ਜਵਾਲਾਮੁਖੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Volcanic (ਵੌਲਕੈਨਿਕ) ਜਵਾਲਾਮੁਖੀ: ਜਵਾਲਾਮੁਖੀ ਨਾਲ ਸੰਬੰਧਿਤ ਜਾਂ ਵਰਗਾ ਜੋ ਹਰ ਪ੍ਰਕਾਰ ਦੀ ਬਾਹਰਲੀ ਅਗਨੀ (igneous) ਚਟਾਨੀ ਕਿਰਿਆ ਨਾਲ ਸੰਬੰਧਿਤ ਹੈ ਜੋ ਅੰਦਰੂਨੀ ਪਾਤਾਲੀ (plutonic) ਕਿਰਿਆ ਤੋਂ ਭਿੰਨ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਜਵਾਲਾਮੁਖੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Volcano (ਵੌਲਕੇਇਨਅਉ) ਜਵਾਲਾਮੁਖੀ: ਪ੍ਰਿਥਵੀ ਦੇ ਚਾਪੜ ਵਿੱਚ ਹੋਈ ਮੋਰੀ (vent) ਜਾਂ ਪਈ ਤਰੇੜ (fissure) ਵਿਚੋਂ ਤਰਲ ਲਾਵਾ, ਗੈਸਾਂ, ਭਾਫ਼, ਗਰਦ, ਰਾਖ, ਚਟਾਨੀ ਟੁਕੜੇ, ਆਦਿ ਵਿਸਫੋਟ ਦੌਰਾਨ ਅੰਦਰੂਨੀ ਸ਼ੱਕਤੀ ਦੁਆਰਾ ਉਤਾਂਹ ਉਲਾਰ ਖਾਂਦੇ ਮੋਰੀ ਦੇ ਦੁਆਲੇ ਆਸ-ਪਾਸ ਜਮ੍ਹਾ ਹੁੰਦੇ ਰਹਿਣਾ। ਇਹ ਵਿਸਫੋਟਕ (explo-sive) ਪ੍ਰਕ੍ਰਿਤਕ ਹੁੰਦੇ ਹਨ ਪਰ ਤਰੇੜ ਦੁਆਰਾ ਲਾਵਾ ਸ਼ਾਂਤਮਈ (quietly) ਵਹਿੰਦਾ ਅਧਿਕਤਰ ਦੂਰ-ਦੂਰ ਤੱਕ ਫੈਲ ਜਾਂਦਾ ਹੈ। ਜਵਾਲਾਮੁਖੀ ਅਕਸਰ ਤਿੰਨ ਅਵਸਥਾਵਾਂ ਵਿੱਚ ਪਾਇਆ ਜਾਂਦਾ ਹੈ ਜਿਵੇਂ ਕਿਰਿਆਸ਼ੀਲ (ਚੇਤਨ) ਜਵਾਲਾਮੁਖੀ (active volcano), ਸਿਥੱਲ (ਸੁਸਤ) ਜਵਾਲਾ-ਮੁਖੀ (dormant volcano) ਅਤੇ ਬੁਝਿਆ (ਮੁਰਦਾ) ਜਵਾਲਾਮੁਖੀ (extinct volcano)।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਜਵਾਲਾਮੁਖੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਵਾਲਾਮੁਖੀ [ਨਾਂਪੁ] (ਭੂਗੋ) ਉਹ ਪਹਾੜ ਜਿਸ ਦੀ ਚੋਟੀ ਵਿੱਚੋਂ ਅੱਗ ਦੇ ਲਾਂਬੂ ਨਿਕਲ਼ਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਵਾਲਾਮੁਖੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਵਾਲਾਮੁਖੀ : ਹਿਮਾਚਲ ਪ੍ਰਦੇਸ਼ ਰਾਜ (ਭਾਰਤ) ਦੇ ਕਾਂਗੜਾ ਜ਼ਿਲ੍ਹੇ ਵਿਚ ਸਮੁੰਦਰ ਤਲ ਤੋਂ ਕੋਈ 593ਮੀ. ਦੀ ਉਚਾਈ ਉੱਤੇ ਇਹ ਕਸਬਾ ਹੈ। ਇਹ ਧਰਮਸਾਲਾ ਸ਼ਹਿਰ ਤੋਂ 54 ਕਿ. ਮੀ. ਅਤੇ ਹੁਸ਼ਿਆਰਪੁਰ ਤੋਂ 78 ਕਿ. ਮੀ. ਦੀ ਦੂਰੀ ਤੇ ਹੈ। ਪਹਿਲਾਂ-ਪਹਿਲ ਇਹ ਕਾਫ਼ੀ ਵੱਡਾ ਸ਼ਹਿਰ ਹੁੰਦਾ ਸੀ ਤੇ ਇਥੇ ਮਿਉਂਸਪਲਟੀ ਵੀ ਸਥਾਪਿਤ ਸੀ। ਇਸ ਦਾ ਅਨੁਮਾਨ ਇਥੋਂ ਦੇ ਥੇਹਾਂ ਤੋਂ ਲਾਇਆ ਜਾ ਸਕਦਾ ਹੈ ਪਰ ਅੱਜਕੱਲ੍ਹ ਇਸ ਦੀ ਮਹਾਨਤਾ ਇਥੋਂ ਦੇ ਦੇਵੀ ਦੇ ਮੰਦਰ ਕਰਕੇ ਹੈ। ਆਮ ਤੌਰ ਤੇ ਇਸ ਨੂੰ ‘ਜਵਾਲਾ ਜੀ’ ਕਹਿੰਦੇ ਹਨ ਤੇ ਹਜ਼ਾਰਾਂ ਹਿੰਦੂ ਨਰਾਤਿਆਂ ਦੇ ਦਿਨਾਂ ਵਿਚ ਦਰਸ਼ਨਾਂ ਲਈ ਆਉਂਦੇ ਹਨ। ਦੁਰਗਾ ਦੇਵੀ ਦਾ ਇਹ ਮੰਦਰ ਪਹਾੜਾਂ ਉੱਤੇ ਬਣਿਆ ਹੋਇਆ ਹੈ। ਮੰਦਰ ਦੀਆਂ ਕੰਧਾਂ ਵਿਚੋਂ ਧੂੰਆਂ ਨਿਕਲਦਾ ਰਹਿੰਦਾ ਹੈ। ਇਸੇ ਨੂੰ ਵੇਖਣ ਲਈ ਲੋਕ ਆਉਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਧੂੰਆਂ ਦੇਵੀ ਦਾ ਰੂਪ ਹੈ। ਦੂਜਾ ਇਕ ਹੋਰ ਵਿਚਾਰ ਹੈ ਕਿ ਸ਼ਿਵ ਜੀ ਨੇ ਜਲੰਧਰ ਨਾਮੀ ਰਾਖਸ਼ ਨੂੰ ਜਿਉਂਦੇ ਹੀ ਪਹਾੜਾਂ ਹੇਠਾਂ ਦਬਾ ਦਿੱਤਾ ਸੀ, ਜਿਸ ਦੇ ਮੂੰਹ ਵਿਚੋਂ ਅੱਗ ਦੀਆਂ ਲਪਟਾਂ ਨਿਕਲੀਆਂ ਸਨ।

          ਇਥੋਂ ਦੀ ਇਕੋ-ਇਕ ਵਰਣਨਯੋਗ ਥਾਂ ਦੇਵੀ ਦਾ ਮੰਦਰ ਹੈ। ਮੰਦਰ ਦੀ ਇਮਾਰਤ ਨਾ ਤਾਂ ਬਹੁਤੀ ਪੁਰਾਣੀ ਅਤੇ ਨਾ ਹੀ ਬਹੁਤੀ ਵਧੀਆ ਬਣੀ ਹੋਈ ਹੈ। ਇਸ ਵਿਚ ਚਾਂਦੀ ਦੇ ਦਰਵਾਜ਼ੇ ਲਗੇ ਹੋਏ ਹਨ। ਇਹ ਦਰਵਾਜ਼ੇ ਮਹਾਰਾਜਾ ਖੜਕ ਸਿੰਘ ਨੇ ਭੇਟਾ ਕੀਤੇ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਭੇਟਾ ਕੀਤਾ ਛਤਰ, ਮੰਦਰ ਦੀ ਸ਼ੋਭਾ ਨੂੰ ਹੋਰ ਵੀ ਵਧਾਉਂਦਾ ਹੈ। ਮੰਦਰ ਦੇ ਅੰਦਰ ਹੋਰ ਕੋਈ ਮੂਰਤੀ ਨਹੀਂ ਹੈ। ਸਿਰਫ਼ ਇਕ ਟੋਆ ਜਿਹਾ ਹੈ ਜਿਸ ਦੇ ਚਾਰੋਂ ਤਰਫ ਪਰਿਕਰਮਾ ਹੈ। ਇਸੇ ਟੋਏ ਵਿਚੋਂ ਧੂੰਆਂ ਅਤੇ ਲਪਟਾਂ ਨਿਕਲਦੀਆਂ ਰਹਿੰਦੀਆਂ ਹਨ। ਕੁਝ ਲਪਟਾਂ ਕੰਧਾਂ ਵਿਚੋਂ ਵੀ ਦਿਸਦੀਆਂ ਹਨ।

          ਇਥੇ ਯਾਤਰੂਆਂ ਲਈ ਦੋ ਸਰਾਵਾਂ ਅਤੇ ਪੁਲਿਸ ਰੈਸਟ ਹਾਊਸ ਹੈ। ਇਥੇ ਥਾਣਾ, ਡਾਕ-ਘਰ, ਲੜਕਿਆਂ ਅਤੇ ਲੜਕੀਆਂ ਲਈ ਵਿੱਦਿਅਕ ਸਹੂਲਤਾਂ ਵੀ ਹਨ।

          ਆਬਾਦੀ––4,047 (1991)

          31° 52' ਉ. ਵਿਥ.; 76° 21' ਪੂ. ਲੰਬ.

          ਹ. ਪੁ.––ਡਿ. ਸੈ. ਹੈਂ. ਬੁ. –ਕਾਂਗੜਾ ; ਇੰਪ. ਗ. ਇੰਡ. 14 : 86


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜਵਾਲਾਮੁਖੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜਵਾਲਾਮੁਖੀ : ਇਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਡੇਰਾ ਗੋਪੀਪੁਰ ਤਹਿਸੀਲ ਦਾ ਇਕ ਕਸਬਾ ਹੈ ਜਿਹੜਾ ਬਿਆਸ ਵਾਦੀ ਦੀ ਉੱਤਰੀ ਸਰਹੱਦ ਤੇ ਕਾਂਗੜਾ ਤੋਂ ਨਦੌਣ ਜਾਂਦੀ ਸੜਕ ਉੱਪਰ ਸਥਿਤ ਹੈ। ਕਿਸੇ ਸਮੇਂ ਇਹ ਕਸਬਾ ਬਹੁਤ ਰੌਣਕ ਭਰਪੂਰ ਸੀ ਜਿਸ ਦਾ ਪਤਾ ਇਸ ਦੇ ਖੰਡਰਾਂ ਤੋਂ ਲਗਦਾ ਹੈ ਪਰੰਤੂ ਹੁਣ ਇਹ ਜਵਾਲਾਮੁਖੀ ਦੇਵੀ ਦੇ ਮੰਦਰ ਕਾਰਨ ਹੀ ਪ੍ਰਸਿੱਧ ਹੈ। ਇਸ ਮੰਦਰ ਬਾਰੇ ਪ੍ਰਚਲਿਤ ਹੈ ਕਿ ਬਿਆਸ ਵਾਦੀ ਦੇ ਇਸ ਮੰਦਰ ਵਿਚ ਦੇਵੀ ਦੀ ਮੂਰਤੀ ਦੇ ਮੂੰਹ ਵਿਚੋਂ ਅੱਗ ਨਿਕਲਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਧਰਤੀ ਵਿਚੋਂ ਅਜਿਹੀ ਗੈਸ ਨਿਕਲਦੀ ਹੈ ਜਿਸ ਨੂੰ ਅੱਗ ਲਗ ਜਾਂਦੀ ਹੈ। ਇਕ ਹੋਰ ਵਿਸ਼ਵਾਸ ਅਨੁਸਾਰ ਦੈਂਤ ਰਾਜਾ ਜਲੰਧਰ ਦੇ ਮੂੰਹ ਵਿਚੋਂ ਇਹ ਅੱਗ ਨਿਕਲਦੀ ਹੈ ਜਿਸ ਤੋਂ ਜਲੰਧਰ ਦੁਆਬ ਦਾ ਨਾਂ ਪਿਆ। ਇਸ ਮੰਦਰ ਦੀ ਇਮਾਰਤ ਦੇ ਮੁੱਖ ਦਰਵਾਜੇ ਉੱਤੇ ਚਾਂਦੀ ਦਾ ਪੱਤਰਾ ਲੱਗਿਆ ਹੈ ਜੋ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ ਸੀ। ਮੰਦਰ ਦੇ ਅੰਦਰ ਮੁੱਖ ਕਮਰੇ ਦੇ ਵਿਚਕਾਰ ਲਗਭਗ ਇਕ ਮੀ. ਟੋਆ ਪੁਟਿਆ ਹੋਇਆ ਹੈ ਅਤੇ ਇਸ ਦੇ ਵਿਚਾਲੇ ਅੱਗ ਲਗਾਉਣ ਨਾਲ ਗੈਸ ਬਲ ਉਠਦੀ ਹੈ। ਇਹ ਗੈਸ ਬਹੁਤ ਹੌਲੀ ਨਿਕਲਦੀ ਹੈ ਅਤੇ ਪੁਜਾਰੀ ਘਿਉ ਪਾ ਕੇ ਇਸ ਅੱਗ ਨੂੰ ਬਲਦੀ ਰੱਖਦਾ ਹੈ। ਅਸਲ ਵਿਚ ਇਥੇ ਕੋਈ ਮੂਰਤੀ ਨਹੀਂ ਅਤੇ ਜਿਸ ਥਾਂ ਗੈਸ ਨਿਕਲਦੀ ਹੈ ਉਸ ਨੂੰ ਹੀ ਦੇਵੀ ਦਾ ਮੂੰਹ ਮੰਨਿਆ ਜਾਂਦਾ ਹੈ। ਇਸ ਮੰਦਰ ਦੀ ਆਮਦਨ ਭੋਜਕੀ ਪੁਜਾਰੀਆਂ ਕੋਲ ਜਾਂਦੀ ਹੈ।ਕਿਸੇ ਸਮੇਂ ਕਟੋਚ ਰਾਜੇ ਵੀ ਇਸ ਦਾ ਪ੍ਰਬੰਧ ਸੰਭਾਲਦੇ ਸਨ। ਇਥੇ ਸਤੰਬਰ-ਅਕਤੂਬਰ ਵਿਚ ਭਾਰੀ ਮੇਲਾ ਹੁੰਦਾ ਹੈ। ਮਾਰਚ ਦੇ ਮਹੀਨੇ ਵੀ ਇਥੇ ਮੇਲਾ ਲਗਦਾ ਹੈ। ਇਸ ਮੰਦਰ ਦੇ ਨੇੜੇ ਹੀ ਛੇ ਗਰਮ ਖਣਿਜੀ ਚਸ਼ਮੇ ਨਿਕਲਦੇ ਹਨ ਜਿਨ੍ਹਾਂ ਵਿਚ ਨਮਕ ਅਤੇ ਪੋਟਾਸ਼ੀਅਮ ਆਇਉਡਾਈਡ ਮਿਲਦਾ ਹੈ। ਪਟਿਆਲਾ ਦੇ ਰਾਜੇ ਨੇ ਇਥੇ ਇਕ ਸਰਾਂ ਬਣਵਾਈ ਅਤੇ ਨੇੜੇ ਹੀ ਅੱਠ ਧਰਮਸ਼ਾਲਾ ਹਨ। ਸੰਨ 1905 ਵਿਚ ਆਏ ਭੁਚਾਲ ਵਿਚ ਇਸ ਮੰਦਰ ਦਾ ਕਾਫ਼ੀ ਨੁਕਸਾਨ ਹੋਇਆ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-03-54-20, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 14:86

ਜਵਾਲਾਮੁਖੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਜਵਾਲਾਮੁਖੀ : ਸ਼ਬਦ ‘ਜਵਾਲਾਮੁਖੀ’ ਦੋ ਸ਼ਬਦਾਂ ‘ਜਵਾਲਾ’ ਅਤੇ ‘ਮੁਖੀ’ ਦੇ ਜੋੜ ਤੋਂ ਬਣਿਆ ਹੈ। ਜਵਾਲਾ ਤੋਂ ਭਾਵ ਹੈ ਅੱਗ ਅਤੇ ਮੁਖੀ ਤੋਂ ਭਾਵ ਹੈ ਮੂੰਹ, ਅਰਥਾਤ ਇਹ ਅਜਿਹੇ ਸਥਾਨ ਹਨ, ਜੋ ਮੂੰਹ ਵਿੱਚੋਂ ਅੱਗ (ਗਰਮ ਲਾਵਾ) ਉਗਲਦੇ ਹਨ। ਜਿਸ ਨਲੀ ਵਿੱਚੋਂ ਲਾਵਾ ਬਾਹਰ ਆਉਂਦਾ ਹੈ, ਉਸ ਨੂੰ ਜਵਾਲਾਮੁਖੀ ਦਾ ਮੂੰਹ ਕਿਹਾ ਜਾਂਦਾ ਹੈ। ਲਾਵਾ ਨਲੀ ਵਿੱਚੋਂ ਬਾਹਰ ਨਿਕਲ ਕੇ ਚੁਫ਼ੇਰੇ ਜੰਮ ਜਾਂਦਾ ਹੈ। ਜਦੋਂ ਫਿਰ ਵਿਸਫੋਟ ਹੁੰਦਾ ਹੈ ਤਾਂ ਹੋਰ ਲਾਵਾ ਜੰਮ ਜਾਂਦਾ ਹੈ। ਇਸ ਤਰ੍ਹਾਂ, ਜਵਾਲਾਮੁਖੀ ਪਰਬਤ ਹੋਂਦ ਵਿੱਚ ਆਉਂਦੇ ਹਨ (ਵੇਖੋ ਪਰਬਤ)। ਅੰਗਰੇਜ਼ੀ ਭਾਸ਼ਾ ਦਾ ਸ਼ਬਦ ਵਾਲਕੈਨੋ (Volcano), ਇਟਲੀ ਦੇ ਇੱਕ ਪ੍ਰਮੁਖ ਜਵਾਲਾਮੁਖੀ ਵੁਲਕਾਨੋ (Vulcano) ਤੋਂ ਲਿਆ ਗਿਆ ਹੈ, ਜੋ ਕਿ ਲਿਪਾਰੀ (Lipari) ਟਾਪੂਆਂ ਵਿੱਚ ਹੈ। ਇਸ ਨੂੰ ਵੁਲਕਨ (Vulcan) ਦੇਵਤੇ ਦਾ ਘਰ ਮੰਨਿਆ ਜਾਂਦਾ ਸੀ। ਇਸ ਸਮੇਂ ਧਰਤੀ ਉੱਪਰ ਲਗਪਗ 1,300 ਜਵਾਲਾਮੁਖੀ ਹਨ, ਜਿਨ੍ਹਾਂ ਵਿੱਚੋਂ 600 ਦੇ ਕਰੀਬ ਕਿਰਿਆਸ਼ੀਲ ਹਨ।

ਵਿਸਫੋਟ ਦੇ ਕਾਰਨ : ਸ਼ੁਰੂ ਤੋਂ ਹੀ ਮਨੁੱਖ ਜਵਾਲਾਮੁਖੀ ਫੱਟਣ ਦੇ ਕਾਰਨਾਂ ਬਾਰੇ ਸੋਚਦਾ ਆਇਆ ਹੈ। ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਧਰਤੀ ਅੰਦਰੋਂ ਤਰਲ ਅਵਸਥਾ ਵਿੱਚ ਹੈ ਅਤੇ ਜਦੋਂ ਵੀ ਕਿਸੇ ਕਾਰਨ ਕਰਕੇ ਇਹ ਫੱਟਦੀ ਹੈ ਤਾਂ ਇਹ ਤਰਲ ਪਦਾਰਥ (ਲਾਵਾ) ਇਸ ਤੋਂ ਬਾਹਰ ਨਿਕਲ ਆਉਂਦਾ ਹੈ। ਪਰੰਤੂ ਭੁਚਾਲ ਤਰੰਗਾਂ ਦੇ ਅਧਿਐਨ ਤੋਂ ਹੁਣ ਸਪਸ਼ਟ ਹੋ ਗਿਆ ਹੈ ਕਿ 2,900 ਕਿਲੋਮੀਟਰ ਦੀ ਡੂੰਘਾਈ ਤੱਕ ਧਰਤੀ ਠੋਸ ਹੈ, ਕਿਉਂਕਿ ਧਰਤੀ ਦੀਆਂ ਉੱਪਰਲੀਆਂ ਤਹਿਆਂ ਦੇ ਦਬਾਅ ਕਾਰਨ ਕੋਈ ਵੀ ਚਟਾਨ ਪਿਘਲ ਨਹੀਂ ਸਕਦੀ। ਜਵਾਲਾਮੁਖੀ ਫੱਟਣ ਦੇ ਕਈ ਕਾਰਨ ਹੋ ਸਕਦੇ ਹਨ। ਇਹਨਾਂ ਵਿੱਚੋਂ ਪਲੇਟ ਟੈੱਕਟਾਨਿਕਸ (plate tectonics) ਦੇ ਸਿਧਾਂਤ ਨੂੰ ਸਭ ਤੋਂ ਵੱਧ ਮਾਨਤਾ ਪ੍ਰਾਪਤ ਹੈ, ਜਿਸ ਅਨੁਸਾਰ ਧਰਤੀ 7 ਵੱਡੀਆਂ, ਕਈ ਛੋਟੀਆਂ ਅਤੇ ਉਪ-ਪਲੇਟਾਂ (plates) ਦੀ ਬਣੀ ਹੋਈ ਹੈ। ਪਲੇਟਾਂ ਦੇ ਵਿਨਾਸ਼ਕਾਰੀ ਕਿਨਾਰਿਆਂ (destructive margins) ਉੱਤੇ ਹਲਕੀ ਪਲੇਟ, ਭਾਰੀ ਪਲੇਟ ਦੇ ਹੇਠਾਂ ਦੱਬ ਜਾਂਦੀ ਹੈ। ਧਰਤੀ ਦੇ ਅੰਦਰ ਜ਼ਿਆਦਾ ਤਾਪਮਾਨ ਹੋਣ ਕਾਰਨ ਇਹ ਪਲੇਟ ਪਿਘਲ ਜਾਂਦੀ ਹੈ, ਜਿਸ ਨਾਲ ਧਰਤੀ ਦੇ ਅੰਦਰ ਮੈਗਮੇ (magma) ਦਾ ਦਬਾਅ ਵੱਧ ਜਾਂਦਾ ਹੈ ਅਤੇ ਇਹ ਧਰਤੀ ਦੇ ਕਿਸੇ ਕਮਜ਼ੋਰ ਹਿੱਸੇ ਨੂੰ ਤੋੜ ਕੇ ਬਾਹਰ ਆ ਜਾਂਦਾ ਹੈ।

ਜਵਾਲਾਮੁਖੀ ਦੀਆਂ ਕਿਸਮਾਂ : ਜਵਾਲਾਮੁਖੀਆਂ ਦਾ ਵਰਗੀਕਰਨ ਕਈ ਆਧਾਰਾਂ ਉੱਤੇ ਕੀਤਾ ਜਾ ਸਕਦਾ ਹੈ, ਜਿਵੇਂ ਕਿ ਵਿਸਫੋਟ ਦੀ ਆਵ੍ਰਿਤੀ, ਵਿਸਫੋਟ ਦੀ ਕਿਸਮ ਆਦਿ। ਵਿਸਫੋਟ ਦੀ ਆਵ੍ਰਿਤੀ (periodicity) ਦੇ ਆਧਾਰ ਉੱਤੇ ਜਵਾਲਾਮੁਖੀਆਂ ਨੂੰ ਹੇਠ ਦਿੱਤੀਆਂ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ :

1.        ਕਿਰਿਆਸ਼ੀਲ ਜਵਾਲਾਮੁਖੀ (active volcanoes) : ਇਹ ਉਹ ਜਵਾਲਾਮੁਖੀ ਹਨ ਜਿਨ੍ਹਾਂ ਵਿੱਚੋਂ ਲਾਵਾ, ਗੈਸਾਂ, ਸੁਆਹ, ਆਦਿ ਰੁਕ-ਰੁਕ ਕੇ ਬਾਹਰ ਨਿਕਲਦੇ ਰਹਿੰਦੇ ਹਨ। ਇਸ ਸਮੇਂ ਧਰਤੀ ਉੱਪਰ ਲਗਪਗ 600 ਕਿਰਿਆਸ਼ੀਲ ਜਵਾਲਾਮੁਖੀ ਹਨ।

2.       ਸੁੱਤੇ ਜਵਾਲਾਮੁਖੀ (dormant volcanoes) : ਇਹ ਉਹ ਜਵਾਲਾਮੁਖੀ ਹਨ, ਜੋ ਇੱਕ ਵਾਰੀ ਫੱਟਣ ਤੋਂ ਬਾਅਦ ਕਾਫ਼ੀ ਸਮਾਂ ਸ਼ਾਂਤ ਰਹਿੰਦੇ ਹਨ। ਇਹ ਜਵਾਲਾਮੁਖੀਆਂ ਦੀ ਸਭ ਤੋਂ ਖ਼ਤਰਨਾਕ ਕਿਸਮ ਹੈ, ਕਿਉਂਕਿ ਇਹਨਾਂ ਨਾਲ ਜਾਨੀ ਅਤੇ ਮਾਲੀ ਨੁਕਸਾਨ ਜ਼ਿਆਦਾ ਹੁੰਦਾ ਹੈ। ਇਸ ਦੀ ਸਭ ਤੋਂ ਪ੍ਰਮੁਖ ਉਦਾਹਰਨ ਇਟਲੀ ਦਾ ਮਾਊਂਟ ਵਿਸੂਵੀਅਸ (Mt. Visuvious) ਜਵਾਲਾਮੁਖੀ ਹੈ, ਜੋ ਸੰਨ 79 ਵਿੱਚ ਫੱਟਣ ਤੋਂ ਬਾਅਦ ਸੰਨ 1631 ਤੱਕ ਸ਼ਾਂਤ ਰਿਹਾ। ਇਸ ਤੋਂ ਬਾਅਦ, ਇਸ ਵਿੱਚ ਸੰਨ 1803, 1872, 1906, 1928, 1929 ਅਤੇ 1944 ਵਿੱਚ ਵਿਸਫੋਟ ਹੋਏ।

3.       ਬੁਝੇ ਜਵਾਲਾਮੁਖੀ (extinct volcanoes) : ਅਜਿਹੇ ਜਵਾਲਾਮੁਖੀ, ਜਿਨ੍ਹਾਂ ਦੇ ਪੁਰਾਤਨ ਸਮੇਂ ਵਿੱਚ ਫੱਟਣ ਦੇ ਸਬੂਤ ਤਾਂ ਮਿਲਦੇ ਹਨ ਪਰੰਤੂ ਮਨੁੱਖੀ ਇਤਿਹਾਸ ਵਿੱਚ ਉਹਨਾਂ ਨੇ ਕਦੇ ਵੀ ਕੋਈ ਕਿਰਿਆ ਜਾਂ ਹਿਲ-ਜੁੱਲ ਨਹੀਂ ਕੀਤੀ, ਨੂੰ ਬੁਝੇ ਜਵਾਲਾਮੁਖੀ ਕਿਹਾ ਜਾਂਦਾ ਹੈ।

ਜਵਾਲਾਮੁਖੀ ਵਿਸਫੋਟ ਦੀਆਂ ਕਿਸਮਾਂ :

1.        ਕੇਂਦਰੀ ਵਿਸਫੋਟ (central eruption) : ਇਸ ਕਿਸਮ ਦੇ ਵਿਸਫੋਟ ਸਮੇਂ ਜਵਾਲਾਮੁਖੀ ਦਾ ਲਾਵਾ ਇੱਕ ਸੁਰਾਖ਼ (vent) ਰਾਹੀਂ ਧਰਤੀ ਤੋਂ ਬਾਹਰ ਨਿਕਲਦਾ ਹੈ ਅਤੇ ਇਸ ਸੁਰਾਖ਼ ਦੇ ਦੁਆਲੇ ਜਮ੍ਹਾਂ ਹੋ ਜਾਂਦਾ ਹੈ। ਇਸ ਨਾਲ ਜਵਾਲਾਮੁਖੀ ਪਰਬਤ ਦਾ ਨਿਰਮਾਣ ਹੁੰਦਾ ਹੈ। ਜਵਾਲਾਮੁਖੀ ਦੇ ਮੂੰਹ ਨੂੰ ਕਰੇਟਰ (crator) ਕਿਹਾ ਜਾਂਦਾ ਹੈ। ਜੇਕਰ ਕਰੇਟਰ ਬਹੁਤ ਵੱਡਾ ਹੋਵੇ ਤਾਂ ਉਸ ਨੂੰ ਕੈਲਡੇਰਾ (caldera) ਕਹਿੰਦੇ ਹਨ।

2.       ਦਰਾੜੀ ਵਿਸਫੋਟ : ਜਦੋਂ ਕਿਸੇ ਕਾਰਨ ਕਰਕੇ ਧਰਤੀ ਦੇ ਕਿਸੇ ਵੱਡੇ ਹਿੱਸੇ ਵਿੱਚ ਲੰਮੀ ਦਰਾੜ ਫੱਟ ਜਾਵੇ ਤਾਂ ਉਸ ਨੂੰ ਦਰਾੜ ਵਿਸਫੋਟ ਕਿਹਾ ਜਾਂਦਾ ਹੈ। ਅਜਿਹੀ ਦਰਾੜ ਵਿੱਚੋਂ ਲਾਵਾ ਬਾਹਰ ਨਿਕਲਦਾ ਰਹਿੰਦਾ ਹੈ। ਇਸ ਕਿਸਮ ਦੇ ਵਿਸਫੋਟ ਨਾਲ ਜਵਾਲਾਮੁਖੀ ਪਰਬਤ ਨਹੀਂ ਬਣਦੇ ਸਗੋਂ ਲਾਵਾ ਮੈਦਾਨ ਜਾਂ ਲਾਵਾ ਪਠਾਰ ਬਣਦੇ ਹਨ।

ਜਵਾਲਾਮੁਖੀ ਵਿਸਫੋਟ ਸਮੇਂ ਹੇਠ ਲਿਖੇ ਪਦਾਰਥ ਧਰਤੀ ਵਿੱਚੋਂ ਬਾਹਰ ਨਿਕਲਦੇ ਹਨ :

1.        ਲਾਵਾ : ਜਵਾਲਾਮੁਖੀ ਵਿਸਫੋਟ ਸਮੇਂ ਧਰਤੀ ਦੇ ਅੰਦਰੋਂ ਜੋ ਪਿਘਲਿਆ ਹੋਇਆ ਮਾਦਾ ਬਾਹਰ ਨਿਕਲਦਾ ਹੈ ਉਸ ਨੂੰ ਲਾਵਾ ਕਿਹਾ ਜਾਂਦਾ ਹੈ। ਲਾਵਾ ਪਿਘਲੇ ਹੋਏ ਲੋਹੇ ਵਰਗਾ ਲਾਲ ਹੁੰਦਾ ਹੈ। ਇਸ ਦਾ ਤਾਪਮਾਨ 215° ਸੈਂਟੀਗ੍ਰੇਡ ਤੋਂ 400° ਸੈਂਟੀਗ੍ਰੇਡ ਤੱਕ ਹੋ ਸਕਦਾ ਹੈ।

2.       ਗੈਸਾਂ : ਜਵਾਲਾਮੁਖੀ ਵਿਸਫੋਟ ਸਮੇਂ ਕਾਫ਼ੀ ਮਾਤਰਾ ਵਿੱਚ ਗੈਸਾਂ ਧਰਤੀ ਤੋਂ ਬਾਹਰ ਨਿਕਲਦੀਆਂ ਹਨ। ਇਹਨਾਂ ਵਿੱਚ ਮੁੱਖ ਤੌਰ ’ਤੇ ਜਲਵਾਸ਼ਪ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਆਕਸਾਈਡ, ਸਲਫਰ ਡਾਇਆਕਸਾਈਡ, ਆਰਗਨ, ਆਦਿ ਗੈਸਾਂ ਹੁੰਦੀਆਂ ਹਨ।

3.       ਸੁਆਹ : ਜਵਾਲਾਮੁਖੀ ਵਿਸਫੋਟ ਸਮੇਂ ਕਈ ਵਾਰੀ ਸਿਰਫ਼ ਗੈਸਾਂ ਅਤੇ ਸੁਆਹ ਹੀ ਬਾਹਰ ਨਿਕਲਦੇ ਹਨ। ਗੈਸਾਂ ਦੇ ਦਬਾਅ ਕਾਰਨ ਇਹ ਸੁਆਹ ਦੂਰ-ਦੂਰ ਤੱਕ ਫੈਲ ਜਾਂਦੀ ਹੈ।

4.       ਠੋਸ ਪਦਾਰਥ : ਜਵਾਲਾਮੁਖੀ ਫੱਟਣ ਵੇਲੇ ਕਈ ਤਰ੍ਹਾਂ ਦੇ ਠੋਸ ਪਦਾਰਥ, ਜਿਵੇਂ ਕਿ ਜੰਮੇ ਹੋਏ ਲਾਵੇ ਦੇ ਟੁਕੜੇ, ਚਟਾਨਾਂ ਦੇ ਟੁਕੜੇ, ਆਦਿ ਵੀ ਬਾਹਰ ਨਿਕਲਦੇ ਹਨ ਅਤੇ ਗੈਸਾਂ ਦੇ ਦਬਾਅ ਕਰਕੇ ਦੂਰ-ਦੂਰ ਜਾ ਡਿੱਗਦੇ ਹਨ। ਆਕਾਰ ਦੇ ਆਧਾਰ ਉੱਤੇ ਇਹਨਾਂ ਨੂੰ ਵੱਖ-ਵੱਖ ਨਾਂ ਦਿੱਤੇ ਗਏ ਹਨ, ਜਿਵੇਂ ਕਿ ਸਕੋਰੀਆ (scoria), ਲੈਪਿਲੀ (lapilli) ਅਤੇ ਬਲਾਕ ਜਾਂ ਬੰਬ (bomb)।

ਜਵਾਲਾਮੁਖੀਆਂ ਦੀ ਧਰਤੀ ਉੱਤੇ ਵੰਡ : ਭੁਚਾਲਾਂ ਦੀ ਤਰ੍ਹਾਂ ਹੀ ਜਵਾਲਾਮੁਖੀ ਵੀ ਧਰਤੀ ਦੇ ਕਮਜ਼ੋਰ ਹਿੱਸਿਆਂ ਭਾਵ, ਪਲੇਟਾਂ ਦੇ ਕਿਨਾਰਿਆਂ ਉੱਤੇ ਮਿਲਦੇ ਹਨ। ਧਰਤੀ ਉੱਤੇ ਇਹਨਾਂ ਦੀ ਵੰਡ ਹੇਠ ਦਿੱਤੇ ਅਨੁਸਾਰ ਹੈ :

1.        ਸ਼ਾਂਤ ਮਹਾਂਸਾਗਰ ਦੇ ਚੁਫੇਰੇ ਦੀ ਪੇਟੀ : ਇਹ ਖੇਤਰ ਇੱਕ ਪੇਟੀ ਦੇ ਰੂਪ ਵਿੱਚ ਸ਼ਾਂਤ ਮਹਾਂਸਾਗਰ ਦੇ ਚੁਫੇਰੇ ਫੈਲਿਆ ਹੋਇਆ ਹੈ।

2.       ਮੱਧ-ਮਹਾਂਦੀਪੀ ਪੇਟੀ : ਇਹ ਪੇਟੀ ਪੱਛਮ ਵਿੱਚ ਭੂਮਧ ਸਾਗਰ ਤੋਂ ਲੈ ਕੇ ਪੂਰਬ ਵਿੱਚ ਹਿੰਦੂਕੁਸ਼ ਪਰਬਤ ਤੱਕ ਫੈਲੀ ਹੋਈ ਹੈ। ਅਫ਼ਰੀਕਾ ਦੀ ਮਹਾਨ ਦਰਾੜ ਘਾਟੀ ਵੀ ਇਸ ਖੇਤਰ ਵਿੱਚ ਸ਼ਾਮਲ ਹੈ।

3.       ਮੱਧ ਅੰਧ ਮਹਾਂਸਾਗਰੀ ਪੇਟੀ : ਇਹ ਪੇਟੀ ਮੱਧ ਅੰਧਮਹਾਂਸਾਗਰੀ ਕਟਕ ਦੇ ਨਾਲ-ਨਾਲ ਫੈਲੀ ਹੋਈ ਹੈ।


ਲੇਖਕ : ਲਖਵੀਰ ਸਿੰਘ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 4521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-27-02-52-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.