ਜੈਂਡਰ ਸਰੋਤ : ਹਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੈਂਡਰ (Gender): ਜੈਂਡਰ ਸ਼ਬਦ ਦੇ ਅਰਥ ਸਾਡੀ ਪਛਾਣ ਨਾਲ ਜੁੜਦੇ ਹਨ ਪਰ ਇਨਸਾਨ ਦੀ ਪਛਾਣ ਤਾਂ ਇਕ ਉਸਾਰ ਦੀ ਪ੍ਰਕਿਰਿਆ ਹੈ। ਇਕ ਖਾਸ ਪੜ੍ਹਾਅ ਤੇ ਸੋਚੀਏ ਕਿ ਸਾਡੀ ਬਸ ਇਹੀ ਪਛਾਣ ਹੈ ਤਾਂ ਇਹ ਸਾਡੀ ਵੱਡੀ ਭੁੱਲ ਹੋਵੇਗੀ। ਦੋਵੇਂ ਪ੍ਰਸਿੱਧ ਨਾਰੀਵਾਦੀ ਸੀਮੋਨ ਦਾ ਬਿਊਵਾਰ (Simone de Beauvior) ਅਤੇ ਜੁਡੀਥ ਬਟਲਰ (Judith Butler) ਦੇ ਵਿਚਾਰਾਂ ਵਿਚ ਜੈਂਡਰ ਇਕ ਕਿਰਿਆ (Verb) ਹੈ ਜੋ ਨਾ ਤਾਂ ਕਦੇ ਉਗਮਦੀ ਹੈ ਤੇ ਨਾ ਖ਼ਤਮ ਹੁੰਦੀ ਹੈ। ਜੈਂਡਰ ਗੈਰ-ਕੁਦਰਤੀ ਹੈ ਤਾਂ ਸੰਭਵ ਹੈ ਕਿ ਕਿਸੇ ਵੀ ਸਰੀਰ ਨਾਲ ਇਸਦਾ ਜ਼ਰੂਰੀ ਸਬੰਧ ਵੀ ਨਹੀਂ ਹੈ। ਸੋ ਜੈਂਡਰ ਵੀ ਕਈ ਸਵਾਲਾਂ ਦੇ ਘੇਰੇ ਵਿਚ ਜਾ ਖੜ੍ਹਦਾ ਹੈ ਕਿ ਜੈਂਡਰ ਕਿਵੇਂ ਇਨਸਾਨਾਂ ਦੇ ਸਰੀਰ ਦੇ ਲਿੰਗ ਬਣਤਰ ਦੇ ਵਖਰੇਂਵੇ ਨਾਲ ਸਬੰਧਿਤ ਹੈ? ਕੀ ਜੈਂਡਰ ਸਬੰਧਾਂ ਦਾ ਆਪਣਾ ਵੀ ਕੋਈ ਇਤਿਹਾਸ ਹੈ? ਜੈਂਡਰ ਸਬੰਧ ਕਿਵੇਂ ਕਾਮਕੁਤਾ ਅਤੇ ਵਿਅਕਤੀਗਤ ਪਛਾਣ ਨਾਲ ਸਬੰਧਿਤ ਹਨ? ਕੀ ਇੱਥੇ ਸਿਰਫ਼਼ ਦੋ ਹੀ ਜੈਂਡਰ ਹਨ? ਕਿਵੇਂ ‘ਕੱਚੀ ਜੈਵਿਕ ਕਾਮੁਕਤਾ’ (Raw biological Sexuality) ਨੂੰ ਜੈਂਡਰ ਰਾਹੀਂ (ਦੋ-ਭਾਗੀਕਰਣ ਵੰਡ ਰਾਹੀਂ) ਪਕਾਇਆ ਜਾਂਦਾ ਹੈ। ਇਸਦੀ ਉਦਾਹਰਣ ਹੇਠ ਕਲਾਰਕ (Veve A Clark), ਰੂਥ ਅਲੈਨ (Ruth-Ellen) ਅਤੇ ਸਪਰੈਂਗਥਰ (Sprengnether) ਆਪਣੀ ਪੁਸਤਕ ‘Revising the World and the World : Essay in Feminist Literary & Criticism’ ਵਿਚ ਦਿੰਦੇ ਲਿਖਦੇ ਹਨ ਕਿ, “ਔਰਤ ਮਰਦ ਦੇ ਸਬੰਧ ਵਿਚ ਇਕ ਰਹੱਸ (Question), ਇਕ ਸੈਕਸ (Sex) ਜਾਂ ਦੂਜੇ (Other) ਦੇ ਤੌਰ ’ਤੇ ਪ੍ਰਭਾਸ਼ਿਤ ਕੀਤੀ ਜਾਂਦੀ ਹੈ ਤੇ ਪੁਰਸ਼ ਨੂੰ ਇਕ ਬ੍ਰਹਿਮੰਡ ਵਜੋਂ।”1 ਇਹ ਵਿਚਾਰਧਾਰਾ ਹੈ ਕਿ ਜਦੋਂ ਕੁਦਰਤ ਇਕ ਵਸਤੂ ਦੇ ਰੂਪ ਵਿਚ ਮਨੁੱਖੀ ਕਿਰਿਆਵਾਂ ਦਾ ਉਤਪਾਦਨ ਬਣਦੀ ਹੈ ਤਾਂ ਇਹ ਆਪਣੀ ਕੁਦਰਤੀ ਹੋਂਦ ਗਵਾ ਲੈਂਦੀ ਹੈ। ਇਸੇ ਤਰ੍ਹਾਂ ਜੈਂਡਰ ਸਬੰਧ ਸਮਾਜਿਕ ਸਥਿਤੀਆਂ ਦੇ ਲੰਮੇ ਸਮੇਂ ਤਹਿਤ ਪ੍ਰਪੱਕ ਹੋ ਜਾਂਦੇ ਹਨ। ਮਰਦ ਜੈਂਡਰ ਦੀ ਭੂਮਿਕਾ ਤੇ ਇਸਤਰੀ ਜੈਂਡਰ ਦੀ ਭੂਮਿਕਾ ਨੂੰ ਇਸ ਤਰ੍ਹਾਂ ਹੀ ਨਿਸਚਿਤ ਕੀਤਾ ਜਾਂਦਾ ਹੈ।

ਜੁਡੀਥ ਬਟਲਰ (Judith Butler) ਦੇ ਵਿਚਾਰਾਂ ਅਨੁਸਾਰ ਜੇ ਵਿਅਕਤੀ ਦੀ ਪਛਾਣ ਦੀ ਉਸਾਰੀ ਕੀਤੀ ਜਾਂਦੀ ਹੈ ਤੇ ਬਦਲੀ ਵੀ ਜਾ ਸਕਦੀ ਹੈ ਉਹ ਇਸ ਕਰਕੇ ਸੈਕਸ ਅਤੇ ਜੈਂਡਰ ਦੀ ਵੱਖਰਤਾ ਨੂੰ ਤੋੜਦੀ ਹੈ ਕਿਉਂਕਿ ਕੋਈ ਸੈਕਸ ਨਹੀਂ ਜਿਸ ਕੋਲ ਪਹਿਲਾਂ ਤੋਂ ਹੀ ਕੋਈ ਜੈਂਡਰ ਨਹੀਂ ਹੁੰਦਾ। ਸਾਰੇ ਸਰੀਰ ਆਪਣੀ ਸਮਾਜਿਕ ਹੋਂਦ ਦੀ ਸ਼ੁਰੂਆਤ ਤੋਂ ਹੀ ਲਿੰਗਤ (Gendered) ਹੁੰਦੇ ਹਨ (ਭਾਵ ਜੋ ਸਮਾਜਿਕ ਨਹੀਂ ਉਸਦੀ ਕੋਈ ਹੋਂਦ ਨਹੀਂ ਹੁੰਦੀ) ਇਸਦਾ ਮਤਲਬ ਹੈ ਕਿ ਇੱਥੇ ਕੋਈ ਪ੍ਰਕਿਰਤਕ ‘ਸਰੀਰ’ ਜਾਂ ‘ਦੇਹ’ ਨਹੀਂ ਹੈ ਜੋ ਆਪਣੀ ਸਭਿਆਚਾਰਕ ਪਛਾਣ ਤੋਂ ਪੂਰਵ ਹੋਂਦ ਰੱਖਦੀ ਹੋਵੇ। ਜੈਂਡਰ ਉਵੇਂ ਨਹੀਂ ਜਿਵੇਂ ਕੋਈ ਹੈ ਇਹ ਉਹ ਹੈ ਜੋ ਕੋਈ ਇਨਸਾਨ ਕਰਦਾ ਹੈ ਭਾਵ ਕਾਰਜ, ਕਾਰਜਾਂ ਦਾ ਅਨੁਕ੍ਰਮ, ਇਹ ਵਿਆਕਰਣਕ ਨਾਂਵ ਨਾਲੋਂ ਕਿਰਿਆ ਜ਼ਿਆਦਾ, ਇਹ ਹੋਣ (Being) ਨਾਲੋਂ ਹੋ ਰਿਹਾ (Doing) ਹੈ।

ਜੁਡੀਥ ਬਟਲਰ (Judith Butler) ਸੀਮੋਨ ਦਾ ਬਿਊਆਰ (Simone de Beauvior) ਦੇ ਇਸ ਕਥਨ ਤੇ ਟਿੱਪਣੀ ਕਰਦੀ ਹੈ ਕਿ “ਔਰਤ ਜਨਮਦੀ ਨਹੀਂ ਸਗੋਂ ਬਣਾਈ ਜਾਂਦੀ ਹੈ।”2 (One is not born but rathar becomes a woman) ਉਹ ਇਹ ਵੀ ਦੱਸਦੀ ਹੈ ਕਿ ਸੀਮੋਨ ਦਾ ਬਿਊਆਰ ਨੇ ਆਪਣਾ ਇਹ ਵਿਚਾਰ ਅਲਥੂਸਰ (Althusser) ਦੇ ਇਕ ਲੇਖ ‘Ideology and Ideological State Appartures’ ਤੋਂ ਗ੍ਰਹਿਣ ਕੀਤਾ ਹੋਇਆ ਹੈ। ਅਲਥੂਸਰ ਅਨੁਸਾਰ ਸ਼ਬਦ ਤੇ ਵਿਚਾਰਾਂ ਦੀ ਸ਼ਕਤੀ  (Power) ਨਾਲ ਨਿਰਦੇਸ਼ਤ ਕਰਨ ਵਾਲੀਆਂ ਸੰਸਥਾਵਾਂ ਇਨਸਾਨਾਂ ਨੂੰ ਆਪਣੀ ਵਿਚਾਰਧਾਰਾ (Ideology) ਅਨੁਸਾਰ ਢਾਲਣ ਦਾ ਕੰਮ ਕਰਦੀਆਂ ਹਨ ਜਿਵੇਂ ਇਕ ਪੁਲਿਸਮੈਨ ਦੀ ਉਦਾਹਰਣ ਦਿੰਦਾ ਹੈ ਕਿ ਪੁਲਿਸ ਵਾਲਾ (ਅਧਿਕਾਰਤ ਵਿਅਕਤੀ) ਜਦੋਂ ਗਲੀ ਵਿਚ ਖੜ੍ਹੇ ਇਕ ਵਿਅਕਤੀ ਨੂੰ ‘ਓਏ! ਤੂੰ’ ਕਹਿ ਕੇ ਅਵਾਜ਼ ਮਾਰਦਾ ਹੈ ਤਾਂ ਪੁਲਿਸਮੈਨ ਵਿਅਕਤੀ ਤੋਂ ਵਿਸ਼ੇ (Subject) ਦੇ ਰੂਪ ਵਿਚ ਵੇਰਵੇ ਦੀ ਮੰਗ ਰੱਖਦਾ ਹੈ, ਇਹ ਵੇਰਵੇ ਦੀ ਮੰਗ ਕਿਵੇਂ ਵਿਅਕਤੀ ਨੂੰ ‘ਵਿਸ਼ੇ’ (Subject) ਦਾ ਸਥਾਨ ਦਵਾ ਦੇਂਦੀ ਹੈ। ਇਵੇਂ ਹੀ ਬਟਲਰ ਉਦਹਰਣ ਦਿੰਦੀ ਹੈ ਕਿ ਉਸਦਾ (His) ਜਾਂ ਉਸਦਾ (Her) ਲਿੰਗਕ ਵਖਰੇਂਵਾ ਬੱਚੇ ਦੇ ਜਨਮ ਤੋਂ ਪਹਿਲਾਂ ਜਾਂ ਬਾਅਦ ਘੋਸ਼ਿਤ ਤਾਂ ਕਰ ਦਿੱਤਾ ਜਾਂਦਾ ਹੈ ਪਰ ਇਹ ਉਦੋਂ ਤਕ ਕੰਮ ਨਹੀਂ ਕਰਦਾ ਭਾਵ ਮੁੰਡੇ ਜਾਂ ਕੁੜੀ ਵਜੋਂ ਪਛਾਣ ਗ੍ਰਹਿਣ ਨਹੀਂ ਹੁੰਦੀ ਜਦੋਂ ਤਕ ਉਸਨੂੰ (ਇਨਸਾਨ ਨੂੰ) ਕੋਈ ਵਿਅਕਤੀ ਸੂਚਿਤ ਨਹੀਂ ਕਰਦਾ ਜਾਂ ਐਲਾਨਦਾ ਨਹੀਂ।

ਇਸ ਤਰ੍ਹਾਂ ਇਹ ਸੰਸਾਰਕ ਸਭਿਅਤਾ ਹੀ ਹੈ ਜੋ ਸਰੀਰ ਨੂੰ (ਜੀਵ ਨੂੰ) ਪੈਦਾ ਤਾਂ ਕਰਦੀ ਹੈ ਪਰ ਇਹ ਹਰ ਸਮੇਂ ਬਣਦਾ ਵੀ ਰਹਿੰਦਾ ਹੈ। ਸੋ ਜੈਂਡਰ ਸਬੰਧੀ ਪੁਰਾਣੇ ਵਿਚਾਰ ਟੁੱਟ ਰਹੇ ਹਨ ਤੇ ਇਸਨੂੰ ਨਵੇਂ ਸਿਧਾਂਤਾਂ ਦੀ ਰੋਸ਼ਨੀ ਵਿਚ ਪ੍ਰਭਾਸ਼ਿਤ ਕੀਤਾ ਜਾ ਰਿਹਾ ਹੈ। ਜੈਂਡਰ ਭਾਵ ਲਿੰਗ ਸ਼ਬਦ ਕੁਦਰਤੀ ਬਣਿਆ-ਬਣਾਇਆ ਨਹੀਂ ਹੁੰਦਾ ਸਗੋਂ ਸੰਸਥਾਵਾਂ ਜਾਂ ਸਮਾਜਾਂ ਦੀ ਘਾੜਤ ਦੀ ਰਾਜਨੀਤੀ ਹੇਠ ਘੜਿਆ ਗਿਆ ਹੁੰਦਾ ਹੈ। ਇਹ ਘੜਨ ਪ੍ਰਕਿਰਿਆਂ ਹਰ ਸਮੇਂ ਚਲਦੀ ਰਹਿੰਦੀ ਹੈ। ਇਸ ਤਰ੍ਹਾਂ ਜੈਂਡਰ ਅਤੇ ਸੈਕਸ ਜੋ ਸਾਡੀ ਸਰੀਰਕ ਪਛਾਣ ਨਾਲ ਜੁੜੇ ਹੋਏ ਅਤੇ ਸਮਾਜ-ਸਭਿਆਚਾਰ ਦੁਆਰਾ ਨਿਰਧਾਰਿਤ ਕੀਤੇ ਹੋਏ ਤੱਥ ਹਨ। ਇਨ੍ਹਾਂ ਦੇ ਕੁਦਰਤੀ ਅਧਾਰ ਬਿਲਕੁਲ ਝੂਠੇ ਸਾਬਿਤ ਹੁੰਦੇ ਹਨ।


ਲੇਖਕ : ਹਰਪ੍ਰੀਤ ਕੌਰ,
ਸਰੋਤ : ਹਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-06-03-04-03-02, ਹਵਾਲੇ/ਟਿੱਪਣੀਆਂ: 1) Ve've' A. Clark, Ruth-Ellen, B.joeres & Madelon Sprengnether, Revising the World and the World : Essay in Feminist Literary & Criticism, The University of Chicago Press, Chicago and London, 1993, page-75 2) Simone De Beauvior, The Second Sex, Constance Borde and Sheila Malovany-Chevallier (Translater), Vintage Book, London, 2009, p-293

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.