ਝੁੰਮਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੁੰਮਰ (ਨਾਂ,ਪੁ) ਪੱਛਮੀ ਪੰਜਾਬ ਦੀਆਂ ਬਾਰਾਂ ਦੇ ਜਾਂਗਲੀ ਮਰਦਾਂ ਦਾ ਲੋਕ-ਨਾਚ; ਰਾਣੀ ਬਾਰ ਅਤੇ ਸਾਂਦਲ ਬਾਰ ਇਲਾਕਿਆਂ ਦਾ ਲੋਕ-ਨਾਚ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝੁੰਮਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੁੰਮਰ [ਨਾਂਇ] 1 ਘੇਰੇ ਵਿੱਚ ਨੱਚਣ ਵਾਲ਼ਾ ਇੱਕ ਲੋਕ ਨਾਚ 2 ਸ਼ੀਸ਼ੇ ਆਦਿ ਦੀ ਛੱਤ ਨਾਲ਼ ਲਟਕਣ ਵਾਲ਼ੀ ਇੱਕ ਸਜਾਵਟੀ ਵਸਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੁੰਮਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਝੁੰਮਰ :   ਇਹ ਪੱਛਮੀ ਪੰਜਾਬ ਦੇ ਸਾਂਦਲ-ਬਾਰ ਦੇ ਵਸਨੀਕਾਂ ਜਿਨ੍ਹਾਂ ਨੂੰ ਜਾਂਗਲੀ ਕਿਹਾ ਜਾਂਦਾ ਹੈ, ਦਾ ਮਰਦਾਵਾਂ ਨਾਚ ਹੈ। ਇਹ ਇਲਾਕਾ ਰਾਵੀ ਅਤੇ ਝਨਾਂ ਦੇ ਵਿਚਾਲੇ ਹੈ। ਇਸ ਵਿਚ ਲਾਇਲਪੁਰ (ਫ਼ੈਸਲਾਬਾਦ), ਸ਼ੇਖੂਪੁਰਾ, ਮਿੰਟਗੁਮਰੀ ਅਤੇ ਝੰਗ ਦੇ ਜ਼ਿਲ੍ਹਿਆਂ ਦਾ ਕੁਝ ਇਲਾਕਾ ਆਉਂਦਾ ਹੈ। ਪਹਿਲਾਂ ਇਹ ਇਲਾਕਾ ਇਕ ਜੰਗਲ ਸੀ। ਲੋਅਰ ਚਨਾਬ ਨਹਿਰ ਨਿਕਲਣ ਨਾਲ ਇਹ ਆਬਾਦ ਹੋਇਆ ਤੇ ਇੰਜ ਇਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਬਣ ਗਿਆ। ਵਹੀਰਾਂ ਵਿਚ ਟੁਰਦੀਆਂ ਡਾਚੀਆਂ ਦੀਆਂ ਲੰਬੀਆਂ ਗਰਦਨਾਂ ਦਾ ਹੁਲਾਰ ਤੇ ਉਨ੍ਹਾਂ ਦੇ ਗਲਾਂ ਵਿਚ ਵੱਜਣ ਵਾਲੀਆਂ ਟੱਲੀਆਂ ਦੀ ਆਵਾਜ਼ ਜਾਂਗਲੀਆਂ ਦੇ ਮਨਾਂ ਨੂੰ ਅਨੰਦਮਈ ਬਣਾ ਦਿੰਦੀ ਸੀ। ਉਹ ਇਸ ਖੁਸ਼ੀ ਭਰੇ ਮਾਹੌਲ ਦਾ ਨੱਚ ਕੇ ਪ੍ਰਗਟਾਵਾ ਕਰਿਆ ਕਰਦੇ ਸਨ। ਸਾਉਣ ਭਾਦੋਂ ਦੇ ਮਹੀਨਿਆਂ ਵਿਚ ਜਦੋਂ ਜੰਗਲ ਵਿਚ ਹਰਿਆਵਲ ਹੁੰਦੀ ਤਾਂ ਇਹ ਲੋਕ ਮੇਲਿਆਂ ਵਿਚ ਇਕੱਠੇ ਹੋ ਕੇ ਆਪਣੇ ਡੰਗਰਾਂ ਸਮੇਤ ਨੱਚਿਆ ਕਰਦੇ ਸਨ।

        ਇਸ ਨਾਚ ਦਾ ਜ਼ਰੂਰੀ ਸਾਜ਼ ਢੋਲ ਹੈ। ਢੋਲ ਵੀ ਅਜਿਹਾ ਹੋਣਾ ਚਾਹੀਦਾ ਹੈ ਜਿਸ ਦੀ ਆਵਾਜ਼ ਰਾਤ ਸਮੇਂ ਕਈ ਮੀਲਾਂ ਤਕ ਸੁਣਾਈ ਦੇਵੇ। ਝੁੰਮਰ ਲਈ ਢੋਲ ਦੀਆਂ  ਤਿੰਨ ਤਾਲਾਂ ਹਨ। ਪਹਿਲੀ ਮੱਠੀ, ਦੂਜੀ ਤੇਜ਼ ਅਤੇ ਤੀਜੀ ਬਹੁਤ ਤੇਜ਼। ਮੱਠੀ ਤਾਲ ਨੂੰ ਝੁੰਮਰ ਦੀ ਤਾਲ, ਦੂਜੀ ਨੂੰ ਚੀਣਾ ਛੜੀਨਾ ਅਤੇ ਤੀਜੀ ਨੂੰ ਧਮਾਲ ਆਖਿਆ ਜਾਂਦਾ ਹੈ।

  ਜਦੋਂ ਕਿਸੇ ਪਿੰਡ ਵਿਚ ਢੋਲ ਵਜਦਾ ਹੈ ਤਾਂ ਅਕਸਰ ਝੁੰਮਰ ਨਾਚ ਦੀ ਨਿਸ਼ਾਨੀ ਹੀ ਮੰਨਿਆ ਹੈ । ਪਿੰਡ ਦੇ ਮਰਦ, ਔਰਤਾਂ ਤੇ ਬੱਚੇ ਢੋਲੀ ਕੋਲ ਆ ਕੇ ਘੇਰੇ ਵਿਚ ਖਲੋ ਜਾਂਦੇ ਹਨ। ਘੇਰੇ ਦੇ ਅੱਧੇ ਪਾਸੇ ਮਰਦ ਹੁੰਦੇ ਹਨ ਅਤੇ ਅੱਧੇ ਪਾਸੇ ਔਰਤਾਂ ਤੇ ਬੱਚੇ। ਜਦੋਂ ਪਿੜ ਬੱਝ ਜਾਂਦਾ ਹੈ ਤਾਂ ਢੋਲ ਵਾਲਾ ਲੋਕਾਂ ਨੂੰ ਇਸ਼ਾਰਾ ਕਰਦਾ ਹੈ ਅਤੇ ਝੁੰਮਰ ਦੇ ਜਵਾਨ ਜਿਨ੍ਹਾਂ ਨੂੰ ਝੁੰਮਰੀ ਕਿਹਾ ਜਾਂਦਾ ਹੈ, ਪਿੜ ਅੰਦਰ ਢੋਲੀ ਦੇ ਗਿਰਦ ਆ ਖਲੋਂਦੇ ਹਨ ਅਤੇ ਨਾਚ ਸ਼ੁਰੂ ਕਰਦੇ ਹਨ। ਪਹਿਲਾਂ ਝੁੰਮਰੀ ਬਾਹਾਂ ਉਪਰ ਕਰਕੇ ਖਲੋ  ਜਾਂਦੇ ਹਨ। ਫਿਰ ਤਾਲ ਸਿਰ ਖੱਬਾ ਪੈਰ ਅੱਗੇ ਰੱਖਕੇ ਉਵੇਂ ਹੀ ਬਾਹਾਂ ਨੂੰ ਅਤੇ ਹੱਥਾਂ ਨੂੰ ਹਿਲਾਉਂਦੇ ਹਨ। ਤੀਜੀ ਵਾਰ ਮੁੱਠ ਮੀਚ ਕੇ ਛਾਤੀ ਕੋਲ ਲੈ ਆਉਂਦੇ ਹਨ ਜਾਂ ਇਕ ਹੱਥ ਨੂੰ ਛਾਤੀ ਦੇ ਕੋਲ ਰੱਖਕੇ ਦੂਜੇ ਨੂੰ ਲੱਕ ਦੇ ਪਿਛਲੇ ਪਾਸੇ ਰੱਖਕੇ ਝੁਕਦੇ ਹਨ। ਚੌਥੀ ਵਾਰ ਬਾਹਾਂ ਨੂੰ ਹੇਠਾਂ ਲਟਕਾ ਕੇ ਹੁਲਾਰ ਮਾਰਦੇ ਹੋਏ ਛਾਤੀ ਕੋਲ ਤਾੜੀ ਮਾਰ ਕੇ ਦੋਹਾਂ ਪੈਰਾਂ ਨਾਲ ਤਾਲ ਵਿਚ ਸਿਰ ਉਛਲਦੇ ਹਨ ਅਤੇ ਢੋਲੀ ਸ਼ੁਰੂ ਕਰਨ ਉਤੇ ਗੀਤ ਗਾਉਂਦੇ ਹਨ :–

       ਮੈਂ ਜੋ ਤੈਨੂੰ ਵੇ ਆਖਿਆ

       ਥਲ ਵਿਚ ਬੰਗਲਾ ਪਵਾ ਭਲਾ,

        ਨਿਕੀਆਂ ਨਿਕੀਆਂ ਬਾਰੀਆਂ

        ਤੇ ਲਗੇ ਪੁਰੇ ਦੀ ਵਾ ਭਲਾ

           ਮੱਠੀ ਤਾਲ ਦੇ ਥੋੜ੍ਹੇ ਚਿਰ ਪਿਛੋਂ ਜਦੋਂ ਝੁੰਮਰੀ ਮਸਤੀ ਵਿਚ ਆ ਜਾਂਦਾ ਹੈ ਤਾਂ ਢੋਲੀ ਤਾਲ ਤੇਜ਼ ਕਰਦਾ ਹੈ। ਇਸ ਨਾਲ ਝੁੰਮਰੀ ਵੀ ਨਾਚ ਵਿਚ ਤੇਜ਼ੀ ਲਿਆਉਂਦਾ ਹੈ। ਇਸ ਤੋਂ ਬਾਅਦ ਦੂਜੀ ਤਾਲ ਸ਼ੁਰੂ ਹੁੰਦੀ ਹੈ ਜਿਸ ਨੂੰ ਚੀਣਾ ਛੜੀਣਾ ਆਖਿਆ ਜਾਂਦਾ ਹੈ। ਇਸ ਤਾਲ ਤੇ ਝੁੰਮਰੀ ਦੋਵੇਂ ਮੁੱਠੀਆਂ ਮੀਚ ਕੇ ਛਾਤੀ ਅੱਗੇ ਰੱਖ ਕੇ ਵਾਰੋ ਵਾਰੀ ਹੇਠਾਂ ਵੱਲ ਝਟਕਾ ਮਾਰਦੇ ਹਨ ਜਿਵੇਂ ਸੋਟੇ ਨੂੰ ਉਖਲੀ ਵਿਚ ਮਾਰਦੇ ਹੋਣ ਅਤੇ ਫੇਰ ਇਕ ਲੱਤ ਨੂੰ ਹੁਲਾਰਾ ਦੇ ਕੇ, ਘੁੰਮ ਕੇ ਪਿਛਲੇ ਪਾਸੇ ਵੱਲ ਮੂੰਹ ਕਰਕੇ ਦੋਵੇਂ ਹੀ ਮੁਠੀਆਂ ਮੀਚ ਕੇ ਝਟਕਾ ਮਾਰਦੇ ਹਨ ਅਤੇ ਇਹ ਗਾਣਾ ਗਾਉਂਦੇ ਹਨ  :–

            ਚੀਣਾ ਅਸੀਂ ਛੜੀਂਦਾ ਹੋ, ਚੀਣਾ ਅਸੀਂ ਛੜੀਦਾ ਯਾਰ,

            ਮੋਹਲਾ ਅਈ ਮਰੀਂਦਾ ਹੋ, ਮੋਹਲਾ ਅਈ ਮਰੀਂਦਾ ਯਾਰ।

         ਇਹ ਤਾਲ ਬੜੀ ਕਠਿਨ ਹੈ। ਨਾਚ ਵਾਲੇ ਜਵਾਨ ਥੱਕ ਵੀ ਛੇਤੀ ਜਾਂਦੇ ਹਨ। ਇਸ ਅੱਗੇ ਤੀਜੀ ਤਾਲ ਹੈ ਜੋ ਸਭ ਤੋਂ ਤੇਜ਼ ਹੈ। ਇਸ ਨੂੰ ਭੰਗੜੇ ਦਾ ਹੀ ਦੂਜਾ ਰੂਪ ਕਿਹਾ ਜਾ ਸਕਦਾ ਹੈ। ਇਸ ਤਾਲ ਸਮੇਂ ਵਿਰਲੇ ਜਵਾਨ ਹੀ ਪਿੜ ਵਿਚ ਰਹਿ ਜਾਂਦੇ ਹਨ। ਇਸ ਤਾਲ ਨਾਲ ਹਰਕਤਾਂ ਬੜੀ ਤੇਜ਼ੀ ਨਾਲ ਕੀਤੀਆਂ ਜਾਂਦੀਆਂ ਹਨ। ਨੱਚਣ ਵਾਲੇ ਇਕ ਕਦਮ ਅੱਗੇ ਰਖਦੇ, ਇਕ ਨਿੱਕਾ ਕਦਮ ਪਿਛੇ ਹਟਾ ਕੇ ਫਿਰ ਕਦਮ ਅੱਗੇ ਵਧਾਉਂਦੇ ਅਤੇ ਤਾਲ ਸਿਰ ਤੇਜ਼ੀ ਨਾਲ ਪੈਰ ਮਿਲਾਉਂਦੇ ਚਲਦੇ ਹਨ।

    ਇਸ ਤਾਲ ਵਿਚ ਝੁੰਮਰੀ ਕਈ ਵਾਰੀ ਗਾਣੇ ਦੀ ਥਾਂ ‘ਛੂਹ ਛੂਹ' ਦੀ ਆਵਾਜ਼ ਤਾਲ ਉਤੇ ਕਢਦੇ ਹਨ, ਜਿਸ ਨੂੰ  ‘ਫੁੰਮਣੀਆਂ ਕੱਢਣਾ' ਆਖਦੇ ਹਨ, ਕਦੇ ਕੂੰਜਾਂ ਵਾਂਗ ‘ਕੁਰਰ ਕੁਰਰ' ਦੀ ਆਵਾਜ਼ ਵੀ ਕੱਢਦੇ ਹਨ।

       ਭੰਗੜੇ ਵਾਂਗ ਇਸ ਨਾਚ ਵਿਚ ਜਿੰਨੇ ਲੋਕ ਚਾਹੁਣ ਮਿਲ ਕੇ ਨੱਚ ਸਕਦੇ ਹਨ ਅਤੇ ਜਿਹੜਾ ਝੁੰਮਰੀ ਥੱਕ ਜਾਂਦਾ ਹੈ ਉਹ ਪਿੜ ਵਿਚ ਬੈਠੇ ਲੋਕਾਂ ਵਿਚ ਜਾ ਬੈਠਦਾ ਹੈ ਤੇ ਜਿਸ ਕਿਸੇ ਦਾ ਜੀਅ ਕਰੇ ਉਹ ਉਠ ਕੇ ਝੁੰਮਰੀਆਂ ਵਿਚ ਰਲ ਜਾਂਦਾ ਹੈ।

      ਇਸ ਨਾਚ ਦਾ ਰੰਗ ਭਾਰਤ ਦੇ ਹੋਰ ਇਲਾਕਿਆਂ ਦੇ ਨਾਚਾਂ ਵਿਚ ਵੀ ਮਿਲਦਾ ਹੈ ਜਿਵੇਂ ਬਿਹਾਰ, ਰਾਜਸਥਾਨ ਅਤੇ ਮੱਧ ਪ੍ਰਦੇਸ਼। ਇਨ੍ਹਾਂ ਇਲਾਕਿਆਂ ਵਿਚ ਇਸ ਦੀ ਤਕਨੀਕ ਪੰਜਾਬ ਦੀ ਤਕਨੀਕ ਨਾਲੋਂ ਵੱਖਰੀ ਹੈ। ਇਸੇ ਨਾਚ ਦਾ ਦੂਜਾ ਨਾਂ ਧਰੀਸ ਵੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-05-11-31-47, ਹਵਾਲੇ/ਟਿੱਪਣੀਆਂ: ਹ. ਪੁ. –ਪੰ. -ਰੰਧਾਵਾ : 122

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.