ਜੇ-ਉਪਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਜੇ-ਉਪਵਾਕ: ਜੇ-ਉਪਵਾਕ ਮਿਸ਼ਰਤ ਵਾਕਾਂ ਦੀ ਬਣਤਰ ਵਿਚ ਵਿਚਰਦੇ ਹਨ। ਸਥਾਨ ਦੇ ਪੱਖ ਤੋਂ ਇਹ ਉਪਵਾਕ, ਵਾਕ ਦੀ ਪਹਿਲੀ, ਅੰਤਲੀ ਅਤੇ ਵਿਚਕਾਰਲੀ ਸਥਿਤੀ ਵਿਚ ਵਿਚਰ ਸਕਦੇ ਹਨ। ਵਿਚਰਨ ਸਥਾਨ ਦੇ ਬਦਲਣ ਨਾਲ ਵਾਕ ਦੇ ਕਾਰਜ ਅਤੇ ਅਰਥ ਤੇ ਅਸਰ ਪੈਂਦਾ ਹੈ। ਜੇ-ਉਪਵਾਕ ਜਦੋਂ ਪਹਿਲੇ ਸਥਾਨ ’ਤੇ ਵਿਚਰਦਾ ਹੈ ਤਾਂ ਸਵਾਧੀਨ ਉਪਵਾਕ ‘ਤਾਂ’ ਸਹਿ-ਸਬੰਧਕ ਨਾਲ ਸ਼ੁਰੂ ਹੁੰਦਾ ਹੈ ਪਰ ਜਦੋਂ ਜੇ-ਉਪਵਾਕ, ਵਾਕ ਦੇ ਅੰਤਲੇ ਸਥਾਨ ’ਤੇ ਵਿਚਰੇ ਤਾਂ ‘ਤਾਂ’ ਦੀ ਵਰਤੋਂ ਨਹੀਂ ਹੁੰਦੀ। ਜਦੋਂ ਇਹ ਉਪਵਾਕ ਦੇ ਵਿਚਕਾਰਲੇ ਸਥਾਨ ’ਤੇ ਵਿਚਰਦਾ ਹੈ ਤਾਂ ‘ਜੇ’ ਤੋਂ ਪਹਿਲਾਂ ‘ਕਿ’ ਦੀ ਵਰਤੋਂ ਹੁੰਦੀ ਹੈ ਅਤੇ ਸਾਰਾ ਉਪਵਾਕ ‘ਕਿ’ ਉਪਵਾਕਾਂ ਵਾਲੇ ਲੱਛਣ ਇਖਤਿਆਰ ਕਰ ਲੈਂਦਾ ਹੈ। ਭਾਵ, ਅਰਥ ਦੇ ਪੱਖ ਤੋਂ ਪਹਿਲੇ ਉਪਵਾਕ ਰਾਹੀਂ ਕੋਈ ਵਿਚਾਰ ਪੇਸ਼ ਕੀਤਾ ਗਿਆ ਹੁੰਦਾ ਹੈ ਅਤੇ ਜੇ-ਉਪਵਾਕ ਦੁਆਰਾ ਇਸ ਦੇ ਸਮਾਧਾਨ ’ਤੇ ਇਕ ਸ਼ਰਤ ਲੱਗ ਜਾਂਦੀ ਹੈ। ਅਰਥ ਦੇ ਪੱਖ ਤੋਂ ਇਹ ਉਪਵਾਕ ਸ਼ਰਤ-ਬੋਧਕ ਹੁੰਦੇ ਹਨ ਅਤੇ ਇਨ੍ਹਾਂ ਨੂੰ ਸ਼ਰਤ-ਬੋਧਕ ਉਪਵਾਕਾਂ ਦਾ ਨਾਂ ਵੀ ਦਿੱਤਾ ਜਾਂਦਾ ਹੈ। ਇਸ ਪਰਕਾਰ ਦੇ ਵਾਕਾਂ ਦਾ ਵਿਚਰਨ ਚਾਰ ਪਰਕਾਰ ਦਾ ਹੋ ਸਕਦਾ ਹੈ ਜਿਵੇਂ : (i) ਜੇ...ਤਾਂ...(ਜੇ ਆਸੇ ਦਾ ਨਿੱਕਾ ਮੁੰਡਾ ਹੈ ਤਾਂ ਅੰਦਰ ਲੰਘ ਆਉਣ ਦਿਓ), (ii) ਸਵਾਧੀਨ ਉਪਵਾਕ+ਜੇ-ਉਪਵਾਕ (ਕੱਲ੍ਹ ਸ਼ਿਮਲੇ ਜ਼ਰੂਰ ਜਾਵਾਂਗੇ ਜੇ ਪੈਸੇ ਮਿਲ ਗਏ), (iii) ਵਾਕੰਸ਼+ਜੇ...+ਤਾਂ...(ਤੇਰੀ ਮਾਂ ਜੇ ਲੜਦੀ ਫਿਰੇ ਤਾਂ ਕੀ ਕੀਤਾ ਜਾਵੇ), (iv) ...ਕਿ ਜੇ...ਤਾਂ...(ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੇ ਰੱਬ ਨੇ ਉਸ ਨੂੰ ਬਣਾਇਆ ਹੈ ਤਾਂ ਜ਼ਰੂਰ ਕੋਈ ਗੁਣ ਵੀ ਦਿੱਤਾ ਹੋਵੇਗਾ)।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.