ਛੂਛਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਛੂਛਕ: ਸੂਤਕ ਸ਼ਬਦ ਦਾ ਹੀ ਵਿਗਾੜ ਰੂਪ ਛੂਛਕ ਹੈ। ਛੂਛਕ ਬੱਚੇ ਦੇ ਜਨਮ ਤੋਂ ਬਾਅਦ ਹੀ ਇੱਕ ਰਸਮ ਹੈ, ਜੋ ਪੰਜਾਬ ਭੂ-ਖੇਤਰ ਦੇ ਮਾਲਵੇ, ਮਾਝੇ, ਦੁਆਬੇ ਆਦਿ ਵਿੱਚ ਮਨਾਈ ਜਾਂਦੀ ਹੈ ਪਰ ਮਾਲਵੇ ਵਿੱਚ ਵਧੇਰੇ ਪ੍ਰਚਲਿਤ ਹੈ। ਵਿਆਹੁਤਾ ਧੀ ਪਹਿਲਾ ਜਣੇਪਾ (ਜਾਪਾ) ਆਪਣੇ ਪੇਕੇ ਘਰ ਹੀ ਕੱਟਦੀ ਹੈ। ਮਾਪੇ ਆਪਣੀ ਵਿਆਹੁਤਾ ਧੀ ਨੂੰ ਗਰਭ ਦੇ ਸੱਤਵੇਂ ਮਹੀਨੇ ਸਹੁਰੇ ਘਰ ਤੋਂ ਪੇਕੇ ਘਰ ਲੈ ਕੇ ਆਉਂਦੇ ਹਨ। ਬੱਚੇ ਦੇ ਜਨਮ ਸਮੇਂ ਜੱਚਾ ਦੀ ਪੂਰੀ ਦੇਖ-ਭਾਲ ਕਰਦੇ ਹਨ ਅਤੇ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈ ਤਾਂ ਮਾਪਿਆਂ ਵੱਲੋਂ ਧੀ ਦੇ ਸਹੁਰੇ-ਘਰ ਨਵ-ਜਨਮੇ ਬੱਚੇ ਦੀ ਸੂਚਨਾ ਭੇਜਣ ਲਈ ਗੁੜ੍ਹ ਦੀ ਭੇਲੀ ਜਾਂ ਪਤਾਸੇ ਆਦਿ ਵਧਾਈ ਦੇ ਰੂਪ ਵਿੱਚ ਭੇਜੇ ਜਾਂਦੇ ਹਨ। ਇਹ ਭੇਲੀ ਜਾਂ ਵਧਾਈ, ਬੱਚੇ ਦੇ ਮਾਮੇ (ਜੱਚਾ ਦੇ ਵੀਰ) ਵੱਲੋਂ ਭੈਣ ਦੇ ਸਹੁਰੇ-ਘਰ ਦੇ ਕੇ ਆਉਣ ਦੀ ਰੀਤ ਹੈ। ਪਰ ਕਈ ਹਾਲਤਾਂ ਵਿੱਚ ਇਹ ਸਮਗਰੀ ਲਾਗੀ ਦੁਆਰਾ ਵਿਆਹੁਤਾ ਧੀ ਦੇ ਸਹੁਰੇ-ਘਰ ਭੇਜੀ ਜਾਂਦੀ ਹੈ। ਅਜਿਹੇ ਸਮੇਂ ਜੱਚਾ ਦੇ ਸਹੁਰਿਆਂ ਵੱਲੋਂ ਵਧਾਈ ਲੈ ਕੇ ਜਾਣ ਵਾਲੇ ਲਾਗੀ ਨੂੰ ਖੇਸ ਜਾਂ ਕੰਬਲ ਦੇ ਉੱਤੇ ਕੁਝ ਰੁਪਏ ਧਰ ਕੇ ਦਿੱਤੇ ਜਾਂਦੇ ਹਨ। ਜਦੋਂ ਬੱਚਾ 11 ਜਾਂ 15 ਦਿਨਾਂ ਦਾ ਹੋ ਜਾਂਦਾ ਹੈ ਤਾਂ ਦਾਦਕਿਆਂ ਵੱਲੋਂ ਬੱਚੇ ਦੀ ਮਾਂ (ਜੱਚਾ) ਲਈ ਘਿਉ ਆਦਿ ਰਲਾ ਕੇ ਪੰਜੀਰੀ ਭੇਜੀ ਜਾਂਦੀ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਸੁੱਕੇ ਮੇਵੇ (ਬਦਾਮ, ਚਾਰੇ ਮਗ਼ਜ਼, ਕਾਜੂ, ਗੂੰਦ, ਕਮਰਕਸ ਆਦਿ) ਪਾਏ ਜਾਂਦੇ ਹਨ। ਇਸ ਸਮੇਂ ਦਾਦਕਿਆਂ ਵੱਲੋਂ ਬੱਚੇ ਦੀ ਮਾਂ ਅਤੇ ਬੱਚੇ ਲਈ ਕੱਪੜੇ, ਗਹਿਣੇ ਤੇ ਖਿਡੌਣੇ ਆਦਿ ਵੀ ਭੇਜੇ ਜਾਂਦੇ ਹਨ। ਬੱਚੇ ਦੇ ਜਨਮ ਤੋਂ ਸਵਾ ਜਾਂ ਡੇਢ ਮਹੀਨੇ ਬਾਅਦ ਬੱਚੇ ਦੀ ਮਾਂ ਨੇ ਸਹੁਰੇ ਘਰ ਪਰਤਣਾ ਹੁੰਦਾ ਹੈ। ਅਜਿਹੇ ਸਮੇਂ ਧੀ ਨੂੰ ਵਿਦਾ ਕਰਨ ਵੇਲੇ ਮਾਪਿਆਂ ਵੱਲੋਂ ਧੀ, ਬੱਚੇ ਅਤੇ ਉਸ ਦੇ ਪਰਿਵਾਰ ਦੇ ਸਾਕਾਂ ਨੂੰ ਕੱਪੜੇ, ਗਹਿਣੇ ਅਤੇ ਬੱਚੇ ਲਈ ਖਿਡੌਣੇ ਆਦਿ ਦਿੱਤੇ ਜਾਂਦੇ ਹਨ। ਇਹਨਾਂ ਉਪਹਾਰਾਂ ਵਿੱਚ ਬੱਚੇ ਦਾ ਝੱਗਾ, ਟੋਪੀ, ਰੁਮਾਲ, ਤੌਲੀਆ ਆਦਿ ਸ਼ਾਮਲ ਹੁੰਦੇ ਹਨ। ਵਿਆਹੁਤਾ ਧੀ ਨੂੰ ਦੋ ਜਾਂ ਤਿੰਨ ਤਿਉਰ ਦਿੱਤੇ ਜਾਂਦੇ ਹਨ ਜਿਸ ਵਿੱਚ ਸਲਵਾਰ, ਕੁੜਤੀ, ਦੁਪੱਟਾ ਭਾਵ ਫੁਲਕਾਰੀ ਆਦਿ ਵੀ ਹੁੰਦੇ ਹਨ। ਇਸ ਸਮੇਂ ਬੱਚੇ ਦੀ ਦਾਦੀ, ਚਾਚੀ, ਤਾਈ ਤੇ ਭੂਆ ਨੂੰ ਵੀ ਇੱਕ-ਇੱਕ ਤਿਉਰ ਦਿੱਤਾ ਜਾਂਦਾ ਹੈ ਅਤੇ ਬੱਚੇ ਦੇ ਦਾਦੇ, ਚਾਚੇ, ਫੁੱਫੜ ਤੇ ਤਾਏ ਆਦਿ ਨੂੰ ਖ਼ੇਸ ਜਾਂ ਕੰਬਲ ਦੇਣ ਦੀ ਰੀਤ ਹੈ। ਬੱਚੇ ਦੇ ਪਿਉ (ਜਵਾਈ) ਨੂੰ ਵੀ ਪੰਜ ਕੱਪੜੇ ਦਿੱਤੇ ਜਾਂਦੇ ਹਨ। ਬੱਚੇ ਨੂੰ ਸੋਨੇ ਦਾ ਕੜਾ ਜਾਂ ਚਾਂਦੀ ਦੇ ਸਗਲੇ (ਪੈਰਾਂ ਦਾ ਗਹਿਣਾ) ਆਦਿ ਪਾਏ ਜਾਂਦੇ ਹਨ। ਕਈ ਰੱਜੇ-ਪੁੱਜੇ ਟੱਬਰ ਇਸ ਸਮੇਂ ਦੁੱਧ ਵਾਲਾ ਪਸ਼ੂ ਭਾਵ ਮੱਝ, ਗਊ ਆਦਿ ਵੀ ਛੂਛਕ ਦੀ ਰਸਮ ਵਿੱਚ ਪੁੰਨ ਵਜੋਂ ਦਿੰਦੇ ਹਨ।

     ਛੂਛਕ ਰਸਮ ਦਾ ਕੱਪੜਾ-ਲੱਤਾ ਅਤੇ ਦਿੱਤੀ ਜਾਣ ਵਾਲੀ ਦਾਤ ਭੇਜਣ ਤੋਂ ਇੱਕ ਦਿਨ ਪਹਿਲਾਂ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਗਵਾਂਢੀਆਂ ਜਾਂ ਅੰਗਾਂ ਸਾਕਾਂ ਨੂੰ ਦਿਖਾਉਣ ਲਈ ਮੰਜਿਆਂ `ਤੇ ਸਜਾਈ ਜਾਂਦੀ ਹੈ।

     ਇੱਕ ਲੋਕ ਵਿਸ਼ਵਾਸ ਅਨੁਸਾਰ ਛੂਛਕ ਦੀ ਰਸਮ ਸੂਤਕ ਸ਼ੁੱਧੀ ਲਈ ਨਿਭਾਈ ਜਾਂਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਜਣੇਪੇ ਵਾਲੀ ਜੱਚਾ ਅਤੇ ਜਣੇਪੇ ਵਾਲੇ ਘਰ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ। ਇਸ ਲਈ ਜਣੇਪੇ ਸਮੇਂ ਦੀ ਸੂਤਕ (ਪ੍ਰਸੂਤ) ਅਸ਼ੁੱਧੀ ਨੂੰ ਦੂਰ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਇਹ ਸ਼ੁੱਧੀ ਬ੍ਰਾਹਮਣ ਦੇ 11ਵੇਂ ਦਿਨ, ਛਤ੍ਰੀ ਦੇ 13ਵੇਂ ਦਿਨ, ਵੈਸ਼ ਦੇ 17ਵੇਂ ਦਿਨ ਅਤੇ ਸ਼ੂਦਰ ਦੇ 30ਵੇਂ ਦਿਨ ਦੂਰ ਕੀਤੇ ਜਾਣ ਦੀ ਰੀਤ ਹੈ। ਪਰ ਸਿੱਖ ਮੱਤ ਦੇ ਅਨੁਯਾਈ ਉਪਰੋਕਤ ਧਾਰਨਾ ਦੇ ਪਾਬੰਦ ਨਹੀਂ ਹਨ।

     ਅਜੋਕੇ ਸਮੇਂ ਛੂਛਕ ਦਾ ਰਿਵਾਜ ਬਦਲ ਗਿਆ ਹੈ। ਜ਼ਿਆਦਾਤਰ ਬੱਚੇ ਹਸਪਤਾਲਾਂ ਵਿੱਚ ਹੀ ਜਨਮ ਲੈਂਦੇ ਹਨ। ਛੂਛਕ ਦੀ ਰਸਮ ਨੂੰ ਬਾਲਕ ਦੇ ਜਨਮ ਤੋਂ ਛੇਵੇਂ ਦਿਨ ਦੀ ਕਿਰਿਆ ਵੀ ਮੰਨਿਆ ਜਾਂਦਾ ਹੈ। ਇਸ ਸਮੇਂ ਧੀ ਦੇ ਮਾਪੇ ਆਪਣੇ ਵਿਤ ਅਨੁਸਾਰ ਧੀ ਨੂੰ ਘਿਓ ਰਲਾ ਕੇ ਪੰਜੀਰੀ, ਕੱਪੜੇ, ਬਿਸਤਰੇ, ਗਹਿਣੇ, ਖਿਡੌਣੇ ਅਤੇ ਸੁਗ਼ਾਤਾਂ ਆਦਿ ਦਿੰਦੇ ਹਨ ਜਿਸ ਨੂੰ ਛੂਛਕ ਕਿਹਾ ਜਾਂਦਾ ਹੈ। ਕਈ ਅਮੀਰ ਵਿਅਕਤੀ ਬੱਚੇ ਦੇ ਪਿਤਾ ਤੇ ਮਾਂ ਨੂੰ ਸੋਨੇ ਦਾ ਗਹਿਣਾ ਵੀ ਪਾਉਂਦੇ ਹਨ। ਕਈ ਲੋਕ ਛੂਛਕ ਦੀ ਰਸਮ ਨੂੰ ਬੱਚੇ ਦੇ ਜਨਮ ਤੋਂ ਛੇ ਮਹੀਨੇ ਬਾਅਦ ਵੀ ਨਿਭਾਉਂਦੇ ਹਨ।


ਲੇਖਕ : ਦਰਸ਼ਨ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3444, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਛੂਛਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੂਛਕ (ਨਾਂ,ਇ,ਪੁ) ਬਾਲਕ ਦੇ ਜੰਮਣ ਤੋਂ ਛੇਵੇਂ ਦਿਨ ਮਗਰੋਂ ਜੱਚਾ ਨੂੰ ਮਾਪਿਆਂ ਵੱਲੋਂ ਇੱਕ ਰਸਮ ਅਧੀਨ ਦਿੱਤੀਆਂ ਵਸਤਾਂ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3445, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਛੂਛਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੂਛਕ. ਦੇਖੋ, ਸੂਤਕ । ੨ ਬਾਲਕ ਦੇ ਜੰਮਣ ਤੋਂ ਛੀਵੇਂ ਦਿਨ ਦੀ ਕ੍ਰਿਯਾ. ਛਠੀ. ੄੄਎੢। ੩ ਪਤਲੀ ਛਟੀ. ਛਮਕੀ. “ਖੇਲਨ ਮੇ ਜੀਉ ਤੇਰੋ, ਖਾਇਂ ਛੂਛਕਾਨ ਕੋ.” (ਨਾਪ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੂਛਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਛੂਛਕ : ਇਹ ਪੰਜਾਬ ਦੇ ਸਭਿਆਚਾਰਕ ਰਸਮਾਂ-ਰਿਵਾਜਾਂ ਵਿਚੋਂ ਇਕ ਹੈ। ਜਿਸ ਦਾ ਸਬੰਧ ਜਨਮ ਸਮੇਂ ਦੇ ਸੰਸਕਾਰਾਂ ਨਾਲ ਜੁੜਿਆ ਹੋਇਆ ਹੈ। ਕੁਝ ਵਿਦਵਾਨਾਂ ਨੇ ਇਸ ਸ਼ਬਦ ਦਾ ਸਬੰਧ ਸੂਤਕ ਨਾਲ ਮੰਨਿਆ ਹੈ ਅਤੇ ਕੁਝ ਇਸ ਦੇ ਸ਼ਾਬਦਿਕ ਅਰਥ ਦੇ ਵਿਸਥਾਰ ਵਿਚ ਜਾਂਦੇ ਹੋਏ ਇਸ ਦਾ ਸਬੰਧ ਪਲੇਠੀ ਦੇ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਖਾਸ ਤੌਰ ਤੇ ਮੁੰਡੇ ਦੇ ਜਨਮ ਤੋਂ ਬਾਅਦ ਜੱਚਾ ਦੇ ਪੇਕਿਆਂ ਵੱਲੋਂ ਉਸ ਲਈ, ਉਸ ਦੇ ਬੱਚੇ ਅਤੇ ਉਸ ਦੇ ਸਹੁਰਿਆਂ ਲਈ ਸਨਮਾਨ ਦੇ ਤੌਰ ਤੇ ਦਿੱਤੀ ਜਾਣ ਵਾਲੀ ਸਾਮੱਗਰੀ ਆਦਿ ਨਾਲ ਜੋੜਦੇ ਹਨ।

          ਨਵੇਂ ਬਾਲ ਦੀ ਆਮਦ ਬੇਸ਼ਕ ਬੱਚੇ ਦੇ ਦਾਦਕਿਆਂ ਅਤੇ ਨਾਨਕਿਆਂ ਦੋਹਾਂ ਲਈ ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਸਮਾਜਕ ਤੌਰ ਤੇ ਕੁੜੀ ਨਾਲੋਂ ਮੁੰਡੇ ਦੇ ਜਨਮ ਤੇ ਵਧੇਰੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸੂਤਕ ਸਮੇਂ ਜੱਚਾ ਆਪਣੇ ਪੇਕੇ-ਘਰ ਹੋਵੇ ਜਾਂ ਸਹੁਰੇ ਘਰ ਪਰ ਛੂਛਕ ਦੀ ਰਸਮ ਅਦਾ ਕਰਨੀ ਉਸਦੇ ਪੇਕਿਆਂ ਲਈ ਜ਼ਰੂਰੀ ਹੈ। ਜੇਕਰ ਜੱਚਾ ਆਪਣੇ ਪੇਕੇ ਘਰ ਹੋਵੇ ਤਾਂ ਮੁੰਡਾ ਜੰਮਣ ਤੇ ਬਹੁਤ ਸਾਰੇ ਇਲਾਕਿਆਂ ਵਿਚ ਇਸ ਦਿਨ ਮੁੰਡੇ ਦੇ ਦਾਦਕਿਆਂ ਨੂੰ ਨਾਈ ਦੇ ਹੱਥ ਦੁਬ੍ਹ, ਖੰਮ੍ਹਣੀ ਅਤੇ ਭੇਲੀ ਭੇਜੀ ਜਾਂਦੀ ਹੈ। ਅੱਗੋਂ ਭੇਲੀ ਦੇ ਬਦਲੇ ਉਹ ਆਪਣੀ ਨੂੰਹ ਲਈ ਗਹਿਣਾ, ਕੱਪੜੇ ਅਤੇ ਨਾਈ ਤੇ  ਦਾਈ ਨੂੰ ਤਿਉਰ ਆਦਿ ਭੇਜਦੇ ਹਨ। ਉਂਜ ਭੇਲੀ ਪਹੁੰਚਣ ਤੇ ਮੁੰਡੇ ਦੇ ਨਾਨਕਿਆਂ ਵੱਲੋਂ ਛੂਛਕ ਭੇਜਣ ਦਾ ਰਿਵਾਜ ਆਮ ਹੈ। ਕਈ ਇਲਾਕਿਆਂ ਵਿਚ ਛੂਛਕ ਭੇਜਣ ਦਾ ਰਿਵਾਜ ਕੂਆ ਪੁਜਾਈ (ਇਕ ਹੋਰ ਰਸਮ) ਤੋਂ ਪਹਿਲਾਂ ਹੈ ਤੇ ਕਈ ਥਾਈਂ ਛੂਛਕ ਉਸ ਸਮੇਂ ਦਿੱਤੀ ਜਾਂਦੀ ਹੈ ਜਦੋਂ ਮਾਂ ਬੱਚੇ ਨੂੰ ਲੈ ਕੇ ਪਹਿਲੀ ਵਾਰੀ ਆਪਣੇ ਸਹੁਰਿਆਂ ਨੂੰ ਜਾਂਦੀ ਹੈ  ਜਾਂ ਬੱਚੇ ਸਮੇਤ ਪੇਕੇ ਹੋ ਕੇ ਪਹਿਲੀ ਵਾਰੀ ਸੁਹਰੇ ਪਰਤਦੀ ਹੈ ਤਾਂ ਪੇਕਿਆਂ ਵੱਲੋਂ ਉਸ ਨੂੰ ਚਾਰ-ਪੰਜ ਸੂਟ, ਬੱਚੇ ਲਈ ਗਹਿਣਾ, ਕਪੜੇ, ਬਿਸਤਰਾ, ਬਰਤਨ ਅਤੇ ਖਿਡੌਣੇ ਅਤੇ ਸੱਸ, ਨਨਾਣਾਂ, ਪਤੀ, ਸਹੁਰੇ, ਦੇਵਰ, ਜੇਠ ਅਤੇ ਕਈ ਵਾਰੀ ਪਤੀ ਦੇ ਨਾਨਕੇ ਤੇ ਦਾਦਕਿਆਂ ਲਈ ਕੱਪੜੇ ਆਦਿ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਛੂਛਕ ਵਿਚ ਪਹਿਲਾਂ ਚਰਖਾ ਅਤੇ ਪੀੜ੍ਹਾ ਆਦਿ ਦੇਣ ਦਾ ਰਿਵਾਜ ਵੀ ਸੀ ਪਰ ਅਜੋਕੇ ਸਮੇਂ ਵਿਚ ਚਰਖੇ-ਪੀੜ੍ਹੇ ਆਦਿ ਦੀ ਥਾਂ ਹੁਣ ਸਟੀਲ ਦੀ ਅਲਮਾਰੀ, ਟੈਲੀਵਿਯਨ, ਸਕੂਟਰ ਜਾਂ ਹੋਰ ਚੀਜ਼ਾਂ ਦਿੱਤੀਆਂ ਜਾਣ ਲਗੀਆਂ ਹਨ। ਛੂਛਕ ਵਿਚ ਵੀ ਦਹੇਜ ਵਿਚ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਸੂਚੀ ਵਾਂਗ ਕੋਈ ਅੰਤ ਨਹੀਂ ਰਿਹਾ। ਕਈ ਵਾਰੀ ਇਸ ਮੌਕੇ ਤੇ ਲੜਕੀ ਦੇ ਪੇਕਿਆਂ ਵੱਲੋਂ ਵਿਆਹ ਸਮੇਂ ਦਹੇਜ ਦੇ ਘਾਟੇ ਨੂੰ ਪੂਰਾ ਕਰਨ ਦਾ ਵੀ ਯਤਨ ਕੀਤਾ ਜਾਂਦਾ ਹੈ।

          ਹ. ਪੁ.––ਪੰਜਾਬ-ਰੰਧਾਵਾ : 165; ਪੰ. ਟ੍ਰਿ. 27 : 27/3/84


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਛੂਛਕ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਛੂਛਕ : ਇਹ ਪੰਜਾਬ ਦੀਆਂ ਸਭਿਆਚਾਰਕ ਰਸਮਾਂ-ਰਿਵਾਜਾਂ ਵਿਚੋਂ ਇਕ ਹੈ ਜਿਸ ਦਾ ਸਬੰਧ ਬੱਚੇ ਦੇ ਜਨਮ ਸਮੇਂ ਦੇ ਸੰਸਕਾਰਾਂ ਨਾਲ ਜੁੜਿਆ ਹੋਇਆ ਹੈ। ਕੁਝ ਵਿਦਵਾਨਾਂ ਨੇ ਇਸ ਸ਼ਬਦ ਦਾ ਸਬੰਧ ਸੂਤਕ ਨਾਲ ਮੰਨਿਆ ਹੈ ਅਤੇ ਕੁਝ ਵਿਦਵਾਨ ਇਸ ਦੇ ਸ਼ਾਬਦਿਕ ਅਰਥ ਦੇ ਵਿਸਥਾਰ ਵਿਚ ਜਾਂਦੇ ਹੋਏ ਇਸ ਦਾ ਸਬੰਧ ਪਲੇਠੀ ਦੇ ਬੱਚੇ ਖ਼ਾਸ ਤੌਰ ਤੇ ਮੁੰਡੇ ਦੇ ਜਨਮ ਤੋਂ ਬਾਅਦ ਜੱਚਾ ਦੇ ਪੇਕਿਆਂ ਵੱਲੋਂ ਉਸ ਲਈ, ਉਸ ਦੇ ਬੱਚੇ ਅਤੇ ਸਹੁਰਿਆਂ ਲਈ ਸਨਮਾਨ ਦੇ ਤੌਰ ਤੇ ਦਿੱਤੀ ਜਾਣ ਵਾਲੀ ਸਮੱਗਰੀ ਆਦਿ ਨਾਲ ਜੋੜਦੇ ਹਨ।

ਔਰਤ ਦਾ ਬੱਚਾ ਆਪਣੇ ਪੇਕੇ ਘਰ ਹੋਏ ਜਾਂ ਸਹੁਰੇ ਘਰ ਪਰ ਛੂਛਕ ਦੀ ਰਸਮ ਅਦਾ ਕਰਨੀ ਪੇਕਿਆਂ ਲਈ ਹੀ ਜ਼ਰੂਰੀ ਹੁੰਦੀ ਹੈ। ਬੱਚਾ ਜੇਕਰ ਔਰਤ ਦੇ ਪੇਕੇ ਘਰ ਹੋਵੇ ਤਾਂ ਮੁੰਡਾ ਜੰਮਣ ਤੇ ਬਹੁਤ ਸਾਰੇ ਇਲਾਕਿਆਂ ਵਿਚ ਇਸ ਦਿਨ ਮੁੰਡੇ ਦੇ ਦਾਦਕਿਆਂ ਨੂੰ ਨਾਈ ਦੇ ਹੱਥ ਦੁੱਧ, ਖੰਮਣੀ ਅਤੇ ਭੇਲੀ ਭੇਜੀ ਜਾਂਦੀ ਹੈ। ਭੇਲੀ ਦੇ ਬਦਲੇ ਸਹੁਰੇ ਆਪਣੀ ਨੂੰਹ ਨੂੰ ਗਹਿਣਾ, ਕੱਪੜੇ ਅਤੇ ਨਾਈ ਤੇ ਦਾਈ ਨੂੰ ਤਿਉਰ ਆਦਿ ਦੇ ਕੇ ਭੇਜਦੇ ਹਨ। ਕਈ ਇਲਾਕਿਆਂ ਵਿਚੋਂ ਛੂਛਕ ਭੇਜਣ ਦਾ ਰਿਵਾਜ ਕੂਆ ਪੁਜਾਈ (ਰਸਮ) ਤੋਂ ਪਹਿਲਾਂ ਹੈ ਅਤੇ ਕਈ ਥਾਈਂ ਛੂਛਕ ਉਸ ਸਮੇਂ ਦਿੱਤਾ ਜਾਂਦਾ ਹੈ ਜਦੋਂ ਮਾਂ ਬੱਚੇ ਨੂੰ ਲੈ ਕੇ ਪਹਿਲੀ ਵਾਰ ਆਪਣੇ ਸਹੁਰੇ ਜਾਂਦੀ ਹੈ ਜਾਂ ਬੱਚੇ ਸਮੇਤ ਪੇਕੇ ਹੋ ਕੇ ਪਹਿਲੀ ਵਾਰ ਆਪਣੇ ਸਹੁਰੇ ਪਰਤਦੀ ਹੈ । ਪੇਕਿਆਂ ਵੱਲੋਂ ਉਸ ਨੂੰ ਚਾਰ-ਪੰਜ ਸੂਟ, ਗਹਿਣਾ, ਕੱਪੜੇ, ਬਿਸਤਰ, ਬਰਤਨ ਅਤੇ ਖਿਡੌਣੇ, ਸੱਸ, ਨਨਾਣਾਂ, ਪਤੀ, ਸਹੁਰੇ, ਦਿਉਰ, ਜੇਠ ਅਤੇ ਕਈ ਵਾਰ ਪਤੀ ਦੇ ਨਾਨਕੇ ਤੇ ਦਾਦਕਿਆਂ ਲਈ ਕੱਪੜੇ ਆਦਿ ਦਿੱਤੇ ਜਾਂਦੇ ਸਨ। ਪਹਿਲਾਂ ਛੂਛਕ ਵਿਚ ਚਰਖਾ ਅਤੇ ਪੀੜ੍ਹਾ ਆਦਿ ਦੇਣ ਦਾ ਰਿਵਾਜ ਸੀ ਪਰ ਅਜੋਕੇ ਸਮੇਂ ਵਿਚ ਚਰਖੇ, ਪੀੜ੍ਹੇ ਆਦਿ ਦੀ ਥਾਂ ਸਟੀਲ ਦੀ ਅਲਮਾਰੀ, ਟੈਲੀਵਿਜ਼ਨ, ਸਕੂਟਰ ਜਾਂ ਹੋਰ ਆਮ ਵਰਤੋਂ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਛੂਛਕ ਵਿਚ ਵੀ ਦਹੇਜ ਵਿਚ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ ਵਾਂਗ ਕੋਈ ਅੰਤ ਨਹੀਂ ਰਿਹਾ। ਕਈ ਵਾਰੀ ਇਸ ਮੌਕੇ ਤੇ ਲੜਕੀ ਦੇ ਪੇਕਿਆਂ ਵੱਲੋਂ ਵਿਆਹ ਸਮੇਂ ਦਹੇਜ ਦੇ ਘਾਟੇ ਨੂੰ ਪੂਰਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-04-24-55, ਹਵਾਲੇ/ਟਿੱਪਣੀਆਂ: ਹ. ਪੁ. –ਪੰ. -ਰੰਧਾਵਾ : 165; ਪੰ. ਟ੍ਰਿ. 27-3-84

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.