ਟ੍ਰਿਬਿਊਨਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Tribunal_ਟ੍ਰਿਬਿਊਨਲ : ਟ੍ਰਿਬਿਊਨਲ ਸ਼ਬਦ ਦਾ ਲਫ਼ਜ਼ੀ ਅਰਥ ਹੈ ‘ਨਿਆਂ ਦੀ ਥਾਂ’। ਪਰ ਇਹ ਹੋ ਸਕਦਾ ਹੈ ਕਿ ਨਿਆਂ ਕਿਸੇ ਅਰਧ-ਨਿਆਂਇਕ ਬਾਡੀ ਦੁਆਰਾ, ਕਿਸੇ ਸਾਲਸ , ਕਿਸੇ ਕਮਿਸ਼ਨ ਜਾਂ ਰਾਜ ਦੁਆਰਾ ਸਿਰਜੀ ਗਈ ਨਿਆਂ-ਨਿਰਣਾ ਦੇਣ ਵਾਲੀ ਕਿਸੇ ਬਾਡੀ ਦੁਆਰਾ ਦਿੱਤਾ ਜਾ ਰਿਹਾ ਹੋਵੇ। ਉਹ ਸਾਰੇ ਟ੍ਰਿਬਿਊਨਲ ਕਹੇ ਜਾ ਸਕਦੇ ਹਨ, ਪਰ ਫਿਰ ਵੀ ਟ੍ਰਿਬਿਊਨਲ ਸ਼ਬਦ ਬਹੁ-ਅਰਥਾ ਸ਼ਬਦ ਹੈ ਅਤੇਅਦਾਲਤ ’ ਸ਼ਬਦ ਵਾਂਗ ਉਸ ਦੇ ਅਰਥ ਸੁਨਿਸਚਿਤ ਅਤੇ ਪਰਿਭਾਸ਼ਤ ਨਹੀਂ ਹਨ।

       ਇੰਜੀਨੀਅਰਿੰਗ ਮਜ਼ਦੂਰ ਸਭਾ ਬਨਾਮ ਹਿੰਦ ਸਾਈਕਲਜ਼ ਲਿ. (ਏ  ਆਈਆਰ 1963 ਐਸ ਸੀ 874) ਵਿਚ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਦਾਲਤ ਨਾਲੋਂ ਟ੍ਰਿਬਿਊਨਲ ਨਿਖੜਵੀਂ ਬਾਡੀ ਹੈ, ਜੋ ਨਿਆਂਇਕ ਇਖ਼ਤਿਆਰਾਂ ਦੀ ਵਰਤੋਂ ਕਰਦੀ ਹੈ, ਅਤੇ ਉਸ ਅੱਗੇ ਲਿਆਂਦੇ ਗਏ ਮਾਮਲਿਆਂ ਦਾ ਨਿਆਂਇਕ ਤੌਰ ਤੇ ਜਾਂ ਅਰਧ ਨਿਆਂਇਕ ਤੌਰ ਤੇ ਉਨ੍ਹਾਂ ਦਾ ਫ਼ੈਸਲਾ ਕਰਦੀ ਹੈ, ਲੇਕਿਨ ਤਕਨੀਕੀ ਤੌਰ ਤੇ ਟ੍ਰਿਬਿਊਨਲ ਇਕ ਅਦਾਲਤ ਨਹੀਂ ਹੈ। ਇਹ ਜ਼ਰੂਰ ਹੈ ਕਿ ਅਦਾਲਤ ਦੀਆਂ ਕੁਝ ਖ਼ਾਸੀਅਤਾਂ ਟ੍ਰਿਬਿਊਨਲ ਵਿਚ ਪਾਈਆਂ ਜਾਂਦੀਆਂ ਹਨ।

       ਭਾਰਤ ਬੈਂਕ ਲਿਮਟਿਡ ਬਨਾਮ ਭਾਰਤ ਬੈਂਕ ਦੇ ਕਰਮਚਾਰੀ (ਏ ਆਈ ਆਰ 1950 ਐਸ ਸੀ 188) ਵਿਚ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਦੇ ਸੰਵਿਧਾਨ ਦੇ ਅਨੁਛੇਦ 136 ਵਿਚ ਵਰਤੇ ਸ਼ਬਦ ਟ੍ਰਿਬਿਊਨਲ ਦਾ ਅਰਥ ਉਹੀ ਨਹੀਂ ਜੋ ਅਦਾਲਤ ਦਾ ਹੈ। ਲੇਕਿਨ ਅਜਿਹੀਆਂ ਸਭ ਬਾਡੀਆਂ ਟ੍ਰਿਬਿਊਨਲ ਦੇ ਅਰਥਾਂ ਵਿਚ ਆ ਜਾਂਦੀਆਂ ਹਨ ਜੋ ਨਿਆਂ-ਨਿਰਣਾ ਕਰਦੀਆਂ ਹਨ: ਪਰੰਤੂ ਇਹ ਤਦ ਜੇ ਉਹ ਰਾਜ ਦੁਆਰਾ ਸਥਾਪਤ ਕੀਤੀਆਂ ਗਈਆਂ ਹੋਣ ਅਤੇ ਨਿਰੋਲ ਪ੍ਰਬੰਧਕੀ ਜਾਂ ਕਾਰਜਪਾਲਕ ਕੰਮ-ਕਾਜ ਨਾਲੋਂ ਨਿਖੜਵੇਂ ਰੂਪ ਵਿਚ ਨਿਆਂਇਕ ਕੰਮ ਕਾਜ ਉਨ੍ਹਾਂ ਨੂੰ ਸੌਂਪੇ ਗਏ ਹੋਣ। ਨਿਰੋਲ ਰੂਪ ਵਿਚ ਪ੍ਰਬੰਧਕੀ ਜਾਂ ਕਾਰਜਪਾਲਕ ਟ੍ਰਿਬਿਊਨਲ ਅਨੁਛੇਦ 136(1) ਦੀ ਜ਼ਦ ਤੋਂ ਪੂਰੀ ਤਰ੍ਹਾਂ ਬਾਹਰ ਹਨ। ਜਿਹੜੇ ਟ੍ਰਿਬਿਊਨਲ ਅਨੁਛੇਦ 136 ਵਿਚ ਚਿਤਵੇ ਗਏ ਹਨ ਉਨ੍ਹਾਂ ਨੂੰ ਕੁਝ ਕੁ ਅਦਾਲਤੀ ਇਖ਼ਤਿਆਰ ਪ੍ਰਾਪਤ ਹੁੰਦੇ ਹਨ। ਉਹ ਗਵਾਹਾਂ ਨੂੰ ਹਾਜ਼ਰ ਹੋਣ ਲਈ ਮਜਬੂਰ ਕਰ ਸਕਦੇ ਹਨ, ਸਹੁੰ ਚੁੱਕਾ ਸਕਦੇ ਹਨ ਅਤੇ ਜ਼ਾਬਤੇ ਦੇ ਕੁਝ ਨਿਯਮਾਂ ਦੀ ਪਾਲਣਾ ਵੀ ਕਰਦੇ ਹਨ, ਭਾਵੇਂ ਸ਼ਹਾਦਤ ਦੇ ਤਕਨੀਕੀ ਨਿਯਮਾਂ ਦੇ ਪਾਬੰਦ ਨਹੀਂ ਹੁੰਦੇ। ਲੇਕਿਨ ਉਨ੍ਹਾਂ ਨੂੰ ਫ਼ੈਸਲੇ ਬਾਹਰਮੁੱਖੀ ਤੌਰ ਤੇ ਲੈਣੇ ਪੈਂਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.