ਜੀਵ-ਵਿਗਿਆਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵ-ਵਿਗਿਆਨ [ਨਾਂਪੁ] ਉਹ ਵਿਗਿਆਨ ਜਿਸ ਵਿੱਚ ਜੀਵਾਂ ਦਾ ਵਰਨਨ ਹੁੰਦਾ ਹੈ, ਪਸ਼ੂ-ਪੰਛੀਆਂ ਦਾ ਬਿਰਤਾਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੀਵ-ਵਿਗਿਆਨ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

    ਮਨੁੱਖ ਦੇ ਮਨ ਅੰਦਰ ਜਦ ਚੇਤਨਾ ਜਾਗ ਰਹੀ ਸੀ , ਤਦ ਇਹ ਸੱਭ ਤੋਂ ਪਹਿਲਾਂ ਚੱਲਦੇ-ਫਿਰਦੇ ਜੀਵਾਂ-ਜੰਤੂਆਂ ਤੋਂ ਪ੍ਰਭਾਵਿਤ ਹੋਈ। ਮਨੁੱਖ ਨੂੰ ਲੱਗਾ ਕਿ ਜਿਹੜਾ ਜੀਵਨ ਜੀਵਾਂ-ਜੰਤੂਆਂ `ਚ ਸੀ, ਉਸੇ ਦਾ ਹੀ ਉਹ ਆਪ ਵੀ ਅਧਿਕਾਰੀ ਸੀ ਅਤੇ ਇਸੇ ਜੀਵਨ ਦੀ ਥਾਹ ਪਾਉਣ ਲਈ ਉਹ ਉਤਾਵਲਾ ਰਹਿਣ ਲੱਗਾ। ਮਨੁੱਖ ਦੇ ਮਨ ਅੰਦਰ ਇਸ ਪ੍ਰਕਾਰ ਦੀ ਉਤਸੁਕਤਾ ਦੇ ਘਰ ਕਰਦਿਆਂ ਹੀ ਜੀਵ-ਵਿਗਿਆਨ ਦੀ ਨੀਂਹ ਪੈ ਗਈ ਸੀ।

          ਸੱਭ ਤੋਂ ਪਹਿਲਾਂ ਮਨੁੱਖ ਨੂੰ ਇਹ ਅਨੁਭਵ ਹੋਇਆ ਕਿ ਸੰਸਾਰ ਵਿਖੇ ਜਿਥੇ ਜਿਥੇ ਵੀ ਜੀਵਨ ਹੈ, ਉਸ ਦਾ ਇਕੋ ਮੂਲ ਹੈ, ਭਾਵੇਂ ਕਿ ਇਹ ਭਿੰਨ ਭਿੰਨ ਨੁਹਾਰਾਂ `ਚ ਆਕ੍ਰਿਤ ਹੋਇਆ ਦਿਖਾਈ ਦੇ ਰਿਹਾ ਹੈ। ਜੀਵਨ ਦਾ ਵਿਖਾਲਾ ਕਰਦੇ ਜੀਵ ਅੱਜ ਤਾਂ ਨਿਰਜੀਵ ਵਸਤੂਆਂ ਤੋਂ ਭਿੰਨ ਲੱਗ ਰਹੇ ਹਨ, ਪਰ ਜੀਵਨ ਦੀ ਉਤਪਤੀ ਸਮੇਂ ਅਜਿਹਾ ਨਹੀਂ ਸੀ। ਤਦ ਜੀਵ ਅਤੇ ਨਿਰਜੀਵ ਵਿਚਕਾਰ ਭਿੰਨਤਾ ਸਪਸ਼ਟ ਨਹੀਂ ਸੀ।

          ਨਿਰਜੀਵ ਵਸਤੂਆਂ ਬਾਰੇ ਤਾਂ ਸਮਝਣ ਯੋਗ ਸੱਭ ਕੁਝ ਸਮਝ ਆ ਰਿਹਾ ਹੈ, ਪਰ ਜੀਵਾਂ ਬਾਰੇ ਇਹ ਕਹਿਣਾ ਕਠਿਨ ਹੈ। ਜੀਵ ਵੀ ਭਾਵੇਂ ਬਣੇ ਹੋਏ ਉਨ੍ਹਾਂ ਹੀ ਪ੍ਰਮਾਣੂਆਂ ਦੇ ਹਨ, ਜਿਨ੍ਹਾਂ ਦੀਆਂ ਨਿਰਜੀਵ ਵਸਤੂਆਂ, ਪਰ ਜੀਵਾਂ ਅੰਦਰਲੀ ਪ੍ਰਮਾਣੂਆਂ ਦੀ ਤਰਤੀਬੀ ਬੇਹੱਦ ਉਲਝਵੀਂ ਹੈ ਅਤੇ ਇਸੇ ਤਰਤੀਬ ਚੋਂ ਜੀਵਨ ਦਾ ਆਧਾਰ ਬਣਦੀਆਂ ਕ੍ਰਿਆਵਾਂ ਪੁੰਗਰਦੀਆਂ ਰਹਿੰਦੀਆਂ ਹਨ। ਉਸੇ ਊਰਜਾ ਦਾ ਉਪਯੋਗ ਜੀਵ ਆਪੋ-ਆਪਣੇ ਜੀਵਨ ਨੂੰ ਬਣਾਈ ਰੱਖਣ ਲਈ ਕਰਦੇ ਰਹਿੰਦੇ ਹਨ, ਜਿਹੜੀ ਮੋਟਰਾਂ ਅਤੇ ਰੇਲ-ਗੱਡੀਆਂ ਨੂੰ ਚੱਲਦਿਆਂ ਰੱਖ ਰਹੀ ਹੈ, ਹਵਾਈ ਜਹਾਜ਼ਾਂ ਨੂੰ ਉਡਾ ਰਹੀ ਹੈ ਅਤੇ ਪਹਾੜੀ ਆਬਸ਼ਾਰਾਂ ਅਤੇ ਨਦੀਆਂ `ਚ ਵਗਦੇ ਜਲ ਨੂੰ ਗਤੀ ਦੇ ਰਹੀ ਹੈ। ਇਸੇ ਊਰਜਾ ਨੂੰ ਉਪਜਾਉਣ ਲਈ ਜੀਵ ਖਾਂਦੇ ਹਨ, ਪੀਂਦੇ ਹਨ ਅਤੇ ਸ੍ਵਾਸ ਲੈਂਦੇ ਹਨ, ਜਦ ਕਿ ਆਪਣੀ ਨਸਲ ਨੂੰ ਚੱਲਦਿਆਂ ਰੱਖਣ ਦੇ ਮੰਤਵ ਨਾਲ ਪ੍ਰਜਣਨ ਲਈ ਸਾਥ ਖੋਜਦੇ ਰਹਿੰਦੇ ਹਨ। ਅਜਿਹਾ ਕੁਝ ਕਰਦਿਆਂ ਕਰਾਉਂਦਿਆਂ ਇਹ ਵਿਕਸਿਤ ਵੀ ਹੋਈ ਜਾ ਰਹੇ ਹਨ। ਜੀਵਨ ਦੇ ਇਨ੍ਹਾਂ ਸੱਭਨਾਂ ਆਰੋਪਾਂ ਪ੍ਰਤੀ ਗਿਆਨਵਾਨ ਹੋਣਾ ‘ਜੀਵ-ਵਿਗਿਆਨ’ ਦਾ ਮੰਤਵ ਹੈ। ਜੀਵ-ਵਿਗਿਆਨ ਅਗਾਂਹ ਕਈ ਸ਼ਾਖਾਂ `ਚ ਵੰਡਿਆ ਹੋਇਆ ਹੈ।

          ਹਰ ਇਕ ਜੀਵ ਆਪੋ-ਆਪਦੀ ਬਿਰਾਦਰੀ ਨਾਲ ਉਂਜ ਹੀ ਜੁੜਿਆ ਹੋਇਆ ਹੈ, ਜਿਵੇਂ ਅਸੀ-ਆਪਣੇ ਭਾਈਚਾਰੇ ਨਾਲ। ਇਸ ਤੋਂ ਬਿਨਾਂ, ਹਰ ਇਕ ਜੀਵ, ਦੁਆਲੇ ਵਿਚਰਦੇ ਹੋਰਨਾਂ ਜੀਵਾਂ ਉਪਰ ਨਿਰਭਰ ਜੀਵਨ ਭੋਗ ਰਿਹਾ ਹੈ, ਜਿਨ੍ਹਾਂ ਚੋਂ ਕਈ ਇਸ ਦੇ ਵੈਰੀ ਹਨ, ਕਈ ਇਸ ਦੇ ਪ੍ਰਜੀਵ ਹਨ ਅਤੇ ਕਈ ਇਸ ਦੇ ਹਿਤੈਸ਼ੀ ਹਨ। ਹੋਰ ਕਈ ਅਜਿਹੇ ਵੀ ਹਨ ਜਿਹੜੇ ਇਸ ਦੇ ਭੋਜਨ ਦਾ ਆਧਾਰ ਹਨ। ਜੀਵ ਦੀ ਆਲੇ ਦੁਆਲੇ ਨਾਲ ਬਣੀ ਹੋਈ ਸਾਂਝ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਪਰਿਸਥਿਤੀ-ਵਿਗਿਆਨ, ਭਾਵ ‘ਇਕਾੱਲਜਿ’ ਦਾ ਖੇਤਰ ਹੈ। ਜੀਵ-ਵਿਗਿਆਨ ਦੀ ਇਕ ਹੋਰ ਸ਼ਾਖ਼ ਹੈ, ‘ਟੈਕਸੱਨਾਮਿ’, ਜਿਸ ਦਾ ਉਦੇਸ਼ ਹਰ ਇਕ ਜੀਵ-ਨਸਲ ਦੀ ਪਛਾਣ ਕਰਕੇ ਅਤੇ ਇਸ ਨੂੰ ਵਿਗਿਆਨਕ ਨਾਮ ਅਰਪਣ ਕਰਕੇ, ਫਿਰ ਇਸ ਦੀ ਜੀਵ-ਸੰਸਾਰ ਵਿਖੇ ਉਚਿਤ ਪਦਵੀ ਨਿਰਧਾਰਤ ਕਰਨਾ ਹੈ।

          ਜੀਵਨ ਦਾ ਪ੍ਰਗਟਾਵਾ ਕਰ ਰਹੇ ਜੀਵ, ਪ੍ਰਾਣੀ ਵੀ ਅਤੇ ਰੁੱਖ-ਪੌਦੇ ਵੀ, ਵਖਰੇ ਵਖਰੇ ਅੰਗਾਂ ਦੇ ਧਾਰਨੀ ਹਨ। ਇਹ ਅੰਗ ਆਪੋ-ਆਪਣੀਆਂ ਵਿਸ਼ੇਸ਼ ਕ੍ਰਿਆਵਾਂ, ਸਰੀਰਕ ਲੋੜਾਂ ਨੂੱ ਮੁੱਖ ਰੱਖ ਕੇ ਨਿਭਾਉਂਦੇ ਰਹਿੰਦੇ ਹਨ। ਇਕ ਜੀਵ ਦੇ ਭਿੰਨ ਭਿੰਨ, ਅੰਗ ਇਕ ਦੂਜੇ ਨਾਲ ਇਕਸੁਰ ਹੋ ਕੇ ਸਰਗਰਮ ਹੁੰਦੇ ਰਹਿੰਦੇ ਹਨ। ਜੀਵ ਅਤੇ ਉਸ ਦਿਆਂ ਅੰਗਾਂ ਦੀ ਨੁਹਾਰ ਅਤੇ ਆਕਾਰ ਨਾਲ ਸਬੰਧ ਰੱਖਦੀ ਜੀਵ-ਵਿਗਿਆਨ ਇਸ ਦੀ ਸ਼ਾਖ਼ ਨੂੰ ‘ਮਾਰਫਾਲੱਜਿ’ ਸੱਦਿਆ ਜਾ ਰਿਹਾ ਹੈ। ਜੀਵ ਦਿਆਂ ਅੰਗਾਂ ਦੁਆਰਾ ਨਿਭਾਈਆਂ ਜਾ ਰਹੀਆਂ ਕ੍ਰਿਆਵਾਂ ਦਾ ਅਧਿਐਨ ਕਰਦੀ ਜੀਵ-ਵਿਗਿਆਨ ਦੀ ਦੂਜੀ ਸ਼ਾਖ ਹੈ ਲਈ ‘ਫਿਜ਼ਿਆਲੱਜਿ’ ਦਾ ਸਿਰਲੇਖ ਵਰਤਿਆ ਜਾ ਰਿਹਾ ਹੈ। ਸ੍ਵਾਸਾਂ ਦੀ ਆਵਾਜ਼ਾਈ , ਭੋਜਨ ਗ੍ਰਹਿਣ ਕਰਨਾ ਅਤੇ ਇਸ ਨੂੰ ਪਚਾਉਣਾ, ਸਰੀਰ ਅੰਦਰ ਉਪਜੇ ਬੇਲੋੜੇ ਪਦਾਰਥਾਂ ਦਾ ਨਿਪਟਾਰਾ, ਲਹੂ ਦਾ ਸਮੁੱਚੇ ਸਰੀਰ ਵਿਖੇ ਸੰਚਾਰ , ਅਤੇ ਪ੍ਰਜਣਨ, ਇਹ ਸੱਭ ਪ੍ਰਾਣੀ ਦੇ ਜੀਵਨ ਨੂੰ ਸੰਭਵ ਬਣਾ ਰਹੀਆਂ ਕ੍ਰਿਆਵਾਂ ਹਨ।

          ਜੀਵਾਂ ਦੇ ਅੰਗ ਵੀ ਅੱਗੋਂ ਨਾ ਦਿਖਾਈ ਦੇਣ ਵਾਲੀਆਂ ਛੋਟੀਆਂ ਛੋਟੀਆਂ ਆਕ੍ਰਤੀਆਂ ਦੀ ਗੁਟਬੰਦੀ ਵਜੋਂ ਹੋਂਦ `ਚ ਆਏ ਹੋਏ ਹਨ। ਇਨ੍ਹਾਂ ਆਕ੍ਰਤੀਆਂ ਨੂੰ ਸੈੱਲ ਸੱਦਿਆ ਜਾਂਦਾ ਹੈ, ਜਿਨ੍ਹਾਂ ਨੂੰ ਦੇਖਣ ਲਈ ਅਤੇ ਜਿਨ੍ਹਾਂ ਬਾਰੇ ਗਿਆਨ ਗ੍ਰਹਿਣ ਕਰਨ ਲਈ ਖ਼ੁਰਦਬੀਨ ਦਾ ਉਪਯੋਗ ਕੀਤਾ ਜਾਂਦਾ ਹੈ। ਹਰ ਇਕ ਜੀਵ ਸੈੱਲਾਂ ਦਾ ਬਣਿਆ ਹੋਇਆ ਹੈ। ਜੀਵ ਦਾ ਆਕਾਰ ਜੇਕਰ ਛੋਟਾ ਜਾਂ ਵੱਡਾ ਹੈ ਤਾਂ ਅਜਿਹਾ ਸੈੱਲਾਂ ਦੀ ਘੱਟ ਜਾਂ ਵੱਧ ਗਿਣਤੀ ਕਾਰਨ ਹੈ। ਇਕ ਸੈੱਲ ਦੀ ਦੇਹ ਵਾਲੇ ਜੀਵ ਵੀ ਹਨ, ਜਿਹੜੇ ਪਰ ਦਿਖਾਈ ਨਹੀਂ ਦਿੰਦੇ। ਕੀਟਾਣੂ, ਅਮੀਬਾ, ਮਲੇਰੀਆਂ ਰੋਗ ਦਾ ਕਾਰਨ ਬਣਦਾ ਪਲਾਜ਼ਮੋਡੀਅਮ, ਇਸੇ ਵੰਨਗੀ ਦੇ ਜੀਵ ਹਨ। ਬਹੁ-ਸੈੱਲੇ ਜੀਵਾਂ `ਚ ਮਨੁੱਖ ਤਾਂ ਹੈ ਹੀ, ਪਰ ਇਨ੍ਹਾਂ `ਚ ਬਲਯੂਵ੍ਹੇਲ ਜਿਹਾ ਪ੍ਰਾਣੀ ਵੀ ਹੈ, ਜਿਸ ਦਾ 200 ਟੰਨ ਵਜ਼ਨ ਹੈ ਅਤੇ ਜਿਸ ਨੂੰ ਜਿਉਂਦੇ ਰਹਿਣ ਲਈ ਨਿੱਤ 3 ਟੰਨ ਭੋਜਨ ਦੀ ਲੋੜ ਰਹਿੰਦੀ ਹੈ। ਮਨੁੱਖ ਦਾ ਸਰੀਰ ਜੇਕਰ ਖ਼ਰਬਾਂ ਸੈੱਲਾਂ ਦਾ ਬਣਿਆ ਹੋਇਆ ਹੈ, ਤਦ ਅਨੁਮਾਨ ਲਾਓ ਕਿ ਬਲਯੂਵ੍ਹੇਲ ਦੇ ਸਰੀਰ `ਚ ਕਿੰਨੇ ਕੁ ਸੈੱਲ ਸਮਾਏ ਹੋ ਸਕਦੇ ਹਨ : ਭਾਵੇਂ ਖ਼ਰਬਾਂ ਖ਼ਰਬ ਸੈੱਲ। ਇਕ ਛੋਟੇ ਆਕਾਰ ਦਾ ਅਜਿਹਾ ਬਹੁ-ਸੈੱਲਾ ਪ੍ਰਾਣੀ ਵੀ ਹੈ, ਟੋਭਿਆਂ `ਚ ਵਿਚਰਦਾ ਅਤੇ ਚੱਕਰੀ ਵਾਂਗ ਹਰ ਸਮੇਂ ਘੁੰਮਦੇ ਰਹਿਣ ਵਾਲਾ ਰਾਟੀਫਰ, ਜਿਸ ਦਾ ਸਰੀਰ ਕੇਵਲ 20 ਸੈੱਲਾਂ ਦਾ ਬਣਿਆ ਹੋਇਆ ਹੈ। ਸੈੱਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੀ ਜੀਵ-ਵਿਗਿਆਨ ਦੀ ਸ਼ਾਖ ਲਈ ‘ਸੈੱਲ-ਵਿਗਿਆਨ’ ਦਾ ਸਿਰਲੇਖ ਵਰਤੋਂ ਅਧੀਨ ਹੈ।


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.