ਗੋਭੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਭੀ (ਨਾਂ,ਇ) ਇੱਕ ਪ੍ਰਕਾਰ ਦੀ ਫੁੱਲਦਾਰ ਭਾਜੀ ਤਰਕਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੋਭੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਭੀ. ਸੰਗ੍ਯਾ—ਇੱਕ ਪ੍ਰਕਾਰ ਦੀ ਸਬਜ਼ੀ , ਜਿਸ ਦੀ ਤਰਕਾਰੀ ਬਣਦੀ ਹੈ. ਇਹ ਸਰਦੀ ਦੀ ਮੌਸਮ ਵਿਸ਼ੇ੄ ਹੁੰਦੀ ਹੈ. ਇਸ ਦੀਆਂ ਅਨੇਕ ਜਾਤੀਆਂ (ਗੱਠ ਗੋਭੀ, ਫੁੱਲ ਗੋਭੀ, ਬੰਦ ਗੋਭੀ ਆਦਿ) ਹਨ। ੨ ਦੇਖੋ, ਗੋਭ. “ਜਿਮ ਗੋਭੀ ਤੂਰਨ ਹ੍ਵੈ ਉਤਪਤ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਭੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੋਭੀ : ਕਰੂਸੀਫੇਰੀ ਕੁਲ ਅਤੇ ਬਰਾਸੀਕਾ ਪ੍ਰਜਾਤੀ ਨਾਲ ਸਬੰਧਤ ਫੁਲ ਵਾਲੀਆਂ ਸਬਜ਼ੀਆਂ ਵਿਚ ਬੰਦ ਗੋਭੀ, ਫੁੱਲ ਗੋਭੀ, ਗੰਢ ਗੋਭੀ, ਬਰੌਕਲੀ, ਬ੍ਰਸਲਜ਼, ਸਪਰਾਊਟਸ ਤੇ ਚੀਨੀ ਬੰਦ ਗੋਭੀ ਆਦਿ ਸ਼ਾਮਲ ਹਨ। ਸਰਦੀਆਂ ਦੀਆਂ ਸਬਜ਼ੀਆਂ ਦਾ ਇਹ ਮੁੱਖ ਵਰਗ ਸਖ਼ਤ ਜਾਨ ਹੁੰਦਾ ਹੈ। ਇਹ ਸਰਦੀ ਦੇ ਮੌਸਮ ’ਚ ਖੂਬ ਵਧਦੀਆਂ ਹਨ, ਸ਼ਿਵਾਇ ਫੁੱਲ ਗੋਭੀ ਦੀਆਂ ਕੁਝ ਖਾਸ ਅਗੇਤੀਆਂ ਕਿਸਮਾਂ ਦੇ, ਜੋ ਹੋਰਨਾਂ ਮੌਸਮਾਂ ਵਿਚ ਵੀ ਹੋ ਜਾਂਦੀਆਂ ਹਨ। ਇਹ ਸਾਰੀਆਂ ਸਬਜ਼ੀਆਂ ਜੰਗਲੀ ਕਲਿਫ਼ ਬੰਦ ਗੋਭੀ, ਜਿਸ ਨੂੰ ਕਲੋਵਰਟਸ (ਫੁੱਲਬੂਟੀ) ਵੀ ਆਖਦੇ ਹਨ, ਤੋਂ ਵਿਕਸਿਤ ਕੀਤੀਆਂ ਗਈਆਂ ਹਨ।

          ਫੁੱਲ ਗੋਭੀ––ਇਸ ਬੂਟੇ ਦਾ ਬਨਸਪਤੀ ਵਿਗਿਆਨਕ ਨਾਂ (ਬ੍ਰੈਸਿਕਾ ਓਲੇਰੇਸ਼ੀਆ) ਹੈ। ਫੁੱਲ ਗੋਭੀ ਭਾਰਤ ਦੀਆਂ ਸਰਦੀਆਂ ਦੀਆਂ ਪ੍ਰਮੁੱਖ ਸਬਜ਼ੀਆਂ ਵਿਚੋਂ ਇਕ ਹੈ। ਮੈਦਾਨਾਂ ਵਿਚ ਇਹ ਸਤੰਬਰ ਤੋਂ ਮਈ ਤਕ ਹੁੰਦੀ ਹੈ। ਫੁੱਲ ਗੋਭੀ ਦੇ ਬੂਟੇ ਉਤਲੇ ਸਿਰੇ ਤੇ ਨਰਮ ਨਰਮ ਦਹੀ ਦੀਆਂ ਫੁੱਟੀਆਂ ਵਰਗਾ ਚਿੱਟਾ ਫੁੱਲ ਲਗਦਾ ਹੈ। ਇਹ ਇਕ ਕੋਮਲ ਫ਼ਸਲ ਹੈ ਅਤੇ ਇਸ ਦੀ ਸਫ਼ਲ ਖੇਤੀ ਲਈ ਹੋਰ ਬਹੁਤ ਸਾਰੀਆਂ ਸਬਜ਼ੀਆਂ ਨਾਲੋਂ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਗੋਭੀ ਸੁੱਕੀ ਵੀ ਬਣਦੀ ਹੈ ਅਤੇ ਕੜ੍ਹੀ ਤੇ ਦਹੀ ਆਦਿ ’ਚ ਵੀ ਪੈਂਦੀ ਹੈ। ਇਸ ਦਾ ਆਚਾਰ ਵੀ ਪੈਂਦਾ ਹੈ।

          ਫੁੱਲ ਗੋਭੀ ਦੇ ਖੁਰਾਕੀ ਗੁਣਾਂ ਦਾ ਵੇਰਵਾ ਹੇਠਲੀ ਸਾਰਨੀ ਵਿਚ ਦਿੱਤਾ ਜਾਂਦਾ ਹੈ :

ਪ੍ਰਤੀ 100 ਗ੍ਰ. ਖਾਣਯੋਗ ਭਾਰ

ਨਮੀ

91.8 ਗ੍ਰਾ.

ਥਾਇਆਮੀਨ 0.04 ਮਿ. ਗ੍ਰਾ.

ਪ੍ਰੋਟੀਨ

2.6,,

ਰਿਬੋਫ਼ਲਾਵੀਨ  0.1 ,,  ,,

ਚਰਬੀ

0.4 ,,

ਨਿਕੋਟੀਨ ਐਸਿਡ 1.00 ,, ,,

 

ਖਣਿਜਾਂ

1.9 ,,

ਰੇਸ਼ੇ

1.2 ,,

ਵਿਟਾਮਿਨ ਸੀ 6 ਮਿ. ਗ੍ਰਾ.

ਹੋਰ ਕਾਰਬੋਹਾਈਡ੍ਰੇਟ

4.0 ਮਿ. ਗ੍ਰਾ.

ਔਗਜ਼ੈਲਿਕ ਐਸਿਡ 19 ਮਿ. ਗ੍ਰਾ.

ਕੈਲਸ਼ੀਅਮ

33 ,,  ,,

ਫ਼ਾਸਫ਼ੋਰਸ 57 ,, ,,

ਮੈਗਨੀਸ਼ੀਅਮ

20 ,,  ,,

ਲੋਹਾ 1.5 ,,

ਤਾਂਬਾ

0.05 ,, ,,

ਸੋਡੀਅਮ 53 ,,

ਵਿਟਾਮਿਨ ਏ

51 ਪ੍ਰਤੀ ਇਕਾਈ

ਪੋਟਾਸ਼ੀਅਮ 113% ,,

 

ਕੈਲਰੀਆ

30 ,,

          ਇਤਿਹਾਸ ਤੇ ਮੂਲ––ਫ਼ੁੱਲ ਗੋਭੀ ਦਾ ਅੰਗਰੇਜ਼ੀ ਨਾਂ ਕੌਲੀਫ਼ਲਾਵਰ ਹੈ ਜੋ ਲਾਤੀਨੀ ਮੂਲ ਦੇ ਲਫਜ਼ ਕੋਲਿਸ ਅਤੇ ਫ਼ਲੋਰਿਸ ਦੇ ਮਿਸ਼ਰਨ ਤੋਂ ਬਣਿਆ ਹੈ। ‘ਕੋਲਿਸ’ ਦੇ ਅਰਥ ਹਨ ਗੋਭੀ ਦੇ ਫ਼ੁੱਲ। ਇਸ ਦਾ ਫ਼ੁੱਲ ਗੋਭੀ, ਬੰਦ ਗੋਭੀ, ਕੇਲ, ਬਰੌਕਲੀ ਆਦਿ ਸਾਰੀਆਂ ਸਬਜ਼ੀਆਂ ਦਾ ਆਪੋ ਵਿਚ ਨੇੜੇ ਦਾ ਸਬੰਧ ਹੈ। ਇਨ੍ਹਾਂ ਸਾਰੀਆਂ ਦਾ ਮੂਲ ਜੰਗਲੀ ਬੰਦ ਗੋਭੀ ਹੈ। ਇਸ ਦੇ ਪੌਦੇ ਹੁਣ ਵੀ ਜੰਗਲੀ ਰੂਪ ਵਿਚ ਇੰਗਲਿਸਤਾਨ ਦੇ ਸਮੁੰਦਰੀ ਤੱਟਾਂ ਦੀਆਂ ਚਟਾਨਾਂ, ਡੈਨਮਾਰਕ ਦੇ ਸਾਹਿਲੀ ਹਿੱਸਿਆਂ ਅਤੇ ਯੂਨਾਨ ਤੋਂ ਲੈ ਕੇ ਬਰਤਾਨੀਆਂ ਤੱਕ ਦੇ ਬਹੁਤ ਸਾਰੇ ਸਥਾਨਾਂ ’ਚ ਆਮ ਮਿਲਦੇ ਹਨ। ਫ਼ੁੱਲ ਗੋਭੀ ਇਨ੍ਹਾਂ ਜੰਗਲੀ ਪੌਦਿਆਂ ਤੋਂ ਵਿਕਸਿਤ ਕੀਤੀ ਗਈ ਹੈ ਅਤੇ ਇਸ ਦਾ ਮੂਲ ਸਥਾਨ ਸਾਈਪ੍ਰਸ ਤੇ ਰੂਮ ਸਾਗਰ ਦੇ ਸਾਹਿਲ ਦੇ ਆਲੇ ਦੁਆਲੇ ਦਾ ਇਲਾਕਾ ਹੈ।

          ਕਿਸਮਾਂ––ਫ਼ੁੱਲ ਗੋਭੀ ਦੀਆਂ ਲਗਭਗ ਸਾਰੀਆਂ ਕਿਸਮਾਂ ਉਤੇ ਤਾਪਮਾਨ ਤੇ ਰੌਸ਼ਨੀ-ਕਾਲ ਦਾ ਬਹੁਤ ਅਸਰ ਹੁੰਦਾ ਹੈ। ਇਸ ਲਈ ਠੀਕ ਸਮੇਂ ਬੀਜਣ ਲਈ ਠੀਕ ਕਿਸਮਾਂ ਦੀ ਚੋਣ ਬੜੀ ਹੀ ਮਹੱਤਵਪੂਰਨ ਹੈ। ਜੇ ਅਗੇਤੀਆਂ ਕਿਸਮਾਂ ਦੇਰ ਨਾਲ ਬੀਜੀਆਂ ਜਾਣ ਤਾਂ ਉਸ ਨੂੰ ਫ਼ੁੱਲ ਬਹੁਤ ਹੀ ਛੋਟੇ ਛੋਟੇ ਲਗਦੇ ਹਨ ਅਤੇ ਜੇ ਪਛੇਤੀਆਂ ਕਿਸਮਾਂ ਸਮੇਂ ਤੋਂ ਪਹਿਲਾਂ ਹੀ ਬੀਜ ਦਿੱਤੀਆਂ ਜਾਣ ਤਾਂ ਉਨ੍ਹਾਂ ਨੂੰ ਪੱਤੇ ਤਾਂ ਖੂਬ ਨਿਕਲਦੇ ਰਹਿਣਗੇ ਪਰ ਫ਼ੁੱਲ ਬਹੁਤ ਦੇਰ ਨਾਲ ਪੈਣਗੇ। ਮੋਟੇ ਤੌਰ ਤੇ ਫ਼ੁੱਲ ਗੋਭੀ ਦੀਆਂ ਕਿਸਮਾਂ ਨੂੰ ਤਿੰਨ ਵਰਗਾਂ ਵਿਚ ਵੰਡਿਆਂ ਜਾ ਸਕਦਾ ਹੈ, ਅਗੇਤੀ, ਮੁੱਖ ਫ਼ਸਲ ਤੇ ਪਛੇਤੀ। ਹਰ ਵਰਗ ਦੇ ਅਗੋਂ ਉਪ-ਵਰਗ ਵੀ ਹਨ। ਉਹ ਕਿਸਮਾਂ, ਜਿਨ੍ਹਾਂ ਨੂੰ ਉੱਤਰੀ ਭਾਰਤ ਦੇ ਮੈਦਾਨਾਂ ਵਿਚ ਅੱਧ ਸਤੰਬਰ ਤੋਂ ਅੱਧ ਨਵੰਬਰ ਤੱਕ ਫ਼ੁੱਲ ਲਗਦੇ ਹਨ, ਅਗੇਤੀਆਂ ਆਖੀਆਂ ਜਾ ਸਕਦੀਆਂ ਹਨ। ਅੱਧ ਨਵੰਬਰ ਤੋਂ ਅੱਧ ਜਨਵਰੀ ਤੱਕ ਫ਼ੁੱਲ ਦੇਣ ਵਾਲੀਆਂ ਕਿਸਮਾਂ ਪਛੇਤੀਆਂ ਅਖਵਾਉਂਦੀਆਂ ਹਨ। ਅਗੇਤੀ ਕੁੰਵਰੀ ਜਾਂ ਕੌਰੀ ਤੇ ਅਗੇਤੀ ਪਟਨਾ ਜੋ ਅੱਧ ਸਤੰਬਰ ਤੋਂ ਅੱਧ ਅਕਤੂਬਰ ਤੱਕ ਮਿਲਦੀਆਂ ਹਨ। ਪੂਸਾ-ਕੱਤਕੀ ਦੇ ਫ਼ੁੱਲ ਅਕਤੂਬਰ-ਨਵੰਬਰ ਵਿਚ ਵੀ ਮਿਲਦੇ ਹਨ। ਮੁੱਖ ਫ਼ਸਲਾਂ ਅਘਾਨੀ, ਪੂਸੀ, ਪਟਨਾ, ਮੇਨ ਕ੍ਰਾੱਪ ਜੋ ਅੱਧ ਨਵੰਬਰ ਤੋਂ ਅੱਧ ਦਸਬੰਰ ਤੱਕ ਹੁੰਦੀਆਂ ਹਨ। ਅਰਲੀ ਸਨੋਬਾਲ ਅਤੇ ਜਾਇੰਟ ਸਨੋਬਾਲ ਜੋ ਅੱਧ ਦਸੰਬਰ ਤੋਂ ਅੱਧ ਜਨਵਰੀ ਤੱਕ ਮਿਲਦੀਆਂ ਹਨ।

          ਪਛੇਤੀ ਡੇਨੀਆ-ਜਨਵਰੀ-ਫਰਵਰੀ ’ਚ ਹੁੰਦੀ ਹੈ। ਸਨੋਬਾਲ ਸਟਨਜ਼ ਸਨੋਬਾਲ ਅੱਧ ਜਨਵਰੀ ਤੋਂ ਅਪਰੈਲ ਤੱਕ ਹੁੰਦੀ ਹੈ।

          ਅਗੇਤੀਆਂ ਕਿਸਮਾਂ ਦੇ ਫ਼ੁੱਲ ਛੋਟੇ ਹੁੰਦੇ ਹਨ ਤੇ ਉਹ ਪੀਲੀ ਭਾਹ ਮਾਰਦੇ ਹਨ। ਮੁੱਖ ਫ਼ਸਲਾਂ ਵਾਲੀਆਂ ਕਿਸਮ ਨੂੰ ਸਭ ਤੋਂ ਵੱਡੇ ਵੱਡੇ ਫ਼ੁੱਲ ਪੈਂਦੇ ਹਨ, ਪਰ ਉਨ੍ਹਾਂ ਦਾ ਰੰਗ ਘਸਮੈਲਾ ਜਿਹਾ ਹੁੰਦਾ ਹੈ। ਪਛੇਤੀਆਂ ਕਿਸਮਾਂ ਦੇ ਫ਼ੁੱਲ ਭਰਵੇਂ ਹੁੰਦੇ ਹਨ ਅਤੇ ਉਨ੍ਹਾਂ ਦਾ ਰੰਗ ਘਸਮੈਲਾ ਜਿਹਾ ਹੁੰਦਾ ਹੈ।

          ਪੌਣ-ਪਾਣੀ ਤੇ ਭੂਮੀ––ਗੋਭੀ ਲਈ ਠੰਢੇ ਤੇ ਸਿੱਲ੍ਹੇ ਪੌਣ-ਪਾਣੀ ਦੀ ਲੋੜ ਹੁੰਦੀ ਹੈ ਪਰ ਅਜਿਹੀਆਂ ਕਿਸਮਾਂ ਵੀ ਹਨ ਜੋ ਕਾਫ਼ੀ ਗਰਮੀ ਵੀ ਬਰਦਾਸ਼ਤ ਕਰ ਸਕਦੀਆਂ ਹਨ। ਫ਼ੁੱਲ ਗੋਭੀ ਦੇ ਪੱਤੇ ਤਾਂ ਬਰਫ਼ ਵੀ ਬਰਦਾਸ਼ਤ ਕਰ ਸਕਦੇ ਹਨ ਪਰ ਫ਼ੁੱਲ ਖਰਾਬ ਹੋ ਜਾਂਦੇ ਹਨ। ਵੱਧ ਤੋਂ ਵੱਧ 15° ਤੋਂ 22° ਸੈਂ. ਔਸਤ ਮਾਸਕ ਤਾਪਮਾਨ ਇਸ ਲਈ ਠੀਕ ਰਹਿੰਦਾ ਹੈ। ਇਹ ਵੱਧ ਤੋਂ ਵੱਧ 25 ਸੈਂ. ਮੀ. ਔਸਤ ਤੇ ਘਟ ਤੋਂ ਘਟ 8 ਸੈਂ. ਤਾਪਮਾਨ ਸਹਿ ਸਕਦੀ ਹੈ। ਅਗੇਤੀਆਂ ਕਿਸਮਾਂ ਨੂੰ ਵਧੇਰੇ ਗਰਮੀ ਤੇ ਲੰਮੇ ਦਿਨਾਂ ਦੀ ਲੋੜ ਹੁੰਦੀ ਹੈ। ਹੋਰ ਸਥਿਤੀਆਂ ਸੁਖਾਵੀਆਂ ਹੋਣ ਤਾਂ ਫ਼ੁੱਲ ਗੋਭੀ ਕਿਸੇ ਵੀ ਚੰਗੀ ਭੂਮੀ ਵਿਚ ਹੋ ਸਕਦੀ ਹੈ ਪਰ ਇਸ ਲਈ ਚੰਗੀ ਡੂੰਘੀ ਮੈਰਾ ਜ਼ਮੀਨ ਬਹੁਤ ਯੋਗ ਹੈ। ਜ਼ਮੀਨ ਕਾਫ਼ੀ ਜ਼ਰਖ਼ੇਜ ਹੋਣੀ ਚਾਹੀਦੀ ਹੈ। ਉਸ ਵਿਚ ਜੀਵਕ-ਪਦਾਰਥ ਮੌਜੂਦ ਹੋਣ ਤੇ ਜਲ-ਨਿਕਾਸ ਦਾ ਵੀ ਚੰਗਾ ਪ੍ਰਬੰਧ ਹੋਵੇ। ਗੋਭੀ ਲਈ ਬਹੁਤ ਖਾਰੀ ਜ਼ਮੀਨ ਚੰਗੀ ਨਹੀਂ। ਜ਼ਮੀਨ ਦਾ ਵੱਧ ਤੋਂ ਵੱਧ ਅਮਲ ਖਾਰੀਪਨ ਸੰਕੇਤ (ਪੀ. ਐਂਚ.) 5.5 ਤੋਂ 6.6 ਦੇ ਵਿਚਾਲੇ ਹੋਵੇ ਤਾਂ ਵੱਧ ਤੋਂ ਵੱਧ ਝਾੜ ਮਿਲਦਾ ਹੈ।

          ਬੀਜ ਤੇ ਬੀਜਾਈ––ਪਹਿਲਾਂ ਗੋਭੀ ਦੀ ਪਨੀਰੀ ਉਗਾਈ ਜਾਂਦੀ ਹੈ ਜੋ ਉੱਚੀਆਂ ਕਿਆਰੀਆਂ ਵਿਚ ਬੀਜੀ ਜਾਂਦੀ ਹੈ। ਕਿਆਰੀਆਂ ਵਿਚ ਫ਼ਾੱਰਮ-ਐਲਡਿਹਾਈਡ ਜਾਂ ਕੋਈ ਹੋਰ ਫਫੂੰਦੀ-ਨਾਸ਼ਕ ਦਵਾਈ ਮਿਲਾ ਕੇ, ਮਿੱਟੀ ਨੂੰ ਰੋਗ ਰਹਿਤ ਕਰ ਲੈਣਾ ਚਾਹੀਦਾ ਹੈ। ਅਗੇਤੀ ਬੀਜਾਈ ਕਰਨੀ ਹੋਵੇ ਤਾਂ ਬੀਜਣ ਤੋਂ ਪਹਿਲਾਂ, ਬੀਜ ਨੂੰ ਕਿਸੇ ਪਾਰਾ-ਯੁਕਤ ਫਫੂੰਦੀ-ਨਾਸ਼ਕ ਦਵਾਈ ਨਾਲ ਸੋਧ ਲੈਣਾ ਚਾਹੀਦਾ ਹੈ। ਅਗੇਤੀ ਬੀਜਾਈ ਅੱਧ ਮਈ ਤੋਂ ਅੱਧ ਜੂਨ ਤੱਕ ਕੀਤੀ ਜਾਂਦੀ ਹੈ। ਅਗੇਤੀ ਫ਼ਸਲ ਲਈ 600 ਤੋਂ 750 ਗ੍ਰਾ. ਤੇ ਪਛੇਤੀ ਫ਼ਸਲ ਲਈ 375 ਤੋਂ 400 ਗ੍ਰਾ. ਬੀਜ ਫ਼ੀ ਹੈਕਟੇਅਰ ਕਾਫ਼ੀ ਹੁੰਦਾ ਹੈ।

          ਪਨੀਰੀ ਜਦੋਂ 4 ਤੋਂ 6 ਹਫ਼ਤੇ ਦੀ ਹੋ ਜਾਵੇ ਤਾਂ ਪੁੱਟ ਕੇ ਚੰਗੀ ਤਰ੍ਹਾਂ ਤਿਆਰ ਕੀਤੇ ਖੇਤਾਂ ਵਿਚ ਲਾ ਦਿੱਤੀ ਜਾਂਦੀ ਹੈ। ਪੌਦਿਆਂ ਦੀਆਂ ਕਤਾਰਾਂ ਵਿਚਲੀ ਵਿੱਥ ਦਾ ਨਿਰਭਰ ਜ਼ਮੀਨ ਦੀ ਜ਼ਰਖ਼ੇਜ਼ੀ, ਮੌਸਮ, ਕਿਸਮ ਤੇ ਮੰਡੀ ਦੀ ਮੰਗ ਤੇ ਹੈ। ਕੁਝ ਮੰਡੀਆਂ ਵਿਚ ਵੱਡੇ ਫੁੱਲਾਂ ਨਾਲੋਂ ਛੋਟੇ ਤੇ ਦਰਮਿਆਨੇ ਕਿਸਮਾਂ ਦੇ ਫ਼ੁੱਲ ਚੰਗੇ ਵਿਕਦੇ ਹਨ। ਇਸ ਲਈ ਜੇ ਅਜਿਹੀਆਂ ਮੰਡੀਆਂ ’ਚ ਮਾਲ ਭੇਜਣਾ ਹੋਵੇ ਤਾਂ ਫ਼ਸਲ ਬੇਸ਼ਕ ਸੰਘਣੀ ਲਾਈ ਜਾਵੇ। ਅਗੇਤੀ ਫ਼ਸਲ ਲੈਣੀ ਹੋਵੇ ਤਾਂ ਆਮ ਤੌਰ ਤੇ ਪੌਦਿਆਂ ਅਤੇ ਕਤਾਰਾਂ ਵਿਚਾਲੇ 45 ਸੈਂ. ਮੀ. ਵਿੱਥ ਰੱਖੀ ਜਾਂਦੀ ਹੈ। ਜੇ ਫ਼ਸਲ ਪਛੇਤੀ ਹੋਵੇ ਤਾਂ ਪੌਦਿਆਂ ਵਿਚਾਲੇ 45 ਸੈਂ. ਮੀ. ਤੇ ਕਤਾਰਾਂ ਵਿਚਾਲੇ 60 ਸੈਂ. ਮੀ. ਵਿੱਥ ਰੱਖਣੀ ਚੰਗੀ ਰਹਿੰਦੀ ਹੈ।

          ਰੂੜੀ ਤੇ ਰਸਾਇਣਿਕ ਖਾਦਾਂ––ਫ਼ੁੱਲ ਗੋਭੀ ਨੂੰ ਬਹੁਤ ਭਾਰੀ ਮਾਤਰਾ ਵਿਚ ਰੂੜੀ ਆਦਿ ਦੀ ਲੋੜ ਹੈ, ਕਿਉਂਕਿ ਇਹ ਜ਼ਮੀਨ ਵਿਚ ਬਹੁਤ ਜ਼ਿਆਦਾ ਮਾਤਰਾ ’ਚ ਮੁੱਖ ਭੋਜਨ-ਤੱਤ ਖਿੱਚ ਲੈਂਦੀ ਹੈ। ਵਧੀਆਂ ਝਾੜ ਪ੍ਰਾਪਤ ਕਰਨ ਲਈ 12 ਤੋਂ 20 ਟਨ ਗੋਹੇ ਦੀ ਖਾਦ, ਕੰਪੋਸਟ ਜਾਂ ਰੇਹ ਫ਼ੀ ਹੈਕਟੇਅਰ ਦੇ ਹਿਸਾਬ ਪਾਉਣੀ ਚਾਹੀਦੀ ਹੈ। ਖਾਦ, ਖੇਤ ਵਿਚ ਪਨੀਰੀ ਲਾਉਣ ਤੋਂ ਤਿੰਨ ਚਾਰ ਹਫ਼ਤੇ ਪਹਿਲਾਂ ਪਾਉਣੀ ਚਾਹੀਦੀ ਹੈ। ਪਨੀਰੀ ਲਾਉਣ ਤੋਂ ਜਲਦੀ ਹੀ ਪਹਿਲਾਂ 60 ਕਿ. ਗ੍ਰਾ. ਨਾਈਟ੍ਰੋਜਨ ਲਗਭਗ 80 ਕਿ. ਗ੍ਰਾ. ਫ਼ਾਸਫ਼ੇਟ ਤੇ 40 ਕਿ. ਗ੍ਰਾ. ਪੋਟਾਸ਼ੀਅਮ ਪਾਉਣੀ ਚਾਹੀਦੀ ਹੈ। ਇਹ ਰਸਾਇਣੀ ਖਾਦਾਂ ਪੌਦਿਆਂ ਦੀਆਂ ਕਤਾਰਾਂ ਦੇ ਦੋਹੀਂ ਪਾਸੀਂ 5 ਤੋਂ 7 ਸੈਂ. ਮੀ. ਡੂੰਘੀਆਂ ਰੱਖਣੀਆਂ ਚਾਹੀਦੀਆਂ ਹਨ। ਪਨੀਰੀ ਲਾਉਣ ਤੋਂ ਛੇ ਕੁ ਹਫ਼ਤੇ ਬਾਅਦ 50-60 ਕਿ. ਗ੍ਰਾ. ਨਾਈਟ੍ਰੋਜਨ ਹੋਰ ਖੜੀ ਫ਼ਸਲ ਤੇ ਪਾਉਣੀ ਚਾਹੀਦੀ ਹੈ।

          ਨਿਰਾਈ-ਗੁਡਾਈ ਤੇ ਸਿੰਜਾਈ––ਘਾਹ ਫੂਸ ਤੇ ਨਦੀਨ ਦੇ ਨਾਸ ਲਈ ਅਤੇ ਜ਼ਮੀਨ ਦੀ ਗਿੱਲ ਸਾਂਭਣ ਲਈ ਕਦੇ ਕਦੇ ਓਪਰੀ ਓਪਰੀ ਨਿਰਾਈ-ਗੁਡਾਈ ਕਰਦੇ ਰਹਿਣਾ ਚਾਹੀਦਾ ਹੈ। ਫ਼ੁੱਲ ਗੋਭੀ ਦੀਆਂ ਜੜ੍ਹਾਂ ਜ਼ਮੀਨ ਵਿਚ ਬਹੁਤੀਆਂ ਡੂੰਘੀਆਂ ਨਹੀਂ ਜਾਂਦੀਆਂ ਅਕਸਰ ਉਤਲੀ ਤਹਿ ਤੋਂ ਸਿਰਫ਼ 45-60 ਸੈਂ. ਮੀ. ਹੀ ਹੇਠਾਂ ਜਾਂਦੀਆਂ ਹਨ। ਇਸ ਲਈ ਬਹੁਤੀ ਡੂੰਘੀ ਗੋਡੀ ਨਹੀਂ ਕਰਨੀ ਚਾਹੀਦੀ। ਪਨੀਰੀ ਖੇਤ ਵਿਚ ਲਾਉਣ ਤੋਂ ਮਹੀਨਾ ਕੁ ਪਿੱਛੋਂ ਪੌਦਿਆਂ ਦੇ ਮੁੱਢ ਮਿੱਟੀ ਚੜ੍ਹਾ ਦੇਣੀ ਚਾਹੀਦੀ ਹੈ। ਚੰਗੇ ਤੇ ਇਕਸਾਰ ਵਾਧੇ ਲਈ ਲਗਾਤਾਰ ਪਾਣੀ ਦੇਣਾ ਚਾਹੀਦੀ ਹੈ। ਚੰਗੇ ਤੇ ਇਕਸਾਰ ਵਾਧੇ ਲਈ ਲਗਾਤਾਰ ਪਾਣੀ ਦੇਣਾ ਜ਼ਰੂਰੀ ਹੈ। ਪਨੀਰੀ ਖੇਤਰ ਵਿਚ ਲਾਉਣ ਤੋਂ ਬਾਅਦ ਅਗੇਤੀ ਫ਼ਸਲ ਨੂੰ ਹਫਤੇ ’ਚ ਦੋ ਪਾਣੀ ਲਾਉਣੇ ਚਾਹੀਦੇ ਹਨ ਤੇ ਪਛੇਤੀ ਫ਼ਸਲ ਨੂੰ ਇਕ। ਅਗੇਤੀ ਫ਼ਸਲ ਨੂੰ ਕਾਫ਼ੀ ਵੱਡੇ ਹੋ ਜਾਣ ਤੇ ਅਤੇ ਮੁੱਖ ਫ਼ਸਲ ਨੂੰ ਸ਼ੁਰੂ ਸ਼ੁਰੂ ਵਿਚ ਪਾਣੀ ਤਾਂ ਹੀ ਲਾਉਣ ਦੀ ਲੋੜ ਹੁੰਦੀ ਹੈ, ਜੇ ਕਾਫ਼ੀ ਸਮੇਂ ਤੋਂ ਮੀਂਹ ਨਾ ਪਏ ਜਾਂ ਔੜ ਲੱਗਣ ਦਾ ਡਰ ਹੋਵੇ।

          ਤੁੜਾਈ––ਫ਼ੁੱਲ ਕਾਫ਼ੀ ਵੱਡੇ ਹੋ ਜਾਣ ਤੇ ਤੋੜੇ ਜਾਂਦੇ ਹਨ। ਜੇ ਫ਼ੁੱਲ ਤੋੜਨ ’ਚ ਥੋੜ੍ਹੀ ਜਿਹੀ ਵੀ ਦੇਰ ਹੋ ਜਾਏ ਤਾਂ ਉਨ੍ਹਾਂ ਦਾ ਰੰਗ ਖ਼ਰਾਬ ਹੋਣ ਲੱਗ ਜਾਂਦਾ ਹੈ। ਫ਼ੁੱਲਾਂ ਦੇ ਆਕਾਰ ਰੰਗ, ਗੁਣ ਤੇ ਕਿਸਮ ਮੁਤਾਬਕ ਤਿੰਨ ਦਰਜੇ ਕੀਤੇ ਜਾਂਦੇ ਹਨ। ਫ਼ੁੱਲਾਂ ਨੂੰ ਵੱਡੇ ਵੱਡੇ ਜਾਲਾਂ ਜਿਹਾਂ ’ਚ ਬੰਨ੍ਹ ਕੇ ਟਰੱਕਾਂ ’ਚ ਭਰਕੇ, ਇਕ ਥਾਂ ਤੋਂ ਦੂਸਰੀ ਥਾਂ ਭੇਜਿਆ ਜਾਂਦਾ ਹੈ। ਫ਼ੁੱਲਾਂ ਨੂੰ ਆੜ ਲੱਗਣ ਜਾਂ ਖਿਸਕਣ ਤੋਂ ਬਚਾਉਣ ਲਈ ਪੈਕਿੰਗ ਪੱਕੀ ਤੇ ਕਸਵੀਂ ਹੋਣੀ ਚਾਹੀਦੀ ਹੈ। ਕੁਝ ਦੇਸਾਂ ਵਿਚ ਗੋਭੀ ਨੂੰ ਪੇਟੀਆਂ ਜਾਂ ਤਾਰਾਂ ਵਾਲੇ ਬਕਸਿਆਂ ਵਿਚ ਬੰਦ ਕੀਤਾ ਜਾਂਦਾ ਹੈ। ਪਾਰਦਰਸ਼ੀ ਪਰਦੇ ਵੀਂ ਪੈਕਿੰਗ ਲਈ ਵਰਤੇ ਜਾਂਦੇ ਹਨ। ਪੈਕਿੰਗ ਕਰਨ ਤੋਂ ਪਹਿਲਾਂ ਫ਼ੁੱਲਾਂ ਦੀ ਖੇਤ-ਗਰਮੀ ਕੱਢਣ ਲਈ ਉਨ੍ਹਾਂ ਨੂੰ ਪਾਣੀ ਵਿਚ ਧੋ ਕੇ ਠੰਢੇ ਕਰ ਲਿਆ ਜਾਂਦਾ ਹੈ। ਪੱਤਿਆਂ ਸਮੇਤ ਫ਼ੁੱਲ 0° ਸੈਂ. ਤਾਪਮਾਨ ਅਤੇ 85 ਤੋਂ 90 ਫ਼ੀ ਸਦੀ ਸਾਪੇਖਕ ਸਿੱਲ੍ਹ ਤੇ ਮਹੀਨਾ ਭਰ ਕੁ ਗੋਦਾਮ ਵਿਚ ਠੀਕ ਰੱਖੇ ਜਾ ਸਕਦੇ ਹਨ।

          ਝਾੜ––ਗੋਭੀ ਦਾ ਝਾੜ ਲਗਭਗ 20 ਤੋਂ 30 ਟਨ ਫ਼ੀ ਹੈਕਟੇਅਰ ਮਿਲਦਾ ਹੈ। ਖੇਤੀ ਦੇ ਉੱਨਤ ਢੰਗ ਅਪਣਾ ਕੇ ਝਾੜ 50 ਟਨ ਤੱਕ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਅਗੇਤੀ ਫ਼ਸਲ ਤੋਂ ਝਾੜ ਸਭ ਤੋਂ ਘੱਟ ਤੇ ਮੁੱਖ ਫ਼ਸਲ ਤੋਂ ਸਭ ਤੋਂ ਵੱਧ ਮਿਲਦਾ ਹੈ।

          ਬੰਦਾ ਗੋਭੀ––ਬੰਦ ਗੋਭੀ ਦੀ ਖੇਤੀ ਪ੍ਰਾਚੀਨ ਸਮੇਂ ਤੋਂ ਹੁੰਦੀ ਆ ਰਹੀ ਹੈ। ਯੂਨਾਨ ਤੇ ਰੋਮ ਦੇ ਲੋਕ ਪੁਰਾਣੇ ਵਕਤਾਂ ਵਿਚ ਵੀ ਬੰਦ ਗੋਭੀ ਦੀ ਵਰਤੋਂ ਕਰਦੇ ਸਨ। ਇਹ ਭਾਰਤ ਦੀਆਂ ਸਿਆਲ ਦੀ ਰੁੱਤ ਦੀਆਂ ਸਭ ਤੋਂ ਵੱਧ ਪ੍ਰਚੱਲਤ ਸਬਜ਼ੀਆਂ ਵਿਚੋਂ ਗਿਣੀ ਜਾਂਦੀ ਹੈ। ਬੰਦ ਗੋਭੀ ਵਿਚ ਖਣਿਜ-ਪਦਾਰਥ, ਵਿਟਾਮਿਨ ਸੀ, ਵਿਟਾਮਿਨ ਬੀ, ਬੀ ਤੇ ਏ ਕਾਫ਼ੀ ਮਿਕਦਾਰ ਵਿਚ ਹੁੰਦੇ ਹਨ। ਇਹ ਹਾਜ਼ਮੇਂ ਨੂੰ ਤੇਜ਼ ਕਰਦੀ ਹੈ।

          ਕਾਸ਼ਤ––ਬੰਦ ਗੋਭੀ ਥੋੜ੍ਹੇ ਠੰਢੇ ਤੇ ਸਿੱਲ੍ਹੇ ਪੌਣ-ਪਾਣੀ ਵਿਚ ਚੰਗੀ ਹੁੰਦੀ ਹੈ। ਭਾਰਤ ਦੇ ਮੈਦਾਨਾਂ ਵਿਚ ਇਹ ਮੁੱਖ ਰੂਪ ਵਿਚ ਸਰਦੀਆਂ ਵਿਚ ਉਗਾਈ ਜਾਂਦੀ ਹੈ। ਕਈ ਥਾਵਾਂ ਤੇ ਇਸ ਦੀਆਂ ਸਾਲਾਨਾ ਦੋ ਫ਼ਸਲਾਂ ਵੀ ਲਈਆਂ ਜਾਂਦੀਆਂ ਹਨ। ਮੁੱਖ ਫ਼ਸਲ ਉਤਰੀ ਭਾਰਤ ਵਿਚ ਜਿਥੇ ਸਰਦੀਆਂ ਦਾ ਤਾਪਮਾਨ ਮੁਕਾਬਲਤਨ ਘਟ ਹੁੰਦਾ ਹੈ, ਉਗਾਈ ਜਾਂਦੀ ਹੈ। ਪਹਾੜੀ ਇਲਾਕਿਆਂ ਵਿਚ ਇਹ ਬਸੰਤ ਰੁੱਤ ਤੇ ਗਰਮੀਆਂ ਦੀ ਅਗੇਤੀ ਫ਼ਸਲ ਦੇ ਰੂਪ ਵਿਚ ਉਗਾਈ ਜਾਂਦੀ ਹੈ।

          ਬੰਦ ਗੋਭੀ ਕਈ ਕਿਸਮ ਦੀ ਜ਼ਮੀਨ ਵਿਚ ਹੋ ਜਾਂਦੀ ਹੈ। ਅਗੇਤੀ ਫ਼ਸਲ ਲਈ ਰੇਤਲੀ ਮੈਰਾ ਜ਼ਮੀਨ ਸਭ ਤੋਂ ਚੰਗੀ ਸਮਝੀ ਜਾਂਦੀ ਹੈ ਪਰ ਵਧੀਆ ਝਾੜ ਲੈਣ ਲਈ ਰੋਹੀ ਜਾਂ ਰੇਤ ਮਿਲੀ ਮੈਰਾ ਜ਼ਮੀਨ ਵਧੇਰੇ ਚੰਗੀ ਰਹਿੰਦੀ ਹੈ। ਇਹ ਬਹੁਤੀ ਖਾਰੀ ਭੋਂ ਵਿਚ ਚੰਗੀ ਨਹੀਂ ਹੁੰਦੀ। ਬੰਦ ਗੋਭੀ ਲਈ ਵੱਧ ਤੋਂ ਵੱਧ ਪੀ. ਐੱਚ. 5.5 ਤੋਂ 6.5 ਦੇ ਦਰਮਿਆਨ ਹੋਣਾ ਚਾਹੀਦਾ ਹੈ। ਅਗੇਤੀ ਫ਼ਸਲ ਲਈ ਫ਼ੀ ਹੈਕਟੇਅਰ 500 ਗ੍ਰਾ. ਤੇ ਪਛੇਤੀ ਫ਼ਸਲ ਲਈ 375 ਗ੍ਰਾ. ਬੀਜ ਬੀਜਿਆ ਜਾਂਦਾ ਹੈ। ਬਾਕੀ ਬੀਜਣ-ਢੰਗ ਫ਼ੁੱਲ ਗੋਭੀ ਵਾਲੇ ਹੀ ਅਪਣਾਏ ਜਾਣੇ ਚਾਹੀਦੇ ਹਨ। 20-25 ਗੱਡੇ ਖਾਦ ਜਾਂ ਕੰਪੋਸਟ ਜ਼ਮੀਨ ਵਿਚ ਚੰਗੀ ਤਰ੍ਹਾਂ ਰਲਾ ਦੇਣੀ ਚਾਹੀਦੀ ਹੈ। ਇਸ ਤੋਂ ਬਿਨਾਂ ਪਨੀਰੀ ਲਾਉਣ ਤੋਂ ਪਹਿਲਾਂ 325 ਕਿ. ਗ੍ਰਾ. ਅਮੋਨੀਅਮ ਸਲਫ਼ੇਟ 270 ਕਿ. ਗ੍ਰਾ. ਸੁਪਰਫ਼ਾਸਫ਼ੇਟ ਤੇ 75 ਕਿ. ਗ੍ਰਾ. ਮਿਉਰੀਏਟ ਆਫ਼ ਪੋਟਾਸ਼ ਵੀ ਪਾਉਣੀ ਚਾਹੀਦੀ ਹੈ। ਪੰਜ ਹਫ਼ਤੇ ਬਾਅਦ ਇਕ ਵਾਰ ਮੁੜ 325 ਕਿ. ਗ੍ਰਾ. ਅਮੋਨੀਅਮ ਸਲਫ਼ੇਟ ਖੜ੍ਹੀ ਫ਼ਸਲ ਤੇ ਪਾਉ।

          ਬੰਦ ਗੋਭੀ ਦੀ ਤੁੜਾਈ ਉਦੋਂ ਕੀਤੀ ਜਾਂਦੀ ਹੈ, ਜਦੋਂ ਸਿਰ ਕਾਫ਼ੀ ਵੱਡਾ ਤੇ ਗੱਠਵਾਂ ਹੋ ਜਾਵੇ ਪਰ ਹੋਵੇ ਅਜੇ ਨਰਮ ਹੀ। ਦਰਜਾ-ਬੰਦੀ ਸਿਰ ਤੇ ਆਕਾਰ ਦੇ ਗੁਣ ਨੂੰ ਮੁੱਖ ਰੱਖ ਕੇ ਭਾਰਤੀ ਮਾਪ ਤੋਲ ਸੰਸਥਾ ਵੱਲੋਂ ਮੁਕਰੱਰ ਕੀਤੇ ਮਿਆਰਾਂ ਮੁਤਾਬਕ ਕੀਤੀ ਜਾਂਦੀ ਹੈ। ਆਮ ਤੌਰ ਤੇ ਅਗੇਤੀ ਫ਼ਸਲ ਤੋਂ 20-25 ਟਨ ਤੇ ਪਛੇਤੀ ਫ਼ਸਲ ਤੋਂ 25 ਤੋਂ 35 ਟਨ ਝਾੜ ਫ਼ੀ ਹੈਕਟੇਅਰ ਮਿਲਦਾ ਹੈ।

          ਗੰਢ ਗੋਭੀ––ਕੋਲ੍ਹਰਬੀ ਬੰਦ ਗੋਭੀ, ਸ਼ਲਗਮ ਦਾ ਜਰਮਨ ਨਾਂ ਹੈ। ਇਸ ਦਾ ਇਹ ਨਾਂ ਇਸੇ ਲਈ ਪਿਆ ਹੈ, ਕਿਉਂਕਿ ਇਹ ਸ਼ਕਲ ਵਿਚ ਜ਼ਮੀਨ ਉਪਰਲੇ ਸ਼ਲਗਮ ਨਾਲ ਮਿਲਦੀ-ਜੁਲਦੀ ਹੈ। ਖਾਣ ਯੋਗ ਗੁੱਦੇਦਾਰ ਭਾਗ, ਵਧਿਆ ਹੋਇਆ ਤਣਾ ਹੀ ਹੁੰਦਾ ਹੈ ਜੋ ਜ਼ਮੀਨ ਦੇ ਬਿਲਕੁਲ ਉੱਤੇ ਹੁੰਦਾ ਹੈ।

          ਗੰਢ ਗੋਭੀ ਦਾ ਮੂਲ ਸਥਾਨ ਉੱਤਰੀ ਯੂਰਪ ਦੇ ਸਾਹਿਲੀ ਦੇਸ਼ ਹਨ। ਭਾਰਤ ਵਿਚ ਗੰਢ ਗੋਭੀ ਦੀਆਂ ਦੋ ਕਿਸਮਾਂ ਉਗਾਈਆਂ ਜਾਂਦੀਆਂ ਹਨ। ਇਕ ਚਿੱਟੀ ਵੀਆਨਾ ਜੋ ਬਹੁਤ ਹੀ ਪ੍ਰਚੱਲਤ ਅਗੇਤੀ ਕਿਸਮ ਹੈ ਤੇ ਇਸ ਦੀਆਂ ਗੰਢਾਂ ਗੋਲ ਮੋਲ, ਹਲਕੇ ਹਰੇ ਰੰਗ ਦੀਆਂ, ਨਰਮ ਨਰਮ ਤੇ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ। ਦੂਸਰੀ ਕਿਸਮ ਪਰਪਲ ਵੀਆਨਾ ਇਸ ਤੋਂ ਹਫਤਾ ਕੁ ਪਿਛੋਂ ਹੁੰਦੀ ਹੈ। ਗੰਢਾਂ ਕੁਝ ਕੁ ਜਾਮਨੀ ਰੰਗ ਦੀਆਂ ਤੇ ਗੁੱਦਾ ਹਰਿਆਲੀਨੁਮਾ ਚਿੱਟਾ ਹੁੰਦਾ ਹੈ। ਲਗਾਤਾਰ ਫ਼ਸਲ ਲੈਣ ਲਈ ਬੀਜ ਅਗਸਤ ਤੇ ਅਖ਼ੀਰ ਤੋਂ ਲੈ ਕੇ ਨਵੰਬਰ ਦੇ ਅੰਤ ਤੱਕ ਥੋੜ੍ਹੇ ਥੋੜ੍ਹੇ ਵਕਫ਼ਿਆ ਨਾਲ ਬੀਜੇ ਜਾਂਦੇ ਹਨ। ਇਕ ਹੈਕਟੇਅਰ ਲਈ 1–1.5 ਕਿਲੋ ਬੀਜ ਦੀ ਪਨੀਰੀ ਕਾਫ਼ੀ ਹੁੰਦੀ ਹੈ। ਅੱਠ ਟਨ ਫ਼ੀ ਏਕੜ ਝਾੜ ਦੇਣ ਵਾਲੀ ਫ਼ਸਲ ਜ਼ਮੀਨ ਵਿਚੋਂ 82 ਕੁ ਪੌਂਡ ਨਾਈਟ੍ਰੋਜਨ, 71 ਪੌਂਡ ਫ਼ਾਸਫ਼ੇਟ ਤੇ 143 ਪੌਂਡ ਪੋਟਾਸ਼ੀਅਮ ਖਿੱਚ ਲੈਂਦੀ ਹੈ। ਜਦੋਂ ਫੁੱਲੇ ਤਣੇ 5–7 ਸੈਂ. ਮੀ. ਵਿਆਸ ਦੇ ਹੋ ਜਾਂਦੇ ਹਨ ਤਾਂ ਪੌਦਿਆਂ ਨੂੰ ਪੁੱਟ ਲਿਆ ਜਾਂਦਾ ਹੈ। ਔਸਤਨ 20–25 ਟਨ ਝਾੜ ਫ਼ੀ ਹੈਕਟੇਅਰ ਮਿਲਦਾ ਹੈ।

          ਬੀਮਾਰੀਆਂ ਤੇ ਕੀੜੇ ਮਕੌੜੇ

          ਭੂਰੇ ਹੋ ਜਾਣਾ––ਇਹ ਨੁਕਸ ਬੋਰੇਨ ਦੀ ਥੁੜ੍ਹ ਕਰਕੇ ਪੈਂਦਾ ਹੈ। ਪਹਿਲਾਂ ਪਹਿਲਾਂ ਇਹ ਨੁਕਸ ਤਣੇ ਅਤੇ ਫ਼ੁੱਲਾਂ ਉਤੇ ਚਿਪਚਿਪੇ ਧੱਬਿਆਂ ਦੇ ਰੂਪ ਵਿਚ ਪਰਗਟ ਹੁੰਦਾ ਹੈ। ਹੌਲੀ ਹੌਲੀ ਰੋਗੀ ਥਾਂ ਜੰਗਾਲ ਵਰਗੀ ਭੂਰੀ ਹੋ ਜਾਂਦੀ ਹੈ। ਤਣਾ ਪੋਲਾ ਹੋ ਜਾਂਦਾ ਹੈ। ਇਸ ਤੋਂ ਛੁੱਟ ਪੱਤਿਆਂ ਦਾ ਰੰਗ ਵੀ ਬਦਲ ਜਾਂਦਾ ਹੈ। ਪੁਰਾਣੇ ਪੱਤੇ ਮੋਟੇ ਤੇ ਭੁਰਭੁਰੇ ਹੋ ਜਾਂਦੇ ਹਨ ਤੇ ਹੇਠਾਂ ਨੂੰ ਮੁੜਨ ਲੱਗ ਪੈਂਦੇ ਹਨ। ਖਾਰੀ ਜ਼ਮੀਨ ਵਿਚ ਇਸ ਨੁਕਸ ਨੂੰ ਰੋਕਣ ਲਈ ਸੋਹਾਗਾ ਪਾਉਣਾ ਗੁਣਕਾਰੀ ਹੈ। ਜ਼ਮੀਨ ਦੀ ਕਿਸਮ, ਖਾਰਾਪਣ ਸੰਕੇਤ ਤੇ ਬੋਰੋਨ ਦੀ ਘਾਟ ਅਨੁਸਾਰ 10 ਤੋਂ 15 ਕਿ. ਗ੍ਰਾ. ਸੋਹਾਗਾ ਫ਼ੀ ਹੈਕਟੇਅਰ ਪਾਇਆ ਜਾਂਦਾ ਹੈ। ਨਿਰਲਾਗ ਤੇ ਕੱਲਰੀ ਜ਼ਮੀਨ ਵਿਚ ਸੋਹਾਗਾ ਜ਼ਿਆਦਾ ਪਾਉਣਾ ਚਾਹੀਦਾ ਹੈ।

          ਪੱਤਾ––ਪੂਛਲ–ਇਹ ਨੁਕਸ ਮਾੱਲਿਬਡਨਾਮ ਦੀ ਘਾਟ ਕਾਰਨ ਪੈਂਦਾ ਹੈ। ਬਹੁਤ ਜ਼ਿਆਦਾ ਖਾਰੀ ਭੋਂ ਵਿਚੋਂ ਮਾੱਲਿਬਡਨਮ ਉੱਕਾ ਹੀ ਖਤਮ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਚੂਨਾ ਪਾਉਣ ਨਾਲ ਇਹ ਘਾਟ ਪੂਰੀ ਹੋ ਸਕਦੀ ਹੈ। ਮਾੱਲਿਬਡਨਮ ਦੀ ਘਾਟ ਦਾ ਅਸਰ ਗੋਭੀ ਦੀਆਂ ਵੱਖ ਵੱਖ ਕਿਸਮਾਂ ਤੇ ਵੱਖ ਵੱਖ ਹੁੰਦਾ ਹੈ। ਆਮ ਤੌਰ ਤੇ ਪੱਤੇ ਠੀਕ ਤਰ੍ਹਾਂ ਨਹੀਂ ਵਧਦੇ। ਜ਼ਿਆਦਾ ਗੰਭੀਰ ਹਾਲਤ ਵਿਚ ਸਿਰਫ਼ ਪੱਤਿਆਂ ਦੀ ਗਭਲੀ ਰੰਗ ਵੀ ਵਧਦੀ ਹੈ ਤੇ ਉਹ ਪੂਛਲ ਜਿਹੀ ਬਣ ਜਾਂਦੇ ਹਨ। ਇਸ ਰੋਗ ਨੂੰ ਚੂਨਾ ਪਾ ਕੇ ਜਾਂ ਫ਼ੀ ਹੈਕਟੇਅਰ ਇਕ ਕਿਲੋ ਸੋਡੀਅਮ ਜਾਂ ਅਮੋਨੀਅਮ ਮਾੱਲਿਬਡੇਟ ਪਾ ਕੇ ਜ਼ਮੀਨ ਦਾ ਅਮਲ ਖਾਰੀਪਨ ਸੰਕੇਤ 6.5 ਤੱਕ ਲਿਆ ਕੇ ਪੱਤਾ-ਪੂਛਲ ਨੁਕਸ ਨੂੰ ਦੂਰ ਕੀਤਾ ਜਾ ਸਕਦਾ ਹੈ।

          ਫ਼ੁੱਲਾਂ ਦਾ ਛੋਟੇ ਛੋਟੇ ਰਹਿ ਜਾਣਾ––ਕਈ ਵਾਰੀ ਪੌਦਿਆਂ ਨੂੰ ਫ਼ੁੱਲ ਬਹੁਤ ਹੀ ਛੋਟੇ ਛੋਟੇ ਪੈਂਦੇ ਹਨ। ਇਸ ਤਰ੍ਹਾਂ ਨਾਈਟ੍ਰੋਜਨ ਦੀ ਘਾਟ ਦੇ ਕਾਰਨ ਹੁੰਦਾ ਹੈ। ਪੌਦਿਆਂ ਦਾ ਯੋਗ ਵਿਕਾਸ ਨਹੀਂ ਹੁੰਦਾ ਤੇ ਉਨ੍ਹਾਂ ਦੇ ਪੱਤੇ ਛੋਟੇ ਛੋਟੇ ਰਹਿ ਜਾਂਦੇ ਹਨ ਤੇ ਉਹ ਵਧ ਰਹੇ ਫ਼ੁੱਲ ਨੂੰ ਚੰਗੀ ਤਰ੍ਹਾਂ ਢਕ ਨਹੀਂ ਸਕਦੇ।

          ਸਿਰੇ ਦੀ ਡੋਡੀ ਨਾ ਨਿਕਲਣਾ––ਫ਼ੁੱਲ ਗੋਭੀ ਦੇ ਪੱਤਿਆਂ ਨੂੰ ਸਿਰੇ ਦੀ ਡੋਡੀ ਨਹੀਂ ਨਿਕਲਦੀ। ਸਗੋਂ ਪੱਤੇ ਵੱਡੇ ਵੱਡੇ ਮੋਟੇ ਤੇ ਗੂੜ੍ਹੇ ਹਰੇ ਰੰਗ ਦੇ ਨਿਕਲਦੇ ਹਨ। ਇਹ ਨੁਕਸ ਪੌਦਿਆਂ ਦੇ ਨਿੱਕੇ ਨਿੱਕੇ ਹੋਣ ਸਮੇਂ ਘੱਟ ਤਾਪਮਾਨ ਹੋਣ ਕਰਕੇ ਜਾਂ ਸਿਰੇ ਦੀ ਡੋਡੀ ਨੂੰ ਕਿਸੇ ਤਰ੍ਹਾਂ ਸੱਟ-ਫੇਟ ਲੱਗ ਜਾਣ ਕਾਰਨ ਜਾਂ ਕੀੜਿਆਂ ਪਤੰਗਿਆਂ ਆਦਿ ਦੁਆਰਾ ਨੁਕਸਾਨ ਪਹੁੰਚਣ ਕਾਰਨ ਪੈਂਦਾ ਹੈ।

          ਰੋਗ––ਗਿੱਲਾਸਾੜਾ ਰੋਗ ਅਗੇਤੀਆਂ ਕਿਸਮਾਂ ਦੀ ਪਨੀਰੀ ਨੂੰ ਆਮ ਤੌਰ ਤੇ ਲੱਗ ਜਾਂਦਾ ਹੈ। ਬੀਜਾਈ ਕਰਕੇ ਇਸ ਰੋਗ ਨੂੰ ਰੋਕਿਆ ਜਾ ਸਕਦਾ ਹੈ।

          ਕਈ ਵਾਰ ਪੱਤੇ ਪੀਲੇ ਪੈ ਜਾਂਦੇ ਹਨ ਤੇ ਉਸ ਪਿਛੋਂ ਨਸਾਂ ਕਾਲੀਆਂ ਹੋ ਜਾਂਦੀਆਂ ਹਨ ਅਤੇ ਇਸ ਰੋਗ ਨੂੰ ਕਾਲਾ ਸਾੜਾ ਰੋਗ ਕਿਹਾ ਜਾਂਦਾ ਹੈ। ਜੇ ਸ਼ੁਰੂ ਸ਼ੁਰੂ ਵਿਚ ਹੀ ਇਹ ਰੋਗ ਲੱਗ ਜਾਏ ਤਾਂ ਕਈ ਵਾਰੀ ਸਾਰੀ ਪੌਦ ਹੀ ਮਰ ਜਾਂਦੀ ਹੈ। ਜੇ ਰੋਗ ਜ਼ਰਾ ਵਧ ਜਾਏ ਤਾਂ ਪੌਦਿਆਂ ਨੂੰ ਫ਼ੁੱਲ ਨਹੀਂ ਪੈਂਦੇ। ਇਸ ਰੋਗ ਦਾ ਪਹਾੜੀ ਇਲਾਕਿਆਂ ਵਿਚ ਬਹੁਤਾ ਜ਼ੋਰ ਹੁੰਦਾ ਹੈ। ਬੀਜਣ ਤੋਂ ਪਹਿਲਾਂ ਜੇਕਰ ਬੀਜਾਂ ਨੂੰ ਗਰਮ ਪਾਣੀ (50° ਸੈਂ.) ਵਿਚ 25-30 ਮਿੰਟ ਰੱਖ ਕੇ ਸੋਧ ਲਿਆ ਜਾਵੇ ਤਾਂ ਰੋਗ ਲਗਣ ਦਾ ਡਰ ਘਟ ਜਾਂਦਾ ਹੈ। ਇਸ ਤੋਂ ਬਿਨਾਂ ਲੰਮੇ ਫ਼ਸਲ-ਚਕਰ ਅਪਣਾਉਣ ਨਾਲ ਵੀ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ।

          ਇਕ ਹੋਰ ਰੋਗ ਜਿਸ ਨਾਲ ਜੜ੍ਹਾਂ ਵਧ ਕੇ ਗੁਰਜ ਦੀ ਸ਼ਕਲ ਵਾਂਗ ਹੋ ਜਾਂਦੀਆਂ ਹਨ ਅਕਸਰ ਇਨ੍ਹਾਂ ਪੌਦਿਆਂ ਵਿਚ ਮਿਲਦਾ ਹੈ ਇਸ ਵਿਚ ਪੱਤੇ ਤੇਜ਼ ਧੁੱਪ ਵਾਲੇ ਦਿਨਾਂ ਵਿਚ ਦੁਪਹਿਰ ਵੇਲੇ ਤਾਂ ਮੁਰਝਾ ਜਾਂਦੇ ਹਨ ਪਰ ਸ਼ਾਮ ਪੈਣ ਤੇ ਮੁੜ ਹਰੇ ਹੋ ਜਾਂਦੇ ਹਨ। ਇਹ ਰੋਗ ਬਹੁਤਾ ਖਾਰੀਆਂ ਜ਼ਮੀਨਾਂ ਵਿਚ ਲਗਦਾ ਹੈ। ਇਸ ਰੋਗ ਨੂੰ ਲਾਗ ਵਾਲੇ ਖੇਤਾਂ ਵਿਚ ਫ਼ੁੱਲਾਂ ਵਾਲੀਆਂ ਸਬਜ਼ੀਆਂ ਨਾ ਬੀਜਣ, ਲੰਮੇ ਫ਼ਸਲ-ਚੱਕਰ ਅਪਣਾਉਣ ਆਦਿ ਢੰਗਾਂ ਨਾਲ ਕਾਬੂ ਕੀਤਾ ਜਾ ਸਕਦਾ ਹੈ।

          ਕਈ ਵਾਰ ਪੌਦੇ ਦੇ ਤਣੇ ਅਤੇ ਜੜ੍ਹਾਂ ਮਰ ਜਾਂਦੀਆਂ ਹਨ ਤੇ ਪੌਦਾ ਮੁਰਝਾ ਜਾਂਦਾ ਹੈ। ਇਸ ਰੋਗ ਨੂੰ ਮੁਢ ਮੋੜਨ ਦਾ ਰੋਗ ਕਿਹਾ ਜਾਂਦਾ ਹੈ। ਇਹ ਰੋਗ ਪਨੀਰੀ ਦੀ ਹਾਲਤ ਵਿਚ ਜ਼ਿਆਦਾ ਹੁੰਦਾ ਹੈ। ਲੰਮੇ ਫ਼ਸਲ-ਚੱਕਰ ਅਪਣਾਉਣ ਅਤੇ ਬੀਜ ਨੂੰ ਬੀਜਣ ਤੋਂ ਪਹਿਲਾਂ ਦਵਾਈ ਵਗੈਰਾ ਨਾਲ ਰੋਗ-ਰਹਿਤ ਕਰਨਾ ਚਾਹੀਦਾ ਹੈ।

          ਪਨੀਰੀ ਨੂੰ ਖੇਤਰ ਵਿਚ ਲਾਉਣ ਤੋਂ ਦੋ ਚਾਰ ਹਫ਼ਤੇ ਬਾਅਦ ਪੌਦੇ ਪੀਲੇ ਪੈਣ ਲਗਦੇ ਹਨ। ਇਨ੍ਹਾਂ ਦਾ ਵਾਧਾ ਰੁਕ ਜਾਂਦਾ ਹੈ ਤੇ ਉਹ ਮਧਰੇ ਤੇ ਮਾੜੇ ਰਹਿ ਜਾਂਦੇ ਹਨ। ਉਨ੍ਹਾਂ ਦੇ ਪੱਤੇ ਝੜਨ ਲੱਗ ਜਾਂਦੇ ਹਨ। ਇਸ ਨੂੰ ਰੋਕਣ ਲਈ ਰੋਗ ਦਾ ਮੁਕਾਬਲਾ ਕਰਨ ਵਾਲੀਆਂ ਕਿਸਮਾਂ ਬੀਜੀਆਂ ਜਾਣੀਆਂ ਚਾਹੀਦੀਆਂ ਹਨ।

          ਕੀੜੇ––ਬੰਦ ਗੋਭੀ ਮੈਗਟ (ਕੀਟ) ਪਹਿਲਾਂ ਨਿੱਕੀਆਂ ਉਪ-ਜੜ੍ਹਾਂ ਤੇ ਹਮਲਾ ਕਰਦਾ ਹੈ ਤੇ ਫਿਰ ਮੁੱਖ ਜੜ੍ਹ ਵਿਚ ਮੋਰੀਆਂ ਕਰ ਦਿੰਦਾ ਹੈ ਜਿਸ ਦੇ ਫ਼ਲਸਰੂਪ ਪੌਦਾ ਕੁਮਲਾ ਜਾਂਦਾ ਹੈ। ਕੈਲੋਮਨ ਧੂੜਨ ਜਾਂ ਐਲਡਰਿਨ ਤੇ ਡਾਇਐਲਡਰਿਨ ਵਿਚੋਂ ਕੋਈ ਇਕ ਦਵਾਈ ਵਰਤਣ ਨਾਲ ਇਸ ਕੀੜੇ ਤੇ ਕਾਬੂ ਪਾਇਆ ਜਾ ਸਕਦਾ ਹੈ।

          ਹਰਾ ਕੀੜਾ ਤੇ ਸੁੰਡੀ ਬੰਦ ਗੋਭੀ ਦੇ ਪੱਤਿਆਂ ਨੂੰ ਖਾ ਜਾਂਦੇ ਹਨ। ਇਨ੍ਹਾਂ ਤੇ ਕਾਬੂ ਪਾਉਣ ਲਈ ਫ਼ੁੱਲ ਬਣ ਜਾਣ ਤੇ ਪਾਇਰੇਥਰਮ ਪਾਉਣ ਜਾਂ ਫ਼ੁੱਲਾਂ ਦੀ ਤੁੜਾਈ ਕਰਨ ਤੋਂ 2-3 ਹਫ਼ਤੇ ਪਹਿਲਾਂ ਡੀ. ਡੀ. ਟੀ. ਜਾਂ ਮੈਲਾਥੀਓਨ ਜਾਂ ਐਨਡਰੈਕਸ ਦਾ ਛਿੜਕਾਅ ਕਰਨਾ ਲਾਹੇਵੰਦ ਰਹਿੰਦਾ ਹੈ।

          ਐਫਿਡ ਕੀੜੇ (ਤੇਲਾ) ਫ਼ਸਲ ਦੇ ਵਾਧੇ ਦੇ ਅੰਤਲੇ ਦਿਨਾਂ ਵਿਚ ਜਾਂ ਬੀਜ ਲਈ ਰੱਖੀ ਫ਼ਸਲ ਦਾ ਵਧੇਰੇ ਨੁਕਸਾਨ ਕਰਦੇ ਹਨ। ਮੈਲਾਥੀਓਨ ਜਾਂ ਫਾਲੀਡੋਨ ਦਾ ਛਿੜਕਾਅ ਕਰਨ ਨਾਲ ਇਨ੍ਹਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਜੇ ਫ਼ਲ ਤੁੜਾਈ ਲਈ ਤਿਆਰ ਹੋ ਚੁੱਕੇ ਹੋਣ ਤਾਂ ਨਿਕੋਟੀਨ ਸਲਫ਼ੇਟ ਦੀ ਵਰਤੋਂ ਕਰਨੀ ਚਾਹੀਦੀ ਹੈ।

          ਹ. ਪੁ.––ਸਬਜ਼ੀਆਂ-ਚੌਧਰੀ––73


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.