ਗੋਦਾਵਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਦਾਵਰੀ ਗੋ (ਸ੍ਵਰਗ)ਦੇਣ ਵਾਲੀ ਦੱਖਣ ਦੀ ਇੱਕ ਨਦੀ , ਜੋ ਪੂਰਵੀ ਘਾਟਾਂ ਤੋਂ ਤ੍ਰਿਅੰਬਕ (ਤ੍ਰ੍ਯੰਬਕ) ਪਾਸੋਂ ਨਿਕਲਕੇ ੮੯੮ ਮੀਲ ਵਹਿਦੀ ਹੋਈ ਬੰਗਾਲ ਦੀ ਖਾਡੀ ਵਿੱਚ ਡਿਗਦੀ ਹੈ. ਅਬਿਚਲਨਗਰ (ਹਜੂਰ ਸਾਹਿਬ) ਇਸੇ ਨਦੀ ਦੇ ਕਿਨਾਰੇ ਹੈ. “ਗੰਗਾ ਜਉ ਗੋਦਾਵਰਿ ਜਾਈਐ.” (ਰਾਮ ਨਾਮਦੇਵ) “ਸੁਰ ਸੁਰੀ ਸਰਸ੍ਵਤੀ ਜਮੁਨਾ ਗੋਦਾਵਰੀ.” (ਭਾਗੁ ਕ)

ਬ੍ਰਹਮਵੈਵਰਤ ਪੁਰਾਣ ਵਿੱਚ ਇੱਕ ਅਣੋਖੀ ਕਥਾ ਲਿਖੀ ਹੈ ਕਿ ਇੱਕ ਬ੍ਰਾਹਮਣੀ ਤੀਰਥ ਕਰਦੀ ਫਿਰਦੀ ਇੱਕ ਜੰਗਲ ਵਿੱਚ ਕਿਸੇ ਕਾਮੀ ਨੂੰ ਮਿਲ ਗਈ. ਬ੍ਰਾਹਮਣੀ ਦੀ ਇੱਛਾ ਵਿਰੁੱਧ ਕਾਮ ਦੇ ਸੇਵਕ ਨੇ ਜੋਰਾਵਰੀ ਭੋਗ ਕੀਤਾ. ਬ੍ਰਾਹਮਣੀ ਨੇ ਉਸ ਵੇਲੇ ਉਸ ਪਰਪੁਰਖ ਦੇ ਵੀਰਯ ਨੂੰ ਤ੍ਯਾਗ ਦਿੱਤਾ, ਜਿਸ ਤੋਂ ਵਡਾ ਸੁੰਦਰ ਬਾਲਕ ਤੁਰਤ ਹੀ ਪੈਦਾ ਹੋ ਗਿਆ. ਬ੍ਰਾਹਮਣੀ ਪੁਤ੍ਰ ਸਮੇਤ ਰੋਂਦੀ ਹੋਈ ਆਪਣੇ ਪਤੀ ਪਾਸ ਆਈ ਅਤੇ ਸਾਰੀ ਕਥਾ ਸੁਣਾਈ. ਪਤੀ ਨੇ ਇਸਤ੍ਰੀ ਦਾ ਤ੍ਯਾਗ ਕਰ ਦਿੱਤਾ, ਇਸ ਪੁਰ ਬ੍ਰਾਹਮਣੀ ਨੇ ਤਪ ਅਤੇ ਯੋਗਾਭ੍ਯਾਸ ਕਰਨਾ ਆਰੰਭ ਕੀਤਾ ਅਤੇ ਪੁੰਨ ਦੇ ਪ੍ਰਭਾਵ ਗੋਦਾਵਰੀ ਨਦੀ ਰੂਪ ਹੋਕੇ ਸੰਸਾਰ ਪੁਰ ਵਹਿਣ ਲੱਗੀ.

ਬ੍ਰਹਮਾਂਡ ਪੁਰਾਣ ਵਿੱਚ ਲਿਖਿਆ ਹੈ ਕਿ ਗੋਤਮਰਿਖੀ, ਇਕ ਮੋਈ ਹੋਈ ਗਊ ਦੇ ਜਿੰਦਾ ਕਰਨ ਲਈ ਸ਼ਿਵ ਦੀਆਂ ਜਟਾਂ ਵਿੱਚੋਂ ਜੋ ਗੰਗਾ ਦੀ ਧਾਰਾ ਲਿਆਇਆ, ਉਸੇ ਤੋਂ ਗੋਦਾਵਰੀ ਨਦੀ ਹੋਈ ਅਤੇ ਇਸੇ ਲਈ ਇਸ ਦਾ ਦੂਜਾ ਨਾਉਂ ਗੌਤਮੀ ਹੋਇਆ. ਗੋਦਾਵਰੀ ਦੇ ਕੁੰਭ ਬਾਬਤ ਦੇਖੋ, ਕੁੰਭ ੧੦ (ੲ).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਦਾਵਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੋਦਾਵਰੀ (ਨਦੀ): ਬਹੁਤ ਸਾਰੇ ਪੌਰਾਣਿਕ ਆਖਿਆਨਾਂ ਨਾਲ ਸੰਬੰਧ ਰਖਣ ਵਾਲੀ ਇਕ ਪ੍ਰਸਿੱਧ ਨਦੀ। ਇਸ ਦਾ ਸ਼ਾਬਦਿਕ ਅਰਥ ਹੈ ਸਵਰਗ ਦੇਣ ਵਾਲੀ (ਗੋ-ਦਾਵਰੀ)। ਇਹ, ਅਸਲ ਵਿਚ, ਦੱਖਣ ਭਾਰਤ ਵਿਚ ਵਗਣ ਵਾਲੀ ਇਕ ਨਦੀ ਦਾ ਨਾਂ ਹੈ ਜੋ ਪੂਰਵੀ ਘਾਟ ਦੇ ਤ੍ਰਿਅੰਬਕ ਮੁਕਾਮ ਤੋਂ ਨਿਕਲਦੀ ਹੋਈ ਪੂਰਵੀ ਅਤੇ ਪੱਛਮੀ ਗੋਦਾਵਰੀ ਨਾਂ ਦੇ ਜ਼ਿਲ੍ਹਿਆਂ ਵਿਚੋਂ ਲੰਘ ਕੇ ਬੰਗਾਲ ਦੀ ਖਾੜੀ ਵਿਚ ਡਿਗਦੀ ਹੈ। ਇਸ ਨੂੰ ‘ਦੱਖਣ ਭਾਰਤ ਦੀ ਗੰਗਾ ’ ਵੀ ਕਿਹਾ ਜਾਂਦਾ ਹੈ ਕਿਉਂਕਿ ਭਾਰਤ ਦੀਆਂ ਪਵਿੱਤਰ ਨਦੀਆਂ ਵਿਚ ਇਸ ਦਾ ਤੀਜਾ ਸਥਾਨ ਹੈ।

          ‘ਬਾਲਮੀਕਿ ਰਾਮਾਇਣ’ (ਅਰਣੑਯ ਕਾਂਡ) ਵਿਚ ਦਸਿਆ ਗਿਆ ਹੈ ਕਿ ਪੰਚਵਟੀ ਪ੍ਰਦੇਸ਼ ਗੋਦਾਵਰੀ ਨਦੀ ਦੇ ਨੇੜੇ ਅਤੇ ਅਗਸੑਤੑਯ ਰਿਸ਼ੀ ਦੇ ਆਸ਼੍ਰਮ ਤੋਂ ਦੋ ਯੋਜਨਾਂ ਦੀ ਵਿਥ ਉਤੇ ਹੈ। ‘ਮਹਾਭਾਰਤ ’ ਦੇ ਵਨ-ਪਰਵ ਵਿਚ ਵੀ ਇਸ ਦਾ ਉੱਲੇਖ ਹੋਇਆ ਹੈ।

            ਪੁਰਾਣ-ਸਾਹਿਤ ਵਿਚ ਗੋਦਾਵਰੀ ਬਾਰੇ ਵਿਸਤਾਰ ਸਹਿਤ ਚਰਚਾ ਹੋਈ ਹੈ। ‘ਬ੍ਰਹਮ-ਪੁਰਾਣ’ (70/175) ਵਿਚ ਇਸ ਦੇ ਕੰਢੇ ਉਤੇ ਤੀਰਥ-ਸਥਾਨਾਂ ਦਾ ਵਿਸਤਾਰ ਪੂਰਵਕ ਵਰਣਨ ਹੋਇਆ ਹੈ। ਪ੍ਰਾਚੀਨ ਕਾਲ ਵਿਚ ਇਨ੍ਹਾਂ ਤੀਰਥਾਂ ਉਤੇ ਬਹੁਤ ਅਧਿਕ ਗਿਣਤੀ ਵਿਚ ਮੰਦਿਰ ਬਣੇ ਹੋਏ ਸਨ। ਉਨ੍ਹਾਂ ਵਿਚੋਂ ਹੁਣ ਬਹੁਤੇ ਡਿਗ ਗਏ ਹਨ। ਇਸ ਦੇ ਕੰਢੇ ਪ੍ਰਸਿੱਧ ਤੀਰਥ ਇਹ ਹਨ— ਨਾਸਿਕ, ਗੋਵਰਧਨ, ਪੰਚਵਟੀ ਆਦਿ। ਇਸ ਨਦੀ ਦੁਆਰਾ ਸਿੰਜਿਆ ਖੇਤਰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਵਿਚ ਕੀਤੇ ਇਸ਼ਨਾਨ ਦਾ ਵੀ ਬਹੁਤ ਮਹਾਤਮ ਹੈ।

            ਇਸ ਦੀ ਉਤਪੱਤੀ ਬਾਰੇ ਕਈ ਪੁਰਾਣਾਂ ਵਿਚ ਪ੍ਰਸੰਗ ਮਿਲਦੇ ਹਨ ਜਿਨ੍ਹਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਗੋਤਮ ਰਿਸ਼ੀ ਇਕ ਮੋਈ ਹੋਈ ਗਊ ਨੂੰ ਜਿਵਾਉਣ ਲਈ ਸ਼ਿਵ ਦੀਆਂ ਜਟਾਵਾਂ ਵਿਚੋਂ ਗੰਗਾ ਦੀ ਜੋ ਧਾਰਾ ਬ੍ਰਹਮ -ਗਿਰੀ ਵਿਚ ਸਥਿਤ ਆਪਣੇ ਆਸ਼੍ਰਮ ਕੋਲ ਲਿਆਇਆ, ਉਹੀ ‘ਗੋਦਾਵਰੀ’ ਨਦੀ ਦੇ ਨਾਂ ਨਾਲ ਪ੍ਰਸਿੱਧ ਹੋਈ। ਇਸੇ ਲਈ ਇਸ ਨੂੰ ‘ਦੱਖਣ ਦੀ ਗੰਗਾ’ ਵੀ ਕਿਹਾ ਜਾਂਦਾ ਹੈ। ਚੂੰਕਿ ਇਸ ਨੂੰ ਗੋਤਮ ਰਿਸ਼ੀ ਨੇ ਲਿਆਉਂਦੀ ਸੀ , ਇਸ ਲਈ ਦਾ ਇਕ ਨਾਂ ‘ਗੌਤਮੀ’ ਵੀ ਪ੍ਰਚਲਿਤ ਹੈ।

            ਭਗਤ ਨਾਮਦੇਵ ਨੇ ਇਸ ਅਤੇ ਹੋਰ ਤੀਰਥਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਦੀ ਯਾਤ੍ਰਾ ਨਾਲ ਰਾਮ-ਨਾਮ ਦੇ ਸਿਮਰਨ ਦੀ ਬਰਾਬਰੀ ਨਹੀਂ ਹੋ ਸਕਦੀ, ਭਾਵੇਂ ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ (ਗੁ.ਗ੍ਰੰ.973)।

            ਸਿੱਖ ਸਾਹਿਤ ਵਿਚ ਇਸ ਦਾ ਉਚੇਚਾ ਉੱਲੇਖ ਇਸ ਕਰਕੇ ਹੋਇਆ ਹੈ ਕਿਉਂਕਿ ਇਸ ਦੇ ਕੰਢੇ ਨਾਂਦੇੜ ਸ਼ਹਿਰ ਕੋਲ ਸਿੱਖ ਧਰਮ ਦਾ ਚੌਥਾ ਤਖ਼ਤ ਹਜ਼ੂਰ ਸਾਹਿਬ (ਵੇਖੋ) ਸਥਿਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਉਤੇ ਸੰਨ 1708 ਈ. ਵਿਚ ਮਹਾ-ਪ੍ਰਸਥਾਨ ਕੀਤਾ ਸੀ। ਇਥੇ ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਹੋਰ ਵੀ ਕਈ ਧਰਮ-ਧਾਮ ਹਨ, ਜਿਵੇਂ ਸ਼ਿਕਾਰ ਘਾਟ, ਹੀਰਾ ਘਾਟ, ਨਗੀਨਾ ਘਾਟ, ਗੋਬਿੰਦ ਬਾਗ਼ , ਮਾਲਟੇਕਰੀ, ਸਥਾਨ ਮਾਤਾ ਸਾਹਿਬ ਕੌਰ , ਸਥਾਨ ਬੰਦਾ ਬਹਾਦਰ ਆਦਿ। ਗੁਰੂ ਗ੍ਰੰਥ ਸਾਹਿਬ ਨੂੰ ਹਜ਼ੂਰ ਸਾਹਿਬ ਵਿਚ ਹੀ ਗੁਰੂ-ਪਦ ਪ੍ਰਦਾਨ ਕੀਤਾ ਗਿਆ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੋਦਾਵਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੋਦਾਵਰੀ ਸੰਸਕ੍ਰਿਤ ਗੋ+ਦਾਵਰੀ। ਦੱਖਣ ਦੀ ਇਕ ਨਦੀ ਦਾ ਨਾਂ- ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗੋਦਾਵਰੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੋਦਾਵਰੀ : ਇਸ ਦਾ ਸ਼ਾਬਦਿਕ ਅਰਥ ਹੈ ਸਵਰਗ ਦੇਣ ਵਾਲੀ। ਇਸ ਦੀ ਉਤਪਤੀ ਬਾਰੇ ਪੁਰਾਣਾਂ ਵਿਚ ਪ੍ਰਸੰਗ ਮਿਲਦੇ ਹਨ ਜਿਨ੍ਹਾਂ ਤੋਂ ਇਹ ਪਤਾ ਲਗਦਾ ਹੈ ਕਿ ਗੌਤਮ ਰਿਸ਼ੀ ਇਕ ਮਰੀ ਹੋਈ ਗਊ ਨੂੰ ਜਿਵਾਉਣ ਲਈ ਸ਼ਿਵ ਜੀ ਦੀਆਂ ਜਟਾਵਾਂ ਵਿਚੋਂ ਨਿਕਲੀ ਗੰਗਾ ਦੀ ਜਿਹੜੀ ਧਾਰਾ ਆਪਣੇ ਆਸ਼ਰਮ ਵਿਚ ਲਿਆਇਆ ਉਸੇ ਨੂੰ ਗੌਤਮੀ ਅਥਵਾ ਗੋਦਾਵਰੀ ਕਿਹਾ ਗਿਆ।

ਅਸਲ ਵਿਚ ਇਹ ਦੱਖਣ ਭਾਰਤ ਵਿਚ ਵਗਣ ਵਾਲੀ ਇਕ ਨਦੀ ਹੈ ਜਿਹੜੀ ਤ੍ਰਿਅੰਬਕ ਤੋਂ ਨਿਕਲ ਕੇ ਬੰਗਾਲ ਦੀ ਖਾੜੀ ਵਿਚ ਡਿਗਦੀ ਹੈ। ਇਸ ਨੂੰ ਦੱਖਣ ਭਾਰਤ ਦੀ ਗੰਗਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਗੰਗਾ ਜਿੰਨਾ ਹੀ ਪਵਿੱਤਰ ਸਮਝਿਆ ਜਾਂਦਾ ਹੈ।

ਬਾਲਮੀਕੀ ਰਾਮਾਇਣ ਦੇ ਅਰਣਯ ਕਾਂਡ ਅਤੇ ਮਹਾਭਾਰਤ ਦੇ ਵਣ ਪਰਵ ਵਿਚ ਇਸ ਦਾ ਜ਼ਿਕਰ ਆਉਂਦਾ ਹੈ। ਬ੍ਰਹਮ ਪੁਰਾਣ ਵਿਚ ਇਸ ਦੇ ਕੰਢੇ ਉੱਤੇ ਵਸੇ ਕਈ ਤੀਰਥ ਸਥਾਨਾਂ ਦਾ ਵਿਸਥਾਰ ਪੂਰਵਕ ਵਰਣਨ ਹੈ ਜਿਨ੍ਹਾਂ ਵਿਚੋਂ ਨਾਸਿਕ, ਗੋਵਰਧਨ ਅਤੇ ਪੰਚਵਟੀ ਪ੍ਰਸਿੱਧ ਹਨ।

ਇਸ ਦੁਆਰਾ ਸਿੰਜੇ ਹੋਏ ਖੇਤਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਸ ਵਿਚ ਇਸ਼ਨਾਨ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ ਪਰੰਤੂ ਭਗਤੀ ਸਾਹਿਤ ਵਿਚ ਰੱਬ ਦੇ ਨਾਲ ਸਿਮਰਨ ਨੂੰ ਹੀ ਸਭ ਤੋਂ ਸ੍ਰੇਸ਼ਟ ਮੰਨਦਿਆਂ ਤੀਰਥਾਂ ਨੂੰ ਮਾਨਤਾ ਨਹੀਂ ਦਿੱਤੀ ਗਈ। ਭਗਤ ਨਾਮਦੇਵ ਜੀ ਅਨੁਸਾਰ :–

        ਗੰਗਾ ਜਉ ਗੋਦਾਵਰਿ ਜਾਈਐ

        ਕੁੰਭਿ ਜਉ ਕੇਦਾਰ ਨ੍ਰਾਈਐ

       ਗੋਮਤੀ ਸਹਸ ਗਊ ਦਾਨ ਕੀਜੈ ‖

      ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ

      ਰਾਮ ਨਾਮ ਸਰਿ ਤਊ ਨ ਪੂਜੈ ‖

                                                                   (ਪੰਨਾ 973)

 ਪੰਜਾਬੀ ਸਾਹਿਤ ਵਿਚ ਇਸ ਦਾ ਉਚੇਚਾ ਉਲੇਖ ਇਸ ਕਰ ਕੇ ਹੋਇਆ ਹੈ ਕਿਉਂਕਿ ਇਸ ਦੇ ਕੰਢੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਸਬੰਧਤ ਕਈ ਗੁਰਦੁਆਰੇ ਜਿਵੇਂ ਸ਼ਿਕਾਰ ਘਾਟ, ਹੀਰਾ ਘਾਟ, ਗੋਬਿੰਦ ਬਾਗ, ਗੁ. ਮਾਤਾ ਸਾਹਿਬ ਕੌਰ ਆਦਿ ਸੁਸ਼ੋਭਿਤ ਹਨ। ਭਾਈ ਵੀਰ ਸਿੰਘ ਜੀ ਨੇ ਆਪਣੀ ਕਵਿਤਾ ‘ਗੋਦਾਵਰੀ ਦੀ ਸੰਗੀਤਕ ਥਰਹਰ’ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਰਸਨ ਤੇ ਗੋਦਾਵਰੀ ਦਾ ਮਾਨਵੀਕਰਨ ਕਰ ਕੇ ਉਸ ਦੇ ਮਨੋਭਾਵਾਂ ਨੂੰ ਸੁਆਲ ਜੁਆਬ ਰਾਹੀਂ ਵਿਅਕਤ ਕੀਤਾ ਹੈ :

         ਪ੍ਰਸ਼ਨ : ਨੀ ਮੈਂ ਚਰਨ ਪਰਸ ਬਉਰਾਨੀ।

          ਥਰਰ ਥਰਰ ਕੁਈ ਛਿੜੀ ਖਿਰਨ ਹੈ ਲਰਜ਼ ਗਏ ਮੇਰੇ ਪਾਨੀ ।

  .........................................................................................

          ਕਉਣ ਸਖੀ ਅਜ ਛੁਹ ਗਿਆ ਸਾਨੂੰ ਜੀਅਦਾਨ ਦਾ ਦਾਨੀ ?

        ਉੱਤਰ : ਚਰਨ ਕਮਲ ਏ ਕਲਗੀਧਰ ਦੇ ਰਸ ਰੰਗ ਛੂਤ ਨਿਸ਼ਾਨੀ ।

    ......................................................................................

  ਭਾਗੇ ਭਰੀ ਸਖੀ ਉਹ ਹੋਈ ਪ੍ਰਿਅਪਦ ਪਰਸ ਸਮਾਨੀ ।


ਲੇਖਕ : –ਭਾਈ ਵੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-02-46-19, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਨਾਵਾਂ ਤੇ ਥਾਵਾਂ ਦਾ ਕੋਸ਼; ਪੰ. ਸਾ. ਕੋ; ਕੰਬਦੀ ਕਲਦੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.