ਟੈਨੀਸਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਟੈਨੀਸਨ (1809–1892): ਆਪਣੇ ਯੁੱਗ ਦੇ ਅੰਗਰੇਜ਼ੀ ਸਾਹਿਤ ਦੇ ਪ੍ਰਤੱਖ ਬਾਦਸ਼ਾਹ ਐਲਫਰੇਡ ਟੈਨੀਸਨ (Alfred Tennyson) ਦਾ ਜਨਮ 6 ਅਗਸਤ 1809 ਨੂੰ ਸਾਮਰਸਬੀ ਲਿੰਕਨਸ਼ਾਇਰ ਵਿੱਚ ਹੋਇਆ। ਉਸ ਦਾ ਪਿਤਾ ਉੱਥੇ ਮੁੱਖ ਪਾਦਰੀ ਸੀ। ਚਾਲ੍ਹੀ ਸਾਲ ਦੀ ਉਮਰ ਤੱਕ ਉਸ ਦੀ ਮਾਲੀ ਹਾਲਤ ਮੰਦੀ ਰਹੀ, ਪਰ ਉਨ੍ਹੀਵੀਂ ਸਦੀ ਦੇ ਤੀਜੇ ਹਿੱਸੇ ਵਿੱਚ ਉਹ ਆਪਣੇ ਜ਼ਮਾਨੇ ਦਾ ਐਸਾ ਨੁਮਾਇੰਦਾ ਬਣ ਗਿਆ ਜਿਸ ਨੇ ਆਪਣੀ ਪੀੜ੍ਹੀ ਦੀ ਹਰ ਨਿੱਕੀ-ਮੋਟੀ ਗੱਲ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕੀਤਾ। 75 ਸਾਲ ਦੀ ਉਮਰ ਵਿੱਚ ਉਸ ਨੂੰ ਇੰਗਲੈਂਡ ਦਾ ਪ੍ਰਮੁਖ ਕਵੀ ਮੰਨਦੇ ਹੋਏ ਉਸ ਨੂੰ ਲਾਰਡ ਟੈਨੀਸਨ ਦਾ ਖ਼ਿਤਾਬ ਦਿੱਤਾ ਗਿਆ ਅਤੇ ਆਪਣੇ ਜੀਵਨ ਦੇ ਆਖ਼ਰੀ ਦਿਨ 6 ਅਕਤੂਬਰ, 1892 ਤੱਕ ਉਹ ਇੰਗਲੈਂਡ ਦੇ ਪੋਏਟ ਲਾਰੀਏਟ ਦੇ ਪਦ ਤੇ ਸਸ਼ੋਭਿਤ ਰਿਹਾ।

     ਟੈਨੀਸਨ ਉਨ੍ਹੀਵੀਂ ਸਦੀ ਦੇ ਪਹਿਲੇ ਪੰਜਾਹ ਵਰ੍ਹਿਆਂ ਦੀ ਗੰਭੀਰ ਸਥਿਤੀ ਦਾ ਵਰਣਨ ਬਹੁਤ ਬਰੀਕੀ ਨਾਲ ਕਰਦਾ ਹੈ। ਅੱਜ ਦੇ ਬੁੱਧੀਜੀਵੀ ਜੋ ਉਨ੍ਹੀਵੀਂ ਸਦੀ ਦੇ ਬੁੱਧੀਜੀਵੀਆਂ ਨਾਲੋਂ ਵੱਧ ਸੂਝਵਾਨ ਹਨ ਵਿਕਟੋਰੀਅਨ ਲਿਖਾਰੀਆਂ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਵੇਖਦੇ ਹਨ। ਇਸ ਕਰ ਕੇ ਟੈਨੀਸਨ ਦੀ ਸਾਰਥਕਤਾ ਅਤੇ ਰੁਤਬੇ ਤੇ ਵੀ ਸ਼ੱਕ ਕੀਤਾ ਜਾਂਦਾ ਹੈ। ਪਰ ਹਰ ਪੀੜ੍ਹੀ ਵਿੱਚ ਕੁਝ ਐਸੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਕਿ ਉਸ ਦੇ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜੀਬ ਲੱਗਦੀਆਂ ਹਨ ਅਤੇ ਵਿਕਟੋਰੀਅਨ ਯੁੱਗ ਦੇ ਮਾਨਸਿਕ- ਤੂਫਾਨਾਂ ਦਾ ਵੇਰਵਾ ਵੀ ਟੈਨੀਸਨ ਵਰਗੇ ਕਵੀਆਂ ਨੇ ਬੜੀ ਹੀ ਖ਼ੂਬਸੂਰਤੀ ਨਾਲ ਦਰਸਾਇਆ।

     ਅੱਜ ਦੇ ਆਲੋਚਕਾਂ ਨੂੰ ਉਸ ਯੁੱਗ ਦੀ ਇਹ ਕਸ਼ਮਕਸ਼ ਅਤੇ ਕਵੀਆਂ ਦਾ ਉਸ ਨਾਲ ਰੁਝੇਵਾਂ ਇੱਕ ਕਮਜ਼ੋਰੀ ਨਜ਼ਰ ਆਉਂਦੀ ਹੈ। ਪਰ ਇਸ ਦੇ ਬਾਵਜੂਦ ਟੈਨੀਸਨ ਅੰਗਰੇਜ਼ੀ ਕਾਵਿ ਜਗਤ ਦਾ ਆਗੂ ਮੰਨਿਆ ਜਾਂਦਾ ਹੈ। ਉਸ ਦੀ ਕਵਿਤਾ ਖ਼ੂਬਸੂਰਤ ਅਤੇ ਅਦੁੱਤੀ ਅਨੇਕਤਾ ਨਾਲ ਭਰਪੂਰ ਹੈ। ਇਸ ਲਈ ਉਸ ਦੀਆਂ ਕਮਜ਼ੋਰੀਆਂ ਵੱਲ ਬਹੁਤਾ ਧਿਆਨ ਨਹੀਂ ਜਾਂਦਾ। ਉਸ ਨੇ ਅਜਿਹਾ ਬਹੁਤ ਕੁਝ ਇਸ ਸੰਸਾਰ ਨੂੰ ਦਿੱਤਾ ਹੈ ਜਿਸ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਟੈਨੀਸਨ ਅੰਗਰੇਜ਼ੀ ਸਾਹਿਤ ਜਗਤ ਦਾ ਇੱਕ ਚਮਕਦਾ ਸਿਤਾਰਾ ਹੈ।

     ਟੈਨੀਸਨ ਦੀਆਂ ਪਹਿਲੀਆਂ ਕਵਿਤਾਵਾਂ ਕਾਫ਼ੀ ਛੋਟੀ ਉਮਰ ਵਿੱਚ ਹੀ ਆਪਣੇ ਭਰਾ ਚਾਰਲਜ਼ ਦੀਆਂ ਕਵਿਤਾਵਾਂ ਦੇ ਨਾਲ ਹੀ ਇੱਕ ਸੰਗ੍ਰਹਿ ਵਿੱਚ ਛਪੀਆਂ, ਦੂਜਾ ਸੰਗ੍ਰਹਿ ਜਦੋਂ ਉਹ ਕੈਂਬ੍ਰਿਜ ਵਿੱਚ ਪੜ੍ਹਦਾ ਸੀ ਅਤੇ ਤੀਜਾ 1832 ਵਿੱਚ ਪ੍ਰਕਾਸ਼ਿਤ ਹੋਇਆ ਜਦੋਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਕੈਂਬ੍ਰਿਜ ਛੱਡ ਕੇ ਆਇਆ। ਦਸ ਵਰ੍ਹੇ ਬਾਅਦ 1842 ਵਿੱਚ ਉਸ ਦੇ ਦੋ ਸੰਗ੍ਰਹਿ ਹੋਰ ਛਪੇ ਜਿਨ੍ਹਾਂ ਵਿੱਚ ਨਵੀਆਂ ਕਵਿਤਾਵਾਂ ਦੇ ਨਾਲ ਪੁਰਾਣੀਆਂ ਵਿੱਚ ਵੀ ਕਾਫ਼ੀ ਸੁਧਾਰ ਕਰ ਕੇ ਟੈਨੀਸਨ ਨੇ ਜਸ ਅਤੇ ਦੌਲਤ ਪ੍ਰਾਪਤ ਕੀਤੀ। ਉਸ ਦੀ ਕਵਿਤਾ ਉਸ ਦੇ ਬਚਪਨ ਅਤੇ ਲਿੰਕਨਸ਼ਾਇਰ ਵਿੱਚ ਬਿਤਾਏ ਹੋਰ ਵਰ੍ਹਿਆਂ ਨੂੰ ਬਰੀਕੀ ਨਾਲ ਦਰਸਾਉਂਦੀ ਹੈ। ਉਸ ਦੀ ਜਨਮ-ਭੂਮੀ ਅਤੇ ਉੱਥੋਂ ਦੇ ਵਾਸੀ ਕਾਫ਼ੀ ਦੇਰ ਤੱਕ ਉਸ ਦੀ ਕਵਿਤਾ ਦਾ ਵਿਸ਼ਾ ਬਣਦੇ ਰਹੇ।

     ਕੈਂਬ੍ਰਿਜ ਵਿੱਚ ਉਸ ਦੀ ਮੁਲਾਕਾਤ ਆਰਥਰ ਹੈਲਮ ਨਾਲ ਹੋਈ। ਦੋਨਾਂ ਵਿੱਚ ਗਹਿਰੀ ਦੋਸਤੀ ਦਾ ਰਿਸ਼ਤਾ ਬਣ ਗਿਆ ਅਤੇ ਉਹ ਇਕੱਠੇ ਯੂਰਪ ਵੀ ਗਏ। ਹੈਲਮ ਅਤੇ ਟੈਨੀਸਨ ਦੀ ਭੈਣ ਦਾ ਮੰਗਣਾ ਵੀ ਹੋ ਗਿਆ ਪਰ 1833 ਵਿੱਚ ਹੈਲਮ ਦੀ ਮੌਤ ਨੇ ਟੈਨੀਸਨ ਨੂੰ ਕਈ ਸਾਲਾਂ ਤੱਕ ਸੋਗ ਵਿੱਚ ਡੋਬ ਦਿੱਤਾ। ਇਸ ਦੌਰਾਨ ਉਹ ਛੋਟੀਆਂ ਕਵਿਤਾਵਾਂ ਤੇ ਗੀਤਾਂ ਦੀ ਲੜੀ ਪਰੋਂਦਾ ਰਿਹਾ ਜਿਹੜੀਆਂ ਸਤਾਰ੍ਹਾਂ ਵਰ੍ਹਿਆਂ ਬਾਅਦ 1850 ਵਿੱਚ ਛਾਪੀਆਂ ਗਈਆਂ। ਇਸ ਤਰ੍ਹਾਂ ਇੱਕ ਦੋਸਤ ਦੀ ਮੌਤ ਨੇ ਦੁਨੀਆ ਨੂੰ ਇੱਕ ਮਹਾਨ ਕਾਵਿ-ਗ੍ਰੰਥ ਦਿੱਤਾ।ਇਨ ਮੈਮੋਰੀਅਮ ਵਿੱਚ ਕਵੀ ਦੇ ਮਨ ਵਿੱਚ ਵਕਤ ਨਾਲ ਘਟਦੇ ਸੋਗ ਦਾ ਬਿਆਨ ਮਿਲਦਾ ਹੈ। 1847 ਵਿੱਚ ਜਦੋਂ ਦਾ ਪ੍ਰਿੰਸੈਸ ਛਾਪੀ ਗਈ ਕਵੀ ਆਪਣੇ ਸੋਗ ਭਰੀ ਮਾਨਸਿਕ ਸਥਿਤੀ ਚੋਂ ਬਾਹਰ ਨਿਕਲ ਚੁੱਕਾ ਸੀ। 1850 ਵਿੱਚ ਇਨ ਮੈਮੋਰੀਅਮ ਦੇ ਛਪਣ ਨਾਲ ਟੈਨੀਸਨ ਦੀ ਮਸ਼ਹੂਰੀ ਨੂੰ ਚਾਰ ਚੰਨ ਲੱਗ ਗਏ ਅਤੇ ਉਹ ਹਰਮਨ ਪਿਆਰਾ ਕਵੀ ਬਣ ਗਿਆ। ਉਸ ਨੂੰ ਪੋਏਟ ਲਾਰੀਏਟਸ਼ਿਪ (ਰਾਜ ਕਵੀ ਦੀ ਪਦਵੀ) ਵੀ ਦਿੱਤੀ ਗਈ ਅਤੇ ਹਰ ਸਾਲ ਦੋ ਸੌ ਪੌਂਡ ਦੀ ਰਕਮ ਉਸ ਨੂੰ ਸਰਕਾਰ ਵੱਲੋਂ ਮਿਲੀ। ਉਸ ਨੇ ਕਈ ਦੇਸ-ਭਗਤੀ ਦੀਆਂ ਕਵਿਤਾਵਾਂ ਲਿਖੀਆਂ, ਜਿਨ੍ਹਾਂ ਦੀ ਮਿਸਾਲ ਸਾਨੂੰ ਓਡ ਆਨ ਦਾ ਡੈਥ ਆਫ਼ ਦਾ ਡਿਉਕ ਆਫ਼ ਵੈਲਿੰਗਟਨ ਅਤੇ ਦਾ ਚਾਰਜ ਆਫ਼ ਦਾ ਲਾਈਟ ਬਿਗ੍ਰੇਡ ਵਿੱਚ ਮਿਲਦੀ ਹੈ। ਉਸ ਨੇ ਕਿੰਗ ਆਰਥਰ ਅਤੇ ਉਸ ਦੇ ਸਾਥੀਆਂ ਦੀਆਂ ਗਾਥਾਵਾਂ ਨੂੰ ਦੁਹਰਾਉਣ ਦਾ ਕੰਮ ਵੀ ਅਰੰਭ ਕੀਤਾ। ਉਸ ਨੇ ਇਸ ਕਾਵਿ ਰਚਨਾ ਇਡਿਲਜ਼ ਆਫ਼ ਦਾ ਕਿੰਗ ਨੂੰ ਆਪਣਾ ਸਭ ਤੋਂ ਮਹਾਨ ਗ੍ਰੰਥ ਬਣਾਉਣਾ ਚਾਹਿਆ। ਬਾਰਾਂ ਵਰ੍ਹਿਆਂ ਤੱਕ ਇਹ ‘ਇਡਿਲਜ਼` ਸਮੇਂ- ਸਮੇਂ ਤੇ ਛਪਦੀਆਂ ਰਹੀਆਂ ਅਤੇ ਇਹਨਾਂ ਨੇ ਇੱਕ ਕਾਲਪਨਿਕ ਯੁੱਗ ਦੇ ਪਰਛਾਵਿਆਂ ਦੀ ਚਾਹ ਪੈਦਾ ਕਰ ਦਿੱਤੀ। ਪਰ ਇਹਨਾਂ ਕਵਿਤਾਵਾਂ ਨੇ ਟੈਨੀਸਨ ਦੀ ਮਸ਼ਹੂਰੀ ਨੂੰ ਵਧਾਉਣ ਦੀ ਬਜਾਏ ਘਟਾ ਦਿੱਤਾ।

     ਪੇਂਡੂ ਜੀਵਨ ਦਾ ਸਧਾਰਨ ਵਰਣਨ ਇਨਾਕ ਆਰਡਨ ਅਤੇ ਦਾ ਨਾਰਦਰਨ ਫਾਰਮਰ ਵਿੱਚ ਦਰਸਾਇਆ ਗਿਆ ਹੈ। ਟੈਨੀਸਨ ਨੇ ਕਈ ਨਾਟਕ ਵੀ ਲਿਖੇ। ਕੁਈਨ ਮੈਰੀ, ਹੈਰਲਡ ਅਤੇ ਬੈਕੇਟ ਪਹਿਲਾ ਅਤੇ ਤੀਜਾ ਕਾਫ਼ੀ ਕਾਮਯਾਬ ਵੀ ਹੋਏ। 1880 ਵਿੱਚ ਬੈਲਡਜ਼ ਐਂਡ ਪੋਏਮਜ਼ ਹੇਠਾਂ ਇੱਕ ਕਾਵਿ-ਸੰਗ੍ਰਹਿ ਛਪਿਆ। ਅੱਸੀ ਸਾਲ ਦੀ ਉਮਰ ਵਿੱਚ ਉਸ ਨੇ ਆਪਣੇ ਹੁਨਰ ਦਾ ਸਬੂਤ ਆਪਣੀਆਂ ਰਚਨਾਵਾਂ ਦਾ ਪੁਨਰ-ਨਿਰਮਾਣ ਕਰ ਕੇ ਦਿੱਤਾ ਜਿਸ ਤੋਂ ਪਤਾ ਚੱਲਦਾ ਹੈ ਕਿ ਟੈਨੀਸਨ ਦੇ ਲਿਖਣ ਦਾ ਉਤਸ਼ਾਹ ਅਖੀਰ ਤਕ ਕਾਇਮ ਰਿਹਾ। ਉਸ ਦੀ ਆਖ਼ਰੀ ਕਵਿਤਾ ‘ਕਰਾਸਿੰਗ ਦਾ ਬਾਰ` ਮੌਤ ਨੂੰ ਆਤਮਾ-ਪਰਮਾਤਮਾ ਦੇ ਪੁਨਰ ਮਿਲਾਪ ਦਾ ਵਸੀਲਾ ਮੰਨਦੀ ਹੈ ਅਤੇ ਮੌਤ ਨੂੰ ਖ਼ੁਸ਼ੀ ਨਾਲ ਅਪਣਾਉਣ ਦਾ ਸੁਨੇਹਾ ਦਿੰਦੀ ਹੈ। ਇਸ ਕਵਿਤਾ ਨੂੰ ਉਸ ਦੀਆਂ ਰਚਨਾਵਾਂ ਦਾ ਇੱਕ ਨਗੀਨਾ ਮੰਨਿਆ ਜਾਂਦਾ ਹੈ।‘ਕਰਾਸਿੰਗ ਦਾ ਬਾਰ` ਨੂੰ ਅੰਗਰੇਜ਼ੀ ਭਾਸ਼ਾ ਦੀ ਇੱਕ ਸੰਪੰਨ ਕਵਿਤਾ ਮੰਨਿਆ ਜਾਂਦਾ ਹੈ। ਟੈਨੀਸਨ ਕਦੇ ਵੀ ਜੀਵਨ ਦੇ ਨਿਚਲੇ ਪੱਧਰ ਤੇ ਨਹੀਂ ਉਤਰਿਆ ਅਤੇ ਉਸ ਨੇ ਆਪਣੀ ਜ਼ਿੰਦਗੀ ਕਵਿਤਾ ਦੀ ਖ਼ੂਬਸੂਰਤੀ ਨੂੰ ਸਮਰਪਿਤ ਕੀਤੀ। ਉਸ ਦੇ ਕੰਮ ਦੀ ਵਿਭਿੰਨਤਾ ਪ੍ਰਸੰਸਾਯੋਗ ਹੈ ਜਿਸ ਲਈ ਉਸ ਦੀ ਤੁਲਨਾ ਸ਼ੇਕਸਪੀਅਰ ਨਾਲ ਕੀਤੀ ਜਾਂਦੀ ਹੈ। ਸ਼ੁਰੂ-ਸ਼ੁਰੂ ਵਿੱਚ ਟੈਨੀਸਨ ਦੀ ਕਵਿਤਾ ਵਿੱਚ ਜ਼ਿਆਦਾ ਕਲਾਤਮਿਕ ਤੱਤ ਪਾਏ ਜਾਂਦੇ ਹਨ ਪਰ ਜਿਉਂ-ਜਿਉਂ ਉਸ ਦੀ ਕਵਿਤਾ ਲਿਖਣ ਦੀ ਤਾਕਤ ਵਧੀ, ਟੈਨੀਸਨ ਨੇ ਖ਼ੂਬਸੂਰਤ ਅਤੇ ਸੰਪੰਨ ਕਵਿਤਾ ਦੀ ਰਚਨਾ ਕੀਤੀ। ਯੂਲਿਸਿਜ਼ ਅਤੇ ਦਾ ਲੋਟਸ ਈਟਰਜ਼ ਇਸ ਗੱਲ ਦੀਆਂ ਸਰਬ ਸ਼੍ਰੇਸਠ ਮਿਸਾਲਾਂ ਹਨ।

     ਟੈਨੀਸਨ ਨੇ ਆਪਣੇ ਯੁੱਗ ਤੇ ਡੂੰਘਾ ਅਸਰ ਕੀਤਾ ਕਿਉਂਕਿ ਉਸ ਨੇ ਆਪਣੀ ਕਾਵਿ-ਰਚਨਾ ਵਿੱਚ ਧਾਰਮਿਕ ਸਵਾਲਾਂ ਨੂੰ ਵੀ ਉਠਾਇਆ ਅਤੇ ਉਹਨਾਂ ਪ੍ਰਤਿ ਸੁਝਾਅ ਦਿੱਤੇ। ਵਿਗਿਆਨ ਦੀ ਖੋਜ ਨੇ ਲੋਕਾਂ ਦਾ ਧਰਮ ਤੋਂ ਵਿਸ਼ਵਾਸ ਤੋੜ ਦਿੱਤਾ ਸੀ। ਟੈਨੀਸਨ ਇੱਕ ਧਰਮ ਪ੍ਰਚਾਰਕ ਤਾਂ ਨਹੀਂ ਸੀ ਪਰ ਉਨ੍ਹੀਵੀਂ ਸਦੀ ਵਿੱਚ ਉਸ ਦਾ ਪ੍ਰਭਾਵ ਬਤੌਰ ਇੱਕ ਧਰਮ ਪ੍ਰਚਾਰਕ ਵੀ ਮੰਨਿਆ ਜਾਂਦਾ ਹੈ। ਮਹਾਰਾਣੀ ਵਿਕਟੋਰੀਆ ਨੇ ਵੀ ਕਿਹਾ ਕਿ ਜਦੋਂ ਵੀ ਉਹਨਾਂ ਦਾ ਵਿਸ਼ਵਾਸ ਡੋਲ ਜਾਂਦਾ ਸੀ ਉਹ ਟੈਨੀਸਨ ਦੀ ਕਵਿਤਾ ਪੜ੍ਹ ਕੇ ਮਨ ਨੂੰ ਸ਼ਾਂਤ ਕਰਦੇ ਸਨ। ਬਤੌਰ ਇੱਕ ਗੀਤ ਲੇਖਕ ਦੇ ਟੈਨੀਸਨ ਦੀ ਪਦਵੀ ਸਭ ਤੋਂ ਉੱਚੀ ਹੈ। ਸ਼ਬਦਾਂ ਦੇ ਸੁਰਾਂ ਦੀ ਉਸ ਨੂੰ ਖ਼ੂਬ ਪਹਿਚਾਣ ਸੀ। ਉਹ ਸਿਰਫ ਸੁੰਦਰ ਗੀਤ ਹੀ ਨਹੀਂ ਲਿਖਦਾ ਸੀ, ਉਸ ਨੇ ਮਨੁੱਖ ਦੇ ਮਾਨਸਿਕ ਰੋਗਾਂ ਨੂੰ ਵੀ ‘ਮਾਡ` ਵਰਗੀਆਂ ਕਵਿਤਾਵਾਂ ਵਿੱਚ ਦਰਸਾਇਆ। ਉਸ ਦੇ ਨਾਟਕ ਬੇਸ਼ਕ ਨਾ ਕਾਮਯਾਬ ਹੋਏ ਹੋਣ ਪਰ ਉਸ ਦਾ ਕਵਿਤਾ ਜਗਤ ਨੂੰ ਯੋਗਦਾਨ ਅਭੁੱਲ ਹੈ। ਉਸ ਦੀਆਂ ਕੁਝ ਯਾਦਗਾਰ ਰਚਨਾਵਾਂ ਉਸ ਦੇ ਜੀਵਨ ਦੌਰਾਨ ਮਸ਼ਹੂਰ ਨਹੀਂ ਹੋਈਆਂ ਪਰ ਅੱਜ ਉਹ ਉੱਚੀ ਪੱਧਰ ਦੀਆਂ ਮੰਨੀਆਂ ਜਾਂਦੀਆਂ ਹਨ।


ਲੇਖਕ : ਰੁਪਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.