ਟਮਾਟਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Tomatoes (ਟਅਮਾਟਅਉਜ) ਟਮਾਟਰ: ਇਹ ਟਮਾਟਰਾਂ ਦਾ ਫੁੱਲ (Lycopersicum esculentum) ਜੋ ਆਲੂਆਂ ਅਤੇ ਤੰਬਾਕੂ ਦੀ ਫ਼ਸਲ ਵਾਂਗ ਹੁੰਦਾ ਹੈ। ਇਹ ਦੱਖਣੀ ਅਮਰੀਕਾ ਵਿੱਚ ਆਦਿ ਕਾਲ ਤੋਂ ਪਾਇਆ ਜਾਂਦਾ ਹੈ ਜਿਸ ਦੀ ਕਾਸ਼ਤ ਵਧੇਰੇ ਤਰੱਕੀ ਯਾਫ਼ਤਾ ਹੋ ਗਈ ਹੈ। ਅਠਾਰ੍ਹਵੀਂ ਸ਼ਤਾਬਦੀ ਦੇ ਅੰਤ ਤੱਕ ਇਸ ਨੂੰ ਪਿਆਰਾ ਸੇਬ (love apples) ਹੀ ਕਹਿੰਦੇ ਸਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਟਮਾਟਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਮਾਟਰ [ਨਾਂਪੁ] ਸਬਜ਼ੀ ਦੀ ਇੱਕ ਕਿਸਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟਮਾਟਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਟਮਾਟਰ : ਇਹ ‘ਰਖਿਅਕ’ ਭੋਜਨ ਵਿਚੋਂ ਇਕ ਬਹੁਤ ਹੀ ਮਹੱਤਵਪੂਰਨ ਸਬਜ਼ੀ ਹੈ। ਇਸ ਵਿਚ ਵਿਸ਼ੇਸ਼ ਖੁਰਾਕੀ ਗੁਣ ਹੁੰਦੇ ਹਨ। ਸੰਸਾਰ ਦੇ ਬਹੁਤ ਸਾਰੇ ਭਾਗਾਂ ’ਚ ਇਸ ਦੀ ਤਕੜੀ ਫ਼ਸਲ ਹੁੰਦੀ ਹੈ। ਟਮਾਟਰ, ਆਲੂ ਤੇ ਸ਼ਕਰਕੰਦੀ ਤੋਂ ਪਿਛੋਂ, ਝਾੜ ਦੇ ਲਿਹਾਜ਼ ਨਾਲ ਸੰਸਰ ਦੀ ਸਭ ਤੋਂ ਵੱਡੀ ਸਬਜ਼ੀ ਫ਼ਸਲ ਹੈ। ਡੱਬੇ ਬੰਦ ਹੋਣ ਵਾਲੀਆਂ ਸਬਜ਼ੀਆਂ ’ਚੋਂ ਇਸ ਦਾ ਨੰਬਰ ਪਹਿਲਾ ਹੈ।
ਟਮਾਟਰ ਤਰੀ ਬਣਾਉਣ ਅਤੇ ਆਚਾਰ ਬਣਾਉਣ ਅਤੇ ਕਾਂਜੀ ਬਣਾਉਣ ਦੇ ਕੰਮ ਆਉਂਦਾ ਹੈ। ਇਸ ਦਾ ਸਲਾਦ ਵੀ ਬਣਦਾ ਹੈ ਅਤੇ ਹੋਰ ਵੀ ਕਈ ਢੰਗਾਂ ਨਾਲ ਵਰਤਿਆ ਜਾਂਦਾ ਹੈ। ਮੱਧ ਤੇ ਦੱਖਣੀ ਅਮਰੀਕਾ ਦੇ ਵਸਨੀਕ ਪੂਰਵ-ਇਤਿਹਾਸਕ-ਕਾਲ ਤੋਂ ਟਮਾਟਰਾਂ ਦੀ ਭੋਜਨ ਦੇ ਤੌਰ ਤੇ ਵਰਤੋਂ ਕਰਦੇ ਆਏ ਹਨ। ਇਹ ਪਹਿਲਾਂ ਪੀਰੂ ਤੇ ਮੈਕਸੀਕੋ ਦੇ ਖੰਡਾਂ ’ਚ ਹੁੰਦਾ ਸੀ। ਯੂਰਪ ਵਿਚ ਟਮਾਟਰ 16ਵੀਂ ਸਦੀ ਦੇ ਸ਼ੁਰੂ ਵਿਚ ਸਪੇਨ ਦੇ ਸੈਲਾਨੀ ਲਿਆਏ। ਪਿਛੋਂ ਜਾ ਕੇ ਯੂਰਪੀ ਪਰਵਾਸੀਆਂ ਨੇ ਇਸ ਨੂੰ ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਵਿਚ ਪ੍ਰਚਲਤ ਕੀਤਾ। ਭਾਰਤ ਵਿਚ ਇਸ ਨੂੰ ਪਹਿਲੀ ਵਾਰ ਸ਼ਾਇਦ ਪੁਰਤਗੇਜ਼ੀ ਲਿਆਏ ਪਰ ਇਸ ਗੱਲ ਦਾ ਪੱਕਾ ਵੇਰਵਾ ਨਹੀਂ ਮਿਲਦਾ ਕਿ ਇਹ ਭਾਰਤ ਵਿਚ ਕਦੋਂ ਅਤੇ ਕਿਵੇਂ ਆਇਆ। ਕੁਝ ਸਾਲ ਪਹਿਲਾਂ ਭਾਰਤ ਵਿਚ ਅੰਦਾਜ਼ਨ 36,000 ਹੈਕਟੇਅਰ ਤੋਂ ਕੁਝ ਵੱਧ ਰਕਬੇ ਵਿਚ ਟਮਾਟਰ ਦੀ ਕਾਸ਼ਤ ਕੀਤੀ ਜਾਂਦੀ ਸੀ ਪਰ ਹੁਣ ਇਹ ਰਕਬਾ ਕਾਫ਼ੀ ਵਧ ਗਿਆ ਹੈ।
ਟਮਾਟਰ ਭੋਜਨ ਤੱਤਾਂ ਦੇ ਲਿਹਾਜ਼ ਨਾਲ ਬਹੁਤ ਹੀ ਮਹੱਤਵ ਪੂਰਨ ਸਬਜ਼ੀ ਹੈ। ਇਸ ਲਈ ਸਾਡੀ ਖੁਰਾਕ ਵਿਚ ਇਸ ਦਾ ਵਿਸ਼ੇਸ਼ ਸਥਾਨ ਹੈ। ਹੇਠਲੀ ਸਾਰਣੀ ਵਿਚ ਟਮਾਟਰ ਦੇ ਅਹਾਰਕ ਗੁਣਾਂ ਦਾ ਵੇਰਵਾ ਦਿੱਤਾ ਗਿਆ ਹੈ।

(100 ਗ੍ਰਾਮ ਖਾਣ ਯੋਗ ਭਾਰ ਵਿਚ)

ਨਮੀ

93.1 ਗ੍ਰਾਮ

ਬਿਆਮਈਨ

0.07 ਮਿ. ਗ੍ਰਾ.

ਪ੍ਰੋਟੀਨ

1.9 ”

ਰਿਬੋਫਲਾਵੀਨ

0.01 ” ”

ਚਰਬੀ

0.1 ”

ਨਿਕੋਟੀਨ ਐਸਿਡ

0.04 ” ”

ਖਣਿਜਾਂ

0.6 ”

ਵਿਟਾਮਿਨ ਸੀ

30 ” ”

ਰੇਸ਼ੇ

0.7 ”

ਕੈਲਸ਼ੀਅਮ

20 ” ”

ਹੋਰ ਕਾਰਬੋਹਾਈਡ੍ਰੇਟ

3.6 ਮਿ. ਗ੍ਰਾਮ

ਮੈਗਨੀਸ਼ੀਅਮ

15 ” ”

ਸੋਡੀਅਮ

45.8 ”

ਆਗਜ਼ੈਲਿਕ ਐਸਿਡ

2 ” ”

ਪੋਟਾਸ਼ੀਅਮ

114 ”

ਫ਼ਾਸਫੋਰਸ

36 ” ”

ਤਾਂਬਾ

0.19 ”

ਲੋਹਾ

1.8 ” ”

ਗੰਧਕ

24 ”

ਕਲੋਰੀਆਂ

23 ” ”

ਕਲੋਰੀਨ

38 ”

 

 

ਵਿਟਾਮਿਨ ਏ 320 ਪ੍ਰਤੀ ਇਕਾਈ

 

 

 


    ਟਮਾਟਰਾਂ ਦੀਆਂ ਕਈ ਕਿਸਮਾਂ ਹਨ ਅਤੇ ਹਰ ਕਿਸਮ ਦੇ ਖੁਰਾਕੀ ਤੱਤ ਵੀ ਵੱਖ ਵੱਖ ਹਨ ਜਿਹੜੇ ਟਮਾਟਰ ਦੇ ਉਗਾਏ ਜਾਣ ਵਾਲੇ ਵਾਤਾਵਰਣ ਤੇ ਨਿਰਭਰ ਕਰਦੇ ਹਨ। ਟਮਾਟਰ ਦਾ ਸਬੰਧ ਸਲੋਨੇਸੀ ਕੁਲ ਤੇ ਲਾਈਕੋਪਰਸੀਕਨ ਪ੍ਰਜਾਤੀ ਨਾਲ ਹੈ। ਟਮਾਟਰ ਦੀਆਂ ਬਹੁਤ ਸਾਰੀਆਂ ਜਾਤੀਆਂ ਹਨ ਪਰ ਉਨ੍ਹਾਂ ਵਿਚੋਂ ਕੇਵਲ ਦੋ ਹੀ ਖਾਣ ਦੇ ਕੰਮ ਆਉਂਦੀਆਂ ਹਨ। ਇਕ ਐੱਸਕਿਊਲੈਂਟਮ, ਜਿਸ ਦੀ ਖੇਤੀ ਆਮ ਕੀਤੀ ਜਾਂਦੀ ਹੈ, ਤੇ ਦੂਸਰੀ ਪਿੰਪਾਈਨੈਲੀਫੋਲੀਅਮ ਜਿਸ ਦੇ ਟਮਾਟਰ ਛੋਟੇ ਹੁੰਦੇ ਹਨ। ਭਾਰਤ ਵਿਚ ਉਗਾਈਆਂ ਜਾਂਦੀਆਂ ਕਿਸਮਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ : ਡੀਟਰਮੀਨੇਟ, ਇਨਡਰਮੀਨੇਟ ਅਤੇ ਇੰਟਰਮੀਨੇਟਾ। ਪਹਿਲੇ ਵਰਗ ਦੀਆਂ ਕਿਸਮਾਂ ਅਗੇਤੀਆਂ ਹੁੰਦੀਆਂ ਹਨ। ਭਾਰਤੀ ਖੇਤੀ ਖੋਜ-ਸੰਸਥਾ ਦੀਆਂ ਸਿਫਾਰਸ਼ ਕੀਤੀਆਂ ਤੇ ਖੂਬ ਪ੍ਰਚੱਲਤ ਹੋ ਰਹੀਆਂ ਕਿਸਮਾਂ ਵਿਚੋਂ ਪੂਸਾ ਅਰਲੀਡਵਾਰਫ, ਪੂਸਾ ਰੂਬੀ, ਸਾਈਓਕਸ, ਮਾਰਗਲੋਬ, ਬੈਸਟ ਆਫ਼ ਆਲ, ਫ਼ਾਇਰ ਬਾਲ, ਐਸ-120, ਅਟੈਲੀਅਨ ਰੈੱਡਪੀਅਰ ਤੇ ਰੋਮਾ ਆਦਿ ਪ੍ਰਮੁੱਖ ਹਨ। ਅਟੈਲੀਅਨ ਰੈਡਪਅਰ ਤੇ ਰੋਮਾਂ ਕਿਸਮਾਂ ਦੇ ਟਮਾਟਰ ਸ਼ਕਲ ਵਿਚ ਨਾਸ਼ਪਤੀ ਵਰਗੇ ਹੁੰਦੇ ਹਨ ਅਤੇ ਦੂਰ ਤਕ ਲਿਜਾਏ ਜਾ ਸਕਦੇ ਹਨ।
    ਟਮਾਟਰ ਕਿਉਂਕਿ ਗਰਮ ਰੁੱਤ ਦੀ ਫਸਲ ਹੈ ਇਸ ਲਈ ਇਸ ਦੇ ਪੌਦੇ ਬਹੁਤ ਪਾਲਾ ਬਰਦਾਸ਼ਤ ਨਹੀਂ ਕਰ ਸਕਦੇ। 21° ਸੈਂ. ਤੋਂ 23° ਸੈਂ ਔਸਤ ਮਾਸਿਕ ਦਰਜਾ ਹਰਾਰਤ ’ਚ ਟਮਾਟਰ ਚੰਗੇ ਹੁੰਦੇ ਹਨ ਪਰ ਵਪਾਰਕ ਤੌਰ ਤੇ ਟਮਾਟਰ ਦੀ ਕਾਸ਼ਤ 18° ਸੈਂ. ਤੋਂ ਲੈ ਕੇ 27° ਸੈਂ. ਤੇ ਵੀ ਕੀਤੀ ਜਾਂਦੀ ਹੈ। ਤਾਪਮਾਨ ਤੇ ਰੌਸ਼ਨੀ ਦੇ ਘਟ ਵਧ ਹੋਣ ਦਾ ਪੌਦਿਆਂ ਦੇ ਫਲਣ, ਫਲਾਂ ਦੇ ਰੰਗ ਤੇ ਖੁਰਾਕੀ ਗੁਣਾਂ ਤੇ ਬਹੁਤ ਅਸਰ ਪੈਂਦਾ ਹੈ। ਭਾਰੀ ਮੈਰਾ ਭੂਮੀ ਜਿਸ ਦੀ ਉਪਰਲੀ ਤਹਿ ਵਿਚ ਕੁਝ ਰੇਤ ਤੇ ਹੇਠਲੀ ਤਹਿ ਵਿਚ ਚੀਕਣੀ ਮਿੱਟੀ ਹੋਵੇ, ਟਮਾਟਰ ਲਈ ਸਭ ਤੋਂ ਵਧੀਆ ਰਹਿੰਦੀ ਹੈ। ਜ਼ਮੀਨ ਦੀ ਚੰਗੀ ਬਣਾਵਟ ਬੁਨਿਆਦੀ ਮਹੱਤਵ ਰੱਖਦੀ ਹੈ। 6.0 ਤੋਂ 7.0 ਦਰਜੇ ਅਮਲ ਖਾਰਾਪਨ ਸੰਕੇਤ (PH) ਵਾਲੀ ਜ਼ਮੀਨ ਵਿਚ ਟਮਾਟਰ ਸਭ ਤੋਂ ਵਧੀਆ ਹੁੰਦੇ ਹਨ। ਟਮਾਟਰਾਂ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ। ਉੱਤਰੀ ਭਾਰਤ ਵਿਚ ਦੋ ਬਿਜਾਈਆਂ ਕੀਤੀਆਂ ਜਾਂਦੀਆਂ ਹਨ। ਪੱਤਝੜ-ਸਰਦੀਆਂ ਦੀ ਫਸਲ ਲਈ ਪਨੀਰੀ ਜੂਨ-ਜੁਲਾਈ ’ਚ ਅਤੇ ਬਹਾਰ-ਗਰਮੀਆਂ ਦੀ ਫਸਲ ਨਵੰਬਰ ’ਚ ਬੀਜੀ ਜਾਂਦੀ ਹੈ। ਇਕ ਹੈਕਟੇਅਰ ਲਈ 400 ਗ੍ਰਾਮ ਬੀਜ ਦੀ ਲੋੜ ਪੈਂਦੀ ਹੈ।
    ਟਮਾਟਰਾਂ ਨੂੰ ਬਹੁਤ ਵੱਡੀ ਮਿਕਦਾਰ ਵਿਚ ਤਿਆਰ ਖੁਰਾਕ ਮਿਲਣੀ ਚਾਹੀਦੀ ਹੈ। ਇਸ ਲਈ ਚੰਗਾ ਝਾੜ ਲੈਣ ਲਈ ਗੋਹੇ ਕੂੜੇ ਦੀ ਚੰਗੀ ਤਰ੍ਹਾਂ ਗਲੀ ਸੜੀ ਖਾਦ 20-25 ਟਨ ਫ਼ੀ ਹੈਕਟੇਅਰ ਦੇ ਹਿਸਾਬ, ਜ਼ਮੀਨ ਦੀ ਤਿਆਰੀ ਵੇਲੇ ਪਾ ਕੇ ਮਿੱਟੀ ਨਾਲ ਮਿਲਾ ਦੇਣੀ ਚਾਹੀਦੀ ਹੈ। ਪਨੀਰੀ ਖੇਤ ਵਿਚ ਲਾਉਣ ਸਮੇਂ 220 ਕਿ. ਗ੍ਰਾ. ਸਿੰਗਲ ਸੁਪਰ ਫਾਸਫ਼ੇਟ ਪੌਦਿਆਂ ਦੀਆਂ ਜੜ੍ਹਾਂ ਦੇ ਨੇੜੇ ਨੇੜੇ ਪਾਉਣੀ ਚਾਹੀਦੀ ਹੈ। ਇਸ ਤੋਂ ਬਿਨਾਂ 110 ਕਿ. ਗ੍ਰਾ. ਅਮੋਨੀਅਮ ਸਲਫ਼ੇਟ ਤੇ 70 ਕਿ. ਗ੍ਰਾ. ਪੋਟਾਸ਼ੀਅਮ ਸਲਫ਼ੇਟ ਵੀ ਪਾਉਣੀ ਚਾਹੀਦੀ ਹੈ। ਇਕ ਮਹੀਨੇ ਬਾਅਦ 110 ਕਿ. ਗ੍ਰਾ. ਅਮੋਨੀਅਮ ਸਲਫ਼ੇਟ ਖੜੀ ਫ਼ਸਲ ਨੂੰ ਦੇਣੀ ਲਾਭਕਾਰੀ ਹੈ। ਗੋਹੇ-ਕੂੜੇ ਦੀ ਖਾਦ ਨਾ ਮਿਲੇ ਤਾਂ ਅਮੋਨੀਅਮ ਸਲਫ਼ੇਟ ਦੂਣੀ ਪਾ ਦੇਣੀ ਚਾਹੀਦੀ ਹੈ।
    ਟਮਾਟਰਾਂ ਦੀ ਸਿੰਜਾਈ ਬਹੁਤ ਸਾਵਧਾਨੀ ਨਾਲ ਕਰਨ ਦੀ ਲੋੜ ਹੁੰਦੀ ਹੈ। ਠੀਕ ਸਮੇਂ ਲੋੜੀਂਦੀ ਮਾਤਰਾ ਵਿਚ ਪਾਣੀ ਦੇਣਾ ਬਹੁਤ ਜ਼ਰੂਰੀ ਹੈ। ਘਟ ਜਾਂ ਵਧ ਪਾਣੀ ਦੇਣਾ ਠੀਕ ਨਹੀਂ। ਪਾਣੀ ਇਸ ਢੰਗ ਤੇ ਮਿਕਦਾਰ ਵਿਚ ਦੇਣਾ ਚਾਹੀਦਾ ਹੈ ਕਿ ਜ਼ਮੀਨ ਦੀ ਨਮੀ ਇਕਸਾਰ ਬਣੀ ਰਹੇ।
    ਟਮਾਟਰਾਂ ਦੀ ਗੁਡਾਈ ਬਹੁਤ ਛੇਤੀ-ਛੇਤੀ ਪਰ ਪੇਤਲੀ ਕਰਨ ਦੀ ਲੋੜ ਹੁੰਦੀ ਹੈ, ਖਾਸ ਕਰਕੇ ਪਹਿਲਾ ਇਕ ਮਹੀਨਾ। ਵਰਖਾ ਜਾਂ ਸਿੰਜਾਈ ਪਿਛੋਂ ਜ਼ਮੀਨ ਦੀ ਉਤਲੀ ਤਹਿ ਸਖ਼ਤ ਹੋ ਜਾਂਦੀ ਹੈ ਅਤੇ ਉਸ ਦੇ ਉੱਤੇ ਪੇਪੜੀਆਂ ਜਿਹੀਆਂ ਜੰਮ ਜਾਂਦੀਆਂ ਹਨ। ਇਸ ਲਈ ਖੁਰਪੀ ਨਾਲ ਮਿੱਟੀ ਨੂੰ ਪੋਲੀ ਕਰ ਦੇਣਾ ਚਾਹੀਦਾ ਹੈ ਅਤੇ ਪੇਪੜੀਆਂ ਤੋੜ ਦੇਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਹਰ ਤਰ੍ਹਾਂ ਦਾ ਘਾਹ ਫੂਸ ਤੇ ਨਦੀਣ ਆਦਿ ਵੀ ਕੱਢ ਦੇਣਾ ਚਾਹੀਦਾ ਹੈ।
    ਮੰਡੀ ਲਈ ਟਮਾਟਰਾਂ ਦੀ ਅਗੇਤੀ ਫ਼ਸਲ ਤਿਆਰ ਕਰਨੀ ਹੋਵੇ ਤਾਂ ਕਈ ਵਾਰ ਪੌਦਿਆਂ ਦੀ ਛੰਗਾਈ ਕਰ ਦਿੱਤੀ ਜਾਂਦੀ ਹੈ, ਕੇਵਲ ਇਕ ਡੰਡੀ ਹੀ ਰਹਿਣ ਦਿੱਤੀ ਜਾਂਦੀ ਹੈ ਤੇ ਉਸ ਨੂੰ ਕਿਸੇ ਡੰਡੇ ਜਾਂ ਬਾਂਸ ਆਦਿ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਛੰਗਾਈ ਤੇ ਸੁਧਾਈ ਦੇ ਬਹੁਤ ਸਾਰੇ ਢੰਗ ਪ੍ਰਚੱਲਤ ਹਨ। ਇਕੋ ਡੰਡੀ ਰੱਖਣ ਤੇ ਉਸ ਨੂੰ ਟੇਕ ਦੇਣ ਦਾ ਰਿਵਾਜ ਆਮ ਹੈ। ਇਸ ਤਰੀਕੇ ਅਨੁਸਾਰ ਮੁੱਖ ਤਣੇ ਤੇ ਪੱਤਿਆਂ ਦੇ ਮੁੱਢੀਂ ਜੋ ਵੀ ਨਵੀਆਂ ਨਸਰਾਂ ਆਦਿ ਫੁੱਟਦੀਆਂ ਹਨ, ਉਨ੍ਹਾਂ ਸਾਰੀਆਂ ਨੂੰ ਹੱਥ ਨਾਲ ਮੁੱਛ ਦਿੱਤਾ ਜਾਂਦਾ ਹੈ।


    ਸ਼ੁਰੂ ਬਸੰਤ ਤੇ ਪੱਤਝੜ ਵਿਚ ਟਮਾਟਰਾਂ ਦੇ ਪੌਦਿਆਂ ਨੂੰ ਕਈ ਵਾਰ ਫਲ ਨਹੀਂ ਪੈਂਦੇ। ਇਹ ਇਕ ਆਮ ਸਮੱਸਿਆ ਹੈ। ਬਹਾਰ ਦੇ ਸ਼ੁਰੂ ਵਿਚ ਤਾਪਮਾਨ ਦੇ ਘਟ ਹੋਣ ਕਰਕੇ ਤੇ ਪੱਤਝੜ ਦੇ ਸ਼ੁਰੂ ਵਿਚ ਤਾਪਮਾਨ ਜ਼ਿਆਦਾ ਹੋਣ ਕਰਕੇ ਅਜਿਹਾ ਹੁੰਦਾ ਹੈ। ਇਸ ਲਈ ਕਈ ਗੁਣਕਾਰੀ ਦੁਆਈਆਂ ਦਾ ਪ੍ਰਯੋਗ ਲਾਹੇਵੰਦ ਸਿੱਧ ਹੁੰਦਾ ਹੈ ਜਿਵੇਂ ਪੈਗਰਕਲੋਰੋਫਿਨੋਕਸੀਏਸਿਟਿਕ ਐਸਿਡ (15 ਤੋਂ 20 ਪੀ ਪੀ ਐਮ); 2, 4-ਡਾਈਕਲੋਰੋਫਿਨੋਕਸੀਏਸਿਟਿਕ ਐਸਿਡ (2, 4-0) (1 ਤੋਂ 5 ਪੀ ਪੀ ਐਮ) ਅਤੇ ਜਿਬਰੈਲਿਕ ਐਸਿਡ (50 ਪੀ ਪੀ ਐਮ) ਆਦਿ। ਯੂਰੀਆ (1 ਫ਼ੀ ਸਦੀ) ਤੇ 2.4-ਡੀ ਦਾ ਘੋਲ (1.2 ਹਿੱਸੇ ਪ੍ਰਤੀ ਰੁੱਖ) ਪੂਰੇ ਪੌਦੇ ਤੇ ਉਸ ਸਮੇਂ ਛਿੜਕਾਉਣਾ, ਜਦ ਕਿ ਫੁੱਲਾਂ ਦੇ ਪਹਿਲੇ ਕੁਝ ਕੁ ਗੁਛੇ ਹੀ ਨਿਕਲਣ, ਬਹੁਤ ਹੀ ਮੁਫੀਦ ਤੇ ਸਸਤਾ ਸਿਧ ਹੋਇਆ ਹੈ।
    ਪੱਕ ਜਾਣ ਤੇ ਟਮਾਟਰ ਕਦੋਂ ਤੋਂੜਨੇ ਚਾਹੀਦੇ ਹਨ, ਇਸ ਦਾ ਨਿਰਭਰ ਇਸ ਗੱਲ ਤੇ ਹੈ ਕਿ ਉਨ੍ਹਾਂ ਦੀ ਖੇਤੀ ਕਿਸ ਮੰਤਵ ਲਈ ਕੀਤੀ ਜਾ ਰਹੀ ਹੈ ਅਤੇ ਖੇਤਾਂ ਤੋਂ ਮੰਡੀ ਦੀ ਦੂਰੀ ਕਿੰਨੀ ਹੈ। ਟਮਾਟਰ ਕੱਚੇ ਹਰੇ, ਪੱਕੇ ਹਰੇ, ਪੱਕ ਰਹੇ, ਰੰਗ ਵਟਾ ਰਹੇ, ਅਧ ਪੱਕੇ, ਗੁਲਾਬੀ ਪੱਕੇ ਜਾਂ ਪੂਰੇ ਪੱਕੇ ਤੇ ਲਾਲ ਸੂਹੇ ਹੀ ਤੋੜ ਲਏ ਜਾਂਦੇ ਹਨ। ਜੇ ਟਮਾਟਰ ਬਾਹਰ ਭੇਜਣੇ ਹੋਣ ਤਾਂ ਸਖ਼ਤ ਤੇ ਹਰੇ ਹਰੇ ਹੀ ਤੋੜ ਲਏ ਜਾਂਦੇ ਹਨ। ਜੇ ਟਮਾਟਰਾਂ ਨੂੰ ਹੋਰ ਪਦਾਰਥ ਤਿਆਰ ਕਰਨ ਲਈ ਡੱਬੇ ਬੰਦ ਕਰਨਾ ਹੋਵੇ ਤਾਂ ਉਹ ਪੂਰੇ ਤੌਰ ਤੇ ਪੱਕ ਜਾਣ ਤੇ ਹੀ ਤੋੜੇ ਜਾਂਦੇ ਹਨ। ਟਮਾਟਰਾਂ ਦਾ ਝਾੜ ਆਮ ਤੌਰ ਤੇ 160 ਕੁਇੰਟਲ ਤੋਂ 240 ਕੁਇੰਟਲ ਫ਼ੀ ਹੈਕਟੇਅਰ ਮਿਲਦਾ ਹੈ। ਟਮਾਟਰਾਂ ਦੀ ਦਰਜਾਬੰਦੀ ਕਿਸੇ ਹੱਦ ਤੱਕ ਵਿਸ਼ੇਸ਼ ਸ਼ਹਿਰੀ ਮੰਡੀਆਂ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਭਾਰਤੀ ਮਾਣਕ (ਮਾਪ ਮੋਲ) ਸੰਸਥਾ ਨੇ ਟਮਾਟਰਾਂ ਦੇ ਚਾਰ ਦਰਜੇ ਨਿਯੁਕਤ ਕੀਤੇ ਹਨ ਸੁਪਰ ਏ, ਸੁਪਰ, ਫੈਂਸੀ ਤੇ ਕਮਰਸ਼ੀਅਲ।
    ਟਮਾਟਰਾਂ ਨੂੰ ਗੋਦਾਮਾਂ ਵਿਚ ਰਖਣ ਲੀ 12° ਸੈਂ. ਤੋਂ 15° ਸੈਂ. ਤਾਪਮਾਨ ਸਭ ਤੋਂ ਸੁਖਾਵਾਂ ਰਹਿੰਦਾ ਹੈ। ਜੇ ਟਮਾਟਰਾਂ ਨੂੰ ਦਰਜਾ-ਜਮਾਉ ਤੇ ਰੱਖਿਆ ਜਾਏ ਤਾਂ ਉਹ ਖਰਾਬ ਹੋਣ ਲੱਗ ਜਾਂਦੇ ਹਨ। ਪੱਕੇ ਹਰੇ ਟਮਾਟਰ 10° ਸੈਂ. ਤੋਂ 15° ਸੈਂ. ਤੇ ਇਕ ਮਹੀਨਾ ਠੀਕ ਰਹਿ ਸਕਦੇ ਹਨ। ਪੱਕੇ ਹੋਏ ਟਮਾਟਰ 4.5 ਸੈਂ. ਤੇ 10 ਕੁ ਦਿਨ ਠੀਕ ਰਹਿ ਸਕਦੇ ਹਨ।
    ਟਮਾਟਰਾਂ ਨੂੰ ਕਈ ਕਿਸਮ ਦੇ ਰੋਗ ਲੱਗ ਜਾਂਦੇ ਹਨ। ਇਹ ਰੋਗ ਫਫੂੰਦੀ, ਕੀਟਾਣੂ, ਜੀਵਾਣੂ, ਵਿਸ਼ਾਣੂ ਤੇ ਜੜ੍ਹ-ਗੰਢ ਨੇਮਾਟੋਡ ਜਾਂ ਗੈਰ-ਮਾਮੂਲੀ ਵਾਤਾਵਰਣ ਕਾਰਨ ਲਗਦੇ ਹਨ। ਇਕ ਰੋਗ ਗਿੱਲਾ ਸਾੜਾ ਆਮ ਤੌਰ ਤੇ ਕਿਆਰੀਆਂ ਵਿਚ ਲੱਗੀ ਪਨੀਰੀ ਨੂੰ ਲਗਦਾ ਹੈ, ਜਿਸ ਨਾਲ ਪੌਦੇ ਜ਼ਮੀਨ ਕੋਲੋਂ ਗਲ ਕੇ ਡਿਗ ਜਾਂਦੇ ਹਨ। ਇਸ ਦੀ ਰੋਕਥਾਮ ਲਈ ਜ਼ਮੀਨ ਨੂੰ ਭਾਫ਼ ਜਾਂ ਫਾਰਮਲਿਨ ਆਦਿ ਜਾਂ ਕੋਈ ਹੋਰ ਤੇਜ਼ ਤਾਂਬਾ-ਯੁਕਤ ਫਫੂੰਦੀ-ਨਾਸ਼ਕ ਦੁਆਈ ਵਰਤ ਕੇ ਕਿਰਮ ਰਹਿਤ ਕਰਨਾ ਬਹੁਤ ਜ਼ਰੂਰੀ ਹੈ। ਬੂਟੇ ਕੁਮਲਾਉਣ ਦਾ ਰੋਗ ਫਿਊਜੇਰੀਅਮ ਇਕ ਕਿਸਮ ਦੀ ਫਫੂੰਦੀ ਕਾਰਨ ਲਗਦਾ ਹੈ ਅਤੇ ਪੌਦੇ ਦੇ ਥੱਲੇ ਦੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੱਤਰ-ਡੰਡੀਆਂ ਡਿਗ ਪੈਂਦੀਆਂ ਹਨ। ਹੌਲੀ-ਹੌਲੀ ਰੋਗੀ ਪੌਦੇ ਕੁਮਲਾਉਣ ਲਗ ਪੈਂਦੇ ਹਨ ਅਤੇ ਅਖ਼ੀਰ ਮਰ ਜਾਂਦੇ ਹਨ। ਇਸ ਰੋਗ ਦੀ ਰੋਕਥਾਮ ਲਈ ਅਰੋਗ ਪੌਦਿਆਂ ਤੋਂ ਪ੍ਰਾਪਤ ਕੀਤੇ ਬੀਜ ਬੀਜਣੇ ਚਾਹੀਦੇ ਹਨ ਅਤੇ ਟਮਾਟਰਾਂ ਨਾਲ ਅਜਿਹੀਆਂ ਫ਼ਸਲਾਂ ਅਦਲ ਬਦਲ ਕੇ ਬੀਜੀਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਤੇ ਫਫੂੰਦੀ ਦਾ ਅਸਰ ਨਾ ਹੁੰਦਾ ਹੋਵੇ। ਅਗੇਤੀ ਝੁਲਸਣ ਰੋਗ ਇਕ ਫਫੂੰਦੀ ਦਾ ਅਸਰ ਨਾ ਹੁੰਦਾ ਹੋਵੇ। ਅਗੇਤੀ ਝੁਲਸਣ ਰੋਗ ਇਕ ਫਫੂੰਦੀ ਤੋਂ ਫੈਲਦਾ ਹੈ। ਇਹ ਰੋਗ ਪੱਤਿਆਂ ਤੇ ਟਾਹਣੀਆਂ ਤੇ ਹਮਲਾ ਕਰਦਾ ਹੈ ਅਤੇ ਇਸ ਨਾਲ ਕੱਚੇ ਟਮਾਟਰਾਂ ਤੇ ਭੂਰੇ ਦਾਗ ਪੈ ਜਾਂਦੇ ਹਨ। ਇਸ ਦੀ ਰੋਕਥਾਮ ਲਈ ਤਾਂਬਾ ਯੁਕਤ ਦੁਆਈ ਨਾਲ ਰੋਗ-ਰਹਿਤ ਕਰਨ ਅਤੇ ਪੌਦਿਆਂ ਤੇ ਕਦੇ ਕਦੇ ਬੋਰਡੋ-ਮਿਸ਼ਰਣ ਛਿੜਕਾਅ ਕਰਨ ਨਾਲ ਇਸ ਰੋਗ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸੇ ਹੀ ਤਰ੍ਹਾਂ ਦਾ ਪਛੇਤੀ ਝੁਲਸਣ ਇਕ ਰੋਗ ਬਹੁਤ ਹੀ ਮਾਰੂ ਹੈ। ਇਸ ਦੀ ਜਲਦੀ ਰੋਕਥਾਮ ਲਈ ਬੋਰਡੋ-ਮਿਸ਼ਰਣ (4-4-50) ਦਾ ਭਰਵਾਂ ਛਿੜਕਾਅ ਕਰਨਾ ਲਾਭਕਾਰੀ ਹੈ। ਕੁਝ ਹੋਰ ਰੋਗਾਂ ਜਿਵੇਂ ਪਤਰ ਸਾੜਾ, ਬੈਕਟੀਰੀਅਲ ਕੈਂਕਰ ਤੇ ਚਿਤੀ ਰੋਗ ਆਦਿ ਅਜਿਹੇ ਰੋਗ ਹਨ ਜੋ ਬੀਮਾਰੀ ਰਹਿਤ ਕਿਸਮਾਂ ਬੀਜਣ ਅਤੇ ਵੇਲੇ ਸਿਰ ਸੁਰਖਿਆ ਸਾਧਨ ਅਪਣਾਉਣ ਨਾਲ ਵੀ ਘਟ ਕੀਤੇ ਜਾ ਸਕਦੇ ਹਨ। ਜੜ੍ਹ-ਗੰਢ ਨੇਮਾਟੋਡ ਬਹੁਤ ਹੀ ਛੋਟੇ ਛੋਟੇ ਕੀੜੇ ਹੁੰਦੇ ਹਨ ਜੋ ਸਿਰਫ਼ ਖੁਰਦਬੀਨ ਨਾਲ ਹੀ ਵੇਖੇ ਜਾ ਸਕਦੇ ਹਨ। ਇਹ ਕੀੜੇ ਜੜ੍ਹਾਂ ਵਿਚ ਵੜ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੋਲੀਆਂ ਕਰ ਦਿੰਦੇ ਹਨ। ਉਨ੍ਹਾਂ ਵਿਚ ਉਚੇ ਨੀਵੇਂ ਉਠਾਅ ਜਿਹੇ ਪੈ ਜਾਂਦੇ ਹਨ। ਨੇਮਾਟੋਡ ਦੀ ਲਾਗ ਵਾਲੇ ਪੌਦਿਆਂ ਦਾ ਰੰਗ ਪਹਿਲਾਂ ਪੀਲਾ ਤੇ ਫਿਰ ਪੀਲੇ ਤੋਂ ਨੀਲਾ ਹੋ ਜਾਂਦਾ ਹੈ ਤੇ ਉਹ ਛੇਤੀ ਹੀ ਮਰ ਜਾਂਦੇ ਹਨ। ਨੇਮਾਟੋਡ ਕਾਰਨ ਟਮਾਟਰਾਂ ਦਾ ਝਾੜ ਬਹੁਤ ਘਟ ਜਾਂਦਾ ਹੈ। ਇਸ ਲਈ ਇਨ੍ਹਾਂ ਦੀ ਸਫਲ ਰੋਕਥਾਮ ਲਈ ਨੇਮਾਗੋਨ ਵਰਗੀ ਨੇਮਾਟੋਡ ਦੁਆਈ ਜ਼ਮੀਨ ਵਿਚ ਧੂਤਣੀ ਚਾਹੀਦੀ ਹੈ। ਇਨ੍ਹਾਂ ਨੇਮਾਟੋਡਾਂ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ।
    ਟਮਾਟਰਾਂ ਤੇ ਕਈ ਪ੍ਰਕਾਰ ਦੀ ਕੀੜੇ ਮਕੌੜੇ ਹਮਲਾ ਕਰਦੇ ਹਨ। ਟਮਾਟਰਾਂ ਦੀ ਸੁੰਡੀ ਇਕ ਬਹੁਤ ਹੀ ਮਾਰੂ ਕੀੜਾ ਹੈ। ਜਿਉਂ ਹੀ ਇਹ ਸੁੰਡੀ ਆਂਡੇ ਤੋਂ ਬਾਹਰ ਨਿਕਲਦੀ ਹੈ, ਇਹ ਪੱਤਿਆਂ ਤੇ ਰੀਂਗਣ ਲਗ ਪੈਂਦੀ ਹੈ ਤੇ ਉਨ੍ਹਾਂ ਦੇ ਨਰਮ ਤੇ ਹਰੇ ਹਰੇ ਹਿੱਸੇ ਖਾ ਜਾਂਦੀ ਹੈ। ਜਦ ਟਮਾਟਰ ਅਜੇ ਛੋਟੇ ਛੋਟੇ ਹੀ ਹੋਣ ਤਾਂ ਹਰ ਪੰਦਰਵਾੜੇ ਡੀ. ਡੀ. ਟੀ. (0.1 ਫ਼ੀ ਸਦੀ) ਦਾ ਛਿੜਕਾਅ ਕਰਨਾ ਚਾਹੀਦਾ ਹੈ। ਕਈ ਕਿਸਮਾਂ ਦੀਆਂ ਭੂੰਡੀਆਂ ਜਿਵੇਂ ਐਪੀਲਾਚਨਾ ਭੂੰਡੀ ਤੇ ਲਾਰਵੇ ਦੋਵੇਂ ਪੱਤੇ ਖਾ ਜਾਂਦੇ ਹਨ। ਇਹ ਪੱਤਿਆਂ ਨੂੰ ਇਕ ਪਾਸਿਉਂ ਨਹੀਂ ਖਾਂਦੀਆਂ ਸਗੋਂ ਕਦੇ ਇਕ ਪਾਸਿਉਂ ਤੇ ਕਦੇ ਦੂਸਰੇ ਪਾਸਿਉਂ ਬੇਤਰਤੀਬੀ ਨਾਲ ਖਾਂਦੀਆਂ ਹਨ ਜਿਸ ਨਾਲ ਪੌਦੇ ਇਕ ਖਾਸ ਤਰ੍ਹਾਂ ਦੀ ਝਾਲਰ ਵਰਗੇ ਲਗਣ ਲੱਗ ਪੈਂਦੇ ਹਨ। ਇਸ ਰੋਕਥਾਮ ਲਈ ਜੇ ਹੋ ਸਕੇ ਤਾਂ ਆਂਡਿਆਂ ਅਤੇ ਇੱਲੀਆਂ ਨੂੰ ਹੱਥ ਨਾਲ ਚੁਣ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਡੀ. ਡੀ. ਟੀ. ਦਾ ਧੂੜਾ (5 ਫ਼ੀ ਸਦੀ) 15 ਤੋਂ 20 ਪੌਂਡ ਫ਼ੀ ਏਕੜ ਦੇ ਹਿਸਾਬ ਧੂੜ ਦੇਣਾ ਚਾਹੀਦਾ ਹੈ ਜਾਂ 50 ਤੋਂ 100 ਗੈਲਨ ਡੀ. ਡੀ. ਟੀ. (91 ਫ਼ੀ ਸਦੀ) ਘੋਲ ਫ਼ੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਕਰਨ ਤੋਂ ਪਹਿਲਾਂ ਸਾਰੇ ਪੱਕੇ ਪੱਕੇ ਟਮਾਟਰ ਤੋੜ ਲੈਣੇ ਚਾਹੀਦੇ ਹਨ ਜਾਂ ਜੇਕਰ ਛਿੜਕਾਅ ਤੋਂ ਪਿਛੋਂ ਦਸ ਕੁ ਦਿਨ ਦੇ ਅੰਦਰ ਅੰਦਰ ਟਮਾਟਰ ਤੋੜਨੇ ਹੋਣ ਤਾਂ ਉਨ੍ਹਾਂ ਨੂੰ ਖੂਬ ਚੰਗੀ ਤਰ੍ਹਾਂ ਧੋ ਕੇ ਵਰਤਣਾ ਚਾਹੀਦਾ ਹੈ। ਇਨ੍ਹਾਂ ਤੋਂ ਬਿਨਾ ਗਰਮ ਸਿੱਲੇ ਇਲਾਕਿਆਂ ਵਿਚ ਜੈਸਿਡ ਤੇ ਸਿਊਂਕ ਵੀ ਟਮਾਟਰਾਂ ਦੀ ਫ਼ਸਲ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-07-04-19-42, ਹਵਾਲੇ/ਟਿੱਪਣੀਆਂ: ਹ. ਪੁ.––ਸਬਜ਼ੀਆਂ––ਚੌਧਰੀ : 43

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.