ਚਾਣਕਯ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚਾਣਕਯ: ਚਾਣਕਯ ਦਾ ਪਰਿਵਾਰਕ ਨਾਂ ਵਿਸ਼ਨੁਗੁਪਤ ਸੀ। ਚਾਣਕਾ (ਬਿਹਾਰ ਵਿੱਚ ਪਟਨਾ ਦੇ ਨਜ਼ਦੀਕ) ਨਾਂ ਦੇ ਸਥਾਨ ਦਾ ਨਿਵਾਸੀ ਹੋਣ ਕਾਰਨ ਇਸ ਦਾ ਨਾਂ ਚਾਣਕਯ ਪੈ ਗਿਆ ਸੀ। ਕੁਝ ਵਿਦਵਾਨਾਂ ਦਾ ਮੱਤ ਇਹ ਵੀ ਹੈ ਕਿ ਇਸਦੇ ਪਿਤਾ ਦਾ ਨਾਂ ਚਣਕ ਸੀ, ਇਸ ਲਈ ਇਸ ਨੂੰ ਚਾਣਕਯ ਆਖਿਆ ਜਾਂਦਾ ਸੀ। ਕੌਟਿਲਯ, ਕੌਟਲਯ, ਕੌਟਿਲੇਯ, ਕੌਟਿਲ ਆਦਿ ਨਾਂ ਵੀ ਚਾਣਕਯ ਦੇ ਹੀ ਹਨ। ਕੁਝ ਵਿਦਵਾਨ ਇਸਦਾ ਜਨਮ ਸਥਾਨ ਗਾਂਧਾਰ ਦੇਸ਼ ਵਿੱਚ ਤਕਸ਼ਿਲਾ ਮੰਨਦੇ ਹਨ। ਉਸ ਵੇਲੇ ਤਕਸ਼ਿਲਾ ਭਾਰਤੀ ਸੱਭਿਆਚਾਰ ਅਤੇ ਸਿੱਖਿਆ ਦਾ ਕੇਂਦਰ ਸੀ, ਜਿੱਥੇ ਪੜ੍ਹਨ ਲਈ ਲੋਕ ਦੂਰ-ਦੂਰ ਤੋਂ ਆਇਆ ਕਰਦੇ ਸਨ। ਹੋ ਸਕਦਾ ਹੈ ਕਿ ਚਾਣਕਯ ਪੜ੍ਹਨ ਲਈ ਤਕਸ਼ਿਲਾ ਗਿਆ ਹੋਵੇ। ਉਸ ਵੇਲੇ ਪਾਟਲੀ ਪੁੱਤਰ (ਬਿਹਾਰ) ਵੀ ਸਿੱਖਿਆ ਅਤੇ ਰਾਜਨੀਤੀ ਦਾ ਕੇਂਦਰ ਸੀ। ਚਾਣਕਯ ਦੀ ਜਨਮ-ਭੂਮੀ ਤਕਸ਼ਿਲਾ ਦੇ ਨਜ਼ਦੀਕ ਮੰਨਣ ਵਾਲਿਆਂ ਦੇ ਮੱਤ ਅਨੁਸਾਰ ਪਾਟਲੀ ਪੁੱਤਰ ਚਾਣਕਯ ਦੀ ਕਰਮਭੂਮੀ ਸੀ।

     ਚਾਣਕਯ ਚੰਦਰ ਗੁਪਤ ਮੋਰੀਆ ਦਾ ਸਮਕਾਲੀ ਸੀ। ਬੋਧ ਗ੍ਰੰਥਾਂ ਦੇ ਆਧਾਰ ਤੇ ਇਹ ਮੰਨਿਆ ਜਾਂਦਾ ਹੈ ਕਿ ਚੰਦਰਗੁਪਤ ਮੋਰੀਆ ਦਾ ਪਿਤਾ ਮੋਰੀਆ ਵੰਸ਼ ਦਾ ਪ੍ਰਧਾਨ ਸੀ। ਉਹ ਇੱਕ ਯੁੱਧ ਵਿੱਚ ਮਾਰਿਆ ਗਿਆ ਅਤੇ ਉਸ ਦਾ ਪਰਿਵਾਰ ਮੁਸੀਬਤਾਂ ਵਿੱਚ ਘਿਰ ਗਿਆ। ਉਸ ਦੀ ਇਸਤਰੀ ਨੇ ਪਾਟਲੀਪੁੱਤਰ ਜਾ ਕੇ ਸ਼ਰਨ ਲਈ ਜਿੱਥੇ ਚੰਦਰਗੁਪਤ ਦਾ ਜਨਮ ਹੋਇਆ। ਚੰਦਰਗੁਪਤ ਮੋਰੀਆ ਦਾ ਪਾਲਣ-ਪੋਸ਼ਣ ਪਹਿਲਾਂ ਇੱਕ ਗੁਆਲੇ ਅਤੇ ਫਿਰ ਇੱਕ ਸ਼ਿਕਰੀ ਦੇ ਘਰ ਵਿੱਚ ਹੋਇਆ। ਬਚਪਨ ਤੋਂ ਹੀ ਚੰਦਰਗੁਪਤ ਵਿੱਚ ਰਾਜਾ ਬਣਨ ਦੇ ਗੁਣ ਦਿਖਾਈ ਦੇਣ ਲੱਗੇ। ਚਾਣਕਯ ਇਸ ਬਾਲਕ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਇਸ ਲਈ ਉਹ ਚੰਦਰਗੁਪਤ ਨੂੰ ਤਕਸ਼ਿਲਾ ਲੈ ਗਿਆ ਜਿੱਥੇ ਉਸ ਨੇ ਇਸ ਬਾਲਕ ਨੂੰ ਸਭ ਪ੍ਰਕਾਰ ਦੀਆਂ ਕਲਾਵਾਂ ਦਾ ਗਿਆਨ ਦਿੱਤਾ। ਮਗਧ ਦੇ ਰਾਜਾ ਮਹਾਨੰਦ ਪਦਮ ਨੇ ਚਾਣਕਯ ਦਾ ਤਿਰਸਕਾਰ ਕੀਤਾ ਸੀ। ਇਸ ਲਈ ਚਾਣਕਯ ਨੇ ਉਸ ਦਾ ਅੰਤ ਕਰ ਕੇ ਚੰਦਰਗੁਪਤ ਮੋਰੀਆ ਨੂੰ ਮਗਧ ਦੇ ਰਾਜ ਸਿੰਘਾਸਣ ਤੇ ਬਿਠਾਇਆ। ਚੰਦਰਗੁਪਤ ਮੋਰੀਆ ਨੇ ਉਸ ਨੂੰ ਯੋਗ ਬਣਾਉਣ ਵਾਲੇ ਅਤੇ ਰਾਜਗੱਦੀ ਤੱਕ ਪਹੁੰਚਾਉਣ ਵਾਲੇ ਚਾਣਕਯ ਨੂੰ ਆਪਣਾ ਮਹਾਂਮੰਤਰੀ ਬਣਾਇਆ ਸੀ। ਚੰਦਰਗੁਪਤ ਮੋਰੀਆ ਨੇ ਈਸਵੀ ਪੂਰਵ 324 ਤੋਂ 300 ਤੱਕ ਮਗਧ ਤੇ ਰਾਜ ਕੀਤਾ। ਇਹੀ ਕਾਲ ਚਾਣਕਯ ਦਾ ਮੰਨਿਆ ਜਾ ਸਕਦਾ ਹੈ। ਅਰਥ ਸ਼ਾਸਤਰ ਵਿੱਚ ਆਉਣ ਵਾਲੇ ਵਰਣਨਾਂ ਤੋਂ ਇਹ ਜਾਪਦਾ ਹੈ ਕਿ ਚਾਣਕਯ ਉੱਤਰ ਤੋਂ ਦੱਖਣ ਤੱਕ ਸਾਰੇ ਭਾਰਤਵਰਸ਼ ਨੂੰ ਜਾਣਦਾ ਸੀ। ਇਸ ਦਾ ਕਾਰਨ ਇਹ ਸੀ ਕਿ ਸਾਰੇ ਭਾਰਤਵਰਸ਼ ਵਿੱਚ ਜਿੱਥੇ-ਜਿੱਥੇ ਚੰਦਰਗੁਪਤ ਮੋਰੀਆ ਗਿਆ, ਉਸ ਦਾ ਮਾਰਗ-ਦਰਸ਼ਕ ਹੋਣ ਕਾਰਨ ਚਾਣਕਯ ਵੀ ਉਸ ਦੇ ਨਾਲ ਹੀ ਰਿਹਾ। ਜਦੋਂ ਚੰਦਰਗੁਪਤ ਮੋਰੀਆ ਰਾਜ ਛੱਡ ਕੇ ਦੱਖਣ ਭਾਰਤ ਵਿੱਚ ਗਿਆ, ਤਾਂ ਚਾਣਕਯ ਵੀ ਉਸ ਦੇ ਨਾਲ ਹੀ ਗਿਆ। ਇਹ ਗੱਲ ਮੰਨਣਾ ਇਸ ਲਈ ਵੀ ਸਹੀ ਹੈ ਕਿ ਅਰਥ-ਸ਼ਾਸਤਰ ਦੀਆਂ ਹੱਥ-ਲਿਖਤਾਂ ਦੱਖਣ ਭਾਰਤ ਤੋਂ ਹੀ ਮਿਲੀਆਂ ਹਨ।

     ਚਾਣਕਯ ਦੁਆਰਾ ਰਚਿਤ ਅਰਥ-ਸ਼ਾਸਤਰ, ‘ਕੌਟਿਲਯ ਅਰਥ-ਸ਼ਾਸਤਰ`, ‘ਕੌਟਲਯ ਅਰਥ- ਸ਼ਾਸਤਰ`, ‘ਕੌਟਿਲੇਯ ਅਰਥ-ਸ਼ਾਸਤਰ`, ‘ਕੌਟਿਲ ਅਰਥ-ਸ਼ਾਸਤਰ` ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਇਸ ਗ੍ਰੰਥ ਦੇ ਕਰਤਾ ਦੀ ਪਹਿਚਾਣ ਚਾਣਕਯ ਨਾਂ ਦੀ ਤੁਲਨਾ ਵਿੱਚ ਕੌਟਲਯ ਨਾਂ ਤੋਂ ਜ਼ਿਆਦਾ ਹੈ। ਅਰਥ- ਸ਼ਾਸਤਰ ਦੀ ਰਚਨਾ ਕੌਟਿਲਯ ਨੇ ਸੂਤਰ ਰੂਪ ਵਿੱਚ ਕੀਤੀ ਹੈ। ਇਸ ਗ੍ਰੰਥ ਦੇ ਪੰਦਰਾਂ ਅਧਿਕਰਨ ਹਨ। ਹਰ ਇੱਕ ਅਧਿਕਰਨ ਦਾ ਅਲੱਗ-ਅਲੱਗ ਨਾਂ ਰੱਖਿਆ ਗਿਆ ਹੈ ਅਤੇ ਇਹਨਾਂ ਵਿੱਚ ਕਈ-ਕਈ ਅਧਿਆਇ ਹਨ।ਵਿਨਯਾਧਿਕਾਰਿਕ ਵਿੱਚ ਇੱਕੀ, ਅਧਿਯਕਸ਼ਪ੍ਰਚਾਰ ਵਿੱਚ ਛੱਤੀ, ਧਰਮਸਥੀਯ ਵਿੱਚ ਵੀਹ, ਕੰਟਕਸ਼ੋਧਨ ਵਿੱਚ ਤੇਰਾਂ, ਯੋਗਵਰਿੱਤ ਵਿੱਚ ਛੇ, ਮੰਡਲਯੋਨੀ ਵਿੱਚ ਦੋ, ਸ਼ਾੜਗੁਣਿਯ ਵਿੱਚ ਅਠਾਰਾਂ, ਵਿਯਸਨਾਧਿਕਾਰਿਕ ਵਿੱਚ ਪੰਜ, ਅਭਿਯਾਸਿਅਤਕਰਮ ਵਿੱਚ ਸੱਤ, ਸਾਂਗ੍ਰਾਮਿਕ ਵਿੱਚ ਛੇ, ਸੰਘਵਰਿੱਤ ਵਿੱਚ ਇੱਕ, ਅਬਲੀਯਸ ਵਿੱਚ ਪੰਜ, ਦੁਰਗਲੰਭੋਪਾਯ ਵਿੱਚ ਪੰਜ, ਔਪਨਿਸ਼ਦਿਕ ਵਿੱਚ ਚਾਰ ਅਤੇ ਤੰਤਰਯੁਕਤੀ ਵਿੱਚ ਇੱਕ ਅਧਿਆਇ ਹੈ। ਇਸ ਤਰ੍ਹਾਂ ਪੰਦਰਾਂ ਅਧਿਕਰਨਾਂ ਦੇ ਅਧਿਆਇਆਂ ਦੀ ਸੰਖਿਆ ਕੁੱਲ ਮਿਲਾ ਕੇ ਇੱਕ ਸੌ ਪੰਜਾਹ ਹੈ। ਅਧਿਆਇਆਂ ਦੇ ਅੰਤ ਵਿੱਚ ਸਲੋਕ ਹਨ। ਇਹਨਾਂ ਸਲੋਕਾਂ ਦੀ ਸੰਖਿਆ ਤਿੰਨ ਸੌ ਅੱਸੀ ਹੈ। ਕੁਝ ਵਿਦਵਾਨ ਅਨੇਕ ਸਲੋਕਾਂ ਨੂੰ ਬਾਅਦ ਵਿੱਚ ਜੋੜਿਆ ਹੋਇਆ ਮੰਨਦੇ ਹਨ। ਚਾਣਕਯ ਨੇ ਪੰਦਰਾਂ ਅਧਿਕਰਨਾਂ ਦੇ ਇੱਕ ਸੌ ਪੰਜਾਹ ਅਧਿਆਇਆਂ ਵਿੱਚ ਇੱਕ ਸੌ ਅੱਸੀ ਪ੍ਰਕਰਨਾਂ ਉੱਤੇ ਵਿਚਾਰ ਕੀਤਾ ਹੈ। ਇੱਥੇ ਪ੍ਰਕਰਨ ਦਾ ਅਰਥ ਵਿਸ਼ਾ-ਵਿਸ਼ੇਸ਼ ਹੈ। ਗ੍ਰੰਥ ਦਾ ਉਹ ਭਾਗ ਜਿਸ ਵਿੱਚ ਕਿਸੇ ਇੱਕ ਵਿਸ਼ੇ ਦਾ ਵਰਣਨ ਹੋਵੇ, ਉਹ ਪ੍ਰਕਰਨ ਕਹਾਉਂਦਾ ਹੈ। ਕੌਟਿਲਯ ਨੇ ਅਧਿਆਇਆਂ ਦੇ ਅੰਤ ਵਿੱਚ ਇਤੀਪਾਠ ਦਿੱਤਾ ਹੈ। ਇਸ ਤੋਂ ਅਧਿਆਇਆਂ ਦੇ ਅਰੰਭ ਅਤੇ ਅੰਤ ਦਾ ਨਿਸ਼ਚਿਤ ਪਤਾ ਚੱਲ ਜਾਂਦਾ ਹੈ। ਪਰੰਤੂ ਪ੍ਰਕਰਨਾਂ ਦੇ ਆਦਿ ਅਤੇ ਅੰਤ ਬਾਰੇ ਨਿਸ਼ਚਾ ਕਰਨਾ ਕਠਨ ਹੈ। ਇਸ ਲਈ ਅਲੱਗ-ਅਲੱਗ ਗ੍ਰੰਥਾਂ ਵਿੱਚ ਪ੍ਰਕਰਨਾਂ ਦੇ ਆਧਾਰ ਉੱਤੇ ਸਮਰੂਪਤਾ ਨਹੀਂ ਹੈ। ਗ੍ਰੰਥ ਦੀ ਰਚਨਾ ਮੁੱਖ ਰੂਪ ਤੋਂ ਸੂਤਰ ਰੂਪ ਵਿੱਚ ਹੋਈ ਹੈ। ਸੂਤਰਾਂ ਉੱਤੇ ਭਾਸ਼ਯ (ਟੀਕਾ) ਵੀ ਸੂਤਰਕਾਰ ਨੇ ਖ਼ੁਦ ਕੀਤਾ ਹੈ। ਗ੍ਰੰਥ ਦੇ ਅੰਤ ਵਿੱਚ ਲਿਖਿਆ ਹੈ ਕਿ ਸ਼ਾਸਤਰਾਂ ਵਿੱਚ ਭਾਸ਼ਯਕਾਰਾਂ ਦੀ ਅਨਿਸ਼ਚਿਤਤਾ ਵੇਖ ਕੇ ਵਿਸ਼ਨੁਗੁਪਤ ਨੇ ਸੂਤਰ ਅਤੇ ਭਾਸ਼ਯ ਖ਼ੁਦ ਲਿਖਿਆ ਹੈ। ਵਿਸ਼ਨੁਗੁਪਤ, ਕੌਟਿਲਯ ਚਾਣਕਯ ਦੇ ਹੀ ਨਾਂ ਹਨ।

     ਕੌਟਿਲਯ ਦੇ ਸਮੇਂ ਭਾਰਤ ਵਿੱਚ ਅਰਾਜਕਤਾ ਦੀ ਸਥਿਤੀ ਸੀ। ਚੰਦਰਗੁਪਤ ਮੋਰੀਆ ਨੂੰ ਅਨੇਕ ਸੰਘਰਸ਼ਾਂ ਦਾ ਮੁਕਾਬਲਾ ਕਰਨਾ ਪਿਆ। ਚਾਣਕਯ ਨੇ ਮਹਿਸੂਸ ਕੀਤਾ ਕਿ ਭਾਰਤਵਰਸ਼ ਨੂੰ ਇੱਕ ਸਮਰਿੱਧ ਰਾਸ਼ਟਰ ਬਣਾਉਣ ਲਈ ਇਸ ਦਾ ਸੰਗਠਿਤ ਅਤੇ ਸ਼ਕਤੀਸ਼ਾਲੀ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਕਠੋਰ ਅਨੁਸ਼ਾਸਨ ਦੀ ਵਿਵਸਥਾ ਹੋਣੀ ਚਾਹੀਦੀ ਹੈ। ਰਾਜ ਵਿੱਚ ਕਿਸ ਤਰ੍ਹਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ, ਇਹ ਦੱਸਣ ਲਈ ਚਾਣਕਯ ਨੇ ਅਰਥ ਸ਼ਾਸਤਰ ਦੀ ਰਚਨਾ ਕੀਤੀ। ਚਾਣਕਯ ਨੇ ਰਾਜਾ, ਰਾਜਾ ਦੇ ਕਾਰ-ਵਿਹਾਰ, ਮੰਤਰੀਆਂ ਦੀ ਨਿਯੁਕਤੀ, ਗੁਪਤਚਰਾਂ ਦੁਆਰਾ ਮੰਤਰੀਆਂ ਦੀ ਨਿਗਰਾਨੀ, ਗੁਪਤਚਰ ਵਿਵਸਥਾ ਆਦਿ ਦੇ ਬਾਰੇ ਬਹੁਤ ਹੀ ਮਹੱਤਵਪੂਰਨ ਨਿਰਦੇਸ਼ ਦਿੱਤੇ ਹਨ।

     ਗੁਪਤ ਢੰਗਾਂ ਨਾਲ ਮੰਤਰੀਆਂ ਦੇ ਦਿਲਾਂ ਦੀ ਸਰਲ ਅਤੇ ਕੁਟਿਲ ਭਾਵਨਾਵਾਂ ਦੀ ਪਰੀਖਿਆ ਦੇ ਤਰੀਕੇ ਵਿਸਤਾਰ ਨਾਲ ਦੱਸੇ ਹਨ (1/10/1-30)। ਚਾਣਕਯ ਨੇ ਕਿਹਾ ਹੈ ਕਿ ਰਾਜਾ ਨੂੰ ਆਪਣੇ ਦੇਸ਼ ਵਿੱਚ ਰਹਿਣ ਵਾਲੇ ਐਸੇ ਲੋਕਾਂ ਬਾਰੇ ਗੁਪਤਚਰਾਂ ਦੇ ਜ਼ਰ੍ਹੀਏ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ ਜਿਹੜੇ ਦੁਸ਼ਮਣ ਨਾਲ ਮਿਲ ਸਕਦੇ ਹਨ। ਰਾਜਾ ਨੂੰ ਆਪਣੇ, ਦੁਸ਼ਮਣ ਅਤੇ ਮਿੱਤਰ ਰਾਜਿਆਂ ਦੇ ਮੰਤਰੀ, ਪਰੋਹਤ, ਸੈਨਾਪਤੀ ਆਦਿ ਸਭ ਤਰ੍ਹਾਂ ਦੇ ਕਰਮਚਾਰੀਆਂ ਬਾਰੇ ਗੁਪਤਚਰਾਂ ਰਾਹੀਂ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ। ਗੁਪਤਚਰਾਂ ਨੂੰ ਇਹ ਜਾਣਕਾਰੀ ਕਿਸ ਤਰੀਕੇ ਨਾਲ ਪ੍ਰਾਪਤ ਕਰਨੀ ਚਾਹੀਦੀ ਹੈ, ਇਸ ਬਾਰੇ ਚਾਣਕਯ ਨੇ ਤਰੀਕੇ ਵਿਸਤਾਰ ਨਾਲ ਦੱਸੇ ਹਨ (1/12/8-27)। ਚਾਣਕਯ ਦੇ ਅਨੁਸਾਰ ਰਾਜਾ ਨੰੂੰ ਉਸ ਦੇ ਪੁੱਤਰਾਂ ਤੋਂ ਵੀ ਬਚਾ ਕੇ ਰੱਖਣਾ ਚਾਹੀਦਾ ਹੈ। ਰਾਜਾ ਦੇ ਪੁੱਤਰਾਂ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਕਰਨ ਬਾਰੇ ਅਤੇ ਉਹਨਾਂ ਕੋਲੋਂ ਰਾਜਾ ਦੀ ਰੱਖਿਆ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਹੈ। (1/17/1-55)।

     ਰਾਜ ਅਤੇ ਸਮਾਜ ਦੀ ਵਿਵਸਥਾ ਬਾਰੇ ਚਾਣਕਯ ਨੇ ਕਿਹਾ ਹੈ ਕਿ ਰਾਜ ਦੀ ਆਰਥਿਕ ਵਿਵਸਥਾ ਐਸੀ ਹੋਣੀ ਚਾਹੀਦੀ ਹੈ ਜਿਸ ਵਿੱਚ ਪਰਜਾ ਖ਼ੁਸ਼ਹਾਲ ਹੋਵੇ। ਰਾਸ਼ਟਰ ਤਦ ਹੀ ਸਮਰਿੱਧ ਬਣ ਸਕਦਾ ਹੈ ਜਦ ਦੇਸ਼ ਦਾ ਵਪਾਰ ਸਮਰਿੱਧ ਹੋਵੇ। ਜਨਤਾ ਨੂੰ ਨਿਆਂ ਮਿਲਣਾ ਚਾਹੀਦਾ ਹੈ। ਚਾਣਕਯ ਦੇ ਅਨੁਸਾਰ ਰਾਜਾ ਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਰਾਜ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ। ਇਸ ਲਈ ਚਾਣਕਯ ਨੇ ਕਿਹਾ ਹੈ ਕਿ ਜੇਕਰ ਰਾਜਾ ਨੂੰ ਕਿਸੇ ਵਿਭਾਗ ਦੇ ਮੁਖੀ (ਮੰਤਰੀ) ਬਾਰੇ ਧਨ ਦੀ ਹੇਰਾ-ਫੇਰੀ ਦਾ ਸ਼ੱਕ ਹੋ ਜਾਵੇ ਤਾਂ ਰਾਜਾ ਨੂੰ ਚਾਹੀਦਾ ਹੈ ਕਿ ਉਹ ਉਸ ਮੁਖੀ ਦੇ ਉੱਤੇ ਨਿਗਰਾਨੀ ਕਰਨ ਲਈ ਰੱਖੇ ਹੋਏ ਵੱਡੇ ਅਧਿਕਾਰੀ ਨੂੰ, ਖ਼ਜ਼ਾਨਚੀ ਨੂੰ, ਹਿਸਾਬ-ਕਿਤਾਬ ਲਿਖਣ ਵਾਲੇ ਨੂੰ, ਲੈਣ ਵਾਲੇ ਨੂੰ, ਟੈਕਸ ਵਸੂਲ ਕਰਨ ਵਾਲੇ ਕਰਮਚਾਰੀ ਨੂੰ, ਅਪਰਾਧੀ ਮੁਖੀ ਦੇ ਸਲਾਹਕਾਰ ਨੂੰ ਅਤੇ ਉਸ ਦੇ ਨੌਕਰਾਂ ਨੂੰ ਅਲੱਗ-ਅਲੱਗ ਬੁਲਾ ਕੇ ਛਾਣਬੀਣ ਕਰੇ ਕਿ ਧਨ ਵਿੱਚ ਹੇਰਾ-ਫੇਰੀ ਹੋਈ ਹੈ ਜਾਂ ਨਹੀਂ। ਜੇਕਰ ਇਹਨਾਂ ਵਿੱਚੋਂ ਕੋਈ ਝੂਠ ਬੋਲੇ ਤਾਂ ਉਸ ਨੂੰ ਵੀ ਅਪਰਾਧੀ ਦੇ ਬਰਾਬਰ ਦੰਡ ਦਿੱਤਾ ਜਾਵੇ। ਚਾਣਕਯ ਦਾ ਕਹਿਣਾ ਹੈ ਕਿ ਜੇਕਰ ਧਨ ਦੀ ਹੇਰਾ-ਫੇਰੀ ਬਹੁਤ ਜ਼ਿਆਦਾ ਹੋ ਜਾਵੇ ਅਤੇ ਥੋੜ੍ਹੀ ਜਿਹੀ ਹੇਰਾ-ਫੇਰੀ ਦਾ ਗਵਾਹ ਮਿਲ ਜਾਵੇ ਤਾਂ ਪੂਰੇ ਧਨ ਦੇ ਅਪਹਰਨ ਦਾ ਅਪਰਾਧ ਸਾਬਤ ਹੋਇਆ ਮੰਨਿਆ ਜਾਣਾ ਚਾਹੀਦਾ ਹੈ। ਚਾਣਕਯ ਨੇ ਅਪਰਾਧ ਦੀ ਸੂਚਨਾ ਦੇਣ ਵਾਲਿਆਂ ਦਾ ਹੌਸਲਾ ਵਧਾਉਣ ਲਈ ਨਿਰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਰਾਜਾ ਦਾ ਹਿਤ ਕਰਨ ਲਈ ਧਨ ਦੀ ਹੇਰਾ-ਫੇਰੀ ਕਰਨ ਵਾਲੇ ਮੁਖੀ ਦੀ ਸੂਚਨਾ ਰਾਜਾ ਨੂੰ ਦੇਵੇ ਤਾਂ ਉਸ ਵਿਅਕਤੀ ਨੂੰ ਅਪਹਰਨ ਕੀਤੇ ਹੋਏ ਧਨ ਦਾ ਪਤਾ ਲੱਗ ਜਾਣ ਤੋਂ ਬਾਅਦ ਉਸ ਧਨ ਦਾ ਛੇਵਾਂ ਹਿੱਸਾ ਦੇ ਦੇਣਾ ਚਾਹੀਦਾ ਹੈ (2/8/63-71)।

     ਦੂਸਰੇ ਦੇਸ਼ਾਂ ਨਾਲ ਸਾਡੇ ਸੰਬੰਧ ਚੰਗੇ ਹੋਣੇ ਚਾਹੀਦੇ ਹਨ। ਚਾਣਕਯ ਨੇ ਦੂਸਰੇ ਰਾਜਾਂ ਨਾਲ ਸੰਧੀ ਅਤੇ ਯੁੱਧ ਬਾਰੇ ਸਪਸ਼ਟ ਨੀਤੀਆਂ ਦਾ ਨਿਰਦੇਸ਼ ਕੀਤਾ ਹੈ। ਚਾਣਕਯ ਨੇ ਸੈਨਾ ਦੇ ਗਠਨ ਅਤੇ ਪ੍ਰਯੋਗ ਬਾਰੇ ਵੀ ਅਰਥ-ਸ਼ਾਸਤਰ ਵਿੱਚ ਵਿਸਤਾਰ ਨਾਲ ਦੱਸਿਆ ਹੈ।

     ਚਾਣਕਯ ਨੇ ਅਰਥਸ਼ਾਸਤਰ ਵਿੱਚ ਸਮਾਜ ਦੀ ਵਿਵਸਥਾ ਬਾਰੇ ਵੀ ਦੱਸਿਆ ਹੈ। ਸੰਸਾਰ ਦੇ ਸਾਰੇ ਕਾਰ-ਵਿਹਾਰ ਵਿਆਹ ਨਾਲ ਹੀ ਸ਼ੁਰੂ ਹੁੰਦੇ ਹਨ। ਚਾਣਕਯ ਨੇ ਬ੍ਰਹਮ, ਪ੍ਰਾਜਾਪਤਿਯ, ਆਰਸ਼, ਦੈਵ, ਗਾਂਧਰਵ, ਆਸੁਰ, ਰਾਕਸ਼ਸ ਅਤੇ ਪੈਸ਼ਾਚ ਅੱਠ ਤਰ੍ਹਾਂ ਦੇ ਵਿਆਹ ਦੱਸੇ ਹਨ। ਇਹਨਾਂ ਵਿੱਚੋਂ ਪਹਿਲੇ ਚਾਰ ਵਿਆਹਾਂ ਨੂੰ ਚੰਗਾ ਆਖਿਆ ਗਿਆ ਹੈ।

     ਚਾਣਕਯ ਨੇ ਇਸਤਰੀ ਦੇ ਪਾਸ ਜੋ ਵੀ ਧਨ ਹੈ, ਉਸ ਨੂੰ ਇਸਤਰੀ-ਧਨ ਆਖਿਆ ਹੈ। ਅਰਥ-ਸ਼ਾਸਤਰ ਵਿੱਚ ਵਿਵਸਥਾ ਦਿੱਤੀ ਗਈ ਹੈ ਕਿ ਪਹਿਲੇ ਚਾਰ ਤਰ੍ਹਾਂ ਦੇ ਵਿਆਹ ਕਰਨ ਵਾਲੇ ਦੰਪਤੀ ਇਸ ਇਸਤਰੀ-ਧਨ ਨੂੰ ਵੇਲੇ-ਕੁਵੇਲੇ ਲੋੜ ਪੈਣ ਤੇ ਘਰ-ਪਰਿਵਾਰ ਵਿੱਚ ਵਰਤ ਸਕਦੇ ਹਨ। ਪਰੰਤੂ ਗਾਂਧਰਵ ਅਤੇ ਆਸੁਰ ਵਿਆਹ ਕਰਨ ਵਾਲੇ ਜੇਕਰ ਇਸ ਇਸਤਰੀ-ਧਨ ਨੂੰ ਖ਼ਰਚ ਕਰਨ ਤਾਂ ਉਹਨਾਂ ਕੋਲੋਂ ਵਿਆਜ ਸਮੇਤ ਮੂਲਧਨ ਜਮ੍ਹਾ ਕਰਵਾਇਆ ਜਾਵੇ। ਰਾਕਸ਼ਸ ਅਤੇ ਪੈਸ਼ਾਚ ਵਿਆਹ ਕਰਨ ਵਾਲੇ ਜੇਕਰ ਇਸ ਇਸਤਰੀ-ਧਨ ਨੂੰ ਖ਼ਰਚ ਕਰਨ ਤਾਂ ਉਹਨਾਂ ਤੋਂ ਇਹ ਧਨ ਤਾਂ ਜਮ੍ਹਾ ਕਰਵਾਇਆ ਜਾਵੇ ਨਾਲ ਹੀ ਉਹਨਾਂ ਨੂੰ ਚੋਰੀ ਕਰਨ ਵਾਲੇ ਨੂੰ ਦਿੱਤਾ ਜਾਣ ਵਾਲਾ ਦੰਡ ਦਿੱਤਾ ਜਾਵੇ। ਪਤੀ ਦੀ ਮੌਤ ਹੋਣ ਤੇ ਇਸਤਰੀ-ਧਨ ਦੇ ਵਿਆਜ ਨਾਲ ਇਸਤਰੀ ਆਪਣਾ ਗੁਜ਼ਾਰਾ ਕਰ ਸਕਦੀ ਹੈ। ਜੇਕਰ ਉਹ ਦੂਜਾ ਵਿਆਹ ਕਰੇ ਤਾਂ ਇਸਤਰੀ-ਧਨ ਤੇ ਉਸ ਦਾ ਕੋਈ ਹੱਕ ਨਹੀਂ ਰਹਿੰਦਾ (3/2/1-28)।

     ਚਾਣਕਯ ਨੇ ਸਮਾਜ ਦੀ ਵਿਵਸਥਾ ਨੂੰ ਮਜ਼ਬੂਤ ਰੱਖਣ ਲਈ ਘਰ ਵਿੱਚ ਆਚਾਰ-ਵਿਚਾਰ ਦੇ ਅਨੁਸ਼ਾਸਨ ਦੇ ਬੜੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਸ ਨੇ ਇਸਤਰੀਆਂ ਨੂੰ ਕਠੋਰ ਅਨੁਸ਼ਾਸਨ ਵਿੱਚ ਰਹਿਣ ਦਾ ਹੁਕਮ ਦਿੱਤਾ ਹੈ। ਅਨਾਚਾਰ ਕਰਨ ਵਾਲੀਆਂ ਇਸਤਰੀਆਂ ਅਤੇ ਪੁਰਖ ਦੋਨੋਂ ਸਖ਼ਤ ਦੰਡ ਦੇ ਭਾਗੀ ਹਨ (3/3/9-44, 3/4/1-25)। ਚਾਣਕਯ ਨੇ ਪਤੀ ਦੇ ਵਿਦੇਸ਼ ਚਲੇ ਜਾਣ ਤੇ, ਪਤੀ ਦੁਆਰਾ ਛੱਡ ਦਿੱਤੇ ਜਾਣ ਤੇ, ਪਤੀ ਦੇ ਸੰਨਿਆਸ ਲੈਣ ਤੇ ਅਤੇ ਪਤੀ ਦੀ ਮੌਤ ਹੋ ਜਾਣ ਤੇ ਨਾਰੀ ਨੂੰ ਆਪਣੇ ਪਤੀ ਦੇ ਪਰਿਵਾਰ ਦੇ ਜਾਂ ਨਜ਼ਦੀਕੀ ਦੇਵਰ ਆਦਿ ਨਾਲ ਵਿਆਹ ਕਰਨ ਦੀ ਇਜ਼ਾਜਤ ਦਿੱਤੀ ਹੈ (3/4/26-49)।

     ਚਾਣਕਯ ਕਰਮ ਉੱਤੇ ਜ਼ੋਰ ਦਿੰਦਾ ਹੈ। ਉਸ ਸਮੇਂ ਬੁੱਧ ਧਰਮ ਦਾ ਪ੍ਰਚਾਰ ਜ਼ਿਆਦਾ ਸੀ। ਬੁੱਧ ਧਰਮ ਸੰਸਾਰ ਨੂੰ ਛੱਡ ਕੇ ਨਿਵਿਰਤੀ ਦੇ ਰਸਤੇ ਤੇ ਲਿਆਉਂਦਾ ਹੈ। ਚਾਣਕਯ ਦੀ ਨਜ਼ਰ ਵਿੱਚ ਨਿਵਿਰਤੀ ਦਾ ਮਾਰਗ ਮਨੁੱਖ ਨੂੰ ਨਿਕੰਮਾ ਬਣਾ ਦਿੰਦਾ ਹੈ ਅਤੇ ਉਸ ਦੇ ਵਿੱਚ ਨਿਰਾਸ਼ਾ ਦਾ ਭਾਵ ਪੈਦਾ ਕਰ ਦਿੰਦਾ ਹੈ। ਚਾਣਕਯ ਅਰਥ ਨੂੰ ਰਾਜ ਵਿਵਸਥਾ ਦਾ ਮੂਲ ਆਧਾਰ ਮੰਨਦਾ ਹੈ। ਅਰਥ- ਸ਼ਾਸਤਰ ਵਿੱਚ ਮੋਕਸ਼ ਬਾਰੇ ਜ਼ਿਆਦਾ ਕੁਝ ਨਹੀਂ ਕਿਹਾ ਗਿਆ ਕਿਉਂਕਿ ਚਾਣਕਯ ਦਾ ਅਰਥ-ਸ਼ਾਸਤਰ ਇਸ ਧਰਤੀ ਦੇ ਲੋਕਾਂ ਦੇ ਜੀਵਨ ਨੂੰ ਵਿਵਸਥਿਤ ਕਰਨ ਲਈ ਸਿੱਖਿਆ ਦਿੰਦਾ ਹੈ। ਅਰਥ-ਸ਼ਾਸਤਰ ਵਰਣ ਵਿਵਸਥਾ ਤਾਂ ਮੰਨਦਾ ਹੈ ਪਰੰਤੂ ਮਨੁੱਖ-ਮਨੁੱਖ ਵਿੱਚ ਭੇਦ ਨਹੀਂ ਮੰਨਦਾ। ਚਾਣਕਯ ਦੇ ਵਿਚਾਰ ਆਧੁਨਿਕ ਧਰਮ ਨਿਰਪੇਖ ਵਿਚਾਰਧਾਰਾ ਨਾਲ ਮਿਲਦੇ ਹਨ। ਚਾਣਕਯ ਦਾ ਅਰਥ - ਸ਼ਾਸਤਰ ਰਾਜ ਅਤੇ ਸਮਾਜ ਨੂੰ ਵਿਵਸਥਿਤ ਕਰਨ ਲਈ ਬਹੁਤ ਹੀ ਮਹੱਤਵਪੂਰਨ ਅਤੇ ਕਠੋਰ ਨਿਰਦੇਸ਼ ਦੇਣ ਵਾਲਾ ਮੋਢੀ ਗ੍ਰੰਥ ਹੈ।


ਲੇਖਕ : ਮਹੇਸ਼ ਗੌਤਮ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.