ਚੰਬਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਬਲ (ਨਾਂ,ਇ) 1 ਡੂੰਘੀਆਂ ਜੜ੍ਹਾਂ ਵਾਲਾ ਖਾਰਸ਼ ਰੋਗ 2 ਊਠ ਦਾ ਨੱਕ ਵਿੰਨ੍ਹ ਕੇ ਪਾਈ ਜਾਣ ਵਾਲੀ ਰੱਸੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੰਬਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਬਲ. ਸੰ. ਚਮ੗ਕ੄਍ ਅਥਵਾ ਗਜਚਮ੗. ੉ਦਫ਼ੀਯਹ. Psoriasis. ਇਹ ਰੋਗ ਤੁਚਾ (ਖਲੜੀ) ਦਾ ਹੈ. ਇਹ ਜਾਦਾ ਪੈਰ ਉੱਪਰ, ਦੋਹਾਂ ਗਿੱਟਿਆਂ ਦੇ ਵਿਚਕਾਰ ਹੁੰਦਾ ਹੈ. ਹੱਥਾਂ ਤੇ ਭੀ ਕਦੇ ਕਦੇ ਦੇਖੀਦਾ ਹੈ. ਰੋਗ ਦੀ ਛੂਤ ਨਾਲ ਹੋਰ ਅੰਗਾਂ ਤੇ ਭੀ ਹੋ ਜਾਂਦਾ ਹੈ. ਦੱਦ ਵਾਂਙ ਇਸ ਦੇ ਭੀ ਕੀੜੇ ਹੁੰਦੇ ਹਨ. ਖੁਰਕ ਬਹੁਤ ਹੁੰਦੀ ਹੈ, ਜਾਦਾ ਖੁਰਕਣ ਤੋਂ ਪੀਲਾ ਪਾਣੀ ਨਿਕਲਦਾ ਹੈ. ਜਿਸ ਥਾਂ ਚੰਬਲ ਹੋਵੇ ਉਤਨੇ ਅੰਗ ਨੂੰ ਮੁੜ੍ਹਕਾ ਨਹੀਂ ਆਉਂਦਾ.

 

ਚੰਬਲ ਦਾ ਸਾਧਾਰਣ ਇਲਾਜ ਹੈ ਕਿ ਚੰਗੇ ਸਬੂਣਾਂ ਨਾਲ ਸ਼ਰੀਰ ਸਾਫ ਕਰੋ. ਊਟ ਦੇ ਸੁੱਕੇ ਲੇਡੇ ਦਸ ਸੇਰ , ਹਾਰੇ ਦੀ ਸ਼ਕਲ ਦੇ ਲਿੱਪੇ ਪੋਚੇ ਟੋਏ ਵਿੱਚ ਭਰਕੇ ਅੱਗ ਲਾਦੇਓ, ਪਿੱਤਲ ਦੀ ਬਾਟੀ ਸਰ੍ਹੋਂ ਦੇ ਤੇਲ ਨਾਲ ਤਰ ਕਰਕੇ ਟੋਏ ਉੱਪਰ ਮੂਧੀ ਮਾਰਦੇਓ, ਥੋੜੀ ਕਿਨਾਰਿਆਂ ਤੇ ਵਿਰਲ ਰੱਖੋ, ਕਿ ਅੱਗ ਨਾ ਬੁਝ ਜਾਵੇ ਅਰ ਥੋੜਾ ਧੂੰਆਂ ਨਿਕਲਦਾ ਰਹੇ. ਜਦ ਲੇਡੇ ਭਸਮ ਹੋ ਜਾਣ ਅਤੇ ਧੂੰਆਂ ਬੰਦ ਹੋ ਚੁਕੇ, ਤਦ ਬਾਟੀ ਵਿੱਚ ਇੱਕ ਤੋਲਾ ਨੀਲਾ ਥੋਥਾ ਅਤੇ ਵੀਹ ਤੋਲੇ ਤਾਰੇਮੀਰੇ ਦਾ ਤੇਲ ਪਾ ਕੇ ਲੋਹੇ ਦੇ ਹਥੌੜੇ ਨਾਲ ਘਸਾਓ ਅਰ ਬਾਟੀ ਦੀ ਸਾਰੀ ਕਾਲਸ ਧੂੰਏ ਦੀ ਘਸਾਕੇ ਤੇਲ ਵਿੱਚ ਮਿਲਾਦੇਓ. ਇਸ ਤੇਲ ਨੂੰ ਸੀਸੀ ਵਿੱਚ ਪਾ ਰੱਖੋ. ਚੰਬਲ ਤੇ ਗਰਮ ਇੱਟ ਦਾ ਇੱਕ ਘੰਟਾ ਸੇਕ ਕਰਕੇ ਫੇਰ ਤੇਲ ਚੋਪੜਦੇਓ. ਇੱਕ ਦੋ ਸਾਤੇ ਇਹ ਲੇਪ ਕਰਨ ਤੋਂ ਚੰਬਲ ਰੋਗ ਹਟ ਜਾਂਦਾ ਹੈ.

ਚਰਾਇਤਾ ਅਤੇ ਪਿੱਤਪਾਪੜਾ ਪੀਣਾ ਗੁਣਕਾਰੀ ਹੈ. ਹਰੜ ਦਾ ਛਿੱਲ ਦਸ ਤੋਲੇ, ਬਹੇੜੇ ਦਾ ਛਿੱਲ ਪੰਜ ਤੋਲੇ, ਅਉਲੇ ਦਾ ਛਿਲਕਾ ਪੰਜ ਤੋਲੇ, ਪਿੱਤਪਾਪੜਾ ਪਚਾਸੀ ਤੋਲੇ, ਰਿਉਂਦ ਚੀਨੀ ਇੱਕ ਤੋਲਾ, ਸਾਰੇ ਕੁੱਟ ਛਾਣਕੇ ਬਦਾਮਰੋਗਨ ਨਾਲ ਝੱਸਕੇ ਦਾਖਾਂ ਵਿੱਚ ਕੁੱਟਕੇ ਗੋਲੀਆਂ ਬਣਾਓ. ਇੱਕ ਤੋਲਾ ਇਨ੍ਹਾਂ ਗੋਲੀਆਂ ਦਾ ਇੱਕ ਸਤਵਾਰਾ ਨਿੱਤ ਸੇਵਨ ਕਰਨਾ ਚੰਬਲ ਰੋਗ ਦੂਰ ਕਰਦਾ ਹੈ।

ਇਕ ਨਦੀ (चर्मण्वती-ਚਰਮਨ੍ਵਤੀ) ਜੋ ਇੰਦੌਰ ਰਾਜ ਵਿੱਚੋਂ ਜਨਪਾਵ ਪਰਵਤ ਤੋਂ ਨਿਕਲਕੇ ੬੫੦ ਮੀਲ ਵਹਿੰਦੀ ਹੋਈ ਇਟਾਵੇ ਤੋਂ ੨੫ ਮੀਲ ਦੱਖਣ ਪੱਛਮ ਜਮਨਾ ਵਿੱਚ ਮਿਲਦੀ ਹੈ.ਮਹਾ ਭਾਰਤ ਦ੍ਰੋਣ ਪਰਵ, ਅ: ੬੭ ਅਤੇ ਸ਼ਾਂਤਿ ਪਰਵ ਅ: ੨੯ ਵਿੱਚ ਕਥਾ ਹੈ ਕਿ ਚੰਦ੍ਰ ਵੰਸ਼ੀ ਸੰਕ੍ਰਿਤਿ ਦੇ ਪੁੱਤ੍ਰ ਰਾਜਾ ਰੰਤਿਦੇਵ ਨੇ ਇੰਦ੍ਰ ਨੂੰ ਪ੍ਰਸੰਨ ਕਰ ਕੇ ਵਰ ਪ੍ਰਾਪਤ ਕੀਤਾ ਕਿ ਉਸ ਨੂੰ ਅਤਿਥਾਂ ਅਤੇ ਆਮ ਲੋਕਾਂ ਦੇ ਖਵਾਣ ਪਿਆਣ ਲਈ ਅੰਨ ਮਾਸ ਆਦਿ ਸਾਮਗ੍ਰੀ ਅਤੁੱਟ ਮਿਲਦੀ ਰਹੇ, ਕਦੇ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ. ਇਸ ਪਰ ਰੰਤਿਦੇਵ ਪਾਸ ਅੰਨ ਆਦਿ ਸਾਰੇ ਪਦਾਰਥ ਅਤੇ ਪਿੰਡਾਂ ਅਰ ਜੰਗਲਾਂ ਦੇ ਪਸ਼ੂ ਆਪੇ ਆ ਪਹੁੰਚਦੇ. ਉਸ ਦੀ ਰਸੋਈ ਦੇ ਸਾਰੇ ਭਾਂਡੇ ਸੋਨੇ ਦੇ ਸਨ ਅਤੇ ਦੋ ਲੱਖ ਰਸੋਈਆ ਕੰਮ ਕਰਦਾ ਸੀ. ਭੋਜਨ ਲਈ ਨਿੱਤ ਅਤੇ ਯੱਗਾਂ ਵਿੱਚ ਖ਼ਾਸ ਕਰਕੇ ਹਜ਼ਾਰਾਂ ਬੱਕਰੇ ਆਦਿ ਪਸ਼ੂ ਅਤੇ ਬੇਸ਼ੁਮਾਰ ਗਾਈਆਂ ਮਾਰੀਆਂ ਜਾਂਦੀਆਂ ਸਨ. ਜਿਨ੍ਹਾਂ ਦੀਆਂ ਖੱਲਾਂ ਦੇ ਢੇਰ ਵਿੱਚੋਂ ਟਪਕੇ ਹੋਏ ਰਸੇ ਦੀ ਇੱਕ ਨਦੀ ਬਣ ਗਈ, ਜਿਸ ਦਾ ਨਾਮ ਚਰਮਨ੍ਵਤੀ (ਚੰਬਲ) ਹੋਇਆ.1


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3531, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਬਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੰਬਲ : ਇਹ ਚਮੜੀ ਦਾ ਇਕ ਪ੍ਰਮੁੱਖ ਰੋਗ ਹੈ ਜਿਸ ਨੂੰ ਡਾਕਟਰੀ ਵਿਚ ਸੋਰੀਏਸਿਸ ਵੀ ਕਿਹਾ ਜਾਂਦਾ ਹੈ। ਇਹ ਇਸਤਰੀ ਅਤੇ ਪੁਰਸ਼ ਦੋਹਾਂ ਵਿਚ ਹੋ ਸਕਦਾ ਹੈ ਪਰੰਤੂ ਆਮ ਤੌਰ ਤੇ 15 ਸਾਲ ਦੀ ਉਮਰ ਤੋਂ ਬਾਅਦ ਹੀ ਪ੍ਰਗਟ ਹੁੰਦਾ ਹੈ। ਭਾਵੇਂ ਇਹ ਛੂਤ ਦੀ ਬੀਮਾਰੀ ਨਹੀਂ ਹੈ ਪਰ ਫਿਰ ਵੀ ਕਈ ਪਰਵਾਰਾਂ ਵਿਚ ਇਹ ਛੂਤ ਦੇ ਰੋਗ ਵਜੋਂ ਵੀ ਲਗਦੀ ਹੈ।

          ਕਈ ਸਿਧਾਤਾਂ ਦੇ ਬਾਵਜੂਦ ਵੀ ਚੰਬਲ ਦਾ ਕਾਰਨ ਅਜੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਚਲ ਸਕਿਆ। ਕਈ ਡਾਕਟਰ ਖ਼ਿਆਲ ਕਰਦੇ ਹਨ ਕਿ ਇਸ ਰੋਗ ਦਾ ਮੂਲ ਨਾੜੀ ਨਾਲ ਸਬੰਧਿਤ ਹੈ। ਕੁਝ ਹੋਰਨਾਂ ਦਾ ਵਿਚਾਰ ਹੈ ਕਿ ਇਹ ਚਿਕਨਾਹਟ ਨੂੰ ਪਚਾਉਣ ਵਿਚ ਆਉਂਦੀ ਮੁਸ਼ਕਲ ਕਰਕੇ ਪੈਦਾ ਹੁੰਦਾ ਹੈ ਜਾਂ ਫ਼ਿਰ ਕੁਝ ਵਿਸ਼ੇਸ਼ ਕਿਰਮ ਜਾਂ ਵਿਸ਼ਾਣੂਆਂ ਕਾਰਨ ਵੀ ਹੋ ਸਕਦਾ ਹੈ।

          ਚੰਬਲ ਦੀ ਪਹਿਲੀ ਨਿਸ਼ਾਨੀ ਆਮ ਤੌਰ ਤੇ ਸੂਈ ਦੇ ਨੱਕੇ ਜਿੰਨੇ ਚਮਕੀਲੇ ਲਾਲ ਨਿਸ਼ਾਨ ਦਾ ਫੁਟਣਾ ਹੈ। ਇਹ ਨਿਸ਼ਾਨ ਇਕੱਠੇ ਹੋ ਕੇ ਵੱਡੇ ਹੋ ਜਾਂਦੇ ਹਨ ਅਤੇ ਅੰਤ ਵਿਚ ਲਾਲ ਚਮੜੀ ਦੇ ਵੱਡੇ ਵੱਡੇ ਧੱਬੇ ਬਣ ਜਾਂਦੇ ਹਨ। ਰਾਜ਼ੀ ਹੋਣ ਵਕਤ ਇਹ ਵਿਚਕਾਰੋਂ ਸ਼ੁਰੂ ਹੁੰਦਾ ਹੈ ਅਤੇ ਬਾਅਦ ਵਿਚ ਇਹ ਇਕ ਲਾਲ-ਭੂਰਾ ਧੱਬਾ ਛੱਡ ਜਾਂਦਾ ਹੈ।

          ਚੰਬਲ ਦੇ ਕੁਝ ਵਿਸ਼ੇਸ਼ ਲੱਛਣਾਂ ਵਿਚ ਮੋਟੀ, ਚਾਂਦੀ ਰੰਗੀ ਚਿੱਟੀ ਪੇਪੜੀ ਜਿਹੀ ਵੀ ਦਿਸਦੀ ਹੈ। ਜਦ ਇਨ੍ਹਾਂ ਨੂੰ ਲਾਹ ਦਿੱਤਾ ਜਾਂਦਾ ਹੈ ਤਾਂ ਛੋਟੇ ਛੋਟੇ ਖ਼ੂਨ ਰਿਸਣ ਵਾਲੇ ਧੱਬੇ ਨਜ਼ਰ ਆਉਂਦੇ ਹਨ।

          ਚੰਬਲ ਦੀ ਛੂਤ ਆਮ ਤੌਰ ਤੇ ਆਰਕ, ਗੋਡਿਆਂ ਅਤੇ ਬਾਹਾਂ ਜਾਂ ਲੱਤਾਂ ਦੇ ਪਿੱਛੇ ਫੁਟਦੀ ਹੈ। ਪੇਟ ਅਤੇ ਛਾਤੀ ਉੱਤੇ ਬਹੁਤ ਘੱਟ ਹੁੰਦੀ ਹੈ। ਕਦੀ ਕਦਾਈਂ ਇਨ੍ਹਾਂ ਜ਼ਖ਼ਮਾਂ ਵਿਚ ਲਾਗ ਪੈਦਾ ਹੋ ਜਾਂਦੀ ਹੈ ਅਤੇ ਇਨ੍ਹਾਂ ਵਿਚ ਪੀਕ ਪੈ ਜਾਂਦੀ ਹੈ। ਹੱਥਾਂ ਅਤੇ ਪੈਰਾਂ ਦੇ ਨਹੁੰ, ਹਥੇਲੀਆਂ ਅਤੇ ਪੈਰਾਂ ਦੀ ਹੇਠਲੀ ਚਮੜੀ ਵੀ ਇਸ ਦੇ ਅਸਰ ਹੇਠ ਆ ਸਕਦੀ ਹੈ।

          ਇਸ ਬੀਮਾਰੀ ਦੇ ਹੋਣ ਦਾ ਕਾਰਨ ਪਤਾ ਨਾ ਹੋਣ ਕਰਕੇ ਇਸ ਦਾ ਇਲਾਜ ਘੱਟ ਚਿਕਨਾਹਟ ਵਾਲੀਆਂ ਖ਼ੁਰਾਕਾਂ ਰਾਹੀਂ ਵੀ ਕੀਤਾ ਗਿਆ ਹੈ। ਕਈ ਰੋਗੀਆਂ ਵਿਚ ਸੂਰਜ ਦੀ ਰੋਸ਼ਨੀ ਜਾਂ ਅਲਟ੍ਰਾ-ਵਾਇਲਿਟ ਕਿਰਨਾਂ ਨਾਲ ਵੀ ਸੁਧਾਰ ਹੋਇਆ ਹੈ। ਸਪੈਸ਼ਲ ਕਿਸਮ ਦੀ ਕਾਲੀ ਮੱਲ੍ਹਮ (ਟਾਰ ਮੱਲ੍ਹਮ) ਦੀ ਵਰਤੋਂ ਵੀ ਕਾਫ਼ੀ ਲਾਹੇਵੰਦ ਰਹੀ ਹੈ। ਕਰਾਈਸੈਰੋਬਿਨ ਹਥੇਲੀਆਂ ਅਤੇ ਪੈਰਾਂ ਦੀ ਹੇਠਲੀ ਚਮੜੀ ਉੱਤੇ ਚੰਬਲ ਲਈ ਕਾਫ਼ੀ ਲਾਭਦਾਇਕ ਸਿੱਧ ਹੁੰਦੀ ਹੈ। ਕਈ ਦੇਸ਼ਾਂ ਵਿਚ ਹਾਰਮੋਨਾਂ ਦੀ ਵਰਤੋਂ ਵੀ ਕੀਤੀ ਗਈ ਹੈ ਪਰ ਇਸ ਦਾ ਠੋਸ ਸਿੱਟਾ ਨਹੀਂ ਨਿਕਲ ਸਕਿਆ ਕਿ ਗਲੈਂਡ ਅਤੇ ਚੰਬਲ ਦਾ ਕੋਈ ਆਪਸੀ ਸਬੰਧ ਹੈ।

          ਵਿਕੀਰਨ ਨਾਲ ਵੀ ਇਹ ਬੀਮਾਰੀ ਠੀਕ ਹੋ ਜਾਂਦੀ ਹੈ ਪਰ ਇਹ ਇਸ ਦੇ ਦੁਬਾਰਾ ਹੋ ਜਾਣ ਨੂੰ ਨਹੀਂ ਰੋਕ ਸਕਦੀ। ਇਸ ਢੰਗ ਵਿਚ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਇਕ ਹੋਰ ਦਵਾਈ ਮੀਥੋਟਰੈਕਸੇਟ ਕਈ ਦੇਸ਼ਾਂ ਵਿਚ ਬਹੁਤ ਹੀ ਚੰਗੀ ਸਿੱਧ ਹੋਈ ਹੈ।

          ਬੱਚਿਆਂ ਵਿਚ ਚੰਬਲ ਦਾ ਇਲਾਜ ਬਹੁਤ ਹੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਟਾਰ ਵਾਲੇ ਪਦਾਰਥਾਂ ਦਾ ਕਈ ਵਾਰ ਚਮੜੀ ਦੀਆਂ ਕੇਸ਼ਿਕਾਵਾਂ ਰਾਹੀਂ ਅੰਦਰ ਜਾਣ ਦਾ ਡਰ ਰਹਿੰਦਾ ਹੈ। ਸਿਰ ਦੀ ਚਮੜੀ ਦੇ ਇਲਾਜ ਲਈ ਸੈਲੀਸਿਲਿਕ ਐਸਿਡ ਦਾ ਸ਼ੈਂਪੂ ਕਾਫ਼ੀ ਅਸਰਦਾਇਕ ਰਹਿੰਦਾ ਹੈ।

          ਹ. ਪੁ.––ਮੈ. ਹੈ. ਐਨ. 4 : 1084; ਮ. ਕੋ. 483


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਚੰਬਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੰਬਲ (ਦਰਿਆ) : ਮੱਧ ਭਾਰਤ ਵਿਚੋਂ ਨਿਕਲਣ ਵਾਲਾ ਜਮਨਾ ਦਾ ਇਕ ਮੁੱਖ ਸਹਾਇਕ ਦਰਿਆ ਹੈ। ਇਹ ਮੱਧ ਪ੍ਰਦੇਸ਼ ਰਾਜ ਦੇ ਇੰਦੌਰ ਜ਼ਿਲ੍ਹੇ ਵਿਚ ਮਊ ਸ਼ਹਿਰ ਤੋਂ ਕੋਈ 15 ਕਿ. ਮੀ. ਦੱਖਣ–ਪੱਛਮ ਵਲ ਵਿੰਧਿਆਚਲ ਪਰਬਤੀ ਲੜੀ ਵਿਚੋਂ 611 ਮੀ. (2,019 ਫੁੱਟ) ਦੀ ਉਚਾਈ ਤੋਂ ਨਿਕਲਦਾ ਹੈ। ਆਪਣੇ ਸੋਮੇ (ਵਿੰਧਿਆ ਪਹਾੜੀਆਂ ਦੀਆਂ ਉੱਤਰੀ ਢਲਾਣਾਂ) ਤੋਂ ਇਹ ਉੱਤਰ ਵੱਲ ਹੇਠਾਂ ਨੂੰ ਵਗਣਾ ਸ਼ੁਰੂ ਕਰਦਾ ਹੈ। ਗਵਾਲੀਅਰ, ਇੰਦੌਰ, ਸੀਤਾਮਾਉ ਅਤੇ ਝਲਮਾੜ ਤੋਂ ਦੀ ਘੁੰਮਦਾ ਹੋਇਆ ਕੋਈ 3,000 ਕਿ. ਮੀ. ਦਾ ਸਫ਼ਰ ਤੈਅ ਕਰਕੇ ਚੌਰਾਸਗੜ੍ਹ ਦੇ ਸਥਾਨ ਤੇ ਰਾਜਸਥਾਨ ਵਿਚ ਸ਼ਾਮਲ ਹੁੰਦਾ ਹੈ। ਇਥੇ ਇਹ ਕੋਟਾ ਅਤੇ ਬੂੰਦੀ ਜ਼ਿਲ੍ਹਿਆਂ ਦੀ ਹੱਦ ਬਣਾਉਂਦਾ ਹੈ। ਇਥੋਂ ਇਸ ਦਾ ਰੁਖ ਉੱਤਰ-ਪੂਰਬੀ ਦਿਸ਼ਾ ਵਿਚ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਰਾਜਸਥਾਨ ਮੱਧ ਪ੍ਰਦੇਸ਼ ਦੀ ਸਰਹੱਦ ਦੇ ਨਾਲ ਨਾਲ ਲਗਦਾ ਹੈ, ਪੂਰਬ––ਦੱਖਣ–ਪੂਰਬ ਦਿਸ਼ਾਵਾਂ ਵੱਲ ਹੁੰਦਾ ਹੋਇਆ ਉੱਤਰ-ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੀ ਸਰਹੱਦ ਬਣਾਉਂਦਾ ਹੋਇਆ 900 ਕਿ. ਮੀ. (550 ਮੀਲ) ਦਾ ਸਫ਼ਰ ਤਹਿ ਕਰਕੇ ਉੱਤਰ ਪ੍ਰਦੇਸ਼ ਵਿਚ ਜਮਨਾ ਦਰਿਆ ਵਿਚ ਜਾ ਰਲਦਾ ਹੈ। ਬਨਾਸ, ਕਾਲੀ ਸਿੰਧ, ਸਿਪਰਾ ਅਤੇ ਪਾਰਬਤੀ ਇਸ ਦੀਆਂ ਮੁੱਖ ਸਹਾਇਕ ਨਦੀਆਂ ਹਨ।

          26° 30' ਉ. ਵਿਥ.; 79° 15' ਪੂ. ਲੰਬ.

          ਹ. ਪੁ.––ਐਨ. ਬ੍ਰਿ. ਮਾ. 2 : 716


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.