ਚੰਦਾਇਣ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚੰਦਾਇਣ: ਪ੍ਰੇਮੀ ਪ੍ਰੇਮਿਕਾਵਾਂ ਦੀਆਂ ਵੱਖ-ਵੱਖ ਲੋਕ ਪ੍ਰਚਲਿਤ ਪ੍ਰੇਮ-ਕਥਾਵਾਂ `ਚੋਂ ਚੰਦਾਇਣ ਇੱਕ ਵਿਲੱਖਣ ਅਤੇ ਪ੍ਰਮੁਖ ਪ੍ਰੇਮ-ਕਥਾ ਹੈ। ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਭਗਤੀ ਕਾਲ ਦੇ ਦੌਰਾਨ ਵੀ ਪਿਆਰ ਕਹਾਣੀਆਂ ਦੀ ਪਰੰਪਰਾ ਮਿਲਦੀ ਹੈ। ਸੂਫ਼ੀ-ਕਾਵਿ ਪਰੰਪਰਾ ਦੇ ਪਹਿਲੇ ਕਵੀ ਮੁੱਲਾ ਦਾਊਦ ਦੀ ਕਿਰਤ ਚੰਦਾਇਣ 1379 ਤੋਂ ਅਜਿਹੀ ਪਰੰਪਰਾ ਦੀ ਸ਼ੁਰੂਆਤ ਮੰਨੀ ਗਈ ਹੈ। ਮੁੱਲਾ ਦਾਊਦ ਰਾਏ ਬਰੇਲੀ ਜ਼ਿਲ੍ਹੇ ਵਿੱਚ ਡਲਮਊ ਤੋਂ ਸੀ। ਰਾਮ ਕੁਮਾਰ ਵਰਮਾ ਨੇ ਇਸ ਐਲਾਨ ਦੀ ਪਹਿਲ ਕੀਤੀ।

     ਚੰਦਾਇਣ ਦੇ ਕਈ ਪਾਠ ਮਿਲਦੇ ਹਨ। ਲੋਕ-ਕਹਾ ਜਾਂ ਲੋਕ-ਕਥਾ ਨਾਂ ਨਾਲ ਵੀ ਇਸ ਪ੍ਰੇਮ ਆਖਿਆਨ ਨੂੰ ਰੋਸ਼ਨੀ `ਚ ਲਿਆਂਦਾ ਗਿਆ ਹੈ। ਪਰ ਇਸ ਦਾ ਸਰਬ-ਪ੍ਰਚਲਿਤ ਤੇ ਪ੍ਰਸਿੱਧ ਨਾਂ ਚੰਦਾਇਣ ਹੈ। ਪਾਠ-ਭੇਦ ਅਤੇ ਨਾਇਕਾ ਚੰਦਾ ਦੇ ਨਾਂ ਕਰ ਕੇ ਵੀ ਇਸ ਗ੍ਰੰਥ ਨੂੰ ਚੰਦਾਇਣ ਜਾਂ ਚਾਂਦਾਯਨ ਵੀ ਕਿਹਾ ਜਾਂਦਾ ਹੈ। ਪਰਮੇਸ਼ਵਰੀ ਲਾਲ ਗੁਪਤ ਨੇ ਇਸ ਦਾ ਇੱਕ ਪਾਠ ਚੰਦਾਇਣ ਨਾਂ ਨਾਲ ਪੇਸ਼ ਕੀਤਾ। ਕੁਝ ਹੋਰ ਵਿਦਵਾਨਾਂ ਨੇ ਇਸ ਨੂੰ ਭਾਰਤੀ ਪਰੰਪਰਾ ਦਾ ਉਪਾਖਿਆਨ ਕਿਹਾ ਹੈ। ਮਾਤਾ ਪ੍ਰਸਾਦ ਉਹਨਾਂ ਵਿੱਚੋਂ ਇੱਕ ਹੈ ਜਿਸ ਨੇ ਇਸ ਗ੍ਰੰਥ ਦਾ ਵੱਖ-ਵੱਖ ਨਜ਼ਰੀਏ ਤੋਂ ਸੂਖਮ ਅਧਿਐਨ ਕਰ ਕੇ ਠੋਸ ਸਿੱਟੇ ਕੱਢੇ ਹਨ। ਪੰਜਾਬ ਦੇ ਵਿਦਵਾਨ ਗਿਆਨ ਚੰਦ ਸ਼ਰਮਾ ਦਾ ਅਧਿਐਨ ਇਸ ਦਿਸ਼ਾ `ਚ ਇੱਕ ਹੋਰ ਉਪਰਾਲਾ ਹੈ।

     ਕੁਝ ਲੋਕਾਂ ਨੇ ਪਦਮਾਵਤ ਵਾਂਗ ਚੰਦਾਇਣ ਨੂੰ ਅਲੌਕਿਕ ਸੱਤਾ, ਰੂਹਾਨੀਅਤ ਦਾ ਪ੍ਰਤੀਕ ਵੀ ਕਿਹਾ ਹੈ। ਦਿੱਲੀ ਦਾ ਮਖਦੂਮ ਸ਼ੇਖ ਤਕੀਊਦੀਨ ਰੱਬਾਨੀ ਸਮਾਜਿਕ ਸਭਾਵਾਂ `ਚ ਪ੍ਰੇਮ-ਕਥਾ ਚੰਦਾਇਣ ਦਾ ਪਾਠ ਕਰਿਆ ਕਰਦਾ ਸੀ। ਦਾਊਦ ਦੀ ਇਸ ਰਚਨਾ ਚੰਦਾਇਣ ਦੇ ਆਧਾਰ `ਤੇ ਹੀ ਇਸਦਾ ਮੁਢਲਾ ਅੰਸ਼ ਦੋਵੇਂ ਪਰੰਪਰਾਵਾਂ ਦੇ ਅਨੁਕੂਲ ਬੈਠਦਾ ਹੈ। ਛੰਦ-ਸ਼ਾਸਤਰ ਦੇ ਆਧਾਰ `ਤੇ ਇਹ ਇੱਕ ਭਾਰਤੀ ਕਿਰਤ ਹੈ। ਪ੍ਰਬੰਧ ਰਚਨਾ ਵਿਧੀ ਕਰ ਕੇ ਵੀ ਇਹ ਪੂਰਵੀ ਭਾਰਤੀ ਗ੍ਰੰਥ ਹੈ। ਇਸ ਵਿੱਚ ਫ਼ਾਰਸੀ, ਮਸਨਵੀ ਛੰਦ ਵਰਤੇ ਗਏ ਹਨ। ਵਿਦਵਾਨਾਂ ਦਾ ਖ਼ਿਆਲ ਹੈ ਕਿ ਚੰਦਾਇਣ ਪ੍ਰਾਕ੍ਰਿਤ ਅਪਭ੍ਰੰਸ਼ ਸਾਹਿਤ ਪਰੰਪਰਾ ਵਿੱਚ ਲਿਖੀ ਗਈ ਕਿਰਤ ਹੈ। ਇਹ ਕੜਵਕ ਦੇ ਰੂਪ ਹਨ। ਹਰੇਕ ਕੜਵਕ ਚੌਪਈ ਦੀਆਂ ਪੰਜ ਅੱਧਲੀਆਂ ਤੇ ਇੱਕ ਦੋਹੇ ਜਾਂ ਇਸ ਦੇ ਮਿਲਦੇ-ਜੁਲਦੇ ਛੰਦ ਵਰਗਾ ਹੀ ਹੈ। ਇਸੇ ਲਈ ਮਾਤਾ ਪ੍ਰਸਾਦ ਗੁਪਤ ਮੰਨਦਾ ਹੈ ਕਿ ਚੰਦਾਇਣ ਭਾਰਤੀ ਪਰੰਪਰਾ ਦਾ ਕਥਾ ਕਾਵਿ ਹੈ।

     ਵਿਸ਼ੇ ਦੇ ਆਧਾਰ `ਤੇ ਇਸ ਵਿੱਚ ਭਾਰਤੀ ਪ੍ਰੇਮ- ਗਾਥਾਵਾਂ ਦੀਆਂ ਵੱਖ-ਵੱਖ ਪ੍ਰਵਿਰਤੀਆਂ ਦਾ ਰੂਪ ਸਪਸ਼ਟ ਸਾਮ੍ਹਣੇ ਆਉਂਦਾ ਹੈ। ਨਾਇਕਾ ਚੰਦਾ ਦਾ ਮੁਕਤ ਪਿਆਰ ਪ੍ਰਗਟਾਅ ਪਹਿਲੀ ਵਾਰ ਭਾਰਤੀ ਕਾਵਿ ਕਥਾ ਵਿੱਚ ਖੁੱਲ੍ਹ ਕੇ ਵਰਣਨ ਹੋਇਆ ਹੈ। ਲੋਰ ਜਾਂ ਲੋਰਿਕ (ਨਾਇਕ) ਤੇ ਚੰਦਾ ਦੀ ਪਹਿਲੀ ਤੱਕਣੀ, ਮੁਲਾਕਾਤ, ਅੰਗੜਾਈ ਲੈਂਦਾ ਪ੍ਰੇਮ ਪਿਆਰ ਦਾ ਭਾਵ, ਕਈ ਤਾਕਤਾਂ ਵੱਲੋਂ ਪਿਆਰ ਦਾ ਵਿਰੋਧ ਰੁਕਾਵਟਾਂ ਆਦਿ ਵਿਲੱਖਣ ਘਟਨਾਵਾਂ ਹਨ। ਨਾਇਕ ਜੋਗੀ ਹੋ ਕੇ ਘਰੋਂ ਨਿਕਲਦਾ ਹੈ, ਤਾਂ ਸਨਸਨੀ ਮਹਿਸੂਸ ਹੁੰਦੀ ਹੈ। ਨਾਗ, ਸੱਪ, ਨਾਇਕਾ ਨੂੰ ਡੱਸ ਲੈਂਦਾ ਹੈ। ਡੰਗ ਨਾਲ ਕਰੁਣਾ ਪੈਦਾ ਕੀਤੀ ਗਈ ਹੈ। ਭਾਵਾਂ ਦੀਆਂ ਸੰਵੇਦਨਾਵਾਂ ਦੀ ਸਿਖਰ `ਤੇ ਪਾਠਕ ਕੀਲਿਆ ਜਾਂਦਾ ਹੈ ਅਤੇ ਇੱਕੋ ਰਸ ਪਿਆਰ ਵਿੱਚ ਬੰਨ੍ਹਿਆ ਜਾਂਦਾ ਹੈ। ਪਿਆਰ ਤੇ ਵਿਸ਼ਵਾਸ ਦੀ ਕਹਾਣੀ ਦਾ ਤਾਣਾ ਪੇਟਾ ਚੰਦਾਇਣ ਨੂੰ ਵੱਖਰੇ, ਵਿਲੱਖਣ ਤੇ ਮਿਆਰੀ ਪਿਆਰ ਕਾਵਿ ਦਾ ਨਮੂਨਾ ਬਣਾ ਦਿੰਦਾ ਹੈ। ਮਾਂਦਰੀ ਨਾਇਕਾ ਨੂੰ ਠੀਕ ਕਰਦਾ ਹੈ ਤਾਂ ਇੱਕ ‘ਕਥਾ ਵਿਕਾਸ ਦੀ ਸਥਿਤੀ` ਸਾਮ੍ਹਣੇ ਆਉਂਦੀ ਹੈ।

     ਅਵਧੀ ਭਾਸ਼ਾ ਵਿੱਚ ਰਚੇ ਗਏ ਚੰਦਾਇਣ ਵਿੱਚ ਦਾਊਦ ਨੇ ਪ੍ਰੇਮ ਦੇ ਸਰੂਪ ਨੂੰ ਵੱਡੇ, ਖੁੱਲ੍ਹੇ ਤੇ ਅਸੀਮ ਪੱਧਰ `ਤੇ ਵਿਖਾਇਆ ਹੈ। ਭਾਸ਼ਾ ਚੰਦਾਇਣ ਤੇ ਹੋਰ ਪਾਤਰਾਂ ਦੇ ਮਨ ਨੂੰ ਖੋਲ੍ਹਣ, ਬੁਲਾਉਣ-ਬੋਲਣ ਵਿੱਚ ਸਫਲ ਰਹੀ ਹੈ। ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਦਾਊਦ ਤੇ ਉਸ ਦੀ ਕਾਵਿ ਕਿਰਤ ਚੰਦਾਇਣ, ਪ੍ਰੇਮ-ਕਥਾ ਦਾ ਸਿਖਰ ਹੈ। ਰੂਪ ਚਿਤਰਨ, ਵਾਤਾਵਰਨ ਹਾਲਾਤ ਪਾਠਕ ਨੂੰ ਟੁੰਬਦੇ ਹਨ। ਬਾਅਦ ਦੇ ਪ੍ਰੇਮ ਆਖਿਆਨ ਲਈ ਚੰਦਾਇਣ ਇੱਕ ਦਿਸ਼ਾ ਦੇਣ ਵਾਲੀ ਕਿਰਤ ਸਿੱਧ ਹੋਈ ਹੈ। ਇਸ ਦੀ ਸ਼ੈਲੀ ਰੋਚਕ, ਭਾਵਾਂ ਦੇ ਅਨੁਕੂਲ ਤੇ ਬੰਨ੍ਹ ਕੇ ਰੱਖਣ ਵਾਲੀ ਹੈ।

     ਚੰਦਾਇਣ ਨਾਂ ਦੇ ਕਾਵਿਕ ਪ੍ਰੇਮ ਕਥਾਨਕ ਰਾਹੀਂ ਦਾਊਦ ਨੇ ਸਦੀਵੀ ਮਨੁੱਖੀ ਪ੍ਰਵਿਰਤੀਆਂ, ਉਸ ਦੀ ਸੋਚ, ਲਗਾਓ ਅਤੇ ਪ੍ਰੌੜ੍ਹਤਾ ਨੂੰ ਹੈਰਾਨ ਕਰ ਦੇਣ ਵਾਲੇ ਅੰਦਾਜ਼ `ਚ ਬੁਣਿਆ ਹੈ। ਪ੍ਰੇਮ ਦੇ ਜਿੰਨੇ ਰੂਪ ਮਨੁੱਖ ਲਈ ਮਿਲਦੇ ਹਨ, ਉਹਨਾਂ `ਚ ਸੰਜੋਗ, ਪਿਆਰ, ਮੇਲ-ਮਿਲਾਪ ਨੂੰ ‘ਚੰਦਾ’ ਰਾਹੀਂ ਬਿਆਨ ਕਰ ਕੇ, ਸ੍ਰੇਸ਼ਠ ਬਣਾ ਦਿੱਤਾ ਹੈ। ਬੋਲੀ, ਸ਼ੈਲੀ, ਮੁਹਾਵਰਾ, ਕਥਾ ਵਿਉਂਤ ਅਤੇ ਪੇਸ਼ਕਾਰੀ ਵਿੱਚ ਦਾਊਦ ਦੀ ਕਿਰਤ ਚੰਦਾਇਣ ਉਹ ਪ੍ਰੇਮ ਗ੍ਰੰਥ ਹੈ ਜਿਸ ਨੂੰ ਸਾਮ੍ਹਣੇ ਰੱਖ ਕੇ, ਬਾਅਦ ਵਿੱਚ ਹੋਏ ਕੁਝ ਕਵੀਆਂ ਨੇ ਇਸ ਦਿਸ਼ਾ `ਚ ਆਪਣੇ-ਆਪਣੇ ਕਮਾਲ ਦਿਖਾਏ ਹਨ। ਸ਼ਬਦ ਅਤੇ ਅਰਥ ਦਾ ਮਰਮ-ਮੂਲ ਭਾਵਾਂ ਤੱਕ ਅਸਰ ਪਾਉਂਦਾ ਹੈ ਤਾਂ ਮਨ ਤਰੰਗਤ ਹੋ ਪਿਆਰ ਦੇ ਵਹਿਣ `ਚ ਨਾਲ ਹੋ ਤੁਰਦਾ ਹੈ।

          ਕਾਵਿ ਸ਼ਾਸਤਰ ਅਨੁਸਾਰ ਮਨ ਅਤੇ ਸਰੀਰ ਦਾ ਸੰਤੁਲਨ ਸਹਿਜ ਹੀ ਚੰਦਾਇਣ `ਚ ਬਣਿਆ ਰਹਿੰਦਾ ਹੈ। ਪੂਰੇ ਕਥਾਨਕ ਵਿੱਚ ਪਿਆਰ ਦਾ ਸਰੂਪ ਤੇ ਉਸ ਦੇ ਵਿਸ਼ਲੇਸ਼ਣ ਨੂੰ ਦਰਸਾਉਣ ਦਾ ਇਹ ਇੱਕ ਸਫਲ ਉਪਰਾਲਾ ਹੈ। ਪਾਤਰ ਚਿਤਰਨ ਵਿੱਚ ਦਾਊਦ ਨੂੰ ਸਫਲਤਾ ਪ੍ਰਾਪਤ ਹੋਈ ਹੈ। ਨਾਇਕ ਅਤੇ ਨਾਇਕਾ ਵਾਂਗ ਹੀ ਬਾਕੀ, ਗੌਣ, ਉਪੇਖਿਅਤ ਪਾਤਰਾਂ ਦੀ ਹੋਂਦ ਵੀ ਕਿਰਤ `ਚ ਬਣੀ ਰਹਿੰਦੀ ਹੈ। ਕਾਵਿ-ਕਥਾਨਕ ਦੀ ਸਫਲਤਾ, ਰਚਨਾਕਾਰ ਦਾ ਕੇਂਦਰ ਬਿੰਦੂ, ਨਾਇਕਾ ਦਾ ਚਰਿੱਤਰ ਚਿਤਰਨ ਹੈ। ਰੂਪ ਰੰਗ, ਹਾਵ-ਭਾਵ ਅਤੇ ਮਨੋਦਸ਼ਾ ਨੂੰ ਚਿਤਰਿਤ ਕਰਦਿਆਂ ਚੰਦਾਇਣ ਦਾ ਕਵੀ ਮੁਕਤ ਮਨ ਨਾਲ ਸਿਰਜਕ ਹੋ ਨਿਬੜਿਆ ਹੈ।


ਲੇਖਕ : ਫੂਲ ਚੰਦ ਮਾਨਵ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.