ਗੁੱਜਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਜਰ (ਨਾਂ,ਪੁ) ਗਊਆਂ ਮਹੀਆਂ ਚਾਰ ਕੇ ਦੁੱਧ ਵੇਚਣ ਵਾਲੀ ਜਾਤੀ ਦਾ ਬੰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੁੱਜਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਜਰ [ਨਾਂਪੁ] ਇੱਕ ਪਸ਼ੂ-ਪਾਲਕ ਜਾਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁੱਜਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਜਰ. ਸੰ. ਗੁਜ੗ਰ. ਗੋਚਾਰਕ. ਅਹੀਰਾਂ ਦੀ ਇੱਕ ਜਾਤਿ। ੨ ਛਤ੍ਰੀਆਂ ਦਾ ਇੱਕ ਗੋਤ੍ਰ । ੩ ਗੁਜਰਾਤ ਦੇਸ਼ । ੪ ਗੁਰੂ ਅੰਗਦ ਦੇਵ ਦਾ ਇੱਕ ਲੁਹਾਰ ਸਿੱਖ , ਜੋ ਪਰਉਪਕਾਰੀਆਂ ਵਿੱਚ ਮੁਖੀਆ ਸੀ. “ਗੁੱਜਰ ਜਾਤਿ ਲੁਹਾਰ ਹੈ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁੱਜਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁੱਜਰ : ਗੁੱਜਰ ਅਹੀਰਾਂ ਦੀ ਹੀ ਇਕ ਜਾਤ ਮੰਨੀ ਜਾਂਦੀ ਹੈ। ਇਹ ਪੰਜਾਬ ਵਿਚ ਬਹੁਤ-ਗਿਣਤੀ ਵਾਲੀਆਂ ਜਾਤਾਂ ਵਿਚੋਂ ਅੱਠਵੇਂ ਨੰਬਰ ਤੇ ਆਉਂਦੀ ਹੈ। ਜਨਰਲ ਕਨਿੰਘਮ ਅਨੁਸਾਰ ਗੁੱਜਰ ਜਾਤ ਦਾ ਮੁੱਢ ਪੂਰਬੀ ਟਾਰਟਾਰਾਂ ਦਾ ਕੂਸ਼ਾਨ ਯੂਚੀ ਜਾਂ ਟੋਕਾਰੀ ਕਬੀਲਾ ਹੈ। ਇਸ ਕਬੀਲੇ ਦੇ ਮੁਖੀ ਨੇ ਈਸਾ ਤੋਂ ਲਗਭਗ ਇਕ ਸਦੀ ਪਹਿਲਾਂ ਕਾਬਲ ਅਤੇ ਪਿਸ਼ੌਰ ਨੂੰ ਜਿਤਿਆ ਅਤੇ ਬਾਅਦ ਵਿਚ ਉਸ ਦੇ ਪੁੱਤਰ ‘ਹੀਮਾ ਕਦਫਿਸਸ’ ਨੇ ਸਾਰੇ ਦੇ ਸਾਰੇ ਅਪਰ ਪੰਜਾਬ ਅਤੇ ਮੱਥਰਾ ਵਿੰਧੀਆ ਤਕ ਜਮਨਾ ਦੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ। ਇਨ੍ਹਾਂ ਦੇ ਅਗਲੇ ਵਾਰਸ ਕਨਿਸ਼ਕ ਨੇ ਕਸ਼ਮੀਰ ਨੂੰ ਵੀ ਆਪਣੇ ਟੋਕਰੀ ਰਾਜ ਨਾਲ ਜੋੜ ਲਿਆ। ਅਖ਼ੀਰ ਦੂਜੀ ਸਦੀ ਦੌਰਾਨ ਕੈਸਪੀਰਾ ਅਤੇ ਮੁਲਤਾਨ ਇਨ੍ਹਾਂ ਦੇ ਮੁੱਖ ਸ਼ਹਿਰ ਬਣ ਗਏ।

          ਤੀਜੀ ਸਦੀ ਦੇ ਅੰਤ ਤੋਂ ਪਹਿਲਾਂ ਗੁੱਜਰਾਂ ਦਾ ਇਕ ਹਿੱਸਾ ਸਿੰਧ ਤੋਂ ਹੇਠਾਂ ਦੱਖਣ ਵੱਲ ਤੁਰ ਪਿਆ ਅਤੇ ਪਿਛੋਂ ਛੇਤੀ ਹੀ ਇਹ ਆਪਣੇ ਉੱਤਰ ਵਾਲੇ ਭਰਾਵਾਂ ਨਾਲੋਂ ਉਪਰਲੇ ਪਾਸਿਓਂ ਹੀ ਚਲੀ ਇੰਡੋਸਿਥੀਅਨ ਲਹਿਰ ਕਾਰਨ ਵੱਖ ਹੋ ਗਿਆ। ਪੰਜਵੀਂ ਸਦੀ ਦੇ ਮੱਧ ਵਿਚ ਰਾਜਪੁਤਾਨੇ ਵਿਚ ਗੁੱਜਰ ਰਾਜ ਕਾਇਮ ਹੋਇਆ। ਇਥੋਂ ਇਨ੍ਹਾਂ ਨੂੰ ਬਲਾਸ ਨੇ ਗੁਜਰਾਤ ਵਿਚ ਧੱਕ ਦਿਤਾ ਅਤੇ ਨੌਵੀਂ ਸਦੀ ਵਿਚ ਜੰਮੂ ਦੇ ਗੁੱਜਰ ਰਾਜੇ ਆਲਾ ਖ਼ਾਨ ਨੇ ਵਰਤਮਾਨ ਗੁੱਜਰ ਦੇਸ਼ ਕਸ਼ਮੀਰ ਦੇ ਰਾਜੇ ਨੂੰ ਸੌਪ ਦਿੱਤਾ। ਇਹ ਗੁਜਰਾਤ ਜ਼ਿਲ੍ਹੇ ਨਾਲ ਰਲਦਾ ਮਿਲਦਾ ਸੀ। ਕਿਹਾ ਜਾਂਦਾ ਹੈ ਕਿ ਗੁਜਰਾਤ ਸ਼ਹਿਰ ਦੀ ਨੀਂਹ ਅਕਬਰ ਦੇ ਸਮੇਂ ਅਲੀ ਖਾਂ ਗੁੱਜਰ ਨੇ ਰੱਖੀ ਸੀ।

          ਅੱਜਕਲ੍ਹ ਇਹ ਜਾਤ ਭਾਰਤ ਦੇ ਉੱਤਰ ਪੱਛਮੀ ਭਾਗ ਵਿਚ ਸਿੰਧ ਤੋਂ ਗੰਗਾ ਨਦੀ ਤੱਕ ਅਤੇ ਹਜ਼ਾਰਾ ਪਰਬਤਾਂ ਤੋਂ ਲੈ ਕੇ ਗੁਜਰਾਤ ਤੱਕ ਫੈਲੀ ਹੋਈ ਹੈ। ਦੂਜੇ ਪਾਸੇ ਅਪਰ ਜਮਨਾ ਦੇ ਕੰਢਿਆਂ ਦੇ ਨਾਲ ਨਾਲ ਜਗਾਧਰੀ ਦੇ ਨਜ਼ਦੀਕ, ਬੂੜੀਆ ਅਤੇ ਸਹਾਰਨਪੁਰ ਦੇ ਜ਼ਿਲ੍ਹੇ ਵਿਚ ਗੁੱਜਰਾਂ ਦੀ ਕਾਫ਼ੀ ਸੰਘਣੀ ਆਬਾਦੀ ਹੈ। ਸਹਾਰਨਪੁਰ ਨੂੰ ਤਾਂ ਪਿਛਲੀ ਸਦੀ ਵਿਚ ਗੁਜਰਾਤ ਵੀ ਕਿਹਾ ਜਾਂਦਾ ਸੀ। ਗਵਾਲੀਅਰ ਦਾ ਉੱਤਰੀ ਜ਼ਿਲ੍ਹਾ ਹਾਲੇ ਵੀ ਗੁੱਜਰਗੜ੍ਹ ਨਾਂ ਨਾਲ ਮਸ਼ਹੂਰ ਹੈ। ਪੂਰਬੀ ਰਾਜਪੁਤਾਨੇ ਅਤੇ ਗਵਾਲੀਅਰ ਵਿਚ ਇਹ ਦੂਰ ਦੂਰ ਤੱਕ ਖਿੰਡੇ ਹੋਏ ਹਨ ਪਰ ਆਬਾਦੀ ਵਿਰਲੀ ਹੈ। ਦੂਜੇ ਪਾਸੇ ਪੱਛਮੀ ਸੂਬਿਆਂ, ਖ਼ਾਸ ਕਰਕੇ ਗੁਜਰਾਤ ਵਿਚ ਇਹ ਭਾਰੀ ਗਿਣਤੀ ਵਿਚ ਹਨ। ਇਥੇ ਇਨ੍ਹਾਂ ਦੀ ਆਬਾਦੀ ਕੁੱਲ ਜਨ-ਸੰਖਿਆ ਦਾ ਤੇਰਾਂ-ਚੌਦਾਂ ਪ੍ਰਤੀਸ਼ਤ ਹੈ।

          ਦਿੱਲੀ ਦੇ ਦੱਖਣ ਵਿਚ ਰਿਵਾੜੀ ਦੇ ਰਾਜੇ ਵੀ ਗੁੱਜਰ ਜਾਤ ਵਿਚੋਂ ਹਨ ਅਤੇ ਹੁਣ ਵੀ ਉਥੇ ਇਨ੍ਹਾਂ ਦਾ ਹੀ ਦਬਦਬਾਅ ਹੈ। ਪੰਜਾਬ ਦੇ ਦੱਖਣੀ ਹਿੱਸੇ ਵਿਚ ਇਨ੍ਹਾਂ ਦੀ ਆਬਾਦੀ ਵਿਰਲੀ ਹੈ ਪਰ ਉੱਤਰ ਵੱਲ ਨੂੰ ਆਬਾਦੀ ਸੰਘਣੀ ਹੁੰਦੀ ਜਾਂਦੀ ਹੈ। ਇਨ੍ਹਾਂ ਇਲਾਕਿਆਂ ਵਿਚ ਵੀ ਗੁੱਜਰਾਂ ਦੇ ਨਾਂ ਤੇ ਕਈ ਮਹੱਤਵਪੂਰਨ ਥਾਵਾਂ ਗੁਜਰਾਂਵਾਲਾ, ਗੁਜਰਾਤ ਅਤੇ ਗੁਜਰਖਾਂ ਆਦਿ ਹਨ।

          ਪੰਜਾਬ ਵਿਚ ਆ ਕੇ ਵਸਣ ਦਾ ਸਮਾਂ ਭਾਵੇਂ ਠੀਕ ਠੀਕ ਨਿਸ਼ਚਿਤ ਤਾਂ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਜਮਨਾ ਦੇ ਨਾਲ ਲਗਦੇ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਦੇ ਸਾਰੇ ਦੇ ਸਾਰੇ ਗੁੱਜਰ ਲਗਭਗ ਮੁਸਲਮਾਨ ਹੋਣ ਕਾਰਨ ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਇਹ ਲੋਕ ਇਨ੍ਹਾਂ ਜ਼ਿਲ੍ਹਿਆਂ ਵਿਚ ਔਰੰਗਜ਼ੇਬ ਦੇ ਸਮੇਂ ਤੋਂ ਪਹਿਲਾਂ ਦਾਖ਼ਲ ਹੋਏ ਹੋਣਗੇ। ਫਿਰੋਜ਼ਪੁਰ ਦੇ ਗੁੱਜਰਾਂ ਦੇ ਕਹਿਣ ਅਨੁਸਾਰ ਇਹ ਦੱਖਣੀ ਭਾਰਤ ਦੇ ਦਾਰ ਨਗਰ ਤੋਂ ਸਰਸੇ ਵਿਚ ਰਣੀਏ ਆ ਕੇ ਵੱਸੇ ਫਿਰ ਉਥੋਂ ਕਸੂਰ ਰਾਹੀਂ ਹੁੰਦੇ ਹੋਏ ਫਿਰੋਜ਼ਪੁਰ ਪਹੁੰਚੇ। ਜਲੰਧਰ ਆਦਿ ਇਲਾਕਿਆਂ ਵਾਲੇ ਗੁੱਜਰ ਆਪਣੀ ਆਮਦ ਦਾ ਸਮਾਂ ਔਰੰਗਜ਼ੇਬ ਦਾ ਸਮਾਂ ਹੀ ਮੰਨਦੇ ਹਨ। ਲਗਭਗ ਅੱਧੇ ਪੂਰਬੀ ਪੰਜਾਬ ਦੇ ਮੁਸਲਮਾਨ ਗੁੱਜਰਾਂ ਦੀ ਰਹਿਣੀ-ਬਹਿਣੀ ਹਿੰਦੂ ਰਹੁ-ਰੀਤਾਂ ਅਨੁਸਾਰ ਹੈ। ਇਨ੍ਹਾਂ ਦੀਆਂ ਔਰਤਾਂ ਸਲਵਾਰਾਂ ਦੀ ਥਾਂ ਪੇਟੀਕੋਟ ਪਹਿਨਦੀਆਂ ਹਨ ਅਤੇ ਨੀਲੇ ਦੀ ਥਾਂ ਲਾਲ ਰੰਗ ਨੂੰ ਪਹਿਲ ਦਿੰਦੀਆਂ ਹਨ। ਗੁੱਜਰ ਸਰੀਰ ਦੇ ਤਕੜੇ ਅਤੇ ਚੰਗੇ ਕੱਦ-ਕਾਠ ਵਾਲੇ ਹੁੰਦੇ ਹਨ। ਉਨ੍ਹਾਂ ਦੀ ਸਰੀਰਕ ਬਣਤਰ ਅਤੇ ਨੈਣ-ਨਕਸ਼ ਜੱਟਾਂ ਨਾਲ ਰਲਦੇ ਮਿਲਦੇ ਹੁੰਦੇ ਹਨ ਅਤੇ ਖਾਣਾ-ਪੀਣਾ ਵੀ ਜੱਟਾਂ ਵਰਗਾ ਹੀ ਹੈ। ਖੇਤੀਬਾੜੀ ਦੇ ਸਖ਼ਤ ਕੰਮ ਨਾਲੋਂ ਪਸ਼ੂ-ਪਾਲਣ ਅਤੇ ਦੁੱਧ ਵੇਖਣ ਆਦਿ ਦੇ ਰੋਮਾਂਚਿਕ ਕੰਮ ਨੂੰ ਇਹ ਦਿਲਚਸਪ ਸਮਝਦੇ ਸਨ। ਡੰਗਰ-ਪਸ਼ੂਆਂ ਨੂੰ ਹੀ ਇਹ ਕਬੀਲੇ ਆਪਣੀ ਪੂੰਜੀ ਸਮਝਦੇ ਹਨ। ਅੱਜਕਲ੍ਹ ਤਰੱਕੀ ਦੇ ਯੁੱਗ ਵਿਚ ਪੜ੍ਹਨ-ਲਿਖਣ ਦੀ ਰੁਚੀ ਜਾਗ੍ਰਿਤ ਹੋਣ ਕਾਰਨ ਇਸ ਜਾਤੀ ਦੇ ਲੋਕ ਵੀ ਚੰਗੀਆਂ ਚੰਗੀਆਂ ਨੌਕਰੀਆਂ ਅਤੇ ਅਹੁਦਿਆਂ ਤੇ ਨਿਯੁਕਤ ਹਨ।

          ਮੇਜਰ ਵੇਸ ਦੇ ਸ਼ਬਦਾਂ ਵਿਚ, “ਹਜ਼ਾਰਾ ਦੇ (ਅੱਜਕਲ੍ਹ ਪਾਕਿ.) ਇਲਾਕੇ ਦੇ ਗੁੱਜਰ ਸਾਦੇ ਸੁਭਾਅ ਵਾਲੇ, ਧੀਰਜਵਾਨ, ਮਿਹਨਤਕਸ਼ ਅਤੇ ਕਫ਼ਾਇਤਸਾਰ ਹੋਣ ਦੇ ਨਾਲ ਨਾਲ ਸ਼ਾਂਤੀ ਨਾਲ ਇੱਕਲਵਾਂਡੇ ਰਹਿਣ ਵਾਲੇ ਹਨ।” ਇਨ੍ਹਾਂ ਵਿਚੋਂ ਜ਼ਿਆਦਾਤਰ ਵਿਅਕਤੀ ਹਰ ਪੱਖੋਂ ਬੜੇ ਹੀ ਨਫ਼ੀਸ ਹਨ। ਟਾਮਸਨ ਅਨੁਸਾਰ, “ਜਿਹਲਮ ਦੇ ਗੁੱਜਰਾਂ ਨੂੰ ਜ਼ਿਲ੍ਹੇ ਦੇ ਸਭ ਤੋਂ ਵਧੀਆ ਕਿਸਾਨ ਕਹਿਣਾ ਅਤਿਕਥਨੀ ਨਹੀਂ ਹੋਵੇਗੀ।”

          ਵਿਲਸਨ ਅਨੁਸਾਰ ਵਿਸ਼ੇਸ਼ ਕਰਕੇ ਗੁੜਗਾਉਂ ਦੇ ਗੁੱਜਰ ਚੰਗੇ ਆਚਰਣ ਦੇ ਮਾਲਕ ਰਹੇ ਹਨ। ਇਸ ਇਲਾਕੇ ਵਾਲੇ ਗੁੱਜਰਾਂ ਦੀ ਚੋਰੀ ਦੀ ਸ਼ਿਕਾਇਤ ਕਦੇ ਸੁਣਨ ਵਿਚ ਨਹੀਂ ਆਈ। ਇਸੇ ਤਰ੍ਹਾਂ ਮੇਜਰ ਵੇਸ ਹਜਾਰਾ ਦੇ ਗੁੱਜਰਾਂ ਨੂੰ ਮਿਹਨਤੀ, ਕਫ਼ਾਇਤਸ਼ਾਰ ਅਤੇ ਅਮਨ-ਪਸੰਦ ਕਹਿੰਦਾ ਹੈ।

          ਜਿਹਲਮ, ਰਾਵਲਪਿੰਡੀ ਅਤੇ ਹੁਸ਼ਿਆਰਪੁਰ ਦੇ ਗੁੱਜਰਾਂ ਦੀ ਵੀ ਕਾਫ਼ੀ ਤਾਰੀਫ਼ ਮਿਲਦੀ ਹੈ। ਅੱਜਕਲ੍ਹ ਬਦਨਾਮ ਕਬੀਲਿਆਂ ਵਿਚੋਂ ਜਿਨ੍ਹਾਂ ਨੇ ਆਪਣੇ ਖ਼ਾਨਦਾਨੀ ਰਸਮ-ਰਿਵਾਜ ਛੱਡ ਦਿਤੇ ਹਨ ਉਹ ਬਹੁਤ ਵਧੀਆ ਆਚਰਣ ਦੇ ਮਾਲਕ ਅਤੇ ਈਮਾਨਦਾਰ ਸਿੱਧ ਹੋਏ ਹਨ।

          ਹ. ਪੁ.––ਪੰ. ਕਾ. : 182


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁੱਜਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁੱਜਰ : ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਪ੍ਰਾਂਤਾਂ ਵਿਚ ਆਮ ਮਿਲਣ ਵਾਲੀ ਇਹ ਇਕ ਜਾਤੀ ਹੈ ਜਿਸ ਦੇ ਲੋਕਾਂ ਦਾ ਮਜ਼੍ਹਬ ਹਿੰਦੂ ਜਾਂ ਮੁਸਲਮਾਨ ਹੈ। ਇਨ੍ਹਾਂ ਬਾਰੇ ਇਹ ਪ੍ਰਚਲਿਤ ਹੈ ਕਿ ਗੁਜਰਾਤ ਇਨ੍ਹਾਂ ਨੇ ਵਸਾਇਆ ਪਰੰਤੂ ਇਤਿਹਾਸਕਾਰ ਇਹ ਮੰਨਦੇ ਹਨ ਕਿ ਇਕ ਸੂਰਜ ਬੰਸੀ ਰਾਜਪੂਤ ਰਾਜਾ ਬਚਨ ਪਾਲ ਨੇ ਗੁਜਰਾਤ ਦੀ ਨੀਂਹ ਰੱਖੀ ਸੀ। ਸਟੀਨ ਅਨੁਸਾਰ ਕਸ਼ਮੀਰ ਦੇ ਸ਼ੰਕਰ ਵਰਮਨ ਨੇ 1839 ਈ. ਵਿਚ ਗੱਦੀ ਉੱਪਰ ਬੈਠਣ ਉਪਰੰਤ ਗੁੱਜਰ ਦੇਸ਼ ਉੱਪਰ ਹਮਲਾ ਕੀਤਾ ਅਤੇ ਇਹੀ ਗੁੱਜਰ ਦੇਸ਼, ਚਨਾਬ ਅਤੇ ਜਿਹਲਮ ਦਰਿਆਵਾਂ ਵਿਚਕਾਰ ਪੈਂਦੇ ਗੁਜਰਾਤ ਦਾ ਖੇਤਰ ਸੀ। ਇਸ ਤੋਂ ਪਹਿਲਾਂ ਛੇਵੀਂ ਸਦੀ ਈ. ਦੇ ਪਿਛਲੇ ਭਾਗ ਵਿਚ ਥਾਨੇਸਰ ਦੇ ਰਾਜ ਪ੍ਰਭਾਕਰ ਵਰਧਨ ਨੇ ਉੱਤਰ-ਪੱਛਮੀ ਪੰਜਾਬ ਦੀਆਂ ਆਬਾਦੀਆਂ ਅਤੇ ਗੁੱਜਰ ਫ਼ਿਰਕਿਆਂ ਉੱਪਰ ਹਮਲੇ ਕਰ ਕੇ ਉਨ੍ਹਾਂ ਨੂੰ ਦਬਾਇਆ ਸੀ। ਇਸ ਤੋਂ ਇਹ ਸਪਸ਼ਟ ਹੈ ਕਿ ਛੇਵੀਂ ਸਦੀ ਤੋਂ ਪਹਿਲਾਂ ਗੁੱਜਰ ਲੋਕ ਗੁਜਰਾਤ ਵਿਚ ਪੂਰੀ ਤਰ੍ਹਾਂ ਪੈਰ ਜਮਾ ਚੁਕੇ ਸਨ।

ਪ੍ਰਸਿੱਧ ਇਤਿਹਾਸਕਾਰ ਕਨਿੰਘਮ ਦੇ ਵਿਚਾਰ ਅਨੁਸਾਰ ਗੁੱਜਰ ਲੋਕ ਹਿੰਦੁਸਤਾਨ (ਅਜੋਕੇ ਪਾਕਿਸਤਾਨ ਸਮੇਤ) ਦੇ ਬਹੁਤ ਸਾਰੇ ਹਿੱਸਿਆਂ ਵਿਚ ਫੈਲੇ ਹੋਏ ਸਨ। ਉਹ ਇਹ ਵੀ ਦੱਸਦਾ ਹੈ ਕਿ ਗੁੱਜਰ ਲੋਕ ਪਹਾੜਾਂ ਦੀ ਤਰਾਈ ਦੇ ਇਲਾਕੇ ਵਿਚ ਅਤੇ ਨੀਮ ਪਹਾੜੀ ਖੇਤਰਾਂ ਵਿਚ ਵਸਦੇ ਸਨ। ਉੱਚੇ ਪਹਾੜਾਂ ਵੱਲ ਇਹ ਬਿਲਕੁਲ ਨਹੀਂ ਸਨ ਜਾਂਦੇ। ਦੱਖਣੀ ਪੰਜਾਬ ਵਿਚ ਵੀ ਇਨ੍ਹਾਂ ਦੀ ਆਬਾਦੀ ਬਹੁਤ ਘੱਟ ਸੀ। ਉੱਤਰੀ ਪੰਜਾਬ ਵੱਲ ਇਨ੍ਹਾਂ ਦੀ ਗਿਣਤੀ ਬਹੁਤ ਸੀ। ਕਈ ਥਾਵਾਂ ਦੇ ਨਾਂ ਵੀ ਇਨ੍ਹਾਂ ਦੇ ਨਾਂ ਤੇ ਹੀ ਰੱਖੇ ਗਏ ਸਨ ਜਿਵੇਂ ਰਚਨਾ ਦੁਆਬ ਵਿਚ ਗੁਜਰਾਂਵਾਲਾ, ਚੱਜ ਦੁਆਬ ਵਿਚ ਗੁਜਰਾਤ ਅਤੇ ਸਿੰਧ ਸਾਗਰ ਦੁਆਬ ਵਿਚ ਗੁੱਜਰ ਖ਼ਾਨ। ਜਿਹਲਮ ਦਰਿਆ ਦੇ ਆਲੇ ਦੁਆਲੇ ਅਤੇ ਹਸਨ ਅਬਦਾਲ ਦੇ ਨੇੜੇ ਇਨ੍ਹਾਂ ਦੀ ਵਸੋਂ ਸਭ ਤੋਂ ਜ਼ਿਆਦਾ ਸੀ।

ਗੁੱਜਰ ਲੋਕ ਵਧੇਰੇ ਕਰ ਕੇ ਸ਼ੁਰੂ ਤੋਂ ਹੀ ਮੁਸਲਮਾਨ ਸਨ ਅਤੇ ਜਲੰਧਰ ਦੇ ਕਾਫ਼ੀ ਗੁੱਜਰ, ਔਰੰਗਜ਼ੇਬ ਦੇ ਸਮੇਂ ਮੁਸਲਮਾਨ ਬਣੇ । ਫ਼ਿਰੋਜ਼ਪੁਰ ਦੇ ਗੁੱਜਰਾਂ ਦਾ ਇਹ ਕਹਿਣਾ ਹੈ ਕਿ ਉਹ ਦੱਖਣੀ ਭਾਰਤ ਦੇ ਦਾਰਾ ਨਗਰ ਤੋਂ ਆਏ ਸਨ ਅਤੇ ਸਰਸਾ ਦੇ ਇਲਾਕੇ ਵਿਚ ਰਾਨੀਆਂ ਨਾਂ ਦੇ ਇਲਾਕੇ ਵਿਚ ਆਬਾਦ ਹੋ ਗਏ। ਇਥੋਂ ਅੱਗੇ ਵਧਦੇ ਇਹ ਕਸੂਰ ਦੇ ਰਸਤੇ ਹੁੰਦੇ ਹੋਏ ਫ਼ਿਰੋਜ਼ਪੁਰ ਜਾ ਕੇ ਆਬਾਦ ਹੋ ਗਏ।

ਗੁੱਜਰ ਲੋਕ ਸਿਹਤ ਪੱਖੋਂ ਤੰਦਰੁਸਤ ਹੁੰਦੇ ਹਨ ਪਰ ਖੇਤੀ ਬਾੜੀ ਦੇ ਕੰਮ ਵਿਚ ਬਹੁਤੇ ਨਿਪੁੰਨ ਨਹੀਂ। ਇਨ੍ਹਾਂ ਵੱਲੋਂ ਦਿੱਲੀ ਦੇ ਸਮਾਰਟ ਹਮੇਸ਼ਾ ਹੀ ਪਰੇਸ਼ਾਨ ਰਹੇ। ਇਨ੍ਹਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਲੋਕ ਪਸ਼ੂ ਚੁਰਾ ਲੈਂਦੇ ਸਨ ਪਰ ਇਤਿਹਾਸਕਾਰ ਵਾਸ ਲਿਖਦਾ ਹੈ ਕਿ ਹਜ਼ਾਰਾ ਇਲਾਕੇ ਦੇ ਗੁੱਜਰਾਂ ਵਿਚ ਇਹ ਆਦਤ ਬਿਲਕੁਲ ਨਹੀਂ ਸੀ। ਇਹ ਲੋਕ ਅਮਨ ਨਾਲ ਰਹਿੰਦੇ ਸਨ। ਇਕ ਹੋਰ ਇਤਿਹਾਸਕਾਰ ਥਾਮਸਨ ਲਿਖਦਾ ਹੈ ਕਿ ਜਿਹਲਮ ਇਲਾਕੇ ਦੇ ਗੁੱਜਰ ਜ਼ਿਲ੍ਹੇ ਭਰ ਵਿਚ ਵਧੀਆ ਕਿਸਾਨ ਸਨ।

ਸਰ ਡੈਨਜ਼ਿਲ ਇਬਟਸਨ ਦੇ ਵਿਚਾਰ ਅਨੁਸਾਰ, ਜਾਟ, ਗੁੱਜਰ ਅਤੇ ਸ਼ਾਇਦ ਅਹੀਰ ਵੀ ਇਕੋ ਨਸਲ ਵਿਚੋਂ ਹਨ ਅਤੇ ਇਹ ਭਾਰਤ ਵਿਚ ਇਕੱਠੇ ਦਾਖਲ ਹੋਏ ਪਰੰਤੂ ਮਗਰੋਂ ਵਿਛੜ ਗਏ। ਡਾ. ਰੁਡੌਲਫ਼ ਰੋਇਰਨਲ ਦਾ ਕਹਿਣਾ ਹੈ ਕਿ ਤੋਮਰ ਰਾਜਪੂਤ ਵੀ ਗੁੱਜਰਾਂ ਵਿਚੋਂ ਹੀ ਸਨ। ਇਸੇ ਤਰ੍ਹਾਂ ਇਕ ਹੋਰ ਇਤਿਹਾਸਕਾਰ ਭੰਡਾਰਕਰ ਅਨੁਸਾਰ ਸੋਲਾਂਕੀ, ਪ੍ਰਤਿਹਾਰ, ਪਰਮਾਰ ਅਤੇ ਚੌਹਾਨ ਆਦਿ ਅਗਨੀ-ਕੁਲ ਰਾਜਪੂਤ ਗੁੱਜਰਾਂ ਵਿਚੋਂ ਹੀ ਸਨ।

ਗੁੱਜਰਾਂ ਦੇ ਪਿਛੋਕੜ ਬਾਰੇ ਇਹ ਵੀ ਸਮਝਿਆ ਜਾਂਦਾ ਹੈ ਕਿ ਇਹ ਲੋਕ ਸ੍ਰੀ ਕ੍ਰਿਸ਼ਨ ਜੀ ਨਾਲ ਵੀ ਸਬੰਧਤ ਸਨ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਦਾ ਵਿਚਾਰ ਉੱਤਰ ਵੱਲੋਂ ਖ਼ਾਨਾ-ਬਦੋਸ਼ ਕਬੀਲਿਆਂ ਰਾਹੀਂ ਹੀ ਹਿੰਦੁਸਤਾਨ ਵਿਚ ਆਇਆ। ਇਹ ਕਬੀਲੇ ਗੁੱਜਰ ਹੀ ਮੰਨੇ ਜਾਂਦੇ ਹਨ।ਇਸ ਤੱਥ ਦੀ ਪੁਸ਼ਟੀ ਇਸ ਤਰ੍ਹਾਂ ਵੀ ਹੁੰਦੀ ਹੈ ਕਿ ਸ੍ਰੀ ਕ੍ਰਿਸ਼ਨ ਜੀ ਨੂੰ ਅਹੀਰਾਂ ਵਿਚੋਂ ਮੰਨਿਆ ਜਾਂਦਾ ਸੀ ਅਤੇ ਅਹੀਰਾਂ ਤੇ ਗੁੱਜਰਾਂ ਦਾ ਪਿੱਛਾ ਵੀ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਇਹ ਦੋਵੇਂ ਕਬੀਲੇ ਪਸ਼ੂ ਚਰਾਉਣ ਵਾਲੇ ਸਨ।

ਗੁੱਜਰਾਂ ਵਿਚ ਲਗਭਗ 400 ਦੇ ਨੇੜੇ ਗੋਤ ਮਿਲਦੇ ਹਨ ਜਿਵੇਂ ਬਰੱਸ, ਭਰਯਾਰ, ਗੱਜਰਾਹੀ, ਖਤਾਨ ਆਦਿ। ਹਿੰਦੂ ਖਤਾਨ ਜੋ ਮੂਲ ਰੂਪ ਵਿਚ ਗੁੱਜਰ ਹਨ ਨਾਭੇ ਦੇ ਇਲਾਕੇ ਵਿਚ ਹੀ ਵਸਦੇ ਹਨ। ਨਾਭੇ ਦੇ ਇਲਾਕੇ ਵਿਚ ਬਹੁਤ ਸਾਰੇ ਗੁੱਜਰ ਰਹਿੰਦੇ ਸਨ ਜੋ ਵੰਡ ਸਮੇਂ ਪਾਕਿਸਤਾਨ ਚਲੇ ਗਏ। ਲੁਧਿਆਣੇ ਦੇ ਮਰਾਸੀ ਗੁੱਜਰਾਂ ਦੀਆਂ ਲਗਭਗ 84 ਗੋਤਾਂ ਹੋਣ ਕਾਰਨ ਉਨ੍ਹਾਂ ਨੂੰ ‘ਚੌਰਾਸੀ ਗੋਤ ਦਾ ਦੀਵਾ’ ਵੀ ਕਹਿੰਦੇ ਹਨ।

ਗੁੱਜਰਾਂ ਵਿਚ ਗੋਰਸੀ, ਕਸ਼ਾਨ ਅਤੇ ਅੱਧ-ਘਰਾਣਾ ਬਰਗਤ ਆਦਿ ਘਰਾਣੇ ਵੀ ਮਿਲਦੇ ਹਨ। ਹਜ਼ਾਰਾ ਜ਼ਿਲ੍ਹੇ ਦੇ ਖੇਤਰ ਵਿਚ ਕਰਾਰੀਆ, ਹਕਲ ਅਤੇ ਸਰਯੂ ਨੂੰ ਮੂਲ ਰੂਪ ਵਿਚ ਰਾਜਪੂਤ ਮੰਨਿਆ ਜਾਂਦਾ ਹੈ।

ਗੁਜਰਾਤ ਜ਼ਿਲ੍ਹੇ ਦੇ ਗੁੱਜਰਾਂ ਦਾ ਇਕ ਵੱਖਰਾ ਹੀ ਸਮਾਜਿਕ ਸੰਗਠਨ ਹੈ ਜਿਸ ਦੇ 84 ਦਰ ਜਾਂ ਘਰਾਣੇ ਹਨ। ਇਹ ਗਿਣਤੀ ਮੂਲ ਰੂਪ ਵਿਚ 54 ਸੀ ਜੋ ਸੱਤ ‘ਟੱਪਾਂ’ ਵਿਚ ਵੰਡੀ ਹੋਈ ਸੀ। ਦਰ ਵਾਲਾ ਬਣਨ ਲਈ ਕਾਫ਼ੀ ਧਨ ਦੌਲਤ, ਅਸਰ ਅਤੇ ਰਸੂਖ ਅਤੇ ਨਾਲ ਹੀ ਆਬਾਦੀ ਦੀ ਲੋੜ ਹੁੰਦੀ ਹੈ। ਉਮੀਦਵਾਰ ਨੂੰ ਪਹਿਲਾਂ ਆਪਣੇ ਲੜਕੇ ਦੇ ਵਿਆਹ ਸਮੇਂ ਮੌਜੂਦਾ ਦਰ ਵਾਲਿਆਂ ਦੀ ਰਜ਼ਾਮੰਦੀ ਲੈਣੀ ਜ਼ਰੂਰੀ ਸੀ ਅਤੇ ਇਸ ਲਈ ਸਭ ਨਾਲ ਬਣਾ ਕੇ ਰਖਣੀ ਪੈਂਦੀ ਸੀ। ਦਰ ਵਾਲੇ ਨੂੰ ਮਰਾਸੀ ਨੂੰ ਵੀ ਕੁਝ ਰਕਮ ਦੇਣੀ ਪੈਂਦੀ ਸੀ।

ਗੁਜਰਾਤ ਦੀਆਂ ਸਮਾਜਕ ਰਸਮਾਂ ਹਿੰਦੂਆਂ ਅਤੇ ਮੁਸਲਮਾਨਾਂ ਨਾਲ, ਖੇਤਰ ਦੇ ਹਿਸਾਬ ਨਾਲ ਮਿਲਦੀਆਂ ਜੁਲਦੀਆਂ ਹਨ। ਦਿੱਲੀ ਖੇਤਰ ਵਿਚ ਨਾਈ ਜਾਂ ਬ੍ਰਾਹਮਣ ਰਾਹੀਂ ਬੱਚਿਆਂ ਦੀ ਮੰਗਣੀ ਕਰ ਦਿੱਤੀ ਜਾਂਦੀ ਸੀ। ਮਗਰੋਂ ਵਿਆਹ ਵੀ 10 ਜਾਂ 12 ਸਾਲ ਦੀ ਉਮਰ ਵਿਚ ਹੀ ਕਰ ਦਿੱਤਾ ਜਾਂਦਾ ਸੀ। ਹੁਸ਼ਿਆਰਪੁਰ ਦੇ ਇਲਾਕੇ ਵਿਚ ਵਿਆਹ ਸਮੇਂ ਮਰਾਸੀ ਨੂੰ ਇਕ ਰੁਪਿਆ ਜ਼ਰੂਰ ਦਿੱਤਾ ਜਾਂਦਾ ਸੀ। ਗੁੱਜਰ ਲੋਕ ਗੋਜਰੀ ਜਾਂ ਗੋਜਰ ਉਪ-ਭਾਸ਼ਾ ਬਹੁਤੀ ਬੋਲਦੇ ਹਨ। ਇਹ ਭਾਸ਼ਾ ਰਾਜਸਥਾਨੀ ਭਾਸ਼ਾ ਨਾਲ ਬਹੁਤ ਮਿਲਦੀ ਹੈ। ਹੁਸ਼ਿਆਰਪੁਰ ਦੇ ਆਸ ਪਾਸ ਗੁੱਜਰ ਲੋਕ ਇਥੋਂ ਦੀ ਸਥਾਨਕ ਬੋਲੀ ਬੋਲਦੇ ਹਨ। ਇਸੇ ਤਰ੍ਹਾਂ ਜਿਸ ਇਲਾਕੇ ਵਿਚ ਵੀ ਇਹ ਲੋਕ ਵਸਦੇ ਹਨ, ਉਥੋਂ ਦੀ ਸਥਾਨਕ ਬੋਲੀ ਹੀ ਬੋਲਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-02-07-30, ਹਵਾਲੇ/ਟਿੱਪਣੀਆਂ: ਹ. ਪੁ. -ਗ. ਟ੍ਰਾ. ਕਾ. 2: 306-318

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.