ਗੁਰਮਤਿ-ਕਾਵਿ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰਮਤਿ-ਕਾਵਿ: ਗੁਰਮਤਿ-ਕਾਵਿ ਧਾਰਾ ਮੱਧ-ਕਾਲੀਨ ਪੰਜਾਬ ਦੀਆਂ ਸੂਫ਼ੀ-ਕਾਵਿ, ਕਿੱਸਾ-ਕਾਵਿ ਅਤੇ ਬੀਰ- ਕਾਵਿ ਧਾਰਾਵਾਂ ਦੇ ਸਮਾਨਾਂਤਰ ਹੀ ਪ੍ਰਵਾਹਮਾਨ ਰਹੀ ਹੈ। ਫਿਰ ਵੀ ਇਹ ਧਾਰਾ ਆਪਣੇ ਗੁਣਾਂ-ਲੱਛਣਾਂ, ਆਪਣੀ ਮਾਨ-ਮਰਯਾਦਾ ਅਤੇ ਆਪਣੇ ਉਦੇਸ਼-ਸੰਦੇਸ਼ ਕਰ ਕੇ ਨਵੇਕਲੀ ਹੈ।

     ‘ਗੁਰਮਤਿ’ ਸ਼ਬਦ ਵਿੱਚ ‘ਗੁਰੂ’ ਅਤੇ ‘ਮਤਿ’ ਨੂੰ ਦੋ ਵੱਖ-ਵੱਖ ਸ਼ਬਦਾਂ ਵਿੱਚ ਖੋਲ੍ਹੀਏ ਤਾਂ ਸਮੁੱਚਾ ਅਰਥ ਗੁਰੂ ਦੀ ਮਤ ਜਾਂ ਰਾਇ, ਗੁਰੂ ਰਾਹੀਂ ਸਥਾਪਿਤ ਮਾਨਤਾ ਜਾਂ ਗੁਰੂ ਦੀ ਦੱਸੀ ਜੀਵਨ-ਜਾਚ ਬਣਦਾ ਹੈ। ਇਸ ਤਰ੍ਹਾਂ ਗੁਰਮਤਿ-ਕਾਵਿ ਧਾਰਾ ਕਵਿਤਾ ਦਾ ਇੱਕ ਅਜਿਹਾ ਚਮਤਕਾਰੀ ਅਤੇ ਭਰਪੂਰ ਵਰਤਾਰਾ ਹੈ, ਜੋ ਗੁਰੂ ਦੀ ਦਾਨਾਈ (ਸਿਆਣਪ) ਨਾਲ ਆਦਰਸ਼ ਮਨੁੱਖ ਦੇ ਨਿਰਮਾਣ ਦੀ ਸੰਭਾਵਨਾ ਪੈਦਾ ਕਰਦਾ ਹੈ।

     ਗੁਰਮਤਿ-ਕਾਵਿ ਦੀ ਰਚਨਾ-ਵਿਧੀ ਇੱਕ ਵਿਸ਼ਾਲ ਉਦਾਰ ਦਰਿਆ ਦੇ ਵਹਿਣ ਵਰਗੀ ਹੈ। ਇਹ ਆਪਣੇ ਸਮੇਂ ਦੀ ਸਭ ਤੋਂ ਜੀਵੰਤ ਧਾਰਾ ਹੈ, ਜਿਸ ਨਾਲ ਉਸ ਵੇਲੇ ਦੀਆਂ ਉਹ ਸਾਰੀਆਂ ਧਾਰਾਵਾਂ ਜੁੜ ਗਈਆਂ, ਜੋ ਮਨੁੱਖ ਦੇ ਰੂਹਾਨੀ ਵਿਕਾਸ ਲਈ ਵਚਨਬੱਧ ਸਨ।

     ਗੁਰਮਤਿ ਧਾਰਾ ਦੇ ਮੋਢੀ ਗੁਰੂ ਨਾਨਕ ਦੇਵ ਹਨ। ਇਸ ਧਾਰਾ ਦਾ ਮੁੱਢਲਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ। ਇਸ ਗ੍ਰੰਥ ਨੂੰ ਸਿੱਖ ਧਰਮ ਵਿੱਚ ਗੁਰੂ ਦਾ ਦਰਜਾ ਹਾਸਲ ਹੈ। ਇਹ ਵਡਿਆਈ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ। ਇਹ ਗ੍ਰੰਥ ਮੱਧ-ਕਾਲੀਨ ਭਾਰਤ ਦੀ ਅਧਿਆਤਮਿਕ ਵਿਰਾਸਤ ਦਾ ਇੱਕ ਗੌਰਵਮਈ ਚਿੰਨ੍ਹ ਹੈ।

     ਗੁਰੂ ਗ੍ਰੰਥ ਸਾਹਿਬ 1430 ਪੰਨਿਆਂ ਦਾ ਇੱਕ ਮਹਾਂ-ਗ੍ਰੰਥ ਹੈ, ਜਿਸ ਦਾ ਸੰਪਾਦਨ ਪੰਜਵੇਂ ਗੁਰੂ ਅਰਜਨ ਦੇਵ ਨੇ 1604 ਵਿੱਚ ਕੀਤਾ। ਇਸ ਗ੍ਰੰਥ ਦੀ ਜਟਿਲ ਸੰਪਾਦਨ- ਕਲਾ ਆਪਣੇ-ਆਪ ਵਿੱਚ ਇੱਕ ਵਿਲੱਖਣ ਪ੍ਰਾਪਤੀ ਹੈ। ਇਸ ਦੀ ਕੀਰਤਨ-ਸ਼ੈਲੀ ਵਿੱਚ ਕਲਾਸੀਕਲ ਰਾਗਾਂ ਵਾਲੀ ਬੰਦਸ਼ ਵੀ ਹੈ ਅਤੇ ਲੋਕ-ਕਾਵਿ ਰੂਪਾਂ ਅਤੇ ਲੋਕ-ਛੰਦਾਂ ਵਾਲੀ ਖੁੱਲ੍ਹ ਤੇ ਅਜ਼ਾਦੀ ਵੀ। ਇਸ ਗ੍ਰੰਥ ਦੀ ਰਚਨਾ ਵਿੱਚ ਯੋਗਦਾਨ ਪਾਉਣ ਵਾਲੇ ਬਾਣੀਕਾਰਾਂ ਵਿੱਚ ਧਰਮਾਂ, ਜਾਤਾਂ, ਜਮਾਤਾਂ, ਵਰਗਾਂ, ਮਤਾਂ-ਮਤਾਂਤਰਾਂ ਵਾਲੇ ਵਿਤਕਰੇ ਅਤੇ ਊਚ-ਨੀਚ ਦੀ ਭਾਵਨਾ ਲਈ ਕੋਈ ਥਾਂ ਨਹੀਂ।

     ਗੁਰਮਤਿ-ਕਾਵਿ ਵਿੱਚ ਹੱਕ, ਸੱਚ ਅਤੇ ਨਿਆਂ ਉੱਤੇ ਪਹਿਰਾ ਦਿੰਦਿਆਂ ਗੁਰੂ, ਭਗਤਾਂ, ਸੂਫ਼ੀਆਂ ਅਤੇ ਸੰਤਾਂ ਨੇ ਜੀਵ, ਜਗਤ ਅਤੇ ਬ੍ਰਹਮ ਦੇ ਸੰਬੰਧਾਂ ਨੂੰ ਸਮਝਣ ਲਈ ਭਾਵਨਾ ਦੇ ਨਾਲ-ਨਾਲ ਬੁੱਧ-ਬਿਬੇਕ ਨੂੰ ਵੀ ਸਾਧਿਆ। ਗੁਰਮਤਿ ਧਾਰਾ ਵਿੱਚ ਅਧਿਆਤਮਿਕਤਾ ਅਤੇ ਦਾਰਸ਼ਨਿਕਤਾ ਸਮਾਜਿਕ ਸੰਦਰਭ ਵਿੱਚ ਅਰਥਵਾਨ ਹੁੰਦੀਆਂ ਹਨ।

     ਗੁਰਮਤਿ ਸਹਿਜ ਭਗਤੀ ਦਾ ਮਾਰਗ ਹੈ, ਪਰ ਇੱਥੇ ਭਗਤੀ ਕਰਮਸ਼ੀਲ ਹੈ। ਗੁਰਮਤਿ ਦੀ ਆਸਥਾ ਨਿਰਗੁਣ ਕਰਤਾ ਪੁਰਖ ਵਿੱਚ ਹੈ, ਫਿਰ ਵੀ ਇਹ ਧਾਰਾ ਬ੍ਰਹਮ ਦੇ ਸਗੁਣ ਸਰੂਪ ਨੂੰ ਚਿਤਵ ਕੇ ਉਸ ਨਾਲ ਸੰਵਾਦ ਰਚ ਕੇ ਨਵੀਂ ਵਿਚਾਰਧਾਰਾ ਨੂੰ ਅੰਦੋਲਿਤ ਕਰਨ ਦੀ ਸਮਰੱਥਾ ਰੱਖਦੀ ਹੈ।

     ਗੁਰਮਤਿ-ਕਾਵਿ ਦਾ ਦੂਜਾ ਪ੍ਰਮੁਖ ਸ੍ਰੋਤ ਭਾਈ ਗੁਰਦਾਸ ਦੀ ਰਚਨਾ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਦਸਮ-ਗ੍ਰੰਥ ਹੈ। ਭਾਈ ਗੁਰਦਾਸ ਨੇ ਗੁਰੂ ਅਰਜਨ ਦੇਵ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਲਿਖ ਕੇ ਤਿਆਰ ਕੀਤੀ। ਆਪ ਨੇ ਮੌਲਿਕ ਕਵੀ ਦੇ ਤੌਰ `ਤੇ ਸਲੋਕ, ਕਬਿੱਤ, ਸਵਈਏ ਅਤੇ ਚਾਲੀ ਵਾਰਾਂ ਰਚੀਆਂ, ਜੋ ਗੁਰਮਤਿ ਦੀ ਪਰਿਪਾਟੀ ਵਿੱਚ ਹੀ ਹਨ। ਆਪ ਗੁਰੂ ਘਰ ਦੇ ਸਭ ਤੋਂ ਵੱਧ ਵਿਸ਼ਵਾਸਯੋਗ ਧਰਮ ਪ੍ਰਚਾਰਕ ਅਤੇ ਮਹਾਨ ਵਿਦਵਾਨ ਸਨ। ਆਪ ਗੁਰਮਤਿ ਦੇ ਪਹਿਲੇ ਪ੍ਰਮਾਣਿਕ ਵਿਆਖਿਆਕਾਰ ਹਨ। ਆਪ ਦੀ ਰਚਨਾ ਨੂੰ ਗੁਰੂ ਅਰਜਨ ਦੇਵ ਨੇ ‘ਗੁਰਬਾਣੀ ਦੀ ਕੁੰਜੀ’ ਕਹਿ ਕੇ ਵਡਿਆਇਆ।

     ਗੁਰਮਤਿ-ਕਾਵਿ ਦੀ ਬੱਝਵੀਂ ਪਰੰਪਰਾ ਵਿੱਚ ਦਸਮ- ਗ੍ਰੰਥ ਨੇ ਵਿਕਾਸ ਦੀਆਂ ਅਗਲੀਆਂ ਸੰਭਾਵਨਾਵਾਂ ਦਾ ਰਾਹ ਖੋਲ੍ਹਿਆ। ਦਸਮ-ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵਾਂਗ 1428 ਪੰਨਿਆਂ ਦੀ ਇੱਕ ਦੀਰਘਕਾਰੀ ਰਚਨਾ ਹੈ। ਇਸ ਗ੍ਰੰਥ ਦੀ ਪ੍ਰਮਾਣਿਕਤਾ ਅਤੇ ਸੰਕਲਨ ਦਾ ਆਪਣਾ ਇਤਿਹਾਸ ਹੈ। ਸਰਸਾ ਨਦੀ ਵਿੱਚ ਇਸ ਦੇ ਕੁਝ ਹਿੱਸੇ ਦਾ ਨੁਕਸਾਨ ਹੋ ਜਾਣ ਕਰ ਕੇ ਇਸ ਗ੍ਰੰਥ ਦਾ ਕਈ ਵਾਰ ਉਤਾਰਾ ਹੋਇਆ ਅਤੇ ਕਈ ਬੀੜਾਂ ਤਿਆਰ ਕੀਤੀਆਂ ਗਈਆਂ, ਪਰ ਹੁਣ ਖੋਜ ਉਪਰੰਤ ਇਹਨਾਂ ਸਭਨਾਂ ਵਿੱਚੋਂ ਭਾਈ ਮਨੀ ਸਿੰਘ ਵਾਲੀ ਬੀੜ ਨੂੰ ਹੀ ਭਰੋਸੇ ਯੋਗ ਸਮਝਿਆ ਜਾਂਦਾ ਹੈ।ਆਪ ਦੀਆਂ ਸਤਾਰਾਂ ਅਠਾਰਾਂ ਬਾਣੀਆਂ ਵਿੱਚੋਂ ਜਾਪ, ਅਕਾਲ ਉਸਤਤਿ, ਬਚਿਤ੍ਰ ਨਾਟਕ, ਚੰਡੀ ਚਰਿੱਤਰ, ਚਰਿਤ੍ਰੋਪਾਖਿਆਨ ਅਤੇ ਜ਼ਫ਼ਰਨਾਮੇ ਨੇ ਖੋਜੀਆਂ, ਵਿਦਵਾਨਾਂ ਅਤੇ ਸ਼ਰਧਾਲੂਆਂ ਦਾ ਵਿਸ਼ੇਸ਼ ਧਿਆਨ ਖਿੱਚਿਆ।

     ਗੁਰਮਤਿ-ਕਾਵਿ ਦੀ ਸਮਾਜੋ-ਧਰਮ-ਸ਼ਾਸਤਰੀ ਯਾਤਰਾ ਵਿੱਚ ਦਸਮ-ਗ੍ਰੰਥ ਤੱਕ ਪਹੁੰਚਦਿਆਂ ਇੱਕ ਉਘੜਵਾਂ ਪਰਿਵਰਤਨ ਵਾਪਰਿਆ। ਇਸ ਗ੍ਰੰਥ ਨਾਲ ਇੱਕ ਨਵੀਂ ਮਾਨਸਿਕਤਾ ਦਾ ਨਿਰਮਾਣ ਉਚੇਚੇ ਬੋਲਾਂ ਵਿੱਚ ਹੋਣ ਲੱਗਾ। ਆਦਰਸ਼ ਮਨੁੱਖ ਦੀ ਪਰਿਭਾਸ਼ਾ ਦੇ ਮਾਪਦੰਡ ਬਦਲੇ। ਹੁਣ ਉਹੋ ਜੀਵਨ ਧਨ ਹੋ ਗਿਆ ਜੋ ‘ਮੁਖ ਤੇ ਹਰਿ ਚਿੱਤੁ ਮੈ ਜੁਧੁ ਬਿਚਾਰੈ’। ਸੰਤ-ਸਿਪਾਹੀ ਗੁਰੂ ਗੋਬਿੰਦ ਸਿੰਘ ਨੇ ਗੁਰਮਤਿ-ਕਾਵਿ ਨੂੰ ਨਵੀਂ ਦਿਸ਼ਾ ਦੇ ਕੇ ਰਾਸ਼ਟਰ ਨਿਰਮਾਣ ਦੇ ਰਾਹ ਉੱਤੇ ਤੋਰਿਆ।


ਲੇਖਕ : ਕੁਲਜੀਤ ਸ਼ੈਲੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Next page is not opening


Harjass kaur, ( 2020/12/07 10:0745)

Next page is not opening


Harjass kaur, ( 2020/12/07 10:0747)

Next page is not opening


Harjass kaur, ( 2020/12/07 10:0748)

Next page is not opening


Harjass kaur, ( 2020/12/07 10:0750)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.