ਗੁਰਪ੍ਰਸਾਦਿ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਪ੍ਰਸਾਦਿ. ਦੇਖੋ, ਗੁਰੁ ਅਤੇ ਪ੍ਰਸਾਦਿ. “ਅਜੂਨੀ ਸੈਭੰ ਗੁਰਪ੍ਰਸਾਦਿ.” (ਜਪੁ) ੨ ਗੁਰੁਕ੍ਰਿਪਾ ਕਰਕੇ. ਗੁਰੁਕ੍ਰਿਪਾ ਦ੍ਵਾਰਾ. “ਗੁਰਪ੍ਰਸਾਦਿ ਨਾਨਕ ਮਨਿ ਜਾਗਹੁ.” (ਸੁਖਮਨੀ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਪ੍ਰਸਾਦਿ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਪ੍ਰਸਾਦਿ: ਗੁਰਮਤਿ-ਭਗਤੀ ਦਾ ਇਕ ਪਰਿਭਾਸ਼ਿਕ ਸ਼ਬਦ। ਇਸ ਸ਼ਬਦ-ਯੁਗਲ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਦੁਆਰਾ ਮੂਲ-ਮੰਤ੍ਰ ਦੇ ਅੰਤ ਵਿਚ ਕੀਤੀ ਗਈ ਹੈ। ਇਸ ਤੋਂ ਆਸ਼ਾ ਇਹ ਹੈ ਕਿ ਮੂਲ-ਮੰਤ੍ਰ ਵਿਚ ਨਿਰਗੁਣ ਬ੍ਰਹਮ ਦੇ ਜੋ ਪ੍ਰੀਤਕਾਤਮਕ ਅਥਵਾ ਸੂਚਕ ਸ਼ਬਦ ਦਸੇ ਗਏ ਹਨ, ਉਨ੍ਹਾਂ ਪ੍ਰਤੀਕਾਂ ਵਾਲੀ ਪਰਮ-ਸੱਤਾ ਨੂੰ ਪ੍ਰਾਪਤ ਕਰਨ ਦੀ ਇੱਛਾ ਹਰ ਕਿਸੇ ਜਿਗਿਆਸੂ ਦੇ ਮਨ ਵਿਚ ਪੈਦਾ ਹੋ ਸਕਦੀ ਹੈ। ਪ੍ਰਸ਼ਨ ਉਠਦਾ ਹੈ ਕਿ ਉਹ ਪ੍ਰਾਪਤੀ ਕਿਵੇਂ ਜਾਂ ਕਿਸ ਸਾਧਨ ਦੁਆਰਾ ਹੋਵੇ ?

ਗੁਰੂ ਨਾਨਕ ਦੇਵ ਨੇ ਇਸ ਜਿਗਿਆਸਾ ਦਾ ਸਮਾਧਾਨ ਕਰਦੇ ਹੋਇਆਂ ‘ਗੁਰ-ਪ੍ਰਸਾਦਿ’ ਉਕਤੀ ਦੀ ਵਰਤੋਂ ਕੀਤੀ ਹੈ। ਇਸ ਦਾ ਅਰਥ ਹੈ ਗੁਰੂ ਦੀ ਕ੍ਰਿਪਾ ਜਾਂ ਮਿਹਰ ਦੁਆਰਾ। ਇਹ ਗੱਲ ਕੇਵਲ ਮੂਲ-ਮੰਤ੍ਰ ਵਿਚ ਹੀ ਨਹੀਂ ਕਹੀ ਗਈ, ਸਗੋਂ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਇਹ ਭਾਵਨਾ ਕਿਸੇ ਨ ਕਿਸੇ ਰੂਪ ਵਿਚ ਪ੍ਰਗਟਾਈ ਹੋਈ ਮਿਲ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਮਾਨਤਾ ਦੀ ਸਥਾਪਨਾ ਆਪਣੀ ਬਾਣੀ ਵਿਚ ਕਈ ਥਾਂਵਾਂ ਉਤੇ ਕੀਤੀ ਹੈ, ਜਿਵੇਂ —ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ (ਗੁ.ਗ੍ਰੰ.936); ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜਿਆਰਾ (ਗੁ.ਗ੍ਰੰ.353)।

            ਪਰਮਾਤਮਾ ਨਾਲ ਮਿਲਾ ਦੇਣ ਵਾਲੇ ਜਾਂ ਮਨੁੱਖ ਦੇ ਜੀਵਨ ਦੇ ਪਰਮ-ਮਨੋਰਥ ਨੂੰ ਪ੍ਰਾਪਤ ਕਰਾ ਦੇਣ ਵਾਲੇ ਗੁਰੂ ਦੇ ਸਰੂਪ ਦਾ ਚਿਤ੍ਰਣ ਵੀ ਗੁਰੂ ਗ੍ਰੰਥ ਸਾਹਿਬ ਵਿਚ ਬੜੀ ਸ਼ਿਦਤ ਅਤੇ ਵਿਸਤਾਰ ਨਾਲ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਆਪ ਵੀ ਸਪੱਸ਼ਟ ਕੀਤਾ ਹੈ ਕਿ ਗੁਰੂ ਤੋਂ ਬਿਨਾ ਪਰਮਾਤਮਾ ਨੂੰ ਕਿਸੇ ਨੇ ਵੀ ਪ੍ਰਾਪਤ ਨਹੀਂ ਕੀਤਾ ਹੈ। ਸਤਿਗੁਰੂ ਦੇ ਮਿਲਣ ਨਾਲ ਮਨੁੱਖ ਦੇ ਅੰਦਰੋਂ ਮੋਹ-ਪਾਸ਼ ਖ਼ਤਮ ਹੋ ਜਾਂਦਾ ਹੈ, ਕਿਉਂਕਿ ਗੁਰੂ ਵਿਚ ਪਰਮਾਤਮਾ ਖ਼ੁਦ ਵਸਦਾ ਹੈ— ਬਿਨੁ ਸਤਿਗੁਰੁ ਕਿਨੈ ਪਾਇਓ ਬਿਨੁ ਸਤਿਗੁਰੁ ਕਿਨੈ ਪਾਇਆ ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ (ਗੁ.ਗ੍ਰੰ.466)। ਗੁਰੂ ਦੀ ਪ੍ਰਾਪਤੀ ਪਰਮਾਤਮਾ ਦੀ ਕ੍ਰਿਪਾ ਉਤੇ ਆਧਾਰਿਤ ਹੈ— ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ (ਗੁ.ਗ੍ਰੰ.465)।

            ਸਾਫ਼ ਹੈ ਕਿ ਬ੍ਰਹਮ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਰਾਹੀਂ ਅਤੇ ਗੁਰੂ ਦੀ ਪ੍ਰਾਪਤੀ ਬ੍ਰਹਮ ਦੀ ਕ੍ਰਿਪਾ ਨਾਲ ਹੁੰਦੀ ਹੈ। ਇਸ ਤਰ੍ਹਾਂ ਬ੍ਰਹਮ ਅਤੇ ਗੁਰੂ ਇਕੋ ਸੱਤਾ ਦੇ ਭਿੰਨ ਭਿੰਨ ਰੂਪ ਹਨ। ਪਰਮਾਤਮਾ ਦਾ ਸੰਸਾਰ ਵਿਚ ਵਿਚਰਦਾ ਸਥੂਲ (ਸ਼ਰੀਰਧਾਰੀ) ਰੂਪ ਗੁਰੂ ਹੈ ਅਤੇ ਗੁਰੂ ਦਾ ਸੂਖਮ (ਨਿਰਗੁਣ) ਰੂਪ ਪਰਮਾਤਮਾ ਹੈ। ਵੇਖੋ ‘ਗੁਰੂ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰਪ੍ਰਸਾਦਿ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰਪ੍ਰਸਾਦਿ :  ‘ਗੁਰ–ਪ੍ਰਸਾਦਿ’ ਗੁਰੂ ਨਾਨਕ ਦੇਵ ਦੁਆਰਾ ‘ਜਪੁਜੀ’ ਦੇ ਆਰੰਭ ਵਿਚ ਲਿਖੇ ਗਏ ਸਿੱਖੀ ਜਾਂ ਗੁਰਮਤ ਦੇ ਮੂਲ ਮੰਤ੍ਰ ਦੇ ਅੰਤਲੇ ਸ਼ਬਦ ਹਨ। ਪ੍ਰਸਾਦ ਦਾ ਅਰਥ ਕਿਰਪਾ ਜਾਂ ਮੇਹਰਬਾਨੀ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦਾ ਅਰਥ ਹੈ ਕਿ ਵਾਹਿਗੁਰੂ ਦੀ ਨੇੜਤਾ ਜਾਂ ਪ੍ਰਾਪਤੀ ਸਤਿਗੁਰ ਦੀ ਕਿਰਪਾ ਦੁਆਰਾ ਹੁੰਦੀ ਹੈ।

     [ਸਹਾ. ਗ੍ਰੰਥ––ਮ. ਕੋ. ; ਪ੍ਰੋ.ਸਾਹਿਬ ਸਿੰਘ : ‘ਜਪੁ ਸਾਹਿਬ ਸਟੀਕ’]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.