ਟੈਕਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੈਕਸ [ਨਾਂਪੁ] ਕਰ, ਮਹਿਸੂਲ, ਲਗਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 452, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟੈਕਸ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਟੈਕਸ : ਬਹੁਤ ਸਰਲ ਸ਼ਬਦਾਂ ਵਿੱਚ ਟੈਕਸ ਦਾ ਅਰਥ ਉਸ ਫ਼ੀਸ ਤੋਂ ਹੈ, ਜੋ ਸਰਕਾਰ ਦੁਆਰਾ ਕਿਸੇ ਵਸਤੂ, ਆਮਦਨ ਜਾਂ ਵਿਵਸਾਏ/ਸੇਵਾ ਤੇ ਲਾਗੂ ਕੀਤੀ ਜਾਂਦੀ ਹੈ। ਟੈਕਸ ਲਾਗੂ ਕਰਨ ਦਾ ਸਭ ਤੋਂ ਪਹਿਲਾ ਉਦਾਹਰਨ ਪੁਰਾਤਨ ਇਜਿਪਟ/ਮਿਸਰ ਵਿੱਚ 3000 ਬੀ.ਸੀ. ਈਸਾ ਪੂਰਵ- 2800 ਈਸਾ ਪੂਰਵ ਦੌਰਾਨ ਪਾਇਆ ਗਿਆ ਹੈ। ਬਾਰ੍ਹਵੀਂ ਸਦੀ ਦੇ ਆਸ-ਪਾਸ ਅੰਗਰੇਜ਼ਾਂ ਦੁਆਰਾ ‘ਟੈਕਸ’ ਸ਼ਬਦ ਦੀ ਥਾਂ ‘ਟਾਸਕ’ ਸ਼ਬਦ ਪ੍ਰਯੋਗ ਵਿੱਚ ਲਿਆਇਆ ਜਾਂਦਾ ਸੀ ਪਰੰਤੂ ਇਸ ਦਾ ਅਰਥ ‘ਟੈਕਸ’ ਵਾਲਾ ਹੀ ਸੀ। ਅਨੁਮਾਨ ਲਗਾਇਆ ਜਾਂਦਾ ਹੈ ਕਿ ਲਾਤੀਨੀ ਸ਼ਬਦ ‘ਟੈਕਸਰੇ’ ਫਰੈਂਚ ਭਾਸ਼ਾ ਵਿੱਚ ‘ਟੈਕਸਰ’ ਵਿੱਚ ਤਬਦੀਲੀ ਹੋ ਗਿਆ ਅਤੇ ਅੰਗਰੇਜ਼ੀ ਭਾਸ਼ਾ ਤੱਕ ਪਹੁੰਚਦੇ-ਪਹੁੰਚਦੇ ‘ਟਾਸਕ’ ਵਿੱਚ ਬਦਲ ਗਿਆ। ਚੌਂਦਵੀਂ ਸਦੀ ਤੱਕ ਅੰਗਰੇਜ਼ੀ ਭਾਸ਼ਾ ਵਿੱਚ ‘ਟੈਕਸ’ ਅਤੇ ‘ਟਾਸਕ’ ਦੋਵਾਂ ਸ਼ਬਦਾਂ ਦੀ ਉਤਪਤੀ ਹੋ ਗਈ ਸੀ ਅਤੇ ਇਹਨਾਂ ਸ਼ਬਦਾਂ ਦੇ ਅਰਥ ਵੀ ਭਿੰਨ-ਭਿੰਨ ਹੋ ਗਏ ਸਨ। ਟੈਕਸ ਸ਼ਬਦ ਦਾ ਅਰਥ ਉਹੀ ਬਣ ਗਿਆ, ਜਿਹੜਾ ਕਿ ਅੱਜ-ਕੱਲ੍ਹ ਵੀ ਹੋਂਦ ਵਿੱਚ ਹੈ। ਆਧੁਨਿਕ ਸਮਿਆਂ ਵਿੱਚ ਟੈਕਸ ਮੁਦਰਾ ਵਿੱਚ ਲਾਗੂ ਕੀਤਾ ਜਾਂਦਾ ਹੈ, ਹਾਲਾਂਕਿ ਪਰੰਪਰਿਕ ਜਾਂ ਪੂਰਵ ਪੂੰਜੀਵਾਦੀ ਦੇਸਾਂ ਵਿੱਚ ਇਹ ਵਸਤਾਂ ਜਾਂ ਹੋਰ ਕਿਸੇ ਰੂਪ ਵਿੱਚ ਵੀ ਲਾਗੂ ਕੀਤਾ ਜਾਂਦਾ ਸੀ।

ਇਤਿਹਾਸ ਦੱਸਦਾ ਹੈ ਕਿ ਟੈਕਸ ਦੁਆਰਾ ਇਕੱਠੀ ਕੀਤੀ ਗਈ ਪੂੰਜੀ ਨੂੰ ਸਰਕਾਰ ਵੱਖਰੇ-ਵੱਖਰੇ ਕੰਮਾਂ/ਸੇਵਾਵਾਂ ਲਈ ਪ੍ਰਯੋਗ ਕਰਦੀ ਹੈ। ਕੁਝ ਪੂੰਜੀ ਤਾਂ ਯੁੱਧ, ਨਿਯਮ ਕਾਨੂੰਨ ਲਾਗੂ ਕਰਨ ਲਈ, ਸੰਪਤੀ ਦੀ ਰੱਖਿਆ ਲਈ ਅਤੇ ਸਰਕਾਰ ਦੇ ਹੋਰ ਕੰਮ-ਕਾਜ ਚਲਾਉਣ ਲਈ ਵਰਤੀ ਜਾਂਦੀ ਹੈ। ਟੈਕਸ ਦਾ ਇੱਕ ਵੱਡਾ ਭਾਗ ਆਮ ਜਨਤਾ ਦੀ ਭਲਾਈ ਵਾਸਤੇ ਵੀ ਖ਼ਰਚ ਕੀਤਾ ਜਾਂਦਾ ਹੈ। ਇਸ ਵਿੱਚ ਸਿਹਤ, ਸਿੱਖਿਆ, ਸੜਕਾਂ, ਆਮ ਆਵਾਜਾਈ ਦੇ ਹੋਰ ਸਾਧਨ, ਬਿਜਲੀ ਸਪਲਾਈ, ਸਫ਼ਾਈ, ਪਾਣੀ ਅਤੇ ਸੀਵਰੇਜ ਦੀ ਸਪਲਾਈ, ਲੋਕਾਂ ਦੀ ਪੈਨਸ਼ਨ, ਬੇਰੁਜ਼ਗਾਰ ਭੱਤਾ, ਤਨਖ਼ਾਹਾਂ ਆਦਿ ਸ਼ਾਮਲ ਕੀਤੀਆਂ ਜਾਂਦੀਆਂ ਹਨ। ਇਹ ਕੁਝ ਇਹੋ ਜਿਹੀਆਂ ਸੇਵਾਵਾਂ ਹਨ, ਜਿਨ੍ਹਾਂ ਨੂੰ ਕਿਸੇ ਖ਼ਾਸ ਵਿਅਕਤੀ ਜਾਂ ਵਰਗ ਨੂੰ ਨਾ ਦੇ ਕੇ ਪੂਰੀ ਆਮ ਜਨਤਾ ਨੂੰ ਦੇਣੀਆਂ ਪੈਂਦੀਆਂ ਹਨ। ਇਸ ਕਰਕੇ ਇਹ ਸੇਵਾਵਾਂ ਪ੍ਰਦਾਨ ਕਰਨ ਦੀ ਜ਼ੁੰਮੇਵਾਰੀ ਸਰਕਾਰ ਦੀ ਹੀ ਬਣ ਜਾਂਦੀ ਹੈ ਅਤੇ ਇਹਨਾਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਹੀ ਸਰਕਾਰ ਨੂੰ ਜਨਤਾ ਤੇ ਟੈਕਸ ਲਗਾ ਕੇ ਪੂੰਜੀ ਇਕੱਠੀ ਕਰਨੀ ਪੈਂਦੀ ਹੈ। ਇਸ ਪ੍ਰਕਾਰ ਟੈਕਸ ਦੇ ਚਾਰ ਉਦੇਸ਼ ਜਾਂ ਪ੍ਰਭਾਵ (ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਚਾਰ ‘ਆਰ’ ਵੀ ਕਿਹਾ ਜਾਂਦਾ ਹੈ) ਮੰਨੇ ਜਾ ਸਕਦੇ ਹਨ:

(ੳ) ਰੈਵੀਨਿਊ (ਮਾਲੀਆ) : ਟੈਕਸ ਇੱਕ ਸ੍ਰੋਤ ਹੈ, ਜਿਸ ਰਾਹੀਂ ਆਮ ਉਪਯੋਗਿਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰ ਦੁਆਰਾ ਮਾਲੀਆ ਇਕੱਠਾ ਕੀਤਾ ਜਾ ਸਕਦਾ ਹੈ।

(ਅ) ਰੀਡਿਸਟ੍ਰੀਬਿਊਸ਼ਨ (ਪੁਨਰਵੰਡ) : ਟੈਕਸ ਇੱਕ ਜ਼ਰੀਆ ਹੈ, ਜਿਸ ਰਾਹੀਂ ਅਮੀਰਾਂ ਤੋਂ ਪੂੰਜੀ ਇਕੱਠੀ ਕਰ ਕੇ ਗ਼ਰੀਬਾਂ ਦੀ ਭਲਾਈ ਵਾਸਤੇ ਖ਼ਰਚ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਸੰਪਤੀ ਦੀ ਪੁਨਰਵੰਡ-ਅਮੀਰਾਂ ਤੋਂ ਗ਼ਰੀਬਾਂ ਨੂੰ ਹੋ ਸਕਦੀ ਹੈ।

(ੲ) ਰੀਪ੍ਰਾਈਸਿੰਗ (ਪੁਨਰ ਕੀਮਤ ਨਿਰਧਾਰਨ) : ਟੈਕਸ ਦੁਆਰਾ ਕਈ ਪ੍ਰਕਾਰ ਦੀਆਂ ਵਸਤਾਂ ਦੇ ਬੁਰੇ ਪ੍ਰਭਾਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਦਾਹਰਨ ਵਜੋਂ ਜੇਕਰ ਤੰਬਾਕੂ ਤੇ ਟੈਕਸ ਲਗਾਇਆ ਜਾਂਦਾ ਹੈ ਤਾਂ ਇਸ ਦਾ ਇੱਕ ਉਦੇਸ਼ ਇਹ ਵੀ ਹੈ ਕਿ ਇਸ ਦੀ ਕੀਮਤ ਵਧਾ ਕੇ ਲੋਕਾਂ ਨੂੰ ਬੀੜੀ-ਸਿਗਰਟ ਵਰਗੀ ਹਾਨੀਕਾਰਕ ਵਸਤਾਂ ਦੇ ਪ੍ਰਯੋਗ ਤੋਂ ਨਿਰਉਤਸ਼ਾਹਿਤ ਕੀਤਾ ਜਾਵੇ।

(ਸ) ਰੀਪ੍ਰੀਜ਼ੈਨਟੇਸ਼ਨ (ਪ੍ਰਤਿਨਿਧਤਾ) : ਦੇਸ ਦੇ ਸ਼ਾਸਕ (ਸਰਕਾਰ) ਜਨਤਾ ਤੇ ਟੈਕਸ ਲਗਾ ਕੇ ਉਹਨਾਂ ਨੂੰ ਆਮ ਭਲਾਈ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਦੂਜੇ ਪਾਸੇ ਆਮ ਜਨਤਾ ਨੂੰ ਵੀ ਇਹ ਅਧਿਕਾਰ ਹੈ ਕਿ ਉਹ ਟੈਕਸ ਲਾਗੂ ਕਰਨ ਵਾਲੇ ਸ਼ਾਸਕਾਂ ਤੋਂ ਉਹਨਾਂ ਦੇ ਕੰਮ ਬਾਰੇ ਜਵਾਬਦੇਹੀ ਕਰ ਸਕਣ।

ਆਪਣੇ ਕਰੱਤਵਾਂ ਦੇ ਪਾਲਣਾ ਹਿਤ ਸਰਕਾਰ ਵੱਖਰੇ-ਵੱਖਰੇ ਸਮਾਜਿਕ ਵਰਗਾਂ ਅਤੇ ਵਸਤਾਂ ਉੱਤੇ ਵੱਖਰਾ-ਵੱਖਰਾ ਟੈਕਸ ਅਤੇ ਟੈਕਸ ਦੀ ਦਰ ਲਾਗੂ ਕਰਦੀ ਹੈ। ਸਰਕਾਰ ਨੂੰ ਇਹ ਨਿਰਨਾ ਲੈਣਾ ਪੈਂਦਾ ਹੈ ਕਿ ਟੈਕਸ ਕਿਸ ਪ੍ਰਕਾਰ ਦਾ ਲਾਗੂ ਕੀਤਾ ਜਾਵੇ, ਕਿਸ ਉੱਤੇ ਲਾਗੂ ਕੀਤਾ ਜਾਵੇ ਅਤੇ ਟੈਕਸ ਦਰ ਕਿੰਨੀ ਨਿਰਧਾਰਿਤ ਕੀਤੀ ਜਾਵੇ। ਜਦੋਂ ਟੈਕਸ ਸੰਪਤੀ, ਆਮਦਨ ਜਾਂ ਪੂੰਜੀਗਤ ਲਾਭ ਤੇ ਲਾਗੂ ਕੀਤਾ ਜਾਵੇ ਤਾਂ ਉਸ ਨੂੰ ਸਿੱਧਾ ਜਾਂ ਪ੍ਰਤੱਖ ਟੈਕਸ ਕਿਹਾ ਜਾਂਦਾ ਹੈ, ਅਤੇ ਜਦੋਂ ਇਹ ਵਸਤਾਂ/ਸੇਵਾਵਾਂ ਦੀ ਕੀਮਤ ਜਾਂ ਮਾਤਰਾ ਤੇ ਲਾਗੂ ਕੀਤਾ ਜਾਵੇ ਤਾਂ ਇਸ ਨੂੰ ਅਪ੍ਰਤੱਖ ਟੈਕਸ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀ ਨਿਰਨਾ ਲੈਣਾ ਪੈਂਦਾ ਹੈ ਕਿ ਇਕੱਠਾ ਕੀਤਾ ਗਿਆ ਟੈਕਸ ਕਿੱਥੇ ਅਤੇ ਕਿੰਨਾ ਖ਼ਰਚ ਕਰਨਾ ਹੈ। ਇਹ ਸਭ ਨਿਰਧਾਰਿਤ ਕਰਨ ਲਈ ਸਰਕਾਰ ਆਪਣੀ ਆਮਦਨ, ਖ਼ਰਚ ਅਤੇ ਆਮ ਜਨਤਾ ਦੀ ਭਲਾਈ ਲਈ ਸੇਵਾਵਾਂ ਦੀਆਂ ਪ੍ਰਾਥਮਿਕਤਾਵਾਂ ਨੂੰ ਮੱਦੇ-ਨਜ਼ਰ ਰੱਖਦੀ ਹੈ।


ਲੇਖਕ : ਅਨੀਤਾ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-28-10-20-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.