ਚਿੰਨ੍ਹ-ਵਿਗਿਆਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਚਿੰਨ੍ਹ-ਵਿਗਿਆਨ: ਚਿੰਨ੍ਹਾਂ ਦੇ ਵਿਗਿਆਨਿਕ ਅਧਿਐਨ ਨੂੰ ਚਿੰਨ੍ਹ-ਵਿਗਿਆਨ (Semiology) ਆਖਦੇ ਹਨ।ਇਹ ਸੰਕਲਪ ਆਧੁਨਿਕ ਭਾਸ਼ਾ-ਵਿਗਿਆਨ ਦੇ ਮੋਢੀ ਸੌਸਿਉਰ ਨੇ ਦਿੱਤਾ ਹੈ। ਸੌਸਿਉਰ ਦਾ ਵਿਚਾਰ ਸੀ ਕਿ ਇੱਕ ਅਜਿਹਾ ਵਿਗਿਆਨ ਹੋ ਸਕਦਾ ਹੈ ਜੋ ਸਮਾਜ ਵਿੱਚ ਵਰਤੇ ਜਾਂਦੇ ਚਿੰਨ੍ਹਾਂ ਦਾ ਅਧਿਐਨ ਕਰ ਸਕੇ। ਉਸ ਅਨੁਸਾਰ ਭਾਸ਼ਾ-ਵਿਗਿਆਨ, ਚਿੰਨ੍ਹ-ਵਿਗਿਆਨ ਦਾ ਹੀ ਹਿੱਸਾ ਹੈ। ਚਿੰਨ੍ਹ-ਵਿਗਿਆਨ ਦੇ ਸਾਰੇ ਨਿਯਮ, ਸਿਧਾਂਤ ਅਤੇ ਵਿਧੀਆਂ ਭਾਸ਼ਾ-ਵਿਗਿਆਨ ਤੇ ਵੀ ਲਾਗੂ ਹੋ ਸਕਦੇ ਹਨ। ਚਿੰਨ੍ਹ-ਵਿਗਿਆਨ ਦੀ ਮਦਦ ਨਾਲ ਸਮਾਜਿਕ ਰੀਤੀ-ਰਿਵਾਜਾਂ, ਰਸਮਾਂ, ਵਹਿਮਾਂ-ਭਰਮਾਂ ਆਦਿ ਦਾ ਚਿੰਨ੍ਹਾਂ ਦੇ ਰੂਪ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ।
ਸੌਸਿਉਰ ਦੇ ਚਿੰਨ੍ਹ-ਵਿਗਿਆਨ ਦੇ ਇਸ ਸੰਕਲਪ ਦੇ ਆਉਣ ਨਾਲ ਭਾਸ਼ਾ-ਵਿਗਿਆਨ ਦੇ ਖੇਤਰ ਵਿੱਚ ਭਾਸ਼ਾ ਦੇ ਸਰੂਪ ਅਤੇ ਬਣਤਰ ਨੂੰ ਸਮਝਣ ਵਿੱਚ ਬਹੁਤ ਮਦਦ ਮਿਲੀ। ਸੌਸਿਉਰ ਤੋਂ ਪਹਿਲਾਂ ਭਾਸ਼ਾ ਦਾ ਅਧਿਐਨ, ਭਾਸ਼ਾ ਦੇ ਪਿਛੋਕੜ, ਇਤਿਹਾਸ ਅਤੇ ਤੁਲਨਾ `ਤੇ ਆਧਾਰਿਤ ਸੀ। ਸੌਸਿਉਰ ਨੇ ਪਹਿਲੀ ਵਾਰ ਭਾਸ਼ਾ ਨੂੰ ਇਸ ਖੇਤਰ ਵਿੱਚੋਂ ਬਾਹਰ ਕਢਿਆ ਅਤੇ ਭਾਸ਼ਾ ਦੇ ਅਧਿਐਨ ਲਈ ਇਹ ਸੰਕਲਪ ਪੇਸ਼ ਕੀਤਾ। ਇਸ ਸੰਕਲਪ ਤੋਂ ਪਹਿਲਾਂ ਸ਼ਬਦ, ਵਸਤੂ ਅਤੇ ਅਰਥ ਨੂੰ ਇੱਕ ਪ੍ਰਕਾਰ ਦੀ ਦ੍ਰਿਸ਼ਟੀ ਨਾਲ ਪਰਖਿਆ ਜਾਂਦਾ ਸੀ ਪਰ ਇਸ ਸੰਕਲਪ ਦੇ ਆਉਣ ਨਾਲ ਭਾਸ਼ਾ ਦੇ ਵਰਤਾਰੇ ਅਤੇ ਇਤਿਹਾਸ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਣ ਲੱਗਾ। ਇਸ ਸੰਕਲਪ ਰਾਹੀਂ ਸੰਚਾਰ ਦੇ ਸੰਕਲਪ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ। ਸੌਸਿਉਰ ਅਨੁਸਾਰ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਪਰ ਕੇਵਲ ਭਾਸ਼ਾ ਹੀ ਸੰਚਾਰ ਨਹੀਂ ਕਰਦੀ ਸਗੋਂ ਭਾਸ਼ਾ ਤੋਂ ਬਾਹਰ ਸੱਭਿਆਚਾਰ ਕੋਮਲ ਕਲਾਵਾਂ ਆਦਿ ਨੂੰ ਵੀ ਇਸ ਦੇ ਘੇਰੇ ਵਿੱਚ ਰੱਖਿਆ ਜਾਂਦਾ ਹੈ।
ਚਿੰਨ੍ਹ-ਵਿਗਿਆਨ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਚਿੰਨ੍ਹ ਦੇ ਸਰੂਪ ਭਾਵ ਚਿੰਨ੍ਹ ਕੀ ਹੁੰਦਾ ਹੈ ਅਤੇ ਇਹ ਕਿਵੇਂ ਉਤਪੰਨ ਹੁੰਦੇ ਹਨ, ਨੂੰ ਸਮਝਿਆ ਜਾਵੇ। ਜਦੋਂ ਕਿਸੇ ਸ਼ਬਦ, ਭਾਸ਼ਾਈ ਅਤੇ ਗ਼ੈਰ-ਭਾਸ਼ਾਈ ਸੰਕੇਤ, ਅਵਾਜ਼ ਜਾਂ ਧੁਨੀ ਬਿੰਬ ਦਾ ਆਪਣਾ ਕੋਈ ਅਰਥ ਹੋਵੇ ਤਾਂ ਉਸ ਨੂੰ ਚਿੰਨ੍ਹ ਕਿਹਾ ਜਾਂਦਾ ਹੈ। ਚਿੰਨ੍ਹ ਅਤੇ ਇਸ ਦੇ ਅਰਥ ਕਿਸੇ ਸਮਾਜ ਨਾਲ ਸੰਬੰਧਿਤ ਹੁੰਦੇ ਹਨ। ਸਮਾਜ ਦੀ ਇੱਕ ਸਥਿਤੀ ਵਿੱਚ ਇਹਨਾਂ ਦੇ ਅਰਥ ਹੋਰ ਹੁੰਦੇ ਹਨ ਪਰ ਦੂਜੀ ਸਥਿਤੀ ਵਿੱਚ ਹੋਰ ਅਰਥ ਹੋ ਸਕਦੇ ਹਨ। ਕਿਸੇ ਵੀ ਭਾਸ਼ਾਈ ਵਾਤਾਵਰਨ, ਸੱਭਿਆਚਾਰ ਦੀ ਜਾਣਕਾਰੀ ਤੋਂ ਬਿਨਾਂ ਭਾਸ਼ਾਈ ਚਿੰਨ੍ਹਾਂ ਨੂੰ ਨਹੀਂ ਸਮਝਿਆ ਜਾ ਸਕਦਾ। ਸੌਸਿਉਰ ਨੇ ਭਾਸ਼ਾਈ ਚਿੰਨ੍ਹ ਨੂੰ ਦੋ ਹਿੱਸਿਆਂ ਦਾ ਬਣਿਆ ਕਿਹਾ ਹੈ। ਇੱਕ ਨੂੰ ਉਸ ਨੇ ਧੁਨੀ ਬਿੰਬ ਕਿਹਾ ਹੈ ਅਤੇ ਦੂਜੇ ਨੂੰ ਸੰਕਲਪ ਦਾ ਨਾਂ ਦਿੱਤਾ ਹੈ। ਇਸ ਪ੍ਰਕਾਰ ਚਿੰਨ੍ਹ ਦੋ ਪੱਖਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਇਹ ਦੋਵੇਂ ਪੱਖ ਆਪਸ ਵਿੱਚ ਪੂਰੀ ਤਰ੍ਹਾਂ ਜੁੜੇ ਹੁੰਦੇ ਹਨ। ਇਹਨਾਂ ਨੂੰ ਵੱਖ-ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਸੌਸਿਉਰ ਇਸ ਸੰਕਲਪ ਦੀ ਤੁਲਨਾ ਇੱਕ ਸਿੱਕੇ ਦੇ ਦੋ ਪਾਸਿਆਂ ਨਾਲ ਕਰਦਾ ਹੈ। ਉਸ ਅਨੁਸਾਰ ਜਿਵੇਂ ਸਿੱਕੇ ਦੇ ਇੱਕ ਪਾਸੇ ਨੂੰ ਦੂਜੇ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਧੁਨੀ ਬਿੰਬ ਅਤੇ ਸੰਕਲਪ ਨੂੰ ਆਪਸ ਵਿੱਚ ਅੱਡ ਨਹੀਂ ਕੀਤਾ ਜਾ ਸਕਦਾ। ਸੌਸਿਉਰ ਅਨੁਸਾਰ ਚਿੰਨ੍ਹ, ਵਸਤੂ ਅਤੇ ਰੂਪ ਦਾ ਸੁਮੇਲ ਨਹੀਂ ਸਗੋਂ ਵਸਤੂ ਨਾਲ ਜੁੜੇ ਹੋਏ ਸੰਕਲਪ ਅਤੇ ਉਸ ਦੇ ਉਚਾਰਨ ਦਾ ਸੁਮੇਲ ਹੈ। ਚਿੰਨ੍ਹ ਦੇ ਸੰਕਲਪ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਵਿੱਚੋਂ ਇੱਕ ਉਦਾਹਰਨ ਲਈ ਜਾ ਸਕਦੀ ਹੈ, ਜਿਵੇਂ: ‘ਘੋੜਾ` ਇੱਕ ਸ਼ਬਦ ਹੈ ਜੋ ਕਿ ਵਿਸ਼ੇਸ਼ ਜਾਨਵਰ ਲਈ ਵਰਤਿਆ ਜਾਂਦਾ ਹੈ। ਇੱਕ ਪਾਸੇ ਅਸੀਂ ਘੋੜਾ ਸ਼ਬਦ ਬੋਲਦੇ ਹਾਂ ਭਾਵ ਘੋੜਾ ਸ਼ਬਦ ਦਾ ਉਚਾਰਨ ਕਰਦੇ ਹਾਂ ਤਾਂ ਇਹ ਪੱਖ ਉਸ ਦਾ ਧੁਨੀ ਬਿੰਬ ਹੁੰਦਾ ਹੈ। ਦੂਜੇ ਪਾਸੇ ਸਾਡੇ ਦਿਮਾਗ਼ ਵਿੱਚ ਉਸ ਜਾਨਵਰ ਦਾ ਸੰਕਲਪ ਬਣਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪਿੱਪਲ ਸ਼ਬਦ ਉਚਾਰਦੇ ਹਾਂ ਤਾਂ ਇੱਕ ਤਾਂ ਉਚਾਰਿਆ ਗਿਆ ਪੱਖ ਹੈ ਜੋ ਕਿ ਉਸ ਚਿੰਨ੍ਹ ਦਾ ਧੁਨੀ ਬਿੰਬ ਹੈ। ਦੂਜੇ ਉਸ ਵਿਸ਼ੇਸ਼ ਰੁੱਖ ਦਾ ਸੰਕਲਪ ਸਾਡੇ ਦਿਮਾਗ਼ ਵਿੱਚ ਬਣਦਾ ਹੈ। ਇਸ ਪ੍ਰਕਾਰ ਇੱਕ ਪੰਜਾਬੀ ਸਮਾਜ ਵਿੱਚ ਬੋਲਣ ਅਤੇ ਸੁਣਨ ਵਾਲਿਆਂ ਵਿਚਕਾਰ ਸਾਂਝੇ ਧੁਨੀ ਬਿੰਬ ਹੁੰਦੇ ਹਨ ਤਾਂ ਹੀ ਸੰਚਾਰ ਹੋ ਸਕਦਾ ਹੈ ਜੇਕਰ ਇਹਨਾਂ ਧੁਨੀ ਬਿੰਬਾਂ ਵਿੱਚ ਸਾਂਝ ਨਾ ਹੋਵੇ ਤਾਂ ਸੰਚਾਰ ਨਹੀਂ ਹੋ ਸਕਦਾ। ਇਸ ਮੇਲ ਨੂੰ ਸੌਸਿਉਰ ਨੇ ਭਾਸ਼ਾਈ ਚਿੰਨ੍ਹ ਦਾ ਨਾਂ ਦਿੱਤਾ।
ਭਾਸ਼ਾਈ ਚਿੰਨ੍ਹ ਦੇ ਦੋ ਹਿੱਸੇ ਹਨ-ਚਿਹਨਿਤ ਅਤੇ ਚਿਹਨਿਕ। ਇਹਨਾਂ ਦੋਵਾਂ ਦੀ ਹੋਂਦ ਮਨੁੱਖ ਦੇ ਦਿਮਾਗ਼ ਵਿੱਚ ਹੈ। ਇਹਨਾਂ ਦੋਵਾਂ ਦਾ ਆਪਸ ਵਿੱਚ ਸੰਬੰਧ ਇੱਕ ਸਿੱਕੇ ਦੇ ਦੋਵਾਂ ਪਾਸਿਆਂ ਦੇ ਆਪਸੀ ਸੰਬੰਧ ਵਰਗਾ ਹੈ। ਇਸ ਲਈ ਸੌਸਿਉਰ ਭਾਸ਼ਾਈ ਚਿੰਨ੍ਹ ਨੂੰ ਇੱਕ ਦੋਪਾਸੜ ਮਾਨਸਿਕ ਵਜੂਦ ਕਹਿੰਦਾ ਹੈ। ਇਸ ਮਾਨਸਿਕ ਵਜੂਦ ਦਾ ਇੱਕ ਪਾਸਾ ਦੂਜੇ ਨੂੰ ਪ੍ਰਗਟ ਕਰਦਾ ਹੈ। ਸੰਕਲਪ, ਧੁਨੀ-ਬਿੰਬ ਰਾਹੀਂ ਪ੍ਰਗਟ ਹੁੰਦਾ ਹੈ। ਜਿਹੜਾ ਪ੍ਰਗਟ ਹੁੰਦਾ ਹੈ ਅਰਥਾਤ ਸੰਕਲਪ, ਉਸ ਨੂੰ ਸੌਸਿਉਰ ਨੇ ਚਿਹਨਿਤ ਅਤੇ ਜੋ ਪ੍ਰਗਟ ਕਰਦਾ ਹੈ ਅਰਥਾਤ ਧੁਨੀ- ਬਿੰਬ, ਉਸ ਨੂੰ ਚਿਹਨਿਕ ਦਾ ਨਾਂ ਦਿੱਤਾ ਹੈ। ਚਿੰਨ੍ਹ ਦੇ ਦੋਵੇਂ ਪਾਸੇ ਮਾਨਸਿਕ ਪੱਧਰਾਂ ਦੀਆਂ ਹੀ ਹੋਂਦਾਂ ਹਨ। ਸੌਸਿਉਰ ਸੰਕਲਪ ਨੂੰ ਧੁਨੀ-ਬਿੰਬ ਦੇ ਮੁਕਾਬਲੇ ਵਧੇਰੇ ਅਮੂਰਤ ਸਮਝਦਾ ਹੈ। ਧੁਨੀ-ਬਿੰਬ ਤਾਂ ਧੁਨੀਆਂ ਦਾ ਮਾਨਸਿਕ ਵਜੂਦ ਹੈ। ਧੁਨੀਆਂ ਉੱਤੇ ਧੁਨੀ-ਬਿੰਬ ਅਤੇ ਧੁਨੀ-ਬਿੰਬਾਂ `ਤੇ ਸੰਕਲਪ ਆਧਾਰਿਤ ਹੁੰਦਾ ਹੈ। ਇਸ ਲਈ ਸੰਕਲਪ ਅਤੇ ਧੁਨੀ-ਬਿੰਬ ਅਰਥਾਤ ਚਿਹਨਿਤ ਅਤੇ ਚਿਹਨਿਕ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਇਸ ਆਧਾਰ ਤੇ ਅਸੀਂ ਭਾਸ਼ਾਈ ਚਿੰਨ੍ਹ ਨੂੰ ਚਿਹਨਿਤ ਅਤੇ ਚਿਹਨਿਕ ਦਾ ਮੇਲ ਕਹਿ ਸਕਦੇ ਹਾਂ। ਹਰ ਚਿੰਨ੍ਹ ਧੁਨੀ ਬਿੰਬ ਅਤੇ ਸੰਕਲਪ ਨਾਲ ਮਿਲ ਕੇ ਬਣਦਾ ਹੈ। ਚਿੰਨ੍ਹ ਦੇ ਇਹਨਾਂ ਦੋਹਾਂ ਪੱਖਾਂ ਨੂੰ ਰੰਗਾਂ ਦੀ ਪਛਾਣ ਅਤੇ ਟ੍ਰੈਫ਼ਿਕ ਲਾਈਟਾਂ ਜਾਂ ਫ਼ੌਜੀ ਸਿਗਨਲਾਂ ਦੇ ਕੋਡ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਲਾਲ ਬੱਤੀ, ਖ਼ਤਰਾ ਜਾਂ ਰੁਕਣ ਦਾ ਸੰਕੇਤ ਹੈ, ਇਸੇ ਤਰ੍ਹਾਂ ਹਰੀ ਬੱਤੀ ਜਾਣ ਦਾ ਸੰਕੇਤ ਹੈ। ਇਹ ਸੰਕੇਤ ਸਾਡੇ ਸਮਾਜ ਨੇ ਪ੍ਰਵਾਨਿਤ ਕੀਤੇ ਹੋਏ ਹਨ ਜਿਸ ਕਰ ਕੇ ਸਾਰੇ ਲੋਕ ਉਹਨਾਂ ਨਿਯਮਾਂ ਦੀ ਪਾਲਣਾ ਕਰਦੇ ਹਨ ਪਰ ਵੱਖ-ਵੱਖ ਭਾਸ਼ਾਵਾਂ ਵਿੱਚ ਇੱਕੋ ਵਸਤੂ ਲਈ ਵੱਖੋ-ਵੱਖਰੇ ਸ਼ਬਦਾਂ, ਧੁਨੀ ਬਿੰਬਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਸੌਸਿਉਰ ਅਨੁਸਾਰ ਚਿੰਨ੍ਹ-ਵਿਗਿਆਨ ਦਾ ਘੇਰਾ ਭਾਸ਼ਾ ਤੱਕ ਸੀਮਿਤ ਨਹੀਂ ਸਗੋਂ ਭਾਸ਼ਾ ਚਿੰਨ੍ਹ-ਵਿਗਿਆਨ ਦਾ ਇੱਕ ਹਿੱਸਾ ਹੈ। ਹਰੇਕ ਸਮਾਜ ਵਿਚਲੇ ਰੀਤੀ ਰਿਵਾਜ, ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ ਅਤੇ ਸਾਕਾਦਾਰੀ ਪ੍ਰਬੰਧ ਆਦਿ ਚਿੰਨ੍ਹ-ਵਿਗਿਆਨ ਦੇ ਘੇਰੇ ਵਿੱਚ ਆਉਂਦੇ ਹਨ। ਸਮਾਜ ਵਿੱਚ ਹਰ ਵਿਅਕਤੀ ਇਹਨਾਂ ਨੂੰ ਚਿੰਨ੍ਹਾਂ ਦੇ ਰੂਪ ਵਿੱਚ ਅਚੇਤ ਤੌਰ ਤੇ ਗ੍ਰਹਿਣ ਕਰਦਾ ਹੈ ਅਤੇ ਇਹਨਾਂ ਦੀ ਵਰਤੋਂ ਕਰਦਾ ਰਹਿੰਦਾ ਹੈ। ਵੱਖ-ਵੱਖ ਸੱਭਿਆਚਾਰਾਂ ਵਿੱਚ ਪਹਿਰਾਵਾ, ਖਾਣਾ ਵੀ ਆਪਣੇ-ਆਪ ਵਿੱਚ ਇੱਕ ਚਿੰਨ੍ਹ ਪ੍ਰਬੰਧ ਹੈ। ਦੂਜੇ ਸ਼ਬਦਾਂ ਵਿੱਚ ਲੋਕਾਂ ਦੇ ਪਹਿਰਾਵੇ ਵਿੱਚ ਖਾਣਾ ਤਿਆਰ ਕਰਨ ਅਤੇ ਪਰੋਸਣ ਦੀ ਪ੍ਰਕਿਰਿਆ ਰਾਹੀਂ ਉੱਥੋਂ ਦੇ ਸਮਾਜ ਅਤੇ ਲੋਕਾਂ ਦੀ ਸੋਚ ਸਮਝ ਨੂੰ ਗ੍ਰਹਿਣ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੋਰ ਵੀ ਚਿੰਨ੍ਹ ਪ੍ਰਣਾਲੀਆਂ ਹਨ ਜਿਨ੍ਹਾਂ ਰਾਹੀਂ ਉਸ ਸਮਾਜ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁੰਗੇ ਬੋਲਿਆਂ ਦੀ ਸੰਕੇਤ-ਭਾਸ਼ਾ ਅਤੇ ਸਟੈਨੋਗ੍ਰਾਫੀ ਆਦਿ ਨੂੰ ਚਿੰਨ੍ਹ ਪ੍ਰਣਾਲੀ ਦੇ ਤੌਰ ਤੇ ਸਮਝਿਆ ਜਾ ਸਕਦਾ ਹੈ। ਇਸ ਤਰ੍ਹਾਂ ਚਿੰਨ੍ਹ-ਵਿਗਿਆਨ ਦੀ ਮਦਦ ਨਾਲ ਮਨੁੱਖੀ ਭਾਸ਼ਾ ਅਤੇ ਸੱਭਿਆਚਾਰ ਨੂੰ ਵਧੇਰੇ ਸੁਚੱਜੇ ਢੰਗ ਨਾਲ ਸਮਝਿਆ ਜਾ ਸਕਦਾ ਹੈ।
ਲੇਖਕ : ਅਮਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First