ਚਾਹ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Tea (ਟੀ) ਚਾਹ: ਇਹ ਦੱਖਣ-ਪੂਰਬੀ ਏਸ਼ੀਆ ਦੇ ਤੱਪਤ ਮੌਨਸੂਨੀ ਜਲਵਾਯੂ ਵਾਲੇ ਪਹਾੜੀ ਖੇਤਰਾਂ ਦਾ ਅਸਲੀਅਤ ਵਿੱਚ ਸਦਾਬਹਾਰ ਝਾੜੀ-ਨੁਮਾ (Camellia cenesis) ਪੌਦਾ ਹੈ। ਇਸ ਦੇ ਪੱਤਿਆਂ ਨੂੰ ਹੱਥਾਂ ਨਾਲ ਤੋੜਿਆ ਜਾਂਦਾ ਹੈ। ਇਸ ਕੰਮ ਲਈ ਜ਼ਨਾਨਾ ਮਜ਼ਦੂਰਾਂ ਨੂੰ ਪਸੰਦ ਕੀਤਾ ਜਾਂਦਾ ਹੈ। ਬਾਅਦ ਵਿੱਚ ਕਾਰਖ਼ਾਨੇ ਅੰਦਰ ਪੀਣ-ਯੋਗ (beverage) ਚਾਹ ਤਿਆਰ ਕੀਤੀ ਜਾਂਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਚਾਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਹ 1 [ਨਾਂਇ] ਇੱਕ ਸਦਾਬਹਾਰ ਝਾੜੀ ਦੀਆਂ ਸੁੱਕੀਆਂ ਪੱਤੀਆਂ, ਇਹਨਾਂ ਪੱਤੀਆਂ ਨੂੰ ਉਬਲ਼ਦੇ ਪਾਣੀ ਵਿੱਚ ਪਾ ਕੇ ਤਿਆਰ ਕੀਤਾ ਗਿਆ ਪੀਣਯੋਗ ਪਦਾਰਥ 2 [ਨਾਂਇ] ਤਾਂਘ, ਚਾਹਤ, ਇੱਛਾ;

ਸਨੇਹ, ਪ੍ਰੇਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਾਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਹ. ਸੰਗ੍ਯਾ—ਇੱਛਾ. ਅਭਿਲਾਖਾ. “ਚਾਹਹਿ ਤੁਝਹਿ ਦਇਆਰ!” (ਆਸਾ ਛੰਤ ਮ: ੫) ੨ ਚਿਤਵਨ. ਦ੍ਰਿ੡੄਍. ਨ੓ਰ. “ਚਾਹ ਰਹੈ ਚਿੱਤ ਮੇ ਕ੍ਰਿਪਾ ਕੀ ਏਕ ਚਾਹ ਕੀ.” (੫੨ ਕਵਿ) ੩ ਫ਼ਾ ਖੂਹ. ਕੂਪ। ੪ ਦੇਖੋ, ਚਾਯ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਾਹ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਾਹ (ਸੰ.। ਪੰਜਾਬੀ ਸੰਸਕ੍ਰਿਤ ਇਚੑਛਾ) ੧. ਇਛਾ , ਲੋੜ। ੨. ਪ੍ਯਾਰ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚਾਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਾਹ : ਇਹ ਕੈਫ਼ੀਨਯੁਕਤ ਪੀਣਯੋਗ ਪਦਾਰਥਾਂ ਵਿਚ ਸਭ ਤੋਂ ਪ੍ਰਸਿੱਧ ਹੈ ਅਤੇ ਦੁਨੀਆ ਦੀ ਅੱਧੀ ਵਸੋਂ ਇਸ ਨੂੰ ਪੀਂਦੀ ਹੈ। ਇਹ ਇਕ ਪੌਦੇ ਦੇ ਸੁੱਕੇ ਪੱਤਿਆਂ ਤੋਂ ਤਿਆਰ ਕੀਤੀ ਜਾਂਦੀ ਹੈ ਜਿਸ ਦਾ ਬਨਸਪਤੀ-ਵਿਗਿਆਨਕ ਨਾਂ ਕਾਮੇਲੀਆ ਸਾਈਨੈਂਸਿਸ ਹੈ। ਇਹ ਪੌਦਾ ਭਾਰਤ (ਆਸਾਮ) ਅਤੇ ਚੀਨ ਦਾ ਮੂਲ-ਸਥਾਨੀ ਹੈ। ਬਰਤਾਨੀਆ ਅੱਜ ਚਾਹ ਦਾ ਪ੍ਰਮੁੱਖ ਖਪਤਕਾਰ ਹੈ ਅਤੇ ਲੰਡਨ ਦੁਨੀਆ ਦੀ ਚਾਹ ਦੀ ਸਭ ਤੋਂ ਵੱਡੀ ਮੰਡੀ ਹੈ।

          ਸਾਹਿਤ ਅਤੇ ਕਲਾ ਵਿਚ ਚਾਹ––ਚਾਹ ਅਤੇ ਚਾਹ ਪੀਣ ਆਦਿ ਰਸਮਾਂ ਸਾਹਿਤ ਅਤੇ ਕੋਮਲ ਕਲਾਵਾਂ ਵਿਚ ਲਗਭਗ 18 ਸਦੀਆਂ ਤੋਂ ਅਨੇਕਾਂ ਢੰਗਾਂ ਨਾਲ ਸਨਮਾਨੀਆਂ ਜਾਂਦੀਆਂ ਰਹੀਆਂ ਹਨ। ਚਾਹ ਨੂੰ ਇਕ ਮਹਾਨ ਦੇਣ ਜੋ ਜਾਪਾਨੀਆਂ ਦੁਆਰਾ ਦਿਤੀ ਗਈ ਉਹ ਸੀ ਇਕ ਰਸਮ ਚਾ-ਨੋ-ਯੂ (Cha-na-yu) ‘ਜਿਸ ਦਾ ਸ਼ਾਬਦਿਕ ਰੂਪ ਵਿਚ ਅਰਥ ਗਰਮ ਪਾਣੀ ਵਾਲੀ ਚਾਹ ਹੈ। ਚਾਹਦਾਨੀ ਦਾ ਮੂਲ ਅਸਲ ਵਿਚ ਚੀਨੀ ਸ਼ਰਾਬ ਦਾ ਜੱਗ ਹੈ। ਡਾ. ਨਿਕੋਲਾਸ ਬਰੈਡੀ, ਜੋ ਵਿਲੀਅਮ ਅਤੇ ਮੇਰੀ ਦੀ ਅਦਾਲਤ ਵਿਚ ਚੈਪਲੇਨ ਸੀ, ਨੇ ਆਪਣੀ ਨਜ਼ਮ ‘ਦੀ ਟੀ ਟੇਬਲ’ ਵਿਚ ਚਾਹ ਨੂੰ ‘ਆਨੰਦ ਅਤੇ ਸਿਹਤ ਦਾ ਇਕ ਉੱਤਮ ਜਲਪਾਨ’ ਦੱਸਿਆ ਹੈ।

          ਕਿਸਮਾਂ––ਚਾਹ ਨੂੰ ਆਮ ਕਰਕੇ ਤਿੰਨ ਸ਼੍ਰੇਣੀਆਂ ਅਰਥਾਤ (1) ਖ਼ਮੀਰੀਂ ਹੋਈ ਜਾਂ ਕਾਲੀ (2) ਅਣਖ਼ਮੀਰੀ ਹੋਈ ਜਾਂ ਹਰੀ, ਅਤੇ (3) ਨੀਮ ਖ਼ਮੀਰੀ ਜਾਂ ਊਲਾਂਗ ਚਾਹ ਵਿਚ ਵੰਡਿਆ ਜਾ ਸਕਦਾ ਹੈ। ਚਾਹ ਅਮਲੀ ਤੌਰ ਤੇ ਸਾਰੇ ਦੇਸ਼ਾਂ ਵਿਚ ਇਕ ਹੀ ਪੌਦੇ ਤੋਂ ਮਿਲਦੀ ਹੈ। ਇਨ੍ਹਾਂ ਸ਼੍ਰੇਣੀਆਂ ਵਿਚ ਵਖਰੇਵਾਂ ਇਨ੍ਹਾਂ ਦੀ ਤਿਆਰ ਕਰਨ ਦੀ ਵਿਧੀ ਅਤੇ ਸਥਾਨਕ ਜਲਵਾਯੂ, ਜ਼ਮੀਨ ਅਤੇ ਕਾਸ਼ਤਕਾਰੀ ਹਾਲਤਾਂ ਕਾਰਨ ਹੀ ਪੈਦਾ ਹੁੰਦਾ ਹੈ। ਇਸ ਦੀਆਂ ਲਗਭਗ 1500 ਫ਼ਸਲਾਂ ਅਤੇ 2000 ਦੇ ਨੇੜੇ ਮਿਲਾਵਟ ਵਾਲੀਆਂ ਕਿਸਮਾਂ ਹਨ।

          ਖ਼ਮੀਰੀ ਹੋਈ ਜਾਂ ਕਾਲੀ ਚਾਹ ਵਿਚ ਚੀਨੀ ਕੋਗੂ ਜਾਂ ਇੰਗਲਿਸ਼ ਬਰੇਕਫਾਸਟ ਚਾਹ ਸ਼ਾਮਲ ਹਨ ਜੋ ਅੱਗੇ ਵੰਡੀਆਂ ਹੋਈਆਂ ਹਨ ਜਿਵੇਂ ਹਾਕੋ ਦੀ ਉੱਤਰ ਚੀਨੀ ਕੋਗੂ ਅਤੇ ਦੱਖਣ ਚੀਨੀ ਕੋਗੂ ਜੋ ਭਾਰਤ, ਲੰਕਾ, ਜਾਵਾ, ਅਫ਼ਰੀਕਾ ਤੋਂ ਅਤੇ ਜਾਪਾਨ, ਫਾਰਮੂਸਾ ਦੀ ਕਾਲੀ ਚਾਹ ਤੋਂ ਤਿਆਰ ਕੀਤੀ ਜਾਂਦੀ ਹੈ। ਅਣਖ਼ਮੀਰੀ ਹੋਈ ਜਾਂ ਹਰੀ ਚਾਹ ਵਿਚ ਦੋ ਮੁੱਖ ਕਿਸਮਾਂ ਹਨ ਚੀਨੀ ਅਤੇ ਜਾਪਾਨੀ। ਇਨ੍ਹਾਂ ਤੋਂ ਛੁੱਟ ਭਾਰਤ, ਲੰਕਾ ਅਤੇ ਇੰਡੋਨੇਸ਼ੀਆ ਵਿਚ ਤਿਆਰ ਕੀਤੀ ਜਾਂਦੀ ਰਹੀ ਚਾਹ ਸ਼ਾਮਲ ਹੈ। ਨੀਮ ਖ਼ਮੀਰੀ (ਊਲਾਂਗ) ਚਾਹ ਫਾਰਮੂਸਾ ਅਤੇ ਚੀਨ ਵਿਚ ਫੂਕਾਓ ਤੋਂ ਮਿਲਦੀ ਹੈ।

          ਕਾਸ਼ਤ––ਚਾਹ ਦਾ ਪੌਦਾ ਕੁਦਰਤੀ ਤੌਰ ਤੇ ਇਕ ਛੋਟਾ ਰੁੱਖ ਹੈ ਪਰ ਇਹ ਕਾਸ਼ਤ ਵਿਚ ਇਕ ਝਾੜੀ ਵਾਂਗ ਰੱਖਿਆ ਜਾਂਦਾ ਹੈ। ਇਸ ਦੀ ਉਚਾਈ ਲਗਭਗ 1 ਮੀ. ਰੱਖੀ ਜਾਂਦੀ ਹੈ। ਇਸ ਦੇ ਮੋਟੇ ਪੱਤੇ ਬਿਰਛਾਨੁਮਾ ਅਤੇ ਕਿਨਾਰੇ ਦੰਦਿਆਂ ਵਾਲੇ ਹੁੰਦੇ ਹਨ। ਇਨ੍ਹਾਂ ਉਪਰ ਕਾਫ਼ੀ ਤੇਲ ਨਲੀਆਂ ਹੁੰਦੀਆਂ ਹਨ। ਇਸ ਦੇ ਚਿੱਟੇ ਜਾਂ ਗੁਲਾਬੀ ਫ਼ੁੱਲ ਪੱਤਿਆਂ ਵਿਚਕਾਰ ਨਿਕਲਦੇ ਹਨ ਜਿਨ੍ਹਾਂ ਤੋਂ ਫਿਰ ਕੈਪਸਿਊਲ ਵਰਗੇ ਫ਼ੁੱਲ ਪੈਦਾ ਹੋ ਜਾਂਦੇ ਹਨ। ਲਗਾਤਾਰ ਕਾਂਟਛਾਂਗ ਨਵੀਆਂ ਸ਼ਾਖਾਵਾਂ ਦਾ ਤੇਜ਼ੀ ਨਾਲ ਵਿਕਾਸ ਕਰੀ ਜਾਂਦੀ ਹੈ।

          ਚਾਹ ਊਸ਼ਣ ਅਤੇ ਸ਼ੀਤ ਖੰਡਾਂ ਦੀ ਫ਼ਸਲ ਹੈ। ਪੌਦੇ ਦੀ ਪ੍ਰਕਿਰਤੀ ਅਤੇ ਕਾਸ਼ਤ ਦੇ ਤਰੀਕੇ ਵੱਖ ਵੱਖ ਸਥਾਨਾਂ ਤੇ ਵੱਖ ਵੱਖ ਹੁੰਦੇ ਹਨ। ਇਸ ਦਾ ਝਾੜ 90 ਕਿ. ਗ੍ਰਾ. ਤੋਂ 450 ਕਿ. ਗ੍ਰਾ. ਪ੍ਰਤੀ ਏਕੜ ਹੈ ਅਤੇ ਇਹ 50 ਸਾਲ ਜਾਂ ਵੱਧ ਸਮੇਂ ਲਈ ਜਾਰੀ ਰਹਿੰਦਾ ਹੈ। ਜਾਪਾਨ ਵਿਚ ਇਸ ਬਾਰੇ ਤੱਥ ਮੌਜੂਦ ਹੈ ਕਿ ਇਕ ਪੌਦਾ ਦੋ ਸਦੀਆਂ ਤੱਕ ਜ਼ਿੰਦਾ ਰਿਹਾ ਹੈ। ਚਾਹ ਦੇ ਪੌਦੇ ਸਮੁੰਦਰੀ ਸਤ੍ਹਾ ਤੋਂ 1300 ਮੀ. ਦੀ ਉਚਾਈ ਤੱਕ ਉਗਾਏ ਜਾ ਸਕਦੇ ਹਨ। ਇਸ ਦੀ ਕਾਸ਼ਤ ਵਧੇਰੇ ਕਰਕੇ ਝੁਕਾਉ ਵਾਲੀਆਂ ਢਲਾਣਾਂ ਅਤੇ ਉਸ ਜ਼ਮੀਨ ਤੇ ਜਿੱਥੇ ਖੇਤੀਬਾੜੀ ਨਾ ਹੋ ਸਕਦੀ ਹੋਵੇ, ਕੀਤੀ ਜਾਂਦੀ ਹੈ। ਲੰਕਾ ਵਿਚ ਚਾਹ ਵੱਡੇ ਵੱਡੇ ਜ਼ਖ਼ੀਰਿਆਂ ਵਿਚ ਉਗਾਈ ਜਾਂਦੀ ਹੈ।

          ਚਾਹ ਦੇ ਪੱਤੇ ਹੱਥ ਨਾਲ ਚੁਣੇ ਜਾਂਦੇ ਜਾਂ ਕੈਂਚੀਆਂ ਨਾਲ ਕੱਟੇ ਜਾਂਦੇ ਹਨ। ਇਕ ਨਿਪੁੰਨ ਕਾਮਾ 11 ਤੋਂ 34 ਕਿ. ਗ੍ਰਾ. ਚਾਹ ਦੇ ਪੱਤੇ ਇਕ ਦਿਨ ਵਿਚ ਇਕੱਠੇ ਕਰ ਲੈਂਦਾ ਹੈ। ਚੀਨ ਵਿਚ ਜਿਥੇ ਸਰਦੀਆਂ ਵਿਚ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ, ਇਕ ਸਾਲ ਵਿਚ ਤਿੰਨ ਜਾਂ ਚਾਰ ਤੁੜਾਈਆਂ ਸੰਭਵ ਹਨ। ਗਰਮ ਖੇਤਰਾਂ ਵਿਚ ਜਿਵੇਂ ਲੰਕਾ ਜਿਥੇ ਬੂਟਿਆਂ ਦਾ ਵਾਧਾ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ, ਤੋਂ 25-30 ਤੁੜਾਈਆਂ ਲਈਆਂ ਜਾ ਸਕਦੀਆਂ ਹਨ। ਪਹਿਲੀ ਤੁੜਾਈ ਆਮ ਤੌਰ ਤੇ ਪੌਦੇ ਦੇ ਪੰਜ ਸਾਲ ਦੇ ਹੋ ਜਾਣ ਤੇ ਕੀਤੀ ਜਾਂਦੀ ਹੈ। ਚਾਹ ਦਾ ਦਰਜਾ ਪੱਤਿਆਂ ਦੀ ਆਯੂ ਤੇ ਨਿਰਭਰ ਕਰਦਾ ਹੈ ਚਾਹ ਦੀ ਸੁਗੰਧ ਅਤੇ ਗੁਣ ਜ਼ਮੀਨ, ਜਲਵਾਯੂ, ਪੱਤਿਆਂ ਦੀ ਆਯੂ, ਤੁੜਾਈ ਦਾ ਸਮਾਂ ਅਤੇ ਤਿਆਰੀ ਦੇ ਤਰੀਕਿਆਂ ਤੇ ਨਿਰਭਰ ਕਰਦੇ ਹਨ।

          ਚਾਹ ਦੀ ਤਿਆਰੀ––ਤਾਜ਼ੇ ਪੱਤਿਆਂ ਤੋਂ ਚਾਹ ਦੀ ਤਿਆਰੀ ਸਮੇਂ ਪੱਤੇ ਧੁੱਪ ਵਿਚ ਘੱਟ ਡੂੰਘੀਆਂ ਟਰੇਆਂ ਵਿਚ ਉਦੋਂ ਤੱਕ ਰੱਖੇ ਜਾਂਦੇ ਹਨ ਜਦੋਂ ਤੱਕ ਕਿ ਇਹ ਨਰਮ ਅਤੇ ਲਚਕਦਾਰ ਨਾ ਹੋ ਜਾਣ। ਫਿਰ ਇਹ ਹੱਥਾਂ ਜਾਂ ਮਸ਼ੀਨਾਂ ਨਾਲ ਵਲ੍ਹੇਟੇ ਜਾਂਦੇ ਹਨ ਜਿਸ ਨਾਲ ਪੱਤੇ ਮੁੜ ਜਾਂਦੇ ਹਨ ਅਤੇ ਪੱਤਿਆਂ ਵਿਚੋਂ ਕੁਝ ਰਸ ਬਾਹਰ ਨਿਕਲ ਆਉਂਦਾ ਹੈ। ਅਖ਼ੀਰ ਵਿਚ ਮੁੜੇ ਹੋਏ ਪੱਤੇ ਧੁੱਪ ਵਿਚ ਜਾਂ ਅੱਗ ਦੇ ਸੇਕ ਨਾਲ ਸੁਕਾ ਲਏ ਜਾਂਦੇ ਹਨ। ਅੰਤਮ ਉਪਜ ਜਿਸ ਨੂੰ ਹਰੀ ਚਾਹ ਕਿਹਾ ਜਾਂਦਾ ਹੈ, ਵਿਚ ਸੁੱਕੇ ਹੋਏ ਪੱਤਿਆਂ ਦਾ ਰੰਗ ਭੱਦਾ ਹਰਾ ਹੁੰਦਾ ਹੈ। ਕਾਲੀ ਚਾਹ ਬਣਾਉਣ ਵੇਲੇ ਇਨ੍ਹਾਂ ਪੱਤਿਆਂ ਨੂੰ ਢਕ ਕੇ ਅਤੇ ਗਰਮ ਕਰਕੇ ਖ਼ਮੀਰ ਲਿਆ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਦਾ ਹਰਾ ਰੰਗ ਖਤਮ ਹੋ ਜਾਂਦਾ ਹੈ ਅਤੇ ਇਨ੍ਹਾਂ ਵਿਚਲੀ ਸੁਗੰਧ ਵੀ ਬਦਲ ਜਾਂਦੀ ਹੈ। ਖ਼ਮੀਰਨ ਤੋਂ ਬਾਅਦ ਪੱਤਿਆਂ ਨੂੰ ਆਮ ਕਰਕੇ ਸੁਕਾਇਆ ਜਾਂਦਾ ਹੈ। ਚੀਨ ਦੀ ਉਪਜ ਹਰੀ ਅਤੇ ਕਾਲੀ, ਜਾਪਾਨ ਦੀ ਜ਼ਿਆਦਾਤਰ ਹਰੀ ਅਤੇ ਭਾਰਤ ਤੇ ਲੰਕਾ ਦੀ ਮੁੱਖ ਤੌਰ ਤੇ ਕਾਲੇ ਰੰਗ ਦੀ ਹੁੰਦੀ ਹੈ। ਸੈਂਟ ਵਾਲੀ ਚਾਹ ਤਿਆਰ ਕਰਨ ਵੇਲੇ ਪੱਤਿਆਂ ਨੂੰ ਖੁਸ਼ਬੂਦਾਰ ਫ਼ੁੱਲਾਂ ਜਿਵੇਂ ਜੈਸਮੀਨ ਆਦਿ ਨਾਲ ਸੁਕਾਇਆ ਜਾਂਦਾ ਹੈ ਅਤੇ ਬਾਅਦ ਵਿਚ ਸੁੱਕੇ ਹੋਏ ਫ਼ੁੱਲ ਕੱਢ ਦਿੱਤੇ ਜਾਂਦੇ ਹਨ। ਕਾਲੀ ਚਾਹ ਪੱਤਿਆਂ ਨੂੰ ਭਾਫ਼ ਦੇ ਕੇ ਅਤੇ ਬਾਅਦ ਵਿਚ ਇਨ੍ਹਾਂ ਨੂੰ ਸਾਂਚਿਆਂ ਵਿਚ ਦਬਾਅ ਕੇ ਤਿਆਰ ਕੀਤੀ ਜਾਂਦੀ ਹੈ। ਜਿੱਥੇ ਚਾਹ ਵੱਡੇ ਵੱਡੇ ਜ਼ਖੀਰਿਆਂ ਵਿਚ ਉਗਾਈ ਅਤੇ ਫ਼ੈਕਟਰੀਆਂ ਵਿਚ ਤਿਆਰ ਕੀਤੀ ਜਾਂਦੀ ਹੈ ਉਥੇ ਇਹ ਬਾਹਰ ਭੇਜਣ ਲਈ ਤੁਰੰਤ ਡੱਬਿਆਂ ਵਿਚ ਬੰਦ ਕਰ ਦਿੱਤੀ ਜਾਂਦੀ ਹੈ। ਚਾਹ ਆਮ ਤੌਰ ਤੇ ਉਨ੍ਹਾਂ ਡੱਬਿਆਂ ਵਿਚ ਜਿਨ੍ਹਾਂ ਦੇ ਅੰਦਰ ਸਿੱਕੇ ਜਾਂ ਜਿਸਤ ਦੀ ਪਰਤ ਹੋਵੇ, ਬੰਦ ਕੀਤੀ ਜਾਂਦੀ ਹੈ ਤਾਂ ਕਿ ਇਸ ਨੂੰ ਹਵਾ ਅਤੇ ਨਮੀ ਤੋਂ ਬਚਾਇਆ ਜਾ ਸਕੇ। ਜੋ ਚਾਹ ਖ਼ਪਤਕਾਰ ਤੱਕ ਪਹੁੰਚਦੀ ਹੈ ਉਹ ਬਹੁਤ ਸਾਰੀਆਂ ਕਿਸਮਾਂ ਦਾ ਬਲੈਂਡ ਹੁੰਦਾ ਹੈ। ਬਲੈਂਡਿੰਗ ਬਹੁਤ ਹੀ ਨਾਜ਼ੁਕ ਵਿਧੀ ਹੋਣ ਕਾਰਨ ਕੇਵਲ ਨਿਪੁੰਨ ਵਿਅਕਤੀ ਹੀ ਕਰ ਸਕਦਾ ਹੈ।

          ਚਾਹ ਵਿਚ 2 ਤੋਂ 5 ਪ੍ਰਤਿਸ਼ਤ ਥੀਇਨ ਅਲੈਕੇਲਾੱਇਡ ਹੁੰਦਾ ਹੈ, ਜੋ ਕੈਫ਼ੀਨ ਨਾਲ ਮਿਲਦਾ-ਜੁਲਦਾ ਹੈ। ਇਸ ਦੇ ਨਾਲ ਇਕ ਵਾਸ਼ਪਸ਼ੀਲ ਤੇਲ ਅਤੇ ਕਾਫ਼ੀ ਮਾਤਰਾ ਵਿਚ ਟੈਨਿਨ (13 ਤੋਂ 19 ਪ੍ਰਤੀਸ਼ਤ) ਹੁੰਦੀ ਹੈ। ਜਦ ਗਰਮ ਪਾਣੀ ਨਾਲ ਇਸ ਦਾ ਕਾੜ੍ਹਾ ਤਿਆਰ ਕੀਤਾ ਜਾਂਦਾ ਹੈ ਤਾਂ ਐਲਕੇਲਾੱਇਡ ਅਤੇ ਤੇਲ ਜਲਦੀ ਘੁਲ ਜਾਂਦੇ ਹਨ ਅਤੇ ਤਿਆਰ ਹੋਏ ਪੀਣ-ਯੋਗ ਪਦਾਰਥ ਵਿਚ ਉਤੇਜਕ ਅਸਰ, ਵਿਸ਼ੇਸ਼ ਸੁਆਦ ਅਤੇ ਸੁਗੰਧ ਪੈਦਾ ਹੋ ਜਾਂਦੇ ਹਨ। ਜੇਕਰ ਚਾਹ ਪੱਤੀ ਬਹੁਤ ਜ਼ਿਆਦਾ ਦੇਰ ਤੱਕ ਘੁਲਣ ਦਿੱਤੀ ਜਾਵੇ ਤਾਂ ਘੋਲ ਕੌੜਾ ਹੋ ਜਾਂਦਾ ਹੈ ਅਤੇ ਇਸ ਵਿਚਲੇ ਚੰਗੇ ਗੁਣ ਘਟ ਜਾਂਦੇ ਹਨ।

          ਉਤਪਾਦਨ––ਕਈ ਸੌ ਸਾਲ ਤੱਕ ਸਾਰੀ ਚਾਹ ਚੀਨ ਤੋਂ ਹੀ ਆਇਆ ਕਰਦੀ ਸੀ। ਜਾਵਾ ਨੇ ਦਰਾਮਦ 1826 ਵਿਚ, ਭਾਰਤ ਨੇ 1830, ਫਾਰਮੂਸਾ ਨੇ 1860 ਵਿਚ ਅਤੇ ਲੰਕਾ ਨੇ 1890 ਵਿਚ ਸ਼ੁਰੂ ਕੀਤੀ। ਚੀਨ ਦੁਨੀਆ ਦੀ ਲਗਭਗ ਅੱਧੀ ਚਾਹ (48.9%), ਭਾਰਤ 22% ਅਤੇ ਲੰਕਾ 13% ਚਾਹ ਪੈਦਾ ਕਰਦੇ ਹਨ। ਦੁਨੀਆ ਵਿਚ ਚਾਹ ਦਾ ਉਤਪਾਦਨ ਲਗਭਗ ਇਕ ਮਿਲੀਅਨ ਮੀਟ੍ਰਿਕ ਟਨ ਹੈ। ਭਾਰਤ ਅਤੇ ਲੰਕਾ ਫਿਰ ਵੀ ਇਕੱਠੇ ਦੁਨੀਆਭਰ ਦੀ ਅੱਧੀ ਚਾਹ ਦਰਾਮਦ ਕਰਦੇ ਹਨ। ਭਾਰਤ ਦੀ ਚਾਹ ਦੀ ਕੁੱਲ ਪੈਦਾਵਾਰ ਲਗਭਗ 512,000 ਮੀਟ੍ਰਿਕ ਟਨ ਹੈ ਅਤੇ ਇਥੋਂ ਕਰੀਬ 220,000 ਮੀਟ੍ਰਿਕ ਟਨ ਚਾਹ ਬਾਹਰ ਭੇਜੀ ਜਾਂਦੀ ਹੈ।

          ਵਪਾਰਕ ਵਿਸ਼ੇਸ਼ਤਾਵਾਂ––ਉਹ ਚਾਹ ਜੋ ਸਾਰਾ ਸਾਲ ਉਗਾਈ ਅਤੇ ਤੋੜੀ ਜਾਂਦੀ ਹੈ, ਦੱਖਣੀ ਭਾਰਤ, ਲੰਕਾ ਅਤੇ ਇੰਡੋਨੇਸ਼ੀਆ ਤੋਂ ਆਉਂਦੀ ਹੈ। ਦੱਖਣੀ ਭਾਰਤ ਦੀ ਚੰਗੇ ਮਿਆਰ ਦੀ ਚਾਹ ਖ਼ਮੀਰੀ ਹੋਈ ਚਾਹ ਹੀ ਹੁੰਦੀ ਹੈ ਜੋ ਦਸੰਬਰ ਅਤੇ ਜਨਵਰੀ ਵਿਚ ਪੈਦਾ ਹੁੰਦੀ ਹੈ। ਲੰਕਾ ਵਿਚ ਉੱਤਮ ਕੁਆਲਿਟੀ ਦੀ ਖ਼ਮੀਰੀ ਹੋਈ ਚਾਹ ਫ਼ਰਵਰੀ, ਮਾਰਚ, ਅਪ੍ਰੈਲ, ਜੁਲਾਈ, ਅਗਸਤ ਅਤੇ ਸਤੰਬਰ ਵਿਚ ਪੈਦਾ ਕੀਤੀ ਜਾਂਦੀ ਹੈ। ਇੰਡੋਨੇਸ਼ੀਆ ਦੀ ਖ਼ਮੀਰੀ ਚਾਹ ਜੁਲਾਈ, ਅਗਸਤ ਅਤੇ ਸਤੰਬਰ ਦੀ ਹੁੰਦੀ ਹੈ।

          ਉੱਤਰੀ ਭਾਰਤ ਦੀਆਂ ਖ਼ਮੀਰੀਆਂ ਕਿਸਮਾਂ ਦੀ ਉਹ ਚਾਹ ਚੰਗੀ ਹੁੰਦੀ ਹੈ ਜੋ ਜੁਲਾਈ, ਅਗਸਤ ਅਤੇ ਸਤੰਬਰ ਦੀ ਦੂਸਰੀ ਬਹਾਰ ਤੋਂ ਲਈ ਜਾਂਦੀ ਹੈ। ਅਸਾਮ ਵਿਚ ਉੱਤਮ ਚਾਹ ਨਵੰਬਰ-ਦਸੰਬਰ ਵਿਚ ਤਿਆਰ ਕੀਤੀ ਜਾਂਦੀ ਹੈ। ਭਾਰਤੀ ਚਾਹਾਂ ਕਈ ਵਿਸ਼ੇਸ਼ ਜ਼ਿਲ੍ਹਿਆਂ ਦੇ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਸਭ ਤੋਂ ਪ੍ਰਸਿੱਧ ਦਾਰਜਲਿੰਗ ਚਾਹ ਹੈ।

          ਰਸਾਇਣਿਕ ਪੱਖ ਅਤੇ ਚਾਹ ਉਬਾਲਣਾ––ਰਸਾਇਣਿਕ ਪੱਖੋਂ ਚਾਹ ਵਿਚ ਮੁੱਖ ਤੌਰ ਤੇ ਕੈਫ਼ੀਨ, ਟੈਨਿਨ ਅਤੇ ਵਾਸ਼ਪਸ਼ੀਲ ਤੇਲ ਹੀ ਹੁੰਦੇ ਹਨ। ਪਹਿਲਾ ਉਤੇਜਕ ਅਸਰ ਪੈਦਾ ਕਰਦਾ ਹੈ ਜਦ ਕਿ ਦੂਸਰਾ ਗਾੜ੍ਹਾਪਣ ਅਤੇ ਤੀਸਰਾ ਇਸ ਦੀ ਸੁਗੰਧ ਤੇ ਸੁਆਦ ਪੈਦਾ ਕਰਦਾ ਹੈ। ਇਹੀ ਤਿੰਨੇ ਚੀਜ਼ਾਂ ਵਪਾਰਕ ਸੂਝ ਵਿਚ ਇਕ ਕੱਪ ਦੀ ਕੀਮਤ ਨਿਰਾਧਰਿਤ ਕਰਦੀਆਂ ਹਨ। ਚਾਹ ਦੇ ਸਿਹਤ ਵਾਸਤੇ ਫਾਇਦੇਮੰਦ ਹੋਣ ਸਬੰਧੀ ਦਲੀਲਾਂ ਵਿਅਕਤੀਆਂ ਦੇ ਤਜਰਬਿਆਂ ਤੇ ਜਾਂ ਇਸ ਕਰਕੇ ਕਿ ਚਾਹ ਬਹੁਤ ਜ਼ਿਆਦਾ ਮਾਤਰਾ ਵਿਚ ਪੀਤੀ ਜਾਂਦੀ ਹੈ, ਦਿੱਤੀਆਂ ਗਈਆਂ ਹਨ। ਫਿਰ ਵੀ, ਚਾਹ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿਚ ਪੀਣ ਯੋਗ ਪਦਾਰਥ ਹੈ।

          ਸੰਨ 1935 ਵਿਚ ਭਾਰਤੀ ਚਾਹ ਐਸੋਸੀਏਸ਼ਨ ਦੇ ਇਕ ਰਸਾਇਣ ਵਿਗਿਆਨੀ ਡਾ. ਸੀ. ਆਰ. ਹਾਰਲਰ ਨੇ ਦੱਸਿਆ ਕਿ ਚਾਹ ਦੇ ਇਕ ਕੱਪ ਵਿਚ ਔਸਤਨ ਇਕ ਗ੍ਰੇਨ ਤੋਂ ਥੋੜ੍ਹੀ ਘੱਟ ਕੈਫ਼ੀਨ ਅਤੇ ਦੋ ਗ੍ਰੇਨ ਦੇ ਲਗਭਗ ਟੈਨਿਨ ਹੁੰਦੀ ਹੈ। ਬਰਤਾਨਵੀ ਫਾਰਮੇਸਿਊਟਿਕਲ ਕੋਡਜ਼ ਅਨੁਸਾਰ ਕੈਫ਼ੀਨ ਦੀ ਖੁਰਾਕ 1 ਤੋਂ 5 ਗ੍ਰੇਨ ਅਤੇ ਟੈਨਿਨ ਦੀ 5 ਤੋਂ 10 ਗ੍ਰੇਨ ਹੈ। ਇਸ ਗੱਲ  ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚਾਹ ਦੇ ਇਕ ਕੱਪ ਵਿਚ ਇਹ ਦੋਵੇ ਅੰਸ਼ ਬਹੁਤ ਥੋੜ੍ਹੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਕਾੜ੍ਹਾ ਬਣੇ ਹਲਕੇ ਤੌਰ ਤੇ ਤੇਜ਼ਾਬੀ ਹੁੰਦਾ ਹੈ ਜਦ ਕਿ ਗੈਸਟਰਿਕ ਜੂਸ ਕਈ ਸੌ ਗੁਣਾਂ ਤੇਜ਼ਾਬੀ ਹੁੰਦਾ ਹੈ।

          ਜਦੋਂ ਚਾਹ ਵਿਚ ਦੁੱਧ ਮਿਲਾ ਦਿੱਤਾ ਜਾਂਦਾ ਹੈ ਤਾਂ ਟੈਨਿਨ ਦੁੱਧ ਵਿਚਲੀ ਕੇਸੀਨ ਨਾਲ ਮਿਲ ਕੇ ਜਮ੍ਹਾਂ ਹੁੰਦਾ ਹੈ ਦੁੱਧ ਵਿਚ ਮਿਲਾਈ ਹੋਈ ਖੰਡ ਇਸ ਨੂੰ ਸਿਰਫ਼ ਮਿਠਾਸ ਦਿੰਦੀ ਹੈ ਅਤੇ ਚਾਹ ਨੂੰ ਇਕ ਭੋਜਨ ਵਾਂਗ ਕੀਮਤ ਪ੍ਰਦਾਨ ਕਰਦੀ ਹੈ। ਚਾਹ ਵਿਚ ਦੁੱਧ ਮਿਲਾਉਣ ਨਾਲ ਇਸ ਦੀ ਕੁੜੱਤਣ ਹਟ ਜਾਂਦੀ ਹੈ।

          ਜਦੋਂ ਇਹ ਕਾੜ੍ਹਾ ਪੀਤਾ ਜਾਂਦਾ ਹੈ ਤਾਂ ਇਹ ਪਹਿਲਾਂ ਮਿਹਦੇ ਵਿਚੋਂ ਲੰਘਦਾ ਹੈ ਜਿਥੇ ਇਸ ਦੀ ਖੰਡ ਇਕ ਸਧਾਰਨ ਖ਼ੁਰਾਕ ਵਜੋਂ ਹਜ਼ਮ ਹੋ ਜਾਂਦੀ ਹੈ ਅਤੇ ਪਿਛੋਂ ਕੈਫ਼ੀਨ ਜਜ਼ਬ ਹੋਣੀ ਸ਼ੁਰੂ ਹੋ ਜਾਂਦੀ ਹੈ। ਨਿੱਘ ਦਾ ਆਰਾਮਦਾਇਕ ਅਸਰ ਇਕਦਮ ਹੁੰਦਾ ਹੈ ਜਦ ਕਿ ਕੈਫ਼ੀਨ ਕਰਕੇ ਉਤੇਜਨਾ ਪੰਦਰਾਂ ਕੁ ਮਿੰਟ ਬਾਅਦ ਮਹਿਸੂਸ ਹੁੰਦੀ ਹੈ।

ਚਾਹ

ਕੈਫ਼ੀਨ ਪ੍ਰਤੀਸ਼ਤ

ਟੋਨਿਨ ਪ੍ਰਤੀਸ਼ਤ

ਘੁਲਨਸ਼ੀਲ ਠੋਸ ਪ੍ਰਤੀਸ਼ਤ

ਜਾਵਾ (ਇੰਡੋਨੇਸ਼ੀਆ) ਦੀ ਕਾਲੀ ਚਾਹ

2.7–4.4

6–20

16–26

ਜਾਪਾਨੀ ਹਰੀ ਚਾਹ

2.0–3.3

4–12

16–26

ਚੀਨੀ ਕਾਲੀ ਚਾਹ

2.0–3.7

5–10

16–22

ਫਾਰਮੂਸਾ ਦੀ ਊਲਾਂਗ ਚਾਹ

3.1–3.7

12–23

23–25

ਭਾਰਤੀ ਕਾਲੀ ਚਾਹ

2.0–3.0

6–10

22–25

          ਪ੍ਰਮੁੱਖ ਚਾਹਾਂ ਦਾ ਰਸਾਇਣਿਕ ਵਿਸ਼ਲੇਸ਼ਣ (ਪੰਜ ਮਿੰਟ ਉਬਾਲਣ ਤੋਂ ਤਿਆਰ ਕੀਤਾ ਕਾੜ੍ਹਾ)।

          ਚਾਹ ਮੁੱਖ ਤੌਰ ਤੇ ਉਤੇਜਕ ਅਸਰ ਲਈ ਹੀ ਪੀਤੀ ਜਾਂਦੀ ਹੈ। ਐਲਕੇਲਾੱਇਡ ਕੈਫ਼ੀਨ ਜੋ ਉਤੇਜਕ ਅਸਰ ਲਈ ਜ਼ਿੰਮੇਵਾਰ ਹੈ ਜਦ ਔਸ਼ਧੀ ਮਾਤਰਾ ਵਿਚ ਲਈ ਜਾਵੇ ਤਾਂ ਇਸ ਦਾ ਸੁਆਦ ਥੋੜ੍ਹਾ ਕੌੜਾ ਹੁੰਦਾ ਹੈ ਪ੍ਰੰਤੂ ਇਕ ਆਮ ਚਾਹ ਦੇ ਕੱਪ ਵਿਚ ਮੌਜੂਦ ਕੈਫ਼ੀਨ ਬਿਲਕੁਲ ਸੁਆਦ ਰਹਿਤ ਹੁੰਦੀ ਹੈ। ਇਸੇ ਲਈ ਆਮ ਤੌਰ ਤੇ ਇਸ ਵਿਚ ਖੰਡ, ਦੁੱਧ ਜਾਂ ਕਰੀਮ ਮਿਲਾਈ ਜਾਂਦੀ ਹੈ।

          ਚਾਹ ਦੀ ਚੰਗੀ ਤਿਆਰੀ ਉਹ ਹੈ ਜਿਸ ਵਿਚ ਕਾੜ੍ਹੇ ਜਾਣ ਤੇ ਵੱਧ ਤੋਂ ਵੱਧ ਕੈਫ਼ੀਨ ਅਤੇ ਟੈਨਿਨ ਘੱਟ ਮਾਤਰਾ ਵਿਚ ਨਿਕਲੇ। ਅਜਿਹੀ ਤਿਆਰੀ ਵਿਚ ਸੁਗੰਧ ਅਤੇ ਸੁਆਦ ਬਰਕਰਾਰ ਰਹਿੰਦਾ ਹੈ। ਲਾਪ੍ਰਵਾਹੀ ਨਾਲ ਚੰਗੇ ਗੁਣ ਜਲਦੀ ਹੀ ਨਿਕਲ ਜਾਂਦੇ ਹਨ। ਰਸਾਇਣ-ਵਿਗਿਆਨੀ ਦੇ ਨਜ਼ਰੀਏ ਤੋਂ ਚਾਹ ਉਬਾਲਣ ਲਈ ਦੋ ਵੱਡੀਆਂ ਵਿਸ਼ੇਸ਼ਤਾਵਾਂ-ਤਾਜ਼ਾ ਪਾਣੀ ਅਤੇ 3 ਤੋਂ 5 ਮਿੰਟ ਤੱਕ ਭਿਉਣਾ ਹਨ। ਚਾਹ ਹਲਕੇ ਪਾਣੀ ਵਿਚ ਛੇਤੀ ਘੁੱਲ ਜਾਂਦੀ ਹੈ ਜਦ ਕਿ ਭਾਰੇ ਪਾਣੀ ਵਿਚ ਦੇਰ ਨਾਲ। ਛੋਟੀ, ਮੋਟੀ ਅਤੇ ਪੂਰੀ ਚਾਹ ਹਲਕੇ ਪਾਣੀ ਲਈ ਠੀਕ ਰਹਿੰਦੀ ਹੈ ਜਦ ਕਿ ਭਾਰੇ, ਪਾਣੀ ਲਈ ਤੇਜ਼ ਪੂਰੀ ਸੁਗੰਧੀ ਵਾਲੀ ਚਾਹ ਚਾਹੀਦੀ ਹੈ। ਇਕ ਤਾਂ ਤਾਜ਼ਾ ਪਾਣੀ ਇਸ ਲਈ ਜ਼ਰੂਰੀ ਹੁੰਦਾ ਹੈ ਅਤੇ ਦੂਸਰਾ ਇਸ ਨੂੰ ਬੁਲਬੁਲਿਆਂ ਤੱਕ ਗਰਮ ਕਰਕੇ ਇਸ ਵਿਚ ਇਕਦਮ ਪੱਤੀ ਪਾ ਦੇਣੀ ਚਾਹੀਦੀ ਹੈ। ਜ਼ਰਾ ਜਿੰਨੀ ਦੇਰ ਨਾਲ ਪਾਣੀ ਫਲੈਟ ਹੋ ਜਾਂਦਾ ਹੈ ਅਤੇ ਫਲੈਟ ਪਾਣੀ ਵਧੀਆ ਚਾਹ ਨੂੰ ਵੀ ਵਿਗਾੜ ਦਿੰਦਾ ਹੈ। ਇਸੇ ਲਈ ਸਮੁੰਦਰੀ ਜਹਾਜ਼ਾਂ ਅਤੇ ਰੇਲਾਂ ਉਪਰ ਮਾੜੀ ਤਰ੍ਹਾਂ ਦੇ ਕਾੜ੍ਹੇ ਬਣਦੇ ਹਨ।

          ਆਮ ਸ਼ਬਦਾਂ ਵਿਚ ਸਾਰੀ ਖੁੱਲ੍ਹੀ ਚਾਹ ਲਈ ਹੇਠ ਲਿਖਿਆ ਤਰੀਕਾ ਚੰਗਾ ਰਹਿੰਦਾ ਹੈ। (1) ਆਪਣੇ ਸੁਆਦ ਮੁਤਾਬਕ ਚੰਗੇ ਗਰੇਡ ਤੇ ਕਿਸਮ ਦੀ ਚਾਹ ਖਰੀਦਣੀ ਚਾਹੀਦੀ ਹੈ; (2) ਨਲ ਜਾਂ ਨਲਕੇ ਦੇ ਤਾਜ਼ੇ ਹਲਕੇ ਪਾਣੀ ਦੀ ਵਰਤੋਂ; (3) ਪਾਣੀ ਨੂੰ ਬੁਲਬੁਲਿਆਂ ਤੱਕ ਉਬਾਲਣਾ; (4) ਹਰੇਕ  ਕੱਪ ਲਈ ਇਕ ਛੋਟਾ ਚਾਹ ਵਾਲਾ ਚਮਚਾ ਪਾਉਣਾ; (5) ਚਾਹ ਦੀ ਵਰਤੀ ਜਾਣ ਵਾਲੀ ਕਿਸਮ ਤੇ ਨਿਰਭਰ ਕਰਦੇ ਹੋਏ ਚਾਹ ਪੱਤੀ ਜੋ ਕਿਸੇ ਮਿੱਟੀ ਦੇ ਬਰਤਨ, ਪੋਰਕਲੇਨ ਜਾਂ ਸ਼ੀਸ਼ੇ ਦੇ ਮੱਗ ਵਿਚ ਪਾਈ ਹੋਵੇ, ਉਸ ਉਪਰ ਉਬਲਦਾ ਪਾਣੀ ਪਾ ਕੇ ਇਸ ਨੂੰ ਤਿੰਨ ਜਾਂ ਚਾਰ ਮਿੰਟ ਤੱਕ ਰਿੱਝਣ ਦੇਣਾ ਤੇ ਘੋਲ ਦੌਰਾਨ ਹਿਲਾਉਣਾ, ਅਤੇ (6) ਇਸ ਘੋਲ ਨੂੰ ਫਿਰ ਇਕ ਹੋਰ ਗਰਮ ਕੀਤੇ ਚੀਨੀ ਦੇ ਮੱਘ ਵਿਚ ਉਲਟਾ ਦੇਣਾ ਚਾਹੀਦਾ ਹੈ। ਚਾਹ ਪੱਤੀ ਕਦੀ ਵੀ ਦੁਬਾਰਾ ਨਹੀਂ ਵਰਤੀ ਜਾਣੀ ਚਾਹੀਦੀ।

          ਹ. ਪੁ.––ਇ. ਬਾ. 472; ਐਨ. ਬ੍ਰਿ. 21 : 861; ਇੰਡ––79 : 332


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.