱਖ ਅਸਥਾਨ ਲਈ ਜਾਣੀ ਜਾਂਦੀ ਹੈ ਉਹ ਹੈ ਕਿ ਇਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇ। ਹਰ ਸਿੱਖ ਅਸਥਾਨ ਜਿੱਥੇ ਅਜਿਹਾ ਹੁੰਦਾ ਹੈ, ਗੁਰੂ ਦਾ ਘਰ ਹੈ।ਇਸ ਲਈ ਇਸ ਦਾ ਨਾਂ ਗੁਰਦੁਆਰਾ (ਗੁਰ+ਦੁਆਰ) ਜਾਣਿਆ ਜਾਂਦਾ ਹੈ।

     ਗੁਰਦੁਆਰੇ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਗੁਰਦੁਆਰਾ ਸਰਬ-ਸੰਮਤੀ ਅਸਥਾਨ ਹੁੰਦੇ ਹੋਏ ਸਾਰੇ ਸ਼ਰਧਾਲੂਆਂ ਲਈ ਨਿੱਜੀ ਅਰਦਾਸ ਕਰਨ ਅਤੇ ਇਕੱਠ ਜਾਂ ਸਭਾ ਵਿਚ ਇਕੱਠੇ ਹੋਣ ਲਈ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਇਸ ਦੇ ਬਾਹਰਵਾਰ ਨੂੰ ਬਾਕੀਆਂ ਤੋਂ ਵੱਖਰੀ ਪਛਾਣ ਵਾਲਾ ਚਿੰਨ੍ਹ ਨਿਸ਼ਾਨ ਸਾਹਿਬ ਜਾਂ ਸਿੱਖ ਝੰਡਾ , ਜੋ ਰੰਗ ਵਿਚ ਕੇਸਰੀ ਜਾਂ ਨੀਲਾ, ਅਤੇ ਜਿਹੜਾ ਗੁਰਦੁਆਰੇ ਦੀ ਇਮਾਰਤ ਉੱਤੇ ਦਿਨ ਰਾਤ ਜਾਂ ਜ਼ਿਆਦਾਤਰ ਇਮਾਰਤ ਦੇ ਨਜ਼ਦੀਕ ਵੱਖਰੇ ਰੂਪ ਵਿਚ ਬਣੇ ਹੋਏ ਨਿਸ਼ਾਨ ਸਾਹਿਬ ਦੇ ਰੂਪ ਵਿਚ ਲਹਿਰਾਉਂਦਾ ਰਹਿੰਦਾ ਹੈ। ਸਿੱਖੀ ਦੇ ਮੁਢਲੇ ਦਿਨਾਂ ਵਿਚ, ਧਾਰਮਿਕ ਸਭਾਵਾਂ ਲਈ ਵਰਤੇ ਜਾਂਦੇ ਇਸ ਅਸਥਾਨ ਨੂੰ ‘ਧਰਮਸਾਲ’ ਕਿਹਾ ਜਾਂਦਾ ਸੀ, ਜਿਸਦਾ ਭਾਵ ‘ਧਰਮ’ ਦਾ ਨਿਵਾਸ ਹੈ। ਇਸ ਸ਼ਬਦ ਦਾ ਅਰਥ ਵਰਤਮਾਨ ਵਿਚ ਵੱਖਰੇ ਰੂਪ ਵਿਚ ਲਿਆ ਜਾਂਦਾ ਹੈ; ਹੁਣ ਧਰਮਸਾਲਾ ਦਾ ਭਾਵ ਅਰਾਮ ਕਰਨ ਵਾਲੀ ਜਗ੍ਹਾ ਤਕ ਹੀ ਸੀਮਿਤ ਕਰ ਦਿੱਤਾ ਗਿਆ ਹੈ। ਜਨਮ ਸਾਖੀਆਂ ਅਨੁਸਾਰ, ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉੱਥੇ ਉਹਨਾਂ ਨੇ ਆਪਣੇ ਅਨੁਯਾਈਆਂ ਨੂੰ ਧਰਮਸਾਲ ਦੀ ਉਸਾਰੀ ਕਰਨ ਲਈ ਕਿਹਾ ਅਤੇ ਉੱਥੇ ਉਹਨਾਂ ਨੂੰ ਇਸ ਧਰਮਸਾਲ ਵਿਚ ਪਰਮਾਤਮਾ ਦਾ ਨਾਂ ਜਪਣ ਅਤੇ ਉਸਦੀ ਮਹਿਮਾ ਦਾ ਜਾਪ ਕਰਨ ਲਈ ਇਕੱਠੇ ਕੀਤਾ। ਉਹਨਾਂ (ਗੁਰੂ ਨਾਨਕ) ਨੇ ਆਪ ਕੀਰਤਪੁਰ ਵਿਖੇ ਰਾਵੀ ਦਰਿਆ ਦੇ ਕੰਢੇ ਇਕ ਧਰਮਸਾਲ ਦੀ ਸਥਾਪਨਾ ਕੀਤੀ ਸੀ ਜਿੱਥੇ ਉਹ ਆਪਣੀਆਂ ਲੰਮੀਆਂ ਉਦਾਸੀਆਂ ਤੋਂ ਬਾਅਦ ਆ ਕੇ ਰਹਿਣ ਲੱਗ ਪਏ ਸਨ। ਗੁਰੂ ਅਰਜਨ ਦੇਵ ਜੀ (1563- 1606) ਫ਼ੁਰਮਾਉਂਦੇ ਹਨ—ਮੈਂ ਬਧੀ ਸਚੁ ਧਰਮ ਸਾਲ ਹੈ॥ ਗੁਰਸਿਖਾ ਲਹਦਾ ਭਾਲਿ ਕੈ॥ ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ॥(ਗੁ.ਗ੍ਰੰ. 73)। ਗੁਰੂ ਹਰਿਗੋਬਿੰਦ ਜੀ (1595-1644) ਦੇ ਸਮੇਂ ਧਰਮਸਾਲਾਵਾਂ ਨੂੰ ਗੁਰਦੁਆਰਾ ਕਿਹਾ ਜਾਣ ਲੱਗ ਪਿਆ ਸੀ। ਨਾਮਕਰਨ ਵਿਚ ਤਬਦੀਲੀ ਮਹੱਤਵਪੂਰਨ ਸੀ। ਗੁਰੂ ਅਰਜਨ ਦੇਵ ਜੀ ਨੇ 1604 ਵਿਚ ਇਕ ਪਵਿੱਤਰ ਬਾਣੀਆਂ ਦੀ ਪੋਥੀ ਜਾਂ ਗ੍ਰੰਥ (ਬਾਅਦ ਵਿਚ ਗੁਰੂ ਗ੍ਰੰਥ ਸਾਹਿਬ) ਦਾ ਸੰਕਲਨ ਕੀਤਾ। ਇਸ ਵਿਚ ਗੁਰੂ ਜੀ ਨੇ ਆਪਣੇ ਤੋਂ ਇਲਾਵਾ, ਆਪਣੇ ਤੋਂ ਪਹਿਲੇ ਚਾਰ ਅਧਿਆਤਮਿਕ ਗੁਰੂ ਸਾਹਿਬਾਨ ਦੀਆਂ ਬਾਣੀਆਂ ਅਤੇ ਭਾਰਤ ਦੇ ਕੁਝ ਭਗਤਾਂ ਅਤੇ ਸੂਫ਼ੀਆਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ। ਉਹਨਾਂ ਨੇ ਫ਼ੁਰਮਾਇਆ, “ਪੋਥੀ ਪਰਮੇਸ਼ਰ ਦਾ ਥਾਨ॥” (ਗੁ.ਗ੍ਰੰ. 1226)। ਇਸ ਗ੍ਰੰਥ ਦੀ ਪਹਿਲੀ ਜਿਲਦ ਦੀ ਸਥਾਪਨਾ ਉਹਨਾਂ ਨੇ ਸਿੱਖ ਧਰਮ ਦੀ ਕੇਂਦਰੀ ਇਮਾਰਤ, ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤੀ। ਇਸ ਗ੍ਰੰਥ ਦੀਆਂ ਕਾਪੀਆਂ ਦੇ ਲੇਖਨ ਦਾ ਕੰਮ ਪਵਿੱਤਰਤਾ ਨਾਲ ਸ਼ੁਰੂ ਹੋ ਗਿਆ। ਸ਼ਰਧਾਲੂ ਇਹਨਾਂ ਨੂੰ ਆਪਣੀਆਂ ਧਰਮਸਾਲਾਵਾਂ ਵਿਚ ਸਥਾਪਿਤ ਕਰਨ ਲਈ ਆਪਣੇ ਸਿਰ ਤੇ ਰੱਖ ਕੇ ਲੈ ਜਾਂਦੇ ਸਨ। ਸਤਿਕਾਰ ਨਾਲ, ਇਸ ਪੋਥੀ ਨੂੰ ਗ੍ਰੰਥ ਸਾਹਿਬ ਕਿਹਾ ਜਾਣ ਲੱਗਿਆ ਅਤੇ ਗ੍ਰੰਥ ਸਾਹਿਬ ਨੂੰ ਗੁਰੂ ਜੀ ਦੇ ਪਵਿੱਤਰ ਬਚਨਾਂ ਦੇ ਸਾਕਾਰ ਰੂਪ ਵਜੋਂ ਸਮਝਿਆ ਜਾਣਾ ਅਰੰਭ ਹੋ ਗਿਆ। ਧਰਮਸਾਲ ਜਿੱਥੇ ਗ੍ਰੰਥ ਸਾਹਿਬ ਰੱਖੇ ਗਏ ਸਨ ਉਸ ਅਸਥਾਨ ਨੂੰ ਗੁਰਦੁਆਰਾ ਕਿਹਾ ਜਾਣ ਲੱਗ ਪਿਆ। ਗ੍ਰੰਥ ਸਾਹਿਬ ਨੂੰ ਗੁਰੂ ਦੀ ਉਪਾਧੀ ਮਿਲਣ ਤੋਂ ਬਾਅਦ ਇਹ ਉਪਾਧੀ ਸਰਬਵਿਆਪਕ ਹੋ ਗਈ , ਹਾਲਾਂਕਿ ਅੰਮ੍ਰਿਤਸਰ ਵਿਖੇ ਕੇਂਦਰੀ ਧਰਮ ਅਸਥਾਨ ਨੂੰ ਹਰਿਮੰਦਰ ਜਾਂ ਦਰਬਾਰ ਸਾਹਿਬ ਕਹਿਣਾ ਜਾਰੀ ਰਿਹਾ।

     ਅਠਾਰਵੀਂ ਸਦੀ ਦੇ ਦੂਜੇ ਅੱਧ ਅਤੇ ਬਾਅਦ ਵਿਚ, ਜਦੋਂ ਸਿੱਖਾਂ ਨੇ ਇਲਾਕੇ ਹਾਸਲ ਕੀਤੇ, ਤਾਂ ਗੁਰਦੁਆਰੇ ਜ਼ਿਆਦਾਤਰ ਸਿੱਖ ਆਬਾਦੀਆਂ/ ਬਸਤੀਆਂ ਵਿਚ, ਗੁਰੂਆਂ ਦੇ ਜੀਵਨ ਨਾਲ ਸੰਬੰਧਿਤ ਅਸਥਾਨਾਂ ਤੇ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਈਆਂ ਘਟਨਾਵਾਂ ਦੇ ਅਸਥਾਨਾਂ ਉੱਤੇ ਉਸਾਰੇ ਜਾਂਦੇ ਸਨ। ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਹੁਕਮਰਾਨ ਮੁਖੀਆਂ ਵੱਲੋਂ ਦਾਨ ਦਿੱਤੇ ਜਾਂਦੇ ਸਨ ਅਤੇ ਕੁਲੀਨ ਵਰਗ ਦੁਆਰਾ ਇਸ ਕਾਰਜ ਲਈ ਖੁੱਲ੍ਹ-ਦਿਲੀ ਨਾਲ ਜ਼ਮੀਨ ਵੀ ਦਾਨ ਵਿਚ ਦਿੱਤੀ ਜਾਂਦੀ ਸੀ। ਫਿਰ ਵੀ ਚੰਗੀ ਭਾਵਨਾ ਨਾਲ ਕੀਤੇ ਗਏ ਇਹਨਾਂ ਪਰਉਪਕਾਰੀ ਯਤਨਾਂ ਨੇ, ਕਈ ਮਾਮਲਿਆਂ ਵਿਚ ਪਿਤਾਪੁਰਖੀ ਪ੍ਰੋਹਿਤ ਸ਼੍ਰੇਣੀ ਨੂੰ ਬੜਾਵਾ ਦਿੱਤਾ, ਜਿਸ ਨੂੰ ਬਾਅਦ ਵਿਚ ਖ਼ਤਮ ਕਰਨ ਲਈ ਨਿਰੰਤਰ ਸੰਘਰਸ਼ ਕਰਨਾ ਪਿਆ ਅਤੇ ਇਸਦੇ ਨਤੀਜੇ ਵਜੋਂ, ਪੰਜਾਬ ਵਿਧਾਨ ਸਭਾ ਵੱਲੋਂ, ਵਿਧਾਨ ਬਣਾਇਆ ਗਿਆ ਜਿਸ ਨੂੰ ਸਿੱਖ ਗੁਰਦੁਆਰਾ ਐਕਟ 1925 ਕਿਹਾ ਗਿਆ ਹੈ। ਇਸਦੀ ਜ਼ੁੰਮੇਵਾਰੀ ਪ੍ਰਮੁਖ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਸੀ ਅਤੇ ਇਸ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਾ ਜਾਂਦਾ ਸੀ, ਜਿਸਦੀ ਚੋਣ ਯੋਗ ਵੋਟਰਾਂ ਰਾਹੀਂ ਸਰਕਾਰ ਦੀ ਨਿਗਰਾਨੀ ਅਧੀਨ ਕੀਤੀ ਜਾਂਦੀ ਸੀ। ਇਸ ਪ੍ਰਕਾਰ ਦਾ ਲੋਕਤਾਂਤਰਿਕ ਪ੍ਰਬੰਧ ਧਾਰਮਿਕ ਤੌਰ ਤੇ ਇਸਦੀ ਇਕ ਖ਼ਾਸ ਵਿਸ਼ੇਸ਼ਤਾ ਹੈ। ਬਹੁਤ ਸਾਰੇ ਗੁਰਦੁਆਰੇ ਜਿਹੜੇ ਗੁਰਦੁਆਰਾ ਐਕਟ ਦੇ ਅਧੀਨ ਨਹੀਂ ਆਏ ਉਹਨਾਂ ਦਾ ਪ੍ਰਬੰਧ ਸਥਾਨਿਕ ਸਿੱਖ ਸੰਗਤਾਂ ਵੱਲੋਂ ਕੀਤਾ ਜਾਂਦਾ ਹੈ। ਪੁਰਸ਼ ਅਤੇ ਇਸਤਰੀਆਂ ਜਿਨ੍ਹਾਂ ਦੀ ਸਿੱਖ ਭਾਈਚਾਰੇ ਵਿਚ ਚੰਗੀ ਇੱਜ਼ਤ ਅਸਰ ਰਸੂਖ ਹੋਵੇ ਉਹਨਾਂ ਨੂੰ ਗੁਰਦੁਆਰਾ ਕਮੇਟੀ ਲਈ ਚੁਣਿਆ ਜਾ ਸਕਦਾ ਹੈ ਅਤੇ ਕੋਈ ਵੀ ਪੁਰਸ਼ ਜਾਂ ਇਸਤਰੀ ਇਸਦਾ ਪ੍ਰਧਾਨ ਬਣ ਸਕਦਾ ਹੈ। ਜਿਵੇਂ ਕਿ ਸਿੱਖ ਧਰਮ ਵਿਚ ਕੋਈ ਪੁਜ਼ਾਰੀ ਸ਼੍ਰੇਣੀ ਨਹੀਂ ਹੈ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਧਾਰਮਿਕ ਮਾਮਲਿਆਂ ਵਿਚ ਭਾਈਚਾਰੇ ਦੀ ਰਹਿਨੁਮਾਈ ਕਰਦੀ ਹੈ।

     ਗੁਰਦੁਆਰਿਆਂ ਦਾ ਪ੍ਰਮੁਖ ਕਾਰਜ ਸਿੱਖਾਂ ਨੂੰ ਪ੍ਰਭੂ- ਅਰਾਧਨਾ ਹਿਤ ਇਕੱਠੇ ਹੋਣ ਲਈ ਅਸਥਾਨ ਪ੍ਰਦਾਨ ਕਰਨਾ ਵੀ ਸੀ। ਸਿੱਖ ਅਰਾਧਨਾ ਵਿਚ ਮੁੱਖ ਰੂਪ ਵਿਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਨਾ, ਉਸ (ਬਾਣੀ) ਨੂੰ ਰਾਗਾਂ ਦੇ ਆਧਾਰ ਤੇ ਸਾਜਿੰਦਿਆਂ ਦੀ ਸਹਾਇਤਾ ਨਾਲ ਗਾਉਣਾ ਅਤੇ ਉਹਨਾਂ ਦਾ ਕਥਾ ਰੂਪ ਵਿਚ ਵਿਖਿਆਨ ਸੁਣਨਾ ਅਤੇ ਧਾਰਮਿਕ ਦਿਵਾਨ ਸੁਣਨਾ ਸ਼ਾਮਲ ਹੈ। ਗੁਰਦੁਆਰੇ ਭਾਈਚਾਰਿਕ ਕੇਂਦਰ , ਸਕੂਲ , ਤੀਰਥ ਯਾਤਰੀਆਂ ਲਈ ਵਿਸ਼ਰਾਮ ਘਰ, ਖ਼ਾਸ ਮੌਕਿਆਂ ਤੇ ਦਵਾ-ਘਰ ਅਤੇ ਸਥਾਨਿਕ ਪਰਉਪਕਾਰੀ ਕਾਰਵਾਈਆਂ ਲਈ ਆਧਾਰ ਵਜੋਂ ਵੀ ਸੇਵਾ ਕਰਦੇ ਹਨ। ਸਵੇਰ ਅਤੇ ਸ਼ਾਮ ਦੀਆਂ ਸੇਵਾਵਾਂ ਤੋਂ ਇਲਾਵਾ ਗੁਰਦੁਆਰਿਆਂ ਵਿਚ ਸਿੱਖ ਕਲੰਡਰ ਅਨੁਸਾਰ ਦਿੱਤੇ ਗਏ ਗੁਰਪੁਰਬ ਮਨਾਏ ਜਾਣ ਲਈ ਵਿਸ਼ੇਸ਼ ਸੰਮੇਲਨ ਅਤੇ ਇਕੱਠ ਬੁਲਾਏ ਜਾਂਦੇ ਹਨ। ਜਦੋਂ ਗੁਰੂਆਂ ਨਾਲ ਸੰਬੰਧਿਤ ਗੁਰਪੁਰਬ ਅਤੇ ਖ਼ਾਲਸੇ ਦੀ ਸਥਾਪਨਾ ਦਿਵਸ ਦਾ ਉਤਸਵ ਮਨਾਇਆ ਜਾਂਦਾ ਹੈ ਤਾਂ ਉਸ ਸਮੇਂ ਇੱਥੋਂ ਦਾ ਮਾਹੌਲ ਬਹੁਤ ਧੂਮ-ਧਾਮ ਅਤੇ ਰੌਣਕ-ਮੇਲੇ ਵਾਲਾ ਬਣ ਜਾਂਦਾ ਹੈ। ਉਪਾਸਨਾ ਤੋਂ ਇਲਾਵਾ ਜਿਹੜਾ ਪਹਿਲੂ ਗੁਰਦੁਆਰੇ ਨਾਲ ਬਹੁਤ ਨੇੜਤਾ ਨਾਲ ਸੰਬੰਧਿਤ ਹੈ ਉਹ ਹੈ ਗੁਰੂ ਕਾ ਲੰਗਰ , ਜਿਹੜਾ ਇਕੱਠੇ ਬੈਠ ਕੇ ਖਾਣ-ਪੀਣ ਨੂੰ ਉਤਸ਼ਾਹ ਦਿੰਦਾ ਹੈ। ਗੁਰੂ ਕੇ ਲੰਗਰ ਵਿਚ ਸੇਵਾ ਨੂੰ ਸਿੱਖਾਂ ਵਿਚ ਪਵਿੱਤਰ ਫ਼ਰਜ਼ ਸਮਝਿਆ ਜਾਂਦਾ ਹੈ।

     ਗੁਰਦੁਆਰੇ ਅਤੇ ਉਹਨਾਂ ਵਿਚ ਪ੍ਰਾਪਤ ਸੇਵਾਵਾਂ, ਗ਼ੈਰ-ਸਿੱਖਾਂ ਲਈ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਸਭ ਲੋਕਾਂ ਲਈ ਖੁੱਲ੍ਹੀਆਂ ਹਨ, ਪਰ ਸਿੱਖ ਰਹਿਤ ਮਰਯਾਦਾ ਦੇ ਕੁਝ ਨਿਯਮਾਂ ਦੀ ਉਹਨਾਂ ਨੂੰ ਜ਼ਰੂਰ ਪਾਲਣਾ ਕਰਨੀ ਪੈਂਦੀ ਹੈ। ਉਦਾਹਰਨ ਵਜੋਂ, ਕੋਈ ਵੀ ਵਿਅਕਤੀ ਗੁਰਦੁਆਰੇ ਵਿਚ ਜੁੱਤਿਆਂ ਸਮੇਤ ਜਾਂ ਨੰਗੇ ਸਿਰ ਨਹੀਂ ਜਾ ਸਕਦਾ। ਰਹਿਤ ਮਰਯਾਦਾ ਵਿਚ ਦਿੱਤੇ ਗਏ ਦੂਸਰੇ ਨਿਯਮਾਂ ਵਿਚ ਧਾਰਮਿਕ ਸੇਵਾ ਦਾ ਸੰਚਾਲਨ ਕਰਨਾ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਦੇਣਾ ਵੀ ਸ਼ਾਮਲ ਹੈ। ਸੰਗਤ ਵਿਚ ਧਰਮ, ਜਾਤ , ਲਿੰਗ ਜਾਂ ਸਮਾਜਿਕ ਹੈਸੀਅਤ ਦੇ ਆਧਾਰ ਤੇ ਵਿਤਕਰਾ ਕਰਨ ਨੂੰ ਵੀ ਇਹ ਨਿਯਮ ਰੋਕਦੇ ਹਨ ਅਤੇ ਮੂਰਤੀ ਪੂਜਾ ਅਤੇ ਅੰਧਵਿਸ਼ਵਾਸਾਂ ਤੇ ਅਮਲ ਨਾ ਕਰਨ ਦੇਣ ਦਾ ਕੰਮ ਵੀ ਇਹ ਨਿਯਮ ਕਰਦੇ ਹਨ।

     ਦੂਸਰੇ ਬਹੁਤ ਸਾਰੇ ਧਰਮਾਂ ਦੇ ਧਰਮ ਅਸਥਾਨਾਂ ਵਾਂਗ , ਗੁਰਦੁਆਰਿਆਂ ਦੀ ਇਮਾਰਤ ਲਈ ਕੋਈ ਨਿਸ਼ਚਿਤ ਇਮਾਰਤੀ ਰੂਪ ਰੇਖਾ ਨਹੀਂ ਵਰਤੀ ਜਾਂਦੀ। ਇਸ ਵਿਚ ਪ੍ਰਮਾਣਿਤ ਸ਼ਰਤ ਕੇਵਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚਾਨਣੀ ਹੇਠਾਂ, ਆਮ ਤੌਰ ਤੇ ਇਕ ਥੜ੍ਹੇ ਉੱਤੇ ਕੀਤਾ ਜਾਂਦਾ ਹੈ, ਜਿਹੜਾ ਉਸ ਫ਼ਰਸ਼ ਤੋਂ ਜਿਸਤੇ ਸ਼ਰਧਾਲੂ ਬੈਠਦੇ ਹਨ, ਥੋੜ੍ਹਾ ਉੱਚਾ ਹੁੰਦਾ ਹੈ। ਇਮਾਰਤ ਦੇ ਉੱਤੇ ਇਕ ਲੰਮਾ ਸਿੱਖ ਨਿਸ਼ਾਨ ਸਾਹਿਬ ਲੱਗਣਾ ਚਾਹੀਦਾ ਹੈ। ਬਾਅਦ ਵਿਚ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਇਮਾਰਤਾਂ ਉੱਤੇ ਜ਼ਿਆਦਾਤਰ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਬਣਤਰ ਦਾ ਪ੍ਰਭਾਵ ਹੈ ਜੋ ਇੰਡੋ-ਪਰਸ਼ੀਅਨ (ਭਾਰਤੀ-ਫ਼ਾਰਸੀ) ਭਵਨ- ਨਿਰਮਾਣ ਕਲਾ ਦਾ ਮਿਸ਼ਰਿਤ ਰੂਪ ਹੈ। ਉਹਨਾਂ ਬਹੁਤ ਸਾਰਿਆਂ ਵਿਚ ਚੌਰਸ ਹਾਲ ਹੁੰਦਾ ਹੈ ਜਿਸ ਦੀ ਉਸਾਰੀ ਉਚੇਰੀ ਕੁਰਸੀ (ਨੀਂਹ) ਤੇ ਹੁੰਦੀ ਹੈ ਅਤੇ ਜਿਸਦੇ ਚਾਰੇ ਪਾਸੇ ਅੰਦਰ ਜਾਣ ਨੂੰ ਦਰਵਾਜ਼ੇ ਹੁੰਦੇ ਹਨ ਅਤੇ ਆਮ ਤੌਰ ਤੇ ਵਿਚਕਾਰ ਚੌਰਸ ਜਾਂ ਅੱਠਭੁਜਾ ਗੁੰਬਦਦਾਰ ਪਵਿੱਤਰ ਅਸਥਾਨ ਜਾਂ ਪ੍ਰਕਾਸ਼ ਅਸਥਾਨ ਬਣਿਆ ਹੁੰਦਾ ਹੈ। ਪਿਛਲੇ ਦਹਾਕਿਆਂ ਦੌਰਾਨ ਬਹੁਤ ਵੱਡੀ ਗਿਣਤੀ ਵਿਚ ਹੋਏ ਇਕੱਠਾਂ ਨੂੰ ਵੇਖਦੇ ਹੋਏ ਵੱਡੇ ਅਤੇ ਚੰਗੇ ਹਵਾਦਾਰ ਹਾਲ ਕਮਰੇ ਜਿਨ੍ਹਾਂ ਦੇ ਇਕ ਪਾਸੇ ਪ੍ਰਕਾਸ਼ ਅਸਥਾਨ ਬਣਾਉਣਾ ਅਜੋਕੇ ਸਮੇਂ ਦਾ ਪ੍ਰਵਾਨਿਤ ਰਿਵਾਜ ਬਣ ਗਿਆ ਹੈ। ਪ੍ਰਕਾਸ਼ ਅਸਥਾਨ ਵਾਲੇ ਨਿਰਧਾਰਿਤ ਅਸਥਾਨ ਤੇ ਜ਼ਿਆਦਾ ਕਰਕੇ ਪਰਕਰਮਾ ਕਰਨ ਲਈ ਜਗ੍ਹਾ ਛੱਡੀ ਜਾਂਦੀ ਹੈ। ਕਈ ਵਾਰ , ਜਗ੍ਹਾ ਨੂੰ ਹੋਰ ਵਧਾਉਣ ਲਈ, ਹਾਲ ਅੱਗੇ ਵਰਾਂਡਾ ਪਾਇਆ ਜਾਂਦਾ ਹੈ। ਗੁੰਬਦ ਬਨਾਉਣ ਲਈ ਮਸ਼ਹੂਰ ਮਾਡਲ , ਕਮਲ ਦੀਆਂ ਧਾਰੀਦਾਰ ਪੱਤੀਆਂ ਅਤੇ ਉਸ ਉੱਤੇ ਸਿੱਖਰ ਤੇ ਸਜ਼ਾਵਟੀ ਬੁਰਜੀ ਹੈ। ਮਿਹਰਾਬਦਾਰ ਛੱਜੇ , ਮਮਟੀਆਂ ਅਤੇ ਠੋਸ ਛੋਟੇ ਗੁੰਬਦ ਬਾਹਰੀ ਸਜਾਵਟ ਲਈ ਵਰਤੇ ਜਾਂਦੇ ਹਨ ।ਪੂਰਨ ਧਾਰਮਿਕ ਸਮਾਗਮਾਂ ਤੋਂ ਇਲਾਵਾ ਹੋਰ ਦੂਜੇ ਸਮਾਗਮਾਂ ਲਈ ਵੀ ਗੁਰਦੁਆਰੇ ਨੂੰ ਉਸੇ ਜਾਂ ਉਸ ਨਾਲ ਲੱਗਦੇ ਵਿਹੜੇ ਵਿਚ ਗੁਰੂ ਕਾ ਲੰਗਰ ਅਤੇ ਤੀਰਥ ਯਾਤਰੀਆਂ ਲਈ ਰਿਹਾਇਸ਼ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ।


ਲੇਖਕ : ਫ਼.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰਦੁਆਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਰਦੁਆਰਾ : ਇਸ ਸ਼ਬਦ ਦਾ ਅਰਥ ਗੁਰੂ ਦਾ ਘਰ ਹੈ। ਇਹ ਸਿੱਖ ਧਰਮ ਵਿਚ ਉਹ ਅਸਥਾਨ ਹੈ ਜਿਸ ਨੂੰ ਦਸ ਗੁਰੂਆਂ ਵਿਚੋਂ ਕਿਸੇ ਨੇ ਧਰਮ-ਪ੍ਰਚਾਰ ਲਈ ਬਣਾਇਆ ਅਥਵਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਸਿੱਖਾਂ ਦੇ ਧਰਮ-ਮੰਦਰ ਦਾ ਨਾਂ ‘ਧਰਮਸਾਲਾ’ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਦੇ ਧਰਮ-ਮੰਦਰ ਨੂੰ ‘ਹਰਿਮੰਦਰ’ ਨਾਮ ਦਿੱਤਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸਾਲਾ ਨੂੰ ‘ਗੁਰਦੁਆਰਾ’ ਕਿਹਾ ਜਾਣ ਲੱਗਾ।

          ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ, ਆਚਾਰੀਆ, ਰੋਗੀਆਂ ਲਈ ਸਫ਼ਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤੀ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਆਰਾਮ ਦਾ ਅਸਥਾਨ ਹੈ।

          ਸਤਿਗੁਰਾਂ ਦੇ ਵੇਲੇ ਅਤੇ ਬੁੱਢੇ ਦਲ ਦੇ ਸਮੇਂ ਇਸ ਅਸਥਾਨ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ। ਇਸ ਅਸਥਾਨ ਦੀ ਸੰਭਾਲ ਉਹ ਵਿਅਕਤੀ ਕਰਦਾ ਸੀ ਜੋ ਵਿਦਵਾਨ, ਗੁਰਮਤ ਵਿਚ ਪੱਕਾ ਅਤੇ ਉੱਚੇ ਆਚਰਨ ਵਾਲਾ ਹੁੰਦਾ ਸੀ। ਬਾਅਦ ਵਿਚ ਗੁਰਦੁਅਰਾ ਪ੍ਰਬੰਧ ਵਿਚ ਕੁਝ ਊਣਤਾਈਆਂ ਆ ਗਈਆਂ। ਸੇਵਕਾਂ ਨੇ ਇਨ੍ਹਾਂ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਅਤੇ ਇਨ੍ਹਾਂ ਪਵਿੱਤਰ ਅਸਥਾਨਾਂ ਵਿਚ ਕਈ ਅਪਵਿੱਤਰ ਕੰਮ ਹੋਣ ਲੱਗੇ।

          ਫਿਰ ਜਦੋਂ ਧਰਮ-ਸੁਧਾਰ ਲਈ ਦੇਸ਼ ਦੇ ਵੱਖ ਵੱਖ ਧਰਮਾਂ ਨੇ ਸੁਧਾਰ-ਲਹਿਰਾਂ ਆਰੰਭ ਕੀਤੀਆਂ ਤਾਂ ਸਿੱਖਾਂ ਨੇ ਵੀ ਸਿੰਘ-ਸਭਾਵਾਂ ਅਤੇ ਖ਼ਾਲਸਾ ਦੀਵਾਨ ਬਣਾ ਕੇ ਧਰਮ ਅਤੇ ਸਮਾਜ ਦਾ ਸੁਧਾਰ ਕਰਨਾ ਆਰੰਭਿਆ। ਖ਼ਾਲਸਾ ਅਖ਼ਬਾਰ, ਖ਼ਾਲਸਾ ਸਮਾਚਾਰ ਆਦਿ ਅਖ਼ਬਾਰ ਅਤੇ ਖ਼ਾਲਸਾ ਟ੍ਰੈਕਟ ਸੋਸਾਇਟੀਆਂ ਰਾਹੀਂ ਉੱਤਮ ਲੇਖ ਪ੍ਰਕਾਸ਼ਿਤ ਹੋਣ ਲੱਗੇ ਜਿਸ ਤੋਂ ਕੌਮ ਜਾਗ੍ਰਿਤ ਅਵਸਥਾ ਵਿਚ ਆਈ। ਇਨ੍ਹਾਂ ਹੀ ਯਤਨਾਂ ਦੇ ਫ਼ਲਸਰੂਪ ‘ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’, ਹੋਂਦ ਵਿਚ ਆਈ। ਲੋਕਾਂ ਨੂੰ ਹੌਲੀ ਹੌਲੀ ਆਪਣੇ ਧਾਰਮਿਕ ਗਿਆਨ ਦੇ ਨਾਲ ਨਾਲ ਗੁਰਦੁਆਰਿਆਂ ਦੀ ਸੰਭਾਲ ਦਾ ਵੀ ਖ਼ਿਆਲ ਆਇਆ। ਪ੍ਰੰਤੂ ਪ੍ਰਬਲ ਜਥੇਬੰਦੀ ਨਾ ਹੋਣ ਕਰਕੇ ਮਨ ਭਾਉਂਦਾ ਫ਼ਲ ਪ੍ਰਾਪਤ ਨਾ ਹੋਇਆ।

          12 ਅਕਤੂਬਰ, 1920 ਨੂੰ ਖ਼ਾਲਸਾ ਬਰਾਦਰੀ ਸ਼ਹਿਰ ਅੰਮ੍ਰਿਤਸਰ ਦੇ ਸਾਲਾਨਾ ਦੀਵਾਨ ਵਿਚ ਕੁਠ ਕਹਿਣ ਮਾਤਰ ਦੇ ਅਛੂਤ ਅੰਮ੍ਰਿਤ ਛਕ ਕੇ ਕੜਾਹ-ਪ੍ਰਸ਼ਾਦ ਅਤੇ ਮਾਇਆ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਭੇਟਾ ਕਰਨ ਗਏ ਤਾਂ ਉਥੇ ਕੁਝ ਢਿਲ-ਮੱਠ ਦੇ ਪਿਛੋਂ ਉਨ੍ਹਾਂ ਦਾ ਅਰਦਾਸਾ ਕੀਤਾ ਗਿਆ ਪਰ ਜਦ ਉਹ ਪ੍ਰੇਮੀ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋਏ ਤਾਂ ਉਥੋਂ ਦੇ ਪੁਜਾਰੀ ਸੇਵਾ ਛੱਡਕੇ ਭੱਜ ਗਏ। ਹਾਜ਼ਰ ਸੰਗਤ ਨੇ ਫ਼ੈਸਲਾ ਕੀਤਾ ਕਿ ਅਕਾਲ ਤਖ਼ਤ ਸਾਹਿਬ ਸੁੰਨਾ ਨਹੀਂ ਰਹਿਣਾ ਚਾਹੀਦਾ। ਸੋ 25 ਸਿੰਘਾਂ ਦਾ ਜੱਥਾ ਸੇਵਾ ਲਈ ਨਿਯੁਕਤ ਕੀਤਾ ਗਿਆ ਅਤੇ ਇਸ ਦੀ ਸੂਚਨਾ ਸਰਬ-ਰਾਹ ਨੂੰ ਦੇ ਦਿੱਤੀ ਗਈ। ਨੱਠੇ ਹੋਏ ਪੁਜਾਰੀ ਸਰਬ-ਰਾਹ ਅਤੇ ਡਿਪਟੀ ਕਮਿਸ਼ਨਰ ਦੇ ਕਹਿਣ ਤੇ ਵੀ ਹਾਜ਼ਰ ਨਾ ਹੋਏ, ਜਿਸ ਤੇ ਡਿਪਟੀ ਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਦੇ ਪ੍ਰਬੰਧ ਲਈ ਗੁਰਦੁਆਰਾ ਸੁਧਾਰ ਲਹਿਰ ਦੇ ਹਾਮੀ 9 ਆਦਮੀਆਂ ਦੀ ਆਰਜ਼ੀ ਕਮੇਟੀ ਬਣਾ ਦਿੱਤੀ।

          ਸਾਰੇ ਪੰਥ ਨੂੰ ਜਥੇਬੰਦ ਕਰਕੇ ਪੰਥ ਦੀ ਇਕ ਪ੍ਰਤਿਨਿਧ ਤੇ ਸਾਂਝੀ ਕਮੇਟੀ ਕਾਇਮ ਕਰਨ ਦੀ ਲੋੜ ਨੂੰ ਪ੍ਰਤੀਤ ਕਰਕੇ ਨਵੇਂ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੁਕਮਨਾਮਾ ਜਾਰੀ ਕੀਤਾ ਕਿ ਸਾਰਾ ਪੰਥ ਅਜਿਹੀ ਕਮੇਟੀ ਕਾਇਮ ਕਰਨ ਲਈ 15 ਨਵੰਬਰ, 1920 ਨੂੰ ਸ੍ਰੀ ਤਖ਼ਤ ਸਾਹਿਬ ਇਕੱਤਰ ਹੋਵੇ। 15-16 ਨਵੰਬਰ ਦੀ ਸਾਂਝੀ ਪੰਥਕ ਇਕਤੱਰਤਾ ਨੇ 175 ਆਦਮੀਆਂ ਦੀ ਇਕ ਪ੍ਰਤੀਨਿਧ ਕਮੇਟੀ ਚੁਣੀ ਜਿਸ ਦਾ ਨਾਂ ‘ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ। ਇਸ ਕਮੇਟੀ ਦੀ ਪਹਿਲੀ ਇਕਤੱਰਤਾ 12 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ। ਇਸ ਇਕਤੱਰਤਾ ਵਿਚ ਅਹੁਦੇਦਾਰ ਚੁਣੇ ਗਏ ਅਤੇ ਨਿਯਮਾਂ ਦਾ ਖਰੜਾ ਤਿਆਰ ਕਰਨ ਲਈ ਇਕ ਸਬ ਕਮੇਟੀ ਨਿਯਤ ਕੀਤੀ ਗਈ।  ਸ਼ਿਰੋਮਣੀ ਗੁਰਦੁਆਰਾ ਕਮੇਟੀ 30 ਅਪਰੈਲ, 1921 ਨੂੰ ਰਜਿਸਟਰ ਕਰਵਾਈ ਗਈ ਅਤੇ ਨਿਯਮਾਂ ਦੇ ਬਣਨ ਪਿਛੋਂ ਇਸ ਦੀ ਨਵੀਂ ਚੋਣ ਜੁਲਾਈ 1921 ਵਿਚ ਕੀਤੀ ਗਈ। ਚੁਣੇ ਹੋਏ ਮੈਂਬਰਾਂ ਨੇ ਕੁੱਲ ਗਿਣਤੀ ਦਾ ਪੰਜਵਾਂ ਹਿੱਸਾ 14 ਅਗਸਤ ਨੂੰ ਨਾਮਜ਼ਦ ਕੀਤਾ ਅਤੇ ਮੁਕੰਮਲ ਕਮੇਟੀ ਦੀ ਇਕਤੱਰਤਾ 27 ਅਗਸਤ, 1921 ਨੂੰ ਹੋਈ।

          ਗੁਰਦੁਆਰਾ ਸੁਧਾਰ-ਕਮੇਟੀ ਨੇ ਵੱਡੇ ਉਤਸ਼ਾਹ ਅਤੇ ਧਰਮਭਾਵ ਨਾਲ ਗੁਰਦੁਆਰਿਆਂ ਦੇ ਸੁਧਾਰ ਦਾ ਕੰਮ ਆਰੰਭਿਆ। ਇਸ ਸੁਧਾਰ ਦੇ ਕੰਮ ਵਿਚ ਅਨੇਕਾਂ ਵਿਘਨ ਪਏ, ਜਿਸ ਤੋਂ ਸਿੱਖ ਕੌਮ ਨੂੰ ਬੇਹੱਦ ਕੁਰਬਾਨੀ ਦੇਣੀ ਪਈ ਜਿਸਦਾ ਸੰਖੇਪ ਹਾਲ ਇਉਂ ਹੈ :––

          25 ਜਨਵਰੀ, 1921 ਨੂੰ ਜਦ ਕਿ ਸ੍ਰੀ ਤਰਨਤਾਰਨ ਸਾਹਿਬ ਦੇ ਪੁਜਾਰੀਆਂ ਅਤੇ ਸਿੰਘਾਂ ਦੇ ਵਿਚਕਾਰ ਸਮਝੌਤੇ ਦੀਆਂ ਸ਼ਰਤਾਂ ਉਤੇ ਵਿਚਾਰ ਹੋ ਰਿਹਾ ਸੀ, ਪੁਜਾਰੀਆਂ ਨੇ ਇਕ ਦਮ ਛਵ੍ਹੀਆਂ ਸੋਟਿਆਂ ਆਦਿ ਨਾਲ ਅਕਾਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ 17 ਸਿੰਘ ਜ਼ਖਮੀ ਹੋਏ। ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਸ਼ਹੀਦੀ ਪਾ ਗਏ।

          ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਨਰਾਇਣ ਦਾਸ ਦੀਆਂ ਕੁਰੀਤੀਆਂ ਵੇਖ ਕੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜਨਰਲ ਇਕਤੱਰਤਾ ਵਿਚ 24 ਜਨਵਰੀ, 1921 ਨੂੰ ਇਹ ਪਾਸ ਕੀਤਾ ਕਿ 4, 5 ਅਤੇ 6 ਮਾਰਚ ਨੂੰ ਨਨਕਾਣੇ ਸਾਹਿਬ ਵਿਚ ਇਕ ਭਾਰੀ ਦੀਵਾਨ ਕੀਤਾ ਜਾਵੇ, ਜਿਸ ਵਿਚ ਸਾਰਾ ਪੰਥ ਇਕਤੱਰ ਹੋ ਕੇ ਮਹੰਤ ਨੂੰ ਕਹੇ ਕਿ ਉਹ ਆਪਣਾ ਸੁਧਾਰ ਕਰੇ। ਇਹ ਖ਼ਬਰ ਸੁਣ ਕੇ ਮਹੰਤ ਨੇ ਸੁਧਾਰ ਦੀ ਥਾਂ ਲੜਾਈ ਦਾ ਸਾਮਾਨ ਜਮ੍ਹਾਂ ਕਰਨਾ ਆਰੰਭ ਦਿੱਤਾ। 20 ਫਰਵਰੀ, 1921 ਨੂੰ 150 ਸਿੰਘਾਂ ਦਾ ਜਥਾ, ਜੋ ਸ੍ਰੀ ਨਨਕਾਣੇ ਸਾਹਿਬ ਸੁਧਾਰ ਦਾ ਭਾਵ ਲੈ ਕੇ ਦਰਸ਼ਨ ਕਰਨ ਗਿਆ ਸੀ, ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ ਕੁਝ ਸਿੰਘ ਗੋਲੀਆਂ, ਛਵ੍ਹੀਆਂ ਅਤੇ ਗੰਡਾਸਿਆਂ ਨਾਲ ਮਾਰੇ ਗਏ, ਕੁਝ ਜਿਉਂਦੇ ਹੀ ਤੇਲ ਪਾ ਕੇ ਸਾੜੇ ਗਏ। ਇਸ ਭਿਅੰਕਰ ਘਟਨਾ ਪਿਛੋਂ ਸਰਕਾਰ ਨੇ 21 ਫਰਵਰੀ ਦੀ ਸ਼ਾਮ ਨੂੰ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਸ਼ਿਰੋਮਣੀ ਕਮੇਟੀ ਨੂੰ ਦੇ ਦਿੱਤੀਆਂ।

          ਕਿਸੇ ਗਲਤਫ਼ਹਿਮੀ ਦੇ ਕਾਰਨ 7 ਨਵੰਬਰ, 1921 ਨੂੰ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਨੇ ਸ਼ਿਰੋਮਣੀ ਕਮੇਟੀ ਤੋਂ ਲੈ ਲਈਆਂ, ਜਿਸ ਤੇ ਮਾਮਲਾ ਬਹੁਤ ਵਧਿਆ ਅਤੇ ਬਹੁਤ ਸਿੰਘਾਂ ਨੂੰ ਜੇਲ੍ਹ ਜਾਣਾ ਪਿਆ। ਅੰਤ ਨੂੰ 19 ਜਨਵਰੀ, 1922 ਨੂੰ ਚਾਬੀਆਂ ਸਰਦਾਰ ਖੜਕ ਸਿੰਘ ਪ੍ਰਧਾਨ ਸ਼ਿਰੋਮਣੀ ਕਮੇਟੀ ਦੇ ਸਪੁਰਦ ਕੀਤੀਆਂ ਗਈਆਂ।

          8 ਅਗਸਤ, 1922 ਨੂੰ ਲੰਗਰ ਦੀਆਂ ਲੱਕੜ ਬਾਬਤ ਗੁਰਦੁਆਰਾ ਗੁਰੂ ਕੇ ਬਾਗ (ਘੁੱਕੇਵਾਲੀ) ਦਾ ਮਾਮਲਾ ਇਤਨਾ ਵਧਿਆ ਕਿ 12 ਅਗਸਤ ਤੋਂ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ ਅਤੇ ਪੁਲਿਸ ਵੱਲੋਂ ਸਖ਼ਤ ਮਾਰ-ਕੁਟਾਈ ਹੋਈ। ਸਰ ਗੰਗਾ ਰਾਮ ਨੇ ਇਹ ਝਗੜਾ 17 ਨਵੰਬਰ ਨੂੰ ਵਿਚ ਪੈ ਕੇ ਸ਼ਾਂਤ ਕੀਤਾ। ਇਸ ਮੋਰਚੇ ਵਿਚ ਗ੍ਰਿਫ਼ਤਾਰੀਆਂ ਦੀ ਗਿਣਤੀ 5605 ਤੱਕ ਪੁੱਜ ਗਈ ਸੀ, ਜਿਨ੍ਹਾਂ ਵਿਚੋਂ 35 ਸ਼ਿਰੋਮਣੀ ਕਮੇਟੀ ਦੇ ਮੈਂਬਰ ਸਨ।

          ਇਸੇ ਤਰ੍ਹਾਂ ਜੈਤੋ ਦੇ ਇਤਿਹਾਸਕ ਗੁਰਦੁਆਰੇ ਵਿਖੇ 14 ਸਤੰਬਰ, 1923 ਨੂੰ ਅਖੰਡ ਪਾਠ ਬਾਬਤ ਅਕਾਲੀ ਦਲ ਅਤੇ ਨਾਭਾ ਰਿਆਸਤ ਦੇ ਐਡਮਿਨਸਟ੍ਰੇਟਰ ਵਿਲਸਨ ਜੌਹਨਸਨ ਦੀ ਗ਼ਲਤ ਫ਼ਹਿਮੀ ਤੋਂ ਮਾਮਲਾ ਇਤਨਾ ਵਧਿਆ ਕਿ 21 ਫਰਵਰੀ, 1924 ਨੂੰ ਅਕਾਰਨ ਗੋਲੀ ਚੱਲੀ ਅਤੇ ਕਈ ਜਾਨਾਂ ਦਾ ਨੁਕਸਾਨ ਹੋਇਆ। ਅੰਤ ਨੂੰ 21 ਜੁਲਾਈ, 1925 ਨੂੰ 101 ਅਖੰਡ ਪਾਠ ਆਰੰਭੇ ਗਏ ਅਤੇ 6 ਅਗਸਤ ਨੂੰ ਭੋਗ ਪੈ ਕੇ ਸ਼ਾਂਤੀ ਹੋਈ। ਇਸ ਸੁਧਾਰ-ਲਹਿਰ ਵਿਚ ਇਕ ਹੋਰ ਜ਼ਰੂਰੀ ਅਤੇ ਉੱਤਮ ਕੰਮ ਹੋਇਆ ਅਰਥਾਤ ਸ੍ਰੀ ਅੰਮ੍ਰਿਤਸਰ ਜੀ ਦੇ ਸਰੋਵਰ ਦੀ ਕਾਰ ਦੀ ਸੇਵਾ ਕੀਤੀ ਗਈ। ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ੍ਰੀ ਅੰਮ੍ਰਿਤਸਰ ਪੁੱਜੀਆਂ ਅਤੇ ਪੰਥ ਦੇ ਹਰੇਕ ਫ਼ਿਰਕੇ ਅਤੇ ਦਰਜੇ ਦੇ ਸ਼ਰਧਾਲੂਆਂ ਨੇ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਸੇਵਾ ਕੀਤੀ। ਕਾਰ ਸੇਵਾ 17 ਜੂਨ, 1923 ਨੂੰ ਆਰੰਭ ਕੀਤੀ ਗਈ।

          ਗੁਰਦੁਆਰਾ ਸੁਧਾਰ–ਲਹਿਰ ਦੀ ਤੇਜ਼ੀ ਅਤੇ ਸਿੱਖਾਂ ਦੇ ਦਿਲੀ ਜਜ਼ਬਾਤ ਨੂੰ ਵੇਖ ਕੇ ਸਰਕਾਰ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਇਸ ਲਈ 16 ਫਰਵਰੀ, 1921 ਨੂੰ ਇਕ ਪੜਤਾਲੀਆ ਕਮੇਟੀ ਬਣਾਉਣ ਦਾ ਐਲਾਨ ਸਰਕਾਰ ਨੇ ਕੀਤਾ। ਸ਼ੇਖ ਅਸਗਵਰਅਲੀ ਦੀ ਪ੍ਰਧਾਨਗੀ ਹੇਠ ਸ਼ਿਰੋਮਣੀ ਕਮੇਟੀ ਦੇ ਪ੍ਰਤਿਨਿਧਾਂ ਅਤੇ ਮਹੰਤਾਂ ਦੀ ਇਕ ਕਾਨਫ਼ਰੰਸ ਕਰਨ ਦਾ ਫ਼ੈਸਲਾ ਹੋਇਆ ਪਰ ਇਹ ਸਕੀਮ ਵਿਚੇ ਹੀ ਰਹਿ ਗਈ। 14 ਮਾਰਚ, 1921 ਨੂੰ ਫੇਰ ਮੀਆਂ ਫ਼ਜ਼ਲਹੁਸੈਨ ਨੇ ਪੰਜਾਬ ਕੌਂਸਲ ਵਿਚ ਇਕ ਮਤਾ ਪੇਸ਼ ਕੀਤਾ ਕਿ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਨੂੰ ਠੀਕ ਕਰਨ ਲਈ ਬਿਲ ਪੇਸ਼ ਹੋਣਾ ਚਾਹੀਦਾ ਹੈ। ਬਿਲ ਦੇ ਬਣਨ ਤੱਕ ਤਿੰਨ ਮੈਂਬਰਾਂ ਦਾ ਇਕ ਗੁਰਦੁਆਰਾ ਕਮਿਸ਼ਨ ਨੀਯਤ ਕਰਨ ਦਾ ਫ਼ੈਸਲਾ ਹੋਇਆ ਪਰ ਸਰਕਾਰ ਨੇ ਗੁਰਦੁਆਰਾ ਕਮਿਸ਼ਨ ਦਾ ਸਵਾਲ ਛੱਡ ਕੇ ਗੁਰਦੁਆਰਾ ਬਿਲ 5 ਅਪਰੈਲ ਨੂੰ ਪੇਸ਼ ਕਰਨ ਦਾ ਫ਼ੈਸਲਾ ਕੀਤਾ ਪਰ ਇਹ ਕਾਰਵਾਈ ਵੀ ਸਫਲ ਨਾ ਹੋਈ। ਅੰਤ ਨੂੰ ਵੱਡੀ ਬਹਿਸ ਅਤੇ ਕੋਸ਼ਿਸ਼ ਦੇ ਪਿਛੋਂ ਗੁਰਦੁਆਰਾ ਕਾਨੂੰਨ ਨੰ: 8 ਸੰਨ 1925 (ਦੀ ਸਿਖ ਗੁਰਦੁਆਰਾ ਐਕਟ 1925) ਪਾਸ ਹੋਇਆ, ਜਿਸਦੀ ਮਨਜੂਰੀ ਗਵਰਨਰ ਜਨਰਲ ਨੇ 28 ਜੁਲਾਈ, 1925 ਨੂੰ ਦਿੱਤੀ। ਇਸ ਐਕਟ ਉਤੇ 1 ਨਵੰਬਰ, 1925 ਤੋਂ ਅਮਲ ਆਰੰਭ ਹੋਇਆ।

          ਇਸ ਗੁਰਦੁਆਰਾ ਕਾਨੂੰਨ ਅਨੁਸਾਰ ਗੁਰਦੁਆਰਾ ਸੈਂਟ੍ਰਲ ਬੋਰਡ ਦੇ ਚੁਣੇ ਹੋਏ ਮੈਂਬਰਾਂ ਦੀ ਇਕਤੱਤਰਾ 4 ਸਤੰਬਰ, 1926 ਨੂੰ ਟਾਊਨਹਾਲ ਅੰਮ੍ਰਿਤਸਰ ਵਿਚ ਹੋਈ ਅਤੇ 14 ਮੈਂਬਰ ਚੁਣੇ ਗਏ। ਪੂਰੇ ਸੈਂਟ੍ਰਲ ਬੋਰਡ ਦੀ ਪਹਿਲੀ ਇਕੱਤਰਤਾ 2 ਅਕਤੂਬਰ, 1926 ਨੂੰ ਟਾਊਨਹਾਲ ਵਿਚ ਹੋਈ, ਜਿਸ ਵਿਚ ਅਹੁਦੇਦਾਰਾਂ ਅਤੇ ਅੰਤਰਿੰਗ ਕਮੇਟੀ ਦੀ ਚੋਣ ਦੇ ਪਿਛੋਂ ਪਾਸ ਹੋਇਆ ਕਿ ਇਸ ਦਾ ਨਾਂ ਸੈਂਟ੍ਰਲ ਬੋਰਡ ਦੀ ਥਾਂ ‘ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ ਜਾਵੇ। ਸਰਕਾਰ ਨੇ ਇਹ ਨਾਂ ਆਪਣੇ ਨੋਟੀਫ਼ਿਕੇਸ਼ਨ ਵਿਚ ਮਿਤੀ 17 ਜਨਵਰੀ, 1927, ਰਾਹੀਂ ਪ੍ਰਵਾਨ ਕਰ ਲਿਆ। ਪੁਰਾਣੀ ਸ਼ਿਰੋਮਣੀ ਕਮੇਟੀ ਨੇ ਨਵੀਂ ਸ਼ਿਰੋਮਣੀ ਕਮੇਟੀ ਨੂੰ 27 ਨਵੰਬਰ, 1926 ਨੂੰ ਚਾਰਜ ਦੇਣਾ ਆਰੰਭ ਕੀਤਾ ਅਤੇ 4 ਦਸੰਬਰ, 1926 ਤੱਕ ਮੁਕੰਮਲ ਚਾਰਜ ਦੇ ਕੇ ਆਪਣੇ ਆਪ ਨੂੰ ਉਸ ਵਿਚ ਲੀਨ ਕਰ ਦਿੱਤਾ।

          ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਦੇ ਵਿਚਾਰਵਾਨ ਸਾਰੇ ਜਥੇ ਅਤੇ ਸਮਾਜ ਦਿਲੋਂ ਚਾਹੁੰਦੇ ਹਨ ਕਿ ਗੁਰਦੁਆਰਿਆਂ ਦਾ ਪ੍ਰਬੰਧ ਹੋਰਨਾਂ ਲਈ ਉਦਾਹਰਣ ਰੂਪ ਹੋਵੇ, ਪਰ ਜਦ ਤੀਕ :––

          (ੳ) ਗੁਰਦੁਆਰਿਆਂ ਦੇ ਸੇਵਕ ਗੁਰਮਤਿ ਦੇ ਪੂਰੇ ਗਿਆਤਾ, ਵਿਦਵਾਨ ਅਤੇ ਸਦਾਚਾਰੀ ਨਹੀਂ ਹੁੰਦੇ;

          (ਅ) ਜਦ ਤੀਕ ਉਦਾਸੀ, ਨਿਹੰਗ, ਨਿਰਮਲੇ, ਨਾਮਧਾਰੀ ਆਦਿਕ ਫ਼ਿਰਕੇ ਤਅੱਸੁਬ ਛੱਡ ਕੇ ਆਪਣੇ ਤਾਈਂ ਇਕ ਪਿਤਾ ਦੇ ਪੁੱਤਰ ਜਾਣ ਕੇ ਭਰਾਤਰੀਭਾਵ ਦਾ ਵਰਤਾਉ ਨਹੀਂ ਕਰਦੇ;

          (ੲ) ਜਦ ਤੀਕ ਮਾਇਆ ਦੇ ਜਾਲ ਤੋਂ ਮੁਕਤ ਹੋ ਕੇ ਨਿਸ਼ਕਾਮ ਸੇਵਾ ਨੂੰ ਆਪਣਾ ਆਦਰਸ਼ ਨਹੀਂ ਬਣਾਉਂਦੇ, ਤਦ ਤੀਕ ‘ਸੁਧਾਰ’ ਅਤੇ ‘ਪ੍ਰਬੰਧ’ ਕੇਵਲ ਲਿਖਣ ਅਤੇ ਬੋਲਣ ਵਿਚ ਹੀ ਰਹਿਣਗੇ। ਉਦੋਂ ਤੀਕ ਇਹ ਪ੍ਰਬੰਧ ਉਦਾਹਰਣ ਦਾ ਰੂਪ ਧਾਰਨ ਕਰਨ ਦੇ ਅਸਮਰੱਥ ਰਹੇਗਾ।

          ਗੁਰਦੁਆਰਿਆਂ ਦੇ ਸੇਵਕਾਂ ਨੂੰ ਅੰਮ੍ਰਿਤ ਵੇਲੇ ਨਿਤਨੇਮ ਨਾਲ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਦਾ ਪਾਠ ਕਰਨਾ ਚਾਹੀਦਾ ਹੈ :––

          ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ,

          ਨਾਉ ਮੈਂ ਜੋ ਆਗ ਲਾਗੈ ਕੈਸੇ ਕੈ ਬੁਝਾਈਐ ?

          ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ੍ਹ,

          ਗੜ੍ਹ ਮੈਂ ਜੋ ਲੂਟੀ ਲੀਜੈ, ਕਹੋ ਕਤ ਜਾਈਐ ?

          ਚੋਰਨ ਕੇ ਤ੍ਰਾਸ ਜਾਇ ਸ਼ਰਨ ਗਹੈ ਨਰਿੰਦ,

          ਮਾਰੇ ਮਹੀਪਤਿ ਜੀਉ ਕੈਸੇ ਕੈ ਬਚਾਈਐ ?

          ਮਾਯਾਡਾਰ ਡਰਪਤ ਹਾਰ ਗੁਰਦਵਾਰੇ ਜਾਵੇ,

          ਤਹਾਂ ਜੋ ਮਾਯਾ ਬਿਆਪੈ, ਕਹਾਂ ਠਹਿਰਾਈਐ ?

                                      (ਕਬਿੱਤ 544)

          ਗੁਰਦੁਆਰਿਆਂ ਦੇ ਸੇਵਕਾਂ ਨੂੰ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ, ਸੰਤ ਅਲਮਸਤ ਜੀ, ਭਾਈ ਕਨ੍ਹਈਆ ਜੀ, ਭਾਈ ਮਨੀ ਸਿੰਘ ਜੀ ਅਤੇ ਮਹਾਤਮਾ ਗੁਰਬਖਸ਼ ਜਿਹੇ ਗ੍ਰੰਥੀ, ਧਰਮ-ਪ੍ਰਚਾਰਕ ਅਤੇ ਮਹੰਤ ਗੁਰ-ਸਿੱਖਾਂ ਦੀਆਂ ਮਹਾਨ ਜੀਵਨੀਆਂ ਨੂੰ ਆਦਰਸ਼ ਮੰਨ ਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਮ ਵਿਸ਼ਵ ਭਰ ਦੇ ਧਰਮ ਅਨੁਯਾਈਆਂ ਨੂੰ ਚਾਨਣ-ਮੁਨਾਰੇ ਦਾ ਕੰਮ ਦੇਵੇ।

          ਹ. ਪੁ.––ਮ. ਕੋ. 416, 533


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁਰਦੁਆਰਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਦੁਆਰਾ : ਇਸ ਸ਼ਬਦ ਦਾ ਅਰਥ ਗੁਰੂ ਦਾ ਘਰ ਹੈ। ਇਹ ਸਿੱਖ ਧਰਮ ਵਿਚ ਉਹ ਅਸਥਾਨ ਹੈ ਜਿਸ ਨੂੰ ਦਸ ਗੁਰੂਆਂ ਵਿਚੋਂ ਕਿਸੇ ਨੇ ਧਰਮ-ਪ੍ਰਚਾਰ ਲਈ ਬਣਾਇਆ ਅਥਵਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਸਿੱਖਾਂ ਦੇ ਧਰਮ-ਮੰਦਰ ਦਾ ਨਾਂ ‘ਧਰਮਸਾਲਾ’ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਦੇ ਧਰਮ-ਮੰਦਰ ਨੂੰ ‘ਹਰਿਮੰਦਰ’ ਨਾਮ ਦਿੱਤਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸਾਲਾ ਨੂੰ ‘ਗੁਰਦੁਆਰਾ’ ਕਿਹਾ ਜਾਣ ਲੱਗਾ। ਸਿੱਖਾਂ ਦਾ ਗੁਰਦੁਆਰਾ, ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰੀਆ, ਰੋਗੀਆਂ ਲਈ ਸ਼ਫਾਖ਼ਾਨਾ, ਭੁੱਖਿਆਂ ਲਈ ਅੰਨ ਪੂਰਣਾ, ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਆਰਾਮ ਦਾ ਅਸਥਾਨ ਹੈ।

ਸਤਿਗੁਰਾਂ ਦੇ ਵੇਲੇ ਅਤੇ ਬੁੱਢੇ ਦਲ ਦੇ ਸਮੇਂ ਇਸ ਅਸਥਾਨ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ। ਇਸ ਅਸਥਾਨ ਦੀ ਸੰਭਾਲ ਉਹ ਵਿਅਕਤੀ ਕਰਦਾ ਸੀ ਜੋ ਵਿਦਵਾਨ, ਗੁਰਮਤਿ ਵਿਚ ਪੱਕਾ ਅਤੇ ਉੱਚੇ ਆਚਰਣ ਵਾਲਾ ਹੁੰਦਾ ਸੀ। ਬਾਅਦ ਵਿਚ ਗੁਰਦੁਆਰਾ ਪ੍ਰਬੰਧ ਵਿਚ ਕੁਝ ਊਣਤਾਈਆਂ ਆ ਗਈਆਂ। ਸੇਵਕਾਂ ਨੇ ਇਨ੍ਹਾਂ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਅਤੇ ਇਨ੍ਹਾਂ ਪਵਿੱਤਰ ਅਸਥਾਨਾਂ ਵਿਚ ਕਈ ਅਪਵਿੱਤਰ ਕੰਮ ਹੋਣ ਲੱਗੇ।

ਫ਼ਿਰ ਜਦੋਂ ਧਰਮ ਸੁਧਾਰ ਲਈ ਦੇਸ਼ ਦੇ ਵੱਖ ਵੱਖ ਧਰਮਾਂ ਨੇ ਸੁਧਾਰ ਲਹਿਰਾਂ ਆਰੰਭ ਕੀਤੀਆਂ ਤਾਂ ਸਿੱਖਾਂ ਨੇ ਵੀ ਸਿੰਘ ਸਭਾਵਾਂ ਅਤੇ ਖ਼ਾਲਸਾ ਦੀਵਾਨ ਬਣਾ ਕੇ ਧਰਮ ਅਤੇ ਸਮਾਜ ਦਾ ਸੁਧਾਰ ਕਰਨਾ ਆਰੰਭਿਆ। ਖ਼ਾਲਸਾ ਅਖ਼ਬਾਰ, ਖ਼ਾਲਸਾ ਸਮਾਚਾਰ ਆਦਿ ਅਖ਼ਬਾਰ ਅਤੇ ਖ਼ਾਲਸਾ ਟ੍ਰੈਕਟ ਸੋਸਾਇਟੀਆਂ ਰਾਹੀਂ ਉੱਤਮ ਲੇਖ ਪ੍ਰਕਾਸ਼ਿਤ ਹੋਣ ਲੱਗੇ ਜਿਸ ਤੋਂ ਕੌਮ ਜਾਗ੍ਰਿਤ ਅਵਸਥਾ ਵਿਚ ਆਈ। ਇਨ੍ਹਾਂ ਹੀ ਯਤਨਾਂ ਦੇ ਫ਼ਲਸਰੂਪ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਹੋਂਦ ਵਿਚ ਆਈ। ਲੋਕਾਂ ਨੂੰ ਹੌਲੀ ਹੌਲੀ ਆਪਣੇ ਧਾਰਮਿਕ ਗਿਆਨ ਦੇ ਨਾਲ ਨਾਲ ਗੁਰਦੁਆਰਿਆਂ ਦੀ ਸੰਭਾਲ ਦਾ ਵੀ ਖ਼ਿਆਲ ਆਇਆ ਪਰੰਤੂ ਪ੍ਰਬਲ ਜਥੇਬੰਦੀ ਨਾ ਹੋਣ ਕਰ ਕੇ ਮਨ ਭਾਉਂਦਾ ਫ਼ਲ ਪ੍ਰਾਪਤ ਨਾ ਹੋਇਆ।

12 ਅਕਤੂਬਰ, 1920 ਨੂੰ ਖ਼ਾਲਸਾ ਬਰਾਦਰੀ, ਸ਼ਹਿਰ ਅੰਮ੍ਰਿਤਸਰ ਦੇ ਸਾਲਾਨਾ ਦੀਵਾਨ ਵਿਚ ਕੁਝ ਨਾਂ ਮਾਤਰ ਦੇ ਅਛੂਤ ਅੰਮ੍ਰਿਤ ਛਕ ਕੇ ਕੜਾਹ-ਪ੍ਰਸ਼ਾਦ ਅਤੇ ਮਾਇਆ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਭੇਟਾ ਕਰਨ ਗਏ ਤਾਂ ਉਥੇ ਕੁਝ ਢਿਲ-ਮੱਠ ਦੇ ਪਿੱਛੋਂ ਉਨ੍ਹਾਂ ਦਾ ਅਰਦਾਸਾ ਕੀਤਾ ਗਿਆ ਪਰ ਜਦ ਉਹ ਪ੍ਰੇਮੀ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋਏ ਤਾਂ ਉਥੋਂ ਦੇ ਪੁਜਾਰੀ ਸੇਵਾ ਛੱਡ ਕੇ ਭੱਜ ਗਏ। ਹਾਜ਼ਰ ਸੰਗਤ ਨੇ ਫ਼ੈਸਲਾ ਕੀਤਾ ਕਿ ਅਕਾਲ ਤਖ਼ਤ ਸਾਹਿਬ ਸੁੰਨਾ ਨਹੀਂ ਰਹਿਣਾ ਚਾਹੀਦਾ। ਇਸ ਲਈ 25 ਸਿੰਘਾਂ ਦਾ ਜੱਥਾ ਸੇਵਾ ਲਈ ਨਿਯੁਕਤ ਕੀਤਾ ਗਿਆ ਅਤੇ ਇਸ ਦੀ ਸੂਚਨਾ ਸਰਬਰਾਹ ਨੂੰ ਦੇ ਦਿੱਤੀ ਗਈ। ਨੱਠੇ ਹੋਏ ਪੁਜਾਰੀ ਸਰਬਰਾਹ ਅਤੇ ਡਿਪਟੀ ਕਮਿਸ਼ਨਰ ਦੇ ਕਹਿਣ ਤੇ ਵੀ ਹਾਜ਼ਰ ਨਾ ਹੋਏ ਜਿਸ ਦੇ ਡਿਪਟੀ ਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਦੇ ਪ੍ਰਬੰਧ ਲਈ ਗੁਰਦੁਆਰਾ ਸੁਧਾਰ ਲਹਿਰ ਦੇ ਹਾਮੀ 9 ਆਦਮੀਆਂ ਦੀ ਆਰਜ਼ੀ ਕਮੇਟੀ ਬਣਾ ਦਿੱਤੀ।

ਸਾਰੇ ਪੰਥ ਨੂੰ ਜਥੇਬੰਦ ਕਰ ਕੇ ਪੰਥ ਦੀ ਇਕ ਪ੍ਰਤਿਨਿਧ ਤੇ ਸਾਂਝੀ ਕਮੇਟੀ ਕਾਇਮ ਕਰਨ ਦੀ ਲੋੜ ਨੂੰ ਪ੍ਰਤੀਤ ਕਰ ਕੇ ਨਵੇਂ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੁਕਮਨਾਮਾ ਜਾਰੀ ਕੀਤਾ ਕਿ ਸਾਰਾ ਪੰਥ ਅਜਿਹੀ ਕਮੇਟੀ ਕਾਇਮ ਕਰਨ ਲਈ 15 ਨਵੰਬਰ, 1920 ਨੂੰ ਸ੍ਰੀ ਤਖ਼ਤ ਸਾਹਿਬ ਇਕੱਤਰ ਹੋਵੇ। 15-16 ਨਵੰਬਰ ਦੀ ਸਾਂਝੀ ਪੰਥਕ ਇਕਤੱਰਤਾ ਨੇ 175 ਆਦਮੀਆਂ ਦੀ ਇਕ ਪ੍ਰਤੀਨਿਧ ਕਮੇਟੀ ਚੁਣੀ ਜਿਸ ਦਾ ਨਾਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ। ਇਸ ਕਮੇਟੀ ਦੀ ਪਹਿਲੀ ਇਕਤੱਰਤਾ 12 ਦਸੰਬਰ, 1920 ਨੁੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ। ਇਸ ਇਕਤੱਰਤਾ ਵਿਚ ਅਹੁਦੇਦਾਰ ਚੁਣੇ ਗਏ ਅਤੇ ਨਿਯਮਾਂ ਦਾ ਖਰੜਾ ਤਿਆਰ ਕਰਨ ਲਈ ਇਕ ਸਬ ਕਮੇਟੀ ਨਿਯਤ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 30 ਅਪ੍ਰੈਲ, 1921 ਨੂੰ ਰਜਿਸਟਰ ਕਰਵਾਈ ਗਈ ਅਤੇ ਨਿਯਮਾਂ ਦੇ ਬਣਨ ਪਿੱਛੋਂ ਇਸ ਦੀ ਨਵੀਂ ਚੋਣ ਜੁਲਾਈ, 1921 ਵਿਚ ਕੀਤੀ ਗਈ। ਚੁਣੇ ਹੋਏ ਮੈਂਬਰਾਂ ਨੇ ਕੁੱਲ ਗਿਣਤੀ ਦਾ ਪੰਜਵਾਂ ਹਿੱਸਾ 14 ਅਗਸਤ ਨੂੰ ਨਾਮਜ਼ਦ ਕੀਤਾ ਅਤੇ ਮੁਕੰਮਲ ਕਮੇਟੀ ਦੀ ਇਕਤੱਰਤਾ 27 ਅਗਸਤ, 1921 ਨੂੰ ਹੋਈ।

ਗੁਰਦੁਆਰਾ ਸੁਧਾਰ ਕਮੇਟੀ ਨੇ ਵੱਡੇ ਉਤਸ਼ਾਹ ਅਤੇ ਧਰਮ ਭਾਵ ਨਾਲ ਗੁਰਦੁਆਰਿਆਂ ਦੇ ਸੁਧਾਰ ਦਾ ਕੰਮ ਆਰੰਭਿਆ। ਇਸ ਸੁਧਾਰ ਦੇ ਕੰਮ ਵਿਚ ਅਨੇਕਾਂ ਵਿਘਨ ਪਏ ਜਿਸ ਤੋਂ ਸਿੱਖ ਕੌਮ ਨੂੰ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਜਿਸ ਦਾ ਸੰਖੇਪ ਹਾਲ ਇਉਂ ਹੈ :–

25 ਜਨਵਰੀ, 1921 ਨੂੰ ਜਦ ਸ੍ਰੀ ਤਰਨਤਾਰਨ ਸਾਹਿਬ ਦੇ ਪੁਜਾਰੀਆਂ ਅਤੇ ਸਿੰਘਾਂ ਦੇ ਵਿਚਕਾਰ ਸਮਝੌਤੇ ਦੀਆਂ ਸ਼ਰਤਾਂ ਉੱਤੇ ਵਿਚਾਰ ਹੋ ਰਿਹਾ ਸੀ, ਪੁਜਾਰੀਆਂ ਨੇ ਇਕਦਮ ਛਵ੍ਹੀਆਂ, ਸੋਟਿਆਂ ਆਦਿ ਨਾਲ ਅਕਾਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ 17 ਸਿੰਘ ਜ਼ਖ਼ਮੀ ਹੋਏ। ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਸ਼ਹੀਦੀ ਪਾ ਗਏ।

ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਨਰਾਇਣ ਦਾਸ ਦੀਆਂ ਕੁਰੀਤੀਆਂ ਵੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜਨਰਲ ਇਕੱਤਰਤਾ ਵਿਚ 24 ਜਨਵਰੀ, 1921 ਨੂੰ ਇਹ ਮਤਾ ਪਾਸ ਕੀਤਾ ਕਿ 4,5, ਅਤੇ 6 ਮਾਰਚ ਨੂੰ ਨਨਕਾਣਾ ਸਾਹਿਬ ਵਿਚ ਇਕ ਭਾਰੀ ਦੀਵਾਨ ਕੀਤਾ ਜਾਵੇ ਜਿਸ ਵਿਚ ਸਾਰਾ ਪੰਥ ਇਕਤੱਰ ਹੋ ਕੇ ਮਹੰਤ ਨੂੰ ਕਹੇ ਕਿ ਉਹ ਆਪਣਾ ਸੁਧਾਰ ਕਰੇ। ਇਹ ਖ਼ਬਰ ਸੁਣ ਕੇ ਮਹੰਤ ਨੇ ਸੁਧਾਰ ਦੀ ਥਾਂ ਲੜਾਈ ਦਾ ਸਾਮਾਨ ਜਮ੍ਹਾ ਕਰਨਾ ਆਰੰਭ ਦਿੱਤਾ। 21 ਫ਼ਰਵਰੀ, 1921 ਨੂੰ 150 ਸਿੰਘਾਂ ਦਾ ਜੱਥਾ ਜੋ ਸ੍ਰੀ ਨਨਕਾਣਾ ਸਾਹਿਬ ਸੁਧਾਰ ਦਾ ਭਾਵ ਲੈ ਕੇ ਦਰਸ਼ਨ ਕਰਨ ਗਿਆ ਸੀ, ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਇਨ੍ਹਾਂ ਵਿਚੋਂ ਕੁਝ ਸਿੰਘ ਗੋਲੀਆਂ, ਛਵ੍ਹੀਆਂ ਅਤੇ ਗੰਡਾਸਿਆਂ ਨਾਲ ਮਾਰੇ ਗਏ, ਕੁਝ ਜ਼ਿੰਦਾ ਹੀ ਤੇਲ ਪਾ ਕੇ ਸਾੜੇ ਗਏ। ਇਸ ਭਿਅੰਕਰ ਘਟਨਾ ਪਿੱਛੋਂ ਸਰਕਾਰ ਨੇ ਸ਼ਾਮ ਨੂੰ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀਆਂ।

ਕਿਸੇ ਗਲਤ ਫ਼ਹਿਮੀ ਦੇ ਕਾਰਨ 7 ਨਵੰਬਰ, 1921 ਨੂੰ ਹਰਿਮੰਦਰ ਸਾਹਿਬ ਦੇ ਤੋਸ਼ੇਖ਼ਾਨੇ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਨੇ ਸ਼੍ਰੋਮਣੀ ਕਮੇਟੀ ਤੋਂ ਲੈ ਲਈਆਂ ਜਿਸ ਤੇ ਮਾਮਲਾ ਬਹੁਤ ਵਧਿਆ ਅਤੇ ਬਹੁਤ ਸਿੰਘਾਂ ਨੂੰ ਜੇਲ੍ਹ ਜਾਣਾ ਪਿਆ। ਅੰਤ 19 ਜਨਵਰੀ, 1922 ਨੂੰ ਚਾਬੀਆਂ ਸਰਦਾਰ ਖੜਕ ਸਿੰਘ (ਪ੍ਰਧਾਨ ਸ਼੍ਰੋਮਣੀ ਕਮੇਟੀ) ਦੇ ਸਪੁਰਦ ਕੀਤੀਆਂ ਗਈਆਂ।

8 ਅਗਸਤ, 1922 ਨੂੰ ਲੰਗਰ ਦੀਆਂ ਲੱਕੜਾਂ ਬਾਬਤ ਗੁਰਦੁਆਰਾ ਗੁਰੂ ਕੇ ਬਾਗ (ਘੁੱਕੇਵਾਲੀ) ਦਾ ਮਾਮਲਾ ਇੰਨਾ ਵਧਿਆ ਕਿ 12 ਅਗਸਤ ਤੋਂ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ ਅਤੇ ਪੁਲਿਸ ਵੱਲੋਂ ਸਖ਼ਤ ਮਾਰ-ਕੁਟਾਈ ਹੋਈ। ਸਰ ਗੰਗਾ ਰਾਮ ਨੇ ਇਹ ਝਗੜਾ 17 ਨਵੰਬਰ ਨੂੰ ਵਿਚ ਪੈ ਕੇ ਸ਼ਾਂਤ ਕੀਤਾ। ਇਸ ਮੋਰਚੇ ਵਿਚ ਗ੍ਰਿਫ਼ਤਾਰੀਆਂ ਦੀ ਗਿਣਤੀ 5605 ਤਕ ਪਹੁੰਚ ਗਈ ਸੀ ਜਿਨ੍ਹਾਂ ਵਿਚੋਂ 35 ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ।

ਇਸ ਤਰ੍ਹਾਂ ਜੈਤੋ ਦੇ ਇਤਿਹਾਸਕ ਗੁਰਦੁਆਰੇ ਵਿਖੇ 14 ਸਤੰਬਰ, 1923 ਨੂੰ ਅਖੰਡ ਪਾਠ ਬਾਬਤ ਅਕਾਲੀ ਦਲ ਅਤੇ ਨਾਭਾ ਰਿਆਸਤ ਦੇ ਐਡਮਿਨਸਟ੍ਰੇਟਰ ਵਿਲਸਨ ਜੌਹਨਸਟਨ ਦੀ ਗ਼ਲਤਫ਼ਹਿਮੀ ਤੋਂ ਮਾਮਲਾ ਇੰਨਾ ਵਧਿਆ ਕਿ 21 ਫ਼ਰਵਰੀ, 1924 ਨੂੰ ਅਕਾਰਨ ਗੋਲੀ ਚੱਲੀ ਅਤੇ ਕਈ ਜਾਨਾਂ ਦਾ ਨੁਕਸਾਨ ਹੋਇਆ। ਅੰਤ ਨੂੰ 21 ਜੁਲਾਈ, 1925 ਨੂੰ 101 ਅਖੰਡ ਪਾਠ ਆਰੰਭੇ ਗਏ ਅਤੇ 6 ਅਗਸਤ ਨੂੰ ਭੋਗ ਪੈ ਕੇ ਸ਼ਾਂਤੀ ਹੋਈ। ਇਹ ਸੁਧਾਰ-ਲਹਿਰ ਵਿਚ ਇਕ ਹੋਰ ਜ਼ਰੂਰੀ ਅਤੇ ਉੱਤਮ ਕੰਮ ਇਹ ਹੋਇਆ ਕਿ ਸ੍ਰੀ ਅੰਮ੍ਰਿਤਸਰ ਜੀ ਦੇ ਸਰੋਵਰ ਦੀ ਕਾਰ ਸੇਵਾ ਕੀਤੀ ਗਈ। ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ੍ਰੀ ਅੰਮ੍ਰਿਤਸਰ ਪੁੱਜੀਆਂ ਅਤੇ ਪੰਥ ਦੇ ਹਰੇਕ ਫ਼ਿਰਕੇ ਅਤੇ ਦਰਜੇ ਦੇ ਸ਼ਰਧਾਲੂਆਂ ਨੇ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਸੇਵਾ ਕੀਤੀ। ਕਾਰ ਸੇਵਾ 17 ਜੂਨ, 1923 ਨੂੰ ਆਰੰਭ ਕੀਤੀ ਗਈ।

ਗੁਰਦੁਆਰਾ ਸੁਧਾਰ-ਲਹਿਰ ਦੀ ਤੇਜ਼ੀ ਅਤੇ ਸਿੱਖਾਂ ਦੇ ਦਿਲੀ ਜਜ਼ਬਾਤ ਨੂੰ ਵੇਖ ਕੇ ਸਰਕਾਰ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਇਸ ਲਈ 16 ਫ਼ਰਵਰੀ, 1921 ਨੂੰ ਇਕ ਪੜਤਾਲੀਆ ਕਮੇਟੀ ਬਣਾਉਣ ਦਾ ਐਲਾਨ ਸਰਕਾਰ ਨੇ ਕੀਤਾ। ਸ਼ੇਖ ਅਸਗਰਵਰ ਅਲੀ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਕਮੇਟੀ ਦੇ ਪ੍ਰਤਿਨਿਧਾਂ ਅਤੇ ਮਹੰਤਾਂ ਦੀ ਇਕ ਕਾਨਫ਼ਰੰਸ ਕਰਨ ਦਾ ਫ਼ੈਸਲਾ ਹੋਇਆ ਪਰ ਇਹ ਸਕੀਮ ਵਿਚੇ ਹੀ ਰਹਿ ਗਈ। ਫ਼ਿਰ 14 ਮਾਰਚ, 1921 ਨੂੰ ਮੀਆਂ ਫ਼ਜ਼ਲ ਹੁਸੈਨ ਨੇ ਪੰਜਾਬ ਕੌਂਸਲ ਵਿਚ ਇਕ ਮਤਾ ਪੇਸ਼ ਕੀਤਾ ਕਿ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਨੂੰ ਠੀਕ ਕਰਨ ਲਈ ਬਿਲ ਪੇਸ਼ ਹੋਣਾ ਚਾਹੀਦਾ ਹੈ। ਬਿਲ ਦੇ ਬਣਨ ਤਕ ਤਿੰਨ ਮੈਂਬਰਾਂ ਦਾ ਇਕ ਗੁਰਦੁਆਰਾ ਕਮਿਸ਼ਨ ਨੀਯਤ ਕਰਨ ਦਾ ਫ਼ੈਸਲਾ ਹੋਇਆ ਪਰ ਸਰਕਾਰ ਨੇ ਗੁਰਦੁਆਰਾ ਕਮਿਸ਼ਨ ਦਾ ਸਵਾਲ ਛੱਡ ਕੇ ਗੁਰਦੁਆਰਾ ਬਿਲ 5 ਅਪ੍ਰੈਲ ਨੂੰ ਪੇਸ਼ ਕਰਨ ਦਾ ਫ਼ੈਸਲਾ ਕੀਤਾ ਪਰ ਇਹ ਕਾਰਵਾਈ ਵੀ ਸਫ਼ਲ ਨਾ ਹੋਈ। ਅੰਤ ਨੂੰ ਵੱਡੀ ਬਹਿਸ ਅਤੇ ਕੋਸ਼ਿਸ਼ ਦੇ ਪਿੱਛੋਂ ਗੁਰਦੁਆਰਾ ਕਾਨੂੰਨ ਨੰ. 8 ਸੰਨ 1925 (ਦੀ ਸਿੱਖ ਗੁਰਦੁਆਰਾ ਐਕਟ 1925) ਪਾਸ ਹੋਇਆ ਜਿਸ ਦੀ ਮਨਜ਼ੂਰੀ ਗਵਰਨਰ ਜਨਰਲ ਨੇ 28 ਜੁਲਾਈ, 1925 ਨੂੰ ਦਿੱਤੀ। ਇਸ ਐਕਟ ਉੱਤੇ 1 ਨਵੰਬਰ, 1925 ਤੋਂ ਅਮਲ ਆਰੰਭ ਹੋਇਆ।

ਇਸ ਗੁਰਦੁਆਰਾ ਕਾਨੂੰਨ ਅਨੁਸਾਰ ਗੁਰਦੁਆਰਾ ਸੈਂਟ੍ਰਲ ਬੋਰਡ ਦੇ ਚੁਣੇ ਹੋਏ ਮੈਂਬਰਾਂ ਦੀ ਇਕਤੱਰਤਾ 4 ਸਤੰਬਰ, 1926 ਨੂੰ ਟਾਊਨਹਾਲ, ਅੰਮ੍ਰਿਤਸਰ ਵਿਚ ਹੋਈ ਅਤੇ 14 ਮੈਂਬਰ ਚੁਣੇ ਗਏ। ਪੂਰੇ ਸੈਂਟ੍ਰਲ ਬੋਰਡ ਦੀ ਪਹਿਲੀ ਇਕੱਤਰਤਾ 2 ਅਕਤੂਬਰ, 1926 ਨੂੰ ਟਾਊਨਹਾਲ ਵਿਖੇ ਹੋਈ ਜਿਸ ਵਿਚ ਅਹੁਦੇਦਾਰਾਂ ਅਤੇ ਅੰਤਰਿੰਗ ਕਮੇਟੀ ਦੀ ਚੋਣ ਦੇ ਪਿੱਛੋਂ ਮਤਾ ਪਾਸ ਹੋਇਆ ਕਿ ਇਸ ਦਾ ਨਾਂ ਸੈਂਟ੍ਰਲ ਬੋਰਡ ਦੀ ਥਾਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ ਜਾਵੇ। ਸਰਕਾਰ ਨੇ ਇਹ ਨਾਂ ਆਪਣੇ ਨੋਟੀਫ਼ਿਕੇਸ਼ਨ ਵਿਚ 17 ਜਨਵਰੀ, 1927, ਰਾਹੀਂ ਪ੍ਰਵਾਨ ਕਰ ਲਿਆ। ਪੁਰਾਣੀ ਸ਼੍ਰੋਮਣੀ ਕਮੇਟੀ ਨੇ ਨਵੀਂ ਸ਼੍ਰੋਮਣੀ ਕਮੇਟੀ ਨੂੰ 27 ਨਵੰਬਰ, 1927 ਨੂੰ ਚਾਰਜ ਦੇਣਾ ਆਰੰਭ ਕੀਤਾ ਅਤੇ 4 ਦਸੰਬਰ, 1927 ਤਕ ਮੁਕੰਮਲ ਚਾਰਜ ਦੇ ਕੇ ਆਪਣੇ ਆਪ ਨੂੰ ਉਸ ਵਿਚ ਲੀਨ ਕਰ ਦਿੱਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਦੇ ਵਿਚਾਰਵਾਨ ਸਾਰੇ ਜੱਥੇ ਅਤੇ ਸਮਾਜ ਦਿਲੋਂ ਚਾਹੁੰਦੇ ਸਨ ਕਿ ਗੁਰਦੁਆਰਿਆਂ ਦਾ ਪ੍ਰਬੰਧ ਹੋਰਨਾਂ ਲਈ ਉਦਾਹਰਣ ਰੂਪ ਹੋਵੇ ਪਰ ਜਦ ਤੀਕ :

   (ੳ) ਗੁਰਦੁਆਰਿਆਂ ਦੇ ਸੇਵਕ ਗੁਰਮਤਿ ਦੇ ਪੂਰੇ ਗਿਆਤਾ, ਵਿਦਵਾਨ ਅਤੇ ਸਦਾਚਾਰੀ ਨਹੀਂ ਹੁੰਦੇ;

   (ਅ) ਜਦ ਤੀਕ ਉਦਾਸੀ, ਨਿਹੰਗ, ਨਿਰਮਲੇ ਆਦਿਕ ਫ਼ਿਰਕੇ ਤਅੱਸਬ ਛੱਡ ਕੇ ਆਪਣੇ ਤਾਈਂ ਇਕ ਪਿਤਾ ਦੇ ਪੁੱਤਰ ਜਾਣ ਕੇ ਭਰਾਤ੍ਰੀਭਾਵ ਦੇ ਵਰਤਾਉ ਨਹੀਂ ਕਰਦੇ;

    (ੲ) ਜਦ ਤੀਕ ਮਾਇਆ ਦੇ ਜਾਲ ਤੋਂ ਮੁਕਤ ਹੋ ਕੇ ਨਿਸ਼ਕਾਮ ਸੇਵਾ ਨੂੰ ਆਪਣਾ ਆਦਰਸ਼ ਨਹੀਂ ਬਣਾਉਂਦੇ; ਤਦ ਤੀਕ ‘ਸੁਧਾਰ’ ਅਤੇ ‘ਪ੍ਰਬੰਧ’ ਕੇਵਲ ਲਿਖਣ ਅਤੇ ਬੋਲਣ ਵਿਚ ਹੀ ਰਹਿਣਗੇ। ਉਦੋਂ ਤੀਕ ਇਹ ਪ੍ਰਬੰਧ ਉਦਾਹਰਣ ਦਾ ਰੂਪ ਧਾਰਨ ਕਰਨ ਦੇ ਅਸਮਰੱਥ ਰਹੇਗਾ।

 ਗੁਰਦੁਆਰਿਆਂ ਦੇ ਸੇਵਕਾਂ ਨੂੰ ਅੰਮ੍ਰਿਤ ਵੇਲੇ ਨਿਤਨੇਮ ਨਾਲ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਦਾ ਪਾਠ ਕਰਨਾ ਚਾਹੀਦਾ ਹੈ: –

              ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ

               ਨਾਉ ਮੈਂ ਜੋ ਆਗ ਲਾਗੈ ਕੈਸੇ ਕੈ ਬੁਝਾਈਐ ।

              ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ੍ਹ

             ਗੜ੍ਹ ਮੈਂ ਜੋ ਲੂਟੀ ਲੀਜੈ ਕਹੋ ਕਤ ਜਾਈਐ ।

              ਚੋਰਨ ਕੇ ਤ੍ਰਾਸ ਜਾਇ ਸ਼ਰਨ ਗਹੈ ਨਰਿੰਦ

               ਮਾਰੇ ਮਹੀਪਤਿ ਜੀਉ ਕੈਸੇ ਕੈ ਬਚਾਈਐ ।

                ਮਾਯਾ ਡਾਰ ਡਰਪਤ ਹਾਰ ਗੁਰਦਵਾਰੇ ਜਾਵੇ

                 ਤਹਾਂ ਜੋ ਮਾਯਾ ਬਿਆਪੈ ਕਹਾਂ ਠਹਿਰਾਈਐ ।

                                                                           (ਕਬਿੱਤ 544)

   ਗੁਰਦੁਆਰਿਆਂ ਦੇ ਸੇਵਕਾਂ ਨੂੰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸੰਤ ਅਲਮਸਤ ਜੀ, ਭਾਈ ਕਨ੍ਹਈਆ ਜੀ, ਭਾਈ ਮਾਨ ਸਿੰਘ ਜੀ ਅਤੇ ਮਹਾਤਮਾ ਗੁਰਬਖਸ਼ ਸਿੰਘ ਜਿਹੇ ਗ੍ਰੰਥੀ, ਧਰਮ-ਪ੍ਰਚਾਰਕ ਅਤੇ ਮਹੰਤ ਗੁਰਸਿੱਖਾਂ ਦੀਆਂ ਮਹਾਨ ਜੀਵਨੀਆਂ ਨੂੰ ਉਪਦੇਸ਼ਕ ਮੰਨ ਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਮ ਵਿਸ਼ਵ ਭਰ ਦੇ ਧਰਮ ਅਨੁਯਾਈਆਂ ਨੂੰ ਚਾਨਣਮੁਨਾਰੇ ਦਾ ਕੰਮ ਦੇਵੇ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-04-22-43, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ. : 416, 533

ਗੁਰਦੁਆਰਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਗੁਰਦੁਆਰਾ : ਭਾਵ ਗੁਰੂ ਦਾ ਦੁਆਰਾ ਜਾਂ ਘਰ, ਜਿਸ ਸਾਂਝੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਵਿੱਚ ਗੁਰਦੁਆਰੇ ਦਾ ਸਮਾਨਾਰਥਕ ਸ਼ਬਦ ਧਰਮਸਾਲ ਵੀ ਵਰਤਿਆ ਜਾਂਦਾ ਸੀ। ਭਾਈ ਗੁਰਦਾਸ ਜੀ ਨੇ ਦੱਸਿਆ ਕਿ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ, ਉਹ ਪੂਜਾ-ਸਥਾਨ ਬਣ ਗਏ ਤੇ “ਘਰਿ ਘਰਿ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ।” ਗੁਰਦੁਆਰਾ ਸਿੱਖ ਧਰਮ-ਪ੍ਰਚਾਰ ਦਾ ਕੇਂਦਰ ਹੈ ਜਿਸ ਲਈ ਪਹਿਲਾਂ ਮੰਜੀ ਸਾਹਿਬ, ਧਰਮਸਾਲ ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ ਪਹਿਲਾਂ ਧਰਮਸਾਲ ਵਿੱਚ ਉਸ ਖੇਤਰ ਦੇ ਮੁਖੀਏ ਜਾਂ ਮਸੰਦ ਸੰਗਤ ਇਕੱਤਰ ਕਰਦੇ ਸਨ ਤੇ ਉਹਨਾਂ ਨੂੰ ਗੁਰ-ਉਪਦੇਸ਼ ਦ੍ਰਿੜ੍ਹ ਕਰਵਾਉਂਦੇ ਸਨ। ਇਹਨਾਂ ਧਰਮਸ਼ਾਲਾਵਾਂ ਲਈ ‘ਸੰਗਤ’ ਸ਼ਬਦ ਦੀ ਵਰਤੋਂ ਵੀ ਹੁੰਦੀ ਸੀ ਜਿਵੇਂ ਹੁਣ ਵੀ ਉੱਤਰ ਪ੍ਰਦੇਸ਼ ਜਾਂ ਬਿਹਾਰ ਵਿੱਚ ਗੁਰਧਾਮ ਵੱਡੀ ਸੰਗਤ ਜਾਂ ਛੋਟੀ ਸੰਗਤ ਨਾਂ ਨਾਲ ਪ੍ਰਸਿੱਧ ਹਨ। ਹੁਣ ਗੁਰਦੁਆਰਾ ਉਸ ਸਥਾਨ ਨੂੰ ਆਖਿਆ ਜਾਂਦਾ ਹੈ ਜਿਸ ਥਾਂ ਉੱਪਰ ਕਿਸੇ ਸਤਿਗੁਰੂ ਨੇ ਚਰਨ ਪਾਏ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਜਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਰੁਹਾਨੀ, ਸਮਾਜੀ ਤੇ ਨੈਤਿਕ ਸਿਧਾਂਤਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਹਨਾਂ ਸਥਾਨਾਂ ਵਿੱਚ ਅਰਾਮ ਕਰਨ ਲਈ ਸਰਾਂਵਾਂ, ਪ੍ਰਸ਼ਾਦੇ ਲਈ ਲੰਗਰ, ਸੰਗਤ ਲਈ ਕਥਾ ਕੀਰਤਨ ਤੇ ਵਿੱਦਿਆ ਆਦਿ ਦਾ ਪ੍ਰਬੰਧ ਗੁਰੂ ਮਰਿਆਦਾ ਅਨੁਸਾਰ ਕੀਤਾ ਗਿਆ ਹੈ। ਗੁਰਦੁਆਰੇ ਦਾ ਆਦਰਸ਼ਕ ਰੂਪ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਕੇ ਸਥਾਪਿਤ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪ ਕੇ ਪ੍ਰਬੰਧਕਾਂ ਲਈ ਪੂਰਨੇ ਪਾ ਦਿੱਤੇ। ਅਜਿਹੇ ਗੁਰਦੁਆਰਿਆਂ ਵਿੱਚ ਸਾਧ ਸੰਗਤ ਸਵੇਰੇ ਸ਼ਾਮ ਜੁੜਦੀ ਹੈ ਅਤੇ ਉੱਥੇ ਕਥਾ ਕੀਰਤਨ ਤੇ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਹੈ। ਗੁਰਦੁਆਰੇ ਦੋ ਪ੍ਰਕਾਰ ਦੇ ਹਨ : ਇਤਿਹਾਸਿਕ- ਜਿੱਥੇ ਗੁਰੂ ਸਾਹਿਬਾਨਾਂ ਨੇ ਚਰਨ ਪਾਏ ਜਾਂ ਕੋਈ ਕਾਰਨਾਮਾ ਕੀਤਾ ਜਿਵੇਂ ਯੁੱਧ, ਨਿਆਂ ਆਦਿ। ਦੂਸਰੇ ਆਮ ਗੁਰਦੁਆਰੇ ਜੋ ਸਿੱਖਾਂ ਨੇ ਆਪਣੇ ਪਿੰਡਾਂ-ਨਗਰਾਂ-ਸ਼ਹਿਰਾਂ ਵਿੱਚ ਧਰਮ ਕੇਂਦਰ ਵਜੋਂ ਸਥਾਪਿਤ ਕੀਤੇ ਤਾਂ ਕਿ ਉੱਥੇ ਸੰਗਤ ਇਕੱਤਰ ਹੋ ਕੇ ਤੇ ਗੁਰੂ-ਸਿਧਾਂਤਾਂ ਨਾਲ ਜੁੜੇ ਅਤੇ ਗੁਰਮਤਿ ਦਾ ਪ੍ਰਚਾਰ ਹੋਵੇ। ਗੁਰਦੁਆਰੇ/ਧਰਮਸਾਲ ਜਾਣ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਵੇਲੇ ਹੀ ਚੱਲ ਪਈ ਸੀ। ਸਿੱਖ ਉੱਥੇ ਜਾ ਕੇ ਪਿਆਰ ਨਾਲ ਗੁਰਬਾਣੀ ਸੁਣਦੇ ਸਨ। ਸੇਵਾ ਕਰਦੇ ਸਨ। ਲੰਗਰ ਤਿਆਰ ਕਰਕੇ ਸਿੱਖਾਂ ਤੇ ਹੋਰ ਲੋੜਵੰਦਾਂ ਨੂੰ ਛਕਾਉਂਦੇ ਸਨ। ਸਿੱਖ ਆਪਣੇ ਘਰ ਵਿਖੇ ਗੁਰਬਾਣੀ ਦਾ ਪਾਠ ਕਰ ਸਕਦਾ ਹੈ, ਨਾਮ ਜਪ ਸਕਦਾ ਹੈ ਪਰ ਗੁਰਸਿੱਖਾਂ ਦੇ, ਸਾਧ ਸੰਗਤ ਦੇ ਦਰਸ਼ਨ ਤਾਂ ਉਸ ਨੂੰ ਗੁਰਦੁਆਰੇ ਜਾ ਕੇ ਹੀ ਹੋ ਸਕਦੇ ਹਨ। ਇਸ ਲਈ ਹਰ ਸਿੱਖ ਦਾ ਗੁਰਦੁਆਰੇ ਜਾਣਾ ਜ਼ਰੂਰੀ ਕਰਮ ਹੈ। ਉੱਥੇ ਹੀ ਸਾਧ ਸੰਗਤ ਦੀ ਸੇਵਾ ਹੋ ਸਕਦੀ ਹੈ। ਇਹ ਸੇਵਾ ਸਮਾਜ ਵਿੱਚ ਦੁੱਖ-ਦਰਦ ਆਦਿ ਘਟਾਉਣ ਦਾ ਮਾਧਿਅਮ ਹੈ।

ਗੁਰਦੁਆਰਿਆਂ ਵਿੱਚ ਗ੍ਰੰਥੀ ਬੱਚਿਆਂ ਨੂੰ ਗੁਰਮੁਖੀ ਸਿਖਾਉਂਦੇ ਸਨ ਅਤੇ ਸ਼ੁੱਧ ਪਾਠ ਕਰਨ ਦੀ ਸਿੱਖਿਆ ਦਿੰਦੇ ਸਨ। ਸਿੱਖਾਂ ਵਿੱਚ ਲੜਕੀਆਂ ਨੂੰ ਵਿੱਦਿਆ ਦੇਣ ਦਾ ਅਰੰਭ ਵੀ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਨੇ ਅਰੰਭਿਆ। ਹੁਣ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਸਕੂਲ ਅਤੇ ਕਾਲਜ ਚਲਾਉਂਦੇ ਹਨ। ਭਾਵੇਂ ਇਹਨਾਂ ਸਕੂਲਾਂ ਵਿੱਚ ਗੁਰਮਤਿ ਦਾ ਅਧਿਐਨ ਨਹੀਂ ਕਰਵਾਇਆ ਜਾਂਦਾ। ਕਈ ਗੁਰਦੁਆਰਿਆਂ ਵਿੱਚ ਡਿਸਪੈਂਸਰੀਆਂ, ਦਵਾਖਾਨੇ ਜਾਂ ਡਾਕਟਰਾਂ ਦਾ ਪ੍ਰਬੰਧ ਹੈ ਜੋ ਰੋਗੀਆਂ ਨੂੰ ਮੁਫ਼ਤ ਜਾਂ ਲਾਗਤ ਮਾਤਰ ਮੁੱਲ ਤੇ ਦਵਾਈਆਂ ਆਦਿ ਦਿੰਦੇ ਹਨ। ਆਮ ਗੁਰਦੁਆਰਿਆਂ ਵਿੱਚ ਲੰਗਰਾਂ ਦਾ ਪ੍ਰਬੰਧ ਹੈ ਜਿੱਥੇ ਨਿਆਸਰੇ ਗ਼ਰੀਬ-ਗੁਰਬੇ ਤੇ ਲੋੜਵੰਦ ਰੱਜ ਕੇ ਪ੍ਰਸ਼ਾਦਾ ਛਕਦੇ ਹਨ। ਇਉਂ ਗੁਰਦੁਆਰਿਆਂ ਵਿੱਚ ਜਿੱਥੇ ਜਿਗਿਆਸੂਆਂ ਦੀ ਆਤਮਿਕ ਜਿਗਿਆਸਾ ਸ਼ਾਂਤ ਹੁੰਦੀ ਹੈ ਉੱਥੇ ਰੋਗ-ਸੋਗ ਦਾ ਇਲਾਜ ਤੇ ਉਦਰ ਪੂਰਤੀ ਦਾ ਪ੍ਰਬੰਧ ਵੀ ਹੁੰਦਾ ਹੈ ਜਿਸ ਨਾਲ ਸਮਾਜ ਵਿੱਚ ਖ਼ੁਸ਼ਹਾਲੀ ਆਉਂਦੀ ਹੈ।

ਗੁਰਦੁਆਰਾ ਸਾਹਿਬ ਲਈ ਤਿੰਨ ਗੱਲਾਂ ਲਾਜ਼ਮੀ ਹਨ 1. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਪੂਰਨ ਸਤਿਕਾਰ 2. ਨਿਸ਼ਾਨ ਸਾਹਿਬ : ਇਸ ਨਾਲ ਦੂਰੋਂ ਗੁਰਦੁਆਰੇ ਦਾ ਪਤਾ ਲੱਗਦਾ ਹੈ। ਇਹ ਸਿੱਖਾਂ ਦੀ ਚੜ੍ਹਦੀਕਲਾ ਦਾ ਪ੍ਰਤੀਕ ਵੀ ਹੈ। 3. ਨਗਾਰਾ : ਨਗਾਰਾ ਵਜਾ ਕੇ ਭੋਗ ਜਾਂ ਲੰਗਰ ਆਦਿ ਬਾਰੇ ਸੂਚਨਾ ਦਿੱਤੀ ਜਾਂਦੀ ਸੀ। ਹੁਣ ਭਾਵੇਂ ਲਾਊਡ ਸਪੀਕਰਾਂ ਨੇ ਇਹ ਕੰਮ ਸੰਭਾਲ ਲਿਆ। ਗੁਰਦੁਆਰਿਆਂ ਵਿੱਚ ਨਿੱਤ ਦੀ ਮਰਿਆਦਾ ਅਜਿਹੀ ਹੈ-ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਕੀਰਤਨ, ਕਥਾ-ਵਾਰਤਾ, ਅਨੰਦ ਸਾਹਿਬ ਦਾ ਪਾਠ ਤੇ ਮਗਰੋਂ ਅਰਦਾਸ, ਸਤਿ ਸ੍ਰੀ ਅਕਾਲ ਦਾ ਜੈਕਾਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਤੇ ਕੜਾਹ ਪ੍ਰਸ਼ਾਦਿ ਦੀ ਵੰਡ ਸ਼ਾਮਲ ਹੈ। ਸ਼ਾਮ ਦੇ ਦੀਵਾਨ ਵਿੱਚ ਗੁਰ ਇਤਿਹਾਸ ਦੀ ਕਥਾ, ਕੀਰਤਨ, ਰਹਿਰਾਸ ਤੇ ਕੀਰਤਨ ਸੋਹਿਲਾ ਪੜ੍ਹਨ ਮਗਰੋਂ ਮਹਾਰਾਜ ਦਾ ਸੁਖਾਸਨ ਦੀ ਰਸਮ ਸ਼ਾਮਲ ਹੈ।

ਕੀਰਤਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਮ-ਗ੍ਰੰਥ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਨੰਦ ਲਾਲ ਗੋਯਾ ਦੀ ਬਾਣੀ ਹੀ ਪ੍ਰਵਾਨਿਤ ਹੈ। ਕਿਸੇ ਹੋਰ ਕਵਿਤਾ ਆਦਿ ਦਾ ਕੀਰਤਨ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਕਥਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਂ ਭਾਈ ਗੁਰਦਾਸ ਜਾਂ ਭਾਈ ਨੰਦ ਲਾਲ ਦੀ ਬਾਣੀ ਦੀ ਹੋ ਸਕਦੀ ਹੈ। ਕਥਾ ਕੀਰਤਨ ਵਿੱਚ ਪ੍ਰਮਾਣ ਆਦਿ ਵੀ ਇਹਨਾਂ ਮਹਾਂਪੁਰਖਾਂ ਦੀ ਰਚਨਾ ਵਿੱਚੋਂ ਦਿੱਤੇ ਜਾ ਸਕਦੇ ਹਨ। ਸਿੱਖ ਵਿਚਾਰਵਾਨਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦਿਆਂ ਤਿਲ- ਫੁਲ ਭੇਟਾ ਕਰਕੇ ਮੱਥਾ ਟੇਕਣਾ, ਗੁਰੂ ਰੂਪ ਸਾਧ ਸੰਗਤ ਦੇ ਅਦਬ ਸਹਿਤ ਦਰਸ਼ਨ ਕਰਨੇ ਤੇ ਵਾਕ ਸੁਣਨਾ ਹੀ ਸਤਿਗੁਰੂ ਜੀ ਦੇ ਦਰਸ਼ਨ ਹਨ। ਇਕਾਗਰ ਚਿੱਤ ਬਾਣੀ ਸੁਣਨਾ ਤੇ ਪੜ੍ਹਨਾ ਹੀ ਸ਼ਬਦ-ਗੁਰੂ ਦਾ ਸਤਿਕਾਰ ਹੈ। ਗੁਰਦੁਆਰੇ ਗੁਰੂ ਜੀ ਦੀ ਹਜ਼ੂਰੀ ਵਿੱਚ ਆਰਤੀ ਉਤਾਰਨੀ, ਭੋਗ ਲਗਾਉਣਾ, ਦੀਵੇ ਜਾਂ ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਮਨਮਤਿ ਹੈ। ਮੱਥਾ ਟੇਕਦਿਆਂ ਮਾਇਆ ਆਦਿ ਗੁਰੂ ਦੀ ਗੋਲਕ ਵਿੱਚ ਪਾਉਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਸੰਭਾਲੀ ਗਈ ਮਾਇਆ ਦਾ ਹਿਸਾਬ-ਕਿਤਾਬ ਰੱਖਿਆ ਜਾ ਸਕਦਾ ਹੈ ਅਤੇ ਇਹ ਮਾਇਆ ਮਾਨਵਤਾ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਖ਼ਰਚ ਕੀਤੀ ਜਾ ਸਕਦੀ ਹੈ। ਸੰਸਥਾਗਤ ਕਾਰਜਾਂ ਨੂੰ ਚਲਾਉਣ ਲਈ ਮਾਇਆ ਜ਼ਰੂਰੀ ਹੈ।

ਗੁਰਦੁਆਰਿਆਂ ਵਿੱਚ ਗੁਰਪੁਰਬ ਮਨਾਉਣ ਦੀ ਮਰਯਾਦਾ ਹੈ ਕਿਉਂਕਿ ਇਉਂ ਇਕੱਤਰ ਹੋਈ ਸੰਗਤ ਨੂੰ ਸੰਬੰਧਿਤ ਗੁਰੂ ਜੀ ਦੇ ਜੀਵਨ ਤੇ ਵਿਚਾਰਾਂ ਤੋਂ ਪਰਿਚਿਤ ਕਰਵਾਇਆ ਜਾ ਸਕਦਾ ਹੈ। ਇਸ ਤਰ੍ਹਾਂ ਸੰਗਰਾਂਦ, ਮੱਸਿਆ, ਪੁੰਨਿਆ ਆਦਿ ਤੇ ਵੀ ਸੰਗਤਾਂ ਗੁਰਦੁਆਰਿਆਂ ਵਿੱਚ ਇੱਕਤਰ ਹੁੰਦੀਆਂ ਹਨ ਭਾਵੇਂ ਸਿੱਖ ਰਹਿਤ ਮਰਯਾਦਾ ਅਨੁਸਾਰ ਸਾਰੇ ਦਿਨ ਇੱਕੋ ਜਿੰਨੇ ਹੀ ਪਵਿੱਤਰ ਤੇ ਮਹੱਤਵਪੂਰਨ ਹਨ।

ਗੁਰਦੁਆਰਾ ਹੁਣ ਸਿੱਖ-ਸੰਸਥਾ ਦਾ ਰੂਪ ਧਾਰਨ ਕਰ ਗਿਆ ਹੈ ਜਿਸ ਕਾਰਨ ਇਸ ਦੇ ਪ੍ਰਬੰਧ ਨੂੰ ਚਲਾਉਣ ਲਈ ਪ੍ਰਬੰਧਕੀ ਅਮਲਾ ਨਿਯੁਕਤ ਕੀਤਾ ਜਾਂਦਾ ਹੈ। ਆਮਦਨ-ਖ਼ਰਚ ਦਾ ਹਿਸਾਬ-ਕਿਤਾਬ ਰੱਖਿਆ ਜਾਂਦਾ ਹੈ। ਪ੍ਰਬੰਧਕੀ ਕਮੇਟੀ ਬਣਾਈ ਜਾਂਦੀ ਹੈ। ਸਿੱਖ ਧਰਮ ਸਥਾਨਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਪ੍ਰਮੁਖ ਕਮੇਟੀਆਂ ਹਨ। ਇਹ ਗੁਰਦੁਆਰਿਆਂ ਦਾ ਪ੍ਰਬੰਧ ਵੀ ਕਰਦੀਆਂ ਹਨ ਅਤੇ ਸਿੱਖਾਂ ਦੇ ਕੌਮੀ ਮਸਲਿਆਂ ਬਾਰੇ ਵਿਚਾਰ ਵੀ ਕਰਦੀਆਂ ਹਨ, ਸਿੱਖਾਂ ਦੇ ਧਾਰਮਿਕ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਦੀਆਂ ਹਨ। ਜਦੋਂ ਸਿੱਖ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਉਸ ਦੇ ਮੁੱਖ ਮੰਤਵ ਸਨ 1. ਗੁਰਮਤਿ ਦੇ ਲੋਕਤੰਤਰੀ ਪ੍ਰਬੰਧ ਨੂੰ  ਗੁਰਦੁਆਰਾ ਪ੍ਰਬੰਧਾਂ ਵਿੱਚ ਲਾਗੂ ਕਰਕੇ ਸਰਕਾਰੀ ਪ੍ਰਬੰਧ ਜਾਂ ਦਖ਼ਲ ਨੂੰ ਖ਼ਤਮ ਕਰਨਾ। ਇਸ ਲਈ ਇਹ ਜ਼ਰੂਰੀ ਸੀ ਕਿ ਸਿੱਖ ਸੰਗਤ ਵਿੱਚ ਚੁਣੇ ਹੋਏ ਨੁਮਾਇੰਦੇ ਹੀ ਗੁਰਦੁਆਰਿਆਂ ਦਾ ਪ੍ਰਬੰਧ ਕਰਨ 2. ਗੁਰਮਤਿ ਦੇ ਸਰਬ-ਸਾਂਝੇ ਸੰਦੇਸ਼ ਮੁਤਾਬਕ ਗੁਰਦੁਆਰਿਆਂ ਨੂੰ ਜਾਤ-ਪਾਤ ਅਤੇ ਛੂਤ-ਛਾਤ ਦੇ ਵਿਚਾਰਾਂ ਤੋਂ ਮੁਕਤ ਕਰਨਾ 3. ਪੁਜਾਰੀਆਂ ਅਤੇ ਮਹੰਤਾਂ ਦੀ ਲੁੱਟ-ਖਸੁੱਟ ਅਤੇ ਚਰਿਤਰਹੀਨਤਾ ਵਾਲੇ ਕੰਮਾਂ ਦਾ ਖ਼ਾਤਮਾ ਕਰਨਾ 4. ਗੁਰੂ ਘਰ ਦੀ ਮਾਇਆ ਨੂੰ ਲੋੜਵੰਦਾਂ ਦੀ ਸਹਾਇਤਾ, ਵਿੱਦਿਆ ਦੇ ਪ੍ਰਸਾਰ, ਸਮਾਜ-ਭਲਾਈ ਦੇ ਕਾਰਜਾਂ ਤੇ ਧਰਮ ਪ੍ਰਚਾਰ ਲਈ ਵਰਤਣਾ 5. ਗੁਰਦੁਆਰਿਆਂ ਦੁਆਰਾ ਗੁਰਮਤਿ ਦੇ ਸ਼ੁੱਧ ਸਰੂਪ ਤੇ ਸਹੀ ਸੰਦੇਸ਼ ਨੂੰ ਆਮ ਲੋਕਾਂ ਵਿੱਚ ਪਹੁੰਚਾਉਣਾ। ਇਹਨਾਂ ਆਸ਼ਿਆਂ ਦੀ ਪ੍ਰਾਪਤੀ ਲਈ ਸਿੱਖਾਂ ਨੇ ਖ਼ੂਬ ਕੁਰਬਾਨੀਆਂ ਕੀਤੀਆਂ ਜਿਸ ਕਾਰਨ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਕੌਮ ਦੇ ਹੱਥਾਂ ਵਿੱਚ ਆ ਗਿਆ।

ਗੁਰਦੁਆਰਿਆਂ ਵਿੱਚ ਮੁੱਖ ਰੂਪ ਵਿੱਚ ਗੁਰਮਤਿ ਦਾ ਪ੍ਰਚਾਰ ਹੁੰਦਾ ਹੈ ਪਰ ਮੀਰੀ-ਪੀਰੀ ਦੇ ਸਿਧਾਂਤ ਕਾਰਨ ਸਿੱਖਾਂ ਨੇ ਬਹੁਤ ਸਾਰੇ ਮੋਰਚੇ ਗੁਰਦੁਆਰਿਆਂ ਵਿੱਚ ਲੱਗਾ ਕੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕੀਤਾ। ਇਉਂ ਗੁਰਦੁਆਰਾ ਸਿੱਖਾਂ ਦੀ ਰੁਹਾਨੀ ਤੇ ਦੁਨਿਆਵੀ ਤਰੱਕੀ ਲਈ ਇੱਕ ਕੇਂਦਰ ਬਣ ਗਿਆ ਹੈ।


ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3956, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-12-45-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.