ਛੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੰਦ [ਨਾਂਪੁ] ਉਹ ਕਵਿਤਾ ਜਿਸ ਵਿੱਚ ਮਾਤਰਾ ਅੱਖਰ ਗਣ ਆਦਿ ਦੇ ਨੇਮਾਂ ਦੀ ਪਾਬੰਦੀ ਹੋਵੇ, ਗਤੀ, ਵਿਰਾਮ; ਵਿਆਹ ਦੇ ਮੌਕੇ’ਤੇ ਲਾੜੇ ਵਲੋਂ ਸਾਲੀਆਂ ਨੂੰ ਸੁਣਾਏ ਕਾਵਿ-ਬੋਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੰਦ. ਸੰ. छन्द्. ਧਾ—ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨ ਸੰਗ੍ਯਾ—ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ , ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨ੓ਮ। ੩ ਵੇਦ । ੪ ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫ ਅਭਿਲਾਖਾ. ਇੱਛਾ. “ਤਜੇ ਸਰਬ ਆਸਾ ਰਹੇ ਏਕ ਛੰਦੰ.” (ਦੱਤਾਵ) ੬ ਬੰਧਨ. “ਸਭ ਚੂਕੇ ਜਮ ਕੇ ਛੰਦੇ.” (ਬਿਲਾ ਮ: ੪) ੭ ਕਪਟ. ਛਲ। ੮ ਅਭਿਪ੍ਰਾਯ. ਮਤਲਬ। ੯ ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ ਅਤੇ ਇਸੇ ਕਰਕੇ ਵੇਦ ਦਾ ਨਾਉਂ “ਛੰਦ” ਪਿਆ। ੧੦ ਗੁਰੁਪ੍ਰਤਾਪ ਸੂਰਯ ਵਿੱਚ ਕੇਵਲ “ਛੰਦ” ਪਦ ਲਿਖਕੇ “ਹੰਸਗਤਿ” ਛੰਦ ਦਾ ਰੂਪਾਂਤਰ ਦਿੱਤਾ ਹੈ, ਯਥਾ:—

ਗੁਰੁ ਤੇ ਵਿਛੜਾ ਸਿੱਖ , ਲੋਭੀ ਨਾਮ ਕਹੁ,

ਬਖ਼ਸ਼ੈ ਗੁਰੁ ਬਖਸ਼ੰਦ, ਮੇਲੈ ਛਾਡਰਹੁ,

ਔਗੁਣਹਾਰੇ ਨੀਤ , ਚਲੇ ਨ ਸਾਚਮਗ,

ਲੰਪਟਭਏ ਕੁਟੰਬ , ਨ ਮਿਥ੍ਯਾ ਲਖ੍ਯੋ ਜਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੰਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਛੰਦ (ਸੰ.। ਸੰਸਕ੍ਰਿਤ ਛੰਦਸ) ੧. ਇੱਛਾ

੨. ਸ੍ਵਛੰਦ ਅਰਥਾਤ ਸੁਤੰਤ੍ਰ। ਯਥਾ-‘ਬ੍ਰਹਮਾਦਿਕ ਸਿਵ ਛੰਦ ਮੁਨੀਸਰ’ ਬ੍ਰਹਮਾਦਿਕ ਦੇਵਤੇ ਸਿਵ ਅਰ ਸੁਤੰਤ੍ਰ ਮੁਨੀ ਲੋਕ

੩. ਸਲੋਕ , ਕਵਿਤਾ, ਛੰਤ

੪. (ਸੰਪ੍ਰਦਾ) ਇਕ ਮੁਨਿ ਦਾ ਨਾਮ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਛੰਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਛੰਦ : ‘ਛੰਦ’ ਸ਼ਬਦ ਗੁਰਬਾਣੀ ਵਿਚ ਕਈ ਅਰਥਾਂ ਵਿਚ ਆਇਆ ਹੈ, ਜਿਵੇਂ ਮੁਥਾਜੀ ‘ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮੋਹਿ ਛੰਦਾ’; ਬੰਧਨ––‘ਸਭ ਚੂਕੇ ਜਮ ਕੇ ਛੰਦੇ’                                 ––(ਬਿਲਾਵਲ, ਮ. ੪)

          ‘ਛੰਦ’ ਸ਼ਬਦ ਦਾ ਧਾਤੂ ਛੰਦ੍ ਵੀ ਮੰਨਿਆ ਜਾਂਦਾ ਹੈ ਜਿਸ ਦੇ ਅਰਥ ਹਨ ਢਕਣਾ, ਲੁਕਾਣਾ, ਅਛਾਦਨ ਕਰਨਾ ਆਦਿ। ਰਿਗਵੇਦ ਦੇ ਨਿਰੁਕਤ ਅੰਗ ਵਿਚ ਆਇਆ ਹੈ ਕਿ ਦੇਵਤਿਆਂ ਨੇ ਮੌਤ ਅਤੇ ਦੁੱਖਾਂ ਤੋਂ ਬਚਣ ਲਈ ਜਿਨ੍ਹਾਂ ਮੰਤਰਾਂ ਰਾਹੀਂ ਆਪਣੇ ਆਪ ਨੂੰ ਢੱਕਿਆ, ਉਨ੍ਹਾਂ ਨੂੰ ‘ਛੰਦ’ ਕਹਿੰਦੇ ਹਨ। ਇਸ ਤਰ੍ਹਾਂ ਵੇਦ ਦਾ ਨਾਂ ਵੀ ਛੰਦ ਪੈ ਗਿਆ।

          ਛੰਦ ਸ਼ਬਦ ਨੂੰ ਸੰਸਕ੍ਰਿਤ ਨੂੰ ਸੰਸਕ੍ਰਿਤ ਸ਼ਬਦ ‘ਛੰਦਸ੍’ ਨਾਲ ਵੀ ਜੋੜਿਆ ਜਾਂਦਾ ਹੈ। ਸ੍ਰੀਮਦ ਭਗਵਤ ਗੀਤਾ ਵਿਚ ਵੇਦਾਂ ਨੂੰ ਛੰਦਸ੍ ਕਿਹਾ ਗਿਆ ਹੈ। ‘ਅਮਰ ਕੋਸ਼’, ਜੋ ਛੇਵੀਂ ਸਦੀ ਈ. ਦੀ ਰਚਨਾ ਹੈ, ਵਿਚ ‘ਛੰਦ’ ਦੇ ਅਰਥ ‘ਮਨ ਦੀ ਗਲ’ ਦਿੱਤੇ ਹਨ।

          ਵੇਦ ਦੇ ਛੇ ਅੰਗਾਂ ਵਿਚੋਂ ਇਕ ਅੰਗ ‘ਛੰਦ’ ਮੰਨਿਆ ਗਿਆ ਹੈ। ਹੋਰ ਅੰਗ ਹਨ : ਸਿਖਿਆ, ਕਲਪ, ਵਿਆਕਰਣ, ਨਿਰੁਕਤ ਅਤੇ ਜੋਤਿਸ਼। ਨਿਰੁਕਤ ਤੇ ਭਾਸ਼ਾ–ਕਾਰ ਦਾ ਕਥਨ ਹੈ ਕਿ ਛੰਦ ਤੋਂ ਬਿਨਾ ਬਾਣੀ ਦਾ ਉਚਾਰਣ ਸੰਭਵ ਨਹੀਂ ਹੈ।

          ‘ਅਗਨੀ ਪੁਰਾਣ’ ਵਿਚ ਦੋ ਪ੍ਰਕਾਰ ਦੇ ਛੰਦਾਂ ਦਾ ਵਰਣਨ ਆਇਆ ਹੈ, ਇਕ ਵੈਦਿਕ ਤੇ ਦੂਜੇ ਲੌਕਿਕ। ਇਹ ਵੰਡ ਕੋਈ ਵਿਗਿਆਨਕ ਨਹੀਂ ਆਖੀ ਜਾ ਸਕਦੀ। ਇਸ ਵੰਡ ਦਾ ਮੁੱਖ ਭਾਵ ਕੇਵਲ ਇਤਨਾ ਹੈ ਕਿ ਵੇਦ ਬਾਣੀ ਨੂੰ ਵੈਦਿਕ ਛੰਦ ਦਾ ਨਾਂ ਦੇ ਦਿੱਤਾ ਗਿਆ ਹੈ ਅਤੇ ਵੇਦਾਂ ਤੋਂ ਬਾਅਦ ਅਥਵਾ ਬਾਹਰ ਲਿਖੇ ਛੰਦ ‘ਲੌਕਿਕ’ ਅਖਵਾਏ।

          ਵੈਦਿਕ ਛੰਦਾਂ ਤੇ ਲੌਕਿਕ ਛੰਦਾਂ ਵਿਚ ਵਰਣ–ਸੰਖਿਆ ਤੇ ਪਦ–ਵਿਵਸਥਾ ਦਾ ਵੀ ਕੁਝ ਅੰਤਰ ਮੰਨਿਆ ਜਾਂਦਾ ਹੈ।

          ‘ਵ੍ਰਿਹਤ ਸ਼ਬਦਸਾਗਰ’ ਅਨੁਸਾਰ ਛੰਦ ਸ਼ਬਦ ਦੀ ਵਰਤੋਂ ਭਿੰਨ–ਭਿੰਨ ਅਰਥਾਂ ਵਿਚ ਕੀਤੀ ਗਈ ਹੈ, ਜਿਵੇਂ :

          (1)     ਵੇਦ।

          (2)     ਵੇਦ ਵਾਕ ਜਿਸ ਵਿਚ ਗਾਇਤ੍ਰੀ ਵੀ ਸ਼ਾਮਲ ਹੈ।

          (3)     ਉਹ ਵਾਕ ਜਿਸ ਦੀ ਰਚਨਾ ਵਰਣ ਅਤੇ ਮਾਤ੍ਰਾ ਦੇ ਨਿਯਮਾਂ ਪੁਰ ਆਧਾਰਿਤ ਹੋਵੇ।

          (4)     ਛੇ ਵੇਦਾਂਗਾਂ ਵਿਚੋਂ ਇਕ ਵਿਤਿਆ ਜਿਸ ਵਿਚ ਛੰਦ ਦੇ ਲੱਛਣਾਂ ਦਾ ਵਿਚਾਰ ਕੀਤਾ ਗਿਆ ਹੋਵੇ।

          (5)     ਛਾਦਨ, ਪਰਦਾ, ਢਕਣ, ਆਵਰਣ।

          (6)     ਪਤਨੀ।

          (7)     ਰੰਗ ਢੰਗ, ਆਕਾਰ ਚੇਸ਼ਟਾ।

          (8)     ਛਲ ਛੰਦ, ਕਪਟ, ਮਕਰ।

          (9)     ਅਭਿਲਾਖਾ।

          (10)   ਚਾਲ, ਕਲਾ, ਚਾਲਾਕੀ ਆਦਿ।

          (11)    ਬੰਧਨ।

          ਇਸ ਤਰ੍ਹਾਂ ਇਸ ਦੇ ਹੋਰ ਵੀ ਅਰਥ ਦਿੱਤੇ ਹਨ, ਜਿਵੇਂ ਮਤਲਬ, ਵਿਹੁ, ਮਨਮਰਜ਼ੀ, ਜਾਲ, ਏਕਾਂਤ ਆਦਿ। ਪਰ ਅੱਜ ਪੰਜਾਬੀ ਕਾਵਿ ਸਾਹਿੱਤ ਵਿਚ ਛੰਦ ਦੇ ਦੋ ਹੀ ਅਰਥ ਪ੍ਰਧਾਨ ਮੰਨੇ ਜਾਂਦੇ ਹਨ––ਇਕ ਉਹ ਵਿਦਿਆ ਜਿਸ ਵਿਚ ਛੰਦ ਦੇ ਲੱਛਣ ਆਦਿ ਦਾ ਗਿਆਨ ਦਿੱਤਾ ਜਾਏ ਅਤੇ ਦੂਜੇ ਅਜਿਹੀ ਰਚਨਾ ਜੋ ਅੱਖਰ, ਮਾਤ੍ਰਾ, ਗੁਣ ਆਦਿ ਦੇ ਨਿਯਮਾਂ ’ਤੇ ਆਧਾਰਿਤ ਹੋਵੇ। ਇਸ ਤਰ੍ਹਾਂ ਵਜ਼ਨ ਤੋਲ ਵਿਚ ਲਿਖਿਆ ਹਰ ਵਾਕ ਛੰਦ ਹੈ ਅਤੇ ਦੂਜੇ ਸ਼ਬਦਾਂ ਵਿਚ ਹਰ ਪਦ ਅਥਵਾ ਨਜ਼ਮ ਛੰਦ ਹੈ। ਹਿੰਦੀ ਸਾਹਿੱਤ ਵਿਚ ਮੁੱਖ ਰੂਪ ਵਿਚ ਛੰਦ ਸ਼ਬਦ ਦੀ ਵਰਤੋਂ ਨਿਮਨ–ਲਿਖਿਤ ਤਿੰਨ ਭਾਵ ਪ੍ਰਗਟਾਉਣ ਲਈ ਕੀਤੀ ਜਾਂਦੀ ਹੈ :

          (1)     ਵੈਦਿਕ ਛੰਦਾਂ ਦੇ ਅਰਥਾਂ ਵਿਚ,

          (2)     ਛੰਦ ਵਿਧਾਨ ਦੇ ਸਾਧਾਰਣ ਅਰਥਾਂ ਵਿਚ,

          (3)     ਛੰਦ ਪ੍ਰਵ੍ਰਿਤੀ ਲਈ, ਜਿਵੇਂ ਦੋਹਾ, ਬੈਂਤ, ਚੌਪਈ ਆਦਿ ਅਤੇ ਇਸੇ ਤਰ੍ਹਾਂ ਵਰਣਿਕ ਜਾਂ ਮਾਤ੍ਰਿਕ ਅਥਵਾ ਗਣ ਛੰਦਾਂ ਦੀ ਵੱਖ ਵੱਖ ਰੂਪਾਂ ਲਈ।

          (4)     ਕਦੇ ਕਦੇ ਛੰਦ ਸ਼ਬਦ ਦੀ ਵਰਤੋਂ ਕਿਸੇ ਪੂਰੀ ਕਾਵਿ–ਰਚਨਾ ਜਾਂ ਉਸ ਦੀ ਇਕਾਈ ਲਈ ਵੀ ਕੀਤੀ ਜਾਂਦੀ ਹੈ, ਜਿਵੇਂ ‘ਸੂਰ ਸਾਗਰ’ ਦੀ ਛੰਦ–ਸੰਖਿਆ 4936 ਹੈ ਇਤਿਆਦਿ।

          ਕਵਿਤਾ ਤੇ ਛੰਦ : ਪੁਰਾਤਨ ਕਾਲ ਦੀ ਲਗਭਗ ਸਾਰੀ ਕਾਵਿ–ਰਚਨਾ ਛੰਦਾਬੰਦੀ ਵਿਚ ਹੈ, ਇਸ ਲਈ ਆਮ ਖ਼ਿਆਲ ਇਹ ਲਿਆ ਜਾਂਦਾ ਹੈ ਕਿ ਹਰ ਕਵਿਤਾ ਕਿਸੇ ਨਾ ਕਿਸੇ ਛੰਦ ਵਿਚ ਹੁੰਦੀ ਹੈ। ਇੱਥੋਂ ਹੀ ਹਰ ਤੋਲ ਤੁਕਾਂਤ ਵਾਲੀ ਰਚਨਾ ਦਾ ਕਵਿਤਾ ਜਾਂ ਨਜ਼ਮ ਹੋਣ ਦਾ ਭੁਲੇਖਾ ਪੈਣ ਲੱਗ ਜਾਂਦਾ ਹੈ, ਜਿਵੇਂ :

                   ਇਹ ਪੰਛੀ ਹੈ ਕਾਲਾ ਕਾਂ

                   ਜਦ ਆਵੇ ਕਰਦਾ ਕਾਂ ਕਾਂ

                   ਭੁਲ ਕੇ ਇਸ ਦਾ ਲਉ ਨ ਨਾਂ

                   ਡਾਢਾ ਕਾਲਾ ਹੈ ਇਹ ਕਾਂ।

          ਇਸ ਬੰਦ ਵਿਚ ਵਜ਼ਨ ਤੋਲ ਪੂਰਾ ਹੈ ਪਰ ਇਹ ਕਵਿਤਾ ਨਹੀਂ। ਕਵਿਤਾ ਲਈ ਇਕ ਨਿਗਰ ਖ਼ਿਆਲ ਤੇ ਜਜ਼ਬੇ ਦੀ ਲੋੜ ਹੈ। ਇਸ ਵਿਚ ਇਨ੍ਹਾਂ ਦੋਹਾਂ ਦੀ ਘਾਟ ਹੈ। ਇਸ ਦੇ ਟਾਕਰੇ ਤੇ

                   ਮਿੱਠੇ ਤਾਂ ਲਗਦੇ ਮੈਨੂੰ ਫੁੱਲਾਂ ਦੇ ਹੁਲਾਰੇ

                   ਜਿੰਦ ਮੇਰੀ ਪਰ ਕੁਸਦੀ।

ਵਿਚ ਕਾਫ਼ੀਆਂ ਨਹੀਂ ਰਲਦਾ, ਪਰ ਇਹ ਪੂਰਣ ਕਵਿਤਾ ਹੈ ਕਿਉਂਕਿ ਇਸ ਵਿਚ ਇਕ ਉੱਤਮ ਵਿਚਾਰ ਜਜ਼ਬੇ–ਰੱਤੀ ਬੋਲੀ ਵਿਚ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਅੱਜ ਦੇ ਯੁੱਗ ਵਿਚ ਕਵਿਤਾ ਲਈ ਕਿਸੇ ਛੰਦ ਜਾਂ ਵਜ਼ਨ ਤੋਲ ਦਾ ਹੋਣਾ ਜ਼ਰੂਰੀ ਨਹੀਂ ਰਿਹਾ।

                       


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਛੰਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਛੰਦ : ਛੰਦ ਉਸ ਵਕਤ ਦੀ ਕਾਵਿ-ਰਚਨਾ ਜਾਪਦੀ ਹੈ ਜਦੋਂ ਛੰਦ-ਬੰਦੀ ਦਾ ਕੋਈ ਨਿਯਮ ਨਹੀਂ ਸੀ ਮਿਥਿਆ ਗਿਆ ਤੇ ਉਸ ਵਕਤ ਹਰ ਕਾਵਿ-ਰਚਨਾ ਨੂੰ ਛੰਦ ਆਖਿਆ ਜਾਂਦਾ ਸੀ। ਛੰਦ ਦੀ ਰਚਨਾ ਮੌਕੇ ਦੇ ਲਿਹਾਜ਼ ਨਾਲ ਵੀ ਕੀਤੀ ਜਾਂਦੀ ਸੀ। ਇਸੇ ਕਾਰਨ ਛੰਦਾਂ ਵਿਚ ਦੂਜੇ ਗੀਤਾਂ ਵਾਂਗ ਕਾਵਿ-ਕਲਾ ਦੇ ਉੱਚ ਗੁਣ ਤਾਂ ਨਹੀਂ ਆ ਸਕੇ ਪਰ ਕਾਫ਼ੀਆ-ਬੰਦੀ ਜ਼ਰੂਰ ਪੂਰੀ ਕੀਤੀ ਜਾਂਦੀ ਹੈ।

ਛੰਦ ਵਿਆਹ ਸ਼ਾਦੀ ਸਮੇਂ ਵਹੁਟੀ ਦੀਆਂ ਸਹੇਲੀਆਂ ਜਾਂ ਭੈਣਾਂ ਲਾੜੇ ਪਾਸੋਂ ਸੁਣਦੀਆਂ ਹਨ।ਛੰਦ ਦੀ ਰਚਨਾ ਲਾੜੇ ਦੇ ਬੋਲਣ ਚਾਲਣ ਦੇ ਤਰੀਕੇ ਤੇ ਦਿਮਾਗ਼ੀ ਸੂਝ ਬੂਝ ਨੂੰ ਪਰਖਣ ਲਈ ਕਰਵਾਈ ਜਾਂਦੀ ਹੈ। ਇਸੇ ਲਈ ਇਸ ਦੀ ਪਹਿਲੀ ਤੁਕ ਵਾਸਤੇ ਕਿਸੇ ਨਾ ਕਿਸੇ ਦਿਸਦੀ ਚੀਜ਼ ਦਾ ਕਾਫ਼ੀਆ ਰੱਖ ਲਿਆ ਜਾਂਦਾ ਹੈ ਅਤੇ ਅਗਲੀ ਤੁਕ ਦਾ ਭਾਵ ਉਸ ਨਾਲ ਮਿਲਾ ਦਿੱਤਾ ਜਾਂਦਾ ਹੈ।

ਛੰਦ ਦੇ ਹੋਰ ਗੀਤਾਂ ਵਾਂਗ ਬਹੁਤੇ ਰੂਪ ਨਹੀਂ, ਇਕੋ ਹੀ ਰੂਪ ਮਿਲਦਾ ਹੈ ਅਤੇ ਵਿਸ਼ਾ ਵੀ ਲਗਭਗ ਇਕੋ ਹੀ ਹੁੰਦਾ ਹੈ, ਲਾੜੇ ਦੀਆਂ ਸਾਲੀਆਂ ਨਾਲ ਗੱਲਾਂ ਤੇ ਵਹੁਟੀ ਜਾਂ ਸੱਸ ਸਹੁਰੇ, ਸਾਲੀਆਂ ਬਾਰੇ ਮਿੱਠੀਆਂ ਮਿੱਠੀਆਂ ਟੋਕਾਂ। ਛੰਦ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ :–

       ਛੰਦ ਪਰਾਗੇ ਆਈਏ ਜਾਈਏ

       ਛੰਦ ਪਰਾਗੇ ਫਲੀ ।

       ਸਹੁਰਾ ਫੁਲ ਗੁਲਾਬ ਦਾ, ਸੱਸ ਚੰਬੇ ਦੀ ਕਲੀ।

       ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੁਰਮਾ ।

     ਧੀ ਤੁਹਾਡੀ ਨੂੰ ਇਉਂ ਰਖਾਂ, ਜਿਉਂ ਅੱਖਾਂ ਵਿਚ ਸੁਰਮਾ ।

       ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਸੋਟੀਆਂ।

       ਉਤੋਂ ਉਤੋਂ ਤੁਸੀਂ ਭੋਲੀਆਂ, ਵਿਚੋਂ ਦਿਲ ਦੀਆਂ ਖੋਟੀਆਂ।

       ਛੰਦ ਪਰਾਗੇ ਆਵਾਂ ਜਾਵਾਂ, ਛੰਦ ਪਰਾਗੇ ਪੋਰੀ ।

        ਖੁਸ਼ ਤੁਹਾਡੇ ਤੇ ਤਦ ਹੋਵਾਂ, ਜੇ ਰੰਨ ਦੇਵੋਂ ਗੋਰੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-04-10-11, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬੀ ਲੇਕ ਗੀਤ-ਅਵਤਾਰ ਸਿੰਘ ਦਲੇਰ, ਪੰਜਾਬੀ ਲੋਕ ਗੀਤ-ਰੰਧਾਵਾ ਤੇ ਸਤਿਆਰਥੀ; ਪੰ. ਸਾ. ਕੋ; ਪੰਜਾਬੀ ਸਭਿਆਚਾਰ ਬਾਰੇ-ਜੀਤ ਸਿੰਘ ਜੋਸੀ

ਵਿਚਾਰ / ਸੁਝਾਅ

ਸ਼੍ਰੀਮਾਨ ਜੀ ਸੱਤ ਸ਼੍ਰੀ ਅਕਾਲ,

ਆਪ ਜੀ ਨੂੰ ਬੇਨਤੀ ਹੈ ਕਿ ਪੰਜਾਬੀ ਪੀਡੀਆ ਵਿੱਚ ਰਾਈਟ ਕਲਿੱਕ ਅਤੇ ਟੈਕਸਟ ਨੂੰ ਸਲੈਕਟ ਕਰਨ ਦੀ ਸੁਵਿਧਾ ਮਿਲਣੀ ਚਾਹੀਦੀ ਹੈ। ਇਸ ਨਾਲ ਟੈਕਸਟ ਨੂੰ ਸਲੈਕਟ ਕਰ ਕੇ ਪੜ੍ਹਨ ਦੀ ਸੁਵਿਧਾ ਹੋਵੇਗੀ ਅਤੇ ਆਪਣਾ ਮਨ ਭਾਉਂਦਾ ਵਿਸ਼ਾ ਕਾਪੀ ਕਰ ਕੇ ਰੱਖਿਆ ਜਾ ਸਕਦਾ ਹੈ। ਵਿੱਕੀ ਪੀਡੀਆ ਵਿੱਚ ਇਹ ਸੁਵਿਧਾ ਉਪਲਭਧ ਹੈ। ਕਿਰਪਾ ਕਰਕੇ ਇਹ ਦੋਵੇਂ ਸੁਵਿਧਾਵਾਂ ਜਰੂਰ ਦਿੱਤੀਆਂ ਜਾਣ ਜੀ।

ਧੰਨਵਾਦ ਸਹਿਤ।


Jatinder Singh, ( 2014/05/20 12:00AM)

ਤੁਸੀ ਅਾਪਣਾ ID ਬਣਾ ਕੇ topic ਨੂੰ ਆਪਣੇ ਖਾਤੇ ਸੰਭਾਲ ਸਕਦੇ ਹੋ .


charanjiv, ( 2014/07/16 12:00AM)

how can i type in Punjabi font asees


MONU PURI, ( 2014/12/19 12:00AM)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.