ਘਨਾਨੰਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਘਨਾਨੰਦ: ਘਨਾਨੰਦ ਹਿੰਦੀ ਸਾਹਿਤ ਦੇ ਇਤਿਹਾਸ ਦੇ ਰੀਤੀਕਾਲ ਦਾ ਅਜਿਹਾ ਕਵੀ ਸੀ, ਜਿਸ ਨੇ ਉਸ ਯੁੱਗ ਦੀ ਪ੍ਰਮੁਖ ਕਾਵਿ-ਧਾਰਾ ਤੋਂ ਹਟ ਕੇ ਵੱਖਰੇ ਰੰਗ ਦਾ ਅਰਥਾਤ ਸ਼ੁੱਧ ਪ੍ਰੇਮ ਦਾ, ਬਿਰਹੋਂ ਦੇ ਨਿਜੀ ਭਾਵਾਂ ਦਾ ਕਾਵਿ ਰਚਿਆ। ਇਸੇ ਲਈ ਉਸ ਦੇ ਕਾਵਿ ਨੂੰ ਰੀਤੀ ਮੁਕਤ ਧਾਰਾ ਵਿੱਚ ਸਥਾਨ ਦਿੱਤਾ ਜਾਂਦਾ ਹੈ। ਪ੍ਰੇਮ- ਪਿਆਰ ਘਨਾਨੰਦ ਲਈ ਰੀਤੀ ਕਾਲ ਦੇ ਹੋਰ ਪ੍ਰਮੁਖ ਕਵੀਆਂ ਵਾਂਗ ਕੇਵਲ ਰਸ ਲੈਣ ਜਾਂ ਸਰੀਰਕ ਸੁੱਖ ਦਾ ਸਾਧਨ ਨਹੀਂ ਬਲਕਿ ਇੱਕ ਗੰਭੀਰ ਅਨੁਭਵ ਹੈ, ਜਿਸ ਨੂੰ ਇੱਕ ਗੰਭੀਰ ਅਤੇ ਸ਼ੁੱਧ ਹਿਰਦਾ ਹੀ ਮਾਣ ਸਕਦਾ ਹੈ। ਇਸੇ ਲਈ ਸ਼ੁੱਧ ਭਾਵਾਤਮਿਕ ਅਤੇ ਦਿਲ ਨੂੰ ਛੋਹ ਜਾਣ ਵਾਲੇ ਪ੍ਰੇਮ ਦੇ ਕਵੀ ਰੂਪ ਵਿੱਚ ਘਨਾਨੰਦ ਦਾ ਅਦੁੱਤੀ ਸਥਾਨ ਮੰਨਿਆ ਜਾਂਦਾ ਹੈ।

     ਘਨਾਨੰਦ ਦੇ ਜੀਵਨ ਬਾਰੇ ਮੱਧ-ਕਾਲ ਦੇ ਹਿੰਦੀ ਦੇ ਅਨੇਕ ਕਵੀਆਂ ਵਾਂਗ ਪੱਕੇ ਤੌਰ ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਆਮ ਲੋਕਾਂ ਵਿੱਚ ਪ੍ਰਚਲਿਤ ਵਿਸ਼ਵਾਸ ਅਨੁਸਾਰ ਘਨਾਨੰਦ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਦੇ ਦਰਬਾਰ ਦਾ ਕਰਮਚਾਰੀ ਸੀ। ਉਹ ਦਰਬਾਰ ਦੀ ਨੱਚਣ ਗਾਉਣ ਵਾਲੀ (ਵੇਸਵਾ) ਸੁਜਾਨ ਰਾਏ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੂੰ ਖ਼ੁਦ ਵੀ ਗਾਉਣ ਦਾ ਬੜਾ ਸ਼ੌਕ ਸੀ। ਪਰ ਦਰਬਾਰ ਵਿੱਚ ਕਦੇ ਨਹੀਂ ਗਾਉਂਦਾ ਸੀ। ਇੱਕ ਦਿਨ ਘਨਾਨੰਦ ਨਾਲ ਈਰਖਾ ਰੱਖਣ ਵਾਲੇ ਇੱਕ ਦਰਬਾਰੀ ਨੇ ਬਾਦਸ਼ਾਹ ਕੋਲ ਚੁਗ਼ਲੀ ਕੀਤੀ। ਬਾਦਸ਼ਾਹ ਨੇ ਘਨਾਨੰਦ ਨੂੰ ਗਾਉਣ ਦਾ ਹੁਕਮ ਦਿੱਤਾ ਤਾਂ ਉਸ ਨੇ ਨਾਂਹ ਕਰ ਦਿੱਤੀ। ਇਸ ਤੇ ਕਿਸੇ ਨੇ ਕਿਹਾ ਕਿ ਜੇ ਸੁਜਾਨ ਆ ਕੇ ਉਸ ਨੂੰ ਗਾਉਣ ਲਈ ਕਹੇ ਤਾਂ ਉਹ ਜ਼ਰੂਰ ਗਾਏਗਾ। ਇਸ ਲਈ ਸੁਜਾਨ ਨੂੰ ਸੱਦਿਆ ਗਿਆ। ਉਸ ਦੇ ਸਾਮ੍ਹਣੇ ਘਨਾਨੰਦ ਦੇ ਮਧੁਰ ਕੰਠ ਨੇ ਆਪਣਾ ਜਾਦੂ ਕਰ ਵਿਖਾਇਆ ਅਤੇ ਸਭ ਦਾ ਮਨ ਮੋਹ ਲਿਆ। ਬਾਦਸ਼ਾਹ ਵੀ ਖ਼ੁਸ਼ ਸੀ ਪਰ ਉਹ ਭੁੱਲ ਨਾ ਸਕਿਆ ਕਿ ਘਨਾਨੰਦ ਨੇ ਉਸ ਦੀ ਹੁਕਮ ਅਦੂਲੀ ਕੀਤੀ ਸੀ। ਨਤੀਜੇ ਦੇ ਤੌਰ ਤੇ ਉਸ ਨੂੰ ਦਰਬਾਰ ਤੋਂ ਕੱਢਣ ਅਤੇ ਦਿੱਲੀ ਛੱਡ ਜਾਣ ਦਾ ਹੁਕਮ ਹੋਇਆ। ਦੁਖੀ ਘਨਾਨੰਦ ਨੂੰ ਆਸ ਸੀ ਕਿ ਸ਼ਾਇਦ ਸੁਜਾਨ ਵੀ ਉਸ ਦਾ ਸਾਥ ਦੇਵੇਗੀ। ਪਰ ਵਿਚਾਰੀ ਦਰਬਾਰੀ ਗਾਇਕਾ ਸੁਜਾਨ ਦੀ ਆਪਣੀ ਹੀ ਮਜਬੂਰੀ ਸੀ।

     ਅੰਤ ਵਿੱਚ ਘਨਾਨੰਦ ਬਰਿੰਦਾਬਨ ਚਲਾ ਗਿਆ। ਉਹ ਜੀਵਨ ਤੋਂ ਉਪਰਾਮ ਹੋ ਗਿਆ ਸੀ। ਇਹੀ ਵਿਰਾਗ ਉਸ ਲਈ ਪ੍ਰੇਮੀ-ਜੋੜੇ ਰਾਧਾ ਕ੍ਰਿਸ਼ਨ ਦੇ ਚਰਨਾਂ ਦੀ ਅਨੁਰਾਗ-ਭਗਤੀ ਵਿੱਚ ਤਬਦੀਲ ਹੋ ਗਿਆ। ਉਹ ਜੀਵਨ ਦੇ ਅੰਤਿਮ ਪਲਾਂ ਤੱਕ ਰਾਧਾ ਕ੍ਰਿਸ਼ਨ ਦੀ ਪ੍ਰੇਮ- ਭਗਤੀ ਵਿੱਚ ਡੁੱਬਾ ਬਰਿੰਦਾਬਨ ਵਿੱਚ ਹੀ ਨਿਵਾਸ ਕਰਦਾ ਰਿਹਾ। ਪਰ ਆਪਣੀ ਪ੍ਰੇਮਿਕਾ ਸੁਜਾਨ ਨੂੰ ਕਦੇ ਨਾ ਭੁੱਲ ਸਕਿਆ। ਰਾਧਾ ਕ੍ਰਿਸ਼ਨ ਦਾ ਪ੍ਰੇਮ ਉਸ ਲਈ ਸੁਜਾਨ ਦੀ ਹੀ ਯਾਦ ਦਾ ਸਾਧਨ ਬਣਿਆ ਰਿਹਾ। ਉਸ ਨੇ ਕਦੇ ਸੁਜਾਨ ਅਤੇ ਕਦੇ ਰਾਧਾ ਕ੍ਰਿਸ਼ਨ ਦਾ ਨਾਂ ਲੈ ਕੇ ਆਪਣੇ ਸੱਚੇ-ਸੁੱਚੇ ਪ੍ਰੇਮ ਨੂੰ ਗੀਤਾਂ, ਕਵਿਤਾ, ਸਵੱਈਆਂ ਵਿੱਚ ਢਾਲ ਦਿੱਤਾ।

     ਇਹ ਵੀ ਕਿਹਾ ਜਾਂਦਾ ਹੈ ਕਿ ਉਹ ਨਾਦਰਸ਼ਾਹ ਦੇ ਪ੍ਰਸਿੱਧ ਕਤਲੇਆਮ ਦੇ ਸਮੇਂ ਹੀ ਬਰਿੰਦਾਬਨ ਵਿੱਚ ਮਾਰਿਆ ਗਿਆ ਸੀ। ਕੁਝ ਵਿਦਵਾਨ ਉਸ ਦੀ ਮੌਤ ਦਾ ਸੰਬੰਧ ਅਹਿਮਦ ਸ਼ਾਹ ਦੁੱਰਾਨੀ ਦੇ ਕਤਲੇਆਮ ਨਾਲ ਵੀ ਜੋੜਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਬੁਲ ਫ਼ਜ਼ਲ ਦਾ ਸ਼ਾਗਿਰਦ ਸੀ। ਘਨਾਨੰਦ ਦੇ ਕਾਵਿ ਵਿੱਚ ਫ਼ਾਰਸੀ ਪਰੰਪਰਾ ਦੇ ਬਿਰਹੋਂ ਦੇ ਦਰਦ ਦੀ ਬਹੁਲਤਾ ਵੇਖਦੇ ਹੋਏ ਉਸ ਨੂੰ ਫ਼ਾਰਸੀ ਦੇ ਉੱਚ-ਕੋਟੀ ਦੇ ਵਿਦਵਾਨ ਦਾ ਸ਼ਾਗਿਰਦ ਮੰਨਣਾ ਅਨੁਚਿਤ ਪ੍ਰਤੀਤ ਨਹੀਂ ਹੁੰਦਾ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਉਹ ਫ਼ਾਰਸੀ ਭਾਸ਼ਾ ਸਾਹਿਤ ਦਾ ਚੰਗਾ ਜਾਣਕਾਰ ਰਿਹਾ ਹੋਵੇਗਾ।

     ਇਹ ਵੀ ਮੰਨਿਆ ਜਾਂਦਾ ਹੈ ਕਿ ਬਚਪਨ ਤੋਂ ਉਸ ਨੂੰ ਰਾਸਲੀਲ੍ਹਾ ਵੇਖਣ ਦਾ ਬੜਾ ਸ਼ੌਕ ਸੀ। ਉਹ ਕਈ ਮਹੀਨੇ ਤੱਕ ਆਪਣੇ ਖ਼ਰਚ ਤੇ ਦਿੱਲੀ ਵਿੱਚ ਰਾਸਲੀਲ੍ਹਾ ਕਰਵਾਇਆ ਕਰਦਾ ਸੀ ਅਤੇ ਕਈ ਵਾਰ ਖ਼ੁਦ ਵੀ ਉਸ ਵਿੱਚ ਭਾਗ ਲੈਂਦਾ ਸੀ। ਉਸ ਦਾ ਸੰਗੀਤ ਅਤੇ ਹਿੰਦੀ ਦੇ ਪਦਾਂ-ਭਜਨਾਂ-ਗੀਤਾਂ ਆਦਿ ਦੇ ਪ੍ਰਤਿ ਪ੍ਰੇਮ ਹੀ ਅੰਤ ਵਿੱਚ ਉਸ ਨੂੰ ਬਰਿੰਦਾਬਨ ਜਾ ਕੇ ਪ੍ਰੇਮ ਦੇ ਅਤਿ ਸਫਲ ਹਿੰਦੀ ਕਵੀ ਬਣਾਉਣ ਵਿੱਚ ਸਹਾਇਕ ਹੋਇਆ ਹੋਵੇਗਾ। ਰਾਸਧਾਰੀਆਂ ਵਿੱਚ ਅਜੇ ਤੱਕ ਉਸ ਦੇ ਕਬਿੱਤ ਸਵੱਈਏ ਕਾਫ਼ੀ ਹਰਮਨਪਿਆਰੇ ਹਨ। ਉਸ ਦੀ ਰਾਧਾ ਕ੍ਰਿਸ਼ਨ ਪ੍ਰਤਿ ਪ੍ਰੇਮ-ਭਗਤੀ ਵੱਲ ਖਿੱਚੇ ਜਾਣ ਵਿੱਚ ਵੀ ਉਸ ਦੇ ਅਰੰਭਿਕ ਜੀਵਨ ਦੀ ਭੂਮਿਕਾ ਰਹੀ ਹੋਵੇਗੀ।

     ਘਨਾਨੰਦ ਦੀਆਂ ਸਾਰੀਆਂ ਰਚਨਾਵਾਂ ਵੀ ਪ੍ਰਮਾਣਿਕ ਤੌਰ ਤੇ ਨਹੀਂ ਮਿਲਦੀਆਂ। ਕਈ ਵਿਦਵਾਨਾਂ ਨੇ ਉਸ ਦੀਆਂ 40 ਦੇ ਲਗਪਗ ਰਚਨਾਵਾਂ ਦੀ ਚਰਚਾ ਕੀਤੀ ਹੈ। ਹੋ ਸਕਦਾ ਹੈ ਇਹ ਅਨੁਮਾਨ ਠੀਕ ਹੋਵੇ, ਪਰ ਅਸਲੀਅਤ ਇਹ ਹੈ ਕਿ ਕਈ ਸੰਗ੍ਰਹਿ-ਕਰਤਾਵਾਂ ਨੇ ਸਮੇਂ-ਸਮੇਂ ਤੇ ਉਸ ਦੇ ਕਾਵਿ ਨੂੰ ਇਕੱਠਾ ਕਰ ਕੇ ਆਪਣੀ ਪਸੰਦ ਅਨੁਸਾਰ ਉਹਨਾਂ ਦੇ ਨਾਂ ਵੀ ਰੱਖ ਦਿੱਤੇ ਹਨ। ਉਸ ਦੀਆਂ ਪ੍ਰਾਪਤ ਰਚਨਾਵਾਂ ਵਿੱਚ ਅਨੇਕ ਕਬਿੱਤ ਸਵੱਈਏ ਇੱਕ ਤੋਂ ਵੱਧ ਕਾਵਿ-ਸੰਗ੍ਰਹਿਆਂ ਵਿੱਚ ਵੱਖ-ਵੱਖ ਨਾਵਾਂ ਹੇਠ ਸ਼ਾਮਲ ਹਨ। ਉਸ ਦੀਆਂ ਪ੍ਰਾਪਤ ਪ੍ਰਸਿੱਧ ਰਚਨਾਵਾਂ ਦੇ ਨਾਂ ਹਨ-ਸੁਜਾਨਸਾਗਰ, ਘਨਾਨੰਦ ਕਵਿੱਤ, ਰਸਕੇਲਿਵੱਲੀ, ਸੁਜਾਨ ਹਿਤ, ਸ੍ਰੀ ਕ੍ਰਿਪਾਕੰਦ, ਇਸ਼ਕਲਤਾ, ਸੁਜਾਨ ਰਾਗਮਾਲਾ, ਪ੍ਰੀਤੀਪਾਵਸ, ਵਿਯੋਗ ਵੇਲੀ, ਨੇਹ ਸਾਗਰ, ਵਿਰਹ ਲੀਲਾ, ਪ੍ਰੇਮ ਪੱਤ੍ਰਿਕਾ, ਬਾਨੀ, ਗੇਯ ਪਦ ਆਦਿ। ਇਹ ਵੀ ਮੰਨ ਲਿਆ ਗਿਆ ਹੈ ਕਿ ਉਸ ਦੇ 752 ਕਵਿੱਤ-ਸਵੱਈਏ, 1057 ਪਦ ਅਤੇ 2354 ਦੋਹੇ-ਚੌਪਾਈਆਂ ਅੱਜ ਤੱਕ ਮਿਲ ਚੁੱਕੀਆਂ ਹਨ।

     ਘਨਾਨੰਦ ਦੀਆਂ ਦੋ ਪ੍ਰਕਾਰ ਦੀਆਂ ਰਚਨਾਵਾਂ ਮਿਲਦੀਆਂ ਹਨ-ਇੱਕ ਜਿਨ੍ਹਾਂ ਦਾ ਵਿਸ਼ਾ ਦੁਨਿਆਵੀ ਪਿਆਰ ਹੈ ਅਤੇ ਦੂਜਾ ਭਗਤੀ ਭਾਵ। ਪਹਿਲੇ ਪ੍ਰਕਾਰ ਦੀਆਂ ਰਚਨਾਵਾਂ ਜ਼ਿਆਦਾਤਰ ਕਬਿੱਤ-ਸਵੱਈਏ ਹਨ। ਦੂਜੇ ਪ੍ਰਕਾਰ ਦਾ ਕਾਵਿ ਦੋਹੇ ਚੌਪਾਈਆਂ ਵਿੱਚ ਹੈ। ਘਨਾਨੰਦ ਕਾਵਿ-ਵਿਸਤਾਰ ਅਤੇ ਕਾਵਿ-ਕੁਸ਼ਲਤਾ ਦੇ ਕਾਰਨ ਹਿੰਦੀ ਦੇ ਮਹਾਂਕਵੀਆਂ ਵਿੱਚ ਗਿਣਿਆ ਜਾਂਦਾ ਹੈ। ਪਰ ਉਸ ਦੇ ਕਾਵਿ ਵਿੱਚ ਵਿਸ਼ੇ ਦੀ ਅਨੇਕਤਾ ਨਹੀਂ ਮਿਲਦੀ ਬਲਕਿ ਪ੍ਰੇਮ ਅਤੇ ਬਿਰਹੋਂ ਦੇ ਵੱਖ-ਵੱਖ ਭਾਵਾਂ ਨੂੰ ਹੀ ਨਵੇਂ-ਨਵੇਂ ਰੂਪ ਵਿੱਚ ਉਲੀਕਿਆ ਗਿਆ ਹੈ। ਜਿਵੇਂ ਕਵੀ ਦੇ ਭਾਗਾਂ ਵਿੱਚ ਪ੍ਰੇਮ-ਪਿਆਰ ਦਾ ਸੁਖੀ ਪੱਖ ਲਿਖਿਆ ਹੀ ਨਹੀਂ ਗਿਆ। ਕਵੀ ਆਪਣੇ ਪ੍ਰੇਮ ਦੀ ਅਸਫਲਤਾ ਵਿੱਚ ਵੀ ਅਡੋਲ ਹੈ, ਅਡਿੱਗ ਹੈ। ਪ੍ਰੇਮ ਦੀ ਇਸ ਤਰ੍ਹਾਂ ਦੀ ਦੁੱਖ ਦਰਦ ਭਰੀ ਅਨੁਭੂਤੀ ਹਿੰਦੀ ਸਾਹਿਤ ਪਰੰਪਰਾ ਦੇ ਪ੍ਰਤਿਕੂਲ ਅਤੇ ਫ਼ਾਰਸੀ ਸਾਹਿਤ ਪਰੰਪਰਾ ਦੇ ਅਨੁਕੂਲ ਹੈ। ਜਿਵੇਂ ਉਪਰ ਕਿਹਾ ਗਿਆ ਹੈ ਘਨਾਨੰਦ ਫ਼ਾਰਸੀ ਸਾਹਿਤ ਪਰੰਪਰਾ ਦਾ ਜ਼ਰੂਰ ਚੰਗਾ ਜਾਣਕਾਰ ਸੀ। ਪਰ ਸਭ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਘਨਾਨੰਦ ਨੇ ਕਿਸੇ ਪਰੰਪਰਾ ਦੀ ਨਕਲ ਨਹੀਂ ਕੀਤੀ ਬਲਕਿ ਉਸ ਨੇ ਆਪਣੇ ਨਿੱਜੀ ਜੀਵਨ ਦੇ ਅਨੁਭਵਾਂ ਨੂੰ ਆਪਣੇ ਹੀ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਉਸ ਨੇ ਲਿਖਿਆ ਹੈ-ਲੋਗ ਤੋਂ ਲਾਗਿ ਕਵਿਤੈ ਬਨਾਵਤ/ਮੋਹੇ ਤੋਂ ਮੇਰੇ ਕਵਿੱਤ ਬਨਾਵਤ।

     ਘਨਾਨੰਦ ਦੇ ਕਾਵਿ ਵਿੱਚ ਦੁਨਿਆਵੀ ਅਤੇ ਭਗਤੀ ਮੂਲਕ ਪ੍ਰੇਮ ਦਾ ਇੱਕ ਨਵੇਕਲਾ ਮਿੱਠਾ ਸਵਾਦ ਹੈ। ਸੁਜਾਨ ਇੱਕ ਨਾਰੀ ਹੈ ਪਰ ਘਨਾਨੰਦ ਦੀ ਕਵਿਤਾ ਦੇ ਭਾਵਾਂ ਦੀ ਤੀਬਰਤਾ ਵਿੱਚ ਉਹ ਰਾਧਾ-ਕ੍ਰਿਸ਼ਨ ਪ੍ਰੇਮ ਦੀ ਪ੍ਰਤੀਕ ਵੀ ਬਣ ਜਾਂਦੀ ਹੈ।


ਲੇਖਕ : ਯੋਗੇਂਦਰ ਬਖਸ਼ੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਘਨਾਨੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਨਾਨੰਦ. ਸੰਗ੍ਯਾ—ਸੰਘਣਾ ਆਨੰਦ. ਜਿਸ ਆਨੰਦ ਵਿੱਚ ਵਿੱਥ ਨਹੀਂ. ਆਤਮਆਨੰਦ। ੨ ਪਾਰਬ੍ਰਹਮ. ਵਾਹਿਗੁਰੂ. “ਘਨਾਨੰਦ ਕੇ ਬੀਚ ਸਮਾਵੈ.” (ਨਾਪ੍ਰ) “ਘਨਾਨੰਦ ਪੂਰਨ ਇਕਸਾਰ.” (ਨਾਪ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਨਾਨੰਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਘਨਾਨੰਦ : ਇਹ ਰੀਤੀ ਕਾਲੀਨ ਕਵੀ ਸੀ ਜਿਸ ਦੇ ਜੀਵਨ ਬਾਰੇ ਵਿਸ਼ਵਾਸਯੋਗ ਹਵਾਲੇ ਨਹੀਂ ਮਿਲਦੇ। ਗ੍ਰੀਅਰਸਨ ਅਨੁਸਰ ਇਹ ਬਹਾਦਰ ਸ਼ਾਹ ਦਾ ਮੀਰ ਮੁਨਸ਼ੀ ਸੀ। ਮਹਾਰਾਜ ਰਘੁਰਾਜ ਸਿੰਘ ਜੂਦੇਵ ਦੀ ‘ਭਗਤਮਾਲਾ’ ਅਨੁਸਾਰ ਇਹ ਤਿਆਗੀ ਬਣਕੇ ਮਥਰਾ ਬ੍ਰਿੰਦਾਬਨ ਚਲਿਆ ਗਿਆ ਸੀ ਜਿਥੇ ਨਾਦਰਸ਼ਾਹ ਦੇ ਸਿਪਾਹੀਆਂ ਨੇ ਇਸ ਨੂੰ ਕਤਲ ਕਰ ਦਿਤਾ ਸੀ। ਗੋਸੁਆਮੀ ਰਾਧਾਚਰਣ ਨੇ ਇਸ ਬਾਰੇ ਇਕ ਛਪੈਯਾ ਲਿਖਿਆ ਹੈ ਜਿਸ ਅਨੁਸਾਰ ਇਸ ਦਾ ਸੁਜਾਨ ਨਾਮ ਦੀ ਇਕ ਵੇਸਵਾ ਨਾਲ ਪਿਆਰ ਸੀ ਜਿਸ ਦੇ ਨਾਮ ਨੂੰ ਕ੍ਰਿਸ਼ਨ ਦੇ ਨਾਮ ਤੇ ਢਾਲ ਕੇ ਇਸ ਨੂੰ ਕਾਵਿ ਰਚਨਾ ਕੀਤੀ।

          ਪੰਡਤ ਜਗਨਨਾਥ ਰਤਨਾਕਰ ਨੇ ਇਸ ਦੀ ਜਨਮ-ਭੂਮੀ ਬੁਲੰਦ ਸ਼ਹਿਰ ਦੱਸੀ ਹੈ, ਜੋ ਠੀਕ ਜਾਪਦੀ ਹੈ। ਇਸ ਦੇ ਜਨਮ-ਮਰਨ ਦੀ ਮਿਤੀ ਬਾਰੇ ਵਿਦਵਾਨਾਂ ਵਿਚ ਮਤਭੇਦ ਹੈ ਪਰ ਇਸ ਦੇ ਥਾਂ ਥਾਂ ਖਿੱਲਰੇ ਪਦਾਂ ਤੇ ਗ੍ਰੰਥਾਂ ਦੇ ਆਧਾਰ ਤੇ ਇਹ ਨਿਸ਼ਚਿਤ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ਬਿਕਰਮੀ 18ਵੀਂ ਤੇ 19ਵੀਂ ਵਿਚ ਇਹ ਦੁਨੀਆ ਵਿਚ ਸੀ।

          ਘਨਾਨੰਦ ਨੇ ਸੁਜਾਨ, ਜੋ ਇਸ ਦੀ ਪ੍ਰੇਮਕਾ ਸਿੱਧ ਹੁੰਦੀ ਹੈ, ਬਾਰੇ ਇੰਨੀ ਇਕਮਿਕਤਾ ਨਾਲ ਆਪਣੇ ਪਦਾਂ ਵਿਚ ਉੱਲੇਖ ਕੀਤਾ ਹੈ ਕਿ ਉਹ ਰਚਨਾ ਅਧਿਆਤਮਕ ਜਾਪਣ ਲੱਗ ਪਈ ਹੈ। ਆਖਿਆ ਜਾਂਦਾ ਹੈ ਕਿ ਮੁਹੰਮਦ ਸ਼ਾਹ ਦੇ ਦਰਬਾਰ ਵਿਚ ਸੁਜਾਨ ਨਰਤਕੀ (ਵੇਸਵਾ) ਸੀ ਅਤੇ ਇਹ ਉੱਥੇ ਕਵੀ ਸੀ। ਇਸ ਨੇ ਉਸ ਵਿਚੋਂ ਹੀ ਭਗਵਾਨ ਦੇ ਕਈ ਰੂਪਾਂ ਵਿਚ ਦਰਸ਼ਨ ਕੀਤੇ।

          ਇਸ ਦੀਆਂ ਰਚਨਾਵਾਂ ਦਾ ਸਭ ਤੋਂ ਪਹਿਲਾ ਪ੍ਰਕਾਸ਼ਨ ਹਰੀਸ਼ਚੰਦ੍ਰ ਨੇ ‘ਸੁੰਦਰੀ ਤਿਲਕ’ ਵਿਚ ਕਰਵਾਇਆ। 1870 ਵਿਚ ਉਸ ਨੇ ‘ਸੁਜਾਨ ਸ਼ਤਕ’ ਨਾਮ ਅਧੀਨ 119 ਕਬਿੱਤ ਪ੍ਰਕਾਸ਼ਿਤ ਕੀਤੇ। ਇਸ ਮਗਰੋਂ 1897 ਵਿਚ ਜਗਨਨਾਥ ਰਤਨਾਕਰ ਨੇ ‘ਸੁਜਾਨ ਸਾਗਰ’ ਛਪਵਾਇਆ। ਇਸ ਮਗਰੋਂ ਇਸ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਦਾ ਸਿਲਸਿਲਾ ਚੱਲ ਪਿਆ। ਆਚਾਰੀਆ ਵਿਸ਼ਵਨਾਥ ਪ੍ਰਸ਼ਾਦ ਮਿਸ਼ਰ ਨੇ ਇਸ ਕਵੀ ਬਾਰੇ ਬੜੀ ਗੰਭੀਰ ਖੋਜ ਕੀਤੀ ਅਤੇ ਇਸ ਦੀਆਂ ਰਚਨਾਵਾਂ ਦੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ।

          ਰਾਮਚੰਦ੍ਰ ਸ਼ੁਕਲ ਨੇ ਇਸ ਨੂੰ ਰੁਮਾਂਟਿਕ ਕਾਵਿਧਾਰਾ ਦਾ ਸ੍ਰੇਸ਼ਟ ਕਵੀ ਕਿਹਾ ਹੈ। ਇਸ ਦੀ ਕਵਿਤਾ ਬ੍ਰਜਭਾਸ਼ਾ ਦਾ ਵਧੀਆ ਨਮੂਨਾ ਹੈ ਜਿਸ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਕਵੀ ਨੇ ਫ਼ਾਰਸੀ ਸਾਹਿਤ ਤੋਂ ਵੀ ਪ੍ਰਭਾਵ ਗ੍ਰਹਿਣ ਕੀਤਾ ਹੈ। ਰੀਤੀ ਕਾਵਿ ਵਿਚ ਕਵੀ ਨੇ ਆਤਮ ਅਭਿਵਿਅਕਤੀ ਦੁਆਰਾ ਮੁਕਤ ਕਾਵਿ-ਧਾਰਾ ਦਾ ਜੋ ਰੂਪ ਪੇਸ਼ ਕੀਤਾ ਹੈ, ਉਹ ਉਸ ਦੀ ਆਪਣੀ ਸੂਝ ਹੈ।

          ਹ. ਪੁ.––ਹਿੰ. ਸਾ. ਕੋ. 2 : 154


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.