ਗ੍ਰਿਹਸਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗ੍ਰਿਹਸਥ ਦੇਖੋ, ਗ੍ਰਿਸਤ. ਗ੍ਰਿਹਸਥਆਸ਼੍ਰਮ ਅਤੇ ਗ੍ਰਿਹਸਥਾਸ਼੍ਰਮ ਧਾਰਨ ਵਾਲਾ ਪੁਰਖ. “ਗ੍ਰਸਤਨ ਮੇ ਤੂੰ ਬਡੋ ਗ੍ਰਿਹਸਤੀ.” (ਗੂਜ ਅ: ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1686, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗ੍ਰਿਹਸਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗ੍ਰਿਹਸਥ (ਆਸ਼੍ਰਮ): ਹਿੰਦੂ ਧਰਮ ਦੀ ਆਸ਼੍ਰਮ-ਵਿਵਸਥਾ ਵਿਚ ਗ੍ਰਿਹਸਥ ਦੀ ਅਵਸਥਾ ਦੂਜੇ ਨੰਬਰ ਉਤੇ ਆਉਂਦੀ ਹੈ। ਪਰ ਗੁਰਮਤਿ ਵਿਚ ਕੇਵਲ ਗ੍ਰਿਹਸਥ-ਆਸ਼੍ਰਮ ਨੂੰ ਹੀ ਮਹੱਤਵ ਦਿੱਤਾ ਗਿਆ ਹੈ। ਗ੍ਰਿਹਸਥ ਤੋਂ ਭਾਵ ਹੈ ਪਰਿਵਾਰ ਵਿਚ ਰਹਿੰਦੇ ਹੋਇਆਂ, ਆਪਣੀ ਰੋਜ਼ੀ-ਰੋਟੀ ਕਮਾ ਕੇ ਸੰਸਾਰ ਦੀਆਂ ਜ਼ਿੰਮੇਵਾਰੀਆਂ ਨੂੰ ਸੁਚੱਜੇ ਢੰਗ ਨਾਲ ਨਿਭਾਉਂਦੇ ਹੋਇਆਂ ਅਤੇ ਪਰਮਾਤਮਾ ਦੀ ਭਗਤੀ ਵਿਚ ਮਗਨ ਹੋ ਕੇ ਦੂਜਿਆਂ ਦਾ ਉਪਕਾਰ ਕਰਦੇ ਹੋਇਆਂ ਜੀਵਨ ਨੂੰ ਬਤੀਤ ਕੀਤਾ ਜਾਏ। ਗੁਰਮਤਿ ਦੀ ਜੀਵਨ-ਜੁਗਤ ਨੂੰ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਸਪੱਸ਼ਟ ਕੀਤਾ ਹੈ— ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤਿ (ਗੁ.ਗ੍ਰੰ.522)। ਗੁਰੂ ਅਮਰਦਾਸ ਜੀ ਨੇ ਸੰਨਿਆਸੀਆਂ ਜਾਂ ਹੋਰ ਭੇਖਧਾਰੀਆਂ ਨਾਲੋਂ ਗ੍ਰਿਹਸਥ-ਧਰਮ ਨੂੰ ਇਸ ਲਈ ਸ੍ਰੇਸ਼ਠ ਮੰਨਿਆ ਹੈ, ਕਿਉਂਕਿ ਬਾਕੀ ਸਾਰੇ ਆਸ਼੍ਰਮ ਇਸੇ ਦੁਆਰਾ ਵਰਸਾਏ ਜਾਂਦੇ ਹਨ—ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ (ਗੁ.ਗ੍ਰੰ.587)

            ਇਕ ਹੋਰ ਪ੍ਰਕਰਣ ਵਿਚ ਵੀ ਗੁਰੂ ਅਮਰਦਾਸ ਜੀ ਨੇ ਮਨ ਨੂੰ ਸੰਬੋਧਿਤ ਕਰਦਿਆਂ ਕਿਹਾ ਹੈ ਕਿ ਘਰ ਵਿਚ ਰਹਿ ਕੇ ਸੰਸਾਰਿਕ ਵਾਸਨਾਵਾਂ ਅਤੇ ਪ੍ਰਪੰਚਕ ਉਪਲਬਧੀਆਂ ਤੋਂ ਆਪਣੇ ਆਪ ਨੂੰ ਨਿਰਲੇਪ ਰਖਣਾ ਹੀ ਉਚਿਤ ਧਰਮ- ਮਾਰਗ ਹੈ— ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ਗੁਰੁ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ (ਗੁ.ਗ੍ਰੰ. 26)। ਗੁਰੂ ਨਾਨਕ ਦੇਵ ਜੀ ਨੇ ਬਾਕੀ ਆਸ਼੍ਰਮਾਂ ਨੂੰ ਭ੍ਰਮ- ਪੂਰਣ ਦਸਦੇ ਹੋਇਆਂ ਗ੍ਰਿਹਸਥ ਦੀ ਮਹਿਮਾ ਗਾਈ ਹੈ— ਬਿਨੁ ਗੁਰ ਸਬਦੁ ਛੂਟਹੀ ਭ੍ਰਮਿ ਆਵਹਿ ਜਾਵਹਿ ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ (ਗੁ.ਗ੍ਰੰ. 419)। ਰਾਮਕਲੀ ਰਾਗ ਵਿਚ ਗ੍ਰਿਹਸਥੀ ਦੀ ਜੀਵਨ-ਜੁਗਤ ਉਤੇ ਪ੍ਰਕਾਸ਼ ਪਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਸੋ ਗਿਰਹੀ ਜੋ ਨਿਗ੍ਰਹੁ ਕਰੈ ਜਪੁ ਤਪੁ ਸੰਜਮ ਭੀਖਿਆ ਕਰੈ ਪੁੰਨ ਦਾਨ ਕਾ ਕਰੇ ਸਰੀਰੁ ਸੋ ਗਿਰਹੀ ਗੰਗਾ ਕਾ ਨੀਰੁ (ਗੁ.ਗ੍ਰੰ.952)। ਸਚਮੁਚ ਗੰਗਾ ਜਲ ਵਾਂਗ ਪਵਿੱਤਰ ਹੈ ਗ੍ਰਿਹਸਥ-ਆਸ਼੍ਰਮ ਜੇ ਉਸ ਨੂੰ ਗੁਰਮਤਿ ਅਨੁਸਾਰੀ ਰਖਿਆ ਜਾਏ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.