ਟੀਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੀਕਾ [ਨਾਂਪੁ] ਸੂਆ , ਇੰਜੈੱਕਸ਼ਨ; ਮਾਤਾ ਜਾਂ ਪਲੇਗ ਆਦਿ ਦਾ ਲੋਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5563, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟੀਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੀਕਾ. ਸੰਗ੍ਯਾ—ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। ੨ ਤਿਲਕ. ਟਿੱਕਾ. “ਪੁਨ ਟੀਕਾ ਕੋ ਪੂਤ ਹਕਾਰਾ.” (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। ੩ ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ। ੪ ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. “ਮੁਖ ਤੇ ਪੜਤਾ ਟੀਕਾ ਸਹਿਤ.” (ਰਾਮ ਮ: ੫) ਦੇਖੋ, ਟੀਕੑ ਧਾ। ੫ ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ , ਅਤੇ ਉਸ ਸੰਬੰਧੀ ਰਸਮ. “ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ.” (ਗੁਪ੍ਰਸੂ) ੬ ਵਿ—ਸ਼ਿਰੋਮਣਿ. ਮੁਖੀਆ. “ਸਰਨ ਪਾਲਨ ਟੀਕਾ.” (ਗੂਜ ਅ: ਮ: ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ । ੭ ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination.1  ਦੇਖੋ, ਸੀਤਲਾ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਟੀਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਟੀਕਾ: ਸੂਤ੍ਰਿਕ ਜਾਂ ਕਲਿਸ਼ਟ ਰਚਨਾਵਾਂ ਨੂੰ ਸਰਲ ਅਤੇ ਸੰਖੇਪ ਰੂਪ ਵਿਚ ਅਰਥ ਕਰਨ ਵਾਲੀ ਵਿਧਾ ਨੂੰ ‘ਟੀਕਾ’ ਕਿਹਾ ਜਾਂਦਾ ਹੈ। ਵਿਸਤਾਰ ਲਈ ਵੇਖੋ ‘ਟੀਕਾਕਾਰੀ—ਸਰੂਪ ਅਤੇ ਪਰੰਪਰਾ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਟੀਕਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਟੀਕਾ (ਸੰ.। ਸੰਸਕ੍ਰਿਤ ਟੀਕਾ। ਧਾਤੂ , ਟੀਕ=ਚਲਨਾ) ਜਿਸ ਤੋਂ ਮੂਲ ਦਾ ਭਾਵ ਤੁਰ ਪਵੇ। ਅਰਥਾਂ ਦਾ ਨਿਰਣਾ ਕਰਨਾ, ਅਰਥ ਭਾਵ। ਯਥਾ-‘ਮੁਖ ਤੇ ਪੜਤਾ ਟੀਕਾ ਸਹਿਤ’। ਮੂੰਹੋਂ (ਗ੍ਰੰਥਾਂ) ਨੂੰ ਟੀਕਾ ਸੰਜੁਗਤ ਪੜ੍ਹਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਟੀਕਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਟੀਕਾ : ‘ਟੀਕਾ’ ਸਾਹਿੱਤ ਦਾ ਇਕ ਅਜਿਹਾ ਰੂਪ ਹੈ ਜਿਸ ਵਿਚ ਕਿਸੇ ਸ਼ਾਸਤ੍ਰੀਯ, ਜਟਿਲ ਸੂਤ੍ਰਿਕ, ਸੂਖਮ ਭਾਵੀ, ਰਹੱਸਮਈ ਤੇ ਉਤਕ੍ਰਿਸ਼ਟ ਰਚਨਾ ਦੇ ਅਰਥ–ਬੋਧ ਨੂੰ ਜਾਣੂੰ ਕਰਵਾਇਆ ਜਾਂਦਾ ਹੈ। ਇਹ ਰਚਨਾ ਵਾਰਤਕ ਤੇ ਕਵਿਤਾ ਦੋਹਾਂ ਵਿਚ ਹੋ ਸਕਦੀ ਹੈ, ਭਾਵੇਂ ਆਮ ਤੌਰ ਤੇ ਇਹ ਵਾਰਤਕ ਵਿਚ ਹੀ ਹੁੰਦੀ ਹੈ। ਰਚਨਾ ਦੇ ਅਰਥ–ਸੰਚਾਰ ਲਈ ਭਾਰਤੀ ਸਾਹਿੱਤ ਵਿਚ ਕਈ ਵਿਧੀਆਂ ਹਨ ਜਿਵੇਂ ਟੀਕਾ, ਵਿਆਖਿਆ, ਭਾਸ਼ਾ, ਪਰਮਾਰਥ, ਆਦਿ।

          ‘ਟੀਕਾ’ ਸ਼ਬਦ ਦੀ ਵਿਉਤਪੱਤੀ ਸੰਸਕ੍ਰਿਤ ਭਾਸ਼ਾ ਦੀ ‘ਟੀਕੑ’ ਧਾਤੂ ਤੋਂ ਹੋਈ ਹੈ ਅਤੇ ਇਸ ਦੇ ਅਰਥ ਹਨ––ਕਿਸੇ ਵਸਤੂ ਜਾਂ ਤੱਥ ਦਾ ਬੋਧ ਅਥਵਾ ਪ੍ਰਕਾਸ਼ਣ ਕਰਵਾਉਣ ਵਾਲਾ ਵਾਕ ਸਾਧਨ–‘ਟੀਕੑਯਤੇ ਗਮੑਯਤੇ ਬੁਧੑਯਤੇ ਵਾ ਅਨਯਾ’। ਪੰਡਿਤ ਤਾਰਾ ਸਿੰਘ ਨਰੋਤਮ ਟੀਕੇ ਦੀ ਪਰਿਭਾਸ਼ਾ ਇਸ ਪ੍ਰਕਾਰ ਲਿਖਦੇ ਹਨ––“ਗ੍ਰੰਥਕਾਰ ਦਾ ਪਰਮ ਹਾਰਦ ਭਾਵ ਉਸ ਗ੍ਰੰਥਕਾਰ ਦੇ ਸਿਧਾਂਤ ਮੇਂ ਫਰਕ ਨਾ ਆਵੇ ਤਬ ਟੀਕਾ ਸਮਯਕ ਹੈ, ਟੀਕਾ ਨਾਮ ਏਕ ਪਦ ਕਾ ਦੂਸਰੇ ਪਦੋਂ ਸੇ ਅਰਬ ਔ ਤਾਤਪਰਯਾਰਥ ਕਾਥਨ ਕੀ ਹੈ। ਸੋ ਦੋ ਪ੍ਰਕਾਰ ਦੀ ਹੋਵੇ। ਏਕ ਪਿੰਜਕਾ, ਏਕ ਅਪਿੰਜਕਾ। ਗ੍ਰੰਥ ਦੇ ਸਰਬ ਪਦੋਂ ਦੀ ਬਯਾਖਯਾ ਦੋ ਪਿੰਜਰ ਕਹੇ ਹੈ। ਕਹੀਂ ਕਹੀਂ ਬਯਾਖਯਾ ਕੋ ਅਪਿੰਜਕਾ ਕਹੇ ਹੈ।”

      ਕਿਸੇ ਰਚਨਾ ਦਾ ਟੀਕਾ ਕਰਨ ਸਮੇਂ ਟੀਕਾਕਾਰ ਰਚਨਾ ਦੀ ਭਾਸ਼ਾ ਤੇ ਵਿਆਕਰਣ–ਸੰਜਮ ਅਨੁਸਾਰ ਅਰਥ ਕਰਦਾ ਹੈ। ‘ਵਿਆਖਿਆ’ ਕਰਨ ਦੀ ਵਿਧੀ ਟੀਕਾ ਤੋਂ ਵੱਖਰੀ ਹੈ। ਇਸ ਵਿਚ ਵਿਚਾਰ ਨੂੰ ਸਮਝਾਉਣ, ਪਾਠ ਦੇ ਸ਼ਬਦਾਂ ਤੋਂ ਵੱਧ ਵਿਸਤਾਰ ਵਿਚ ਜਾਇਆ ਜਾਂਦਾ ਹੈ। ‘ਭਾਸ਼ਾ’ ਵਿਚ ਰਚਨਾ ਵਿਚ ਲੁੱਕੇ ਹੋਏ ਵਿਚਾਰਾਂ ਦੀ ਭਾਸ਼ਕਾਰ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਨਵੀਂ ਵਿਆਖਿਆ ਕਰਦਾ ਸੀ। ‘ਗੀਤਾ’ ਉੱਤੇ ਬਹੁਤ ਸਾਰੇ ਭਾਸ਼ ਲਿਖੇ ਗਏ ਹਨ। ਇਕੋ ਰਚਨਾ ਦੇ ਵੱਖਰੇ ਵੱਖਰੇ ਭਾਸ਼ ਪਾਠਕ ਨੂੰ ਵੱਖਰੇ ਵੱਖਰੇ ਵਿਚਾਰ ਤੇ ਭਾਵ ਲੋਕ ਵਿਚ ਲੈ ਜਾਂਦੇ ਹਨ। ਪਰਮਾਰਥ ਵਿਚ ਮੂਲ–ਰਚਨਾ ਵਿਚ ਅਧਿਆਤਮਿਕ ਤੱਥਾਂ ਦੇ ਵਿਸ਼ੇਸ਼ ਫਲ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

          ਟੀਕਾ ਅਤੇ ਅਨੁਵਾਦ ਵਿਚ ਅੰਤਰ ਹੈ। ਟੀਕਾ ਮੂਲ ਰਚਨਾ ਦੀ ਸਮਾਨ ਭਾਸ਼ਾ ਜਾਂ ਕਿਸੇ ਹੋਰ ਭਾਸ਼ਾ ਵਿਚ ਵੀ ਹੋ ਸਕਦਾ ਹੈ, ਜਦ ਕਿ ਅਨੁਵਾਦ ਲਈ ਪਾਠ ਦੀ ਮੂਲ ਭਾਸ਼ਾ ਤੋਂ ਬਿਨਾ ਕਿਸੇ ਹੋਰ ਭਾਸ਼ਾ ਵਿਚ ਹੋਣਾ ਲਾਜ਼ਮੀ ਹੈ।

          ਟੀਕਾਕਾਰੀ ਭਾਰਤੀ ਸਾਹਿੱਤ ਖੇਤਰ ਵਿਚ ਬੁਹਤ ਪੁਰਾਤਨ ਤੇ ਮਹੱਤਵਪੂਰਣ ਸਾਹਿਤਿਕ ਪਰੰਪਰਾ ਹੈ। ਸੰਸਕ੍ਰਿਤ, ਬ੍ਰਜ ਭਾਸ਼ਾ, ਦੀਆਂ ਗੂੜ੍ਹ ਰਚਨਾਵਾਂ ਦੇ ਟੀਕੇ ਕਰਨ ਦੀ ਪਰੰਪਰਾ ਮੌਜੂਦ ਹੈ। ਟੀਕਾ ਸਾਧਾਰਣ ਵਾਰਤਕ ਵਿਚ ਵੀ ਹੁੰਦਾ ਹੈ ਅਤੇ ਸ਼ਾਸਤ੍ਰੀ–ਸ਼ੈਲੀ ਵਿਚ ਵੀ। ਸ਼ਾਸਤ੍ਰੀ ਸ਼ੈਲੀ ਵਿਚ ਸੁਆਮੀ ਆਨੰਦ ਘਨ ਦਾ ਕੀਤਾ ‘ਜਪੁਜੀ’ ਦਾ ਟੀਕਾ ਹੈ। ‘ਟੀਕਾ’ ਵਿਚ ਮੂਲ ਰਚਨਾ ਦੇ ਕੇਵਲ ਔਖੇ ਸ਼ਬਦਾਂ ਦੇ ਅਰਥ ਹੀ ਨਹੀਂ ਸਗੋਂ ਨਿਰੰਤਰ ਵਿਆਖਿਆ ਹੁੰਦੀ ਹੈ। ਸੰਸਕ੍ਰਿਤ ਦੇ ਟੀਕਾ ਸਾਹਿੱਤ ਵਿਚ ਮੌਲਿਕਤਾ ਦਾ ਪ੍ਰਭਾਵ ਵੀ ਦਿਖਾਈ ਦਿੰਦੀ ਹੈ।

          ਟੀਕਾਕਾਰੀ ਬੜਾ ਜਟਿਲ, ਅਕਾਊ, ਅਤਿ ਕਠੋਰ ਪਰ ਵਿਦਵੱਤਾ–ਭਰਪੂਰ ਕਾਰਜ ਹੈ, ਕਿਉਂਕਿ ਟੀਕਾਕਾਰ ਨੂੰ ਮੂਲ ਲੇਖਕ ਦੇ ਮੂਲ ਸ਼ਬਦ ਦੇ ਸਹੀ ਮਰਮ ਨੂੰ ਸਮਝਣਾ ਪੈਂਦਾ ਹੈ। ਸ਼ਬਦ ਦੇ ਅਨੇਕ ਅਰਥ ਤੇ ਸ਼ਕਤੀਆਂ ਹੁੰਦੀਆਂ ਹਨ। ਟੀਕਾਕਾਰ ਨੂੰ ਇਨ੍ਹਾਂ ਅਰਥਾਂ ਅਤੇ ਸ਼ਕਤੀਆਂ ਦੀ ਸੂਝ ਹੋਣੀ ਆਵੱਸ਼ਕ ਹੈ। ਵਿਸ਼ੇ ਦੀ ਗੰਭੀਰ ਅਧਿਐਨ ਭਾਸ਼ਾ ਦੀ ਪਕੜ, ਵਿਆਕਰਣ ਉੱਤੇ ਪੂਰਣ–ਅਧਿਆਕਰ, ਪਿੰਗਲ ਦਾ ਗਿਆਨ, ਮੂਲ ਲੇਖਕ ਦੀਆਂ ਬਾਕੀ ਸਾਹਿਤਿਕ ਕ੍ਰਿਤੀਆਂ ਦਾ ਅਧਿਐਨ ਅਤੇ ਮੂਲ ਲੇਖਕ ਦੇ ਸਮੇਂ ਦੀ ਸੰਸਕ੍ਰਿਤ ਚਿੱਤ–ਵ੍ਰਿਤੀ (ਸਾਈਕੀ) ਦਾ ਵੀ ਗਿਆਨ ਹੋਣਾ ਚਾਹੀਦਾ ਹੈ। ਉਸ ਨੂੰ ਪੂਰਵ ਨਿਸ਼ਚਿਤ ਧਾਰਣਾਵਾਂ ਅਨੁਸਾਰ ਅਰਥ ਦਾ ਅਨਰਥ ਨਹੀਂ ਕਰਨਾ ਚਾਹੀਦਾ। ਸਾਹਿਤਿਕ ਈਮਾਨਦਾਰੀ ਚੰਗੇ ਟੀਕਾਕਾਰ ਬਣਨ ਲਈ ਜ਼ਰੂਰੀ ਹੈ।

          ਇਸ ਰਚਨਾ ਦੇ ਇਕ ਤੋਂ ਵਧੇਰੇ ਟੀਕੇ ਹੋ ਸਕਦੇ ਹਨ। ਗੁਰੂ ਨਾਨਕ ਰਚਿਤ ‘ਜਪੁਜੀ’ ਦੇ ਡੇਢ ਸੌ ਤੋਂ ਵੱਧ ਟੀਕੇ ਵੱਖ ਵੱਖ ਵਿਦਵਾਨਾਂ ਨੇ ਕੀਤੇ ਹਨ।

          ਪੰਜਾਬੀ ਵਿਚ ਟੀਕਾ–ਪਰੰਪਰਾ ਬਹੁਤ ਪੁਰਾਣੀ ਹੈ। ਪੰਜਾਬੀ ਵਿਚ ਸਭ ਤੋਂ ਪਹਿਲੇ ‘ਜਪੁਜੀ’ ਦੇ ਟੀਕੇ ਕੀਤੇ ਗਏ। ‘ਜਪੁਜੀ’ ਦਾ ਸਭ ਤੋਂ ਪੁਰਾਣਾ ਟੀਕਾ ਸੋਢੀ ਮਿਹਰਬਾਨ ਦਾ ਕੀਤਾ ਮਿਲਦਾਦ ਹੈ। ਭਾਈ ਗੁਰਦਾਸ ਨੇ ਗੁਰਬਾਣੀ ਦੇ ਕਈ ਸ਼ਬਦਾਂ ਦੀ ਜੋ ਕਾਵਿ–ਵਿਆਖਿਆ ਕੀਤੀ ਹੈ, ਉਹ ‘ਟੀਕਾਕਾਰੀ’ ਦੇ ਖੇਤਰ ਵਿਚ ਨਹੀਂ ਆਉਂਦੀ। ਪੰਜਾਬੀ ਟੀਕਾਕਾਰੀ ਟੀਕਾ, ਵਿਆਖਿਆ, ਭਾਸ਼ਾ ਤੇ ਪਰਮਾਰਥ ਦਾ ਮਿਲਿਆ ਜੁਲਿਆ ਰੂਪ ਹੈ। ਪੰਜਾਬੀ ਵਿਚ ਟੀਕੇ ਲਿਖਣ ਦੀ ਪ੍ਰੇਰਣ ਗੁਰਬਾਣੀ ਦਾ ਆਮ ਪਾਠਕ ਨੂੰ ਬੋਧ ਕਰਵਾਉਣ ਦੀ ਬਿਰਤੀ ਵਿਚੋਂ ਪੈਦਾ ਹੋਈ। ਇਸ ਲਈ ਵਧੇਰੇ ਟੀਕੇ ਗੁਰਬਾਣੀ ਦੀਆਂ ਰਚਨਾਵਾਂ ਦੇ ਹੋਏ ਹਨ।

          ਹਰ ਇਕ ਸੰਪ੍ਰਦਾਇਕ ਸ਼ਾਖਾ ਦੇ ਵਿਦਵਾਨ ਅਤੇ ਸੰਪ੍ਰਦਾਇਕ ਮੱਤ ਅਨੁਸਾਰ ਰਚਨਾ ਦੇ ਟੀਕੇ ਕਰਦੇ ਸਨ ਜਿਵੇਂ ਗਿਆਨੀ, ਉਦਾਸੀ, ਨਿਰਮਲੇ, ਸੇਵਾ–ਪੰਥੀ ਵਿਦਵਾਨਾਂ ਨੇ ਇਕੋ ਰਚਨਾ ਦੇ ਟੀਕੇ ਆਪਣੇ ਆਪਣੇ ਢੰਗ ਅਤੇ ਦ੍ਰਿਸ਼ਟੀਕੋਣ ਅਨੁਸਾਰ ਕੀਤੇ ਹਨ।

          [ਸਹਾ. ਗ੍ਰੰਥ––ਰਤਨ ਸਿੰਘ ਜੱਗੀ ਡਾ. : ‘ਗੁਰਬਾਣੀ ਟੀਕੇ ਆਨੰਦਘਨ’; ਮ. ਕੋ.; ਹਿ. ਸ. ਕੋ. (1); ਪੰ.         ਤਾਰਾ ਸਿੰਘ ਨਰੋਤਮ : ‘ਗੁਰਮਤਿ ਨਿਰਣਯ ਸਾਗਰ’]                                             


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.