ਜਸੋਧਾਨੰਦਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜਸੋਧਾਨੰਦਨ: ਝੰਗ ਸਿਆਲ ਦੀ ਬੋਲੀ ਤੇ ਸ਼ੈਲੀ ਵਿੱਚ ਲਿਖੀ ਸਭ ਤੋਂ ਮਸ਼ਹੂਰ ਰਚਨਾ ਦਮੋਦਰ ਦੀ ਹੀਰ ਹੈ। ਜਸੋਧਾਨੰਦਨ ਦੀ ਲਿਖੀ ਵਾਰ ਲਵ ਕੁਸ਼ ਦੀ ਝਾਂਗੀ ਦੀ ਦੂਜੀ ਸਭ ਤੋਂ ਵੱਡੀ ਤੇ ਮਹੱਤਵਪੂਰਨ ਕਿਰਤ ਹੈ। ਪੰਜਾਬੀ ਵਾਰ-ਸਾਹਿਤ ਵਿੱਚ ਇਸ ਵਾਰ ਦੀ ਇੱਕ ਆਪਣੀ ਨਿਜੀ ਥਾਂ ਹੈ।

     ਕਵੀ ਜਸੋਧਾਨੰਦਨ ਦੇ ਜੀਵਨ, ਮਾਤਾ-ਪਿਤਾ, ਜਨਮ ਸਥਾਨ, ਜਨਮ ਤਾਰੀਖ਼ ਆਦਿ ਬਾਰੇ ਕੋਈ ਵੀ ਵਾਕਫ਼ੀ ਕਿਧਰੋਂ ਪ੍ਰਾਪਤ ਨਹੀਂ ਹੋ ਸਕੀ। ਸਿਰਫ਼ ਕਵੀ ਵੱਲੋਂ ਲਿਖੀ ਵਾਰ ਹੀ ਇੱਕੋ-ਇੱਕ ਸੋਮਾ ਹੈ ਜਿੱਥੋਂ ਉਸ ਬਾਰੇ ਕੁਝ ਸੰਕੇਤ ਮਿਲ ਸਕਦੇ ਹਨ। ਜਿਵੇਂ ਕਵੀ ਝੰਗ ਸਿਆਲ ਜਾਂ ਮੁਲਤਾਨ ਦਾ ਜੰਮਪਲ ਹੈ। ਇਹ ਗੱਲ ਉਸ ਵੱਲੋਂ ਵਰਤੀ ਗਈ ਬੋਲੀ ਅਤੇ ਸ਼ਬਦਾਵਲੀ ਤੋਂ ਸਪਸ਼ਟ ਹੋ ਜਾਂਦੀ ਹੈ। ‘ਅਸੀਸਾਂ ਦਿੱਤੀਆਂ’ ਨੂੰ ਕਵੀ ‘ਅਸੀਸਾਂ ਡਿੱਤੀਆਂ’ ਕਰ ਕੇ ਲਿਖਦਾ ਹੈ। ਝਾਂਗੀ ਵਿੱਚ ਆਮ ਕਰ ਕੇ ਦ ਦੀ ਥਾਂ ਡ ਹੀ ਵਰਤਿਆ ਜਾਂਦਾ ਹੈ, ਜਿਵੇਂ ਡੂਹ (ਦੋ), ਡਾਹ (ਦਸ)। ਇੰਞ ਹੀ ਘਿਣ ਵੰਝ, ਗਦਾਭੀ ਭੰਨਿ ਵੰਜਾਇਆ, ਲੈ ਵੰਜਿ ਚਾਇ ਭਿਰਾਵੈ, ਛੱਡਸਾਂ ਵੰਜਿ ਪਰਾਣੇ ਆਦਿ ਸ਼ਬਦਾਂ ਦੀ ਵਰਤੋਂ ਹੈ। ਇਸੇ ਤਰ੍ਹਾਂ ਭਾਸ਼ਾ ਪੱਖੋਂ ਹੋਰ ਵੀ ਬਹੁਤ ਸਾਰੇ ਸ਼ਬਦ ਦੇਖਣ ਵਾਲੇ ਹਨ, ਜਿਵੇਂ ਘੋੜਾ ਛੋੜਿ ਡਿਓ, ਡੇਸਾਂ। ਇਸੇ ਤਰ੍ਹਾਂ ਰਾਮਾਣੀ, ਦਸਰਥਾਣਿ, ਪਰੀਖਤਾਣਿ ਆਦਿ ਦੀ ਵਰਤੋਂ ਰਾਮ ਦਾ, ਦਸਰਥ ਦਾ, ਪਰੀਖਤ ਦਾ ਆਦਿ ਰੂਪ ਵਿੱਚ ਕੀਤੀ ਗਈ ਹੈ।

     ਜੀਵਨ ਬਾਰੇ ਦੂਜੀ ਗੱਲ ਇਹ ਪਤਾ ਚੱਲਦੀ ਹੈ ਕਿ ਕਵੀ ਅਠਾਰਵੀਂ ਸਦੀ ਨਾਲ ਸੰਬੰਧ ਰੱਖਦਾ ਹੈ। ਵਾਰ ਲਵ ਕੁਸ਼ ਦੀ ਦਾ ਹੱਥ ਲਿਖਤ ਖਰੜਾ ਪੰਜਾਬ ਯੂਨੀ- ਵਰਸਿਟੀ ਲਾਹੌਰ ਤੋਂ ਪ੍ਰਾਪਤ ਹੋਇਆ ਸੀ। ਇਸ ਦਾ ਉਤਾਰਾ ਕਰਨ ਵਾਲਾ ਸੱਜਣ ਕੋਈ ਰਾਮ ਕ੍ਰਿਸ਼ਨ ਵਿਆਸ ਹੈ। ਉਸ ਨੇ ਇਹ ਉਤਾਰਾ ਫ਼ੱਗਣ ਵਦੀ 6, 1818 ਬਿਕਰਮੀ ਜਾਂ ਸੰਨ 1761 ਈਸਵੀ ਵਿੱਚ ਕੀਤਾ ਹੈ। ਪਰ ਇਹ ਗੱਲ ਸਪਸ਼ਟ ਹੈ ਕਿ ਜਸੋਧਾਨੰਦਨ ਅਠਾਰਵੀਂ ਸਦੀ ਦਾ ਜਾਂ ਇਸਤੋਂ ਵੀ ਪਹਿਲਾਂ ਵਰਤਮਾਨ ਰਿਹਾ ਹੈ।

     ਵਾਰ ਦੀਆਂ ਪਹਿਲੀਆਂ ਤਿੰਨ ਪਉੜੀਆਂ ਗਾਇਬ ਹਨ, ਚੌਥੀ ਪਉੜੀ ਮਿਲਦੀ ਹੈ ਜਿਸ ਨੂੰ ‘ਮੰਗਲਾਚਰਨ’ ਰੂਪ ਵਿੱਚ ਮੰਨਣਾ ਚਾਹੀਦਾ ਹੈ। ਇਸ ਮੰਗਲਾਚਰਨ ਤੋਂ ਪਤਾ ਲੱਗਦਾ ਹੈ ਕਿ ਕਵੀ ਧਾਰਮਿਕ ਬਿਰਤੀ ਵਾਲਾ ਬੰਦਾ ਸੀ, ਉਹ ਗੰਗਾ ਇਸ਼ਨਾਨ, ਬ੍ਰਾਹਮਣ ਪੂਜਾ, ਦਾਨ ਪੁੰਨ ਕਰਨ ਵਿੱਚ ਵਿਸ਼ਵਾਸ ਰੱਖਣ ਵਾਲਾ ਸੀ।ਇਹ ਗੱਲ ਵਾਰ ਦੇ ਅੰਤ ਵਿੱਚ ਲਿਖੇ ਕਾਵਿ-ਮਨੋਰਥ ਤੋਂ ਹੋਰ ਵੀ ਸਪਸ਼ਟ ਹੋ ਜਾਂਦੀ ਹੈ :

ਅੰਤ ਸਮੇਂ ਰਘੁਰਾਈ ਚਿਤੋਂ ਨ ਟਰੋ,

ਸੰਪਤਿ ਹੋਏ ਸਹਾਈ, ਸੰਕਟ ਨ ਰਹੇ।

ਕੀਤੀ ਦਾਸ ਢਿਠਾਈ, ਇਤ ਕਾਰਣੇ,

          ਰਾਮ ਵਸੇ ਚਿਤਿ ਆਈ, ਕਦੀ ਨ ਵਿਸਰੇ।

     ਰਾਮ ਦੀ ਭਗਤੀ ਸਦਾ ਮਨ ਵਿੱਚ ਵੱਸ ਜਾਵੇ, ਉਸ ਦਾ ਨਾਂ ਕਦੇ ਵਿਸਰੇ ਨਾ, ਇਹੋ ਕਵੀ ਦਾ ਵਾਰ ਲਿਖਣ ਦਾ ਮਨੋਰਥ ਸੀ। ਇਸੇ ਅਰਥ ਵਿੱਚ ਉਸ ਨੇ ਰਾਮ ਚੰਦਰ ਜੀ ਦੇ ਦੋਵੇਂ ਵੀਰ ਪੁੱਤਰਾਂ ਦਾ ਜਸ ਗਾਣ ਕੀਤਾ ਹੈ। ਕਵੀ ਨੇ ਵਾਰ ਵਿੱਚ ਵੀ ਥਾਂ-ਥਾਂ ਪ੍ਰਭੂ ਰਾਮਚੰਦਰ ਦੇ ਪਾਰਬ੍ਰਹਮ ਹੋਣ, ਭਗਤਾਂ ਵੱਸ ਹੋਣ, ਪ੍ਰੇਮ ਦਾ ਸਾਗਰ, ਦਿਆ ਦਾ ਸਮੁੰਦਰ ਹੋਣ ਦੀ ਗੱਲ ਕੀਤੀ ਹੈ। ਉਸ ਦਾ ਰਾਮ ਮਨੁੱਖ ਨਹੀਂ ਸਗੋਂ ਪੂਰਨ ਪਾਰਬ੍ਰਹਮ ਹੈ :

ਕਉਣ ਕਰੇ ਤਵ ਰੀਸਾਂ, ਤੂੰ ਹੈ ਪਾਰਬ੍ਰਹਮ

ਡੇ ਵਡਿਆਈ ਕੀਸਾਂ, ਤੁਧਿ ਨਿਵਾਜਿਆ

ਡਿਸੇ ਨਹੀਂ ਮੁਨੀਸਾਂ, ਥੱਕੇ ਜੋਗਿ ਕਰਿ

ਨਿਤ ਕਰੇ ਬਖਸੀਸਾਂ, ਭੀਲਾਂ ਝੀਵਰਾਂ

ਥੱਕੇ ਦੇਵ ਤੇਤੀਸਾਂ, ਕਰਿ ਕਰੇ ਬੇਨਤੀ

ਰਾਖ਼ਸ਼ ਆਪਿ ਸਰੀਸਾਂ, ਕਰਿ ਕਰਿ ਪਤਿਆ

ਜੇ ਤੁਧਿ ਨਿਵਾਇਨਿ ਸੀਸਾਂ, ਮਨ ਵਿੱਚ ਭਉ ਧਰਿ

          ਮੈਂ ਜਾਤਾ ਬਿਸਵੇ ਬੀਸਾਂ, ਭਗਤਾਂ ਵਸ ਤੂੰ॥

     ਵਾਰ ਵਿੱਚ ਹਰ ਪਉੜੀ ਦੇ ਅੰਤ ਵਿੱਚ ਕਵੀ ਨੇ ਦੋ ਉਪਨਾਮ ਇਕੱਠੇ ਜਾਂ ਵੱਖ-ਵੱਖ ਵਰਤੇ ਹਨ। ਇਹ ਉਪਨਾਮ ਹਨ-ਦਾਸ ਜਾਂ ਗ਼ੁਲਾਮ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਇਹ ਉਪਨਾਮ ਨਹੀਂ ਸਗੋਂ ਉਪਰ ਦੱਸੇ ਅਨੁਸਾਰ ਰਾਮ ਭਗਤ ਕਵੀ ਦੀ ਨਿਮਰਤਾ ਦੇ ਸੂਚਕ ਸ਼ਬਦ ਹੀ ਹੋਣ :

ਦਾਸ ਗੁਲਾਮ ਧਿਆਇ, ਪ੍ਰਭੂ ਦੇ ਪੁਤਰ ਜਾਣਿ।

          ਦਾਸ ਥੀਆ ਕੁਰਬਾਣਾ, ਕੁਲ ਰਘੁਬੰਸੀਆਂ।

     ਕਵੀ ਵਾਰ ਦੇ ਕਾਵਿ-ਰੂਪ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਸਾਰੀ ਵਾਰ 72 ਪਉੜੀਆਂ ਵਿੱਚ ਮੁਕੰਮਲ ਕੀਤੀ ਗਈ ਹੈ। ਵਰਣਨ ਵਿੱਚ ਲੋਹੜੇ ਦਾ ਵਹਾਉ ਹੈ। ਭਾਸ਼ਾ ਸਮੇਂ ਤੇ ਸਥਾਨ ਅਨੁਸਾਰ ਢੁੱਕਵੀਂ ਵਰਤੀ ਗਈ ਹੈ। ਪਾਤਰਾਂ ਦੀ ਚਰਿੱਤਰ ਉਸਾਰੀ ਕਰਨ ਵਿੱਚ ਉਸ ਨੂੰ ਪੂਰੀ ਮੁਹਾਰਤ ਹੈ। ਵਾਰ ਦਾ ਪ੍ਰਧਾਨ ਰਸ ਵੀਰ ਰਸ ਹੈ। ਵੀਭਤਸ, ਹਾਸ ਰਸ ਅਤੇ ਕਰੁਣਾ ਰਸ ਦੀ ਸੁੰਦਰ ਪੁੱਠ ਇਸ ਨੂੰ ਬਹੁਤ ਹੀ ਸਰਲ ਤੇ ਸਾਰਥਕ ਬਣਾਉਂਦੀ ਹੈ। ਪਉੜੀ ਦੇ ਅੰਤ ਵਿੱਚ ਲਿਖੀ ਪੰਗਤੀ ਸਪਸ਼ਟ ਕਰਦੀ ਹੈ ਕਿ ਜੋ ਕੁਝ ਉਹ ਲਿਖ ਰਿਹਾ ਹੈ, ਕਵੀ ਉਸ ਬਾਰੇ ਪੂਰੀ ਤਰ੍ਹਾਂ ਚੇਤੰਨ ਹੈ :

ਦਾਸ ਗੁਲਾਮ ਸੁਣਾਈ, ਪਉੜੀ ਜਸ ਦੀ।

          ਦਾਸ ਗੁਲਾਮ ਸੁਣਾਈ, ਪਉੜੀ ਦੁਖ ਦੀ।

     ਇਸ ਵਿੱਚ ਸਤੀ-ਸਵਿੱਤਰੀ ਸੀਤਾ ਦੇ ਦੁੱਖ ਦੀ ਕਥਾ ਹੈ, ਇਸ ਵਿੱਚ ਰਾਮ ਚੰਦਰ ਜੀ ਦੇ ਵੀਰ ਪੁੱਤਰਾਂ ਦਾ ਜਸ-ਗਾਣ ਹੈ, ਕਵੀ ਖ਼ੁਦ ਨੂੰ ‘ਢਾਡੀ ਦਾਸ’ ਵੀ ਕਹਿੰਦਾ ਹੈ :

          - ਢਾਡੀ ਦਾਸ ਬਖਾਣੀ ਪਉੜੀ ਰਾਮ ਦੀ।

          - ਦਾਸ ਥੀਆ ਕੁਰਬਾਣੇ, ਪਉੜੀ ਆਖਿ ਆਖਿ।

     ਪਿਆਰਾ ਸਿੰਘ ਪਦਮ ਮੰਨਦੇ ਹਨ- “ਕਵੀ ਦੀ ਰਚਨਾ ਉਸ ਨੂੰ ਚੰਗਾ ਪੜ੍ਹਿਆ ਗੁੜ੍ਹਿਆ ਵਿਦਵਾਨ ਸਾਬਤ ਕਰਦੀ ਹੈ। ਇਹ ਵਾਰ ਸੱਚਮੁੱਚ ਵਿਦਵਾਨਾਂ ਦੇ ਰਸ ਲੈਣ ਯੋਗ ਹੈ।” ਇਹ ਕਥਨ ਸੋਲਾਂ ਆਨੇ ਸੱਚ ਹੈ, ਕਵੀ ਨੇ ਵਾਰ ਲਿਖਣ ਤੋਂ ਪਹਿਲਾਂ ਬਹੁਤ ਸਾਰੀਆਂ ਪੋਥੀਆਂ ਪੜ੍ਹੀਆਂ ਸਨ :

- ਕੀਰਤਿ ਦਾਸ ਸੁਣਾਈ ਪੜ੍ਹਿ ਪੜ੍ਹਿ ਪਉੜੀਆਂ

          - ਕੁਸੁ ਕੀਤਾ ਰਾਮ ਕਹਾਣਾ, ਜੋ ਲਿਖਿਆ ਪੋਥੀਆਂ

     ਇਸ ਪ੍ਰਸੰਗ ਵਿੱਚ ਕਵੀ ਨੇ ਪ੍ਰਸਿੱਧ ਸੰਸਕ੍ਰਿਤ ਕਵੀ ਭਵਭੂਤੀ ਦਾ ਉੱਤਰ ਰਾਮ ਚਰਿਤ, ਮਹਾਂਰਿਸ਼ੀ ਬਾਲਮੀਕ ਦੀ ਲਿਖੀ ਰਾਮਾਇਣ, ਗੁਰੂ ਗੋਬਿੰਦ ਸਿੰਘ ਰਚਿਤ ਰਾਮਾਵਤਾਰ ਅਤੇ ਜੈਮਿਨੀ ਕਥਾ ਜ਼ਰੂਰ ਹੀ ਪੜ੍ਹੇ ਸਨ। ਅਖੀਰ ਵਿੱਚ ਕਵੀ ਦੱਸਦਾ ਹੈ ਕਿ:

          ਜੈਮਿਨੀ ਕਥਾ ਸੁਣਾਈ ਸੁਣੀ ਪਰੀਖਤਾਣਿ

          ਰਾਜੇ ਦੋ ਮਨਿ ਭਾਈ ਹੋਆ ਬਹੁ ਖੁਸ਼ੀ

     ਕਵੀ ਨੇ ਇਸ ਰਚਨਾ ਦਾ ਨਾਂ ਭਾਵੇਂ ਵਾਰ ਲਵ ਕੁਸ਼ ਦੀ ਲਿਖਿਆ ਹੈ ਪਰ ਸਾਰੀ ਰਚਨਾ ਵਿੱਚ ਉਹ ਲਉ ਤੇ ਕੁਸੁ ਕਰ ਕੇ ਹੀ ਇਹਨਾਂ ਨਾਵਾਂ ਦੀ ਵਰਤੋਂ ਕਰਦਾ ਹੈ। ਅੰਤ ਵਿੱਚ ਪੁਸ਼ਪਿਕਾ ਦਿੱਤੀ ਗਈ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਰਚਨਾ ਦਾ ਇੱਕ ਹੋਰ ਮਨੋਰਥ ਸ੍ਰੀ ਰਾਮ ਦਾ ਜਸ ਗਾਉਣਾ ਹੀ ਸੀ। ਉਹ ਇਸ ਨੂੰ ਸ੍ਰੀ ਰਾਮ ਚਰਿਤ ਨਾਂ ਵੀ ਦਿੰਦਾ ਹੈ। ਦੇਖੋ-“ਇਤਿ ਸ੍ਰੀ ਰਾਮ ਚਰਿਤ੍ਰ, ਜਸੋਧਾਨੰਦਨ ਕ੍ਰਿਤ ਲਵ ਕੁਸ਼ ਦੀਆਂ ਪਉੜੀਆਂ ਸੰਪੂਰਣ।” ਕਵੀ ਨੇ ਥਾਂ-ਥਾਂ ਬਾਲਮੀਕ ਰਿਸ਼ੀ ਦਾ ਜ਼ਿਕਰ ਬੜੇ ਸਤਿਕਾਰ ਭਾਵ ਨਾਲ ਕੀਤਾ ਹੈ। ਬਾਲਮੀਕ ਨੇ ਇਹਨਾਂ ਵੀਰ ਪੁੱਤਰਾਂ ਦੀ ਪਾਲਣਾ ਕੀਤੀ, ਇਹਨਾਂ ਨੂੰ ਸਾਸ਼ਤਰ ਤੇ ਸ਼ਸਤਰ ਦੀ ਭਾਰੀ ਵਿੱਦਿਆ ਦਿੱਤੀ। ਇਹਨਾਂ ਤੋਂ ਰਾਮ ਕਥਾ ਗਵਾ ਕੇ ਆਪਣੀ ਰਾਮਾਇਣ ਜੱਗ ਜ਼ਾਹਰ ਕੀਤੀ। ਰਿਸ਼ੀ ਬਾਲਮੀਕੀ ਰਾਮ ਦੇ ਦਰਸ਼ਨ ਕਰ ਕੇ ਕਹਿੰਦਾ ਹੈ :

ਮੈਂ ਚੋਰ ਜੁਆਰੀ ਪਾਪੀ, ਰਾਹੀ ਮਾਰਦਾ

ਜੰਗਲਿ ਰਹਾਂ ਸੁਰਾਪੀ, ਕਿਤੇ ਨ ਕਾਰ ਦਾ

‘ਮਰਾ ਮਰਾ’ ਜੰਪ ਜਾਪੀ, ਥੀਉਸੁ ਬਾਲਮੀਕਿ

ਸਾਹਿਬ ਸਰਬ ਵਿਆਪੀ, ਤੂੰ ਜਾਣੇ ਜੀਅਦੀ

          ਦੁਨੀਆ ਥਾਪਿ ਉਥਾਪੀ ਭਾਵੈ ਸੇ ਕਰੈ

     ਸਾਰ ਰੂਪ ਵਿੱਚ ਜਸੋਧਾਨੰਦਨ ਝੰਗ ਸਿਆਲ ਦਾ ਰਹਿਣ ਵਾਲਾ ਸੀ। ਰਾਮ ਭਗਤੀ ਤੋਂ ਪ੍ਰੇਰਨਾ ਪ੍ਰਾਪਤ ਕਰ ਕੇ ਉਸ ਨੇ ਵਾਰ ਦੀ ਰਚਨਾ ਕੀਤੀ ਸੀ। ਰਚਨਾ ਕਰਨ ਤੋਂ ਪਹਿਲਾਂ ਢੇਰ ਸਾਰੇ ਗ੍ਰੰਥਾਂ ਦਾ ਅਧਿਐਨ ਕੀਤਾ। ਵਾਰ ਕਾਵਿ-ਰੂਪ ਦਾ ਉਹ ਚੰਗਾ ਉਸਤਾਦ ਕਵੀ ਹੈ, ਨਿਸ਼ਾਨੀ ਛੰਦ ਅਤੇ ਪਉੜੀ ਲਿਖਣ ਦਾ ਮਾਹਰ ਹੈ। ਭਾਸ਼ਾ ਤੇ ਭਾਵ, ਰਸ ਤੇ ਅਲੰਕਾਰ ਦਾ ਚੰਗਾ ਜਾਣਕਾਰ ਕਵੀ ਸੀ।


ਲੇਖਕ : ਧਰਮ ਪਾਲ ਸਿੰਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.