ਚਿੱਚੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿੱਚੜ (ਨਾਂ,ਪੁ) ਡੰਗਰਾਂ ਦੇ ਹਵਾਨੇ ਅਤੇ ਕੁੱਤਿਆਂ ਦੇ ਕੰਨਾਂ ਨੂੰ ਚੰਬੜ ਕੇ ਰੱਤ ਪੀਣ ਵਾਲਾ ਜੀਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਿੱਚੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿੱਚੜ [ਨਾਂਪੁ] ਪਰਜੀਵੀ ਕੀਟ ਜੋ ਕੁੱਤਿਆਂ ਅਤੇ ਪਸ਼ੂਆਂ ਦੇ ਪਿੰਡੇ ਉੱਤੇ ਚੰਬੜ ਕੇ ਲਹੂ ਚੂਸਦਾ ਰਹਿੰਦਾ ਹੈ; ਪਿੱਛਾ ਨਾ ਛੱਡਣ ਵਾਲ਼ਾ ਆਦਮੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਿੱਚੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿੱਚੜ ਦੇਖੋ, ਚਿਚੜ—ਚਿਚੜੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਿੱਚੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਿੱਚੜ : ਇਹ ਆਰਥ੍ਰੋਪੋਡਾ ਫ਼ਾਈਲਮ ਦੀ ਐਰੇਕਨਿਡਾ ਸ਼੍ਰੇਣੀ, ਐਕਾਰਾਈਨਾ ਵਰਗ ਅਤੇ ਇਕਸੋਡੀਜ਼ ਉਪ-ਵਰਗ ਦੇ ਸੰਸਾਰ ਭਰ ਵਿਚ ਮਿਲਣ ਵਾਲੇ ਕੀੜਿਆਂ ਲਈ ਇਕ ਆਮ ਨਾਂ ਹੈ। ਇਨ੍ਹਾਂ ਦੀਆਂ ਤਕਰੀਬਨ 850 ਜਾਤੀਆਂ ਹਨ ਜਿਨ੍ਹਾਂ ਨੂੰ ਤਿੰਨ ਕੁਲਾਂ ਵਿਚ ਵੰਡਿਆ ਗਿਆ ਹੈ––ਆਰਗੈਸਿਡੀ ਜਿਸ ਵਿਚ ਨਰਮ ਚਮੜੀ ਵਾਲੇ ਚਿੱਚੜ ਆਉਂਦੇ ਹਨ ਅਤੇ ਨੱਟੈਲੀਲਿਡੀ ਤੇ ਕਿਸਾੱਡਡੀ ਜਿਨ੍ਹਾਂ ਵਿਚ ਸਖ਼ਤ ਚਮੜੀ ਵਾਲੇ ਚਿੱਚੜ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਪਿਛਲੀਆਂ ਕਿਸਮਾਂ ਦੀ ਪਿੱਠ ਉੱਤੇ ਸਖ਼ਤ ਸ਼ੀਲਡ (ਸਕਿਊਟਮ) ਹੁੰਦੀ ਹੈ ਜਿਹੜੀ ਪਹਿਲੀਆਂ ਵਿਚ ਨਹੀਂ ਮਿਲਦੀ। ਇਸ ਤੋਂ ਇਲਾਵਾ ਨਰਮ ਚਮੜੀ ਵਾਲੇ ਚਿੱਚੜ ਰੁਕ ਰੁਕ ਕੇ ਖ਼ੁਰਾਕ ਲੈਂਦੇ, ਅਨੇਕ ਅੰਡੇ (ਸਮੂਹਾਂ ਵਿਚ) ਦਿੰਦੇ, ਕਈ ਨਿੰਫ਼ ਹਾਲਤਾਂ ਵਿਚੋਂ ਲੰਘਦੇ ਅਤੇ ਖੇਤਾਂ ਦੀ ਥਾਂ ਘਰਾਂ ਜਾਂ ਪਰਪੋਸ਼ੀ ਦੇ ਆਲ੍ਹਣਿਆਂ ਵਿਚ ਵਿਕਾਸ ਦੇ ਚੱਕਰ ਪੂਰੇ ਕਰਦੇ ਹਨ। ਨੱਟੈਲੀਲਿਡੀ ਕੁਲ ਵਿਚ ਸਿਰਫ਼ ਇਕੋ ਅਫ਼ਰੀਕੀ ਜਾਤੀ ਸ਼ਾਮਲ ਕੀਤੀ ਗਈ ਹੈ।

          ਚਿੱਚੜੀਆਂ ਵੱਧ ਤੋਂ ਵੱਧ 30 ਮਿ. ਮੀ. ਲੰਮੀਆਂ ਹੁੰਦੀਆਂ ਹਨ ਪਰ ਆਮ ਤੌਰ ਤੇ ਇਨ੍ਹਾਂ ਦੀ ਲੰਬਾਈ 15 ਮਿ. ਮੀ. ਜਾਂ ਇਸ ਤੋਂ ਘੱਟ ਹੁੰਦੀ ਹੈ। ਇਹ ਆਪਣੇ ਨਾਲ ਮਿਲਦੀਆਂ-ਜੁਲਦੀਆਂ ਮਾਈਟਾਂ ਤੋਂ ਵੱਖਰੀਆਂ ਹੁੰਦੀਆਂ ਹਨ। ਇਨ੍ਹਾਂ ਦੀਆਂ ਸਭ ਤੋਂ ਪਹਿਲੀਆਂ ਲੱਤਾਂ ਦੇ ਅਖੀਰਲੇ ਖੰਡ ਉੱਤੇ ਇਕ ਸੰਵੇਦੀ ਟੋਇਆ ਹੁੰਦਾ ਹੈ। ਇਹ ਮਾਈਟਾਂ ਨਾਲੋਂ ਵੱਡੀਆਂ ਵੀ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਚਮੜੀ ਸਖ਼ਤ ਹੁੰਦੀ ਹੈ। ਕਈ ਬਗ਼ੈਰ ਅੱਖਾਂ ਤੋਂ ਵੀ ਹੁੰਦੀਆਂ ਹਨ।

          ਮਾਮੂਲੀ ਫ਼ਰਕ ਤੋਂ ਬਿਨਾਂ ਤਕਰੀਬਨ ਸਾਰੀਆਂ ਚਿੱਚੜੀਆਂ ਦਾ ਜੀਵਨ ਚੱਕਰ ਇਕੋ ਜਿਹਾ ਹੈ। ਸਖ਼ਤ ਚਮੜੀ ਵਾਲੀਆਂ ਚਿੱਚੜੀਆਂ, ਜਿਵੇਂ ਅਮਰੀਕਨ ਕੁੱਤਾ ਚਿੱਚੜ (Dermaceuto variabilis) ਆਪਣੇ ਪਰਪੋਸ਼ੀ ਨੂੰ ਚਿੰਬੜ ਜਾਂਦੀ ਹੈ ਅਤੇ ਕਈ ਦਿਨਾਂ ਤੱਕ ਲਗਾਤਾਰ ਉਸ ਦਾ ਖ਼ੂਨ ਚੂਸਦੀ ਹੈ। ਜਦੋਂ ਇਹ ਪੂਰੀ ਤਰ੍ਹਾਂ ਆਫਰ ਜਾਂਦੀ ਹੈ ਤਾਂ ਮਾਦਾ ਚਿੱਚੜ ਪਰਪੋਸ਼ੀ ਤੋਂ ਉਤਾਰ ਕੇ ਕਿਸੇ ਢੁਕਵੀਂ ਥਾਂ ਉੱਤੇ ਅੰਡੇ ਦੇ ਦਿੰਦੀ ਹੈ ਅਤੇ ਆਪ ਮਰ ਜਾਂਦੀ ਹੈ। ਅੰਡਿਆਂ ਵਿਚੋਂ ਛੇ-ਲੱਤਾਂ ਵਾਲੇ ਲਾਰਵੇ ਨਿਕਲਦੇ ਹਨ। ਇਹ ਲਾਰਵੇ ਫਿਰ ਪਰਪੋਸ਼ੀ ਦੀ ਭਾਲ ਵਿਚ ਘਾਹ ਵਿਚ ਫਿਰਦੇ ਰਹਿੰਦੇ ਹਨ। ਇਨ੍ਹਾਂ ਦਾ ਪਰਪੋਸ਼ੀ ਆਮ ਤੌਰ ਤੇ ਕੋਈ ਥਣਧਾਰੀ ਪ੍ਰਾਣੀ ਹੁੰਦਾ ਹੈ। ਪਰਪੋਸ਼ੀ ਨੂੰ ਚਿੰਬੜ ਕੇ, ਉਸ ਦੇ ਖ਼ੂਨ ਨਾਲ ਆਪਣੇ ਆਪ ਨੂੰ ਭਰਕੇ ਇਹ ਫਿਰ ਉਤਰ ਜਾਂਦੇ ਹਨ ਅਤੇ ਕੁੰਜ ਲਾ ਕੇ ਅੱਠ ਲੱਤਾਂ ਵਾਲੇ ਨਿੰਫ਼ ਵਿਚ ਤਬਦੀਲ ਹੋ ਜਾਂਦੇ ਹਨ। ਇਹ ਨਿੰਫ਼ ਵੀ ਕਿਸੇ ਢੁਕਵੇਂ ਪਰਪੋਸ਼ੀ ਦਾ ਖ਼ੂਨ ਚੂਸਦੇ ਹਨ। ਚੰਗੀ ਤਰ੍ਹਾਂ ਰੱਜ ਜਾਣ ਤੇ ਉਸ ਨੂੰ ਛੱਡ ਕੇ ਫਿਰ ਕੁੰਜ ਲਾਹ ਕੇ ਬਾਲਗ਼ ਨਰ ਜਾਂ ਮਾਦਾ ਵਿਚ ਤਬਦੀਲ ਹੋ ਜਾਂਦੇ ਹਨ। ਬਾਲਗ਼ ਚਿੱਚੜ ਚੰਗੇ ਪਰਪੋਸ਼ੀ ਦੀ ਭਾਲ ਲਈ ਤਿੰਨ ਸਾਲ ਤੱਕ ਇੰਤਜ਼ਾਰ ਵੀ ਕਰ ਸਕਦਾ ਹੈ।

          ਚਿੱਚੜ ਜੰਗਲੀ ਅਤੇ ਪਾਲਤੂ ਜਾਨਵਰਾਂ ਦੇ ਪਰਜੀਵੀ ਹਨ। ਇਹ ਮਨੁੱਖ ਅਤੇ ਹੋਰ ਜਾਨਵਰਾਂ ਦੀਆਂ ਕਈ ਭਿਆਨਕ ਬੀਮਾਰੀਆਂ ਦੇ ਵਾਹਕ ਵੀ ਹਨ। ਇਨ੍ਹਾਂ ਵਿਚੋਂ ਭਾਵੇਂ ਕੋਈ ਵੀ ਜਾਤੀ ਮਨੁੱਖ ਦੀ ਪਰਜੀਵੀ ਨਹੀਂ ਪਰ ਕਦੀ ਕਦਾਈਂ ਕਈ ਜਾਤੀਆਂ ਮਨੁੱਖੀ ਤੇ ਹਮਲਾ ਕਰ ਵੀ ਦਿੰਦੀਆਂ ਹਨ।

          ਸਖ਼ਤ ਚਮੜੀ ਵਾਲੀਆਂ ਬਹੁਤੀਆਂ ਚਿੱਚੜੀਆਂ ਖੇਤਾਂ ਅਤੇ ਜੰਗਲਾਂ ਵਿਚ ਰਹਿੰਦੀਆਂ ਹਨ, ਕੁਝ-ਕੁ ਜਿਵੇਂ ਭੂਰੀ ਕੁੱਤਾ ਚਿੱਚੜ (Rhipicephalus Sanguineus) ਘਰਾਂ ਵਿਚ ਵੀ ਮਿਲਦੀਆਂ ਹਨ। ਇਹ ਪਰਪੋਸ਼ੀ ਦਾ ਲਹੂ ਚੂਸਦੀਆਂ ਹਨ, ਉਸ ਦੀਆਂ ਨਾੜੀਆਂ ਵਿਚੋਂ ਜ਼ਹਿਰ ਰਿਸਾਉਂਦੀਆਂ ਹਨ ਅਤੇ ਬੀਮਾਰੀਆਂ ਵੀ ਫ਼ੈਲਾਉਂਦੀਆਂ ਹਨ। ਇਨ੍ਹਾਂ ਵਿਚੋਂ ਪ੍ਰਸਿੱਧ ਬੀਮਾਰੀਆਂ ਟੈਕਸਾਸ ਕੈਟਲ ਫ਼ੀਵਰ, ਐਨਪਲੈਜ਼ਮੋਸਿਸ, ਰਾੱਕੀ ਮਾਊਂਟੈਨ ਸਪਾੱਟਿਡ ਫ਼ੀਵਰ, ਕਿਊ ਫ਼ੀਵਰ, ਟੂਲਰੀਮੀਆ, ਬੁਖ਼ਾਰ, ਦਿਮਾਗ਼ੀ ਦੌਰੇ ਆਦਿ ਹਨ। ਨਰਮ ਚਮੜੀ ਵਾਲੇ ਚਿੱਚੜ ਸਪਾਇਰੋਕੀਟਲ ਰਿਲੈਪਸਿੰਗ ਫੀਵਰ ਤੇ ਕਈ ਹੋਰ ਬੀਮਾਰੀਆਂ ਦੇ ਵਾਹਕ ਹਨ।

          ਹ. ਪੁ.––ਐਨ. ਬ੍ਰਿ. ਮਾ. 9 : 998; ਮੈਕ. ਐਨ. ਸ. ਟ. 13 : 629


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.