ਗੋਇੰਦਵਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਇੰਦਵਾਲ. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ , ਥਾਣਾ ਵੈਰੋਵਾਲ ਵਿੱਚ ਵਿਆਸ (ਵਿਪਾਸ਼ਾ) ਦੇ ਕਿਨਾਰੇ ਗੋਇੰਦਾ (ਅਥਵਾ ਗੋਂਦਾ) ਨਾਮੀ ਮਰਵਾਹੇ ਖਤ੍ਰੀ ਦਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਹਾਇਤਾ ਨਾਲ ਵਸਾਇਆ ਨਗਰ, ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ ੧੫ ਮੀਲ ਦੱਖਣ ਪੂਰਵ ਹੈ.

ਇਸ ਗੁਰਨਗਰ ਵਿੱਚ ਇਹ ਗੁਰਦ੍ਵਾਰੇ ਅਤੇ ਪਵਿਤ੍ਰ ਅਸਥਾਨ ਹਨ—

(੧) ਅਨੰਦ ਜੀ ਦਾ ਅਸਥਾਨ. ਅਨੰਦ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਪੋਤੇ, ਬਾਬਾ ਮੋਹਰੀ ਜੀ ਦੇ ਪੁਤ੍ਰ ਸਨ. ਬਾਜ਼ਾਰ ਵਿੱਚ ਉਨ੍ਹਾਂ ਦੇ ਰਹਿਣ ਦੇ ਥਾਂ ਮੰਜੀ ਸਾਹਿਬ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ, ਇੱਥੇ ਸੰਸਰਾਮ ਜੀ ਦੀਆਂ ਲਿਖੀਆਂ ਗੁਰਬਾਣੀ ਦੀਆਂ ਦੋ ਪੋਥੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਪੋਥੀ ਪੁਜਾਰੀ ਨੇ ਆਪਣੇ ਭਾਈ ਨੂੰ ਦੇ ਦਿੱਤੀ, ਜੋ ਪਿੰਡ “ਅਹੀਆਪੁਰ” (ਜਿਲਾ ਹੁਸ਼ਿਆਰਪੁਰ) ਵਿੱਚ ਹੈ, ਦੂਜੀ ਪੋਥੀ ਇੱਥੇ ਰਹੀ. ਹੁਣ ਇਹ ਪੋਥੀ ਗੁਰਦੁਆਰਾ ਕਮੇਟੀ ਗੋਇੰਦਵਾਲ ਦੇ ਕਬਜ਼ੇ ਵਿੱਚ ਹੈ, ਅਰ ਬਾਬਾ ਮੋਹਨ ਜੀ ਦੇ ਚੌਬਾਰੇ ਸਥਾਪਨ ਕੀਤੀ ਹੋਈ ਹੈ. ਹਰ ਪੂਰਨਮਾਸੀ ਨੂੰ ਦਰਸ਼ਨ ਹੋਂਦਾ ਹੈ. ਪ੍ਰੇਮੀ ਸੱਜਨਾਂ ਨੂੰ ਹੋਰ ਸਮੇਂ ਭੀ ਦਰਸ਼ਨ ਕਰਾਇਆ ਜਾਂਦਾ ਹੈ. ਇਹ ਦੂਜੀ ਪੋਥੀ ਹੈ. ਪਹਿਲੀ ਅਹੀਆ ਪੁਰ ਹੈ. ਇਸ ਦਾ ਪਾਠ ਰਾਮਕਲੀ ਤੋਂ ਆਰੰਭ ਹੋਂਦਾ ਹੈ, ਫੇਰ ਸੋਰਠ ਮਲਾਰ ਅਤੇ ਸਾਰੰਗ ਰਾਗ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪਾਠਾਂ ਦੇ ਬਹੁਤ ਭੇਦ ਹਨ. ਕਬੀਰ ਨਾਮਦੇਵ ਦੇ ਸ਼ਬਦ ਭੀ ਹਨ. ਕਈ ਸ਼ਬਦ ਐਸੇ ਹਨ ਜੋ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ. ਹਰੇਕ ਰਾਗ ਅਤੇ ਬਾਣੀ ਦਾ ਮੰਗਲ ਇਉਂ ਹੈ—

ੴ ਸਤਿਗੁਰੂ ਪਰਸਾਦ ਸਚੁਨਾਮੁ ਕਰਤਾਰੁ ਅਕਾਲ ਮੂਰਤਿ ਅਜੂਨੀ ਸੰਭਉ ਗੁਰੂ ਪੂਰੇ ਕੇ ਪਰੑਸਾਦੁ ॥

(੨) ਹਵੇਲੀ ਸਾਹਿਬ. ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਰਹਿਣ ਦੇ ਮਕਾਨ , ਜਿਸ ਦੇ ਇੱਕ ਚੌਬਾਰੇ ਦੀ ਕੀਲੀ ਨੂੰ ਫੜਕੇ ਖਲੋਤੇ ਹੋਏ ਗੁਰੂ ਸਾਹਿਬ ਭਜਨ ਕਰਦੇ ਹੁੰਦੇ ਸਨ. ਪ੍ਰੇਮੀਆਂ ਨੇ ਇਸ ਕਿੱਲੀ ਤੇ ਹੁਣ ਚਾਂਦੀ ਚੜ੍ਹਾ ਦਿੱਤੀ ਹੈ.

ਇਸ ਥਾਂ ਗੁਰੂ ਅਮਰਦਾਸ ਜੀ ਦੀਵਾਨ ਕੀਤਾ ਕਰਦੇ ਸਨ. ਇੱਥੇ ਗੁਰੂ ਪੰਚਮ ਪਾਤਸ਼ਾਹ ਜੀ ਦੇ ਵੇਲੇ ਦੀ ਇੱਕ ਪਾਲਕੀ ਹੈ, ਜਿਸ ਵਿੱਚ ਗੁਰਬਾਣੀ ਦੀਆਂ ਪੋਥੀਆਂ ਸ੍ਰੀ ਅਮ੍ਰਿਤਸਰ ਲੈ ਗਏ ਸਨ ਅਤੇ ਵਾਪਿਸ ਭੀ ਇਸੇ ਪਾਲਕੀ ਵਿੱਚ ਇੱਥੇ ਲਿਆਏ. ਇਸ ਪਾਲਕੀ ਵਿੱਚ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.

ਬਰਾਂਡੇ ਵਿੱਚ ਹੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਅਸਥਾਨ ਹੈ. ਸੁਨਹਿਰੀ ਤਸਵੀਰ ਵਿੱਚ ਗੁਰਿਆਈ ਦੇ ਸਮੇਂ ਦਾ ਝਾਕਾ ਦਿਖਾਇਆ ਗਿਆ ਹੈ. ਇਸ ਦੇ ਪਾਸ ਹੀ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀਜੋਤਿ ਸਮਾਉਣ ਦਾ ਅਸਥਾਨ ਹੈ. ਇਸੀ ਬਰਾਂਡੇ ਵਿੱਚ ਬੀਬੀ ਭਾਨੀ ਜੀ ਦਾ ਚੁਲ੍ਹਾ ਹੈ, ਜੋ ਹੁਣ ਸੰਗਮਰਮਰ ਦਾ ਬਣਾਇਆ ਗਿਆ ਹੈ. ਇਸ ਚੁਲ੍ਹੇ ਦੇ ਪਾਸ ਹੀ ਉਹ ਥੰਮ੍ਹ ਮੌਜੂਦ ਹੈ, ਜਿਸ ਦੇ ਸਹਾਰੇ ਸਤਿਗੁਰੂ ਅਰਜਨਦੇਵ ਜੀ ਖਲੋਇਆ ਕਰਦੇ ਸਨ.

ਪਾਸ ਹੀ ਇੱਕ ਕੋਠੜੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਧਾਰਨ ਦੇ ਅਸਥਾਨ ਪਾਸ ਬਾਬਾ ਪ੍ਰਿਥੀਚੰਦ ਅਤੇ ਮਹਾਦੇਵ ਜੀ ਦੇ ਪ੍ਰਗਟ ਹੋਣ ਦਾ ਅਸਥਾਨ ਹੈ. ਇਸ ਦੇ ਸਾਮ੍ਹਣੇ ਇੱਕ ਕੋਠੜੀ ਹੈ, ਜਿੱਥੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਤੇਈਆ ਤਾਪ ਕੈਦ ਕੀਤਾ ਸੀ, ਅਤੇ ਭਾਈ ਲਾਲੋ ਡੱਲਾ ਨਿਵਾਸੀ ਛੁਡਾਕੇ ਲੈ ਗਿਆ ਸੀ.1

ਇਸ ਗੁਰਦ੍ਵਾਰੇ ਵਿੱਚ ਸੰਗਮਰਮਰ ਦੀ ਸੇਵਾ ਬਹੁਤ ਹੋਈ ਹੈ. ਖਾਸ ਕਰਕੇ ਮਹਾਰਾਜਾ ਫਰੀਦਕੋਟ ਵੱਲੋਂ ੧੮ ਹਜ਼ਾਰ ਰੁਪਏ ਦੀ ਲਾਗਤ ਨਾਲ ਡਿਉਢੀ ਬਣਾਈ ਗਈ ਹੈ, ਜੋ ਬਹੁਤ ਸੁੰਦਰ ਹੈ. ਇਸ ਅਸਥਾਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਹਿਰਣ ਦਾ ਬਾਰੀਕ ਵਸਤ੍ਰ ਦਾ ਚੋਲਾ ਭੀ ਹੈ.

(੩) ਖੂਹ ਗੁਰੂ ਰਾਮਦਾਸ ਜੀ ਦਾ. ਚੌਥੇ ਸਤਿਗੁਰਾਂ ਦਾ ਲਵਾਇਆ ਖੂਹ, ਜੋ ਆਬਾਦੀ ਦੇ ਵਿੱਚ ਹੈ. ਪਾਸ ਇੱਕ ਕਮਰੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.

(੪) ਬਾਵਲੀ ਸਾਹਿਬ. ਚੌਰਾਸੀ ਪੌੜੀਆਂ ਦੀ ਬਹੁਤ ਸੁੰਦਰ ਵਾਪੀ, ਜੋ ਸ਼੍ਰੀ ਗੁਰੂ ਅਮਰਦਾਸ ਜੀ ਨੇ ਸੰਮਤ ੧੬੧੬ ਵਿੱਚ ਲਗਵਾਈ, ਜੋ ਬਹੁਤ ਪ੍ਰੇਮੀਆਂ ਦਾ ਯਾਤ੍ਰਾ ਅਸਥਾਨ ਹੈ. ਕਈ ਸ਼੍ਰੱਧਾਲੂ ਹਰੇਕ ਪੌੜੀ ਤੇ ਜਪੁ ਸਾਹਿਬ ਦਾ ਇੱਕ ਇੱਕ ਪਾਠ ਚੌਰਾਸੀ ਸਨਾਨ ਕਰਕੇ ਕਰਣ ਤੋਂ, ਚੌਰਾਸੀ ਲੱਖ ਯੋਨਿ ਤੋਂ ਛੁਟਕਾਰਾ ਮੰਨਦੇ ਹਨ. ਮੁਗਲ ਬਾਦਸ਼ਾਹਾਂ ਦੇ ਵੇਲੇ ਦੀ ਜਾਗੀਰ ੧੧੫੫) ਰੁਪਯੇ ਗੋਇੰਦਵਾਲ, ਟੋਡੇਵਾਲ, ਦੁੱਗਲਵਾਲਾ ਅਤੇ ਫਤੇਚੱਕ ਵਿੱਚ ਹੈ. ਰਿਆਸਤ ਕਪੂਰਥਲੇ ਵੱਲੋਂ ੩੩੫) ਰਿਆਸਤ ਨਾਭੇ ਤੋਂ ੫੪) ਰੁਪਯੇ ਹਨ. ਗੁਰਦ੍ਵਾਰੇ ਨਾਲ ਗੋਇੰਦਵਾਲ, ਖਡੂਰ ਸਾਹਿਬ , ਕਾਵਾਂ, ਅਕਬਰਪੁਰਾ, ਮਿਆਣੀਖੱਖ, ਝਡੇਰ, ਵੈਰੋਵਾਲ, ਧੁੰਦਾ, ਆਦਿਕ ਪਿੰਡਾਂ ਵਿੱਚ ਬਹੁਤ ਸਾਰੀ ਜ਼ਮੀਨ ਹੈ ਅਤੇ ਗੁਰਦ੍ਵਾਰੇ ਦੇ ਮਕਾਨ ਗੋਇੰਦਵਾਲ, ਫਤੇਆਬਾਦ, ਫਿਰੋਜ਼ਪੁਰ ਸ਼ਹਿਰ , ਅਮ੍ਰਿਤਸਰ, ਗੁਰਦਾਸਪੁਰ ਅਤੇ ਹਰਿਗੋਬਿੰਦਪੁਰ ਵਿੱਚ ਹਨ.

ਪਹਿਲੇ ਸਰਾਧ (ਸ਼੍ਰਾੱਧ) ਭਾਰੀ ਮੇਲਾ ਹੁੰਦਾ ਹੈ.

(੫) ਮੋਹਨ ਜੀ ਦਾ ਚੌਬਾਰਾ. ਸ੍ਰੀ ਗੁਰੂ ਅਮਰਦਾਸ ਜੀ ਦੇ ਵਡੇ ਸੁਪੁਤ੍ਰ ਬਾਬਾ ਮੋਹਨ ਜੀ ਇਸ ਵਿੱਚ ਨਿਵਾਸ ਕੀਤਾ ਕਰਦੇ ਸਨ. ਬਾਜਾਰ ਦੇ ਨਾਲ ਹੀ ਹਵੇਲੀ ਸਾਹਿਬ ਦੇ ਹਾਤੇ ਨਾਲ ਲਗਦਾ ਸਾਧਾਰਨ ਜਿਹਾ ਅਸਥਾਨ ਹੈ. ਮੰਜੀ ਸਾਹਿਬ ਬਣਿਆ ਹੋਇਆ ਹੈ. ਸ਼੍ਰੀ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਸੇ ਚੌਬਾਰੇ ਪਾਸ ਖਲੋਕੇ “ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ.” ਸ਼ਲੇ੄ ਪਦਾਂ ਵਿੱਚ ਬਾਬਾ ਮੋਹਨ ਜੀ ਦੀ ਉਸਤਤਿ ਕੀਤੀ ਸੀ. ਅਤੇ ਗੁਰਬਾਣੀ ਦੀਆਂ ਪੋਥੀਆਂ ਲਈਆਂ ਸਨ. ਹੁਣ ਇਹ ਮਕਾਨ ਦੋ ਮੰਜਿਲਾ ਨਹੀਂ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਇੰਦਵਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੋਇੰਦਵਾਲ (ਕਸਬਾ): ਇਹ ਨਗਰ ਸਿੱਖ ਧਰਮ ਦਾ ਇਕ ਪ੍ਰਸਿੱਧ ਤੀਰਥ-ਸਥਾਨ ਹੈ। ਇਹ ਤਰਨਤਾਰਨ ਤੋਂ ਪੂਰਬ ਵਲ ਲਗਭਗ 24 ਕਿ.ਮੀ. ਦੀ ਵਿਥ ਉਤੇ ਬਿਆਸ ਨਦੀ ਦੇ ਕੰਢੇ ਉਤੇ ਸਥਿਤ ਹੈ।

            ਰਵਾਇਤ ਹੈ ਕਿ ਇਹ ਧਰਮ-ਧਾਮ ਵਾਲੀ ਥਾਂ’ਤੇ ਪਹਿਲਾਂ ਵਣਜ-ਵਪਾਰ ਦਾ ਇਕ ਵੱਡਾ ਕੇਂਦਰ ਅਤੇ ਕਸਬਾ ਰਹਿ ਚੁਕਿਆ ਹੈ। ਕਦੇ ਲਾਹੌਰ ਤੋਂ ਦਿੱਲੀ ਜਾਣ ਵਾਲੀ ਸੜਕ ਇਸ ਨਗਰ ਪਾਸੋਂ ਲੰਘਦੀ ਸੀ ਪਰ ਸ਼ੇਰ ਸ਼ਾਹ ਸੂਰੀ ਨੇ ਜਦ ਦੀ ਜਰਨੈਲੀ ਸੜਕ ਇਸ ਨਗਰ ਤੋਂ ਦੂਰ ਬਣਾ ਦਿੱਤੀ ਤਦ ਤੋਂ ਇਸ ਦਾ ਗੌਰਵ ਘਟ ਗਿਆ ਅਤੇ ਹੌਲੀ ਹੌਲੀ ਇਹ ਕਸਬਾ ਗ਼ੈਰਾਬਾਦ ਹੋ ਗਿਆ।

ਗੋਂਦਾ (ਗੋਇੰਦਾ) ਨਾਂ ਦੇ ਇਕ ਮਰਵਾਹੇ ਖਤ੍ਰੀ ਸਿੱਖ ਨੇ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ ਕਿ ਉਸ ਪੁਰਾਤਨ ਨਗਰ ਦੇ ਨੇੜੇ ਉਸ ਦੀ ਜ਼ਮੀਨ ਵਿਚ ਫਿਰ ਤੋਂ ਇਕ ਨਗਰ ਵਸਾਇਆ ਜਾਏ। ਗੁਰੂ ਅੰਗਦ ਦੇਵ ਜੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਇਆਂ ਗੁਰੂ ਅਮਰਦਾਸ ਜੀ ਨੇ ਇਥੇ ਨਵਾਂ ਨਗਰ ਵਸਾਇਆ ਅਤੇ ਇਥੇ ਹੀ ਆਪਣਾ ਨਿਵਾਸ ਬਣਾਇਆ। ਇਸ ਨਵੇਂ ਨਗਰ ਦਾ ਨਾਂ ‘ਗੋਇੰਦਾ’ ਸਿੱਖ ਦੇ ਨਾਂ’ਤੇ ‘ਗੋਇੰਦਵਾਲ’ ਪ੍ਰਚਲਿਤ ਹੋਇਆ। ਆਪਣੇ ਗੁਰਿਆਈ-ਕਾਲ ਦਾ ਅਧਿਕ ਸਮਾਂ ਗੁਰੂ ਅਮਰਦਾਸ ਜੀ ਨੇ ਇਥੇ ਹੀ ਬਿਤਾਇਆ।

            ਕਰਤਾਰਪੁਰ ਤੋਂ ਬਾਦ ਅਤੇ ਅੰਮ੍ਰਿਤਸਰ ਦੀ ਸਥਾਪਨਾ ਤੋਂ ਪਹਿਲਾਂ ਤਕ ਇਹ ਨਗਰ ਸਿੱਖ-ਧਰਮ ਅਤੇ ਸਭਿਆਚਾਰ ਦਾ ਮੁੱਖ ਕੇਂਦਰ ਬਣਿਆ ਰਿਹਾ। ਇਸ ਵਿਚ ਗੁਰੂ ਅਮਰਦਾਸ ਜੀ ਨੇ ਸੰਨ 1559 ਈ. (1616 ਬਿ.) ਵਿਚ ਚੌਰਾਸੀ ਪੌੜੀਆਂ ਵਾਲੀ ਇਕ ਬਾਉਲੀ ਬਣਵਾਈ।

            ਇਸ ਨਗਰ ਵਿਚ ਗੁਰੂ ਰਾਮਦਾਸ ਜੀ ਦਾ ਵਿਆਹ ਬੀਬੀ ਭਾਨੀ ਨਾਲ ਹੋਇਆ। ਇਥੇ ਹੀ ਉਨ੍ਹਾਂ ਦੇ ਤਿੰਨ ਪੁੱਤਰਾਂ (ਪ੍ਰਿਥੀਚੰਦ, ਮਹਾਂਦੇਵ ਅਤੇ ਅਰਜਨ ਦੇਵ) ਦਾ ਜਨਮ ਹੋਇਆ। ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਇਥੇ ਹੀ ਗੁਰੂ-ਗੱਦੀ ਉਤੇ ਬੈਠੇ। ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਤੋਂ ਇਲਾਵਾ ਬੀਬੀ ਭਾਨੀ ਦਾ ਵੀ ਇਸੇ ਨਗਰ ਵਿਚ ਦੇਹਾਂਤ ਹੋਇਆ। ਇਥੇ ਹੀ ਭੱਟ-ਕਵੀ ਗੁਰੂ ਦਰਬਾਰ ਵਿਚ ਹਾਜ਼ਰ ਹੋਏ। ਨਲ੍ਹ ਭੱਟ ਨੇ ਇਸ ਮਹਾਨ ਗੁਰੂ-ਧਾਮ ਦੀ ਮਹਾਨਤਾ ਬਾਰੇ ਲਿਖਿਆ ਹੈ— ਗੋਇੰਦਵਾਲ ਗੋਬਿੰਦਪੁਰੀ ਸਮ ਜਲੑਨ ਤੀਰਿ ਬਿਪਾਸ ਬਨਾਯਉ (ਗੁ.ਗ੍ਰੰ. 1400)। ਇਥੇ ਹੀ ਬਾਬਾ ਮੋਹਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਲਈ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰੋਂ ਚਲ ਕੇ ਆਏ ਸਨ।

            ਇਸ ਨਗਰ ਦੇ ਧਰਮ-ਧਾਮ ਮੁੱਖ ਤੌਰ ’ਤੇ ਦੋ ਪਰਿਸਰਾਂ ਵਿਚ ਸਿਮਟੇ ਹੋਏ ਹਨ। ਇਨ੍ਹਾਂ ਵਿਚੋਂ ਪਹਿਲਾ ਪਰਿਸਰ ‘ਬਾਉਲੀ ਸਾਹਿਬ’ ਹੈ। 84 ਪੌੜੀਆਂ ਦੀ ਗੁਰੂ ਅਮਰਦਾਸ ਜੀ ਦੁਆਰਾ ਸੰਨ 1559 ਈ. (1616 ਬਿ.) ਵਿਚ ਬਣਵਾਈ ਗਈ ਇਸ ਬਾਉਲੀ ਦਾ ਸਰੂਪ ਸਮੇਂ ਸਮੇਂ ਸੁਧਾਰਿਆ ਜਾਂਦਾ ਰਿਹਾ ਹੈ। ਹੁਣ ਇਨ੍ਹਾਂ ਪੌੜੀਆਂ ਉਪਰ ਸੁੰਦਰ ਢੰਗ ਨਾਲ ਸੰਗਮਰਮਰ ਲਗਾਇਆ ਗਿਆ ਹੈ। ਅਨੇਕ ਜਿਗਿਆਸੂ ਹਰ ਇਕ ਪੌੜੀ ’ਤੇ ਇਸ਼ਨਾਨ ਕਰਕੇ ਜਪੁਜੀ ਦਾ ਪਾਠ ਕਰਦੇ ਹਨ ਅਤੇ ਇਸ ਤਰ੍ਹਾਂ 84 ਲੱਖ ਜੂਨਾਂ ਦੇ ਗੇੜ ਵਿਚੋਂ ਆਪਣੇ ਆਪ ਨੂੰ ਖ਼ਲਾਸ ਹੋ ਜਾਣ ਦਾ ਸੰਤੋਸ਼ ਪ੍ਰਾਪਤ ਕਰਦੇ ਹਨ। ਬਾਉਲੀ ਸਾਹਿਬ ਦੇ ਪ੍ਰਵੇਸ਼-ਦੁਆਰ ਕੋਲ ‘ਥੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ’ ਬਣਿਆ ਹੋਇਆ ਹੈ, ਜਿਥੇ ਗੁਰੂ ਸਾਹਿਬ ਬੈਠ ਕੇ ਬਾਉਲੀ ਦੀ ਉਸਾਰੀ ਦੀ ਨਿਗਰਾਨੀ ਕਰਦੇ ਸਨ। ਬਾਉਲੀ ਸਾਹਿਬ ਦੇ ਨਾਲ ਹੀ ‘ਸ੍ਰੀ ਦਰਬਾਰ ਸਾਹਿਬ ’ ਬਣਿਆ ਹੋਇਆ ਹੈ ਜਿਸ ਵਿਚ ਸੰਗਤ ਬੈਠਦੀ ਹੈ ਅਤੇ ਹਰਿ-ਜਸ ਸੁਣਦੀ ਹੈ। ਇਸ ਦੇ ਨਾਲ ਹੀ ‘ਲੰਗਰ ਸ੍ਰੀ ਗੁਰੂ ਅਮਰਦਾਸ ਜੀ’ ਦੀ ਇਮਾਰਤ ਹੈ। ਇਸੇ ਪਰਿਸਰ ਵਿਚ ਪੁਰਾਤਨ ਬਿਰਧ ਬੀੜਾਂ ਦੀ ਸਾਂਭ-ਸੰਭਾਲ ਹੁੰਦੀ ਹੈ ਅਤੇ ਅਤਿ ਬਿਰਧ ਬੀੜਾਂ ਦੇ ਸਸਕਾਰ ਦੀ ਵਿਵਸਥਾ ਹੈ।

            ਦੂਜਾ ਪਰਿਸਰ ‘ਹਵੇਲੀ ਸਾਹਿਬ’ ਦਾ ਹੈ। ਇਹ ਅਸਲੋਂ ਗੁਰੂ ਸਾਹਿਬ ਦੀ ਰਿਹਾਇਸ਼ ਵਾਲੀ ਥਾਂ ਹੈ। ਇਸ ਵਿਚ ‘ਗੁਰਦੁਆਰਾ ਸ੍ਰੀ ਚੌਬਾਰਾ ਸਾਹਿਬ’ ਉਹ ਕਮਰਾ ਹੈ ਜਿਸ ਵਿਚ ਗੁਰੂ ਅਮਰਦਾਸ ਜੀ ਆਪਣੇ ਪਰਿਵਾਰ ਸਹਿਤ ਰਹਿੰਦੇ ਸਨ। ਇਸ ਕਮਰੇ ਦੇ ਦੁਆਰ ਤੋਂ ਬਾਹਰ ਦੀਵਾਰ ਵਿਚ ‘ਕਿੱਲੀ ਸਾਹਿਬ’ ਸੁਸ਼ੋਭਿਤ ਹੈ, ਜਿਸ ਨੂੰ ਪਕੜ ਕੇ ਗੁਰੂ ਜੀ ਖੜੋਤੀ ਹੋਈ ਸਥਿਤੀ ਵਿਚ ਭਗਤੀ ਕਰਦੇ ਸਨ। ਇਸ ਦੇ ਨਾਲ ਹੀ ‘ਗੁਰਿਆਈ ਅਸਥਾਨ ਗੁਰੂ ਰਾਮਦਾਸ’ ਹੈ ਜਿਥੇ ਗੁਰੂ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰੂ-ਪਦ ਪ੍ਰਦਾਨ ਕੀਤਾ ਸੀ। ਇਥੇ ਹੀ ‘ਜੋਤੀ ਜੋਤਿ ਅਸਥਾਨ ਪਾਤਿਸ਼ਾਹੀ ੩’ ਵੀ ਹੈ ਜਿਥੇ ਗੁਰੂ ਅਮਰਦਾਸ ਜੀ ਨੇ ਮਹਾਪ੍ਰਸਥਾਨ ਕੀਤਾ ਸੀ ਅਤੇ ਸੱਤ ਸਾਲ ਬਾਦ ਗੁਰੂ ਰਾਮਦਾਸ ਜੀ ਵੀ ਸਮਾਏ ਸਨ। ਇਸੇ ਖੇਤਰ ਵਿਚ ਗੁਰੂ ਰਾਮਦਾਸ ਜੀ ਦੇ ਤਿੰਨਾਂ ਸੁਪੁੱਤਰਾਂ ਦੇ ਜਨਮ-ਸਥਾਨ ਹਨ। ‘ਚੌਬਾਰਾ ਬਾਬਾ ਮੋਹਨ ਜੀ’ ਵੀ ਇਸੇ ਪਰਿਸਰ ਵਿਚ ਬਣਿਆ ਹੋਇਆ ਹੈ ਜਿਸ ਵਿਚ ਬਾਬਾ ਜੀ ਬੈਠ ਕੇ ਤਪਸਿਆ ਕਰਦੇ ਸਨ। ਇਸ ਚੌਬਾਰੇ ਹੇਠ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਪੋਥੀਆਂ ਦੀ ਪ੍ਰਾਪਤੀ ਲਈ ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ਵਾਲਾ ਸ਼ਬਦ ਗਾਇਆ ਸੀ। ਇਥੇ ਨੇੜੇ ਹੀ ਗੁਰੂ ਰਾਮਦਾਸ ਜੀ ਦਾ ਖੁਦਵਾਇਆ ‘ਖੂਹ ਗੁਰੂ ਰਾਮਦਾਸ ਜੀ’ ਵੀ ਹੈ।

            ਉਪਰੋਕਤ ਦੋਹਾਂ ਪਰਿਸਰਾਂ ਦੇ ਧਰਮ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਵਸਥਾ ਅਧੀਨ ਹਨ। ਉਂਜ ਭਾਵੇਂ ਸਾਰੇ ਪੁਰਬ ਇਥੇ ਮਨਾਏ ਜਾਂਦੇ ਹਨ, ਪਰ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਵਾਲੇ ਪੁਰਬ’ਤੇ ਤਿੰਨ ਦਿਨ ਬਹੁਤ ਰੌਣਕ ਰਹਿੰਦੀ ਹੈ। ਇਨ੍ਹਾਂ ਤੋਂ ਇਲਾਵਾ, ਗੋਇੰਦਵਾਲ ਤੋਂ 3 ਕਿ.ਮੀ. ਦੀ ਦੂਰੀ ’ਤੇ ‘ਗੁਰਦੁਆਰਾ ਦਮਦਮਾ ਸਾਹਿਬ ’ ਬਣਿਆ ਹੋਇਆ ਹੈ। ਇਹ ਉਹ ਸਥਾਨ ਹੈ ਜਿਥੇ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਬਿਆਸ ਨਦੀ ਤੋਂ ਗਾਗਰ ਵਿਚ ਨਿੱਤ ਜਲ ਲੈ ਜਾਂਦੇ ਹੋਏ ਗੁਰੂ ਅਮਰਦਾਸ ਜੀ ਕੁਝ ਸਮੇਂ ਲਈ ਠਹਿਰਦੇ ਸਨ।

            ਇਸ ਨਗਰ ਦੀ ਇਤਿਹਾਸਿਕ ਮਹਾਨਤਾ ਨੂੰ ਮੁਖ ਰਖਦਿਆਂ ਇਸ ਨੂੰ ਇਕ ਵੱਡਾ ਉਦਯੋਗਿਕ ਕੇਂਦਰ ਬਣਾਇਆ ਜਾ ਰਿਹਾ ਹੈ। ਇਸ ਦੇ ਨੇੜੇ ਬਿਆਸ ਨਦੀ ਉਤੇ ਪੁਲ ਬਣ ਜਾਣ ਕਾਰਣ ਇਸ ਦਾ ਮਹੱਤਵ ਹੋਰ ਵੀ ਵਧ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੋਇੰਦਵਾਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਇੰਦਵਾਲ (31°-22’ ਉ, 75°-9’ ਪੂ): ਸਿੱਖਾਂ ਦਾ ਸਭ ਤੋਂ ਪਹਿਲਾ ਤੀਰਥ ਅਸਥਾਨ ਜਿਸ ਨੂੰ ਇਸ ਦੇ ਸੰਸਥਾਪਕ ਗੁਰੂ ਅਮਰਦਾਸ ਜੀ ਦੁਆਰਾ ਇਹ ਨਾਂ ਦਿੱਤਾ ਗਿਆ ਹੈ। ਅਸਲ ਵਿਚ ਇਹ ਉਹ ਸਥਾਨ ਹੈ ਜਿੱਥੇ ਪੁਰਾਤਨ ਪੂਰਬੀ-ਪੱਛਮੀ ਰਾਜਮਾਰਗ ਬਿਆਸ ਦਰਿਆ ਦੇ ਉੱਪਰੋਂ ਦੀ ਲੰਘਦਾ ਸੀ। ਉੱਤਰੀ ਭਾਰਤ ਦੇ ਅਫ਼ਗ਼ਾਨ ਹਾਕਮ ਸ਼ੇਰਸ਼ਾਹ ਸੂਰੀ (1540-45) ਦੁਆਰਾ ਇਸ ਮਾਰਗ ਦੀ ਮੁਰੰਮਤ ਕਰਾਉਣ’ਤੇ, ਇਹ ਬੇੜੀ ਚੱਲਨ ਵਾਲਾ ਅਸਥਾਨ, ਵਿਅਕਤੀਆਂ ਅਤੇ ਵਸਤਾਂ ਨੂੰ ਇੱਧਰ-ਉੱਧਰ ਭੇਜਣ ਵਾਲਾ ਮਹੱਤਵਪੂਰਨ ਅੱਡਾ ਬਣ ਗਿਆ ਸੀ। ਗੋਇੰਦਾ ਜਾਂ ਗੋਦਾਂ , ਜੋ ਮਰਵਾਹਾ ਖੱਤਰੀ ਵਪਾਰੀ ਸੀ, ਨੇ ਇਸ ਬੇੜੀ ਦੇ ਪੱਛਮੀ ਕੰਢੇ ‘ਤੇ ਇਕ ਨਗਰ ਵਸਾਉਣ ਦੀ ਯੋਜਨਾ ਬਣਾਈ। ਪ੍ਰਕਿਰਤਿਕ ਤਬਾਹੀ ਕਾਰਨ ਉਹਨਾਂ ਦੀਆਂ ਘਾਲਣਾਵਾਂ ਵਿਚ ਅਟਕਲਾਂ ਪੈਂਦੀਆਂ ਰਹੀਆਂ ਜਿਸ ਲਈ ਗੋਇੰਦਾ ਨੇ ਬੁਰੀਆਂ ਆਤਮਾਵਾਂ ਨੂੰ ਕਾਰਨ ਸਮਝਿਆ ਅਤੇ ਇਹ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦਾ ਆਸ਼ੀਰਵਾਦ ਲੈਣ ਚੱਲੇ ਗਏ। ਗੁਰੂ ਜੀ ਨੇ ਆਪਣੇ ਸ਼ਰਧਾਲੂ ਸਿੱਖ (ਗੁਰੂ) ਅਮਰਦਾਸ ਜੀ ਨੂੰ, ਗੋਇੰਦਾ ਦੀ ਸਹਾਇਤਾ ਕਰਨ ਲਈ ਉਹਨਾਂ ਨਾਲ ਭੇਜਿਆ। ਅਮਰਦਾਸ, ਜੋ ਉਸ ਭੋਇ ਖੰਡ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਉਹ ਇਸ ਦਰਿਆ ਤੋਂ ਹਰ ਰੋਜ਼ ਆਪਣੇ ਗੁਰੂ ਦੇ ਇਸ਼ਨਾਨ ਲਈ ਪਾਣੀ ਖਡੂਰ ਸਾਹਿਬ ਨੂੰ ਲੈ ਕੇ ਜਾਂਦੇ ਸਨ। ਇਹਨਾਂ ਨੇ ਇਕ ਪਿੰਡ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਗੋਇੰਦਾ ਦੇ ਨਾਂ ਉੱਤੇ ਰੱਖਿਆ ਗਿਆ। 1552 ਵਿਚ ਉਹਨਾਂ ਨੂੰ ਗੁਰਆਈ ਮਿਲਣ ਤੋਂ ਬਾਅਦ, ਗੁਰੂ ਅਮਰਦਾਸ ਜੀ ਖਡੂਰ ਤੋਂ ਗੋਇੰਦਵਾਲ ਚੱਲੇ ਗਏ। 1559 ਵਿਚ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਚ ਬਾਉਲੀ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ। ਬਾਉਲੀ ਤੋਂ ਭਾਵ ਅਜਿਹੇ ਖੂਹ ਤੋਂ ਹੈ ਜਿਸ ਦੀਆਂ ਥੱਲੇ ਵੱਲ ਨੂੰ ਪਾਣੀ ਦੀ ਸਤਹਿ ਤਕ ਪੌੜੀਆਂ ਜਾਂਦੀਆਂ ਹਨ। ਜਦੋਂ ਇਹ ਪੂਰੀ ਹੋਈ ਤਾਂ ਦੂਰੋਂ ਨੇੜਿਓਂ ਸ਼ਰਧਾਲੂਆਂ/ ਤੀਰਥ ਯਾਤਰੀਆਂ ਦੀ ਖਿੱਚ ਦਾ ਕਾਰਨ ਬਣ ਗਈ। ਗੁਰੂ ਅਮਰਦਾਸ ਜੀ ਦੇ ਸਮੇਂ ਗੋਇੰਦਵਾਲ ਵਸਾਖੀ ਦੇ ਮੌਕੇ ‘ਤੇ ਸਲਾਨਾ ਮੇਲੇ ਦਾ ਕੇਂਦਰ ਵੀ ਬਣ ਗਿਆ ਸੀ। ਇੱਥੋਂ ਤਕ ਕਿ ਗੁਰੂ ਅਮਰਦਾਸ ਜੀ ਦੇ ਉੱਤਰਾਧਿਕਾਰੀ, ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਉਸਾਰ ਲਿਆ ਸੀ ਅਤੇ ਉਸਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ ਸੀ, ਫਿਰ ਵੀ ਸ਼ਰਧਾਲੂ ਗੋਇੰਦਵਾਲ ਵਿਖੇ ਪਵਿੱਤਰ ਬਾਉਲੀ ਵਿਚ ਇਸ਼ਨਾਨ ਕਰਨ ਅਤੇ ਹੋਰ ਦੂਜੇ ਸਥਾਨਿਕ ਗੁਰਦੁਆਰਿਆਂ ਵਿਚ ਅਰਦਾਸ ਕਰਨ ਲਈ ਲਗਾਤਾਰ ਆਉਂਦੇ ਰਹਿੰਦੇ ਸਨ।

੍ਰੀ ਬਾਉਲੀ ਸਾਹਿਬ, ਇਕ ਵੱਡਾ 8 ਮੀਟਰ ਘੇਰੇ ਵਾਲਾ ਉੱਪਰੋਂ ਖੁੱਲ੍ਹਾ ਖੂਹ ਹੈ ਅਤੇ ਇਸ ਦੀ ਪਾਣੀ ਦੀ ਸਤਹਿ ਤਕ ਪਹੁੰਚਣ ਲਈ ਬਣਿਆ ਰਸਤਾ ਉੱਪਰੋਂ ਛੱਤਿਆ ਹੋਇਆ ਹੈ, ਜਿਸ ਦੀਆਂ 84 ਪੌੜੀਆਂ ਹਨ। ਇਹ ਉੱਪਰੋਂ ਖੁੱਲ੍ਹਾ ਡਾਟਾਂ ਵਾਲਾ ਗੁੰਬਦਦਾਰ ਰਸਤਾ ਹੈ ਅਤੇ ਜ਼ਮੀਨ ਤੋਂ ਚਾਰ ਪੌੜ੍ਹੀਆਂ ਨੀਂਵਾਂ ਹੈ। ਇਸ ਦੀ ਗੋਲ ਛੱਤ ਅੰਦਰੋਂ ਰੰਗ-ਬਿਰੰਗੇ ਫੁੱਲਾਂ ਨਾਲ ਪੇਂਟ ਕੀਤੀ ਹੋਈ ਹੈ ਅਤੇ ਇਸ ‘ਤੇ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਬਣਾਏ ਹੋਏ ਹਨ। ਡਾਟ ਅਤੇ ਵਧਵੇ ਹਿੱਸੇ ਦਾ ਵਿਚਕਾਰਲਾ ਹਿੱਸਾ ਦਸਾਂ ਗੁਰੂਆਂ ਦੀਆਂ ਤਸਵੀਰਾਂ ਨਾਲ ਅਤੇ ਬਾਬਾ ਮੋਹਰੀ , ਬਾਬਾ ਮੋਹਣ ਅਤੇ ਬਾਬਾ ਅਨੰਦ ਦੇ ਚਿੱਤਰਾਂ ਨਾਲ ਢਕਿਆ ਹੋਇਆ ਹੈ। ਦੂਜੀਆਂ ਹੋਰ ਤਸਵੀਰਾਂ ਗੁਰੂ ਅਮਰਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਨੂੰ ਬਿਆਨ ਕਰਦੀਆਂ ਹਨ। ਜ਼ਿਆਦਾਤਰ ਪੌੜ੍ਹੀਆਂ ਵੱਖ-ਵੱਖ ਸ਼ਰਧਾਲੂਆਂ ਦੁਆਰਾ ਦਾਨ ਵਿਚ ਦਿੱਤੀਆਂ ਸੰਗਮਰਮਰ ਦੀਆਂ ਸਿਲਾਂ ਨਾਲ ਢੱਕੀਆਂ ਹੋਈਆਂ ਹਨ ਅਤੇ ਇਹਨਾਂ ਵਿਚੋਂ ਸਭ ਤੋਂ ਪਹਿਲੀ ਉੱਪਰ ਦਿੱਤੀ ਗਈ ਮਿਤੀ 1963 ਬਿਕਰਮੀ/1906 ਈ. ਹੈ। ਮੁੱਖ ਦੁਆਰ ਉੱਪਰ ਪੱਤੀਦਾਰ ਕਮਲ ਗੁੰਬਦ ਉੱਤੇ ਸੋਨ-ਪੱਤਰਾ ਚੜ੍ਹਿਆ ਗੁੰਬਦ ਹੈ ਅਤੇ ਨਾਲ ਹੀ ਟੀਸੀਦਾਰ ਮੰਮਟੀਆਂ ਹਨ ਅਤੇ ਉਹਨਾਂ ਦੇ ਆਲੇ- ਦੁਆਲੇ ਠੋਸ ਸਜਾਵਟੀ ਗੁੰਬਦ ਬਣੇ ਹੋਏ ਹਨ।

ਥੜ੍ਹਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਇਕ ਸੰਗਮਰਮਰ ਦਾ ਚੌਂਤਰਾ ਹੈ, ਜੋ ਸ੍ਰੀ ਬਾਉਲੀ ਸਾਹਿਬ ਦੇ ਮੁੱਖ ਦੁਆਰ ਵਿਖੇ ਬਣਿਆ ਹੋਇਆ ਹੈ। ਇਸ ਚੌਂਤਰੇ ਉੱਪਰ ਚਿੱਟੇ ਸੰਗਮਰਮਰ ਦਾ ਗੁੰਬਦਦਾਰ ਛੱਤਰ ਹੈ ਜੋ ਗੋਲ ਥੱਮਲਿਆਂ ਦੇ ਸਹਾਰੇ ਖੜ੍ਹਾ ਹੈ। ਇਹ ਅਸਥਾਨ ਉਹ ਹੈ ਜਿੱਥੇ ਬੈਠ ਕੇ ਗੁਰੂ ਅਮਰਦਾਸ ਜੀ ਬਾਉਲੀ ਦੀ ਖੁਦਾਈ ਦੇ ਕਾਰਜ ਦੀ ਦੇਖ-ਰੇਖ ਕਰਿਆ ਕਰਦੇ ਸਨ।

ਸ੍ਰੀ ਦਰਬਾਰ ਸਾਹਿਬ ਜਾਂ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਬਾਉਲੀ ਸਾਹਿਬ ਦੇ ਨਾਲ ਚੌਰਸ ਹਾਲ ਕਮਰਾ ਬਣਿਆ ਹੋਇਆ ਹੈ ਜਿਸ ਦੇ ਵਿਚਾਲੇ ਉਹ ਪਵਿੱਤਰ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਇਸ ਹਾਲ ਵਿਚ ਰੋਜ਼ਾਨਾ ਗੁਰਬਾਣੀ ਵਿਚਾਰ ਹੁੰਦਾ ਹੈ।

ਲੰਗਰ ਸ੍ਰੀ ਗੁਰੂ ਅਮਰਦਾਸ ਜੀ, ਦਰਬਾਰ ਸਾਹਿਬ ਦੇ ਨੇੜੇ, ਇਕ ਵੱਡ-ਆਕਾਰੀ ਲੰਗਰ ਦਾ ਕਮਰਾ ਹੈ, ਜਿਸ ਵਿਚ ਰਸੋਈ ਘਰ ਵੀ ਨਾਲ ਬਣਿਆ ਹੋਇਆ ਹੈ।

ਗੁਰੂ ਅਮਰਦਾਸ ਨਿਵਾਸ, ਬਾਉਲੀ ਸਾਹਿਬ ਦੇ ਪਿੱਛੇ ਹੈ। ਇਹ ਦੋ ਮੰਜ਼ਲੀ ਇਮਾਰਤ ਹੈ ਜੋ ਤੀਰਥ ਯਾਤਰੀਆਂ ਦੇ ਰਹਿਣ ਲਈ ਵਰਤੋਂ ਵਿਚ ਦਿੱਤੀ ਜਾਂਦੀ ਹੈ।

ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ, ਇਹ ਇਕ ਵੱਖਰੇ ਚੌਗਿਰਦੇ ਵਿਚ ਹੈ ਜਿਹੜਾ ਕਿਸੇ ਸਮੇਂ ਗੁਰੂ ਅਮਰਦਾਸ ਅਤੇ ਉਹਨਾਂ ਦੇ ਪਰਵਾਰ ਦਾ ਨਿਵਾਸ ਅਸਥਾਨ ਸੀ। ਇਹ ਇਕ ਚੁਬਾਰਾ ਹੈ ਜਿਸ ਵਿਚ ਗੁਰੂ ਆਪ ਰਹਿੰਦੇ ਸਨ। ਇਹ ਇਕ ਛੋਟਾ ਕਮਰਾ ਹੈ ਜਿਸ ਵਿਚ ਜਾਣ ਲਈ ਅਜੇ ਵੀ ਇਕ ਹੋਰ ਛੋਟੇ ਕਮਰੇ ਵਿਚੋਂ ਗੁਜ਼ਰਨਾ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਮ੍ਹਣੇ ਵਾਲੇ ਕਮਰੇ ਵਿਚ ਚਾਂਦੀ ਦੀ ਪਾਲਕੀ ਉੱਪਰ ਕੀਤਾ ਗਿਆ ਹੈ। ਇਸ ਕਮਰੇ ਦੇ ਦਰਵਾਜ਼ਿਆਂ ਉੱਪਰ ਚਾਂਦੀ ਦਾ ਪੱਤਰਾ ਚੜ੍ਹਿਆ ਹੋਇਆ ਹੈ। ਇਸ ਦਾ ਅੰਦਰਲਾ ਭਾਗ ਅੰਦਰੂਨੀ ਸਜਾਵਟ ਲਈ ਗੱਚਕਾਰੀ ਨਾਲ ਸਜਾਇਆ ਗਿਆ ਹੈ ਜਿਸ ਵਿਚ ਅਕਸ ਬਣਾਉਣ ਵਾਲੇ ਸ਼ੀਸ਼ੇ ਦੇ ਟੁਕੜੇ ਜੜੇ ਗਏ ਹਨ ਅਤੇ ਬਹੁਤ ਸਾਰੇ ਰੰਗਾਂ ਵਿਚ ਗੁੰਝਲਦਾਰ ਨਮੂਨੇ ਬਣਾਏ ਗਏ ਹਨ।

ਕਿੱਲੀ ਸਾਹਿਬ, ਲੱਕੜ ਦੀ ਛੋਟੀ ਕਿੱਲੀ ਜੋ ਹੁਣ ਚਾਂਦੀ ਨਾਲ ਮੜ੍ਹੀ ਹੋਈ ਹੈ, ਸ੍ਰੀ ਚੁਬਾਰਾ ਸਾਹਿਬ ਦੇ ਬਾਹਰ ਉਸ ਦੀ ਸਾਮ੍ਹਣੀ ਕੰਧ ਵਿਚ ਗੱਡੀ ਹੋਈ ਹੈ। ਇਹ ਕਿਹਾ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਖੜ੍ਹੇ ਹੋ ਕੇ ਸਾਧਨਾ ਕਰਦੇ ਸਨ ਅਤੇ ਇਸ ਕਿੱਲੀ ਨੂੰ ਸਹਾਰੇ ਦੇ ਤੌਰ ‘ਤੇ ਫੜੀ ਰੱਖਦੇ ਸਨ। ਕਿੱਲੀ ਸਾਹਿਬ ਦੇ ਉੱਪਰ ਇਕ ਪਿੱਤਲ ਦੀ ਪਲੇਟ ਉੱਤੇ ਉੱਭਰਵੀਂ ਨਕਾਸ਼ੀ ਗੁਰੂ ਨਾਨਕ ਜੀ, ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਦੀ ਰੁੱਖ ਦੇ ਹੇਠਾਂ ਬੈਠਿਆਂ ਦਾ ਵਰਨਨ ਕਰਦੀ ਹੈ। ਦੂਸਰੀ ਹੋਰ ਉੱਭਰਵੀਂ ਨਕਾਸ਼ੀ ਵਿਚ ਗੁਰੂ ਅਮਰਦਾਸ ਜੀ ਅਤੇ ਉਹਨਾਂ ਦੇ ਸੁਪੁੱਤਰ, ਬਾਬਾ ਮੋਹਰੀ ਅਤੇ ਬਾਬਾ ਮੋਹਨ ਨੂੰ ਦਰਸਾਇਆ ਗਿਆ ਹੈ।

 

ਗੁਰਿਆਈ ਅਸਥਾਨ ਗੁਰੂ ਰਾਮਦਾਸ, ਉਹ ਅਸਥਾਨ ਹੈ ਜਿੱਥੇ ਗੁਰੂ ਰਾਮਦਾਸ ਜੀ ਨੂੰ ਗੁਰੂ ਸਾਜਿਆ ਗਿਆ ਸੀ। 1920 ਵਿਚ ਗੁਰੂ ਅਮਰਦਾਸ ਜੀ ਦੇ ਇਕ ਅਨੁਯਾਈ ਵੱਲੋਂ ਇਕ ਪਿੱਤਲ ਦੀ ਪਲੇਟ ਭੇਟ ਕੀਤੀ ਗਈ ਸੀ, ਜਿਸ ਉੱਤੇ ਉਸ ਰਸਮ ਦੀ ਝਾਕੀ ਉੱਕਰੀ ਹੋਈ ਹੈ ਜਿਸ ਵਿਚ ਭਾਈ ਗੁਰਦਾਸ ਜੀ ਗੁਰੂ ਰਾਮਦਾਸ ਜੀ ਦੇ ਸਿਰ ਉੱਪਰ ਦੀ ਚੌਰ ਕਰ ਰਹੇ ਹਨ, ਬਾਬਾ ਬੁੱਢਾ ਜੀ ਉਹਨਾਂ ਦੇ ਮੱਥੇ ‘ਤੇ ਕੇਸਰ ਦਾ ਤਿਲਕ ਲਾ ਰਹੇ ਹਨ ਅਤੇ ਗੁਰੂ ਅਮਰਦਾਸ ਜੀ ਬਾਬਾ ਬੁੱਢਾ ਜੀ ਦੇ ਪਿੱਛੇ ਖੜ੍ਹੇ ਹਨ, ਜਦੋਂ ਕਿ ਬਾਬਾ ਮੋਹਰੀ ਗੁਰੂ ਰਾਮਦਾਸ ਜੀ ਦੇ ਚਰਨ ਛੁਹ ਰਹੇ ਹਨ ਅਤੇ ਬਾਬਾ ਮੋਹਨ ਹਿਰਨ ਦੀ ਖੱਲ ਉੱਤੇ ਬੈਠੇ ਭਗਤੀ ਕਰ ਰਹੇ ਹਨ। ਇਹਨਾਂ ਤੋਂ ਅੱਗੇ 22 ਮਹੱਤਵਪੂਰਨ ਸਿੱਖਾਂ ਦੀਆਂ ਤਸਵੀਰਾਂ ਹਨ ਜਿਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਮੰਜੀਆਂ ਬਖ਼ਸ਼ੀਆਂ ਸਨ।

ਜੋਤੀ-ਜੋਤਿ ਅਸਥਾਨ ਪਾਤਸ਼ਾਹੀ ਤੀਜੀ, ਗੁਰਿਆਈ ਅਸਥਾਨ ਤੋਂ ਅਗਲਾ ਇਕ ਛੋਟਾ ਪੈਵਿਲੀਅਨ ਹੈ। ਇਹ ਉਸ ਕਮਰੇ ਵਾਲੇ ਅਸਥਾਨ ‘ਤੇ ਉਸਾਰਿਆ ਗਿਆ ਹੈ ਜਿਸ ਵਿਚ ਗੁਰੂ ਅਮਰਦਾਸ ਜੀ 1 ਸਤੰਬਰ 1574 ਨੂੰ ਜੋਤੀ-ਜੋਤਿ ਸਮਾਏ ਸਨ। ਸੱਤ ਸਾਲ ਬਾਅਦ ਗੁਰੂ ਰਾਮਦਾਸ ਜੀ ਵੀ ਉਸੇ ਕਮਰੇ ਵਿਚ ਜੋਤੀ-ਜੋਤਿ ਸਮਾਏ ਸਨ।

ਜਨਮ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ, ਇਸੇ ਹੀ ਚੌਗਿਰਦੇ ਵਿਚ ਸ੍ਰੀ ਚੁਬਾਰਾ ਸਾਹਿਬ ਨਾਂ ਦਾ ਇਕ ਕਮਰਾ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ। ਇਸ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ।

ਚੁਬਾਰਾ ਬਾਬਾ ਮੋਹਨ ਜੀ, ਉਹ ਅਸਥਾਨ ਹੈ ਜਿੱਥੇ ਗੁਰੂ ਅਮਰਦਾਸ ਜੀ ਦੇ ਤਪੱਸਵੀ ਸੁਪੁੱਤਰ ਬਾਬਾ ਮੋਹਨ ਜੀ ਚੁਬਾਰੇ ਵਿਚ ਰਹਿੰਦੇ ਸਨ। ਇੱਥੋਂ ਹੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਮੋਹਨ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਿਚ ਇਸਤੇਮਾਲ ਕਰਨ ਲਈ ਪੋਥੀਆਂ ਜਿਹਨਾਂ ਵਿਚ ਬਾਣੀਆਂ ਸ਼ਾਮਲ ਸੀ, ਪ੍ਰਾਪਤ ਕੀਤੀਆਂ ਸਨ। ਵਰਤਮਾਨ ਵਿਚ ਜਿਸ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਜ਼ਮੀਨੀ ਮੰਜ਼ਲ ‘ਤੇ ਹੈ। ਚੁਬਾਰਾ ਸਾਹਿਬ ਵਿਚ ਜਿਹਨਾਂ ਪਵਿੱਤਰ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਿਆ ਹੈ ਉਹਨਾਂ ਵਿਚੋਂ ਪਾਲਕੀ ਹੈ ਜਿਸ ਵਿਚ ਪੋਥੀਆਂ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਸੀ ਅਤੇ ਫਿਰ ਵਾਪਸ ਗੋਇੰਦਵਾਲ ਲਿਆਂਦਾ ਗਿਆ ਸੀ।

ੂਹ ਗੁਰੂ ਰਾਮਦਾਸ ਜੀ ਅਤੇ ਜੋਤੀ-ਜੋਤਿ ਅਸਥਾਨ ਭਾਈ ਗੁਰਦਾਸ ਜੀ, ਇਹ ਸ੍ਰੀ ਚੁਬਾਰਾ ਸਾਹਿਬ ਦੇ ਪੱਛਮ ਵੱਲ ਭਾਈ ਗੁਰਦਾਸ ਜੀ ਦੀ ਯਾਦਗਾਰ ਕਾਇਮ ਰੱਖਣ ਲਈ ਵੱਖਰਾ ਗੁਰਦੁਆਰਾ ਹੈ ਜਿਹੜੇ ਇੱਥੇ ਜੋਤੀ-ਜੋਤਿ ਸਮਾਏ ਸਨ ਅਤੇ ਖੂਹ ਨੂੰ ਗੁਰੂ ਰਾਮਦਾਸ ਜੀ ਨੇ ਖੁਦਵਾਇਆ ਸੀ ਜਿਸ ਨੂੰ ਇਸ ਗੁਰਦੁਆਰੇ ਦੇ ਸਾਮ੍ਹਣੇ ਅਤੇ ਇਸ ਦੇ ਚੌਗਿਰਦੇ ਵਿਚ ਅਜੇ ਵੀ ਮਹਿਫੂਜ਼ ਰੱਖਿਆ ਹੋਇਆ ਹੈ।

     ਗੋਇੰਦਵਦਾਲ ਵਿਚ ਇਹਨਾਂ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤਾ ਜਾਂਦਾ ਹੈ। ਇਸ ਅਸਥਾਨ ‘ਤੇ ਸਤੰਬਰ ਦੇ ਮਹੀਨੇ ਵਿਚ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਸਮਾਉਣ ਵਾਲੇ ਦਿਨ ਦੀ ਯਾਦ ਨੂੰ ਮਨਾਉਣ ਲਈ ਤਿੰਨ ਦਿਨਾਂ ਲਈ ਭਾਰੀ ਸੰਗਤ ਜੁੜਦੀ ਹੈ।

ਗੁਰਦੁਆਰਾ ਦਮਦਮਾ ਸਾਹਿਬ , ਗੁਰਦੁਆਰਾ ਗੋਇੰਦਵਾਲ ਤੋਂ 3 ਕੀ.ਮੀ. ਦੂਰ ਹੈ, ਜੋ ਗੁਰੂ ਅਮਰਦਾਸ ਜੀ ਦੀ ਯਾਦ ਵਿਚ ਬਣਾਇਆ ਗਿਆ ਹੈ। ਪਰੰਪਰਾ ਅਨੁਸਾਰ, ਉਹ ਸਵੇਰ ਵੇਲੇ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਦਰਿਆ ਤੋਂ ਪਾਣੀ ਲਿਆਉਂਦੇ ਸਮੇਂ ਗੋਇੰਦਵਾਲ ਤੋਂ ਖਡੂਰ ਦੀ ਰੋਜ਼ਾਨਾ ਯਾਤਰਾ ਕਰਦੇ ਸਮੇਂ ਇੱਥੇ ਕੁਝ ਵਕਤ ਲਈ ਰੁਕਿਆ ਕਰਦੇ ਸਨ। ਅਜੋਕੀ ਇਮਾਰਤ 1960 ਵਿਚ ਸੰਤ ਭੂਰੀਵਾਲੇ ਜੀ ਦੁਆਰਾ ਬਣਾਈ ਗਈ ਸੀ, ਜਿਹਨਾਂ ਦੇ ਸ਼ਾਗਿਰਦਾਂ ਨੇ ਇਸ ਦੀ ਦੇਖ-ਭਾਲ ਦਾ ਕੰਮ ਜਾਰੀ ਰੱਖਿਆ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੋਇੰਦਵਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੋਇੰਦਵਾਲ : ਇਹ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਤਰਨਤਾਰਨ ਵਿਚ ਬਿਆਸ ਦੇ ਕੰਢੇ ਗੋਇੰਦਾ ਨਾਮੀ ਮਰਵਾਹੇ ਖੱਤਰੀ ਦਾ ਸ੍ਰੀ ਗੁਰੂ ਅਮਰਦਾਸ ਜੀ ਦੀ ਸਹਾਇਤਾ ਨਾਲ ਵਸਾਇਆ ਨਗਰ ਹੈ ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ 15 ਮੀਲ ਦੂਰ ਹੈ।

          ਇਸ ਗੁਰੂ ਕੀ ਨਗਰੀ ਵਿਚ ਕਈ ਗੁਰਦੁਆਰੇ ਅਤੇ ਪਵਿੱਤਰ ਅਸਥਾਨ ਹਨ ਜਿਨ੍ਹਾਂ ਦਾ ਵੇਰਵਾ ਹੇਠਾਂ ਦਿਤਾ ਗਿਆ ਹੈ :––

          ਅਨੰਦ ਜੀ ਦਾ ਅਸਥਾਨ––ਅਨੰਦ ਜੀ ਸ੍ਰੀ ਗੁਰੂ ਅਮਰ ਦਾਸ ਜੀ ਦੇ ਪੋਤਰੇ ਬਾਬਾ ਮੋਹਰੀ ਜੀ ਦੇ ਪੁੱਤਰ ਸਨ। ਉਨ੍ਹਾਂ ਦੀ ਰਿਹਾਇਸ਼ ਦੀ ਥਾਂ ਮੰਜੀ ਸਾਹਿਬ ਬਣਿਆ ਹੋਇਆ ਹੈ।

          ਹਵੇਲੀ ਸਾਹਿਬ––ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਰਹਿਣ ਦਾ ਮਕਾਨ ਹੈ ਜਿਸ ਦੇ ਚੁਬਾਰੇ ਦੀ ਕਿੱਲੀ ਨੂੰ ਫੜ ਕੇ ਖਲੋਤੇ ਹੋਏ ਗੁਰੂ ਸਾਹਿਬ ਭਜਨ ਕਰਦੇ ਹੁੰਦੇ ਸਨ। ਪ੍ਰੇਮੀਆਂ ਨੇ ਇਸ ਕਿੱਲੀ ਤੇ ਹੁਣ ਚਾਂਦੀ ਚੜ੍ਹਾ ਦਿੱਤੀ ਹੈ। ਇਸ ਥਾਂ ਗੁਰੂ ਅਮਰਦਾਸ ਜੀ ਦੀਵਾਨ ਸਜਾਇਆ ਕਰਦੇ ਸਨ। ਇਥੇ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਦੀ ਪਾਲਕੀ ਪਈ ਹੈ ਜਿਸ ਵਿਚ ਆਪ ਜੀ ਗੁਰਬਾਣੀ ਦੀਆਂ ਪੋਥੀਆਂ ਸ੍ਰੀ ਅੰਮ੍ਰਿਤਸਰ ਲੈ ਗਏ ਸਨ ਅਤੇ ਵਾਪਸ ਵੀ ਇਸੇ ਪਾਲਕੀ ਵਿਚ ਲਿਆਏ ਸਨ। ਇਸ ਪਾਲਕੀ ਵਿਚ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਬਰਾਂਡੇ ਵਿਚ ਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਅਸਥਾਨ ਹੈ। ਸੁਨਹਿਰੀ ਤਸਵੀਰ ਵਿਚ ਗੁਰਿਆਈ ਦੇ ਸਮੇਂ ਦੀ ਝਾਕੀ ਦਿਖਾਈ ਗਈ ਹੈ। ਇਸ ਦੇ ਕੋਲ ਹੀ ਤੀਜੀ ਅਤੇ ਚੌਥੀ ਪਾਤਸ਼ਾਹੀ ਦੇ ਜੋਤੀ-ਜੋਤ ਸਮਾਉਣ ਦਾ ਅਸਥਾਨ ਹੈ। ਇਸੇ ਬਰਾਂਡੇ ਵਿਚ ਬੀਬੀ ਭਾਨੀ ਜੀ ਦਾ ਚੁੱਲ੍ਹਾ ਹੈ ਜੋ ਹੁਣ ਸੰਗਮਰਮਰ ਦਾ ਬਣਾਇਆ ਹੋਇਆ ਹੈ। ਇਸ ਚੁੱਲ੍ਹੇ ਦੇ ਕੋਲ ਹੀ ਉਹ ਥੰਮ੍ਹ ਵੀ ਮੌਜੂਦ ਹੈ ਜਿਸਦੇ ਸਹਾਰੇ ਸਤਿਗੁਰੂ ਅਰਜਨ ਦੇਵੀ ਜੀ ਖਲੋਇਆ ਕਰਦੇ ਸਨ।

          ਪਾਸ ਹੀ ਇਕ ਕੋਠੜੀ ਵਿਚ ਸ੍ਰੀ ਗੁਰੂ ਅਰਜਨ ਦੇਵੀ ਜੀ ਦੇ ਅਵਤਾਰ ਧਾਰਨ ਦੇ ਅਸਥਾਨ ਪਾਸ ਬਾਬਾ ਪ੍ਰਿਥੀ ਚੰਦ ਅਤੇ ਮਹਾਂਦੇਵ ਜੀ ਦੇ ਪਰਗਟ ਹੋਣ ਦਾ ਅਸਥਾਨ ਹੈ। ਇਸ ਦੇ ਸਾਹਮਣੇ ਇਕ ਕੋਠੜੀ ਹੈ ਜਿਥੇ ਗੁਰੂ ਅਮਰਦਾਸ ਜੀ ਨੇ ਤੇਈਆ ਤਾਪ ਕੈਦ ਕੀਤਾ ਸੀ ਅਤੇ ਭਾਈ ਲਾਲੋ, ਡੱਲਾ ਨਿਵਾਸੀ ਛੁਡਾ ਕੇ ਲੈ ਗਿਆ ਸੀ।

          ਇਸ ਗੁਰਦੁਆਰੇ ਵਿਚ ਸੰਗਮਰਮਰ ਦੀ ਸੇਵਾ ਬਹੁਤ ਹੋਈ ਹੈ। ਖਾਸ ਕਰਕੇ ਮਹਾਰਾਜਾ ਫ਼ਰੀਦਕੋਟ ਵੱਲੋਂ 18 ਹਜ਼ਾਰ ਰੁਪਏ ਦੀ ਲਾਗਤ ਨਾਲ ਡਿਉਢੀ ਬਣਾਈ ਗਈ ਹੈ। ਇਥੇ ਸ੍ਰੀ ਗੁਰੂ ਅਮਰਦਾਸ ਜੀ ਦੇ ਪਹਿਨਣ ਵਾਲਾ ਬਰੀਕ ਕੱਪੜੇ ਦਾ ਇਕ ਚੋਲਾ ਵੀ ਮੌਜੂਦ ਹੈ।

          ਬਾਉਲੀ ਸਾਹਿਬ––ਇਹ ਚੌਰਾਸੀ ਪੌੜੀਆਂ ਦੀ ਬਹੁਤ ਸੁੰਦਰ ਬਾਉਲੀ ਹੈ ਜੋ ਸ੍ਰੀ ਗੁਰੂ ਅਰਮਦਾਸ ਜੀ ਨੇ ਸੰਨ 1559 ਵਿਚ ਤਿਆਰ ਕਰਵਾਈ ਸੀ। ਇਹ ਬਹੁਤ ਪ੍ਰੇਮੀਆਂ ਦੀ ਯਾਤਰਾ ਦਾ ਸਥਾਨ ਹੈ। ਕਈ ਸ਼ਰਧਾਲੂ ਹਰਕੀ ਪੌੜੀ ਤੇ ਜਪੁਜੀ ਸਾਹਿਬ ਦਾ ਇਕ ਪਾਠ ਅਤੇ ਚੌਰਾਸੀ ਇਸ਼ਨਾਨ ਕਰਕੇ ਚੌਰਾਸੀ ਲੱਖ ਜੂਨਾਂ ਤੋਂ ਛੁਟਕਾਰਾ ਮੰਨਦੇ ਹਨ। ਮੁਗ਼ਲ ਬਾਦਸ਼ਾਹਾਂ ਦੇ ਵੇਲੇ ਜਾਗੀਰ 1155 ਰੁਪਏ ਗੋਇੰਦਵਾਲ ਟੋਡੇਵਾਲ, ਦੁੱਗਲਵਾਲ ਅਤੇ ਫਤੇ ਚੱਕ ਵਿਚ ਸੀ। ਰਿਆਸਤ ਕਪੂਰਥਲੇ ਵੱਲੋਂ 335 ਰੁਪਏ ਰਿਆਸਤ ਨਾਭੇ ਤੋਂ 54 ਰੁਪਏ ਸਨ। ਗੁਰਦੁਆਰੇ ਨਾਲ ਗੋਇੰਦਵਾਲ, ਖਡੂਰ ਸਾਹਿਬ, ਕਾਵਾਂ, ਅਕਬਰਪੁਰਾ, ਮਿਆਣੀ ਖੱਖ, ਝੰਡੇਰ, ਵੈਰੋਵਾਲ, ਧੂੰਦਾ ਆਦਿਕ ਪਿੰਡਾਂ ਵਿਚ ਬਹੁਤ ਸਾਰੀ ਜ਼ਮੀਨ ਹੈ ਅਤੇ ਗੁਰਦੁਆਰੇ ਦੇ ਮਕਾਨ ਗੋਇੰਦਗਾਲ, ਫਤਿਆਬਾਦ, ਫਿਰੋਜ਼ਪੁਰ ਸ਼ਹਿਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹਰਿਗੋਬਿੰਦਪੁਰ ਵਿਚ ਹਨ।

          ਮੋਹਨ ਜੀ ਦਾ ਚੁਬਾਰਾ––ਸ੍ਰੀ ਗੁਰੂ ਅਰਮਦਾਸ ਜੀ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਇਸ ਵਿਚ ਨਿਵਾਸ ਕਰਦੇ ਸਨ। ਇਹ ਬਾਜ਼ਾਰ ਦੇ ਨਾਲ ਲਗਦੇ ਹਵੇਲੀ ਸਾਹਿਬ ਦੇ ਅਹਾਤੇ ਨਾਲ ਲਗਦਾ ਸਾਧਾਰਨ ਜਿਹਾ ਅਸਥਾਨ ਹੈ, ਮੰਜੀ ਸਾਹਿਬ ਬਣਿਆ ਹੋਇਆ ਹੈ। ਪੰਚਮ ਪਾਤਸ਼ਾਹ ਜੀ ਨੇ ਇਸ ਚੁਬਾਰੇ ਕੋਲ ਖਲੋ ਕੇ ਸ਼ਲੋਕ ਪਦਾਂ ਵਿਚ ‘ਮੋਹਨ ਤੇਰੇ ਉਚੇ ਮੰਦਰ ਮਹਿਲ ਅਪਾਰਾ’ ਬਾਬਾ ਮੋਹਨ ਜੀ ਦੀ ਉਸਤਤ ਕਰਕੇ ਗੁਰਬਾਣੀ ਦੀਆਂ ਪੋਥੀਆਂ ਲਈਆਂ ਸਨ।

          ਹ. ਪੁ.––ਮ. ਕੋ. 427


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਗੋਇੰਦਵਾਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੋਇੰਦਵਾਲ : ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਤਰਨਤਾਰਨ ਵਿਚ ਬਿਆਸ ਦੇ ਕੰਢੇ ਗੋਇੰਦਾ (ਗੋਂਦਾ) ਨਾਮੀ ਮਰਵਾਹੇ ਖੱਤਰੀ ਦਾ ਸ੍ਰੀ ਗੁਰੂ ਅਮਰਦਾਸ ਜੀ ਦੀ ਸਹਾਇਤਾ ਨਾਲ ਵਸਾਇਆ ਨਗਰ ਹੈ ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ 15 ਮੀਲ (24 ਕਿ. ਮੀ. ) ਦੂਰ ਹੈ।

ਇਸ ਗੁਰੂ ਕੀ ਨਗਰੀ ਵਿਚ ਕਈ ਗੁਰਦੁਆਰੇ ਅਤੇ ਪਵਿੱਤਰ ਅਸਥਾਨ ਹਨ ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:–

ਅਨੰਦ ਜੀ ਦਾ ਅਸਥਾਨ –ਅਨੰਦ ਜੀ ਸ੍ਰੀ ਗੁਰੂ ਅਮਰ ਦਾਸ ਜੀ ਦੇ ਪੋਤਰੇ ਅਤੇ ਬਾਬਾ ਮੋਹਰੀ ਜੀ ਦੇ ਪੁੱਤਰ ਸਨ। ਉਨ੍ਹਾਂ ਦੀ ਰਿਹਾਇਸ਼ ਵਾਲੀ ਥਾਂ ਮੰਜੀ ਸਾਹਿਬ ਬਣਿਆ ਹੋਇਆ ਹੈ।

ਹਵੇਲੀ ਸਾਹਿਬ

ਹਵੇਲੀ ਸਾਹਿਬ –ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਰਹਿਣ ਦਾ ਮਕਾਨ ਹੈ ਜਿਸ ਦੇ ਚੁਬਾਰੇ ਦੀ ਕਿੱਲੀ ਨੂੰ ਫੜ ਕੇ ਖੜ੍ਹੋਤੇ ਹੋਏ ਗੁਰੂ ਸਾਹਿਬ ਭਜਨ ਕਰਦੇ ਹੁੰਦੇ ਸਨ। ਪ੍ਰੇਮੀਆਂ ਨੇ ਇਸ ਕਿੱਲੀ ਤੇ ਹੁਣ ਚਾਂਦੀ ਚੜ੍ਹਾ ਦਿੱਤੀ ਹੈ। ਇਸ ਥਾਂ ਗੁਰੂ ਅਮਰਦਾਸ ਜੀ ਦੀਵਾਨ ਸਜਾਇਆ ਕਰਦੇ ਸਨ। ਇਥੇ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਦੀ ਪਾਲਕੀ ਪਈ ਹੈ ਜਿਸ ਵਿਚ ਆਪ ਜੀ ਗੁਰਬਾਣੀ ਦੀਆਂ ਪੋਥੀਆਂ ਸ੍ਰੀ ਅੰਮ੍ਰਿਤਸਰ ਲੈ ਗਏ ਸਨ ਅਤੇ ਵਾਪਸ ਵੀ ਇਸੇ ਪਾਲਕੀ ਵਿਚ ਲਿਆਏ ਸਨ। ਇਸ ਪਾਲਕੀ ਵਿਚ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਬਰਾਂਡੇ ਵਿਚ ਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਅਸਥਾਨ ਹੈ। ਸੁਨਹਿਰੀ ਤਸਵੀਰ ਵਿਚ ਗੁਰਿਆਈ ਦੇ ਸਮੇਂ ਦੀ ਝਾਕੀ ਦਿਖਾਈ ਗਈ ਹੈ। ਇਸ ਦੇ ਕੋਲ ਹੀ ਤੀਜੀ ਅਤੇ ਚੌਥੀ ਪਾਤਸ਼ਾਹੀ ਦੇ ਜੋਤੀ ਜੋਤਿ ਸਮਾਉਣ ਦਾ ਅਸਥਾਨ ਹੈ। ਇਸੇ ਬਰਾਂਡੇ ਵਿਚ ਬੀਬੀ ਭਾਨੀ ਜੀ ਦਾ ਚੁੱਲ੍ਹਾ  ਹੈ ਜੋ ਹੁਣ ਸੰਗਮਰਮਰ ਦਾ ਬਣਾਇਆ ਹੋਇਆ ਹੈ। ਇਸ ਚੁੱਲ੍ਹੇ ਦੇ ਕੋਲ ਹੀ ਉਹ ਥੰਮ੍ਹ ਵੀ ਮੌਜੂਦ ਹੈ ਜਿਸ ਦੇ ਸਹਾਰੇ ਗੁਰੂ ਅਰਜਨ ਦੇਵ ਜੀ ਬਾਲ ਅਵਸਥਾ ਵਿਚ ਖੜ੍ਹੋਇਆ ਕਰਦੇ ਸਨ।

ਇਸ ਦੇ ਨਜ਼ਦੀਕ ਹੀ ਇਕ ਕੋਠੜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਧਾਰਨ ਦੇ ਅਸਥਾਨ ਪਾਸ ਪ੍ਰਿਥੀ ਚੰਦ ਅਤੇ ਮਹਾਂਦੇਵ ਜੀ ਦੇ ਪ੍ਰਗਟ ਹੋਣ ਦਾ ਅਸਥਾਨ ਹੈ। ਇਸ ਦੇ ਸਾਹਮਣੇ ਇਕ ਕੋਠੜੀ ਹੈ ਜਿਥੇ ਗੁਰੂ ਅਮਰਦਾਸ ਜੀ ਨੇ ਤਈਆ ਤਾਪ ਕੈਦ ਕੀਤਾ ਸੀ ਅਤੇ ਭਾਈ ਲਾਲੋ, ਡੱਲਾ ਨਿਵਾਸੀ ਛੁੜਾ ਕੇ ਲੈ ਗਿਆ ਸੀ।

ਇਸ ਗੁਰਦੁਆਰੇ ਵਿਚ ਸੰਗਮਰਮਰ ਦੀ ਸੇਵਾ ਬਹੁਤ ਹੋਈ ਹੈ। ਖਾਸ ਕਰ ਕੇ ਮਹਾਰਾਜਾ ਫ਼ਰੀਦਕੋਟ ਵੱਲੋਂ 18 ਹਜ਼ਾਰ ਰੁਪਏ ਦੀ ਲਾਗਤ ਨਾਲ ਡਿਉਢੀ ਬਣਾਈ ਗਈ ਹੈ। ਇਥੇ ਸ੍ਰੀ ਗੁਰੂ ਅਮਰਦਾਸ ਜੀ ਦੇ ਪਹਿਨਣ ਵਾਲਾ ਬਰੀਕ ਕੱਪੜੇ ਦਾ ਇਕ ਚੋਲਾ ਵੀ ਮੌਜੂਦ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-12-14-07, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 427; ਪੰ. ਵਿ. ਕੋ. 9.236

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.