ਟਕਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Collision_ਟਕਰ: ਜਹਾਜ਼ਾਂ ਜਾਂ ਪੋਤਾਂ ਦੀ ਉਹ ਕ੍ਰਆ ਜਿਸ ਦੁਆਰਾ ਉਹ ਇਕ ਦੂਜੇ ਵਿਚ ਆ ਵਜਦੇ ਹਨ; ਜਾਂ ਇਕ ਪੋਤ ਦੂਜੇ ਵਿਚ ਜਾ ਵਜਦਾ ਹੈ।

       ਇਹ ਘਟਨਾ ਕਿਸੇ ਦੀ ਗ਼ਲਤੀ ਤੋਂ ਬਿਨਾਂ ਵੀ ਵਾਪਰ ਸਕਦੀ ਹੈ। ਅਜਿਹੀ ਸੂਰਤ ਵਿਚ ਅਕਸਰ ਦੇਸ਼ਾਂ ਦਾ ਕਾਨੂੰਨ ਇਹ ਹੈ ਕਿ ਹਰੇਕ ਧਿਰ ਆਪੋ ਆਪਣਾ ਨੁਕਸਾਨ ਖ਼ੁਦ ਬਰਦਾਸ਼ਤ ਕਰੇ। ਅੰਗਰੇਜ਼ੀ, ਫ਼ਰੈਂਚ ਅਤੇ ਅਮਰੀਕਨ ਅਦਾਲਤਾਂ ਵਿਚ ਇਹ ਕਾਨੂੰਨ ਲਾਗੂ ਹੁੰਦਾ ਹੈ।

       ਜਦੋਂ ਕੋਈ ਟੱਕਰ ਨਿਰੋਲ ਰੂਪ ਵਿਚ ਕੁਦਰਤੀ ਕਾਰਨਾਂ ਕਰਕੇ ਅਤੇ ਪੋਤ ਦੇ ਮਾਲਕਾਂ ਜਾਂ ਇੰਚਾਰਜਾਂ ਦੀ ਗ਼ਲਤੀ ਤੋਂ ਬਗ਼ੈਰ ਹੋਵੇ ਤਾਂ ਉਸ ਨੂੰ ਅਟੱਲ ਦੁਰਘਟਨਾ ਕਿਹਾ ਜਾਂਦਾ ਹੈ।

       ਅਜਿਹੀ ਟੱਕਰ ਪ੍ਰਸਪਰਕ ਗ਼ਲਤੀ ਕਰਕੇ ਵੀ ਹੋ ਸਕਦੀ ਹੈ। ਉਥੇ ਟਕਰਾਉਣ ਵਾਲੇ ਦੋਹਾਂ ਪੋਤਾਂ ਦੇ ਇੰਚਾਰਜਾਂ ਦੀ ਗ਼ਲਤੀ ਜਾਂ ਅਣਗਹਿਲੀ ਹੋ ਸਕਦੀ ਹੈ। ਅਜਿਹੀ ਸੂਰਤ ਵਿਚ ਸਮੁੰਦਰੀ ਅਦਾਲਤਾਂ ਦੋਹਾਂ ਪੋਤਾਂ ਨੂੰ ਹੋਇਆ ਨੁਕਸਾਨ ਅਤੇ ਨੁਕਸਾਨੇ ਗਏ ਵਖਰ ਦੀ ਕੀਮਤ ਜੋੜ ਕੇ ਦੋਹਾਂ ਪੋਤਾਂ ਤੇ ਬਰਾਬਰ ਬਰਾਬਰ ਪਾ ਦਿੰਦੀਆਂ ਹਨ।

       ਅਜਿਹੀ ਸੂਰਤ ਵੀ ਹੋ ਸਕਦੀ ਹੈ ਜਦ ਟਕਰਾਉਣ ਵਾਲੇ ਦੋਹਾਂ ਪੋਤਾਂ ਵਿਚ ਗ਼ਲਤੀ ਇਕੋ ਦੀ ਹੋਵੇ। ਅਜਿਹੀ ਹਾਲਤ ਵਿਚ ਗ਼ਲਤੀ ਕਰਨ ਵਾਲੇ ਪੋਤ ਦੇ ਮਾਲਕ ਆਪਣੇ ਪੋਤ ਨੂੰ ਹੋਇਆ ਨੁਕਸਾਨ ਖ਼ੁਦ ਬਰਦਾਸ਼ਤ ਕਰਦੇ ਹਨ ਅਤੇ ਦੂਜੇ ਪੋਤ ਨੂੰ ਹੋਏ ਨੁਕਸਾਨ ਲਈ ਉਸ ਦੇ ਮਾਲਕਾਂ ਦੁਆਰਾ ਕਲੇਮ ਕੀਤੇ ਗਏ ਮੁਆਵਜ਼ੇ ਲਈ ਵੀ ਦੇਣਕਾਰ ਹੁੰਦੇ ਹਨ।

       ਜੇ ਦੋ ਪੋਤਾਂ ਵਿਚਕਾਰ ਹੋਈ ਟੱਕਰ ਦੇ ਫ਼ਲਸਰੂਪ ਵਖਰ ਨੂੰ ਨੁਕਸਾਨ ਪਹੁੰਚੇ ਤਾਂ ਵਖਰ ਦਾ ਮਾਲਕ ਦੋਹਾਂ ਪੋਤਾਂ ਦੇ ਵਿਰੁਧ ਜਾਂ ਉਨ੍ਹਾਂ ਦੇ ਮਾਲਕਾਂ ਦੇ ਵਿਰੁਧ ਜਾਂ ਦੋਹਾਂ ਵਿਚੋਂ ਕਿਸੇ ਪੋਤ ਮਾਲਕ ਦੇ ਵਿਰੁਧ ਦਾਵਾ ਕਰ ਸਕਦਾ ਹੈ।

       ਟਕਰਾਂ ਤੋਂ ਬਚਣ ਲਈ ਜਹਾਜ਼ਰਾਨੀ ਨਿਯਮ (Navigation rules) ਅਪਣਾਏ ਗਏ ਹਨ ਜਿਨ੍ਹਾਂ ਦੀ ਪਾਲਣਾ ਇਕ ਦੂਜੇ ਕੋਲੋਂ ਲੰਘਣ ਲੱਗਿਆਂ ਜਹਾਜ਼ਾਂ ਨੂੰ ਕਰਨੀ ਪੈਂਦੀ ਹੈ। ਕਈ ਵਾਰੀ ਪੋਤਾਂ ਨੂੰ ਆਪਣੇ ਬਚਾਉ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਤੋਂ ਛੋਟ ਵੀ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਨਿਯਮਾਂ ਦੀ ਹਰ ਹਾਲ ਪਾਲਣਾ ਜ਼ਰੂਰੀ ਨਹੀਂ ਰਹਿ ਜਾਂਦੀ। ਮਿਸਾਲ ਲਈ ਜੇ ਕਿਸੇ ਪੋਤ ਨੂੰ ਸਾਹਮਣੇ ਚਟਾਨ ਤੋਂ ਬਚਣ ਲਈ ਨਿਯਮਾਂ ਦੀ ਉਲੰਘਣਾ ਕਰਨੀ ਪਵੇ ਤਾਂ ਉਹ ਆਪਣੇ ਬਚਾਉ ਲਈ ਅਜਿਹਾ ਕਰ ਸਕਦਾ ਹੈ। ਨਿਯਮਾਂ ਦੀ ਉਲੰਘਣਾ ਤਦ ਹੀ ਹੋ ਸਕਦੀ ਹੈ ਜੇ ਕੋਈ ਸੰਕਟ ਪੈਦਾ ਹੋ ਜਾਵੇ ਅਤੇ ਉਲੰਘਣਾ ਕਰਕੇ ਸੰਕਟ ਤੋਂ ਬਚਿਆ ਜਾ ਸਕਦਾ ਹੋਵੇ। ਇਸੇ ਤਰ੍ਹਾਂ ਇਕ ਦੂਜੇ ਦੇ ਨੇੜੇ ਨੇੜ ਆ ਰਹੇ ਜਹਾਜ਼ਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਜਹਾਜ਼ਰਾਨੀ ਨਿਯਮਾਂ ਦੀ ਪਾਲਣਾ ਕਰਨਗੇ, ਪਰ ਜਦੋਂ ਇਕ ਜਹਾਜ਼ ਇਸ ਤਰ੍ਹਾਂ ਨ ਕਰ ਰਿਹਾ ਹੋਵੇ ਤਾਂ ਦੂਜੇ ਨੂੰ ਵੀ ਆਪਣੇ ਬਚਾਉ ਲਈ ਲੋੜੀਂਦੇ ਉਪਰਾਲੇ ਕਰਨੇ ਪੈ ਸਕਦੇ ਹਨ।

       ਟੱਕਰ ਤੋਂ ਬਚਣ ਲਈ ਨਿਗਾਹਬਾਨੀ ਕਰਨ ਲਈ ਠੀਕ ਥਾਂ ਤੇ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਖ਼ਤਰੇ ਦੇ ਵਕਤ ਦੋ ਥਾਂ ਨਿਗਾਹਬਾਨ ਤੈਨਾਤ ਕਰਨੇ ਪੈ ਸਕਦੇ ਹਨ। ਇਸ ਨਿਯਮ ਦੀ ਪਾਲਣਾ ਵਿਚ ਕੋਈ ਅਪਵਾਦ ਨਹੀਂ ਕੀਤਾ ਜਾਂਦਾ।

       ਜੇ ਬੀਮਾ ਹੋਏ ਪੋਤ ਨੂੰ ਟੱਕਰ ਨਾਲ ਕੋਈ ਹਾਨੀ ਪਹੁੰਚੇ ਤਾਂ ਉਹ ਬੀਮਾ ਪਾਲਿਸੀ ਅਧੀਨ ਬੀਮਾਕਾਰ ਦੁਆਰਾ ਅਦਾਇਗੀਯੋਗ ਹੁੰਦਾ ਹੈ, ਪਰ ਜਦ ਟੱਕਰ ਬੀਮਾ ਹੋਏ ਪੋਤ ਦੀ ਗ਼ਲਤੀ ਕਾਰਨ ਹੋਵੇ ਜਾਂ ਦੋਹਾਂ ਪੋਤਾਂ ਦੀ ਗ਼ਲਤੀ ਕਾਰਨ ਹੋਵੇ ਤਾਂ ਦੂਜੇ ਜਹਾਜ਼ ਨੂੰ ਹੋਈ ਹਾਨੀ ਲਈ ਅਦਾਲਤ ਦੁਆਰਾ ਦਿਤੀ ਡਿਗਰੀ ਵਿਰੁਧ ਬੀਮਾਕਾਰ ਦੇਣਦਾਰ ਨਹੀਂ ਹੁੰਦਾ। ਲੇਕਿਨ ਹੁਣ ਕਈ ਪਾਲਸੀਆਂ ਵਿਚ ਬੀਮਾਕਾਰ ਇਹ ਦੇਣਦਾਰੀ ਉਠਾਉਣ ਲਗ ਪਏ ਹਨ।

       ਹਨੇਰੀ ਰਾਤ , ਖ਼ਰਾਬ ਮੌਸਮ ਜਾਂ ਵਣਜ ਦੀ ਸ਼ਾਹਰਾਹ ਤੇ ਅਣਉਚਿਤ ਰਫ਼ਤਾਰ ਤੇ ਜਾ ਰਹੇ ਸਟੀਮਰ ਨਾਲ ਹੋਈ ਟੱਕਰ ਲਈ ਸਟੀਮਰ ਨੂੰ ਜ਼ਿੰਮੇਵਾਰ ਸਮਝਿਆ ਜਾਵੇਗਾ। ਸਟੀਮਰ ਨੂੰ ਚਲ ਰਹੇ ਪੋਤ ਦੇ ਰਸਤੇ ਵਿਚ ਨਹੀਂ ਆਉਣਾ ਚਾਹੀਦਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.